KesarSBhangu7ਪਾਣੀ ਦੇ ਕੀਮਤੀ ਸੋਮਿਆਂ ਨੂੰ ਬਚਾਉਣ ਲਈ ਸੂਬੇ ਦੇ ਫਸਲੀ ਚੱਕਰ ਨੂੰ ਬਦਲਣਾ ਸਮੇਂ ਦੀ ...
(9 ਫਰਵਰੀ 2026)


ਭਾਰਤ ਜਦੋਂ
1950ਵਿਆਂ ਅਤੇ 1960ਵਿਆਂ ਵਿੱਚ ਅਨਾਜ ਦੀ ਪੈਦਾਵਾਰ ਦੀ ਬਹੁਤ ਵੱਡੀ ਘਾਟ ਝੱਲ ਰਿਹਾ ਸੀ ਅਤੇ ਸਰਕਾਰ ਨੂੰ ਲੋਕਾਂ ਨੂੰ ਖੁਰਾਕ ਮੁਹਈਆ ਕਰਵਾਉਣ ਲਈ ਅਨਾਜ ਦੂਜੇ ਦੇਸ਼ਾਂ ਤੋਂ ਦਰਾਮਦ ਕਰਨਾ ਪੈਂਦਾ ਸੀ, ਉਸ ਵਕਤ ਖੇਤੀ ਕਰਨ ਲਈ ਨਵੀਂਆਂ ਤਕਨੀਕਾਂ ਅਪਣਾਉਣ ਕਾਰਨ ਪੰਜਾਬ ਵਿੱਚ ਹਰੀ ਕ੍ਰਾਂਤੀ ਆਈ ਅਤੇ ਸੂਬਾ ਦੇਸ਼ ਦੇ ਅਨਾਜ ਦਾ ਭੰਡਾਰ ਬਣ ਗਿਆ ਅਤੇ ਦੇਸ਼ ਨੂੰ ਲੋੜੀਂਦੀ ਖੁਰਾਕ ਸੁਰੱਖਿਆ ਪ੍ਰਦਾਨ ਕੀਤੀਸੂਬਾ ਅੱਜ ਵੀ ਦੇਸ਼ ਦੇ ਕੁੱਲ ਅੰਨ ਭੰਡਾਰ ਵਿੱਚ ਲਗਭਗ 30 ਪ੍ਰਤੀਸ਼ਤ ਤੋਂ ਵੱਧ ਚੌਲ ਅਤੇ 45 ਪ੍ਰਤੀਸ਼ਤ ਤੋਂ ਵੱਧ ਕਣਕ ਦਾ ਯੋਗਦਾਨ ਪਾ ਰਿਹਾ ਹੈਸੂਬੇ ਵਿੱਚ ਵੱਧ ਝਾੜ ਦੇਣ ਵਾਲੀਆਂ ਫਸਲਾਂ, ਨਕਦੀ ਫਸਲਾਂ, ਸਾਲ ਦੌਰਾਨ ਦੋ ਫਸਲਾਂ ਅਤੇ ਹੋਰ ਆਰਥਿਕ ਗਤੀਵਿਧੀਆਂ ਦਾ ਪਸਾਰਾ ਹੋਣ ਨਾਲ ਵੱਖ-ਵੱਖ ਉਦੇਸ਼ਾਂ ਲਈ ਪਾਣੀ ਦੀ ਮੰਗ ਵਿੱਚ ਤੇਜ਼ੀ ਨਾਲ ਵਾਧਾ ਹੋਇਆਨਤੀਜੇ ਵਜੋਂ ਸੂਬੇ ਦੇ ਉਪਲਬਧ ਜਲ ਸਰੋਤਾਂ ਦੀ ਬਹੁਤ ਜ਼ਿਆਦਾ ਵਰਤੋਂ ਹੋਣਾ ਸੁਭਾਵਿਕ ਸੀਸਮੇਂ ਦੇ ਨਾਲ ਪੰਜਾਬ ਖੇਤੀ ਦੋ ਫਸਲੀ, ਕਣਕ-ਝੋਨੇ ਦੀ ਖੇਤੀ ਹੀ ਬਣ ਗਈ ਲੰਮੇ ਸਮੇਂ ਤੋਂ ਕਣਕ-ਝੋਨੇ ਦੀਆਂ ਫਸਲਾਂ ਦੀ ਬਿਜਾਈ ਨੇ ਸੂਬੇ ਵਿੱਚ ਉਪਲਬਧਤ ਪਾਣੀ ਦੇ ਸਰੋਤਾਂ ਵਿੱਚ ਗੰਭੀਰ ਅਸੰਤੁਲਨ ਪੈਦਾ ਕਰ ਦਿੱਤਾਪੰਜਾਬ ਵਿੱਚ ਮੌਜੂਦਾ ਫਸਲੀ ਚੱਕਰ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਣੀ ਦੀ ਮੰਗ 4.68 ਮਿਲੀਅਨ ਹੈਕਟੇਅਰ ਮੀਟਰ ਹੈ ਜਦੋਂ ਕਿ ਪਾਣੀ ਦੀ ਉਪਲਬਧਤਾ 3.08 ਮਿਲੀਅਨ ਹੈਕਟੇਅਰ ਮੀਟਰ ਹੀ ਹੈਇਸਦੇ ਨਤੀਜੇ ਵਜੋਂ ਸੂਬੇ ਵਿੱਚ ਹਰ ਸਾਲ 1.6 ਮਿਲੀਅਨ ਹੈਕਟੇਅਰ ਮੀਟਰ ਪਾਣੀ ਦੀ ਘਾਟ ਹੁੰਦੀ ਹੈਇਸ ਘਾਟ ਦੀ ਪੂਰਤੀ ਟਿਊਬਵੈੱਲਾਂ ਅਤੇ ਖੂਹਾਂ ਰਾਹੀਂ ਧਰਤੀ ਹੇਠਲੇ ਪਾਣੀ ਦੇ ਭੰਡਾਰਾਂ ਦੀ ਜ਼ਿਆਦਾ ਵਰਤੋਂ ਕਰਕੇ ਕੀਤੀ ਜਾਂਦੀ ਹੈ

ਪਿਛਲੇ ਸਮੇਂ ਤੋਂ ਸੂਬੇ ਵਿੱਚ ਪਾਣੀ ਦੀ ਘਾਟ ਅਤੇ ਖੇਤੀ ਲਈ ਵੱਧ ਵਰਤੋਂ ਚਰਚਾ ਵਿੱਚ ਹੈ ਅਤੇ ਇਸਦੀ ਵਰਤੋਂ ਘਟਾਉਣ ਅਤੇ ਸਾਂਭ ਸੰਭਾਲ ਲਈ ਤਰ੍ਹਾਂ ਤਰ੍ਹਾਂ ਦੇ ਸੁਝਾ ਦਿੱਤੇ ਜਾਂਦੇ ਹਨਜਿਵੇਂ ਕਿ ਫਸਲੀ ਵੰਨ-ਸੁਵੰਨਤਾ, ਝੋਨੇ ਦੀ ਸਿੱਧੀ ਬਿਜਾਈ, ਝੋਨੇ ਦੀ ਲੇਟ ਲਵਾਈ ਕਰਨਾ, ਘੱਟ ਪਾਣੀ ਉਪਭੋਗ ਕਰਨ ਵਾਲੀਆਂ ਫਸਲਾਂ ਦੀ ਬਿਜਾਈ ਕਰਨਾ ਆਦਿਸੂਬੇ ਵਿੱਚ ਖੇਤੀ ਲਈ ਪਾਣੀ ਦੀ ਵਰਤੋਂ ਅਤੇ ਪਾਣੀ ਦੀ ਮੰਗ ਨੂੰ ਨਿਯੰਤਰਣ ਕਰਨ ਲਈ ਕਿਸੇ ਵੀ ਯੋਜਨਾਬੱਧ ਨੀਤੀ ਦੀ ਅਣਹੋਂਦ ਕਾਰਨ ਇਸ ਕੀਮਤੀ ਸਰੋਤ ਦੀ ਬੇਰੋਕ ਖਣਨ ਕਾਰਨ ਧਰਤੀ ਹੇਠਲੇ ਪਾਣੀ ਦਾ ਵੱਧ ਤੋਂ ਵੱਧ ਸ਼ੋਸ਼ਣ ਹੋਇਆ ਹੈ ਅਤੇ ਹੋ ਰਿਹਾ ਹੈਨਤੀਜੇ ਵਜੋਂ ਅੱਜ ਕੱਲ੍ਹ ਸੂਬੇ ਦੇ 80-90 ਪ੍ਰਤੀਸ਼ਤ ਬਲਾਕ (Block) ਵੱਧ ਸ਼ੋਸ਼ਣ ਵਾਲੀ ਕੈਟਾਗਰੀ ਵਿੱਚ ਆ ਗਏ ਹਨਇਸ ਤਰ੍ਹਾਂ ਧਰਤੀ ਹੇਠਲੇ ਪਾਣੀ ਦੀ ਜ਼ਿਆਦਾ ਦੁਰਵਰਤੋਂ ਅਤੇ ਨਹਿਰੀ ਪਾਣੀ ਦਾ ਘਟਿਆ ਹਿੱਸਾ ਪੰਜਾਬ ਦੀ ਆਰਥਿਕਤਾ ਦੇ ਇੱਕੋ ਇੱਕ ਸਰੋਤ ਨੂੰ ਬੁਰੀ ਤਰ੍ਹਾਂ ਖਤਮ ਕਰ ਰਿਹਾ ਹੈਇਸਦਾ ਸਬੂਤ ਸੂਬੇ ਵਿੱਚ ਟਿਊਬਵੈਲਾਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਹਰ ਸਾਲ ਵਧੇਰੇ ਨੀਵਾਂ ਹੁੰਦਾ ਜਾ ਰਿਹਾ ਹੈਇਹ ਡਰ ਵੀ ਸੱਤਾ ਰਿਹਾ ਹੈ ਅਤੇ ਕਿਹਾ ਵੀ ਜਾ ਰਿਹਾ ਹੈ ਕਿ ਜੇਕਰ ਪਾਣੀ ਦੀ ਵਰਤੋਂ ਇਵੇਂ ਹੀ ਜਾਰੀ ਰਹਿਦੀ ਹੈ ਤਾਂ ਪੰਜਾਬ ਦੀ ਧਰਤੀ ਹੇਠਲਾ ਪਾਣੀ ਬਹੁਤ ਜਲਦੀ ਖਤਮ ਹੋ ਜਾਵੇਗਾ ਅਤੇ ਪੰਜਾਬ ਦੀ ਧਰਤੀ ਰੇਗਸਤਾਨ ਬਣ ਜਾਵੇਗੀ

ਸੂਬੇ ਵਿੱਚ ਪਾਣੀ ਦੀ ਸਪਲਾਈ ਨੂੰ ਬਿਲਕੁਲ ਵੀ ਵਧਾਇਆ ਨਹੀਂ ਜਾ ਸਕਦਾ ਅਤੇ ਕੇਵਲ ਸੁਚੱਜੀ ਪਾਣੀ ਦੀ ਨੀਤੀ ਬਣਾ ਕੇ ਪਾਣੀ ਦੀ ਮੰਗ ਘਟਾਉਣ ਅਤੇ ਵਰਤੋਂ ਨੂੰ ਕੰਟਰੋਲ ਹੀ ਕੀਤਾ ਜਾ ਸਕਦਾ ਹੈਸੂਬੇ ਵਿੱਚ 1960ਵਿਆਂ ਅਤੇ 70ਵਿਆਂ ਵਿੱਚ ਕਣਕ, ਮੱਕੀ, ਦਾਲਾਂ ਅਤੇ ਸਬਜ਼ੀਆਂ ਵਰਗੀਆਂ ਫਸਲਾਂ ਉਗਾਈਆ ਜਾਂਦੀਆਂ ਸਨਪਰ ਹੁਣ ਸਾਉਣੀ ਦੀ ਫਸਲ ਦੌਰਾਨ ਹੌਲੀ-ਹੌਲੀ ਆਪਣੇ ਫਸਲੀ ਖੇਤਰ ਦਾ ਲਗਭਗ 80 ਪ੍ਰਤੀਸ਼ਤ ਵੱਧ ਚੌਲਾਂ ਨੂੰ ਸਮਰਪਿਤ ਕਰ ਦਿੱਤਾ ਹੈ, ਜੋ ਕਿ ਸਭ ਤੋਂ ਵੱਧ ਪਾਣੀ ਪੀਣੀ ਫਸਲ ਹੈਚੌਲਾਂ ਦੀ ਫਸਲ ਸਭ ਤੋਂ ਵੱਧ ਪਾਣੀ ਦੀ ਵਰਤੋਂ ਵਾਲੀ ਫਸਲ ਹੈ, ਜਿਸ ਵਿੱਚ ਪ੍ਰਤੀ ਹੈਕਟੇਅਰ ਲਗਭਗ 24000 ਘਣ ਮੀਟਰ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਮੱਕੀ ਤੋਂ ਲਗਭਗ 6 ਗੁਣਾ, ਮੂੰਗਫਲੀ ਤੋਂ ਲਗਭਗ 20 ਗੁਣਾ ਅਤੇ ਦਾਲਾਂ ਤੋਂ ਲਗਭਗ 10 ਗੁਣਾ ਹੈਇਹ ਲਈ ਸੂਬੇ ਦੇ ਜਲ ਸਰੋਤਾਂ ਨੂੰ ਬਚਾਉਣ ਲਈ ਫਸਲੀ ਚੱਕਰ ਨੂੰ ਬਦਲਣ ਦੀ ਲੋੜ ਹੈਨਾਲ ਹੀ ਧਰਤੀ ਹੇਠਲੇ ਪਾਣੀ ’ਤੇ ਭਾਰ ਘਟਾਉਣ ਲਈ ਨਹਿਰੀ ਸਿੰਚਾਈ ਸਿਸਟਮ ਨੂੰ ਮਜ਼ਬੂਤ ਅਤੇ ਦਰੁਸਤ ਕਰਨਾ ਪਵੇਗਾ

ਧਰਤੀ ਹੇਠਲੇ ਪਾਣੀ ’ਤੇ ਭਾਰ/ਵਰਤੋਂ ਘਟਾਉਣ ਲਈ ਸੂਬੇ ਵਿੱਚ ਉਪਲਬਧ ਦਰਿਆਵਾਂ ਅਤੇ ਨਦੀਆਂ ਦੇ ਪਾਣੀਆਂ ਦੀ ਸਰਵੋਤਮ ਅਤੇ ਕੁਸ਼ਲ ਵਰਤੋਂ ਅਤੇ ਸਹੀ ਵੰਡ ਪ੍ਰਣਾਲੀ ’ਤੇ ਵਧੇਰੇ ਜ਼ੋਰ ਦੇਣ ਦੀ ਲੋੜ ਹੈਪੰਜਾਬ ਨੂੰ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਅਤੇ ਬਿਜਲੀ ਦੀ ਖਪਤ ’ਤੇ ਦਬਾਅ ਘਟਾਉਣ ਲਈ ਇਸਦੇ ਦਰਿਆਈ ਪਾਣੀਆਂ ਵਿੱਚ ਵੱਧ ਹਿੱਸਾ ਦੇਣ ਦੀ ਲੋੜ ਹੈਸੂਬਾ ਲਗਭਗ ਸਲਾਨਾ 21 ਬਿਲੀਅਨ ਕਿਊਬਿਕ ਮੀਟਰ ਆਪਣਾ ਪਾਣੀ ਬਰਾਮਦ ਕਰਦਾ ਹੈ। ਇਸ ਲਈ ਪੰਜਾਬ ਰਾਜ ਨੂੰ ਕੇਂਦਰ ਸਰਕਾਰ ਜਾਂ ਪਾਣੀ ਦਰਾਮਦ ਕਰਨ ਵਾਲੇ ਸੂਬਿਆਂ ਜਾਂ ਦੋਹਾਂ ਨੂੰ ਮਿਲ ਕੇ ਉਚਿਤ ਵਿੱਤੀ ਮੁਆਵਜ਼ਾ ਦੇਣ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ, ਜਿਸ ਤਰ੍ਹਾਂ ਖਣਿਜ ਭੰਡਾਰਾਂ ਵਾਲੇ ਰਾਜਾਂ ਨੂੰ ਕੋਲੇ, ਬਾਕਸਾਈਟ ਜਾਂ ਹੋਰ ’ਤੇ ਦਿੱਤਾ ਜਾਂਦਾ ਹੈਇਸ ਮੁਆਵਜ਼ੇ ਨੂੰ ਪੰਜਾਬ ਸਰਕਾਰ ਵੱਲੋਂ ਆਪਣੇ ਪਾਣੀ ਦੇ ਸਰੋਤਾਂ ਦੇ ਰੱਖ -ਖਾਓ ਅਤੇ ਸੰਭਾਲ ਲਈ ਵਰਤਿਆ ਜਾਣਾ ਚਾਹੀਦਾ ਹੈ, ਜਿਸ ਨਾਲ ਪਾਣੀ ਦੀ ਬੱਚਤ ਹੋ ਸਕਦੀ ਹੈ

ਪੰਜਾਬ ਦਾ ਨਹਿਰੀ ਸਿੰਚਾਈ ਸਿਸਟਮ, ਜੋ ਕਿ 150 ਸਾਲ ਤੋਂ ਵੱਧ ਪੁਰਾਣਾ ਹੈ, ਹੁਣ ਆਪਣਾ ਪੂਰਾ ਕੰਮ ਕਰਨ ਵਿੱਚ ਅਸਮਰੱਥ ਹੈ ਕਿਉਂਕਿ ਇਸ ਨੂੰ ਵੱਡੇ ਪੁਨਰਨਿਰਮਾਣ ਅਤੇ ਪੁਨਰ-ਸੁਰਜੀਤੀ ਦੀ ਲੋੜ ਹੈਸੂਬੇ ਵਿੱਚ ਖੇਤੀ ਲਈ ਪਾਣੀ ਦੀ ਵਰਤੋਂ ਲਈ ਮਾਲੀਆ ਨਾਮਾਤਰ ਅਤੇ ਨਾਕਾਫ਼ੀ ਹੈ ਕਿਉਂਕਿ ਇਸ ਨਾਲ ਨਹਿਰਾਂ, ਰਜਬਾਹਿਆਂ, ਖਾਲਿਆਂ ਦੀ ਮੁਰੰਮਤ ਅਤੇ ਇਸ ਕੰਮ ’ਤੇ ਲੱਗੇ ਕਰਮਚਾਰੀਆਂ ਦੇ ਖਰਚੇ ਵੀ ਪੂਰੇ ਨਹੀਂ ਹੁੰਦੇ ਹਨਨਤੀਜੇ ਵਜੋਂ ਨਹਿਰੀ ਸਿੰਚਾਈ ਸਿਸਟਮ ਦੇ ਤਸੱਲੀਬਖਸ਼ ਅਤੇ ਢੁਕਵੇਂ ਰੱਖ-ਰਖਾਅ ਨੂੰ ਯਕੀਨੀ ਬਣਾਉਣ ’ਤੇ ਮਾੜਾ ਪ੍ਰਭਾਵ ਪੈਂਦਾ ਹੈਪੰਜਾਬ ਵਿੱਚ ਨਹਿਰੀ ਸਿੰਚਾਈ ਸਿਸਟਮ ਨੂੰ ਦੇਖਣ ਲਈ ਨਿੱਜੀ ਫੇਰੀਆਂ ਦੌਰਾਨ ਸੂਬੇ ਦੇ ਨਹਿਰੀ ਸਿੰਚਾਈ ਸਿਸਟਮ ਦੀ ਦੁਰਦਸ਼ਾ ਨੂੰ ਅੱਖੀਂ ਦੇਖਿਆ ਜਾ ਸਕਦਾ ਹੈਸੂਬੇ ਦੀ ਕੇਂਦਰੀ ਖੁਰਾਕ ਭੰਡਾਰ ਵਿੱਚ ਵੱਡੇ ਅਤੇ ਅਹਿਮ ਯੋਗਦਾਨ ਅਤੇ ਦੇਸ਼ ਨੂੰ ਖੁਰਾਕ ਸੁਰੱਖਿਆ ਮੁਹਈਆ ਕਰਵਾਉਣ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਨੂੰ ਆਪਣੀ ਸਿੰਚਾਈ ਪ੍ਰਣਾਲੀ ਦੇ ਨਵੀਨੀਕਰਨ ਅਤੇ ਵਿਸਥਾਰ ਕਰਨ ਲਈ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਵਿੱਤੀ ਪੈਕੇਜ ਦਿੱਤੇ ਜਾਣ ਦੀ ਲੋੜ ਹੈ

ਉਪਰੋਕਤ ਸੁਝਾਏ ਵਿਸ਼ੇਸ਼ ਵਿੱਤੀ ਪੈਕੇਜ ਅਤੇ ਇਕੱਤਰ ਮਾਲੀਏ ਨਾਲ ਪੰਜਾਬ ਦੇ ਨਹਿਰੀ ਸਿੰਚਾਈ ਪ੍ਰਣਾਲੀ ਦੇ ਤਿੰਨ ਪ੍ਰਮੁੱਖ ਖੇਤਰਾਂ ਵਿੱਚ ਸੁਧਾਰਾਂ ਨੂੰ ਸ਼ੁਰੂ ਅਤੇ ਲਾਗੂ ਕੀਤਾ ਜਾਣਾ ਚਾਹੀਦਾ ਹੈ ਇਨ੍ਹਾਂ ਵਿੱਚ ਪਹਿਲੇ ਸਥਾਨ ’ਤੇ ਸੂਬੇ ਦੀ ਨਹਿਰੀ ਪ੍ਰਣਾਲੀ ਦਾ ਪੁਨਰ ਨਿਰਮਾਣ ਅਤੇ ਨਵੀਨੀਕਰਨ, ਦੂਜੇ ’ਤੇ ਸਿੰਚਾਈ ਲਈ ਪਾਣੀ ਦੇ ਕੁਸ਼ਲ ਪ੍ਰਬੰਧਨ ਅਤੇ ਤੀਜੇ ਸਥਾਨ ’ਤੇ ਢੁਕਵੀਂ ਅਤੇ ਕਾਰਗਰ ਸਿੰਚਾਈ ਨੀਤੀ ਬਣਾਉਣਾ ਸ਼ਾਮਲ ਹਨਕਿਉਂਕਿ ਸੂਬੇ ਦੀ ਨਹਿਰੀ ਸਿੰਚਾਈ ਨੀਤੀ ਅਤੇ ਪੰਜਾਬ ਦੇ ਸੰਸਥਾਗਤ ਸੁਧਾਰਾਂ ਵਿੱਚ ਹਿੱਸੇਦਾਰ ਲੋਕਾਂ, ਖਾਸ ਕਰਕੇ ਕਿਸਾਨਾਂ ਦਾ ਭਰੋਸਾ ਨਹੀਂ ਰਿਹਾ, ਇਸ ਲਈ ਸੁਝਾਏ ਸੁਧਾਰਾਂ ਨਾਲ ਸੂਬੇ ਦੇ ਨਹਿਰੀ ਸਿੰਚਾਈ ਸਿਸਟਮ ਵਿੱਚ ਭਰੋਸਾ ਮੁੜ ਬਹਾਲ ਕਰਵਾਉਣਾ ਚਾਹੀਦਾ ਹੈਇਸਦੇ ਨਾਲ ਹੀ ਇਸ ਸਬੰਧ ਵਿੱਚ ਸਭ ਤੋਂ ਪਹਿਲਾਂ ਸਿੰਚਾਈ ਦੇ ਪਾਣੀ ਦੀ ਮਿਕਦਾਰ ਮੁਤਾਬਿਕ ਕੀਮਤ ਲਾਗੂ ਕਰਕੇ ਆਰਥਿਕ ਲਾਭ ਵਿੱਚ ਤਬਦੀਲ ਕੀਤਾ ਜਾਣਾ ਚਾਹੀਦਾ ਹੈਦੂਜਾ, ਹਿੱਸੇਦਾਰਾਂ ਦੀ ਭਾਗੀਦਾਰੀ ਅਤੇ ਸਥਾਨਕ ਲੋਕਾਂ ਨੂੰ ਨਹਿਰੀ ਸਿੰਚਾਈ ਸਿਸਟਮ ਵਿੱਚ ਸ਼ਕਤੀਆਂ ਅਤੇ ਜ਼ਿੰਮੇਵਾਰੀ ਦੇ ਕੇ ਨਹਿਰੀ ਸਿੰਚਾਈ ਸਿਸਟਮ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦ ਮਿਲੇਗੀਤੀਸਰਾ, ਮੌਜੂਦਾ ਸਮੇਂ ਵਿੱਚ ਸਿੰਚਾਈ ਦੇ ਮਾਮਲਿਆਂ ਵਿੱਚ ਸਥਾਨਕ ਸੰਸਥਾਵਾਂ ਨੂੰ ਬਾਈਪਾਸ ਕੀਤਾ ਜਾਂਦਾ ਹੈ, ਇਸ ਲਈ ਇਸ ਪ੍ਰਕਿਰਿਆ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਨੂੰ ਸ਼ਾਮਲ ਕਰਨ ਦੀ ਫੌਰੀ ਲੋੜ ਹੈਚੌਥਾ, ਸੰਸਥਾਗਤ ਸੁਧਾਰਾਂ ਦੀ ਪੂਰੀ ਪ੍ਰਕਿਰਿਆ ਵਿੱਚ, ਵਾਤਾਵਰਣ ਸੰਬੰਧੀ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ

ਅੰਤ ਵਿੱਚ, ਵੰਡ ਦੇ ਪਹਿਲੂਆਂ ਨੂੰ ਸਮਾਜ ਦੇ ਸਾਰੇ ਹਿੱਸੇਦਾਰਾਂ ਲਈ ਪਾਣੀ ’ਤੇ ਬਰਾਬਰ ਅਧਿਕਾਰਾਂ ਦੇ ਰੂਪ ਵਿੱਚ ਜ਼ਰੂਰੀ ਤੌਰ ’ਤੇ ਦੇਖਿਆ ਜਾਣਾ ਚਾਹੀਦਾ ਹੈਨੀਤੀਗਤ ਢਾਂਚੇ ਨੂੰ ਨਹਿਰੀ ਸਿੰਚਾਈ ਤੋਂ ਬਹੁਤ ਪਰੇ ਜਾਣ ਦੀ ਲੋੜ ਹੈ ਅਤੇ ਇਸ ਨੂੰ ਕੁੱਲ ਸਿੰਚਾਈ ਦੀ ਇੱਕ ਪ੍ਰਣਾਲੀ ਦੇ ਤੌਰ ’ਤੇ ਵਿਚਾਰਨਾ ਚਾਹੀਦਾ ਹੈ ਜਿਸ ਵਿੱਚ ਜ਼ਮੀਨੀ ਪਾਣੀ ਦੇ ਸਰੋਤ, ਨਵੇਂ ਟਿਊਬਵੈੱਲ, ਬਿਜਲੀ ਕੁਨੈਕਸ਼ਨਾਂ ਦੀ ਰਾਸ਼ਨਿੰਗ, ਬਿਜਲੀ ਦੀ ਕੀਮਤ, ਫਸਲੀ ਵਿਭਿੰਨਤਾ, ਡੀਜ਼ਲ ਦੀਆਂ ਕੀਮਤਾਂ ਅਤੇ ਹੋਰ ਵਾਤਾਵਰਣ ਸੰਬੰਧੀ ਮੁੱਦਿਆਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ

ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੀ ਵਧ ਰਹੀ ਵਰਤੋਂ/ਦੁਰਵਰਤੋਂ ਦੀ ਚਿੰਤਾਜਨਕ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਖੇਤੀਬਾੜੀ ਪੰਪ ਸੈੱਟਾਂ ਲਈ ਬਿਜਲੀ ਕੁਨੈਕਸ਼ਨ ਜਾਰੀ ਕਰਨ ਨੂੰ ਨਿਯਮਤ ਕਰਨ ਲਈ ਇੱਕ ਢੁਕਵੀਂ ਨੀਤੀ ਬਣਾਉਣ ਦੀ ਫੌਰੀ ਲੋੜ ਹੈ

ਸੇਮ ਨੂੰ ਘੱਟ ਤੋਂ ਘੱਟ ਕਰਨ ਲਈ ਡਰੇਨੇਜ ਸਿਸਟਮ ਵਿਕਸਿਤ ਕਰਨ ਦੀ ਲੋੜ ਹੈਮੱਛੀ ਪਾਲਣ, ਬਾਗਬਾਨੀ ਅਤੇ ਐਗਰੋ-ਫੋਰੈਸਟਰੀ ਟ੍ਰੀਜ਼ (ਬਾਇਓ-ਡਰੇਨੇਜ) ਦੇ ਨਾਲ ਤਾਲਾਬਾਂ ਨੂੰ ਸ਼ਾਮਲ ਕਰਨ ਵਾਲੇ ਖਾਰੇ ਪਾਣੀ ਵਾਲੇ ਭੂਮੀਗਤ ਖੇਤਰਾਂ ਦੇ ਪ੍ਰਬੰਧਨ ਲਈ ਏਕੀਕ੍ਰਿਤ ਖੇਤੀ ਪ੍ਰਣਾਲੀਆਂ ’ਤੇ ਪ੍ਰੋਜੈਕਟ ਲਾਗੂ ਕਰਨ ਦੀ ਲੋੜ ਹੈਪੰਜਾਬ ਦੇ ਖਾਰੇ ਪਾਣੀ ਵਾਲੇ ਖੇਤਰਾਂ ਲਈ ਨਮਕ ਰੋਧਕ ਫਸਲਾਂ/ਰੁੱਖਾਂ ਦੀਆਂ ਕਿਸਮਾਂ ਵਿਕਸਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ

ਪਾਣੀ ਦੇ ਕੀਮਤੀ ਸੋਮਿਆਂ ਨੂੰ ਬਚਾਉਣ ਲਈ ਸੂਬੇ ਦੇ ਫਸਲੀ ਚੱਕਰ ਨੂੰ ਬਦਲਣਾ ਸਮੇਂ ਦੀ ਫੌਰੀ ਲੋੜ ਹੈਲੰਬੇ ਸਮੇਂ ਵਿੱਚ ਪਾਣੀ ਦੇ ਸੰਤੁਲਨ ਨੂੰ ਬਹਾਲ ਕਰਨ ਲਈ, ਝੋਨੇ ਹੇਠ ਰਕਬਾ ਘਟਾਉਣ ਅਤੇ ਬਦਲਵੀਆਂ ਫਸਲਾਂ ਦੀ ਸ਼ੁਰੂਆਤ ਕਰਨ ਦਾ ਇਹ ਉਚਿਤ ਸਮਾਂ ਹੈਬਦਲਵੀਆਂ ਫਸਲਾਂ (ਜਿਵੇਂ ਕਿ ਮੂੰਗਫਲੀ, ਮੱਕੀ, ਦਾਲਾਂ: ਅਰਹਰ ਅਤੇ ਮੂੰਗ) ਨੂੰ ਝੋਨੇ ਨਾਲ ਮੁਕਾਬਲਾ ਕਰਨਾ ਪੈਂਦਾ ਹੈਪਾਣੀ ਦੀ ਬੱਚਤ ਤੋਂ ਇਲਾਵਾ, ਸੂਬੇ ਨੂੰ ਲੰਬੇ ਸਮੇਂ ਵਿੱਚ ਮਿੱਟੀ ਦੀ ਉਪਜਾਊ ਸ਼ਕਤੀ ਦੇ ਨਿਘਾਰ ਵਿੱਚ ਸੁਧਾਰ/ਘਟਾਉਣ, ਸਵੱਛਤਾ ਅਤੇ ਸਿਹਤ ਵਿੱਚ ਸੁਧਾਰ, ਵਾਤਾਵਰਣ ਵਿੱਚ ਸੁਧਾਰ ਅਤੇ ਬਿਜਲੀ ਦੀ ਬੱਚਤ ਦੇ ਰੂਪ ਵਿੱਚ ਲਾਭ ਹੋਵੇਗਾ

ਸੰਖੇਪ ਰੂਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਿੰਚਾਈ ਦੇ ਪੰਜਾਬ ਮਾਡਲ ਨੇ ਖੇਤਰ ਦੇ ਵਾਤਾਵਰਣ ਨੂੰ ਆਮ ਤੌਰ ’ਤੇ ਅਤੇ ਖਾਸ ਤੌਰ ’ਤੇ ਜਲ ਸਰੋਤਾਂ ਨੂੰ ਵਿਗਾੜ ਦਿੱਤਾ ਹੈਇਸਦੇ ਨਤੀਜੇ ਧਰਤੀ ਹੇਠਲੇ ਪਾਣੀ ਦੇ ਘਟਣ, ਵਿਆਪਕ ਪੱਧਰ ’ਤੇ ਫੈਲੇ ਖਾਰੇਪਣ, ਪਾਣੀ ਦੀ ਵਿਗੜਦੀ ਗੁਣਵੱਤਾ ਅਤੇ ਖਾਸ ਕਿਸਮ ਦੀਆਂ ਬਿਮਾਰੀਆਂ ਦੇ ਰੂਪ ਵਿੱਚ ਦਿਖਾਈ ਦੇਣ ਲੱਗੇ ਹਨ ਸਪਸ਼ਟ ਤੌਰ ’ਤੇ ਪਿਛਲੇ ਸਾਲਾਂ ਦੌਰਾਨ ਜਲ ਸਰੋਤਾਂ ਦੇ ਵਿਕਾਸ ਅਤੇ ਪ੍ਰਬੰਧਨ ਵਿੱਚ ਕਈ ਮੁੱਦੇ ਅਤੇ ਚੁਣੌਤੀਆਂ ਸਾਹਮਣੇ ਆਈਆਂ ਹਨ ਇਨ੍ਹਾਂ ਸਾਰੀਆਂ ਚਿੰਤਾਵਾਂ ਨੂੰ ਵਿਗਿਆਨ ਅਤੇ ਤਕਨਾਲੋਜੀ ਵਿੱਚ ਉੱਭਰਦੀਆਂ ਖੋਜਾਂ ਨੂੰ ਅਪਣਾ ਕੇ ਇੱਕ ਨਵੀਂ ਪਹੁੰਚ ਦੀ ਦ੍ਰਿਸ਼ਟੀ ਨਾਲ ਸਾਂਝੀਆਂ ਨੀਤੀਆਂ ਅਤੇ ਰਣਨੀਤੀਆਂ ਦੇ ਆਧਾਰ ’ਤੇ ਹੱਲ ਕਰਨ ਦੀ ਲੋੜ ਹੈ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਡਾ. ਕੇਸਰ ਸਿੰਘ ਭੰਗੂ

ਡਾ. ਕੇਸਰ ਸਿੰਘ ਭੰਗੂ

Ex Dean And Professor, Punjabi University Patiala, Punjab, India.
Phone: (91 - 98154 - 27127)
Email: (kesarbhangoo@gmail.com)

More articles from this author