KesarSBhanguDr 7ਵਿਕਾਸ ਲਈ ਦੁਨੀਆਂ ਭਰ ਵਿੱਚ ਕੁਦਰਤੀ ਸੋਮਿਆਂ ਦੀ ਲੋੜ ਤੋਂ ਜ਼ਿਆਦਾ ਵਰਤੋਂ ਜਾਂ ਦੁਰਵਰਤੋਂ ਕੀਤੀ ਗਈ ਹੈ ਅਤੇ ...
(20 ਦਸੰਬਰ 2024)

 

ਅੱਜ ਕੱਲ੍ਹ ਦੁਨੀਆਂ ਦੇ ਲਗਭਗ ਸਾਰੇ ਦੇਸ਼ ਅਤੇ ਦੁਨੀਆਂ ਭਰ ਦੀਆਂ ਅਨੇਕਾਂ ਸੰਸਥਾਵਾਂ ਜਲਵਾਯੂ ਤਬਦੀਲੀਆਂ, ਇਹਨਾਂ ਤਬਦੀਲੀਆਂ ਕਾਰਨ ਹੋਏ ਵਿਗਾੜਾਂ ਅਤੇ ਪਲੀਤ ਹੋਏ ਵਾਤਾਵਰਣ ਨੂੰ ਬਚਾਉਣ ਲਈ ਬਹੁਤ ਉਪਰਾਲੇ ਅਤੇ ਜੱਦੋਜਹਿਦ ਕਰ ਰਹੀਆਂ ਹਨਪਰ ਜਲਵਾਯੂ ਅਤੇ ਵਾਤਾਵਰਣ ਨੂੰ ਸੰਭਾਲਣ ਅਤੇ ਬਚਾਉਣ ਦੇ ਇਹਨਾਂ ਉਪਰਾਲਿਆਂ ਅਤੇ ਜਦੋਜਹਿਦਾ ਨੂੰ ਹੁਣ ਤਕ ਬੂਰ ਪੈਂਦਾ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਕਿਸੇ ਕਿਸਮ ਦੇ ਕਾਰਗਰ ਨਤੀਜੇ ਹਾਲੇ ਤਕ ਸਾਹਮਣੇ ਨਹੀਂ ਆਏ ਹਨਇਹ ਜ਼ਰੂਰ ਵੇਖਣ ਵਿੱਚ ਆਇਆ ਹੈ ਕਿ ਸੰਸਾਰ ਪੱਧਰ ’ਤੇ ਵਾਤਾਵਰਣ ਅਤੇ ਜਲਵਾਯੂ ਵਿੱਚ ਵਿਗਾੜ ਅਤੇ ਤਬਦੀਲੀਆਂ ਲਗਭਗ ਹਰ ਦੇਸ਼ ਵਿੱਚ ਹਰ ਚੀਜ਼ ਨੂੰ ਪ੍ਰਭਾਵਿਤ ਕਰ ਰਹੀਆਂ ਹਨਖਾਸ ਕਰਕੇ ਇਹ ਵਿਗਾੜ ਸਾਡੇ ਭੋਜਨ ਪ੍ਰਣਾਲੀਆਂ, ਭਾਵ ਭੋਜਨ ਪੈਦਾ ਕਰਨ ਦੇ ਤਰੀਕਿਆਂ ਤੋਂ ਲੈ ਕੇ ਖਪਤ ਅਤੇ ਖੁਰਾਕ ਦੇ ਉੱਪਰ ਬਹੁਤ ਮਾੜੇ ਪ੍ਰਭਾਵ ਪਾਉਂਦੇ ਸਾਫ਼ ਦਿਖਾਈ ਦੇ ਰਹੇ ਹਨ ਇਸਦਾ ਸਿੱਧਾ ਅਤੇ ਸਪਸ਼ਟ ਮਤਲਬ ਇਹ ਹੈ ਕਿ ਜਿਹੜੇ ਦੇਸ਼ ਮੁੱਖ ਤੌਰ ’ਤੇ ਖੇਤੀਬਾੜੀ ਅਤੇ ਭੋਜਨ ਪੈਦਾ ਕਰਨ ਲਈ ਸਿੱਧੇ ਅਤੇ ਅਸਿੱਧੇ ਤੌਰ ’ਤੇ ਨਿਰਭਰ ਹਨ, ਉਹ ਦੇਸ਼ ਇਹਨਾਂ ਵਿਗਾੜਾ ਦੇ ਵਧੇਰੇ ਮਾੜੇ ਪ੍ਰਭਾਵ ਝੱਲ ਰਹੇ ਹਨ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਵੀ ਵਧੇਰੇ ਪ੍ਰਭਾਵ ਝੱਲਣੇ ਪੈਣਗੇ

ਇਹ ਇੱਕ ਮਹੱਤਵਪੂਰਨ ਗੱਲ ਹੈ ਕਿ ਜਲਵਾਯੂ ਤਬਦੀਲੀਆਂ ਅਤੇ ਵਿਗਾੜਾਂ ਨੂੰ ਗਹਿਰਾ ਕਰਨ ਵਿੱਚ ਅਮੀਰ ਦੇਸ਼ਾਂ ਅਤੇ ਅਮੀਰ ਲੋਕਾਂ ਦਾ ਵਧੇਰੇ ਹਿੱਸਾ ਹੈ ਪਰ ਇਸਦਾ ਖਮਿਆਜ਼ਾ ਦੁਨੀਆਂ ਦੇ ਗਰੀਬ ਦੇਸ਼ਾਂ ਅਤੇ ਗਰੀਬ ਲੋਕਾਂ ਨੂੰ ਵਧੇਰੇ ਭੁਗਤਣਾ ਪੈ ਰਿਹਾ ਹੈ ਅਤੇ ਭਵਿੱਖ ਵਿੱਚ ਹੋਰ ਵੀ ਭੁਗਤਣਾ ਪਵੇਗਾਕਿਉਂਕਿ ਜਿਸ ਕਿਸਮ ਦਾ ਦੁਨੀਆਂ ਭਰ ਵਿੱਚ ਪਿਛਲੇ ਸਮਿਆਂ ਵਿੱਚ ਵਿਕਾਸ ਦੇ ਤਰੀਕੇ ਅਪਣਾ ਕੇ ਵਿਕਾਸ ਕੀਤਾ ਗਿਆ ਹੈ, ਉਸ ਨੇ ਸਿੱਧੇ ਤੌਰ ’ਤੇ ਜਲਵਾਯੂ ਵਿੱਚ ਬਹੁਤ ਸਾਰੇ ਵਿਗਾੜ ਪੈਦਾ ਕੀਤੇ ਹਨਵਿਕਾਸ ਲਈ ਦੁਨੀਆਂ ਭਰ ਵਿੱਚ ਕੁਦਰਤੀ ਸੋਮਿਆਂ ਦੀ ਲੋੜ ਤੋਂ ਜ਼ਿਆਦਾ ਵਰਤੋਂ ਜਾਂ ਦੁਰਵਰਤੋਂ ਕੀਤੀ ਗਈ ਹੈ ਅਤੇ ਕੀਤੀ ਜਾ ਰਹੀ ਹੈ, ਜਿਸ ਨਾਲ ਦਰਿਆ, ਸਮੁੰਦਰ, ਪਾਣੀ ਦੇ ਹੋਰ ਸੋਮੇਂ ਅਤੇ ਹਵਾ ਦੂਸ਼ਤ ਹੋਏ ਹਨ ਨਾਲ ਹੀ ਜੰਗਲਾਂ ਦੀ ਵੱਡੇ ਪੱਧਰ ’ਤੇ ਕਟਾਈ ਅਤੇ ਖੇਤੀਬਾੜੀ ਕਰਨ ਦੇ ਢੰਗ ਤਰੀਕਿਆਂ ਨੇ ਵੀ ਵਾਤਾਵਰਣ ਨੂੰ ਖਰਾਬ ਕੀਤਾ ਹੈਵਾਤਾਵਰਣ ਦੀ ਸੰਭਾਲ ਦੀ ਅਣਹੋਂਦ ਅਤੇ ਘਾਟ ਨੇ ਵੀ ਇਸ ਨੂੰ ਹੋਰ ਗਹਿਰਾਇਆ ਹੈਭਾਰਤ ਵੀ ਜਲਵਾਯੂ ਤਬਦੀਲੀਆਂ ਅਤੇ ਵਿਗਾੜਾਂ ਤੋਂ ਬਚ ਨਹੀਂ ਸਕਿਆ ਅਤੇ ਇਹਨਾਂ ਤਬਦੀਲੀਆਂ ਨੇ ਪਾਣੀ, ਹਵਾ ਅਤੇ ਕੁਦਰਤ ਦੇ ਹੋਰ ਸੋਮਿਆਂ ਨੂੰ ਬਹੁਤ ਪਲੀਤ ਕੀਤਾ ਹੈ

ਭਾਰਤ ਦੁਨੀਆਂ ਦਾ ਇੱਕ ਖੇਤੀਬਾੜੀ ਪ੍ਰਧਾਨ, ਵੱਡੀ ਅਤੇ ਵਧ ਰਹੀ ਅਰਥਵਿਵਸਥਾ ਹੈ, ਜਿਸ ਕੋਲ ਦੁਨੀਆ ਦੀ ਸਭ ਤੋਂ ਵੱਡੀ ਵਾਹੀਯੋਗ (ਖੇਤੀਯੋਗ) ਜ਼ਮੀਨੀ ਖੇਤਰ ਹੈਖੇਤੀਬਾੜੀ ਭਾਰਤੀ ਲੋਕਾਂ ਦੀ ਰੋਜ਼ੀ-ਰੋਟੀ ਦਾ ਸਭ ਤੋਂ ਵੱਡਾ ਸਰੋਤ ਹੈ ਅਤੇ ਖੇਤੀਬਾੜੀ ਖੇਤਰ ਦੇਸ਼ ਦੇ ਕੁੱਲ ਘਰੇਲੂ ਉਤਪਾਦ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਉਂਦਾ ਹੈਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਵੇਲੇ ਸਾਡਾ ਦੇਸ਼ ਭੋਜਨ ਦੀ ਅਤਿਅੰਤ ਘਾਟ ਵਾਲੇ ਦੇਸ਼ਾਂ ਵਿੱਚ ਸ਼ਾਮਲ ਸੀ ਪਰ ਹੌਲੀ-ਹੌਲੀ ਖੇਤੀ ਖੇਤਰ ਵਿੱਚ ਸੁਧਾਰਾਂ ਨਾਲ ਖੇਤੀ ਉਤਪਾਦਨ ਅਤੇ ਉਤਪਾਦਿਕਤਾ ਵਿੱਚ ਵਾਧਾ ਹੋਣ ਨਾਲ ਦੇਸ਼ ਖੁਰਾਕ ਸੁਰੱਖਿਆ ਪ੍ਰਦਾਨ ਕਰਨ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਇਸਦੇ ਬਾਵਜੂਦ ਵੀ ਦੇਸ਼ ਵਿੱਚ ਬੱਚਿਆਂ, ਔਰਤਾਂ ਅਤੇ ਗਰੀਬਾਂ ਦੀ ਪੌਸ਼ਟਿਕ ਅਤੇ ਸਹੀ ਗੁਣਵੱਤਾ ਵਾਲੇ ਭੋਜਨ ਤਕ ਵਿਆਪਕ ਪਹੁੰਚ ਦੀ ਘਾਟ ਨੇ ਸਿਹਤ-ਸੰਬੰਧਿਤ ਸਮੱਸਿਆਵਾਂ ਅਤੇ ਮੁੱਦਿਆਂ ਨੂੰ ਜਨਮ ਦਿੱਤਾ ਹੈਅੱਜ ਵੀ ਭਾਰਤ ਵਿੱਚ ਦੁਨੀਆ ਦੇ ਸਭ ਤੋਂ ਵੱਧ ਕੁਪੋਸ਼ਿਤ ਬੱਚੇ ਵੇਖਣ ਨੂੰ ਮਿਲਦੇ ਹਨ। ਨਾਲ ਹੀ ਵੱਡੀ ਗਿਣਤੀ ਵਿੱਚ ਅਤੀ ਗਰੀਬ ਅਬਾਦੀ ਲਈ ਖੁਰਾਕ ਸੁਰੱਖਿਆ ਵੀ ਯਕੀਨੀ ਨਹੀਂ ਹੈਇਹਨਾਂ ਸਭ ਦੇ ਵਿਚਕਾਰ ਜਲਵਾਯੂ ਪਰਿਵਰਤਨ ਦੇ ਵਿਆਪਕ ਮਾੜੇ ਪ੍ਰਭਾਵ ਇਹਨਾਂ ਅਲਾਮਤਾਂ ਨੂੰ ਹੋਰ ਗਹਿਰਾ ਕਰ ਰਹੇ ਹਨ ਅਤੇ ਵਧੇਰੇ ਟਿਕਾਊ ਅਤੇ ਬਰਾਬਰ ਭੋਜਨ ਵੰਡ ਪ੍ਰਣਾਲੀਆਂ ਵਿੱਚ ਰੁਕਾਵਟਾਂ ਵੀ ਖੜ੍ਹੀਆਂ ਕਰ ਰਹੇ ਹਨਇਸ ਸੰਦਰਭ ਵਿੱਚ ਦੇਸ਼ ਵਿੱਚ ਵਾਤਾਵਰਣ ਤਬਦੀਲੀਆਂ ਦੇ ਵਿਗਾੜਾਂ, ਖ਼ਾਸ ਕਰਕੇ ਖੇਤੀ ਜਿਣਸਾਂ ਦੇ ਉਤਪਾਦਨ ਵਿੱਚ ਘਾਟ, ਭੁੱਖਮਰੀ ਦੀ ਸਥਿਤੀ ਨੂੰ ਜਾਣਨ ਲਈ ਅਤੇ ਇਹਨਾਂ ਪ੍ਰਭਾਵਾਂ ਨੂੰ ਘਟਾਉਣ ਲਈ ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ (IFPRI) ਦੀਆਂ ਰਿਪੋਰਟਾਂ ਅਤੇ ਇਸ ਸੰਬੰਧੀ ਹੋਰ ਰਿਪੋਰਟਾਂ ਉੱਤੇ ਨਿਗਾਹ ਮਾਰਨੀ ਚਾਹੀਦੀ ਹੈ ਤਾਂ ਕਿ ਜਲਵਾਯੂ ਤਬਦੀਲੀਆਂ, ਖੇਤੀ ਉਤਪਾਦਨ ਅਤੇ ਭੁੱਖਮਰੀ ਸੰਬੰਧੀ ਬਦਲ ਰਹੇ ਹਾਲਾਤ ਨੂੰ ਸਮਝਿਆ ਜਾ ਸਕੇ

ਹਥਲੇ ਲੇਖ ਵਿੱਚ ਜਿੱਥੇ ਇਹਨਾਂ ਰਿਪੋਰਟਾਂ ਵਿੱਚ ਜਲਵਾਯੂ ਅਤੇ ਵਾਤਾਵਰਣ ਤਬਦੀਲੀਆਂ ਅਤੇ ਵਿਗਾੜਾਂ ਦੇ ਖੇਤੀ ਖੇਤਰ ਅਤੇ ਅੰਨ ਸੁਰੱਖਿਆ ਅਤੇ ਭੁੱਖਮਰੀ ਉੱਤੇ ਕੀ ਪ੍ਰਭਾਵ ਪੈਣ ਦੀਆਂ ਪੇਸ਼ਨਗੋਗੀਆ ਕੀਤੀਆਂ ਗਈਆਂ ਹਨ, ਉੱਥੇ ਨਾਲ ਹੀ ਇਹਨਾਂ ਵਿਗਾੜਾਂ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਕੀ ਕੀਤਾ ਜਾਵੇ, ਦੇ ਵਿਸ਼ੇ ’ਤੇ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ

ਸਭ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਪਤਾ ਲਗਦਾ ਹੈ ਕਿ ਖੇਤੀਬਾੜੀ ਦਾ ਖੇਤਰ ਅਤੇ ਖੇਤੀ ਜਿਣਸਾਂ ਦੇ ਉਤਪਾਦਨ ਉੱਤੇ ਜਲਵਾਯੂ ਪਰਿਵਰਤਨ ਦੁਆਰਾ ਸਭ ਤੋਂ ਮਾੜੇ ਤਰੀਕਿਆਂ ਨਾਲ ਪ੍ਰਭਾਵ ਪਾਉਂਦੇ ਨਜ਼ਰ ਪੈਂਦੇ ਹਨਇਹਨਾਂ ਮਾੜੇ ਪ੍ਰਭਾਵਾਂ ਵਿੱਚ ਮੁੱਖ ਤੌਰ ’ਤੇ ਮਿੱਟੀ ਦੀ ਉਪਜਾਊ ਸ਼ਕਤੀ ਦਾ ਘਟਣਾ, ਖੇਤੀ ਉਪਜ ਦੀ ਉਤਪਾਦਕਤਾ ਘਟਣਾ, ਕੀੜਿਆਂ ਅਤੇ ਹੋਰ ਹਮਲਾਵਰ ਕਿਸਮਾਂ ਦੇ ਵਧਦੇ ਹੋਏ ਖ਼ਤਰੇ, ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਹੋਣਾ ਅਤੇ ਖ਼ਤਮ ਹੋ ਜਾਣਾ ਅਤੇ ਵਪਾਰਕ ਅਤੇ ਹੋਰ ਕੰਮਾਂ ਲਈ ਖਪਤ ਲਈ ਖੇਤੀਬਾੜੀ ਜ਼ਮੀਨ ਦੀ ਵੱਡੇ ਪੱਧਰ ’ਤੇ ਤਬਦੀਲੀ ਹੋਣਾ ਹੈਗਲੋਬਲ ਫੂਡ ਪਾਲਿਸੀ ਦੇ ਅੰਦਾਜ਼ਿਆਂ ਅਨੁਸਾਰ ਵਿਸ਼ਵ ਪੱਧਰ ਤੇ 2050 ਤਕ ਭੋਜਨ ਉਤਪਾਦਨ ਵਿੱਚ 8 ਪ੍ਰਤੀਸ਼ਤ ਘਟਣ ਦੇ ਖਦਸ਼ੇ ਪ੍ਰਗਟਾਏ ਗਏ ਹਨਭਾਰਤ ਵਿੱਚ ਕੁੱਲ ਭੋਜਨ ਉਤਪਾਦਨ ਵਿੱਚ 16 ਪ੍ਰਤੀਸ਼ਤ ਦੀ ਕਮੀ ਦਾ ਅਨੁਮਾਨ ਲਗਾਇਆ ਗਿਆ ਹੈ, ਜੋ ਕਿ ਦੱਖਣੀ ਏਸ਼ੀਆਈ ਖੇਤਰ ਵਿੱਚ ਸਭ ਤੋਂ ਵੱਧ ਹੈਦੂਜੇ ਦੇਸ਼ਾਂ ਵਿੱਚ, ਸੰਯੁਕਤ ਰਾਜ ਅਮਰੀਕਾ ਲਈ ਅਨੁਮਾਨ 34 ਪ੍ਰਤੀਸ਼ਤ, ਆਸਟਰੇਲੀਆ ਲਈ 18 ਪ੍ਰਤੀਸ਼ਤ, ਜਾਪਾਨ 17 ਪ੍ਰਤੀਸ਼ਤ, ਬਰਤਾਨੀਆ ਲਈ 7 ਪ੍ਰਤੀਸ਼ਤ ਅਤੇ ਚੀਨ ਲਈ 5 ਪ੍ਰਤੀਸ਼ਤ ਘਟਣ ਦਾ ਅਨੁਮਾਨ ਹੈਇਹਨਾਂ ਅੰਕੜਿਆਂ ਤੋਂ ਸਾਫ਼ ਪਤਾ ਲਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਖੇਤੀ ਜਿਣਸਾਂ ਦੀ ਪੈਦਾਵਾਰ ਘਟਣ ਕਾਰਨ ਦੁਨੀਆਂ ਵਿੱਚ ਖੁਰਾਕ ਸੁਰੱਖਿਆ ਨੂੰ ਢਾਹ ਲੱਗੇਗੀ, ਖ਼ਾਸ ਕਰਕੇ ਗਰੀਬ ਲੋਕਾਂ ਅਤੇ ਗਰੀਬ ਦੇਸ਼ਾਂ ਵਿੱਚ ਪੌਸ਼ਟਿਕ ਭੋਜਨ ਅਤੇ ਲੋੜੀਂਦਾ ਭੋਜਨ ਪਹੁੰਚ ਤੋਂ ਬਾਹਰ ਹੋ ਜਾਵੇਗਾਅਜਿਹੀ ਸਥਿਤੀ ਵਿੱਚ ਇਹ ਸੁਭਾਵਿਕ ਹੈ ਕਿ ਵਪਾਰੀ ਅਤੇ ਕਾਰਪੋਰੇਟ ਘਰਾਣੇ ਆਪਣੇ ਮੁਨਾਫੇ ਲਈ ਖੇਤੀ ਜਿਣਸਾਂ ਦੀ ਜ਼ਖੀਰੇਬਾਜ਼ੀ ਅਤੇ ਕਾਲਾ ਬਾਜ਼ਾਰੀ ਕਰਨ ਤੋਂ ਸੰਕੋਚ ਨਹੀਂ ਕਰਨਗੇਨਤੀਜੇ ਵਜੋਂ ਸੰਸਾਰ ਪੱਧਰ ’ਤੇ ਭੁੱਖਮਰੀ ਦੀ ਕਗਾਰ ਤੇ ਖੜ੍ਹੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਸੁਭਾਵਿਕ ਹੈ

ਅੰਦਾਜ਼ਿਆਂ ਮੁਤਾਬਿਕ 2030 ਤਕ ਵਿਸ਼ਵ ਪੱਧਰ ’ਤੇ ਲਗਭਗ 6.5 ਕਰੋੜ ਹੋਰ ਲੋਕ ਜਲਵਾਯੂ ਪਰਿਵਰਤਨ ਦੇ ਵਿਗਾੜਾਂ ਕਾਰਨ ਭੁੱਖਮਰੀ ਦੇ ਖ਼ਤਰੇ ਵਿੱਚ ਚਲੇ ਜਾਣਗੇਆਲਮੀ ਜਲਵਾਯੂ ਤਬਦੀਲੀ-ਪ੍ਰੇਰਿਤ ਭੁੱਖਮਰੀ ਦੇ ਜੋਖਮ ਵਿੱਚ ਪਹੁੰਚਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਦੱਖਣੀ ਏਸ਼ੀਆ, ਭਾਰਤ ਸਮੇਤ, ਸਭ ਤੋਂ ਉੱਪਰ ਹੈਸਾਡੇ ਦੇਸ਼ ਵਿੱਚ ਸਾਰੀ ਦੁਨੀਆਂ ਤੋਂ ਵੱਧ ਲਗਭਗ 1.7 ਕਰੋੜ ਹੋਰ ਲੋਕ ਭੁੱਖਮਰੀ ਦੀ ਕਗਾਰ ’ਤੇ ਪਹੁੰਚ ਜਾਣਗੇ। ਦੂਜੇ ਸਥਾਨ ’ਤੇ ਡੈਮੋਕਰੈਟਿਕ ਰੀਪਬਲਿਕ ਆਫ ਕਾਂਗੋ ਵਿੱਚ ਹੋਰ 48 ਲੱਖ ਲੋਕ ਭੁੱਖਮਰੀ ਦੇ ਖ਼ਤਰੇ ਵਿੱਚ ਚਲੇ ਜਾਣਗੇ

ਇੱਥੇ ਹੀ ਬੱਸ ਨਹੀਂ, ਇਹ ਵੀ ਅੰਦਾਜ਼ੇ ਲਗਾਏ ਗਏ ਹਨ ਕਿ ਜੇਕਰ ਜਲਵਾਯੂ ਤਬਦੀਲੀਆਂ ਅਤੇ ਵਿਗਾੜ ਨਹੀਂ ਹੁੰਦੇ ਤਾਂ ਭਾਰਤ ਵਿੱਚ 2030 ਤਕ ਭੁੱਖਮਰੀ ਦੀ ਕਗਾਰ ਤੇ ਖੜ੍ਹੇ ਲੋਕਾਂ ਦੀ ਗਿਣਤੀ 7.39 ਕਰੋੜ ਹੋਵੇਗੀ ਅਤੇ 2050 ਤਕ ਘਟ ਕੇ 4.5 ਕਰੋੜ ਹੋ ਜਾਵੇਗੀਜੇਕਰ ਜਲਵਾਯੂ ਤਬਦੀਲੀਆਂ ਅਤੇ ਵਿਗਾੜ ਇਵੇਂ ਹੀ ਜਾਰੀ ਰਹਿਦੇ ਹਨ ਤਾਂ 2030 ਵਿੱਚ ਭਾਰਤ ਵਿੱਚ ਭੁੱਖਮਰੀ ਦੀ ਕਗਾਰ ਤੇ ਖੜ੍ਹੇ ਲੋਕਾਂ ਦੀ ਗਿਣਤੀ 9.06 ਕਰੋੜ ਹੋ ਜਾਵੇਗੀਇਹ ਸਪਸ਼ਟ ਹੈ ਕਿ ਜਲਵਾਯੂ ਪਰਿਵਰਤਨ ਅਤੇ ਵਿਗਾੜ ਵਿਸ਼ਵ ਪੱਧਰ ’ਤੇ ਕੁੱਲ ਭੋਜਨ ਉਤਪਾਦਨ ਵਿੱਚ ਬਦਲਾਅ ਲਿਆ ਸਕਦੇ ਹਨਨਾਲ ਹੀ ਇਹ ਵਰਨਣਯੋਗ ਹੈ ਕਿ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਲੰਬੇ ਸਮੇਂ ਤਕ ਚੱਲਣ ਵਾਲੇ ਹਨਜੇਕਰ ਜਲਵਾਯੂ ਤਬਦੀਲੀਆਂ ਦੇ ਮਾੜੇ ਪ੍ਰਭਾਵਾ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਕਰੋੜਾਂ ਲੋਕ, ਖ਼ਾਸ ਕਰਕੇ ਗਰੀਬ ਭੁੱਖਮਰੀ ਅਤੇ ਮੌਤ ਦੇ ਖ਼ਤਰੇ ਵਿੱਚ ਪੈ ਜਾਣਗੇ

ਇਨ੍ਹਾਂ ਰਿਪੋਰਟਾਂ ਨੇ ਜਲਵਾਯੂ ਤਬਦੀਲੀਆਂ ਅਤੇ ਵਿਗਾੜਾਂ ਦੇ ਕੁਝ ਪ੍ਰਮੁੱਖ ਕਾਰਨ ਦੱਸੇ ਹਨ ਅਤੇ ਉਨ੍ਹਾਂ ਨੂੰ ਠੀਕ ਕਰਨ ਲਈ ਕੁਝ ਸੁਝਾਅ ਵੀ ਦਿੱਤੇ ਹਨਜਲਵਾਯੂ ਪਰਿਵਰਤਨ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਮੁੱਖ ਕਾਰਨਾਂ ਵਿੱਚ ਮੱਧਮ ਅਤੇ ਅਤਿਅੰਤ ਤਾਪਮਾਨਾਂ ਵਿੱਚ ਵਾਧਾ ਅਤੇ ਇਸ ਰੁਝਾਨ ਦੇ ਜਾਰੀ ਰਹਿਣ ਦੀ ਉੱਚੀਆਂ ਸੰਭਾਵਨਾਵਾਂ ਹਨ। ਹਿਮਾਲੀਅਨ ਗਲੇਸ਼ੀਅਰਾਂ ਵਿੱਚ ਪਿਘਲਣ ਦੀ ਬੇਮਿਸਾਲ ਦਰ ਅਤੇ ਗਰਮੀ ਵਧਣ ਅਤੇ ਵਧੀ ਹੋਈ ਔਸਤ ਵਰਖਾ ਕਾਰਨ ਮੌਨਸੂਨ ਦੀਆਂ ਤਬਾਹੀ ਵਾਲੀਆਂ ਬਾਰਸ਼ਾਂ ਸ਼ਾਮਲ ਹਨਜਲਵਾਯੂ ਪਰਿਵਰਤਨ ਅਤੇ ਵਿਗਾੜਾਂ ਦੇ ਇਹ ਖਤਰੇ ਭਵਿੱਖ ਵਿੱਚ ਹੋਰ ਵਧਣ ਅਤੇ ਗਹਿਰੇ ਹੋਣ ਦਾ ਅਨੁਮਾਨ ਹੈਰਿਪੋਰਟਾਂ ਦੇ ਅਨੁਸਾਰ 2100 ਤਕ ਪੂਰੇ ਭਾਰਤ ਵਿੱਚ ਔਸਤ ਤਾਪਮਾਨ 2.4 ਡਿਗਰੀ ਸੈਲਸੀਅਸ ਅਤੇ 4.4 ਡਿਗਰੀ ਸੈਲਸੀਅਸ ਦੇ ਵਿਚਕਾਰ ਵਧਣ ਦਾ ਅਨੁਮਾਨ ਹੈਇਸੇ ਤਰ੍ਹਾਂ ਭਾਰਤ ਵਿੱਚ 2100 ਤਕ ਗਰਮੀ ਦੀਆਂ ਲਹਿਰਾਂ ਵਿੱਚ ਤਿੰਨ ਗੁਣਾ ਜਾਂ ਚਾਰ ਗੁਣਾ ਵਾਧਾ ਹੋਣ ਦਾ ਵੀ ਅਨੁਮਾਨ ਹੈ

ਜਲਵਾਯੂ ਪਰਿਵਰਤਨ ਅਤੇ ਵਿਗਾੜਾਂ ਦੇ ਇਹਨਾਂ ਪ੍ਰਭਾਵਾਂ ਦਾ ਅਧਿਐਨ ਕਰਨ ਤੋਂ ਬਾਅਦ ਰਿਪੋਰਟਾਂ ਇਹਨਾਂ ਪ੍ਰਭਾਵਾਂ ਨੂੰ ਕੁਝ ਘਟਾਉਣ ਵਾਲੇ ਉਪਾਵਾਂ ਦਾ ਪ੍ਰਸਤਾਵ ਵੀ ਪੇਸ਼ ਕਰਦੀਆਂ ਹਨਫਸਲੀ ਵੰਨ-ਸੁਵੰਨਤਾ ਨੂੰ ਅਪਣਾਉਣਾ ਸਭ ਤੋਂ ਮਹੱਤਵਪੂਰਨ ਹੱਲ ਸੁਝਾਇਆ ਗਿਆ ਹੈਖੇਤੀਬਾੜੀ ਵਿੱਚ ਉਹ ਫਸਲਾਂ ਬੀਜਣ ਦੀ ਸਲਾਹ ਦਿੱਤੀ ਜਾਂਦੀ ਹੈ ਜੋ ਜਲਵਾਯੂ ਉੱਤੇ ਮਾੜੇ ਪ੍ਰਭਾਵ ਨਾ ਪਾਉਂਦੀਆਂ ਹੋਣਨਾਲ ਹੀ ਖੇਤੀਬਾੜੀ ਖੋਜ ਅਤੇ ਵਿਕਾਸ ਵਿੱਚ ਜਨਤਕ ਨਿਵੇਸ਼ ਵਧਾਉਣਾ ਚਾਹੀਦਾ ਹੈ ਇੱਥੇ ਦੱਸਣਯੋਗ ਹੈ ਕਿ ਭਾਰਤ ਵਿੱਚ ਖੇਤੀਬਾੜੀ ਵਿੱਚ ਜਨਤਕ ਨਿਵੇਸ਼ ਨਿਗੂਣਾ ਹੈ। ਇਸ ਨੂੰ ਵਧਾਉਣਾ ਸਮੇਂ ਦੀ ਲੋੜ ਹੈ

ਖੇਤੀ ਮਸ਼ੀਨੀਕਰਨ ਅਤੇ ਮਿੱਟੀ ਦੀ ਨਮੀ ਦੀ ਸੰਭਾਲ ਨੂੰ ਫੌਰੀ ਅਤੇ ਤਰਜੀਹੀ ਆਧਾਰ ’ਤੇ ਅਪਣਾਉਣਾ ਚਾਹੀਦਾ ਹੈਖਾਦ ਸਬਸਿਡੀਆਂ, ਊਰਜਾ ਨੀਤੀ, ਅਤੇ ਖੇਤੀਬਾੜੀ ਸਹਾਇਤਾ ਵਿਧੀਆਂ ਵਿੱਚ ਸੁਧਾਰਾਂ ਦੀ ਸ਼ੁਰੂਆਤ ਕਰਨੀ ਚਾਹੀਦੀ ਹੈਭੋਜਨ ਪ੍ਰਣਾਲੀ ਦੇ ਸਹੀ ਸ਼ਾਸਨ ਨੂੰ ਯਕੀਨੀ ਬਣਾਉਣ ਲਈ ਨਵੀਂਆਂ ਸੰਸਥਾਵਾਂ ਦੀ ਸਥਾਪਨਾ ਸਮੇਂ ਦੀ ਲੋੜ ਹੈ ਅਤੇ ਮਹਾਂਮਾਰੀਆਂ ਦੇ ਦੌਰਾਨ ਖੇਤੀਬਾੜੀ ਭੋਜਨ ਪ੍ਰਣਾਲੀਆਂ ਦੁਆਰਾ ਪ੍ਰਦਰਸ਼ਿਤ ਲਚਕਤਾ ਦਾ ਲਾਭ ਉਠਾਉਣਾ ਅਤੇ ਇਸ ਸੈਕਟਰ ਨੂੰ ਵਧੇਰੇ ਸੰਮਲਿਤ, ਟਿਕਾਊ ਅਤੇ ਲਚਕੀਲਾ ਬਣਾਉਣਾ ਬਹੁਤ ਮਹੱਤਵਪੂਰਨ ਹੈ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5544)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਡਾ. ਕੇਸਰ ਸਿੰਘ ਭੰਗੂ

ਡਾ. ਕੇਸਰ ਸਿੰਘ ਭੰਗੂ

Ex Dean And Professor, Punjabi University Patiala, Punjab, India.
Phone: (91 - 98154 - 27127)
Email: (kesarbhangoo@gmail.com)

More articles from this author