“ਕੌਕਰੋਚ ਜਨਤਾ ਪਾਰਟੀ ਦਾ ਭਵਿੱਖ ਇਸ ਗੱਲ ਉੱਤੇ ਨਿਰਭਰ ਕਰੇਗਾ ਕਿ ਇਹ ...”
(21 ਅਗਸਤ 2027)
ਭਾਰਤੀ ਰਾਜਨੀਤੀ ਵਿੱਚ ਹੁਣੇ ਹੀ ਕੌਕਰੋਚ ਜਨਤਾ ਪਾਰਟੀ ਦੇ ਰੂਪ ਵਿੱਚ ਇੱਕ ਅਜਿਹੀ ਨਵੀਂ ਸਿਆਸੀ-ਸਮਾਜਿਕ ਤਾਕਤ ਸਾਹਮਣੇ ਆਈ ਹੈ, ਜਿਸਨੇ ਖਾਸ ਕਰਕੇ ਨੌਜਵਾਨਾਂ ਅਤੇ ਜੈੱਨ-ਜ਼ੀ ਵਿੱਚ ਕਾਫੀ ਜਾਗਰੂਕਤਾ ਪੈਦਾ ਕੀਤੀ ਹੈ। ਇਸਦਾ ਉਭਾਰ ਰਵਾਇਤੀ ਰਾਜਨੀਤਿਕ ਪਾਰਟੀਆਂ ਤੋਂ ਬਿਲਕੁਲ ਵੱਖਰੇ ਢੰਗ ਨਾਲ ਹੋਇਆ। ਸੋਸ਼ਲ ਮੀਡੀਆ, ਵਿਅੰਗ, ਇੰਟਰਨੈੱਟ ਸੱਭਿਆਚਾਰ ਅਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਕੇਂਦਰ ਵਿੱਚ ਰੱਖ ਕੇ ਸ਼ੁਰੂ ਹੋਇਆ ਇਹ ਅੰਦੋਲਨ ਥੋੜ੍ਹੇ ਹੀ ਸਮੇਂ ਵਿੱਚ ਰਾਸ਼ਟਰੀ ਪੱਧਰ ਦੀ ਚਰਚਾ ਦਾ ਵਿਸ਼ਾ ਬਣ ਗਿਆ। ਕੌਕਰੋਚ ਜਨਤਾ ਪਾਰਟੀ ਦਾ ਸਭ ਤੋਂ ਵੱਡਾ ਅੰਦੋਲਨ ਮੁਕਾਬਲਾ ਪ੍ਰੀਖਿਆਵਾਂ, ਖਾਸ ਕਰਕੇ ਨੀਟ-ਯੂਜੀ ਵਿੱਚ ਕਥਿਤ ਪੇਪਰ ਲੀਕ ਅਤੇ ਪ੍ਰੀਖਿਆ ਪ੍ਰਣਾਲੀ ਦੀਆਂ ਕਮਜ਼ੋਰੀਆਂ ਦੇ ਵਿਰੋਧ ਵਿੱਚ ਦਿੱਲੀ ਦੇ ਜੰਤਰ-ਮੰਤਰ ਵਿਖੇ ਹੋਇਆ। ਇਹ ਅੰਦੋਲਨ ਕਈ ਹਫਤਿਆਂ ਤਕ ਚੱਲਿਆ ਅਤੇ ਆਖਰਕਾਰ ਕੇਂਦਰ ਸਰਕਾਰ ਨਾਲ ਗੱਲਬਾਤ ਤੋਂ ਬਾਅਦ 25 ਜੁਲਾਈ 2026 ਨੂੰ ਵਾਪਸ ਲਿਆ ਗਿਆ। ਕੌਕਰੋਚ ਜਨਤਾ ਪਾਰਟੀ ਦਾ ਦਾਅਵਾ ਸੀ ਕਿ ਸਰਕਾਰ ਨੇ ਇਸਦੀਆਂ ਮੁੱਖ ਮੰਗਾਂ ਨੂੰ ਮੰਨ ਲਈਆਂ ਹਨ, ਜਿਨ੍ਹਾਂ ਵਿੱਚ ਪ੍ਰਦਰਸ਼ਨਕਾਰੀਆਂ ਖਿਲਾਫ ਕੇਸ ਵਾਪਸ ਲੈਣ, ਨੀਟ ਨਾਲ ਜੁੜੇ ਦੁਖਦਾਈ ਮਾਮਲਿਆਂ ਵਿੱਚ ਪੀੜਿਤ ਪਰਿਵਾਰਾਂ ਲਈ ਮੁਆਵਜ਼ਾ ਅਤੇ ਪ੍ਰੀਖਿਆ ਪ੍ਰਣਾਲੀ ਵਿੱਚ ਵਿਆਪਕ ਸੁਧਾਰਾਂ ਬਾਰੇ ਵਿਚਾਰ-ਵਟਾਂਦਰਾ ਸ਼ਾਮਲ ਸੀ।
ਕੌਕਰੋਚ ਜਨਤਾ ਪਾਰਟੀ ਦਾ ਜਨਮ ਰਵਾਇਤੀ ਰਾਜਨੀਤਿਕ ਸੰਗਠਨ ਵਜੋਂ ਨਹੀਂ ਹੋਇਆ। ਇਹ ਪਹਿਲਾਂ ਇੱਕ ਵਿਅੰਗਾਤਮਕ ਅਤੇ ਆਨਲਾਈਨ ਮੂਵਮੈਂਟ ਦੇ ਰੂਪ ਵਿੱਚ ਉੱਭਰੀ ਅਤੇ ਬਾਅਦ ਵਿੱਚ ਸੜਕਾਂ ਉੱਤੇ ਲੋਕ-ਅੰਦੋਲਨ ਦਾ ਰੂਪ ਲੈਣ ਲੱਗੀ। ਇਸਦੇ ਸੰਸਥਾਪਕ ਅਭਿਜੀਤ ਦੀਪਕੇ ਦੀ ਅਗਵਾਈ ਹੇਠ ਨੌਜਵਾਨਾਂ ਨੇ ਬੇਰੁਜ਼ਗਾਰੀ, ਪ੍ਰੀਖਿਆਵਾਂ ਵਿੱਚ ਗੜਬੜ, ਸਰਕਾਰੀ ਸੰਸਥਾਵਾਂ ਦੀ ਜਵਾਬਦੇਹੀ ਅਤੇ ਰਾਜਨੀਤਿਕ ਪ੍ਰਣਾਲੀ ਪ੍ਰਤੀ ਵਧ ਰਹੀ ਨਿਰਾਸ਼ਾ ਨੂੰ ਆਪਣੀ ਅਵਾਜ਼ ਬਣਾਇਆ। ਇਸ ਅੰਦੋਲਨ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸਦੀ ਡਿਜਿਟਲ ਅਤੇ ਆਨਲਾਈਨ ਪਹੁੰਚ ਰਹੀ। ਜਿੱਥੇ ਰਵਾਇਤੀ ਪਾਰਟੀਆਂ ਵੱਡੀਆਂ ਰੈਲੀਆਂ, ਝੰਡਿਆਂ ਅਤੇ ਸੰਗਠਨਾਤਮਕ ਢਾਂਚੇ ਉੱਤੇ ਨਿਰਭਰ ਕਰਦੀਆਂ ਹਨ, ਉੱਥੇ ਕੌਕਰੋਚ ਜਨਤਾ ਪਾਰਟੀ ਨੇ ਇੰਸਟਾਗ੍ਰਾਮ, ਯੂਟਿਊਬ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਨੌਜਵਾਨਾਂ ਤਕ ਪਹੁੰਚ ਬਣਾਈ। ਪਹਿਲੇ ਪ੍ਰਭਾਵਾਂ ਦੇ ਅਨੁਸਾਰ ਅੰਦੋਲਨ ਨੇ ਲੱਖਾਂ ਨੌਜਵਾਨਾਂ ਨੂੰ ਪ੍ਰਭਾਵਿਤ ਕੀਤਾ ਅਤੇ ਇਸਦੇ ਆਗੂਆਂ ਨੇ ਤੁਰੰਤ ਚੋਣੀ ਰਾਜਨੀਤੀ ਵਿੱਚ ਦਾਖਲ ਹੋਣ ਦੀ ਬਜਾਏ ਇੱਕ ਵਿਆਪਕ ਸਮਾਜਿਕ ਅੰਦੋਲਨ ਬਣਾਉਣ ਨੂੰ ਤਰਜੀਹ ਦੇਣ ਦੀ ਗੱਲ ਕੀਤੀ ਅਤੇ ਕਹੀ ਹੈ।
ਕੌਕਰੋਚ ਜਨਤਾ ਪਾਰਟੀ ਦੇ ਅੰਦੋਲਨ ਦਾ ਕੇਂਦਰੀ ਮੁੱਦਾ ਸਿਰਫ ਇੱਕ ਪ੍ਰੀਖਿਆ ਨਹੀਂ ਰਿਹਾ, ਸਗੋਂ ਭਾਰਤ ਦੀ ਪੂਰੀ ਸਰਕਾਰੀ ਪ੍ਰੀਖਿਆ ਪ੍ਰਣਾਲੀ ਦੀ ਗੁਆਚ ਰਹੀ ਭਰੋਸੇਯੋਗਤਾ ਬਣ ਗਿਆ। ਲੱਖਾਂ ਵਿਦਿਆਰਥੀਆਂ ਲਈ ਨੀਟ, ਐੱਸ ਐੱਸ ਸੀ, ਯੂਪੀਐੱਸਸੀ ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ, ਜਿਹੜੀਆਂ ਇਸ ਵਰਗ ਦੇ ਭਵਿੱਖ ਨਾਲ ਸਿੱਧੇ ਤੌਰ ’ਤੇ ਜੁੜੀਆਂ ਹੁੰਦੀਆਂ ਹਨ; ਜਦੋਂ ਪੇਪਰ ਲੀਕ, ਨਤੀਜਿਆਂ ਵਿੱਚ ਦੇਰੀ, ਰੱਦ ਹੋਣ ਜਾਂ ਪ੍ਰਬੰਧਕੀ ਗੜਬੜ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਤਾਂ ਇਸਦਾ ਪ੍ਰਭਾਵ ਸਿਰਫ ਇੱਕ ਪ੍ਰੀਖਿਆ ਤਕ ਸੀਮਿਤ ਨਹੀਂ ਰਹਿੰਦਾ।
ਕੌਕਰੋਚ ਜਨਤਾ ਪਾਰਟੀ ਨੇ ਇਸੇ ਗੁੱਸੇ ਨੂੰ ਇੱਕ ਰਾਸ਼ਟਰੀ ਮੁੱਦੇ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ। ਇਸਦੇ ਪੰਜ-ਨੁਕਾਤੀ ਪਹਿਲਾਂ, ਪ੍ਰੀਖਿਆਵਾਂ ਵਿੱਚ ਸੁਧਾਰ, ਦੂਜਾ, ਨਵਾਂ ਲੋਕ ਪ੍ਰੀਖਿਆ ਕਾਨੂੰਨ, ਤੀਜਾ, NTA ਅਤੇ ਹੋਰ ਪ੍ਰੀਖਿਆ ਏਜੰਸੀਆਂ ਵਿੱਚ ਸੁਧਾਰ, ਚੌਥਾ, ਵਿਦਿਆਰਥੀਆਂ ਦੇ ਹੱਕਾਂ ਚਾਰਟਰ ਅਤੇ ਪੰਜਵਾਂ ਰਾਸ਼ਟਰੀ ਇੱਛਕ ਭਲਾਈ ਫੰਡ ਅਤੇ ਸੰਸਦੀ ਨਿਗਰਾਨੀ ਵਰਗੀਆਂ ਮੰਗਾਂ ਰੱਖੀਆਂ ਗਈਆਂ। ਇਹ ਮੰਗਾਂ ਮਹੱਤਵਪੂਰਨ ਹਨ ਕਿਉਂਕਿ ਇਹ ਅੰਦੋਲਨ ਨੂੰ ਸਿਰਫ “ਇੱਕ ਮੰਤਰੀ ਦੇ ਅਸਤੀਫੇ” ਵਾਲੀ ਰਾਜਨੀਤੀ ਤੋਂ ਅੱਗੇ ਲੈ ਜਾਂਦੀਆਂ ਹਨ। ਜੇਕਰ ਇਨ੍ਹਾਂ ਮੰਗਾਂ ਨੂੰ ਨੀਤੀਗਤ ਰੂਪ ਮਿਲਦਾ ਹੈ ਤਾਂ ਭਾਰਤ ਦੀ ਪ੍ਰੀਖਿਆ ਪ੍ਰਣਾਲੀ ਵਿੱਚ ਠੀਕ ਅਤੇ ਲੋੜੀਂਦੇ ਲੋਕਪੱਖੀ ਬਦਲਾਅ ਆ ਸਕਦੇ ਹਨ।
ਅੰਦੋਲਨ ਦੇ ਦੌਰਾਨ ਜੰਤਰ-ਮੰਤਰ ਉੱਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਉਨ੍ਹਾਂ ਦੇ ਸਮਰਥਕ ਇਕੱਠੇ ਹੋਏ। 20 ਜੁਲਾਈ ਨੂੰ ਸੰਸਦ ਵੱਲ ਮਾਰਚ ਦੀ ਕੋਸ਼ਿਸ਼ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਤਣਾਅ ਵਧਿਆ, ਪੁਲਿਸ ਕਾਰਵਾਈ ਦਾ ਮੁੱਦਾ ਵੀ ਅੰਦੋਲਨ ਦਾ ਹਿੱਸਾ ਬਣ ਗਿਆ। ਇਸ ਤੋਂ ਬਾਅਦ ਕੌਕਰੋਚ ਜਨਤਾ ਪਾਰਟੀ ਨੇ ਪੁਲਿਸ ਕਾਰਵਾਈ ਦੇ ਵਿਰੋਧ ਵਿੱਚ ਦੇਸ਼-ਵਿਆਪੀ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ। ਇਸ ਪੜਾਅ ਨੇ ਅੰਦੋਲਨ ਨੂੰ ਇੱਕ ਨਵੇਂ ਪੱਧਰ ’ਤੇ ਪਹੁੰਚਾ ਦਿੱਤਾ। ਹੁਣ ਮੁੱਦਾ ਸਿਰਫ ਨੀਟ ਜਾਂ ਪੇਪਰ ਲੀਕ ਨਹੀਂ ਰਿਹਾ; ਇਸ ਵਿੱਚ ਪ੍ਰਦਰਸ਼ਨ ਕਰਨ ਦਾ ਅਧਿਕਾਰ, ਪੁਲਿਸ ਦੀ ਜਵਾਬਦੇਹੀ ਅਤੇ ਸਰਕਾਰ ਨਾਲ ਨਾਗਰਿਕਾਂ ਦੇ ਸੰਬੰਧ ਵੀ ਸ਼ਾਮਲ ਹੋ ਗਏ। 25 ਜੁਲਾਈ ਨੂੰ ਕੇਂਦਰ ਨਾਲ ਗੱਲਬਾਤ ਤੋਂ ਬਾਅਦ ਕੌਕਰੋਚ ਜਨਤਾ ਪਾਰਟੀ ਨੇ ਆਪਣਾ ਅੰਦੋਲਨ ਵਾਪਸ ਲੈਣ ਦਾ ਐਲਾਨ ਕੀਤਾ। ਉਸੇ ਦਿਨ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਨੇ ਇਸ ਘਟਨਾਕ੍ਰਮ ਨੂੰ ਹੋਰ ਵੀ ਮਹੱਤਵਪੂਰਨ ਬਣਾ ਦਿੱਤਾ।
ਇਸ ਸੰਬੰਧੀ ਹੁਣੇ ਹੀ ਵਾਪਰੇ ਇੱਕ ਘਟਨਾਕ੍ਰਮ ਦਾ ਜ਼ਿਕਰ ਕਰਨਾ ਜ਼ਰੂਰੀ ਹੋ ਜਾਂਦਾ ਹੈ ਕਿ ਹੈਦਰਾਬਾਦ ਦੀ ਇੱਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਦੇਸ਼ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਤੋਂ ਡਿਗਰੀਆਂ ਲੈਣ ਤੋਂ ਇਨਕਾਰ ਕਰ ਦੇਣ ਕਾਰਨ ਦੇਸ਼ ਦੀ ਵਕੀਲਾਂ ਦੀ ਬਾਰ, ਕੌਂਸਲ ਆਫ ਇੰਡੀਆ ਨੇ ਲਿਖਤੀ ਤੌਰ ’ਤੇ ਉਸ ਯੂਨੀਵਰਸਿਟੀ ਦੇ ਇੱਕ ਬੈਂਚ ਉੱਤੇ ਦੇਸ਼ ਦੀਆਂ ਅਦਾਲਤਾਂ ਵਿੱਚ ਪ੍ਰੈਕਟਸ ਕਰਨ ’ਤੇ ਪਾਬੰਦੀ ਲਾ ਦਿੱਤੀ। ਜਦੋਂ ਕੌਕਰੋਚ ਜਨਤਾ ਪਾਰਟੀ ਨੇ ਇਸ ਫੈਸਲੇ ਵਿਰੁੱਧ ਸੰਘਰਸ਼ ਦੀ ਚਿਤਾਵਣੀ ਦਿੱਤੀ ਤਾਂ ਜਲਦੀ ਹੀ ਉਹ ਪਾਬੰਦੀ ਵਾਪਸ ਲੈ ਲਈ ਗਈ। 11 ਅਗਸਤ 2026 ਨੂੰ ਕੌਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਪੇਂਡੂ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰਨ ਲਈ ਇੱਕ ਦੇਸ਼-ਵਿਆਪੀ ਮੁਹਿੰਮ ਦਾ ਐਲਾਨ ਕੀਤਾ ਹੈ, ਜਿਸਦੀ ਸ਼ੁਰੂਆਤ 15 ਅਗਸਤ ਤੋਂ ਕਰਨ ਦੀ ਗੱਲ ਕੀਤੀ ਗਈ ਹੈ। ਇਹ ਦਰਸਾਉਂਦਾ ਹੈ ਕਿ ਅੰਦੋਲਨ ਆਪਣਾ ਧਿਆਨ ਸਿਰਫ ਨੀਟ ਤੋਂ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਹੈ।
ਕੌਕਰੋਚ ਜਨਤਾ ਪਾਰਟੀ ਦੀ ਅਸਲ ਤਾਕਤ ਇਸਦਾ ਰਵਾਇਤੀ ਕੇਡਰ ਨਹੀਂ, ਸਗੋਂ ਨੌਜਵਾਨਾਂ ਨਾਲ ਇਸਦਾ ਸੰਵਾਦ ਅਤੇ ਸੰਚਾਰ ਹੈ। ਅੱਜ ਦੀ ਜੈੱਨ-ਜ਼ੀ ਰਾਜਨੀਤੀ ਨੂੰ ਸਿਰਫ ਰਵਾਇਤੀ ਭਾਸ਼ਣਾਂ ਅਤੇ ਪਾਰਟੀ ਝੰਡਿਆਂ ਰਾਹੀਂ ਨਹੀਂ ਸਮਝਦੀ, ਉਹ ਸੋਸ਼ਲ ਮੀਡੀਆ ’ਤੇ ਰੀਲਾਂ, ਛੋਟੀਆਂ ਛੋਟੀਆਂ ਵੀਡੀਓ ਰਾਹੀਂ ਅਤੇ ਆਨਲਾਈਨ ਮੁਹਿੰਮਾਂ ਰਾਹੀਂ ਰਾਜਨੀਤਿਕ ਵਿਚਾਰ ਬਣਾਉਂਦੀ ਹੈ। ਕੌਕਰੋਚ ਜਨਤਾ ਪਾਰਟੀ ਨੇ ਇਸ ਬਦਲ ਰਹੀ ਰਾਜਨੀਤਿਕ ਸੰਸਕ੍ਰਿਤੀ ਨੂੰ ਸਮਝਿਆ ਹੈ। ਇਸਨੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਰਾਜਨੀਤੀ ਸਿਰਫ ਪੁਰਾਣੇ ਨੇਤਾਵਾਂ ਜਾਂ ਵੱਡੀਆਂ ਪਾਰਟੀਆਂ ਦੀ ਜਾਇਦਾਦ ਨਹੀਂ ਹੈ। ਇਹ ਸੋਚ ਆਪਣੇ ਆਪ ਵਿੱਚ ਭਾਰਤੀ ਲੋਕਤੰਤਰ ਲਈ ਮਹੱਤਵਪੂਰਨ ਬਦਲਾਅ ਦਾ ਸੰਕੇਤ ਹੈ।
ਪਰ ਇੱਥੇ ਨਾਲ ਹੀ ਇੱਕ ਵੱਡਾ ਸਵਾਲ ਵੀ ਖੜ੍ਹਾ ਹੁੰਦਾ ਹੈ, ਕੀ ਸੋਸ਼ਲ ਮੀਡੀਆ ਦੀ ਲੋਕਪ੍ਰਿਯਤਾ ਨੂੰ ਸਥਾਈ ਰਾਜਨੀਤਿਕ ਸੰਗਠਨ ਵਿੱਚ ਬਦਲਿਆ ਜਾ ਸਕਦਾ ਹੈ? ਇਹ ਕੰਮ ਇੰਨਾ ਸਿੱਧਾ ਅਤੇ ਅਸਾਨ ਨਹੀਂ ਹੈ। ਸੋਸ਼ਲ ਮੀਡੀਆ ਉੱਤੇ ਲੱਖਾਂ ਪੈਰੋਕਾਰ ਹੋਣਾ ਅਤੇ ਜ਼ਮੀਨੀ ਪੱਧਰ ’ਤੇ ਹਜ਼ਾਰਾਂ ਸਰਗਰਮ ਵਰਕਰ ਹੋਣਾ, ਦੋ ਵੱਖਰੀਆਂ-ਵੱਖਰੀਆਂ ਗੱਲਾਂ ਹਨ। ਚੋਣ ਰਾਜਨੀਤੀ ਲਈ ਬੂਥ ਪੱਧਰ ’ਤੇ ਸੰਗਠਨ, ਉਮੀਦਵਾਰ, ਫੰਡ, ਨੀਤੀਆਂ, ਸਥਾਨਕ ਨੇਤਾਵਾਂ ਅਤੇ ਲਗਾਤਾਰ ਜਨ-ਸੰਪਰਕ ਮੁਹਿੰਮਾਂ ਦੀ ਲੋੜ ਹੁੰਦੀ ਹੈ।
ਕੌਕਰੋਚ ਜਨਤਾ ਪਾਰਟੀ ਲਈ ਇੱਕ ਨਵੀਂ ਚੁਣੌਤੀ ਹੁਣ ਅੰਦਰੋਂ ਵੀ ਉੱਭਰ ਰਹੀ ਹੈ। ਰਿਪੋਰਟਾਂ ਅਨੁਸਾਰ ਕੁਝ ਨੌਜਵਾਨ ਕਾਰਕੁਨਾਂ ਨੇ ਪਾਰਟੀ ਦੀ ਮੁੱਖ ਕਮੇਟੀ ਦੀ ਚੋਣ ਅਤੇ ਨੇਤਾਵਾਂ ਦੀ ਚੋਣ ਦੇ ਢੰਗ ਉੱਤੇ ਸਵਾਲ ਉਠਾਏ ਹਨ। ਇਸ ਵਰਤਾਰੇ ਵਿੱਚ ਪੱਖਪਾਤ ਅਤੇ ਜ਼ਮੀਨੀ ਪੱਧਰ ਦੇ ਵਰਕਰਾਂ ਨੂੰ ਫੈਸਲਾ-ਪ੍ਰਕਿਰਿਆ ਤੋਂ ਦੂਰ ਰੱਖਣ ਦੇ ਮੁੱਦੇ ਵੀ ਸਾਹਮਣੇ ਆਏ ਹਨ। ਇਹ ਕੌਕਰੋਚ ਜਨਤਾ ਪਾਰਟੀ ਅਤੇ ਉਸਦੇ ਨੇਤਾਵਾਂ ਲਈ ਬਹੁਤ ਮਹੱਤਵਪੂਰਨ ਪਰਖ ਦੀ ਘੜੀ ਹੋਵੇਗੀ। ਜਿਹੜਾ ਅੰਦੋਲਨ ਸਰਕਾਰਾਂ ਤੋਂ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਮੰਗ ਕਰਦਾ ਹੈ, ਉਸ ਨੂੰ ਆਪਣੇ ਅੰਦਰ ਵੀ ਉਹੀ ਮਾਪਦੰਡ ਲਾਗੂ ਕਰਨੇ ਪੈਣਗੇ। ਜੇ ਫੈਸਲੇ ਕਰਨ ਦੇ ਇਖਤਿਆਰ ਸਿਰਫ ਇੱਕ ਵਿਅਕਤੀ ਜਾਂ ਛੋਟੇ ਗਰੁੱਪ ਦੇ ਹੱਥਾਂ ਵਿੱਚ ਰਹਿੰਦੇ ਹਨ ਤਾਂ ਇਹ ਪਾਰਟੀ ਵੀ ਉਹੀ ਕੇਂਦਰੀਕ੍ਰਿਤ ਰਾਜਨੀਤਿਕ ਮਾਡਲ ਅਪਣਾ ਸਕਦੀ ਹੈ ਜਿਸਦੀ ਇਹ ਆਲੋਚਨਾ ਕਰਦੀ ਹੈ। ਇੱਕ ਹੋਰ ਮਹੱਤਵਪੂਰਨ ਮੁੱਦਾ ਉੱਭਰੇਗਾ ਕਿ ਵੱਖ ਵੱਖ ਰਾਜਨੀਤਿਕ ਪਾਰਟੀਆਂ ਨਾਲ ਕਿਸ ਕਿਸਮ ਦੇ ਸੰਬੰਧ ਬਣਾਏ ਜਾਣ ਜਾਂ ਸਭ ਤੋਂ ਇੱਕੋ ਜਿਹੀ ਦੂਰੀ ਰੱਖੀ ਜਾਵੇ। ਕੌਕਰੋਚ ਜਨਤਾ ਪਾਰਟੀ ਦੇ ਉਭਾਰ ਨੇ ਮੌਜੂਦਾ ਰਾਜਨੀਤਿਕ ਪਾਰਟੀਆਂ ਨੂੰ ਵੀ ਚਿੰਤਤ ਕੀਤਾ ਹੈ। ਬੀਜੇਪੀ ਵੱਲੋਂ ਇਸ ਉੱਤੇ ਆਮ ਆਦਮੀ ਪਾਰਟੀ ਦੇ proxy ਹੋਣ ਦੇ ਦੋਸ਼ ਵੀ ਲਾਏ ਗਏ, ਜਦੋਂ ਕਿ ਕੌਕਰੋਚ ਜਨਤਾ ਪਾਰਟੀ ਨੇ ਆਪਣੇ ਆਪ ਨੂੰ ਆਜ਼ਾਦ ਵਿਦਿਆਰਥੀ ਅਤੇ ਜਨ-ਅੰਦੋਲਨ ਵਜੋਂ ਪੇਸ਼ ਕੀਤਾ। ਇਸ ਕਿਸਮ ਦੇ ਦੋਸ਼ ਭਵਿੱਖ ਵਿੱਚ ਹੋਰ ਵਧ ਸਕਦੇ ਹਨ। ਜਦੋਂ ਕੋਈ ਨਵਾਂ ਅੰਦੋਲਨ ਤੇਜ਼ੀ ਨਾਲ ਹਰਮਨ ਪਿਆਰਾ ਹੁੰਦਾ ਹੈ ਤਾਂ ਵੱਡੀਆਂ ਪਾਰਟੀਆਂ ਲਈ ਉਸ ਨੂੰ ਆਪਣੇ ਹੱਕ ਜਾਂ ਵਿਰੋਧ ਵਿੱਚ ਪਰਿਭਾਸ਼ਿਤ ਕਰਨਾ ਸੁਭਾਵਿਕ ਹੁੰਦਾ ਹੈ ਅਤੇ ਉਨ੍ਹਾਂ ਦੀ ਲੋੜ ਵੀ ਬਣਦੀ ਹੈ। ਕੌਕਰੋਚ ਜਨਤਾ ਪਾਰਟੀ ਦੀ ਅਸਲੀ ਪਰਖ ਇਹੀ ਹੋਵੇਗੀ ਕਿ ਉਹ ਕਿਸੇ ਇੱਕ ਰਾਜਨੀਤਿਕ ਧੜੇ ਦੀ ਬੀ-ਟੀਮ ਬਣੇ ਬਿਨਾਂ ਆਪਣੀ ਆਜ਼ਾਦ ਪਛਾਣ ਕਾਇਮ ਰੱਖ ਸਕਦੀ ਹੈ ਜਾਂ ਨਹੀਂ।
ਜਿੱਥੋਂ ਤਕ ਕੌਕਰੋਚ ਜਨਤਾ ਪਾਰਟੀ ਦੇ ਭਵਿੱਖ ਦੀਆਂ ਸੰਭਾਵਨਾਵਾਂ ਦਾ ਸਵਾਲ ਹੈ ਇਸਦੀਆਂ ਕੁਝ ਸੰਭਾਵਨਾਵਾਂ ਦੇਖੀਆਂ ਜਾ ਸਕਦੀਆਂ ਹਨ। ਸਭ ਤੋਂ ਪਹਿਲੀ ਸੰਭਾਵਨਾ ਇਹ ਹੈ ਕਿ ਕੌਕਰੋਚ ਜਨਤਾ ਪਾਰਟੀ ਇੱਕ ਦਬਾਅ ਸਮੂਹ ਕੌਕਰੋਚ ਜਨਤਾ ਪਾਰਟੀ ਵਜੋਂ ਕੰਮ ਕਰਦੀ ਰਹੇ। ਇਸ ਮਾਡਲ ਵਿੱਚ ਇਹ ਚੋਣ ਲੜਨ ਦੀ ਬਜਾਏ ਸਿੱਖਿਆ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਸਰਕਾਰੀ ਜਵਾਬਦੇਹੀ ਵਰਗੇ ਮੁੱਦਿਆਂ ’ਤੇ ਸਰਕਾਰਾਂ ਉੱਤੇ ਦਬਾਅ ਬਣਾਏਗੀ। ਇਹ ਸ਼ਾਇਦ ਇਸਦੀ ਸਭ ਤੋਂ ਮਜ਼ਬੂਤ ਭੂਮਿਕਾ ਹੋ ਸਕਦੀ ਹੈ। ਦੂਜੀ ਸੰਭਾਵਨਾ ਇਹ ਹੈ ਕਿ ਕੌਕਰੋਚ ਜਨਤਾ ਪਾਰਟੀ ਆਉਣ ਵਾਲੇ ਸਮੇਂ ਵਿੱਚ ਰਜਿਸਟਰਡ ਰਾਜਨੀਤਿਕ ਪਾਰਟੀ ਬਣੇ। ਪਰ ਇਸ ਲਈ ਇਸ ਨੂੰ ਆਪਣੀ ਵਿਚਾਰਧਾਰਾ, ਆਰਥਿਕ ਨੀਤੀ, ਖੇਤੀਬਾੜੀ, ਰੱਖਿਆ, ਵਿਦੇਸ਼ ਨੀਤੀ, ਸਿਹਤ, ਸਿੱਖਿਆ ਅਤੇ ਰੁਜ਼ਗਾਰ ਬਾਰੇ ਵਿਸਥਾਰਤ ਨੀਤੀਆਂ ਅਤੇ ਸੋਚ ਸਾਫ ਕਰਨੀ ਪਵੇਗੀ। ਸਿਰਫ “ਸਿਸਟਮ ਦੇ ਵਿਰੋਧ” ਨਾਲ ਪਾਰਟੀ ਅਤੇ ਸਰਕਾਰ ਨਹੀਂ ਚਲਾਈ ਜਾ ਸਕਦੀ। ਤੀਜੀ ਸੰਭਾਵਨਾ ਇਹ ਹੋ ਸਕਦੀ ਹੈ ਕਿ ਇਹ ਇੱਕ ਵੱਡਾ ਡਿਜਿਟਲ ਅੰਦੋਲਨ ਬਣ ਕੇ ਰਹਿ ਜਾਵੇ ਅਤੇ ਹੌਲੀ-ਹੌਲੀ ਇਸਦੀ ਕਦਰ ਅਤੇ ਹਰਮਨ ਪਿਆਰਾਤਾ ਘਟ ਜਾਵੇ। ਭਾਰਤ ਸਮੇਤ ਦੁਨੀਆਂ ਵਿੱਚ ਪਹਿਲਾਂ ਵੀ ਕਈ ਅੰਦੋਲਨ ਸੋਸ਼ਲ ਮੀਡੀਆ ਉੱਤੇ ਬਹੁਤ ਪ੍ਰਭਾਵਸ਼ਾਲੀ ਰਹੇ ਹਨ, ਪਰ ਉਨ੍ਹਾਂ ਨੂੰ ਲੰਮੇ ਸਮੇਂ ਦੀ ਸੰਸਥਾਗਤ ਤਾਕਤ ਵਿੱਚ ਬਦਲਣਾ ਮੁਸ਼ਕਿਲ ਰਿਹਾ ਹੈ। ਇਸਦੀ ਸੰਭਾਵਨਾ ਇਸ ਕਰਕੇ ਵੀ ਹੈ ਕਿ ਹਾਲੇ ਕੌਕਰੋਚ ਜਨਤਾ ਪਾਰਟੀ ਨੇ ਤੁਰੰਤ ਚੋਣੀ ਰਾਜਨੀਤੀ ਵਿੱਚ ਦਾਖਲ ਨਾ ਹੋਣ ਦੀ ਗੱਲ ਕੀਤੀ ਹੈ ਅਤੇ ਸਮਾਜਿਕ ਅੰਦੋਲਨ ਨੂੰ ਮਜ਼ਬੂਤ ਕਰਨ ਵੱਲ ਧਿਆਨ ਦੇਣ ਦਾ ਸੰਕੇਤ ਦਿੱਤਾ ਹੈ।
ਕੌਕਰੋਚ ਜਨਤਾ ਪਾਰਟੀ ਦਾ ਹਾਲੀਆ ਅੰਦੋਲਨ ਭਾਰਤੀ ਲੋਕਤੰਤਰ ਵਿੱਚ ਇੱਕ ਨਵੇਂ ਰਾਜਨੀਤਿਕ ਅਧਿਆਏ ਦਾ ਸੰਕੇਤ ਹੈ; ਜਿਸਨੇ ਦਿਖਾਇਆ ਹੈ ਕਿ ਅੱਜ ਦਾ ਨੌਜਵਾਨ ਰਾਜਨੀਤੀ ਤੋਂ ਦੂਰ ਨਹੀਂ ਹੋਇਆ; ਉਹ ਸਿਰਫ ਰਾਜਨੀਤੀ ਕਰਨ ਦਾ ਨਵਾਂ ਤਰੀਕਾ ਲੱਭ ਰਿਹਾ ਹੈ। ਉਹ ਰਵਾਇਤੀ ਪਾਰਟੀ ਢਾਂਚਿਆਂ ਦੀ ਬਜਾਏ, ਪਾਰਦਰਸ਼ਤਾ, ਜਵਾਬਦੇਹੀ, ਰੁਜ਼ਗਾਰ, ਵਿੱਦਿਆ ਅਤੇ ਸੰਸਥਾਵਾਂ ਦੀ ਨਿਰਪੱਖਤਾ ਵਰਗੇ ਮੁੱਦਿਆਂ ਨੂੰ ਮਹੱਤਵ ਦੇ ਰਿਹਾ ਹੈ। ਕੌਕਰੋਚ ਜਨਤਾ ਪਾਰਟੀ ਦੀ ਸਭ ਤੋਂ ਵੱਡੀ ਉਪਲਬਧੀ ਇਹ ਨਹੀਂ ਕਿ ਇਸਨੇ ਇੱਕ ਮੰਤਰੀ ਦੇ ਅਸਤੀਫੇ ਨੂੰ ਅੰਦੋਲਨ ਦੀ ਜਿੱਤ ਵਜੋਂ ਪੇਸ਼ ਕੀਤਾ; ਇਸਦੀ ਵੱਡੀ ਉਪਲਬਧੀ ਇਹ ਹੈ ਕਿ ਇਸਨੇ ਪ੍ਰੀਖਿਆ ਪ੍ਰਣਾਲੀ ਅਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਰਾਸ਼ਟਰੀ ਰਾਜਨੀਤਿਕ ਚਰਚਾ ਦੇ ਕੇਂਦਰ ਵਿੱਚ ਲਿਆ ਦਿੱਤਾ। ਇਸਦੇ ਨਾਲ ਹੀ ਇਸਦੀਆਂ ਕਮਜ਼ੋਰੀਆਂ ਵੀ ਸਪਸ਼ਟ ਹੋ ਰਹੀਆਂ ਹਨ - ਅੰਦਰੂਨੀ ਲੋਕਤੰਤਰ, ਸੰਗਠਨਾਤਮਕ ਢਾਂਚਾ, ਸਾਰੇ ਸੂਬਿਆਂ ਦੇ ਸਥਾਨਕ ਮੁੱਦਿਆਂ ਦੀ ਸਮਝ ਅਤੇ ਰਾਜਨੀਤਿਕ ਨਿਰਪੱਖਤਾ।
ਮੁੱਕਦੀ ਗੱਲ, ਕੌਕਰੋਚ ਜਨਤਾ ਪਾਰਟੀ ਦਾ ਭਵਿੱਖ ਇਸ ਗੱਲ ਉੱਤੇ ਨਿਰਭਰ ਕਰੇਗਾ ਕਿ ਇਹ ਗੁੱਸੇ ਨੂੰ ਨੀਤੀ ਵਿੱਚ, ਆਪਣੇ ਜ਼ਮੀਨੀ ਪੱਧਰ ਦੇ ਕਾਰਕੁਨਾਂ ਅਤੇ ਪੈਰੋਕਾਰਾਂ ਵਿੱਚ ਕਿੰਨਾ ਬਦਲਾਅ ਲਿਆ ਸਕਦੀ ਹੈ। ਜੇ ਇਹ ਆਪਣੀ ਅੰਦਰੂਨੀ ਪਾਰਦਰਸ਼ਤਾ ਕਾਇਮ ਰੱਖਦੇ ਹੋਏ ਸਿੱਖਿਆ, ਰੁਜ਼ਗਾਰ ਅਤੇ ਜਵਾਬਦੇਹੀ ਦੇ ਠੋਸ ਮੁੱਦਿਆਂ ਉੱਤੇ ਕੰਮ ਕਰਦੀ ਹੈ ਤਾਂ ਇਹ ਭਾਰਤੀ ਰਾਜਨੀਤੀ ਵਿੱਚ ਇੱਕ ਨਵਾਂ ਦਬਾਅ ਸਮੂਹ ਜਾਂ ਭਵਿੱਖ ਦੀ ਰਾਜਨੀਤਿਕ ਤਾਕਤ ਬਣ ਸਕਦੀ ਹੈ। ਪਰ ਜੇ ਇਹ ਵਿਅਕਤੀ-ਕੇਂਦਰਿਤ, ਸਿਰਫ ਸੋਸ਼ਲ ਮੀਡੀਆ-ਕੇਂਦਰਿਤ ਜਾਂ ਤੁਰੰਤ ਰਾਜਨੀਤਿਕ ਪ੍ਰਤੀਕਿਰਿਆਵਾਂ ਤਕ ਸੀਮਿਤ ਰਹਿੰਦੀ ਹੈ ਤਾਂ ਇਸਦੀ ਚਮਕ ਲੰਮੇ ਸਮੇਂ ਤਕ ਕਾਇਮ ਰਹਿਣੀ ਮੁਸ਼ਕਿਲ ਹੋਵੇਗੀ। ਇਸ ਲਈ ਕੌਕਰੋਚ ਜਨਤਾ ਪਾਰਟੀ ਦਾ ਅਸਲ ਇਮਤਿਹਾਨ ਅੰਦੋਲਨ ਖਤਮ ਹੋਣ ਤੋਂ ਬਾਅਦ ਸ਼ੁਰੂ ਹੋਇਆ ਹੈ। ਸੜਕਾਂ ਉੱਤੇ ਭੀੜ ਇਕੱਠੀ ਕਰਨਾ ਇੱਕ ਪੜਾਅ ਹੈ; ਸੰਸਥਾਵਾਂ ਨੂੰ ਬਦਲਣਾ, ਭਰੋਸਾ ਬਣਾਉਣਾ ਅਤੇ ਲੰਬੇ ਸਮੇਂ ਦੀ ਜਨ-ਸੇਵਾ ਕਰਨਾ ਅਸਲ ਚੁਣੌਤੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































