UjagarSingh7ਬੁੱਧ ਸਿੰਘ ਨੀਲੋਂਸੱਚੋ-ਸੱਚ ਲਿਖਕੇ ਮੂੰਹ ’ਤੇ ਕਹਿਣ ਦੀ ਜੁਰਅਤ ਰੱਖਦਾ ਹੈਪ੍ਰੰਤੂ ...BudhSNeelon7
(20 ਜਨਵਰੀ 2026)


BudhSNeelon7ਕਈ ਵਾਰੀ ਕਿਸੇ ਵਿਅਕਤੀ ਦੀ ਕਾਬਲੀਅਤ ਉਸਦਾ ਲਾਭ ਕਰਨ ਦੀ ਥਾਂ ਨੁਕਸਾਨ ਕਰ ਜਾਂਦੀ ਹੈ
, ਕਿਉਂਕਿ ਉਸਦੀ ਕਾਬਲੀਅਤ ਤੋਂ ਖ਼ਾਰ ਖਾਣ ਵਾਲੇ ਉਸਦੀ ਵਿਦਵਤਾ ਅਤੇ ਕਾਬਲੀਅਤ ਦੇ ਅਜਿਹੇ ਵਿਰੋਧੀ ਬਣਦੇ ਹਨ ਕਿ ਉਸਦੀਆਂ ਜੜ੍ਹਾਂ ਵਿੱਚ ਤੇਲ ਦੇਣ ਤੋਂ ਗੁਰੇਜ਼ ਨਹੀਂ ਕਰਦੇਵੈਸੇ ਉਸਦੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੁੰਦੀ, ਦੁਸ਼ਮਣ ਤਾਂ ਉਸਦੀ ਕਾਬਲੀਅਤ ਹੀ ਬਣ ਜਾਂਦੀ ਹੈਬਿਲਕੁਲ ਇਸੇ ਤਰ੍ਹਾਂ ਬੁੱਧ ਸਿੰਘ ਨੀਲੋਂ ਨਾਲ ਹੋਇਆ ਹੈਬੁੱਧ ਸਿੰਘ ਨੀਲੋਂ ਬਹੁਤਾ ਪੜ੍ਹਿਆ ਲਿਖਿਆ ਨਹੀਂ ਹੈ, ਭਾਵ ਉਸਨੇ ਡਿਗਰੀਆਂ ਨਹੀਂ ਕੀਤੀਆਂ ਹੋਈਆਂ, ਸਿਰਫ ਹਾਇਰ ਸੈਕੰਡਰੀ ਤਕ ਪੜ੍ਹਾਈ ਕੀਤੀ ਹੋਈ ਹੈ, ਪ੍ਰੰਤੂ ਉਹ ਗਿਆਨਵਾਨ ਹੀ ਨਹੀਂ ਸਗੋਂ ਉਸ ਕੋਲ ਗਿਆਨ ਦਾ ਭੰਡਾਰ ਹੈਉਹ ਗਿਆਨਵਾਨ ਕਿਵੇਂ ਬਣਿਆ, ਇਹ ਵੀ ਇੱਕ ਚਮਤਕਾਰੀ ਕਹਾਣੀ ਹੈਉਸਨੂੰ ਪੜ੍ਹਨ ਲਿਖਣ ਦਾ ਬਹੁਤ ਸ਼ੌਕ ਸੀ, ਪ੍ਰੰਤੂ ਪਰਿਵਾਰ ਦੀ ਗ਼ਰੀਬੀ ਉਸਦੇ ਪੜ੍ਹਾਈ ਜਾਰੀ ਰੱਖਣ ਦੇ ਰਾਹ ਵਿੱਚ ਰੋੜਾ ਬਣਦੀ ਰਹੀਜਦੋਂ ਉਹ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵਿੱਚ ਨੌਕਰੀ ਕਰਨ ਲੱਗਿਆ ਤਾਂ ਉਸਨੂੰ ਆਪਣੇ ਪੜ੍ਹਨ ਲਿਖਣ ਦੇ ਸ਼ੌਕ ਨੂੰ ਅਮਲੀ ਜਾਮਾ ਪਹਿਨਾਉਣ ਦਾ ਅਵਸਰ ਮਿਲ ਗਿਆਉਸਨੇ ਅਕਾਡਮੀ ਦੀ ਲਾਇਬਰੇਰੀ ਦਾ ਪੂਰਾ ਲਾਹਾ ਲਿਆ ਉਸਦੀ ਪੁਸਤਕਾਂ ਪੜ੍ਹਨ ਦੀ ਪ੍ਰਵਿਰਤੀ ਨੂੰ ਚਾਰ ਚੰਨ ਲੱਗ ਗਏਗਿਆਨ ਦੀ ਰੌਸ਼ਨੀ ਨੇ ਉਸਦੇ ਦਿਮਾਗ ਦੇ ਕਪਾਟ ਖੋਲ੍ਹ ਦਿੱਤੇ ਤੇ ਬੁੱਧ ਸਿੰਘ ਨੀਲੋਂ ਸੁੱਧ-ਬੁੱਧ ਭੁੱਲਕੇ ਲਾਇਬਰੇਰੀ ਦੀਆਂ ਪੁਸਤਕਾਂ ਦੇ ਰਖਵਾਲੇ ਦੇ ਨਾਲ ਹੀ ਪੁਸਤਕਾਂ ਦਾ ਰਸੀਆ ਬਣ ਗਿਆਪੀ.ਐੱਚ.ਡੀ. ਦੇ ਥੀਸਜ਼ ਦੇ ਖਰੜਿਆਂ ਦੀਆਂ ਗ਼ਲਤੀਆਂ ਵੀ ਫੜਨ ਲੱਗ ਪਿਆਇਹ ਸਾਰਾ ਕੁਝ ਉਸਦੇ ਦਿਮਾਗੀ ਤੌਰ ’ਤੇ ਚੇਤੰਨ ਅਤੇ ਚਿੰਤਕ ਹੋਣ ਦੀ ਭਾਵਨਾ ਦਾ ਨਤੀਜਾ ਸੀ

ਭਾਵੇਂ ਉਹ ਪੰਜਾਬੀ ਸਾਹਿਤ ਅਕਾਡਮੀ ਦੀ ਨੌਕਰੀ ਤੋਂ ਰੁਖਸਤ ਹੋ ਗਿਆ, ਪ੍ਰੰਤੂ ਪੁਸਤਕਾਂ ਨਾਲ ਉਸਦਾ ਪਿਆਰ ਬਰਕਰਾਰ ਹੈਉਹ ਹਰ ਵਕਤ ਗਿਆਨ ਦੇ ਸਮੁੰਦਰ ਵਿੱਚ ਅਜਿਹੀਆਂ ਤਾਰੀਆਂ ਲਾਉਂਦਾ ਰਹਿੰਦਾ ਹੈ, ਜਿਸਦੀਆਂ ਲਹਿਰਾਂ ਸਾਹਿਤਕ ਖੇਤਰ ਵਿੱਚ ਜਵਾਰ ਭਾਟੇ ਵਰਗੀਆਂ ਛੱਲ੍ਹਾਂ ਪੈਦਾ ਕਰ ਦਿੰਦੀਆਂ ਹਨਸਾਹਿਤਕ ਖੇਤਰ ਵਿੱਚ ਤਰਥੱਲੀ ਮਚ ਜਾਂਦੀ ਹੈ, ਹਲਚਲ ਪੈਦਾ ਹੋ ਜਾਂਦੀ ਹੈਕਈ ਵਿਦਵਾਨ ਸਾਹਿਤਕਾਰ ਭਮੱਤਰ ਕੇ ਅਸਹਿਜ ਹੋ ਜਾਂਦੇ ਹਨ ਉਸਦੀਆਂ ਲਿਖਤਾਂ ਨਾਲ ਅਖੌਤੀ ਸਾਹਿਤਕਾਰਾਂ ਦੀ ਨੀਂਦ ਉਡ ਜਾਂਦੀ ਹੈਉਹ ਬਹੁਤ ਹੀ ਬੇਬਾਕੀ ਅਤੇ ਦਲੇਰੀ ਨਾਲ ਲਿਖਦਾ ਹੈ, ਜਿਸਦਾ ਕਈ ਵਾਰ ਤਿੱਖਾ ਵਿਅੰਗ ਅਖੌਤੀ ਸਾਹਿਤਕਾਰਾਂ/ਬੁੱਧੀਜੀਵੀਆਂ ਲਈ ਬਰਦਾਸ਼ਤ ਕਰਨਾ ਅਸੰਭਵ ਹੋ ਜਾਂਦਾ ਹੈ ਉਸਦੀ ਸ਼ਬਦਾਂ ਦੀ ਚੋਣ ਵੀ ਸਮਾਂ, ਸਥਾਨ, ਸਥਿਤੀ ਅਤੇ ਵਾਕ ਦੀ ਬਣਤਰ ਵਿਸ਼ੇ ਅਨੁਸਾਰ ਢੁਕਵੀਂ ਹੁੰਦੀ ਹੈਇਹ ਕੁਦਰਤੀ ਹੈ ਕਿ ਸਚਾਈ ਹਮੇਸ਼ਾ ਕੌੜੀ ਲਗਦੀ ਹੈਉਹ ਹੱਕ-ਸੱਚ ਦਾ ਪਹਿਰੇਦਾਰ ਬਣਕੇ ਵਿਚਰਦਾ ਹੈਉਹ ਚਿਕਣੀਆਂ ਚੋਪੜੀਆਂ ਹੋਈਆਂ ਮਿੱਠੀਆਂ ਗੱਲਾਂ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦਾ, ਜਿਹੜੀਆਂ ਗ਼ਲਤ ਕਦਰਾਂ ਕੀਮਤਾਂ ਦੀ ਸਿੱਧੇ-ਅਸਿੱਧੇ ਢੰਗ ਨਾਲ ਹਮਾਇਤ ਕਰਦੀਆਂ ਹੋਣਪੀ.ਐੱਚ.ਡੀ. ਦੇ ਥੀਸਜ਼ਾਂ ਵਿੱਚ ਨਕਲ ਦੀ ਪ੍ਰਵਿਰਤੀ ਦੇ ਉਸਨੇ ਤੱਥਾਂ ਨਾਲ ਪਰਦੇ ਫਾਸ਼ ਕੀਤੇ ਹਨਇੱਥੋਂ ਤਕ ਕਿ ਉਮੀਦਵਾਰਾਂ ਦੇ ਗਾਈਡ ਪ੍ਰੋਫੈਸਰਾਂ ਨੂੰ ਵੀ ਉਹ ਵਾਹਣੇ ਪਾ ਦਿੰਦਾ ਹੈਇਕੱਲੀ-ਇਕੱਲੀ ਲਾਈਨ, ਪੈਰਿਆਂ ਅਤੇ ਪੰਨਿਆਂ ਦੀ ਨਕਲ ਦੇ ਸਬੂਤ ਦਿੰਦਾ ਹੈ, ਸਬੂਤਾਂ ਤੋਂ ਬਿਨਾਂ ਗੱਲ ਨਹੀਂ ਕਰਦਾਉਹ ਯਥਾਰਥਵਾਦੀ ਪਹੁੰਚ ਦਾ ਮਾਲਕ ਹੈ

ਬੁੱਧ ਸਿੰਘ ਨੀਲੋਂ ਸੱਚੋ-ਸੱਚ ਲਿਖਕੇ ਮੂੰਹ ’ਤੇ ਕਹਿਣ ਦੀ ਜੁਰਅਤ ਰੱਖਦਾ ਹੈ, ਪ੍ਰੰਤੂ ਕਈ ਵਾਰ ਭਾਵਨਾਵਾਂ ਦੇ ਵੇਗ ਵਿੱਚ ਵਹਿ ਕੇ ਲਕਸ਼ਮਣ ਰੇਖਾ ਵੀ ਪਾਰ ਕਰ ਜਾਂਦਾ ਹੈਅਜਿਹੀਆਂ ਗੱਲਾਂ ਲਿਖਣ ਕਰਕੇ ਉਸਨੂੰ ਧਮਕੀਆਂ ਵੀ ਮਿਲੀਆਂ ਹਨ, ਪ੍ਰੰਤੂ ਉਹ ਡਰ ਭੈ ਤੋਂ ਕੋਹਾਂ ਦੂਰ ਹੈਰਾਜਨੀਤਕ, ਸਾਹਿਤਕ, ਸਮਾਜਿਕ, ਆਰਥਿਕ ਅਤੇ ਸੱਭਿਅਚਾਰਕ ਖੇਤਰ ਵਿੱਚ ਆ ਰਹੀਆਂ ਗਿਰਾਵਟਾਂ ਉਸਦੇ ਲੇਖਾਂ ਦੇ ਮੁੱਖ ਵਿਸ਼ੇ ਹੁੰਦੇ ਹਨ ਉਸਦੀ ਇੱਕ ਖ਼ੂਬੀ ਹੈ ਕਿ ਉਹ ਕਿਸੇ ਦੀ ਵੀ ਗ਼ਲਤੀ ਨੂੰ ਬਖਸ਼ਦਾ ਨਹੀਂ, ਭਾਵੇਂ ਕੋਈ ਕਿੰਨਾ ਵੱਡਾ ਵਿਅਕਤੀ ਹੋਵੇਸਮਾਜਿਕ ਵਿਸੰਗਤੀਆਂ ਨੂੰ ਦੇਖਣ ਪਰਖਣ ਦੇ ਉਸਦੇ ਆਪਣੇ ਹੀ ਮਾਪ-ਦੰਡ ਹਨਜਿਹੜਾ ਉਨ੍ਹਾਂ ਮਾਪ-ਦੰਡਾਂ ’ਤੇ ਖਰਾ ਨਹੀਂ ਉੱਤਰਦਾ, ਉਸਨੂੰ ਉਹ ਆੜ੍ਹੇ ਹੱਥੀਂ ਲੈਂਦਾ ਹੈਉਹ ਸ਼ਬਦਾਵਲੀ ਵੀ ਥੋੜ੍ਹੀ ਸਖਤ ਅਤੇ ਚੁੱਭਵੀਂ ਵਰਤਦਾ ਹੈ, ਪ੍ਰੰਤੂ ਸਾਹਿਤਕ ਪਾਣ ਚਾੜ੍ਹਕੇ ਲਿਖਦਾ ਹੈ ਤਾਂ ਜੋ ਸਹਿਣਯੋਗ ਤਕਲੀਫ ਹੋਵੇਇਸੇ ਕਰਕੇ ਉਸਦੀਆਂ ਫੇਸਬੁੱਕ ਅਤੇ ਸੋਸ਼ਲ ਮੀਡੀਆ ’ਤੇ ਪਾਈਆਂ ਪੋਸਟਾਂ ਨੂੰ ਬੇਥਾਹ ਪਸੰਦ ਕੀਤਾ ਜਾਂਦਾ ਹੈ ਫੇਸਬੁੱਕ ’ਤੇ ਉਸਦੇ ਕਾਲਮ ‘ਬੁੱਧ ਬੋਲ’, ‘ਬੁੱਧ ਬਾਣ’, ‘ਤਾਇਆ ਬਿਸ਼ਨਾ’, ‘ਪਿਆਜ ਦੇ ਛਿਲਕੇ’, ‘ਇਲਤੀਨਾਮਾ’, ‘ਬੁੱਧ ਚਿੰਤਨ’, ‘ਬੁੱਕਲ ਦੇ ਸੱਪ’, ‘ਲੋਕਾਂ ਨੂੰ ਲੱਗੀਆਂ ਜੋਕਾਂ’, ਆਦਿ ਬਹੁਤ ਹਰਮਨ ਪਿਆਰੇ ਹਨਇਨ੍ਹਾਂ ਕਾਲਮਾਂ ਅਧੀਨ ਉਹ ਜਿਹੜੇ ਲੇਖ ਲਿਖਦਾ ਹੈ, ਉਨ੍ਹਾਂ ਲੇਖਾਂ ਦੇ ਸਿਰਲੇਖ ਵੀ ਪਾਠਕਾਂ ਨੂੰ ਟੁੰਬਦੇ ਹੋਏ ਪੜ੍ਹਨ ਲਈ ਪ੍ਰੇਰਿਤ ਕਰਦੇ ਹਨਪਾਠਕ ਉਸਦੇ ਇਨ੍ਹਾਂ ਕਾਲਮਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ ਉਸਦੀ ਇਹ ਵੀ ਕਮਾਲ ਹੈ ਕਿ ਹਰ ਰੋਜ਼ ਨਵੇਂ ਵਿਸ਼ੇ ’ਤੇ ਲਿਖਦਾ ਹੈਹੈਰਾਨੀ ਇਸ ਗੱਲ ਦੀ ਵੀ ਹੈ ਕਿ ਉਹ ਲਗਾਤਾਰ ਇੰਨਾ ਕਿਵੇਂ ਲਿਖ ਲੈਂਦਾ ਹੈ? ਕਈ ਵਾਰ ਉਸਦੇ ਸਾਹਿਤਕ ਤੁਣਕੇ ਦਾ ਤੀਰ ਇੰਨਾ ਤਿੱਖਾ ਹੁੰਦਾ ਹੈ ਕਿ ਉਸਦੇ ਜ਼ਖਮਾਂ ਦੀ ਚੀਸ ਸੰਬੰਧਤ ਲੋਕਾਂ ਨੂੰ ਤੜਫਾਉਂਦੀ ਰਹਿੰਦੀ ਹੈਕੁਝ ਲੋਕ ਉਸਨੂੰ ਬਾਗ਼ੀ ਵੀ ਕਹਿੰਦੇ ਹਨਅਸਲ ਵਿੱਚ ਹਾਲਾਤ ਹੀ ਅਜਿਹੇ ਹੁੰਦੇ ਹਨ, ਜਿਹੜੇ ਇਨਸਾਨ ਨੂੰ ਬਗਾਵਤ ਦੇ ਰਸਤੇ ’ਤੇ ਤੋਰ ਦਿੰਦੇ ਹਨ

ਅਜੋਕੇ ਸੂਚਨਾ ਦੇ ਯੁਗ ਵਿੱਚ ਲੋਕ ਸੂਚਨਾ ਨੂੰ ਹੀ ਗਿਆਨ ਸਮਝ ਬੈਠਦੇ ਹਨ, ਪ੍ਰੰਤੂ ਸੂਚਨਾ ਅਤੇ ਗਿਆਨ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਹੈਪੜ੍ਹਿਆ ਲਿਖਿਆ ਇਨਸਾਨ ਅੱਜ ਕੱਲ੍ਹ ਸੂਚਨਾ ਦੇਣ ਦਾ ਮਾਹਿਰ ਬਣ ਗਿਆ ਹੈਲੋਕ ਸੂਚਨਾ ਦੇਣ ਵਾਲੇ ਨੂੰ ਹੀ ਪੜ੍ਹਿਆ ਲਿਖਿਆ ਸਮਝਦੇ ਹਨਡਿਗਰੀਆਂ ਵਾਲੇ ਵਿਅਕਤੀਆਂ ਨੂੰ ਪੜ੍ਹਿਆ ਲਿਖਿਆ ਗਿਣਿਆ ਜਾਂਦਾ ਹੈਇਹ ਜ਼ਰੂਰੀ ਨਹੀਂ ਕਿ ਹਰ ਪੜ੍ਹਿਆ ਲਿਖਿਆ ਵਿਅਕਤੀ ਗਿਆਨਵਾਨ ਹੋਵੇ, ਪ੍ਰੰਤੂ ਡਿਗਰੀਆਂ ਤੋਂ ਬਿਨਾਂ ਵਿਅਕਤੀ ਵੀ ਗਿਆਨਵਾਨ ਹੋ ਸਕਦਾ ਹੈਬੁੱਧ ਸਿੰਘ ਨੀਲੋਂ, ਜਿਹੜਾ ਬਹੁਤਾ ਪੜ੍ਹ ਲਿਖ ਨਹੀਂ ਸਕਿਆ, ਪ੍ਰੰਤੂ ਗਿਆਨਵਾਨ ਉਹ ਡਿਗਰੀਆਂ ਵਾਲਿਆਂ, ਇੱਥੋਂ ਤਕ ਕਿ ਪੀ.ਐੱਚ.ਡੀ. ਵਾਲਿਆਂ ਨਾਲੋਂ ਵੀ ਜ਼ਿਆਦਾ ਹੋ ਗਿਆ ਹੈਉਹ ਬਹੁਤ ਹੀ ਵਿਦਵਤਾ ਭਰਪੂਰ ਗਿਆਨ ਵਾਲੀਆਂ ਰਚਨਾਵਾਂ ਲਿਖਦਾ ਹੈ, ਜਿਨ੍ਹਾਂ ਨੂੰ ਪੜ੍ਹਕੇ ਇਉਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਕਿਸੇ ਕਾਲਜ ਜਾਂ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਲਿਖੀਆਂ ਹੋਣ

ਆਧੁਨਿਕ ਜ਼ਮਾਨੇ ਵਿੱਚ ਲੇਖਕਾਂ ਦਾ ਜਮਘਟਾ ਛਾਇਆ ਹੋਇਆ ਹੈਬਹੁਤ ਸਾਰੇ ਕਥਿਤ ਵਿਦਵਾਨ ਸਾਹਿਤਕਾਰ ਧੜਾ-ਧੜ ਪੁਸਤਕਾਂ ਪ੍ਰਕਾਸ਼ਤ ਕਰਵਾ ਰਹੇ ਹਨਬਹੁਤੀਆਂ ਪੁਸਤਕਾਂ ਕਵਿਤਾ ਦੀਆਂ ਪ੍ਰਕਾਸ਼ਤ ਹੋ ਰਹੀਆਂ ਹਨਪੁਸਤਕਾਂ ਪ੍ਰਕਾਸ਼ਤ ਕਰਵਾਉਣਾ ਕੋਈ ਗ਼ਲਤ ਗੱਲ ਨਹੀਂ, ਸਗੋਂ ਸਾਹਿਤਕਾਰਾਂ ਨੂੰ ਸਾਰਥਿਕ ਸਾਹਿਤ ਪ੍ਰਕਾਸ਼ਤ ਕਰਵਾਉਣਾ ਚਾਹੀਦਾ ਹੈ, ਜਿਹੜਾ ਸਮਾਜ ਨੂੰ ਕੋਈ ਸੇਧ ਦੇ ਸਕੇਆਮ ਤੌਰ ’ਤੇ ਰੁਮਾਂਟਿਕ ਸਾਹਿਤ ਰਚਿਆ ਜਾ ਰਿਹਾ ਹੈ, ਜਿਹੜਾ ਪੜ੍ਹਨ ਲਈ ਦਿਲਚਸਪ ਤੇ ਰਸਦਾਇਕ ਤਾਂ ਹੋ ਸਕਦਾ ਹੈ, ਪ੍ਰੰਤੂ ਉਸਦਾ ਆਮ ਲੋਕਾਂ ਨੂੰ ਬਹੁਤਾ ਲਾਭ ਨਹੀਂ ਹੁੰਦਾ ਪੜ੍ਹਿਆ ਉਹ ਹੀ ਜ਼ਿਆਦਾ ਜਾਂਦਾ ਹੈਹੁਣ ਕਿੱਸਿਆਂ ਦਾ ਯੁਗ ਖਤਮ ਹੋ ਗਿਆ ਹੈਅਸਲ ਵਿੱਚ ਸਾਹਿਤ ਦਾ ਮੰਤਵ ਸਮਾਜ ਲਈ ਪ੍ਰੇਰਨਾਦਾਇਕ ਹੋਣਾ ਹੁੰਦਾ ਹੈ, ਪ੍ਰੰਤੂ ਅਜਿਹੇ ਸਾਹਿਤ ਵਿੱਚ ਦਿਲਚਸਪੀ ਪੈਦਾ ਕਰਨ ਲਈ ਰੁਮਾਂਸਵਾਦ ਦੀ ਪਾਣ ਚੜ੍ਹਾ ਦਿੱਤੀ ਜਾਂਦੀ ਹੈਰੁਮਾਂਸਵਾਦ ਦੇ ਤੜਕੇ ’ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ, ਪ੍ਰੰਤੂ ਉਹ ਲੋਕਾਈ ਦੇ ਹਿਤਾਂ ’ਤੇ ਪਹਿਰਾ ਨਹੀਂ ਦਿੰਦਾਬੁੱਧ ਸਿੰਘ ਨੀਲੋਂ ਰੁਮਾਂਟਿਕ ਸਾਹਿਤ ਨਹੀਂ ਲਿਖਦਾ, ਪ੍ਰੰਤੂ ਉਸਦਾ ਲਿਖਿਆ ਸਮਾਜ ਦੀਆਂ ਵਿਸੰਗਤੀਆਂ ਦਾ ਪਰਦਾ ਫਾਸ਼ ਕਰਨ ਵਾਲਾ ਹੁੰਦਾ ਹੈਸਮਾਜ ਵਿੱਚ ਇਸ ਆਧੁਨਿਕਤਾ ਦੇ ਦੌਰ ਵਿੱਚ ਬਹੁਤ ਕੁਝ ਅਜਿਹਾ ਲਿਖਿਆ ਜਾ ਰਿਹਾ ਹੈ, ਜਿਸਦਾ ਸਮਾਜਿਕ ਤਾਣੇਬਾਣੇ ਦੀ ਬਿਹਤਰੀ ਨਾਲ ਸੰਬੰਧ ਨਹੀਂ ਹੁੰਦਾ, ਸਗੋਂ ਦਿਲਚਸਪੀ ਪੈਦਾ ਕਰਨ ਲਈ ਕਈ ਕਾਲਪਨਿਕ ਘਟਨਾਵਾਂ ਸ਼ਾਮਲ ਕਰ ਲਈਆਂ ਜਾਂਦੀਆਂ ਹਨਬੁੱਧ ਸਿੰਘ ਨੀਲੋਂ ਹਰ ਰੋਜ਼ ਲਗਾਤਾਰ ਕਿਸੇ ਨਾ ਕਿਸੇ ਨਵੇਂ ਸਮਾਜਿਕ ਸਰੋਕਾਰਾਂ ਵਾਲੇ ਵਿਸ਼ੇ ਬਾਰੇ ਆਪਣੇ ਸਾਰਥਿਕ ਵਿਚਾਰ ਲਿਖਕੇ ਸਮਾਜ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰਦਾ ਹੈ

ਬੁੱਧ ਸਿੰਘ ਨੀਲੋਂ ਗਰੀਬ ਲਿਖਾਰੀ ਹੈਉਹ ਪੁਸਤਕਾਂ ਨਹੀਂ ਛਪਵਾ ਸਕਿਆ ਕਿਉਂਕਿ ਆਪਣੇ ਕੋਲੋਂ ਪੈਸੇ ਖਰਚਕੇ ਪੁਸਤਕ ਪ੍ਰਕਾਸ਼ਤ ਕਰਵਾਉਣੀ ਉਸਦੇ ਵੱਸ ਦੀ ਗੱਲ ਨਹੀਂਉਸਨੂੰ ਤਾਂ ਪਰਿਵਾਰ ਪਾਲਣ ਦੇ ਲਾਲੇ ਪਏ ਹੋਏ ਹਨਹੈਰਾਨੀ ਇਸ ਗੱਲ ਦੀ ਹੈ, ਅਜਿਹੇ ਹਾਲਾਤ ਵਿੱਚ ਵੀ ਉਹ ਲਿਖੀ ਜਾ ਰਿਹਾ ਹੈਲਿਖਣਾ ਉਸ ਲਈ ਇੱਕ ਨਸ਼ਾ ਹੈਬੁੱਧ ਸਿੰਘ ਨੀਲੋਂ ਫੋਰ-ਇਨ-ਵੰਨ ਹੈਉਹ ਪੱਤਰਕਾਰ, ਕਾਲਮ ਨਵੀਸ, ਅਨੁਵਾਦਕ ਅਤੇ ਸਾਹਿਤਕਾਰ ਹੈ ਉਸਦੀ ਸੰਪਾਦਤ ਕੀਤੀ ਪੁਸਤਕ ‘ਕਲਾਮ ਬਾਬੂ ਰਜਬ ਅਲੀ’ 2009 ਵਿੱਚ ਪ੍ਰਕਾਸ਼ਤ ਹੋਈ ਸੀ, ਜਿਸਦੀਆਂ ਹੁਣ ਤਕ ਪੰਜ ਐਡੀਸ਼ਨਾਂ ਪ੍ਰਕਾਸ਼ਤ ਹੋ ਚੁੱਕੀਆਂ ਹਨਉਸਨੇ ਸੱਤ ਪੁਸਤਕਾਂ ਅਨੁਵਾਦ ਵੀ ਕੀਤੀਆਂ ਹਨ ਉਸਦੀ ਇੱਕ ਪੁਸਤਕ ‘ਪੰਜਾਬੀ ਸਾਹਿਤ ਦਾ ਮਾਫ਼ੀਆ’ ਜਲਦੀ ਹੀ ਪ੍ਰਕਾਸ਼ਤ ਹੋ ਰਹੀ ਹੈ, ਜਿਸਦੀ ਬੇਸਬਰੀ ਨਾਲ ਉਡੀਕ ਹੋ ਰਹੀ ਹੈਇਸ ਪੁਸਤਕ ਦੇ ਪ੍ਰਕਾਸ਼ਤ ਹੋਣ ਨਾਲ ਅਖੌਤੀ ਵਿਦਵਾਨਾਂ, ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਨੂੰ ਲੈਣੇ ਦੇ ਦੇਣੇ ਪੈ ਜਾਣੇ ਹਨ, ਕਿਉਂਕਿ ਨਕਲ ਨਾਲ ਲਈਆਂ ਪੀਐੱਚ.ਡੀ. ਦੀਆਂ ਡਿਗਰੀਆਂ ਚਰਚਾ ਦਾ ਵਿਸ਼ਾ ਬਣਨਗੀਆਂਬੁੱਧ ਸਿੰਘ ਨੀਲੋਂ ਪਰਿਵਾਰ ਦੇ ਗੁਜ਼ਾਰੇ ਲਈ ਪੰਜਾਬੀ ਦੇ ਅਖਬਾਰਾਂ ਦੇ ਸੰਪਾਦਕੀ ਮੰਡਲਾਂ ਵਿੱਚ ਕੰਮ ਕਰਦਾ ਰਿਹਾ ਹੈਇਸ ਸਮੇਂ ਉਹ ‘ਪ੍ਰਾਈਮ ਉਦੈ’ ਅਖਬਾਰ ਦਾ ਸੰਪਾਦਕ ਹੈਉਸਦਾ ਬਲਜੀਤ ਕੌਰ ਨਾਲ ਵਿਆਹ ਹੋਇਆ ਹੈ ਤੇ ਉਸਦਾ ਇੱਕ ਲੜਕਾ ਗੌਰਵਦੀਪ ਸਿੰਘ ਹੈਉਸਦਾ ਜੱਦੀ ਪਿੰਡ ਨੀਲੋਂ ਜ਼ਿਲ੍ਹਾ ਲੁਧਿਆਣਾ ਵਿੱਚ ਹੈਇਸ ਸਮੇਂ ਉਹ ਸਾਹਨੇਵਾਲ ਰਹਿ ਰਿਹਾ ਹੈ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author