“ਇਹ ਚੋਣ ਵਿਵਾਦਤ ਤੇ ਵਿਅਕਤੀਗਤ ਵੀ ਰਹੀ ਕਿਉਂਕਿ ਦੋਵੇਂ ਉਮੀਦਵਾਰ ਇੱਕ ਦੂਜੇ ਬਾਰੇ ...”
(7 ਨਵੰਬਰ 2024)
ਪੰਜਾਬੀ ਲੇਖਕਾਂ ਦੇ ਵਿਚਾਰਨ ਲਈ:
ਅੰਤਰਰਾਸ਼ਟਰੀ ‘ਯੂਨੀਕੋਡ ਸੰਸਥਾ’ ਵੱਲੋਂ ਪੰਜਾਬੀ ਅਤੇ ਹੋਰ ਭਾਰਤੀ ਲਿਪੀਆਂ ਨੂੰ ਅੰਤਰਰਾਸ਼ਟਰੀ ਯੂਨੀ (Universal, Unique) ਕੋਡ ਸੰਨ 2000 ਵਿੱਚ ਮਿਲ ਗਏ ਸਨ। ਸਾਰੇ ਸੰਸਾਰ ਦੀਆਂ 168 ਲਿਪੀਆਂ ਲਈ ਹੁਣ ਯੂਨੀਕੋਡ ਸਿਸਟਮ ਦੀ ਵਰਤੋਂ ਹੁੰਦੀ ਹੈ। ਪੰਜਾਬੀ ਲਈ ਯੂਨੀਕੋਡ ਫੌਂਟਾਂ ਦੀ ਵਰਤੋਂ ਹੁੰਦਿਆਂ 24 ਸਾਲ ਹੋ ਗਏ ਹਨ ਪਰ ਕੁਝ ਪੰਜਾਬੀ ਲੇਖਕ ਅਜੇ ਵੀ ਅਸੀਸ, ਅਨਮੋਲ, ਚਾਤਰਿਕ, ਜੌਏ, ਸਤਲੁਜ ਅਤੇ ਹੋਰ A B C, ... X Y Z ਆਦਿ ਅੰਗਰੇਜ਼ੀ ਅੱਖਰਾਂ ਦੇ ਕੋਡਾਂ ਉੱਤੇ ਘੜੇ/ਬਣਾਏ/ਚਿਪਕਾਏ ਪੰਜਾਬੀ ਅੱਖਰਾਂ ਦੀ ਵਰਤੋਂ ਕਰ ਰਹੇ ਹਨ। ਪੰਜਾਬੀ ਲੇਖਕੋ, ਪੰਜਾਬੀ ਲਿਪੀ ਲਈ ਪੰਜਾਬੀ ਕੋਡਾਂ ਵਾਲੇ ਫੌਂਟ ਵਰਤਣ ਤੋਂ ਝਿਜਕ ਕਿਉਂ ...? ...? ...?
ਇਹ ਲੇਖ ਲੇਖਕ ਨੇ ਸਰੋਕਾਰ ਵਾਸਤੇ ਯੂਨੀਕੋਡ ਫੌਂਟ Raavi ਵਿੱਚ ਭੇਜਿਆ ਸੀ। ਲੇਖਕ ਦਾ ਬਹੁਤ ਬਹੁਤ ਧੰਨਵਾਦ।
ਜੇ ਤੁਸੀਂ ਕਿਸੇ ਅੱਖਰ ਜਾਂ ਚਿੰਨ੍ਹ ਦਾ ਕੋਡ ਜਾਣਨਾ ਚਾਹੁੰਦੇ ਹੋ, ਕਰਸਰ ਉਸ ਦੇ ਸੱਜੇ ਪਾਸੇ ਲੈ ਜਾਵੋ, ਫਿਰ Alt ਅਤੇ X ਕੀਆਂ ਇਕੱਠੀਆਂ ਦੱਬ ਦਿਓ। ਅੱਖਰ ਜਾਂ ਚਿੰਨ੍ਹ ਕੋਡ ਵਿੱਚ ਬਦਲ ਜਾਵੇਗਾ। ਜਦੋਂ ਤੁਸੀਂ ਦੁਬਾਰਾ Alt ਅਤੇ X ਕੀਆਂ ਇਕੱਠੀਆਂ ਦੱਬੋਗੇ, ਕੋਡ ਆਪਣੇ ਆਪ ਅੱਖਰ ਜਾਂ ਚਿੰਨ੍ਹ ਵਿੱਚ ਬਦਲ ਜਾਵੇਗਾ। ਜਦੋਂ ਸਮਾਂ ਮਿਲੇ, ਇਹ ਕਰਕੇ ਦੇਖੋ।)
* * *
ਡੌਨਲਡ ਟਰੰਪ ਅਪਰਾਧਿਕ ਕੇਸਾਂ ਦੇ ਬਾਵਜੂਦ ਬਾਜ਼ੀ ਮਾਰ ਗਿਆ
ਅਪਰਾਧਿਕ ਕੇਸਾਂ ਦੇ ਬਾਵਜੂਦ ਡੌਨਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਚੁਣੇ ਗਏ ਹਨ। ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਰਾਸ਼ਟਰਪਤੀ ਦੀ ਚੋਣ ਵਲ ਦੁਨੀਆਂ ਦੀਆਂ ਨਿਗਾਹਾਂ ਟਿੱਕੀਆਂ ਹੋਈਆਂ ਸਨ। ਲੋਕ ਬੇਸਬਰੀ ਨਾਲ ਨਤੀਜੇ ਦਾ ਇੰਤਜ਼ਾਰ ਕਰ ਰਹੇ ਸਨ ਕਿਉਂਕਿ ਇਹ ਚੋਣ ਅਮਰੀਕਾ ਵੱਲੋਂ ਸੰਸਾਰ ਬਾਰੇ ਭਵਿੱਖ ਦੀਆਂ ਨੀਤੀਆਂ ਦਾ ਪ੍ਰਗਟਾਵਾ ਹੋਣਾ ਸੀ। ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ 5 ਨਵੰਬਰ 2024 ਨੂੰ ਵੋਟਾਂ ਪਈਆਂ ਸਨ। ਡੌਨਲਡ ਟਰੰਪ ਜਿੱਤਣ ਲਈ 270 ਦਾ ਅੰਕੜਾ ਪਾਰ ਕਰਕੇ 294 ਇਲੈਕਟੋਰਲ ਕਾਲਜ ਦੀਆਂ ਵੋਟਾਂ ਪ੍ਰਾਪਤ ਕਰ ਚੁੱਕੇ ਹਨ। ਕਮਲਾ ਹੈਰਿਸ ਨੂੰ 223 ਵੋਟਾਂ ਮਿਲੀਆਂ ਹਨ। ਇਲੈਕਟੋਰਲ ਕਾਲਜ ਦੀਆਂ 21 ਵੋਟਾਂ ਦਾ ਅਜੇ ਨਤੀਜਾ ਆਉਣਾ ਬਾਕੀ ਹੈ। ਟਰੰਪ ਨੂੰ 50.81 ਤੇ ਕਮਲਾ ਹੈਰਿਸ ਨੂੰ 47.5 ਫ਼ੀ ਸਦੀ ਵੋਟਾਂ ਮਿਲੀਆਂ ਹਨ। ਚੋਣ ਵਾਲੇ ਦਿਨ 5 ਨਵੰਬਰ ਤੋਂ ਪਹਿਲਾਂ ਹੀ 8 ਕਰੋੜ 20 ਲੱਖ ਤੋਂ ਵੱਧ ਵੋਟਰ ਪਹਿਲਾਂ ਹੀ ਆਪਣੀ ਵੋਟ ਪਾ ਚੁੱਕੇ ਸਨ। ਅਮਰੀਕਾ ਵਿੱਚ ਵੋਟਰ ਨਿਸ਼ਚਿਤ ਸਮੇਂ ਤੋਂ ਪਹਿਲਾਂ ਡਾਕ ਰਾਹੀਂ ਵੋਟ ਪਾ ਸਕਦੇ ਹਨ। ਕਈ ਰਾਜਾਂ ਵਿੱਚ ਤਾਂ ਸਾਰੇ ਵੋਟਰਾਂ ਨੂੰ ਪੋਸਟਲ ਬੈਲਟ ਮਹੀਨਾ ਪਹਿਲਾਂ ਹੀ ਡਾਕ ਰਾਹੀਂ ਭੇਜ ਦਿੱਤੇ ਜਾਂਦੇ ਹਨ। ਕੁਝ ਲੋਕ ਦਸਤੀ ਵੀ ਚੋਣ ਬੈਲਟ ਲੈ ਜਾਂਦੇ ਹਨ।
ਡੋਨਲਡ ਟਰੰਪ ਨੇ ਸਾਰੇ ਮੀਡੀਆ ਦੀਆਂ ਕਿਆਸ ਅਰਾਈਆਂ ਨੂੰ ਨਕਾਰਦਿਆਂ ਵੱਡੇ ਅੰਤਰ ਨਾਲ ਚੋਣ ਜਿੱਤ ਲਈ ਹੈ। ਸਾਰੇ ਅਮਰੀਕਨ ਚੈਨਲ ਅਤੇ ਸੋਸ਼ਲ ਮੀਡੀਆ ਕਾਂਟੇ ਦੀ ਟੱਕਰ ਕਹਿ ਰਿਹਾ ਸੀ। ਪ੍ਰੰਤੂ ਟਰੰਪ ਨੇ ਅਜਿਹਾ ਧੋਬੀ ਪਟੜਾ ਮਾਰਿਆ ਕਿ ਕਮਲਾ ਹੈਰਿਸ ਨੂੰ ਚਿੱਤ ਕਰਕੇ ਰੱਖ ਦਿੱਤਾ। ਇੱਕ ਕਿਸਮ ਨਾਲ ਉਸਨੇ 2020 ਵਿੱਚ ਚੋਣ ਹਾਰਨ ਦਾ ਬਦਲਾ ਲੈ ਲਿਆ ਹੈ। ਡੋਨਲਡ ਟਰੰਪ ਨੇ ਬੜੀ ਦਲੇਰੀ ਅਤੇ ਦ੍ਰਿੜ੍ਹਤਾ ਨਾਲ ਆਪਣੀ ਚੋਣ ਮੁਹਿੰਮ ਨੂੰ ਹਮਲਾਵਰ ਰੱਖਿਆ ਅਤੇ ਅਮਰੀਕਰਨਾਂ ਦੇ ਹੱਕਾਂ ਦਾ ਪਹਿਰੇਦਾਰ ਬਣਕੇ ਚੋਣ ਪ੍ਰਚਾਰ ਕਰਦਾ ਰਿਹਾ। ਉਸਨੇ ਆਪਣੀ ਚੋਣ ਮੁਹਿੰਮ ਵਿੱਚ ਲਿੱਚ ਗੜਿੱਚੀਆਂ ਨਹੀਂ ਮਾਰੀਆਂ ਸਗੋਂ ਇਕਪਾਸੜ ਹੋ ਕੇ ਬਿਆਨਬਾਜ਼ੀ ਕਰਦਾ ਰਿਹਾ। ਨਸਲੀ ਪੱਤਾ ਚਲਾਕੇ ਵੋਟਰਾਂ ਦੀ ਪੋਲਰਾਈਜੇਸ਼ਨ ਕਰ ਦਿੱਤੀ। ਇਮੀਗਰੈਂਟਸ ਨੂੰ ਅਮਰੀਕਾ ਵਿੱਚੋਂ ਕੱਢਣ ਦੇ ਦ੍ਰਿੜ੍ਹ ਇਰਾਦੇ ਵਾਲੇ ਭਾਸ਼ਣ ਦਿੰਦਾ ਰਿਹਾ। ਡੌਨਲਡ ਟਰੰਪ ਦਾ ਰਾਸ਼ਟਰਪਤੀ ਚੁਣੇ ਜਾਣਾ ਇਮੀਗਰੈਂਟਸ ਲਈ ਖ਼ਤਰੇ ਦੀ ਘੰਟੀ ਹੈ। ਹਾਲਾਂ ਕਿ ਉਸਦੀ ਆਪਣੀ ਪਤਨੀ ਮੇਨੇਲੀਆ ਟਰੰਪ ਸਲੋਵੀਆਈ ਇਮੀਗਰੈਂਟ ਹੈ। ਡੌਨਲਡ ਟਰੰਪ ਅਜਿਹਾ ਪਹਿਲਾ ਰਾਸ਼ਟਰਪਤੀ ਹੈ, ਦੋਵੇਂ ਵਾਰੀ ਇਸਤਰੀਆਂ ਹਿਲੇਰੀ ਕਲਿੰਨਟਨ ਅਤੇ ਕਮਲਾ ਹੈਰਿਸ ਨੂੰ ਹਰਾਕੇ ਰਾਸ਼ਟਰਪਤੀ ਬਣਿਆ ਹੈ।
ਰਿਪਬਲਿਕਨ ਪ੍ਰਤੀਨਿਧੀ ਸਭਾ ਅਤੇ ਸੈਨਟ ਵਿੱਚ ਬਹੁਮਤ ਲੈ ਗਏ ਹਨ। ਰਿਪਬਲਿਕਨ ਦੇ ਪ੍ਰਤੀਨਿਧੀ ਸਭਾ 208 ਤੇ ਡੈਮੋਕਰੈਟ 189 ਅਤੇ ਸੈਨਟ ਵਿੱਚ ਰਿਪਬਲਿਕਨ 52 ਤੇ ਡੈਮੋਕਰੈਟ 44 ਸੀਟਾਂ ਜਿੱਤ ਸਕੇ ਹਨ। ਰਾਜਪਾਲ ਵੀ ਰਿਪਬਲਿਕਨ ਦੇ 27 ਤੇ ਡੈਮੋਕਰੈਟ ਦੇ 23 ਜਿੱਤੇ ਹਨ। ਪ੍ਰਤੀਨਿਧੀ ਸਭਾ ਵਿੱਚ ਭਾਰਤੀ ਮੂਲ ਦੇ ਛੇ ਡਾ. ਐਮੀ ਬੇਰਾ, ਰੋ ਖੰਨਾ, ਸ੍ਰੀ ਥਾਣੇਦਾਰ, ਪ੍ਰੋਮਿਲਾ ਜੈਪਾਲ, ਰਾਜਾ ਕ੍ਰਿਸ਼ਨਾਮੂਰਥੀ ਅਤੇ ਸੁਹਾਸ ਸੁਬਰਾਮਨੀਅਮ ਜਿੱਤੇ ਹਨ। ਉਪ ਰਾਸ਼ਟਰਪਤੀ ਚੁਣੇ ਗਏ ਜੇ.ਡੀ ਵੈਂਸ ਦੀ ਪਤਨੀ ਊਸ਼ਾ ਵੈਂਸ ਵੀ ਭਾਰਤੀ ਮੂਲ ਦੀ ਅਮਰੀਕਨ ਹੈ। ਉਹ ਆਂਧਰਾ ਪ੍ਰਦੇਸ ਦੇ ਨਿਦਾਦਾਵੋਲੂ ਵਿਧਾਨ ਸਭਾ ਹਲਕੇ ਦੇ ਵਡਲੁਰੂ ਪਿੰਡ ਦੀ ਰਹਿਣ ਵਾਲੀ ਹੈ।
ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਅਸਿੱਧੇ ਢੰਗ ਨਾਲ ਹੁੰਦੀ ਹੈ। ਪਹਿਲਾਂ ਵੋਟਰ ਆਪਣੀਆਂ ਵੋਟਾਂ ਨਾਲ ‘ਇਲੈਕਟੋਰਲ ਕਾਲਜ’ ਦੀ ਚੋਣ ਕਰਦੇ ਹਨ। ਹਰ ਰਾਜ ਵਿੱਚ ਵੋਟ ਦੀ ਜਨਸੰਖਿਆ ਅਨੁਸਾਰ ਵੱਖਰੀ ਕੀਮਤ ਹੁੰਦੀ ਹੈ। ‘ਇਲੈਕਟੋਰਲ ਕਾਲਜ’ ਰਾਸ਼ਟਰਪਤੀ ਦੀ ਚੋਣ ਕਰਦਾ ਹੈ। ਰਾਸ਼ਟਰਪਤੀ ਦੀ ਚੋਣ ਜਿੱਤਣ ਲਈ ‘ਇਲੈਕਟੋਰਲ ਕਾਲਜ’ ਦੀਆਂ 538 ਵੋਟਾਂ ਹਨ। ਜਿੱਤਣ ਵਾਲੇ ਉਮੀਦਵਾਰ ਨੂੰ ਘੱਟੋ ਘੱਟ 270 ਵੋਟਾਂ ਲੈਣੀਆਂ ਪੈਂਦੀਆਂ ਹਨ। 235 ਸਾਲਾਂ ਦੇ ਅਮਰੀਕਾ ਦੇ ਇਲੈਕਟੋਰਲ ਇਤਿਹਾਸ ਵਿੱਚ ਕੋਈ ਵੀ ਇਸਤਰੀ ਰਾਸ਼ਟਰਪਤੀ ਨਹੀਂ ਚੁਣੀ ਜਾ ਸਕੀ।
ਇਸ ਚੋਣ ਵਿੱਚ 8 ਉਮੀਦਵਾਰਾਂ ਨੇ ਚੋਣ ਲੜੀ ਸੀ, ਜਿਨ੍ਹਾਂ ਵਿੱਚ ਦੋ ਪ੍ਰਮੁੱਖ ਉਮੀਦਵਾਰ ਰਿਪਬਲਿਕਨ ਪਾਰਟੀ ਦੇ 78 ਸਾਲਾ ਡੌਨਲਡ ਟਰੰਪ ਅਤੇ ਡੈਮੋਕਰੈਟਿਕ ਪਾਰਟੀ ਦੀ 60 ਸਾਲਾ ਕਮਲਾ ਹੈਰਿਸ ਸਨ। ਕਮਲਾ ਹੈਰਿਸ ਭਾਰਤੀ ਮੂਲ ਦੀ ਅਮਰੀਕਨ ਹੈ। ਉਸ ਦੇ ਮਾਪੇ ਦਿੱਲੀ ਤੇ ਨਾਨਕੇ ਭਾਰਤ ਦੇ ਤਾਮਿਲਨਾਡੂ ਰਾਜ ਦੇ ਬੁਲਾਸੇਂਦਰਾਪੁਰਮ ਦੇ ਰਹਿਣ ਵਾਲੇ ਸਨ। ਡੈਮੋਕਰੈਟਾਂ ਨੇ ਜੋ ਬਾਇਡਨ ਨੂੰ ਆਪਣਾ ਉਮੀਦਵਾਰ ਬਣਾਇਆ ਸੀ ਪ੍ਰੰਤੂ ਉਹ ਪ੍ਰੈਜ਼ੀਡੈਂਸ਼ੀਅਲ ਡੀਬੇਟ ਵਿੱਚ ਡੌਨਲਡ ਟਰੰਪ ਦਾ ਮੁਕਾਬਲਾ ਨਾ ਕਰ ਸਕਿਆ। ਇਸ ਕਰਕੇ ਜੋ ਬਾਇਡਨ ਨੇ ਡੈਮੋਕਰੈਟ ਪਾਰਟੀ ਦੇ ਦਬਾਓ ਕਰਕੇ 21 ਜੁਲਾਈ ਨੂੰ ਵਿਦਡਰਾ ਕਰ ਲਿਆ ਸੀ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਮ ਦੀ ਤਜਵੀਜ਼ ਕਰ ਦਿੱਤੀ ਸੀ। ਡੈਮੋਕਰੈਟ ਪਾਰਟੀ ਨੇ 5 ਅਗਸਤ ਨੂੰ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਦਾ ਉਮੀਦਵਾਰ ਬਣਾ ਲਿਆ।
ਪਿਛਲੀ ਵਾਰ 2 ਨਵੰਬਰ 2020 ਵਿੱਚ ਰਾਸ਼ਟਰਪਤੀ ਦੀ ਚੋਣ ਹੋਈ ਸੀ, ਜਿਸ ਵਿੱਚ ਡੋਨਲਡ ਟਰੰਪ ਨੂੰ 232 ਦੇ ਮੁਕਾਬਲੇ 306 ਵੋਟਾਂ ਨਾਲ ਹਰਾ ਕੇ ਜੋ ਬਾਇਡਨ ਰਾਸ਼ਟਰਪਤੀ ਚੁਣੇ ਗਏ ਸਨ। 2020 ਵਿੱਚ 66.1 ਫ਼ੀਸਦੀ ਤੇ ਇਸ ਵਾਰ 64.54 ਫ਼ੀਸਦੀ ਵੋਟਾਂ ਪੋਲ ਹੋਈਆਂ ਹਨ। ਅਮਰੀਕਾ ਦੇ 16.4 ਕਰੋੜ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕਰਦਿਆਂ ਰਾਸ਼ਟਰਪਤੀ ਚੁਣਿਆ ਹੈ। ਅਮਰੀਕਾ ਵਿੱਚ ਪਹਿਲੀ ਵਾਰ 1828 ਵਿੱਚ ਰਾਸ਼ਟਰਪਤੀ ਦੀ ਚੋਣ ਵਿੱਚ 57.6 ਫ਼ੀ ਸਦੀ ਵੋਟਾਂ ਪੋਲ ਹੋਈਆਂ ਸਨ। ਪ੍ਰੰਤੂ 1876 ਵਿੱਚ ਹੁਣ ਤਕ ਦੀਆਂ ਚੋਣਾਂ ਵਿੱਚ ਸਭ ਤੋਂ ਵੱਧ 88.8 ਫ਼ੀਸਦੀ ਵੋਟਾਂ ਪੋਲ ਹੋਈਆਂ ਸਨ। ਸਭ ਤੋਂ ਘੱਟ 1996 ਵਿੱਚ 49 ਫ਼ੀ ਸਦੀ ਵੋਟਾਂ ਪੋਲ ਹੋਈਆਂ ਸਨ। 2024 ਦੀਆਂ ਚੋਣਾਂ ਵਿੱਚ 49 ਫ਼ੀਸਦੀ ਡੈਮੋਕਰੈਟਿਕ ਪਾਰਟੀ ਅਤੇ 48 ਫ਼ੀਸਦੀ ਰਿਕਪਬਲਿਕਨ ਪਾਰਟੀ ਦੇ ਵੋਟਰ ਹਨ। 3 ਫ਼ੀਸਦੀ ਲਗਭਗ 49.2 ਲੱਖ ਆਜ਼ਾਦ ਵੋਟਰ ਹਨ। ਜਿੱਤ ਦਾ ਫ਼ੈਸਲਾ ਇਨ੍ਹਾਂ ਆਜ਼ਾਦ ਵੋਟਰਾਂ ਦੀਆਂ ਵੋਟਾਂ ਨਾਲ ਹੋਇਆ ਹੈ। 24 ਸਾਲ ਤਕ ਦੇ ਨੌਜਵਾਨ 49 ਫ਼ੀਸਦੀ ਵੋਟਰ ਅਤੇ 35 ਤੋਂ 50 ਸਾਲ ਤਕ ਦੇ 46 ਫ਼ੀਸਦੀ ਵੋਟਰ ਸਨ।
ਐਰੇਜ਼ੋਨਾ, ਜੌਰਜੀਆ, ਪੈਨੇਸਿਲਵੇਨੀਆ, ਨਵਾਡਾ, ਮਿਸ਼ੀਗਨ, ਨਾਰਥ ਕੌਰੋਲਾਇਨਾ ਅਤੇ ਵਿਸਕੌਨਸਿਨ ਰਿਪਬਲਿਕਨ ਦਾ ਗੜ੍ਹ ਸਮਝਿਆ ਜਾਂਦਾ ਹੈ। ਹਰ ਰਾਸ਼ਟਰਪਤੀ ਦੀ ਜਿੱਤ ਦਾ ਫ਼ੈਸਲਾ ਇਹੀ ਰਾਜ ਕਰਦੇ ਹਨ। ਇੱਥੇ ਦੋਹਾਂ ਪਾਰਟੀਆਂ ਦੇ ਉਮੀਦਵਾਰਾਂ ਦੀ ਟੱਕਰ ਫਸਵੀਂ ਹੁੰਦੀ ਹੈ। ਇਸ ਵਾਰ ਡੌਨਲਡ ਟਰੰਪ ਇਨ੍ਹਾਂ ਸੂਬਿਆਂ ਵਿੱਚ ਜਿੱਤ ਗਏ ਹਨ, ਜਿਸ ਕਰਕੇ ਉਸਦੀ ਜਿੱਤ ਵੱਡੇ ਪੱਧਰ ’ਤੇ ਹੋਈ ਹੈ।
ਅਮਰੀਕਾ ਦੀਆਂ 50 ਸਟੇਟਾਂ, ਇੱਕ ਫੈਡਰਲ ਡਿਸਟ੍ਰਿਕ (ਵਾਸ਼ਿੰਗਟਨ ਡੀ.ਸੀ) ਰਾਜਧਾਨੀ ਹੈ ਅਤੇ 5 ਮੇਜਰ ਟੈਰੋਟਰੀਜ਼ ਹਨ। ਰਾਸ਼ਟਰਪਤੀ ਦੀ ਚੋਣ ਦੇ ਨਾਲ ਹੀ ਵੋਟਰ ਸੈਨਟ ਦੇ ਮੈਂਬਰਾਂ, ਪ੍ਰਤੀਨਿਧੀ ਸਭਾ ਅਤੇ ਰਾਜਪਾਲਾਂ ਦੀ ਚੋਣ ਕੀਤੀ ਗਈ ਹੈ। ਹਰ ਸਟੇਟ ਦੋ ਸੈਨੇਟਰ ਚੁਣਦੀ ਹੈ। ਕੈਲੇਫੋਰਨੀਆਂ ਸਭ ਤੋਂ ਵੱਡੀ ਸਟੇਟ ਅਤੇ ਵਾਈਓਮਿੰਗ ਸਭ ਤੋਂ ਛੋਟੀ ਸਟੇਟ ਹੈ। ਅਮਰੀਕਾ ਦੀ ਜਨਸੰਖਿਆ 33 ਕਰੋੜ 89 ਲੱਖ 3238 ਹੈ। ਲਗਭਗ 30 ਅਹੁਦਿਆਂ ਦੀ ਇੱਕੋ ਸਮੇਂ ਚੋਣ ਹੋਈ ਹੈ। ਇਸ ਚੋਣ ਵਿੱਚ 3 ਦਰਜਨ ਭਾਰਤੀ ਮੂਲ ਦੇ ਉਮੀਦਵਾਰ ਪ੍ਰਤੀਨਿਧੀ ਸਭਾ, ਰਾਜਪਾਲ, ਸੂਬਾਈ ਵਿਧਾਇਕ, ਜੱਜ ਅਤੇ ਸਥਾਨਕ ਸਰਕਾਰਾਂ ਦੇ ਨੁਮਾਇੰਦਿਆਂ ਦੀਆਂ ਚੋਣਾਂ ਲੜੇ ਸਨ, ਇਨ੍ਹਾਂ ਵਿੱਚ ਬਹੁਤੇ ਕੈਲੇਫੋਰਨੀਆਂ ਸਟੇਟ ਵਿੱਚੋਂ ਹਨ। ਕੈਲੇਫੋਰਨੀਆਂ ਵਿੱਚ 9 ਲੱਖ ਭਾਰਤੀ ਮੂਲ ਦੇ ਅਮਰੀਕਨ ਹਨ। ਕਮਲਾ ਹੈਰਿਸ ਨੇ ਇਹ ਚੋਣ ਨੈਤਿਕਤਾ ਅਤੇ ਇਨਟੈਗਰਿਟੀ ਨੂੰ ਮੁੱਦਾ ਬਣਾਕੇ ਵੀ ਲੜੀ ਸੀ। ਡੌਨਲਡ ਟਰੰਪ ਨੇ ਇਸ ਚੋਣ ਵਿੱਚ ਅਭੱਦਰ ਸ਼ਬਦਾਵਲੀ ਵਰਤੀ ਹੈ। ਇੱਥੋਂ ਤਕ ਕਿ ਮੂਰਖ ਵੀ ਕਿਹਾ ਹੈ। ਉਸਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ’ਤੇ ਭਾਰਤੀ ਮੂਲ ਦੇ ਅਮਰੀਕਨਾਂ ਤੋਂ ਵੋਟਾਂ ਵੀ ਮੰਗੀਆਂ ਸਨ। ਉਸਨੇ ਨਸਲੀ ਪੱਤਾ ਵੀ ਖੇਡਿਆ ਸੀ, ਜਿਹੜਾ ਉਸ ਨੂੰ ਰਾਸ ਆ ਗਿਆ।
2020 ਵਿੱਚ ਵੀ ਡੌਨਲਡ ਟਰੰਪ ਦੀ ਮਦਦ ਕਰਨ ਲਈ ਨਰਿੰਦਰ ਮੋਦੀ ਨੇ ਭਾਰਤੀ ਮੂਲ ਦੇ ਅਮਰੀਕਨਾਂ ਦੀ ਰੈਲੀ ਕਰਕੇ ਟਰੰਪ ਲਈ ਵੋਟਾਂ ਮੰਗੀਆਂ ਸਨ। ਕਮਲਾ ਹੈਰਿਸ ਨੇ ਵੀ ਟਰੰਪ ਨੂੰ ਅਮਰੀਕਾ ਲਈ ਖ਼ਤਰਨਾਕ ਵਿਅਕਤੀ ਕਿਹਾ ਸੀ। ਡੌਨਲਡ ਟਰੰਪ ਨੇ ਦੂਜੀ ਵਾਰ ਚੋਣ ਲੜੀ ਹੈ। ਪਹਿਲੀ ਵਾਰ ਉਹ 2017 ਵਿੱਚ ਰਾਸ਼ਟਰਪਤੀ ਚੁਣਿਆ ਗਿਆ ਸੀ। ਅਮਰੀਕਾ ਦੇ ਇਤਿਹਾਸ ਵਿੱਚ ਉਹ ਫਰੈਂਕਲਿਨ ਡੀਲੈਨੋ ਰੂਜ਼ਵੈਲਟ ਤੋਂ ਬਾਅਦ ਦੂਜਾ ਰਾਸ਼ਟਰਪਤੀ ਹੈ, ਜਿਹੜਾ ਅਪਰਾਧਿਕ ਕੇਸਾਂ ਦੇ ਬਾਵਜੂਦ ਵੱਡੇ ਅੰਤਰ ਨਾਲ ਜਿੱਤਿਆ ਹੈ। ਉਸ ਨੂੰ ਦੋ ਵਾਰ 2019 ਅਤੇ 2021 ਵਿੱਚ ਇੰਪੀਚ ਵੀ ਕੀਤਾ ਗਿਆ ਸੀ। ਇਹ ਚੋਣ ਵਿਵਾਦਤ ਤੇ ਵਿਅਕਤੀਗਤ ਵੀ ਰਹੀ ਕਿਉਂਕਿ ਦੋਵੇਂ ਉਮੀਦਵਾਰ ਇੱਕ ਦੂਜੇ ਬਾਰੇ ਅਣਸੁਖਾਵੀਆਂ ਟਿੱਪਣੀਆਂ ਕਰਦੇ ਰਹੇ। ਪਹਿਲੀ ਵਾਰ ਦੋਹਾਂ ਉਮੀਦਵਾਰਾਂ ਦਾ ਅੱਡੀ ਤੋਂ ਚੋਟੀ ਦਾ ਜ਼ੋਰ ਲੱਗਿਆ ਰਿਹਾ। ਅਮਰੀਕਾ ਦੀ ਵੋਟਿੰਗ ਪ੍ਰਣਾਲੀ ਦੀ ਖਾਸੀਅਤ ਹੈ ਕਿ ਚੋਣ ਸਮੇਂ ਇੱਥੇ ਕੋਈ ਬੂਥ ਨਹੀਂ ਲੱਗਦੇ ਅਤੇ ਨਾ ਹੀ ਚੋਣ ਵਾਲੇ ਦਿਨ ਕਿਸੇ ਨੂੰ ਵੋਟ ਪਾਉਣ ਦੀ ਬੇਨਤੀ ਕੀਤੀ ਜਾਂਦੀ ਹੈ। ਕੋਈ ਭੀੜ ਭੜੱਕਾ ਨਹੀਂ ਸੀ। ਸਾਰਾ ਕੰਮ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹ ਗਿਆ। ਵੋਟਾਂ ਦੀ ਗਿਣਤੀ ਹਰ ਰਾਜ ਵਿੱਚ ਹੁੰਦੀ ਹੈ। ਅੱਧੀਆਂ ਵੋਟਾਂ ਡਾਕ ਰਾਹੀਂ ਪੋਲ ਹੋਈਆਂ ਹਨ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5426)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)