UjagarSingh7ਇਕੱਲੇ ਕਿਸਾਨ ਹੀ ਹਵਾ ਨੂੰ ਗੰਧਲਾ ਕਰਨ ਦੇ ਜ਼ਿੰਮੇਵਾਰ ਨਹੀਂ, ਸਨਅਤਕਾਰ ਵੀ ਬਰਾਬਰ ਦੇ ...
(29 ਅਕਤੂਬਰ 2017)

 

ਪੰਜਾਬ ਨੂੰ ਦੇਸ਼ ਦੇ ਬਾਕੀ ਰਾਜਾਂ ਨਾਲੋਂ ਵਿਕਸਤ ਰਾਜ ਗਿਣਿਆ ਜਾਂਦਾ ਹੈ। ਪੜ੍ਹਾਈ ਦੇ ਲਿਹਾਜ ਨਾਲ ਵੀ ਬਿਹਤਰ ਸਮਝਿਆ ਜਾਂਦਾ ਹੈ ਪ੍ਰੰਤੂ ਪੰਜਾਬ ਦੇ ਲੋਕ ਵਾਤਵਰਣ ਨੂੰ ਸਾਫ਼ ਸੁਥਰਾ ਰੱਖਣ ਵਿਚ ਆਪਣੀ ਜ਼ਿੰਮੇਵਾਰੀ ਸਮਝਣ ਵਿਚ ਅਸਮਰੱਥ ਸਾਬਤ ਹੋ ਰਹੇ ਹਨ। ਅਸਲ ਵਿਚ ਪੰਜਾਬੀ ਉੱਦਮੀ ਹੋਣ ਕਰਕੇ ਆਪੋ ਆਪਣੇ ਵਿਉਪਾਰ ਵਿਚ ਮੁਨਾਫ਼ੇ ਲੈਣ ਦੇ ਚੱਕਰ ਵਿਚ ਮੋਹਰੀ ਬਣਦੇ ਜਾ ਰਹੇ ਹਨ। ਆਪਣੀ ਸਮਾਜਿਕ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ, ਜਿਸ ਕਰਕੇ ਪ੍ਰਦੂਸ਼ਣ ਖ਼ਤਮ ਕਰਨ ਵਿਚ ਦਿਲਚਸਪੀ ਨਹੀਂ ਲੈ ਰਹੇ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਪੰਜਾਬ ਦੇ ਲੋਕ ਆਪਣੇ ਭਵਿੱਖ ਲਈ ਸੰਜੀਦਾ ਨਹੀਂ ਹੋਏ।

ਇਕੱਲੇ ਚੰਡੀਗੜ੍ਹ ਦੇ ਹਸਪਤਾਲਾਂ ਵਿਚ ਪਟਾਕਿਆਂ ਨਾਲ ਜਲਣ ਦੇ 141 ਕੇਸ ਰਿਪੋਰਟ ਹੋਏ ਹਨ। ਨਿਸਚਿਤ ਸਮੇਂ ਤੋਂ ਬਾਅਦ ਵੀ ਲੋਕ ਪਟਾਕੇ ਚਲਾਉਂਦੇ ਰਹੇਪੰਜਾਬ ਪ੍ਰਦੂਸ਼ਣ ਬੋਰਡ ਮੁਤਾਬਿਕ ਹਵਾ ਦਾ ਪ੍ਰਦੂਸ਼ਣ ਏਅਰ ਕੁਆਲਿਟੀ ਇੰਡੈਕਸ ਆਮ ਹੀ ਜ਼ਿਆਦਾ ਰਹਿੰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਸਿਆਸਤਦਾਨਾਂ ਨਾਲੋਂ ਸੁਪਰੀਮ ਕੋਰਟ ਆਪਣੀ ਜ਼ਿੰਮੇਵਾਰੀ ਜ਼ਿਆਦਾ ਸਮਝ ਰਿਹਾ ਹੈ। ਸਿਆਸਤਦਾਨ ਵੋਟਾਂ ਦੀ ਰਾਜਨੀਤੀ ਕਰਕੇ ਸਹੀ ਫ਼ੈਸਲੇ ਲੈਣ ਤੋਂ ਕੰਨੀ ਕਤਰਾਉਂਦੇ ਹਨ। ਦੀਵਾਲੀ ਵਾਲੇ ਦਿਨ ਪਰਾਲੀ ਸਾੜਨ ਦੀਆਂ 1188 ਘਟਨਾਵਾਂ ਹੋਈਆਂ ਹਨ। ਲਾਨਸੈਟ ਮੈਡੀਕਲ ਜਨਰਲ ਦੀ ਰਿਪੋਰਟ ਅਨੁਸਾਰ 2015 ਵਿਚ ਦੁਨੀਆਂ ਵਿਚ ਪ੍ਰਦੂਸ਼ਣ ਨਾਲ 90 ਲੱਖ ਲੋਕ ਮਰੇ ਹਨ, ਇਨ੍ਹਾਂ ਵਿੱਚੋਂ 25 ਲੱਖ ਭਾਰਤੀ ਸਨ। ਭਾਵੇਂ ਪੰਜਾਬ ਨੂੰ ਦੇਸ਼ ਦਾ ਖ਼ੁਸ਼ਹਾਲ ਰਾਜ ਗਿਣਿਆ ਜਾਂਦਾ ਹੈ ਪਰ ਪੰਜਾਬ ਦੇ ਲੋਕ ਆਪਣੀ ਅਤੇ ਆਪਣੇ ਬੱਚਿਆਂ ਦੀ ਸਿਹਤ ਬਾਰੇ ਬਹੁਤੇ ਸੁਚੇਤ ਨਹੀਂ ਹਨ। ਸਾਡੇ ਦੇਸ਼ ਦੇ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਵੀ ਸਿਹਤ ਪੱਖੀ ਨਹੀਂ ਹਨ। ਇਸੇ ਕਰਕੇ ਦੇਸ਼ ਵਿਚਲਾ ਹਰ ਤਰ੍ਹਾਂ ਦਾ ਪ੍ਰਦੂਸ਼ਣ ਭਾਰਤ ਦੇ ਭਵਿੱਖ ਲਈ ਖ਼ਤਰਨਾਕ ਸਾਬਤ ਹੋ ਰਿਹਾ ਹੈ।

ਭਾਰਤ ਨੂੰ ਸਵੱਛ ਰੱਖਣ ਲਈ ਸਵੱਛ ਭਾਰਤ ਦੀ ਮੁਹਿੰਮ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ। ਆਮ ਲੋਕਾਂ ਨੂੰ ਵਾਤਵਰਨ ਨੂੰ ਸਾਫ਼ ਸੁਥਰਾ ਰੱਖਣ ਦੀ ਪ੍ਰੇਰਨਾ ਦਿੱਤੀ ਜਾ ਰਹੀ ਹੈ। ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ, ਰਾਜਾਂ ਦੇ ਮੁੱਖ ਮੰਤਰੀ, ਮੰਤਰੀ ਸਾਹਿਬਾਨ ਅਤੇ ਹੋਰ ਪਤਵੰਤੇ ਵਿਅਕਤੀ ਖ਼ੁਦ ਝਾੜੂ ਨਾਲ ਸਫਾਈ ਕਰਕੇ ਇਸ ਮੁਹਿੰਮ ਨੂੰ ਤੇਜ਼ ਕਰ ਰਹੇ ਹਨ। ਭਾਵੇਂ ਇਨ੍ਹਾਂ ਪਤਵੰਤੇ ਵਿਅਕਤੀਆਂ ਨੇ ਆਪੋ ਆਪਣੇ ਘਰਾਂ ਵਿਚ ਕਦੀ ਵੀ ਸਫ਼ਾਈ ਨਹੀਂ ਕੀਤੀ ਹੁੰਦੀ ਅਤੇ ਨਾ ਹੀ ਉਨ੍ਹਾਂ ਤੋਂ ਆਸ ਕੀਤੀ ਜਾ ਸਕਦੀ ਹੈ। ਨੇਤਾਵਾਂ ਨੂੰ ਆਪਣੇ ਅੰਦਰਲੇ ਪ੍ਰਦੂਸ਼ਣ ਨੂੰ ਖ਼ਤਮ ਕਰਨਾ ਚਾਹੀਦਾ ਹੈ ਫਿਰ ਸਾਰੇ ਪ੍ਰਦੂਸ਼ਣ ਖਤਮ ਹੋ ਜਾਣਗੇ। ਪ੍ਰਦੂਸ਼ਣ ਕਈ ਪ੍ਰਕਾਰ ਦਾ ਹੁੰਦਾ ਹੈ। ਮਿਲਾਵਟ ਅਤੇ ਭ੍ਰਿਸ਼ਟਾਚਾਰ ਦਾ ਦੂਜਾ ਨਾਮ ਹੀ ਪ੍ਰਦੂਸ਼ਣ ਹੋ ਸਕਦਾ ਹੈ। ਇਹ ਸਮਾਜਿਕ ਬਿਮਾਰੀਆਂ ਸਮਾਜ ਨੂੰ ਘੁਣ ਵਾਂਗ ਚਿੰਬੜੀਆਂ ਹੋਈਆਂ ਹਨ। ਆਮ ਤੌਰ ’ਤੇ ਪ੍ਰਦੂਸ਼ਣ ਹਵਾ ਅਤੇ ਪਾਣੀ ਦਾ ਹੀ ਸਮਝਿਆ ਜਾਂਦਾ ਹੈ। ਖਾਣ ਪੀਣ ਦੀਆਂ ਵਸਤਾਂ ਵਿਚ ਮਿਲਾਵਟ ਅਤੇ ਕੀਟਨਾਸ਼ਕ ਦਵਾਈਆਂ ਵੀ ਇਕ ਕਿਸਮ ਨਾਲ ਪ੍ਰਦੂਸ਼ਣ ਹੀ ਹਨ ਕਿਉਂਕਿ ਜਿਹੜਾ ਵੀ ਪ੍ਰਾਣੀ ਇਨ੍ਹਾਂ ਦੀ ਵਰਤੋਂ ਨਾਲ ਬਣੀਆਂ ਜਾਂ ਪੈਦਾ ਕੀਤੀਆਂ ਵਸਤਾਂ ਨੂੰ ਖਾਵੇਗਾ, ਉਹ ਹਰ ਹਾਲਤ ਵਿਚ ਕਿਸੇ ਨਾ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਹੋਵੇਗਾ।

ਸਭ ਤੋਂ ਪਹਿਲਾਂ ਹਵਾ ਦੇ ਪ੍ਰਦੂਸ਼ਣ ਦੀ ਗੱਲ ਕਰਦੇ ਹਾਂ। ਹਰ ਪ੍ਰਾਣੀ ਨੂੰ ਜ਼ਿੰਦਾ ਰਹਿਣ ਲਈ ਹਵਾ ਦੀ ਜ਼ਰੂਰਤ ਹੁੰਦੀ ਹੈ। ਹਵਾ ਨੂੰ ਸਾਫ਼ ਰੱਖਣ ਵਿਚ ਰੁੱਖ ਅਤੇ ਪੌਦੇ ਮਹੱਤਵਪੂਰਣ ਯੋਗਦਾਨ ਪਾਉਂਦੇ ਹਨ। ਹਵਾ ਵਿਚ ਮਿਲਾਵਟ ਮਿੱਟੀ ਘੱਟਾ ਅਤੇ ਧੂੰਆਂ ਕਰਦੇ ਹਨ। ਸਾਡੇ ਦੇਸ਼ ਵਿਚ ਮਿੱਟੀ ਘੱਟਾ ਰੋਕਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ। ਹੁਣ ਤੱਕ ਧੂੰਏਂ ਵਲ ਵੀ ਕਿਸੇ ਨੇ ਧਿਆਨ ਨਹੀਂ ਦਿੱਤਾ। ਹਵਾ ਨੂੰ ਸਾਫ਼ ਸੁਥਰਾ ਰੱਖਣ ਵਿਚ ਸਮਾਜ ਵਿਸ਼ੇਸ਼ ਯੋਗਦਾਨ ਪਾ ਸਕਦਾ ਹੈ। ਹਵਾ ਨੂੰ ਗੰਧਲਾ ਹੋਣ ਤੋਂ ਰੋਕਣ ਲਈ ਸਮੁੱਚੇ ਸਮਾਜ ਨੂੰ ਹਿੱਸਾ ਪਾਉਣਾ ਚਾਹੀਦਾ ਹੈ। ਪੁਰਾਤਨ ਜ਼ਮਾਨੇ ਵਿਚ ਖਾਣਾ ਬਣਾਉਣ ਅਤੇ ਪਕਾਉਣ ਲਈ ਲਕੜਾਂ ਦੀ ਹੀ ਵਰਤੋਂ ਕੀਤੀ ਜਾਂਦੀ ਸੀ, ਜਿਸ ਕਰਕੇ ਸਭ ਤੋਂ ਪਹਿਲਾ ਅਸਰ ਖਾਣਾ ਬਣਾਉਣ ਵਾਲੀਆਂ ਇਸਤਰੀਆਂ ਉੱਪਰ ਪੈਂਦਾ ਸੀ। ਉਨ੍ਹਾਂ ਦੀਆਂ ਅੱਖਾਂ ਦੀ ਨਜ਼ਰ ਖਰਾਬ ਹੋ ਜਾਂਦੀ ਸੀ। ਅੱਖਾਂ ਵਿਚ ਕੁਕਰੇ ਹੋ ਜਾਂਦੇ ਸਨ। ਆਮ ਤੌਰ ’ਤੇ ਘਰ ਦੇ ਮੈਂਬਰ ਵੀ ਰਸੋਈ ਵਿਚ ਚੌਂਤਰੇ ਤੇ ਬੈਠਕੇ ਚੁੱਲ੍ਹੇ ਦੇ ਮੂਹਰੇ ਹੀ ਖਾਣਾ ਖਾਂਦੇ ਸਨ, ਜਿਸ ਕਰਕੇ ਸਾਰੇ ਪਰਿਵਾਰ ਦੀਆਂ ਅੱਖਾਂ ਉੱਪਰ ਧੂੰਏਂ ਦਾ ਮਾੜਾ ਅਸਰ ਪੈਂਦਾ ਸੀ। ਪ੍ਰੰਤੂ ਆਧੁਨਿਕ ਤਕਨਾਲੋਜੀ ਦੇ ਆਉਣ ਨਾਲ ਖਾਣਾ ਪਕਾਉਣ ਦਾ ਕੰਮ ਰਸੋਈ ਗੈਸ ਨਾਲ ਕੀਤਾ ਜਾਂਦਾ ਹੈ, ਜਿਸ ਨਾਲ ਹਵਾ ਗੰਧਲੀ ਨਹੀਂ ਹੁੰਦੀ। ਫਿਰ ਵੀ ਭਾਰਤ ਗਰੀਬ ਦੇਸ ਹੋਣ ਕਰਕੇ ਅਜੇ ਬਹੁਤ ਸਾਰੇ ਲੋਕ ਖਾਣਾ ਬਣਾਉਣ ਅਤੇ ਹੋਰ ਚੀਜ਼ਾਂ ਪਕਾਉਣ ਲਈ ਲੱਕੜਾਂ ਦੀ ਹੀ ਵਰਤੋਂ ਕਰਦੇ ਹਨ।

ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕੰਮਾਂ ਲਈ ਲੱਕੜ ਨੂੰ ਜਾਲ ਕੇ ਕੰਮ ਕੀਤਾ ਜਾਂਦਾ ਹੈ। ਸਨਅਤਾਂ ਵਿਚਲੇ ਧੂੰਏਂ ਨਾਲ ਵੀ ਹਵਾ ਪ੍ਰਦੂਸ਼ਤ ਹੁੰਦੀ ਹੈ। ਇਸ ਲਈ ਅਜੇ ਵੀ ਸਾਡੀ ਹਵਾ ਗੰਧਲੀ ਹੁੰਦੀ ਹੈ, ਜਿਸ ਕਰਕੇ ਅਨੇਕਾਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗੰਧਲੀ ਹਵਾ ਕਰਕੇ ਸਾਹ ਲੈਣ ਵਿਚ ਤਕਲੀਫ਼ ਹੁੰਦੀ ਹੈ। ਦਮੇ ਦੀ ਬੀਮਾਰੀ ਵਾਲਿਆਂ ਲਈ ਗੰਧਲੀ ਹਵਾ ਬਹੁਤ ਖ਼ਤਰਨਾਕ ਹੁੰਦੀ ਹੈ। ਖ਼ੂਨ ਸਾਫ ਕਰਨ ਲਈ ਆਕਸੀਜਨ ਦੀ ਲੋੜ ਹੁੰਦੀ ਹੈ, ਜੇਕਰ ਸਾਹ ਲੈਣ ਲਈ ਜਿਹੜੀ ਹਵਾ ਸਾਡੇ ਅੰਦਰ ਜਾਂਦੀ ਹੈ ਉਹ ਗੰਧਲੀ ਹੋਵੇਗੀ ਤਾਂ ਕੁਦਰਤੀ ਹੈ ਕਿ ਖ਼ੂਨ ਸਾਫ਼ ਹੋਣ ਵਿਚ ਮੁਸ਼ਕਿਲ ਹੁੰਦੀ ਹੈ। ਇਸ ਲਈ ਸਾਨੂੰ ਆਪਣੇ ਭਵਿੱਖ ਨੂੰ ਬਚਾਉਣ ਲਈ ਹਵਾ ਨੂੰ ਪ੍ਰਦੂਸ਼ਤ ਕਰਨ ਵਾਲੇ ਕੰਮ ਕਰਨ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਅਜਿਹਾ ਕੋਈ ਕਦਮ ਨਹੀਂ ਚੁੱਕਣਾ ਚਾਹੀਦਾ ਜਿਸ ਨਾਲ ਹਵਾ ਗੰਧਲੀ ਹੋਵੇ। ਕਿਸਾਨ ਆਮ ਤੌਰ ’ਤੇ ਜੀਰੀ ਦੀ ਰਹਿੰਦ ਖੂੰਹਦ ਨੂੰ ਸਾੜ ਦਿੰਦੇ ਹਨ, ਜਿਸ ਨਾਲ ਜ਼ਹਿਰੀਲਾ ਧੂੰਆਂ ਪੈਦਾ ਹੁੰਦਾ ਹੈ ਅਤੇ ਹਵਾ ਗੰਧਲੀ ਹੋ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਫਸਲਾਂ ਲਈ ਲਾਹੇਬੰਦ ਮਿੱਤਰ ਕੀੜੇ ਵੀ ਮਰ ਜਾਂਦੇ ਹਨ, ਜਿਸਦਾ ਅਸਰ ਜ਼ਮੀਨ ਦੀ ਉਪਜਾਊ ਸ਼ਕਤੀ ਉੱਪਰ ਵੀ ਪੈਂਦਾ ਹੈ। ਸਰਕਾਰ ਕਿਸਾਨਾਂ ਨੂੰ ਅਜਿਹਾ ਕਰਨ ਤੋਂ ਗੁਰਜ਼ ਕਰਨ ਦੀ ਸਲਾਹ ਦਿੰਦੀ ਹੈ। ਗਰੀਨ ਟਰਬਿਊਨਲ ਨੇ ਵੀ ਬੰਦਸ਼ਾਂ ਲਗਾਈਆਂ ਹਨ ਜੋ ਕਿਸਾਨੀ ਲਈ ਲਾਹੇਬੰਦ ਹਨ ਪ੍ਰੰਤੂ ਕੁਝ ਕਿਸਾਨ ਸੰਸਥਾਵਾਂ ਅਤੇ ਨੇਤਾ ਇਸ ਦਾ ਵਿਰੋਧ ਕਰਕੇ ਕਿਸਾਨਾਂ ਨੂੰ ਉਕਸਾਉਂਦੇ ਹਨ। ਇਸ ਲਈ ਕਿਸਾਨਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਬਿਆਨ ਦੇ ਦਿੱਤਾ ਕਿ ਜੀਰੀ ਦੀ ਰਹਿੰਦ ਖੂੰਹਦ ਨੂੰ ਸਾੜਨ ਵਾਲੇ ਕਿਸਾਨਾਂ ਵਿਰੁਧ ਕੇਸ ਰਜਿਸਟਰ ਨਹੀਂ ਕੀਤੇ ਜਾਣਗੇ, ਜਿਸਨੇ ਬਲਦੀ ਉੱਪਰ ਤੇਲ ਦਾ ਕੰਮ ਕੀਤਾ ਹੈ। ਕਿਸਾਨਾਂ ਨੇ ਫਟਾਫਟ ਪਰਾਲੀ ਸਾੜਨੀ ਸ਼ੁਰੂ ਕਰ ਦਿੱਤੀ ਜਿਸ ਨਾਲ ਹਵਾ ਜ਼ਹਿਰੀਲੀ ਹੋ ਗਈ। ਧੂੰਏਂ ਨਾਲ ਕਿਸਾਨਾਂ ਦੇ ਬੱਚਿਆਂ ਦੀ ਸਿਹਤ ਉੱਪਰ ਵੀ ਮਾੜਾ ਅਸਰ ਪੈਂਦਾ ਹੈ। ਅਨੇਕਾਂ ਬਿਮਾਰੀਆਂ ਲਗਦੀਆਂ ਹਨ। ਇਸ ਲਈ ਕਿਸਾਨਾਂ ਨੂੰ ਸਰਕਾਰ ਦੀ ਸਲਾਹ ਮੰਨਣੀ ਚਾਹੀਦੀ ਹੈ। ਜੀਰੀ ਦੀ ਰਹਿੰਦ ਖੂੰਹਦ ਦਾ ਯੋਗ ਪ੍ਰਬੰਧ ਕਰਨ ਵਿਚ ਸਰਕਾਰ ਨੂੰ ਕਿਸਾਨਾਂ ਦਾ ਸਹਾਈ ਹੋਣਾ ਚਾਹੀਦਾ ਹੈ। ਰਹਿੰਦ ਖੂੰਹਦ ਨੂੰ ਹਰੀ ਖਾਦ ਦੇ ਤੌਰ ’ਤੇ ਵਰਤਣ ਲਈ ਸਸਤੀਆਂ ਦਰਾਂ ਉੱਪਰ ਖੇਤੀ ਦੇ ਸੰਦ ਮੁਹੱਈਆ ਕਰਵਾਉਣੇ ਚਾਹੀਦੇ ਹਨ, ਫਿਰ ਕਿਸਾਨ ਆਪ ਹੀ ਹਰੀ ਖਾਦ ਬਣਾਉਣ ਲੱਗ ਜਾਣਗੇ। ਕਿਸਾਨਾਂ ਨੂੰ ਵੀ ਸਰਕਾਰ ਦੀਆਂ ਆਰਥਿਕ ਸਮੱਸਿਆਵਾਂ ਨੂੰ ਸਮਝਦੇ ਹੋਏ ਸਹਿਯੋਗ ਦੇਣਾ ਚਾਹੀਦਾ ਹੈ। ਰਹਿੰਦ ਖੂੰਹਦ ਨੂੰ ਅੱਗ ਦੀ ਭੇਂਟ ਨਹੀਂ ਚਾੜ੍ਹਨਾ ਚਾਹੀਦਾ ਕਿਉਂਕਿ ਅਜਿਹਾ ਕਰਨ ਨਾਲ ਕਈ ਅਲਾਮਤਾਂ ਅਸੀਂ ਆਪ ਹੀ ਸਹੇੜ ਲੈਂਦੇ ਹਾਂ। ਜੀਰੀ ਦੀ ਰਹਿੰਦ ਖੂੰਹਦ ਨੂੰ ਹਰੀ ਖਾਦ ਵਿਚ ਬਦਲਣ ਲਈ ਆਉਣ ਵਾਲੇ ਖ਼ਰਚ ਨਾਲੋਂ ਬਿਮਾਰੀਆਂ ਦੇ ਇਲਾਜ ਉੱਪਰ ਜ਼ਿਆਦਾ ਖ਼ਰਚਾ ਆਉਂਦਾ ਹੈ ਕਿਉਂਕਿ ਡਾਕਟਰੀ ਸਹਾਇਤਾ ਵੀ ਵਿਉਪਾਰ ਬਣਕੇ ਵੱਡੇ ਸਰਮਾਏਦਾਰਾਂ ਦੇ ਹੱਥ ਆ ਗਈ ਹੈ। ਉਹ ਆਪਣੇ ਵਿਉਪਾਰ ਵਿਚ ਲਾਭ ਹਾਨੀ ਦੀ ਗੱਲ ਕਰਦੇ ਹਨ।

ਸਵੱਛ ਭਾਰਤ ਦੀ ਮੁਹਿੰਮ ਚਲਾਉਣ ਵਾਲਿਆਂ ਨੂੰ ਵੀ ਨਿਗਰਾਨੀ ਕਰਨੀ ਚਾਹੀਦੀ ਹੈ ਕਿ ਜਿਹੜਾ ਕੂੜਾ ਕਰਕਟ ਖੁੱਲ੍ਹੇ ਮੈਦਾਨਾਂ ਵਿਚ ਪਿਆ ਹੁੰਦਾ ਹੈ, ਉਸ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ। ਉਨ੍ਹਾਂ ਲੋਕਾਂ ਨੂੰ ਵੀ ਕਾਨੂੰਨੀ ਸ਼ਿਕੰਜੇ ਵਿਚ ਲੈਣਾ ਚਾਹੀਦਾ ਹੈ, ਜਿਹੜੇ ਕੂੜੇ ਕਰਕਟ ਨੂੰ ਅੱਗ ਲਗਾਉਂਦੇ ਹਨ।

ਇਕੱਲੇ ਕਿਸਾਨ ਹੀ ਹਵਾ ਨੂੰ ਗੰਧਲਾ ਕਰਨ ਦੇ ਜ਼ਿੰਮੇਵਾਰ ਨਹੀਂ, ਸਨਅਤਕਾਰ ਵੀ ਬਰਾਬਰ ਦੇ ਭਾਗੀਦਾਰ ਹਨ, ਜਿਹੜੇ ਆਪਣੀਆਂ ਸਨਅਤਾਂ ਵਿਚ ਟਰੀਟਮੈਂਟ ਪਲਾਂਟ ਨਹੀਂ ਲਗਵਾਉਂਦੇ। ਇੱਟਾਂ ਬਣਾਉਣ ਵਾਲੇ ਭੱਠੇ ਵੀ ਹਵਾ ਗੰਧਲੀ ਕਰਦੇ ਹਨ ਕਿਉਂਕਿ ਇੱਟਾਂ ਕੋਲੇ ਨਾਲ ਪਕਾਈਆਂ ਜਾਂਦੀਆਂ ਹਨ। ਜਿਹੜੇ ਨਰੇਗਾ ਮਜ਼ਦੂਰ ਸਫਾਈ ਕਰਦੇ ਹਨ, ਉਹ ਵੀ ਸਫਾਈ ਕਰਕੇ ਕੂੜੇ ਕਰਕਟ ਨੂੰ ਅੱਗ ਲਗਾ ਦਿੰਦੇ ਹਨਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਵੀ ਅਜਿਹਾ ਕਰਨ ਤੋਂ ਰੋਕੇ।

ਗੱਲ ਇੱਥੇ ਮੁੱਕਦੀ ਹੈ ਕਿ ਸਾਨੂੰ ਭਾਰਤ ਵਾਸੀਆਂ ਨੂੰ ਆਪਣੀ ਸੋਚ ਬਦਲਣੀ ਪਵੇਗੀ ਤਾਂ ਹੀ ਅਸੀਂ ਨਰੋਆ ਅਤੇ ਸਿਹਤਮੰਦ ਸਮਾਜ ਸਥਾਪਤ ਕਰ ਸਕਾਂਗੇ।

*****

(878)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author