“ਇੱਥੇ ਕੋਈ ਵੀ ਆਈ ਪੀ ਕਲਚਰ ਨਹੀਂ ਹੁੰਦਾ, ਸਾਰੇ ਸ਼ਹਿਰੀ ਬਰਾਬਰ ਹੁੰਦੇ ਹਨ ...”
(4 ਜੁਲਾਈ 2019)
ਮੈਂ ਲਗਭਗ ਹਰ ਸਾਲ ਗਰਮੀਆਂ ਵਿੱਚ ਅਮਰੀਕਾ ਆਪਣੇ ਸਪੁੱਤਰ ਕੋਲ ਜਾਂਦਾ ਰਹਿੰਦਾ ਹਾਂ। ਅਮਰੀਕਾ 4 ਜੁਲਾਈ 1776 ਨੂੰ ਆਜ਼ਾਦ ਹੋਇਆ ਸੀ। ਉਦੋਂ ਤੋਂ ਹੀ ਆਜ਼ਾਦੀ ਦਿਵਸ 4 ਜੁਲਾਈ ਨੂੰ ਮਨਾਇਆ ਜਾਂਦਾ ਹੈ। ਹਰ ਸਾਲ ਮੈਂਨੂੰ ਵੀ ਆਜ਼ਾਦੀ ਦੇ ਉਨ੍ਹਾਂ ਜਸ਼ਨਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਦਾ ਰਹਿੰਦਾ ਹੈ। ਉੱਥੋਂ ਦੇ ਕਈ ਛੋਟੇ, ਵੱਡੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਆਜ਼ਾਦੀ ਦਿਵਸ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਇਤਫਾਕ ਹੋਇਆ ਹੈ। ਉੱਥੋਂ ਦੇ ਲੋਕਾਂ ਵਿੱਚ ਆਜ਼ਾਦੀ ਦਿਵਸ ਮਨਾਉਣ ਲਈ ਵਿਲੱਖਣ ਕਿਸਮ ਦਾ ਉਤਸ਼ਾਹ ਹੁੰਦਾ ਹੈ। ਆਜ਼ਾਦੀ ਦੇ ਸਮਾਗਮਾਂ ਨੂੰ ਉਹ ਲੋਕ ਆਪਣੇ ਨਿੱਜੀ ਸਮਾਗਮਾਂ ਦੀ ਤਰ੍ਹਾਂ ਮਹਿਸੂਸ ਕਰਦੇ ਹਨ। ਸਰਕਾਰ ਵੱਲੋਂ ਇਹ ਦਿਨ ਮਨਾਉਣ ਲਈ ਲੋਕਾਂ ਉੱਤੇ ਸਮਾਗਮਾਂ ਵਿੱਚ ਆਉਣ ਲਈ ਕੋਈ ਦਬਾਅ ਨਹੀਂ ਹੁੰਦਾ। ਇਸ ਦਿਨ ਦੀ ਲਗਭਗ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਛੁੱਟੀ ਹੁੰਦੀ ਹੈ। ਲੋਕ ਇਸ ਸਰਕਾਰੀ ਅਤੇ ਗੈਰ ਸਰਕਾਰੀ ਛੁੱਟੀ ਦਾ ਕਿਸੇ ਹੋਰ ਕੰਮ ਲਈ ਉਪਯੋਗ ਜਾਂ ਦੁਰਉਪਯੋਗ ਨਹੀਂ ਕਰਦੇ, ਉਹ ਤਾਂ ਸਗੋਂ ਅਜਿਹੇ ਸਮਾਗਮਾਂ ਦਾ ਸਾਲ ਤੋਂ ਇੰਤਜ਼ਾਰ ਕਰਦੇ ਰਹਿੰਦੇ ਹਨ।
ਉਨ੍ਹਾਂ ਦੇ ਸਮਾਗਮ ਕਿਸੇ ਇੱਕ ਵਿਸ਼ੇਸ ਵਿਅਕਤੀ ਦੇ ਮੁੱਖ ਮਹਿਮਾਨ ਬਣਨ ਅਤੇ ਸਰਕਾਰੀ ਤੌਰ ’ਤੇ ਮਨਾਉਣ ਤੱਕ ਸੀਮਤ ਨਹੀਂ ਹੁੰਦੇ। ਆਜ਼ਾਦੀ ਦਿਵਸ ਦੇ ਸਮਾਗਮਾਂ ਵਿੱਚ ਤਾਂ ਹਰ ਆਮ ਅਤੇ ਖਾਸ ਵਿਅਕਤੀ ਸ਼ਾਮਲ ਹੋ ਸਕਦਾ ਹੈ ਅਤੇ ਉਹ ਸ਼ਾਮਲ ਵੀ ਹੁੰਦਾ ਹੈ। ਉਨ੍ਹਾਂ ਦੇ ਬੈਠਣ ਲਈ ਕੋਈ ਖਾਸ ਸਟੇਜ ਨਹੀਂ ਬਣਾਈ ਜਾਂਦੀ। ਹਰ ਵਿਅਕਤੀ ਬੈਠਣ ਲਈ ਆਪਣੀ ਕੁਰਸੀ, ਦਰੀ ਅਤੇ ਛਾਂ ਲਈ ਛਤਰੀ ਲੈ ਕੇ ਜਾਂਦਾ ਹੈ। ਜਿਵੇਂ ਉਹ ਲੋਕ ਕੈਂਪਿੰਗ ’ਤੇ ਜਾਂਦੇ ਹਨ, ਉਸੇ ਤਰ੍ਹਾਂ ਆਪਣਾ ਸਾਰਾ ਸਾਮਾਨ ਨਾਲ ਲੈ ਕੇ ਜਾਂਦੇ ਹਨ। ਜਿਸ ਸ਼ਹਿਰ, ਕਸਬੇ ਅਤੇ ਪਿੰਡ ਵਿੱਚ ਜਦੋਂ ਸਮਾਗਮ ਮਨਾਇਆ ਜਾਂਦਾ ਹੈ, ਉੱਥੋਂ ਦੀ ਹਰ ਸੰਸਥਾ ਸਮਾਜਿਕ, ਆਰਥਿਕ, ਰਾਜਨੀਤਕ, ਸਭਿਆਚਾਰਕ, ਵਿੱਦਿਅਕ, ਵਿਓਪਾਰਕ ਅਤੇ ਸਰਕਾਰੀ ਅਦਾਰੇ ਆਦਿ ਸਾਰਿਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਸਪੋਰਟਸ ਦੇ ਹਰ ਈਵੈਂਟਸ ਵਾਲੇ ਵੀ ਆਪਣੇ ਲਾਮ ਲਸ਼ਕਰ ਨਾਲ ਸ਼ਾਮਲ ਹੁੰਦੇ ਹਨ। ਇਸ ਪ੍ਰੇਡ ਵਿੱਚ ਹਿੱਸਾ ਲੈਣ ਵਾਲੇ ਆਪਣੇ ਪ੍ਰਚਾਰ ਲਈ ਝਾਕੀਆਂ ਬਣਾ ਕੇ ਸ਼ਾਮਲ ਹੁੰਦੇ ਹਨ।
ਅਸਲ ਵਿੱਚ ਇਹ ਸਮਾਗਮ ਮੁੱਖ ਤੌਰ ’ਤੇ ਦੋ ਹਿੱਸਿਆਂ ਵਿੱਚ ਵੰਡਿਆ ਹੁੰਦਾ ਹੈ। ਵੈਸੇ ਇਸ ਦਿਨ ਲੋਕ ਪਿਕਨਿਕ ’ਤੇ ਵੀ ਜਾ ਕੇ ਮਨਾਉਂਦੇ ਹਨ। ਸਪੋਰਟਸ ਦੇ ਪ੍ਰੋਗਰਾਮ ਵੀ ਮੁਕਾਬਲਿਆਂ ਦੇ ਤੌਰ ’ਤੇ ਆਯੋਜਤ ਕੀਤੇ ਜਾਂਦੇ ਹਨ। ਸਭਿਆਚਾਰਕ ਨਾਟਕ ਆਦਿ ਵੀ ਕੀਤੇ ਜਾਂਦੇ ਹਨ। ਗਲੀ ਮੁਹੱਲਿਆਂ ਅਤੇ ਬਾਜ਼ਾਰਾਂ ਵਿੱਚ ਗਾਇਕ ਆਪਣੇ ਸਾਜਾਂ ਨਾਲ ਪ੍ਰੋਗਰਾਮ ਪੇਸ਼ ਕਰਦੇ ਹਨ। ਪਰਿਵਾਰ ਆਪਣੇ ਸੰਬੰਧੀਆਂ ਨਾਲ ਮਿਲਕੇ ਖਾਣੇ ਖਾਂਦੇ ਹਨ। ਪਹਿਲੇ ਹਿੱਸੇ ਵਿੱਚ ਸਵੇਰੇ 9:00 ਵਜੇ ਪ੍ਰੇਡ ਸ਼ੁਰੂ ਹੁੰਦੀ ਹੈ, ਉਸ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਹੁੰਦੀ ਹੋਈ ਲੰਘਦੀ ਹੈ। ਲੋਕ ਪ੍ਰੇਡ ਦੇ ਸਵਾਗਤ ਲਈ ਰੰਗ ਬਿਰੰਗੇ ਕੱਪੜੇ ਪਾ ਕੇ ਸੜਕਾਂ ਦੇ ਆਲੇ ਦੁਆਲੇ ਖੜ੍ਹੇ ਹੁੰਦੇ ਹਨ। ਇਸ ਪ੍ਰੇਡ ਦੇ ਸਭ ਤੋਂ ਮੂਹਰੇ ਮੋਟਰ ਸਾਈਕਲਾਂ ਉੱਪਰ ਪੁਲਿਸ ਵਾਲੇ ਕਰਤਵ ਵਿਖਾਉਂਦੇ ਜਾਂਦੇ ਹਨ। ਬੈਂਡ ਵਾਜਿਆਂ ਨਾਲ ਵੀ ਸ਼ਾਮਲ ਹੁੰਦੇ ਹਨ। ਇਸ ਤੋਂ ਬਿਨਾਂ ਸੁਰੱਖਿਆ ਆਦਿ ਲਈ ਕੋਈ ਪੁਲਿਸ ਨਹੀਂ ਹੁੰਦੀ। ਭਾਵੇਂ ਇਹ ਸਾਰਾ ਪ੍ਰੋਗਰਾਮ ਮੇਲੇ ਦੀ ਤਰ੍ਹਾਂ ਹੁੰਦਾ ਹੈ, ਕੋਈ ਜਿੱਥੇ ਚਾਹੇ ਬੈਠ ਜਾਂ ਖੜ੍ਹਕੇ ਵੇਖ ਸਕਦਾ ਹੈ ਪ੍ਰੰਤੂ ਸਾਰੇ ਪ੍ਰੇਡ ਵਿੱਚ ਹਿੱਸਾ ਲੈਣ ਅਤੇ ਵੇਖਣ ਵਾਲੇ ਖ਼ੁਦ ਅਨੁਸਸ਼ਾਨ ਵਿੱਚ ਰਹਿੰਦੇ ਹਨ।
ਉਸ ਤੋਂ ਪਿੱਛੇ ਸ਼ਹਿਰ ਦੀਆਂ ਸਾਰੀਆਂ ਸਵੈ ਇੱਛਤ ਅਤੇ ਹੋਰ ਹਰ ਵਰਗ ਦੀਆਂ ਸੰਸਥਾਵਾਂ ਦੇ ਨੁਮਾਇੰਦੇ ਆਪੋ ਆਪਣਾ ਪ੍ਰਚਾਰ ਝਾਕੀਆਂ ਰਾਹੀਂ ਕਰਦੇ ਹੋਏ ਲੰਘਦੇ ਹਨ। ਇੱਥੋਂ ਤੱਕ ਕਿ ਹਰ ਰਾਜਨੀਤਕ ਪਾਰਟੀ ਦੇ ਲੋਕ ਜੇਕਰ ਉਨ੍ਹਾਂ ਦੀ ਕੋਈ ਚੋਣ ਹੋਵੇ ਤਾਂ ਆਪਣੀ ਪਾਰਟੀ ਦੇ ਚੋਣ ਪ੍ਰਚਾਰ ਦੇ ਮਾਟੋ ਤਖ਼ਤੀਆਂ ਉੱਪਰ ਲਿਖਕੇ ਚੁਪ ਚੁਪੀਤੇ ਜਾਂਦੇ ਹਨ। ਇਹ ਪ੍ਰੇਡ ਮੀਲਾਂ ਮੀਲ ਲੰਮੀ ਹੁੰਦੀ ਹੈ। ਸੜਕਾਂ ਦੇ ਆਲੇ ਦੁਆਲੇ ਲੋਕ ਸਵੇਰ ਤੋਂ ਹੀ ਆ ਕੇ ਬੈਠ ਜਾਂਦੇ ਹਨ। ਲੋਕਾਂ ਨੂੰ ਆਪਣੀਆਂ ਕਾਰਾਂ ਬਹੁਤ ਦੂਰ ਖੜ੍ਹਾਉਣੀਆਂ ਪੈਂਦੀਆਂ ਹਨ, ਕਿਉਂਕਿ ਜਿਹੜਾ ਪਹਿਲਾਂ ਆ ਜਾਂਦਾ ਹੈ, ਉਸਨੂੰ ਪਾਰਕਿੰਗ ਨੇੜੇ ਮਿਲ ਜਾਂਦੀ ਹੈ। ਕਿਸੇ ਵਿਅਕਤੀ ਨਾਲ ਵੀ ਵਿਸ਼ੇਸ ਰਿਆਇਤ ਨਹੀਂ ਕੀਤੀ ਜਾਂਦੀ।
ਇਸ ਪ੍ਰੇਡ ਵਿੱਚ ਸਾਈਕਲ, ਸਕੂਟਰ, ਮੋਟਰ ਸਾਈਕਲ, ਕਾਰਾਂ ਅਤੇ ਬੱਸਾਂ ਸ਼ਾਮਲ ਹੁੰਦੀਆਂ ਹਨ। ਇੱਥੋਂ ਤੱਕ ਕਿ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਾਲੇ ਵੀ ਸ਼ਾਮਲ ਹੁੰਦੇ ਹਨ। ਪ੍ਰੇਡ ਵਿੱਚ ਸ਼ਾਮਲ ਲੋਕ ਸੜਕਾਂ ਦੇ ਆਲੇ ਦੁਆਲੇ ਬੈਠੇ ਲੋਕਾਂ ਨੂੰ ਅਮਰੀਕਾ ਦੇ ਛੋਟੇ ਛੋਟੇ ਝੰਡੇ, ਹਾਰ, ਟਾਫੀਆਂ, ਹੋਰ ਸਾਮਾਨ ਅਤੇ ਮਠਿਆਈਆਂ ਮੁਡਤ ਵੰਡਦੇ ਹਨ। ਬੱਚੇ ਅਤੇ ਬਜ਼ੁਰਗ ਖਾਸ ਤੌਰ ’ਤੇ ਪ੍ਰੇਡ ਵਿੱਚ ਸ਼ਾਮਲ ਹੁੰਦੇ ਹਨ। ਇੰਜ ਇੱਕ ਕਿਸਮ ਨਾਲ ਉਹ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦੇ ਹਨ। ਜਿਹੜੇ ਲੋਕ ਇਹ ਪ੍ਰੇਡ ਵੇਖਣ ਆਉਂਦੇ ਹਨ, ਉਨ੍ਹਾਂ ਦੇ ਗਲਾਂ ਵਿੱਚ ਹਾਰ ਪਾਏ ਜਾਂਦੇ ਹਨ। ਲੋਕਾਂ ਵਿੱਚ ਉਤਸ਼ਾਹ ਬਹੁਤ ਹੁੰਦਾ ਹੈ। ਇੱਥੋਂ ਤੱਕ ਕਿ ਅੰਗਹੀਣ ਲੋਕ ਵੀ ਆਪੋ ਆਪਣੇ ਵਾਹਨਾਂ ’ਤੇ ਸ਼ਾਮਲ ਹੁੰਦੇ ਹਨ।
ਜਿੰਨੀ ਦੇਰ ਪ੍ਰੇਡ ਖ਼ਤਮ ਨਹੀਂ ਹੁੰਦੀ ਕੋਈ ਵੀ ਵਿਅਕਤੀ ਸੜਕਾਂ ਦੇ ਆਲੇ ਦੁਆਲਿਓਂ ਹਿੱਲਦਾ ਨਹੀਂ। ਬੱਚਿਆਂ ਕੋਲ ਟਾਫੀਆਂ ਅਤੇ ਖਿਡਾਉਣਿਆਂ ਦੇ ਗਰੇ ਲੱਗ ਜਾਂਦੇ ਹਨ ਕਿਉਂਕਿ ਪ੍ਰੇਡ ਵਿੱਚ ਸ਼ਾਮਲ ਹੋਣ ਵਾਲੇ ਬੱਚਿਆਂ ਨੂੰ ਪ੍ਰੇਡ ਵਿੱਚ ਹਿੱਸਾ ਲੈਣ ਵਾਲੇ ਲੋਕ ਟਾਫੀਆਂ ਅਤੇ ਹੋਰ ਚੀਜ਼ਾਂ ਜ਼ਰੂਰ ਦਿੰਦੇ ਹਨ। ਇਸ ਪ੍ਰੇਡ ਦਾ ਮੰਤਵ ਬੱਚਿਆਂ ਵਿੱਚ ਦੇਸ਼ ਭਗਤੀ ਭਰਨਾ ਵੀ ਹੁੰਦਾ ਹੈ। ਹੋਰ ਵੀ ਕਈ ਤਰ੍ਹਾਂ ਦੇ ਤੋਹਫੇ ਵੰਡੇ ਜਾਂਦੇ ਹਨ। ਜਿਹੜੇ ਭਾਰਤੀ ਇੱਥੇ ਵਿੱਚ ਵਸਦੇ ਹਨ, ਉਹ ਵੀ ਪ੍ਰੇਡ ਵਿੱਚ ਹੁੰਮ ਹੁੰਮਾ ਕੇ ਸ਼ਾਮਲ ਹੁੰਦੇ ਹਨ। ਹਰ ਵਿਅਕਤੀ ਨੂੰ ਆਜ਼ਾਦੀ ਹੈ ਕਿ ਉਹ ਆਪਣੇ ਧਾਰਮਿਕ ਅਕੀਦੇ ਦਾ ਪ੍ਰਗਟਾਵਾ ਪ੍ਰੇਡ ਵਿੱਚ ਸ਼ਾਮਲ ਹੋ ਕੇ ਕਰ ਸਕਦਾ ਹੈ। ਸਿੱਖ ਸੰਗਤਾਂ ਵੀ ਨਿਸ਼ਾਨ ਸਾਹਿਬ ਅਤੇ ਪੀਲੇ ਝੰਡਿਆਂ ਨੂੰ ਨਾਲ ਲੈ ਕੇ ਪ੍ਰੇਡ ਵਿੱਚ ਸ਼ਾਮਲ ਹੁੰਦੀਆਂ ਹਨ। ਲੋਕਾਂ ਨੂੰ ਪਹਿਲਾਂ ਹੀ ਇਜ਼ਾਜਤ ਹੁੰਦੀ ਹੈ ਕਿ ਉਹ ਆਪੋ ਆਪਣੇ ਘਰਾਂ ਉੱਪਰ ਅਮਰੀਕਾ ਦਾ ਕੌਮੀ ਝੰਡਾ ਲਗਾ ਸਕਦੇ ਹਨ। ਉਸ ਦਿਨ ਤਾਂ ਲਗਭਗ ਸਾਰੇ ਅਮਰੀਕਨ ਆਪਣੇ ਘਰਾਂ ਉੱਪਰ ਇਹ ਝੰਡੇ ਲਗਾਉਂਦੇ ਹਨ। ਚੌਕਾਂ ਅਤੇ ਹੋਰ ਮਹੱਤਵਪੂਰਨ ਥਾਵਾਂ ਉੱਤੇ ਵੀ ਸਥਾਨਕ ਸੋਸਾਇਟੀਆਂ ਆਪੋ ਆਪਣੇ ਇਲਾਕਿਆਂ ਵਿੱਚ ਝੰਡਿਆਂ ਨਾਲ ਸਜਾਵਟ ਕਰਦੀਆਂ ਹਨ।
ਵੈਸੇ ਤਾਂ ਪ੍ਰੇਡ ਵੇਖਣ ਵਾਲੇ ਭਾਵੇਂ ਆਪਣੇ ਨਾਲ ਖਾਣ ਪੀਣ ਦਾ ਸਾਮਾਨ ਲੈ ਕੇ ਜਾਂਦੇ ਹਨ ਪ੍ਰੰਤੂ ਉਹ ਕਿਸੇ ਕਿਸਮ ਦਾ ਗੰਦ ਨਹੀਂ ਪਾਉਂਦੇ। ਕੋਈ ਕਾਗਜ਼ ਦਾ ਟੁਕੜਾ ਵੀ ਨਹੀਂ ਸੁੱਟਦੇ ਪ੍ਰੰਤੂ ਫਿਰ ਵੀ ਪ੍ਰੇਡ ਦੇ ਅਖ਼ੀਰ ਵਿੱਚ ਸਥਾਨਕ ਪ੍ਰਬੰਧ ਦੀਆਂ ਸਫਾਈ ਕਰਨ ਵਾਲੀਆਂ ਮਸ਼ੀਨਾਂ ਸੜਕ ਦੀ ਸਫਾਈ ਕਰਦੀਆਂ ਲੰਘਦੀਆਂ ਹਨ।
ਆਜ਼ਾਦੀ ਦੇ ਜਸ਼ਨਾਂ ਦਾ ਦੂਜਾ ਹਿੱਸਾ ਰਾਤ ਨੂੰ ਫਾਇਰ ਵਰਕਸ ਨਾਲ ਸ਼ੁਰੂ ਹੁੰਦਾ ਹੈ। ਨਿਸਚਤ ਥਾਵਾਂ ਉੱਤੇ ਸਥਾਨਕ ਪ੍ਰਬੰਧ ਵੱਲੋਂ ਭਾਵ ਪੂਰਨ ਫਾਇਰ ਵਰਕਸ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਮੰਤਵ ਲਈ ਵੀ ਲੋਕ ਇਸਦਾ ਆਨੰਦ ਮਾਨਣ ਲਈ ਕਈ ਕਈ ਘੰਟੇ ਪਹਿਲਾਂ ਜਾ ਕੇ ਥਾਂ ਮੱਲ ਲੈਂਦੇ ਹਨ। ਇੱਥੇ ਕੋਈ ਵੀ ਆਈ ਪੀ ਕਲਚਰ ਨਹੀਂ ਹੁੰਦਾ, ਸਾਰੇ ਸ਼ਹਿਰੀ ਬਰਾਬਰ ਹੁੰਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਘੰਟਿਆਂ ਬੱਧੀ ਫਾਇਰ ਵਰਕਸ ਹੁੰਦੀ ਰਹਿੰਦੀ ਹੈ ਪ੍ਰੰਤੂ ਵਾਤਾਵਰਨ ਨੂੰ ਜ਼ਿਆਦਾ ਗੰਧਲਾ ਨਹੀਂ ਕਰਦੀ। ਫਾਇਰ ਵਰਕਸ ਇੰਨੀ ਰੌਸ਼ਨੀ ਵਾਲੀ ਹੁੰਦੀ ਹੈ ਕਿ ਰਾਤ ਨੂੰ ਵੀ ਦਿਨ ਵਰਗਾ ਮਾਹੌਲ ਬਣ ਜਾਂਦਾ ਹੈ। ਬੱਚਿਆਂ ਲਈ ਇਹ ਫਾਇਰ ਵਰਕਸ ਖਿੱਚ ਦਾ ਕੇਂਦਰ ਹੁੰਦੀ ਹੈ। ਇਹ ਫਾਇਰ ਵਰਕਸ ਧੂੰਆਂ ਘੱਟ ਛੱਡਦੀ ਹੈ। ਫਾਇਰ ਵਰਕਸ ਲੋਕ ਆਪੋ ਆਪਣੇ ਘਰਾਂ ਵਿੱਚ ਨਹੀਂ ਕਰਦੇ, ਜਿਸ ਕਰਕੇ ਵਾਤਾਵਰਨ ਬਹੁਤਾ ਗੰਧਲਾ ਨਹੀਂ ਹੁੰਦਾ। ਭਾਰਤੀਆਂ ਨੂੰ ਵੀ ਅਜਿਹੇ ਢੰਗ ਨਾਲ ਹੀ ਆਜਾਦੀ ਦੇ ਜਸ਼ਨ ਮਨਾਉਣ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1654)
(ਸਰੋਕਾਰ ਨਾਲ ਸੰਪਰਕ ਲਈ: