“ਪੰਜਾਬ ਦਿੱਲੀ ਦੇ ਆਲੇ ਦੁਆਲੇ ਸੀ। ਫਰੀਦਾਬਾਦ ਸਨਅਤੀ ਸ਼ਹਿਰ ਸੀ। ਗੁੜਗਾਉਂ ਜੋ ਅੱਜ ਆਈ.ਟੀ. ਦੀ ਹੱਬ ਬਣਿਆ ...”
(1 ਨਵੰਬਰ 2023)
ਚੜ੍ਹਦੇ ਪੰਜਾਬ ਦੇ ਲੋਕ ਪੰਜਾਬ ਦੀ ਦੋ ਵਾਰ ਹੋਈ ਵੰਡ ਦਾ ਸੰਤਾਪ ਹੁਣ ਤਕ ਹੰਢਾ ਰਹੇ ਹਨ। ਪੰਜਾਬ ਦਿਵਸ ਵਾਲੇ ਦਿਨ ਪੰਜਾਬ ਦੇ ਸਿਆਸਤਦਾਨ 1 ਨਵੰਬਰ 2023 ਨੂੰ ਸਤਲੁਜ ਯਮਨਾ ਲਿੰਕ ਨਹਿਰ ਦੇ ਪਾਣੀਆਂ ਦੇ ਮੁੱਦੇ ’ਤੇ ਬਹਿਸਬਾਜ਼ੀ ਕਰਨ ਵਿੱਚ ਉਲਝੇ ਪਏ ਹਨ। ਭਲੇਮਾਣਸੋ ਇਸ ਬਹਿਸਬਾਜ਼ੀ ਵਿੱਚ ਇੱਕ ਦੂਜੇ ਉੱਪਰ ਦੂਸ਼ਣਬਾਜ਼ੀ ਕਰਨ ਨਾਲ ਸਤਲੁਜ ਜਮਨਾ ਲਿੰਕ ਨਹਿਰ ਦੇ ਮਸਲੇ ਦਾ ਕੋਈ ਹੱਲ ਨਿਕਲਣ ਦੀ ਕੀ ਉਮੀਦ ਰੱਖਦੇ ਹੋ? ਕਿਉਂ ਪਾਣੀ ਵਿੱਚ ਮਧਾਣੀ ਪਾ ਕੇ ਦੱਬੇ ਮੁਰਦੇ ਉਖਾੜਦੇ ਹੋ? ਜਦੋਂ ਤੁਸੀਂ ਇੱਕਮੁੱਠ ਹੀ ਨਹੀਂ ਤਾਂ ਪੰਜਾਬ ਦਾ ਕੇਸ ਤੁਸੀਂ ਕਿਵੇਂ ਲੜ ਸਕਦੇ ਹੋ? ਤੁਸੀਂ ਤਾਂ ਵੋਟ ਦੀ ਸਿਆਸਤ ਕਰਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਬਹਿਸ ਵਿੱਚੋਂ ਕੀ ਕੱਢੋਗੇ?
ਦੂਜੇ ਪਾਸੇ ਪੰਜਾਬੀ, ਖਾਸ ਤੌਰ ’ਤੇ ਸਿੱਖ 1 ਨਵੰਬਰ 2023 ਨੂੰ ਪੰਜਾਬੀ ਸੂਬੇ ਦੀ 57ਵੀਂ ਵਰ੍ਹੇ ਗੰਢ ਮਨਾਉਂਦੇ ਹੋਏ ਫੁੱਲੇ ਨਹੀਂ ਸਮਾਂ ਰਹੇ। ਪ੍ਰੰਤੂ ਜਿਸ ਮੰਤਵ ਨਾਲ ਪੰਜਾਬੀ ਸੂਬਾ ਬਣਵਾਇਆ ਸੀ, ਪੰਜਾਬੀ ਭਾਸ਼ਾ ਦਾ ਦਫਤਰੀ ਕੰਮ ਕਾਜ ਵਿੱਚ ਬੋਲਬਾਲਾ ਹੋਵੇ, ਉਹ ਰੁਤਬਾ ਪੰਜਾਬੀ ਭਾਸ਼ਾ ਨੂੰ ਅਜੇ ਤਕ ਸਹੀ ਢੰਗ ਨਾਲ ਨਸੀਬ ਨਹੀਂ ਹੋਇਆ। ਪੰਜਾਬ ਨੂੰ ਅਜੇ ਤਕ ਰਾਜਧਾਨੀ ਅਤੇ ਹਾਈ ਕੋਰਟ ਵੱਖਰੀ ਨਹੀਂ ਮਿਲੀ। ਇਹ ਖੁਸ਼ੀ ਕਾਹਦੀ ਹੈ? ਸਮਝ ਨਹੀਂ ਆਉਂਦੀ। ਮਰਹੂਮ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਤੋਂ ਬਾਅਦ ਕੋਈ ਵੀ ਪੰਜਾਬ ਦਾ ਮੁੱਖ ਮੰਤਰੀ ਪੰਜਾਬੀ ਨੂੰ ਲਾਗੂ ਕਰਵਾਉਣ ਲਈ ਸੰਜੀਦਾ ਨਹੀਂ ਰਿਹਾ। ਬਹੁਤੇ ਸੀਨੀਅਰ ਅਧਿਕਾਰੀ ਹਮੇਸ਼ਾ ਪੰਜਾਬੀ ਲਿਖਣ ਅਤੇ ਬੋਲਣ ਤੋਂ ਕੰਨੀਂ ਕਤਰਾਉਂਦੇ ਹਨ। ਚੰਡੀਗੜ੍ਹ ਪੰਜਾਬ ਨੂੰ ਦੇਣ ਦੇ ਕੇਂਦਰ ਸਰਕਾਰ ਵਾਅਦੇ ਹੀ ਕਰਦੀ ਰਹੀ ਹੈ ਪ੍ਰੰਤੂ ਅਜੇ ਤਕ ਪੱਲੇ ਕੁਝ ਨਹੀਂ ਪਾਇਆ। ਪਹਿਲੀ ਵਾਰ 1947 ਵਿੱਚ ਪੰਜਾਬ ਦੀ ਵੰਡ ਹੋਈ, ਜਿਸਦੇ ਸਿੱਟੇ ਵਜੋਂ ਪੰਜਾਬੀਆਂ, ਖਾਸ ਤੌਰ ’ਤੇ ਸਿੱਖਾਂ ਨੇ ਆਪਣੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਦਾ ਜਨਮ ਅਸਥਾਨ ਗੁਆ ਲਿਆ। ਉਸ ਵੰਡ ਵਿੱਚ ਭਰਾ ਮਾਰੂ ਜੰਗ ਵੀ ਹੋਈ, ਬਹੁਤ ਸਾਰੇ ਦੋਹਾਂ ਪਾਸਿਆਂ ਦੇ ਪੰਜਾਬੀ ਆਪਣੇ ਸਕੇ ਸੰਬੰਧੀਆਂ ਨੂੰ ਗੁਆ ਬੈਠੇ।
ਇਸ ਤੋਂ ਬਾਅਦ 1 ਨਵੰਬਰ 1966 ਨੂੰ ਪੰਜਾਬੀਆਂ, ਖਾਸ ਤੌਰ ’ਤੇ ਸਿੱਖਾਂ ਨੇ ਪੰਜਾਬੀ ਸੂਬਾ ਲੈ ਕੇ ਪੰਜਾਬੀ ਬੋਲਦੇ ਇਲਾਕੇ ਗੁਆ ਲਏ। ਪੰਜਾਬ ਦੇ 26 ਪਿੰਡਾਂ ਦੀ ਥਾਂ ਚੰਡੀਗੜ੍ਹ ਬਣਾਇਆ ਗਿਆ ਸੀ ਪ੍ਰੰਤੂ ਅਸੀਂ ਚੰਡੀਗੜ੍ਹ ਤੋਂ ਵੀ ਹੱਥ ਧੋ ਬੈਠੇ। ਭਾਖੜਾ ਡੈਮ ਅਤੇ ਹੈੱਡ ਵਰਕਸ ’ਤੇ ਕੇਂਦਰ ਨੇ ਕਬਜ਼ਾ ਕਰ ਲਿਆ। ਇਸੇ ਕਰਕੇ ਪਰਤਾਪ ਸਿੰਘ ਕੈਰੋਂ ਪੰਜਾਬੀ ਸੂਬਾ ਬਣਨ ਨਹੀਂ ਦੇ ਰਿਹਾ ਸੀ। ਪੰਜਾਬੀ ਸੂਬਾ ਲੈਣ ਲਈ ਅਕਾਲੀ ਦਲ ਨੇ ਲੰਬਾ ਸਮਾਂ ਸੰਘਰਸ਼ ਕੀਤਾ। ਇਸ ਅੰਦੋਲਨ ਦੌਰਾਨ ਅਨੇਕਾਂ ਸਿੱਖ ਜੇਲ੍ਹਾਂ ਦੀ ਹਵਾ ਖਾਂਦੇ ਰਹੇ। ਬਹੁਤ ਸਾਰੇ ਸਿੱਖ ਜਾਨਾਂ ਗੁਆ ਬੈਠੇ। ਪੰਜਾਬ ਨੂੰ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਨੁਕਸਾਨ ਹੋਇਆ ਹੈ। ਇੰਨਾ ਨੁਕਸਾਨ ਕਰਵਾ ਕੇ ਲੰਗੜਾ ਪੰਜਾਬੀ ਸੂਬਾ ਲਿਆ ਤੇ ਫਿਰ ਵੀ ਪੰਜਾਬੀ ਖੁਸ਼ੀ ਮਨਾ ਰਹੇ ਹਨ, ਇਹ ਉਨ੍ਹਾਂ ਦੀ ਫ਼ਰਾਖਦਿਲੀ ਹੈ ਜਾਂ ਸੰਜੀਦਗੀ ਦੀ ਅਣਹੋਂਦ ਹੈ? ਜੇਕਰ ਗੰਭੀਰਤਾ ਨਾਲ ਵੇਖਿਆ ਜਾਵੇ ਤਾਂ ਪੰਜਾਬੀਆਂ/ਸਿੱਖਾਂ ਨੂੰ ਕੋਈ ਬਹੁਤਾ ਲਾਭ ਨਹੀਂ ਹੋਇਆ। ਜੇ ਕਿਸੇ ਨੂੰ ਲਾਭ ਹੋਇਆ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਹੋਇਆ ਹੈ। ਹੁਣ ਤਾਂ ਅਕਾਲੀ ਦਲ ਵਿੱਚ ਸ਼੍ਰੋਮਣੀ ਕੌਣ ਹੈ, ਇਸਦਾ ਨਿਪਟਾਰਾ ਕਰਨਾ ਹੀ ਅਸੰਭਵ ਹੋ ਗਿਆ ਹੈ ਕਿਉਂਕਿ ਅਨੇਕਾਂ ਅਕਾਲੀ ਦਲ ਬਣ ਚੁੱਕੇ ਹਨ। ਅਕਾਲੀ ਦਲਾਂ ਉੱਤੇ ਪਰਿਵਾਰਾਂ ਦੇ ਨਿੱਜੀ ਕਬਜ਼ੇ ਹਨ।
ਹਾਂ, ਸਾਂਝੇ ਪੰਜਾਬ ਦੇ 1947 ਤੋਂ 1 ਨਵੰਬਰ 1966 ਤਕ ਡਾ. ਗੋਪੀ ਚੰਦ ਭਾਰਗਵ, ਲਾਲਾ ਭੀਮ ਸੈਨ ਸੱਚਰ, ਪ੍ਰਤਾਪ ਸਿੰਘ ਕੈਰੋਂ ਅਤੇ ਕਾਮਰੇਡ ਰਾਮ ਕਿਸ਼ਨ ਮੁੱਖ ਮੰਤਰੀ ਬਣੇ, ਉਨ੍ਹਾਂ ਵਿੱਚੋਂ ਸਿਰਫ਼ ਇੱਕ ਪ੍ਰਤਾਪ ਸਿੰਘ ਕੈਰੋਂ ਸਿੱਖ ਸਨ। 1966 ਤੋਂ ਬਾਅਦ ਸਾਰੇ ਮੁੱਖ ਮੰਤਰੀ ਸਿੱਖ ਬਣੇ ਹਨ, ਜਦੋਂ ਕਿ ਸਾਡੇ ਦੇਸ਼ ਦਾ ਸੰਵਿਧਾਨ ਧਰਮ ਨਿਰਪੱਖ ਹੈ। ਪੰਜਾਬੀਆਂ ਦੀ ਪੰਜਾਬ ਦਾ ਮੁੱਖ ਮੰਤਰੀ ਸਿੱਖ ਬਣਾਉਣਾ ਇਹੋ ਇੱਕੋ ਇੱਕ ਪ੍ਰਾਪਤੀ ਹੈ। ਪੰਜਾਬੀ ਭਾਵੇਂ ਆਪਣਾ ਸਿੱਖ ਮੁੱਖ ਮੰਤਰੀ ਬਣਾਉਣ ਵਿੱਚ ਸਫਲ ਰਹੇ ਹਨ ਪ੍ਰੰਤੂ ਇਹ ਸਿੱਖ ਧਰਮ ਦੀ ਬਰਾਬਰਤਾ ਦੀ ਵਿਚਾਰਧਾਰਾ ਦੀ ਉਲੰਘਣਾ ਹੈ।
ਪੰਜਾਬੀਆਂ ਨੇ ਕਦੀ ਵੀ ਗੰਭੀਰਤਾ ਨਾਲ ਆਪਣੇ ਅੰਦਰ ਝਾਤੀ ਮਾਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਅਸੀਂ ਇਸ ਪੰਜਾਬੀ ਸੂਬੇ ਤੋਂ ਕੀ ਖੱਟਿਆ ਤੇ ਕੀ ਗੁਆਇਆ ਹੈ? ਭਾਵ, ਆਮ ਲੋਕਾਂ ਨੂੰ ਕੀ ਲਾਭ ਹੋਇਆ ਹੈ? ਲਾਭ ਤਾਂ ਸਿੱਖ ਸਿਆਸਤਦਾਨਾਂ ਭਾਵ ਅਕਾਲੀ ਦਲ ਜਾਂ ਵਰਤਮਾਨ ਪੰਜਾਬ ਦੇ ਕਾਂਗਰਸੀਆਂ ਨੂੰ ਹੋਇਆ ਹੈ। ਅਕਾਲੀ ਦਲ ਵੀ ਆਪਣੇ ਨਿਸ਼ਾਨੇ ਤੋਂ ਥਿੜਕ ਗਿਆ ਹੈ। ਉਸਨੇ ਸਿਆਸੀ ਤਾਕਤ ਹਾਸਲ ਕਰਨ ਲਈ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਲਿਆ। ਪੰਜਾਬੀ ਪਾਰਟੀ ਦਾ ਤਾਂ ਕੋਈ ਵੀ ਮੁੱਖ ਮੰਤਰੀ ਬਣ ਸਕਦਾ ਹੈ। ਫਿਰ ਸਾਂਝੇ ਪੰਜਾਬ ਵਿੱਚ ਕੀ ਹਰਜ਼ ਸੀ? ਸਿਆਸਤਦਾਨਾਂ ਨੇ ਸਿਆਸੀ ਤਾਕਤ ਦਾ ਆਨੰਦ ਮਾਨਣ ਤੋਂ ਬਿਨਾ ਪੰਜਾਬ ਦੇ ਹਿਤਾਂ ’ਤੇ ਪਹਿਰਾ ਨਹੀਂ ਦਿੱਤਾ।
ਪੰਜਾਬੀ ਸੂਬਾ ਬਣਨ ਨਾਲ ਹੋਏ ਨੁਕਸਾਨ ਦੀ ਸੂਚੀ ਲੰਬੀ ਹੈ। ਪਹਿਲਾ ਨੁਕਸਾਨ ਪੰਜਾਬੀਆਂ ਨੂੰ ਇਹ ਹੋਇਆ ਕਿ ਇਸ ਵਿੱਚੋਂ ਇਲਾਕੇ ਕੱਢ ਕੇ ਹਰਿਆਣਾ ਅਤੇ ਹਿਮਾਚਲ ਬਣਾ ਦਿੱਤੇ। ਚਿੜੀ ਦੇ ਪਹੁੰਚੇ ਜਿੰਨਾ ਪੰਜਾਬ ਲੈ ਕੇ ਅਸੀਂ ਫੁੱਲੇ ਨਹੀਂ ਸਮਾਉਂਦੇ ਪ੍ਰੰਤੂ ਅੰਬਾਲੇ ਤੋਂ ਬਾਅਦ ਦਿੱਲੀ ਜਾਂਦਿਆਂ ਰੁਕਾਵਟਾਂ ਪਹਾੜ ਬਣਕੇ ਖੜ੍ਹ ਜਾਂਦੀਆਂ ਹਨ। ਕੁਝ ਪੰਜਾਬੀ ਬੋਲਦੇ ਇਲਾਕੇ ਵੀ ਹਰਿਆਣਾ ਅਤੇ ਹਿਮਾਚਲ ਨੂੰ ਦੇ ਦਿੱਤੇ। ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਚੰਡੀਗੜ੍ਹ ਵੀ ਪੰਜਾਬ ਤੋਂ ਖੋਹ ਕੇ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾ ਦਿੱਤਾ। ਸਾਂਝੇ ਪੰਜਾਬ ਵਿੱਚੋਂ ਪੰਜਾਬ ਦੇ ਸਾਰੇ ਦਰਿਆ ਨਿਕਲਦੇ ਸਨ। ਉਨ੍ਹਾਂ ਦਰਿਆਵਾਂ ਦੇ ਪਾਣੀ ਦੇ ਹੱਕ ਤੋਂ ਪੰਜਾਬ ਵਾਂਝਾ ਹੋ ਗਿਆ ਹੈ। ਇਨ੍ਹਾਂ ਦਰਿਆਵਾਂ ਵਿੱਚੋਂ ਪੰਜਾਬ ਵਿੱਚ ਆਉਣ ਵਾਲੇ ਪਾਣੀ ਦਾ 75 ਫ਼ੀਸਦੀ ਹਿੱਸਾ ਰਾਜਸਥਾਨ ਅਤੇ ਦਿੱਲੀ ਨੂੰ ਜਾ ਰਿਹਾ ਹੈ। ਪੰਜਾਬ ਵਿੱਚ ਜੋ ਅੱਜ ਸਿੰਜਾਈ ਵਾਲੇ ਪਾਣੀ ਦੀ ਘਾਟ ਰੜਕ ਰਹੀ ਹੈ, ਉਹ ਹਰਿਆਣਾ ਅਤੇ ਹਿਮਾਚਲ ਬਣਨ ਨਾਲ ਪੈਦਾ ਹੋਈ ਹੈ।
ਹਰੀ ਕ੍ਰਾਂਤੀ ਨੇ ਪੰਜਾਬ ਦਾ ਜ਼ਮੀਨਦੋਜ਼ ਪਾਣੀ ਪੀ ਲਿਆ ਹੈ। ਜੇ ਪੰਜਾਬ ਦੀ ਵੰਡ ਨਾ ਹੁੰਦੀ ਤਾਂ ਸਤਲੁਜ ਯਮੁਨਾ ਲਿੰਕ ਨਹਿਰ ਬਣਾਉਣ ਦਾ ਸਵਾਲ ਹੀ ਪੈਦਾ ਨਹੀਂ ਹੋਣਾ ਸੀ। ਇਸ ਨਹਿਰ ਕਰਕੇ ਪੰਜਾਬ ਵਿੱਚ ਅਫਰਾਤਫਰੀ ਦਾ ਮਾਹੌਲ ਬਣਿਆ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮੇਜਰ ਜਨਰਲ ਬੀ.ਐੱਨ. ਕੁਮਾਰ ਨੂੰ 7 ਨਵੰਬਰ 1988 ਨੂੰ ਚੰਡੀਗੜ੍ਹ ਵਿਖੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸਤਲੁਜ ਜਮਨਾ ਲਿੰਕ ਨਹਿਰ ਨਾਲ ਜੁੜੇ ਪੰਜਾਬ ਦੇ ਮੁੱਖ ਇੰਜਨੀਅਰ ਐੱਮ.ਐੱਲ. ਸੀਕਰੀ, ਸੁਪਰਿਨਟੈਂਡੈਂਟ ਏ.ਐੱਸ. ਔਲਖ ਅਤੇ 12 ਮਜ਼ਦੂਰਾਂ ਨੂੰ ਮਾਰ ਦਿੱਤਾ ਗਿਆ। ਅਕਾਲੀ ਦਲ ਦਾ ਧਰਮ ਯੁੱਧ ਮੋਰਚਾ ਵੀ ਇਸੇ ਸਤਲੁਜ ਯਮੁਨਾ ਲਿੰਕ ਨਹਿਰ ਕਰਕੇ ਸ਼ੁਰੂ ਹੋਇਆ, ਜਿਸਨੇ ਪੰਜਾਬ ਦੀ ਨੌਜਵਾਨੀ ਦਾ ਘਾਣ ਕੀਤਾ। ਧਰਮ ਯੁੱਧ ਮੋਰਚੇ ਕਰਕੇ ਅਨੇਕਾਂ ਬੇਗੁਨਾਹ ਲੋਕ ਮਾਰੇ ਗਏ। ਧਰਮ ਯੁੱਧ ਮੋਰਚੇ ਦਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਪੰਜਾਬ ਵਿੱਚੋਂ ਬਾਹਰ ਕੱਢੇ ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਅਤੇ ਸਤਲੁਜ ਜਮਨਾ ਲਿੰਕ ਦਾ ਮਸਲਾ ਹੱਲ ਕਰਵਾਉਣ ਲਈ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਸਮਝੌਤਾ ਕਰਨ ਕਰਕੇ ਮਾਰਿਆ ਗਿਆ। ਸਿੱਖਾਂ ਦੇ ਸਰਵੋਤਮ ਪਵਿੱਤਰ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਤੇ ਹੋਰ ਗੁਰਦੁਆਰਾ ਸਾਹਿਬਾਨ ’ਤੇ ਫ਼ੌਜ ਵੱਲੋਂ ਹਮਲੇ ਤੇ ਹੁਰਮਤੀ ਹੋਈ। ਅਨੇਕਾਂ ਸ਼ਰਧਾਲੂ ਸ਼ਹੀਦੀਆਂ ਪ੍ਰਾਪਤ ਕਰ ਗਏ। ਸਿੱਖਾਂ ਵਿੱਚ ਭਰਾ ਮਾਰੂ ਜੰਗ ਦੇ ਨਤੀਜਿਆਂ ਨੇ ਹਿਰਦਿਆਂ ਨੂੰ ਝੰਜੋੜ ਕੇ ਰੱਖ ਦਿੱਤਾ।
ਕਿਹਾ ਜਾਂਦਾ ਹੈ ਕਿ ਅਫ਼ਰਾਤਫ਼ਰੀ ਦੇ ਹਾਲਾਤ ਵਿੱਚ 25 ਹਜ਼ਾਰ ਬੇਕਸੂਰ ਪੰਜਾਬੀ ਖਾਸ ਤੌਰ ’ਤੇ ਸਿੱਖ ਨੌਜਵਾਨ ਮਾਰੇ ਗਏ। ਇਨ੍ਹਾਂ ਵਿੱਚ ਹਿੰਦੂ, ਸਿੱਖ ਅਤੇ ਸਰਕਾਰੀਤੰਤਰ ਦਾ ਅਮਲਾ ਵੀ ਸ਼ਾਮਲ ਸੀ। ਇਨ੍ਹਾਂ ਹਾਲਾਤ ਨੇ ਪੰਜਾਬ ਦੀ ਭਾਈਚਾਰਕ ਸਦਭਾਵਨਾ ਨੂੰ ਠੇਸ ਪਹੁੰਚਾਈ ਅਤੇ ਆਰਥਿਕ ਤੌਰ ’ਤੇ ਪੰਜਾਬ ਪਛੜ ਗਿਆ। ਪੰਜਾਬ ਦੇ ਕਰਜ਼ਈ ਹੋਣ ਦਾ ਸਿਲਸਿਲਾ ਕਥਿਤ ਅੱਤਵਾਦ ਦੇ ਸਮੇਂ ਤੋਂ ਸ਼ੁਰੂ ਹੋਇਆ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਪੰਜਾਬ ਤੋਂ ਲੈ ਕੇ ਕੇਂਦਰ ਦੇ ਕੰਟਰੋਲ ਅਧੀਨ ਕਰ ਦਿੱਤਾ। ਪ੍ਰੰਤੂ ਜੇਕਰ ਵੱਡਾ ਪੰਜਾਬ ਰਹਿੰਦਾ, ਫਿਰ ਇਸਦਾ ਕੇਂਦਰ ਕੋਲ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੋਣਾ ਸੀ।
ਸਤਲੁਜ ਯਮੁਨਾ ਲਿੰਕ ਨਹਿਰ ਦਾ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਹੁਣ ਸੁਪਰੀਮ ਕੋਰਟ ਦੇ ਸਰਵੇ ਕਰਨ ਦੇ ਹੁਕਮ ਨੇ ਹੋਰ ਭਸੂੜੀ ਪਾ ਦਿੱਤੀ ਹੈ। ਪੰਜਾਬ ਖੇਤੀਬਾੜੀ ਪ੍ਰਧਾਨ ਰਾਜ ਹੈ, ਇਸ ਨੂੰ ਸਿੰਜਾਈ ਲਈ ਪਾਣੀ ਦੀ ਲੋੜ ਹੈ। ਹੁਣ ਹਿਮਾਚਲ ਪ੍ਰਦੇਸ਼ ਪੰਜਾਬ ਤੋਂ ਹਿਮਾਚਲ ਵਿੱਚੋਂ ਆ ਰਹੇ ਪਾਣੀ ਦਾ ਮੁੱਲ ਮੰਗਦਾ ਹੈ, ਰਾਜਸਥਾਨ ਤੇ ਦਿੱਲੀ ਮੁਫ਼ਤ ਪਾਣੀ ਲੈ ਰਹੇ ਹਨ। ਜੇ ਪੰਜਾਬ ਵੰਡਿਆ ਨਾ ਜਾਂਦਾ ਤਾਂ ਇਹ ਸਵਾਲ ਪੈਦਾ ਹੀ ਨਹੀਂ ਹੋਣਾ ਸੀ। ਕੁਦਰਤੀ ਵਸੀਲਿਆਂ ਤੋਂ ਵੀ ਹੱਥ ਧੋ ਲਿਆ।
ਇੱਥੇ ਹੀ ਬੱਸ ਨਹੀਂ, ਪੰਜਾਬ ਦਿੱਲੀ ਦੇ ਆਲੇ ਦੁਆਲੇ ਸੀ। ਫਰੀਦਾਬਾਦ ਸਨਅਤੀ ਸ਼ਹਿਰ ਸੀ। ਗੁੜਗਾਉਂ ਜੋ ਅੱਜ ਆਈ.ਟੀ. ਦੀ ਹੱਬ ਬਣਿਆ ਹੋਇਆ ਹੈ, ਉਸ ’ਤੇ ਹਰਿਆਣੇ ਦਾ ਕਬਜ਼ਾ ਹੋ ਗਿਆ, ਜਿਸ ਕਰਕੇ ਪੰਜਾਬ ਦੀ ਆਰਥਿਕਤਾ ਨੂੰ ਢਾਹ ਲੱਗੀ ਹੈ। ਦਿੱਲੀ ਜਾਣ ਲਈ ਹਰਿਆਣਾ ਵਿੱਚੋਂ ਜਾਣਾ ਪੈਂਦਾ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਤਿੰਨ ਪਾਸੇ ਪੰਜਾਬ ਸੀ। 1982 ਵਿੱਚ ਏਸ਼ੀਅਨ ਖੇਡਾਂ ਮੌਕੇ ਪੰਜਾਬੀਆਂ ਦਾ ਦਿੱਲੀ ਪਹੁੰਚਣਾ ਅਸੰਭਵ ਹੋ ਗਿਆ ਸੀ। ਕਿਸਾਨ ਅੰਦੋਲਨ ’ਤੇ ਜਾਣ ਵਾਲੇ ਕਿਸਾਨਾਂ ਦੀ ਹਰਿਆਣਾ ਵਿੱਚ ਖੱਜਲ ਖ਼ੁਆਰੀ ਹੋਈ। ਜੇ ਇਹ ਪੰਜਾਬ ਦੇ ਹਿੱਸੇ ਹੁੰਦੇ ਤਾਂ ਅਜਿਹੀਆਂ ਰੁਕਾਵਟਾਂ ਨਾ ਹੁੰਦੀਆਂ। ਖਾਲਿਸਤਾਨ ਦਾ ਮੁੱਦਾ ਪੰਜਾਬੀ ਸੂਬਾ ਬਣਨ ਨਾਲ ਖੜ੍ਹਾ ਹੋਇਆ। ਪੰਜਾਬ ਤੋਂ ਬਾਹਰ ਰਹਿਣ ਵਾਲੇ ਸਿੱਖਾਂ ਦਾ ਜਿਊਣਾ ਦੁੱਭਰ ਹੋ ਗਿਆ।
1984 ਵਿੱਚ ਦਿੱਲੀ ਅਤੇ ਦੇਸ਼ ਦੇ ਹੋਰ ਸੂਬਿਆਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। ਸੇਵਾ ਮੁਕਤ ਫ਼ੌਜੀ ਜਰਨੈਲਾਂ ਅਤੇ ਹੋਰ ਪ੍ਰਤਿਸ਼ਟ ਸਿੱਖਾਂ ਦੀ ਨਿਰਾਦਰੀ ਹੋਈ। ਉਨ੍ਹਾਂ ਨੂੰ ਲੁਕ ਛਿਪ ਕੇ ਦਿਨ ਕਟੀ ਕਰਨੀ ਪਈ। ਇੱਥੇ ਹੀ ਬੱਸ ਨਹੀਂ, ਬੇਰੋਜ਼ਗਾਰੀ ਦਾ ਮੁੱਖ ਕਾਰਨ ਪੰਜਾਬ ਦੀ ਵੰਡ ਹੋਣਾ ਹੈ। ਸਾਡੇ ਨੌਜਵਾਨ ਦਿੱਲੀ ਅਤੇ ਇਸਦੇ ਆਲੇ ਦੁਆਲੇ ਨੌਕਰੀ ਕਰਿਆ ਕਰਦੇ ਸਨ। ਦਿੱਲੀ ਦੇ ਆਲੇ ਦੁਆਲੇ ਦੇ ਲੋਕ, ਜੋ ਅੱਜ ਹਰਿਆਣਾ ਹੈ, ਉੱਥੋਂ ਦੇ ਬੱਚੇ ਘੱਟ ਪੜ੍ਹੇ ਲਿਖੇ ਹੋਣ ਕਰਕੇ ਸਾਡੇ ਲੜਕੇ ਲੜਕੀਆਂ ਉੱਥੇ ਨੌਕਰੀ ਕਰਦੇ ਸਨ। ਹੁਣ ਚਿੜੀ ਦੇ ਪਹੁੰਚੇ ਜਿੱਡਾ ਪੰਜਾਬ ਰਹਿ ਗਿਆ ਹੈ। ਪੰਜਾਬ, ਪੰਜਾਬੀ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦੇ ਸਕਦਾ। ਸਾਡੀ ਨੌਜਵਾਨ ਪੀੜ੍ਹੀ ਪਰਦੇਸਾਂ ਨੂੰ ਭੱਜ ਰਹੀ ਹੈ। ਸਾਡਾ ਸੱਭਿਅਚਾਰ ਖ਼ਤਮ ਹੋ ਰਿਹਾ ਹੈ। ਪੰਜਾਬੀ ਸੂਬੇ ਤੋਂ ਅਸੀਂ ਇਹੋ ਖੱਟਿਆ ਕਿ ਸਾਡੀ ਅਗਲੀ ਪੀੜ੍ਹੀ ਸਾਡੇ ਹੱਥੋਂ ਨਿਕਲ ਕੇ ਪਰਦੇਸਾਂ ਵਿੱਚ ਜਾ ਰਹੀ ਹੈ। ਪੰਜਾਬੀਆਂ/ਸਿੱਖਾਂ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4438)
(ਸਰੋਕਾਰ ਨਾਲ ਸੰਪਰਕ ਲਈ: (