“ਹੈਰਾਨੀ ਇਸ ਗੱਲ ਦੀ ਹੈ ਕਿ ਜਦੋਂ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੀ ਭਾਈਵਾਲ ...”
(21 ਨਵੰਬਰ 2018)
ਪੰਜਾਬੀਓ ਸੰਜੀਦਗੀ ਤੋਂ ਕੰਮ ਲੈਣਾ, ਬਹਿਕਾਵੇ ਵਿਚ ਨਾ ਆਇਓ, ਸੁਰੱਖਿਆ ਫੋਰਸਾਂ ਅਤੇ ਗੁਪਤਚਰ ਏਜੰਸੀਆਂ ਤਾਂ ਤੁਹਾਡੀਆਂ ਭਾਵਨਾਵਾਂ ਨਾਲ ਖੇਡਣ ਲਈ ਤਿਆਰ ਹੀ ਬੈਠੀਆਂ ਹਨ। ਉਹ ਤਾਂ ਤੁਹਾਡੇ ਉੱਪਰ ਸ਼ਿਕੰਜਾ ਕੱਸਣ ਲਈ ਬਹਾਨਾ ਹੀ ਭਾਲਦੀਆਂ ਹਨ। ਤੁਸੀਂ ਬੜਾ ਸੰਤਾਪ ਭੋਗਿਆ ਹੈ। ਅਦਲੀਵਾਲ ਵਾਲੀ ਘਟਨਾ ਵੀ ਤੁਹਾਡੇ ਭਾਈਚਾਰਕ ਸੰਬੰਧਾਂ ਵਿਚ ਫੁੱਟ ਪਾਉਣ ਲਈ ਕੀਤੀ ਗਈ ਹੈ। ਇਸ ਘਟਨਾ ਤੋਂ ਬਾਅਦ ਪੰਜਾਬੀਆਂ ਦੀ ਫੜੋ ਫੜੀ ਵੀ ਉਨ੍ਹਾਂ ਦਾ ਮੰਤਵ ਦਰਸਾ ਰਹੀ ਹੈ ਕਿ ਤੁਹਾਡੀ ਢਿੰਬਰੀ ਕੱਸਣ ਦੇ ਢੰਗ ਤਰੀਕੇ ਲੱਭੇ ਜਾ ਰਹੇ ਹਨ। ਭਾਰਤ ਦੀ ਫ਼ੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਦਾ 3 ਨਵੰਬਰ ਨੂੰ ਦਿੱਲੀ ਵਿਖੇ ਭਾਰਤ ਵਿਚ ਅੰਦਰੂਨੀ ਸੁਰੱਖਿਆ ਦੀ ਬਦਲਦੀ ਰੂਪ ਰੇਖਾ, ਰੁਝਾਨ ਤੇ ਜਵਾਬ ਦੇ ਵਿਸ਼ੇ ਤੇ “ਸੈਂਟਰ ਫਾਰ ਲੈਂਡ ਐਂਡ ਵਾਰ ਅਫ਼ੇਅਰ ਸਟੱਡੀਜ਼” ਵੱਲੋਂ ਆਯੋਜਤ ਇੱਕ ਸੈਮੀਨਾਰ ਵਿਚ ਫ਼ੌਜ ਦੇ ਸੀਨੀਅਰ ਅਧਿਕਾਰੀਆਂ, ਰੱਖਿਆ ਮਾਹਿਰਾਂ ਅਤੇ ਸਰਕਾਰ ਤੇ ਪੁਲਿਸ ਦੇ ਸਾਬਕਾ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਇਹ ਕਹਿਣਾ ਕਿ ਪੰਜਾਬ ਵਿਚ ਬਾਹਰੀ ਤਾਕਤਾਂ ਵੱਲੋਂ ਅੱਤਵਾਦ ਮੁੜ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਸ਼ੁਭ ਸੰਕੇਤ ਨਹੀਂ ਸਨ, ਜਿਸਦਾ ਰੂਪ 18 ਜਨਵਰੀ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਰਾਜਾਸਾਂਸੀ ਇਲਾਕੇ ਦੇ ਪਿੰਡ ਅਦਲੀਵਾਲ ਦੇ ਨਿਰੰਕਾਰੀ ਭਵਨ ਵਿਚ ਦੋ ਵਿਅਕਤੀਆਂ ਵੱਲੋਂ ਸੁੱਟੇ ਹੈਂਡ ਗਰਨੇਡ ਨਾਲ 3 ਵਿਅਕਤੀਆਂ ਦੇ ਮਾਰੇ ਜਾਣ ਅਤੇ 2 ਦਰਜਨ ਤੋਂ ਵੱਧ ਜ਼ਖ਼ਮੀ ਹੋਣ ਨਾਲ ਸਾਹਮਣੇ ਆ ਗਿਆ ਹੈ।
ਅਜੇ ਥੋੜ੍ਹੇ ਦਿਨ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਪੰਜਾਬ ਵਿਚ ਸ਼ਾਂਤੀ ਹੈ, ਸ਼ਹਿਰੀਆਂ ਨੂੰ ਕੋਈ ਖ਼ਤਰਾ ਨਹੀਂ। ਹੁਣ ਮੁੱਖ ਮੰਤਰੀ ਕਹਿ ਰਹੇ ਹਨ ਕਿ ਇਸ ਘਟਨਾ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦੀ ਸੰਭਾਵਨਾ ਹੈ। ਫ਼ੌਜ ਮੁਖੀ ਨੇ ਇਹ ਵੀ ਕਿਹਾ ਕਿ ਜੇ ਕੋਈ ਕਾਰਵਾਈ ਨਾ ਕੀਤੀ ਤਾਂ ਦੇਰੀ ਹੋ ਜਾਵੇਗੀ। ਇਹ ਇੱਕ ਢੰਗ ਨਾਲ ਇਸ਼ਾਰਾ ਕੀਤਾ ਸੀ ਕਿ ਹਾਲਾਤ ਖ਼ਤਰਨਾਕ ਸਾਬਤ ਹੋ ਸਕਦੇ ਹਨ। ਇਹ ਸੰਸਥਾ, ਜਿਸ ਨੇ ਇਹ ਸੈਮੀਨਾਰ ਆਯੋਜਤ ਕੀਤਾ ਸੀ, ਇਸਦਾ ਸਰਪ੍ਰਸਤ ਫ਼ੌਜ ਦਾ ਮੁਖੀ ਜਨਰਲ ਬਿਪਿਨ ਰਾਵਤ ਖ਼ੁਦ ਹੈ। ਹੋ ਸਕਦਾ ਹੈ ਕਿ ਫ਼ੌਜ ਮੁਖੀ ਕੋਲ ਗੁਪਤਚਰ ਏਜੰਸੀਆਂ ਰਾਹੀਂ ਇਹ ਜਾਣਕਾਰੀ ਆਈ ਹੋਵੇ ਪ੍ਰੰਤੂ ਅਜਿਹੇ ਸੰਜੀਦਾ ਮਸਲੇ ਬਾਰੇ ਇਹ ਬਿਆਨ ਪ੍ਰੈੱਸ ਵਿਚ ਨਹੀਂ ਆਉਣਾ ਚਾਹੀਦਾ ਸੀ। ਇਸਦਾ ਸਿੱਧਾ ਭਾਵ ਇਹ ਹੈ ਕਿ ਇਸ ਸੈਮੀਨਾਰ ਰਾਹੀਂ ਫ਼ੌਜ ਮੁਖੀ ਇਹ ਸੰਦੇਸ਼ ਪੰਜਾਬੀਆਂ, ਖਾਸ ਤੌਰ ’ਤੇ ਸਿੱਖਾਂ ਨੂੰ ਦੇਣਾ ਚਾਹੁੰਦੇ ਹਨ ਕਿ ਪੰਜਾਬ ਵਿਚ ਕਿਸੇ ਸਮੇਂ ਹਾਲਾਤ ਖ਼ਤਰਨਾਕ ਹੋ ਸਕਦੇ ਹਨ।
ਪਹਿਲੀ ਗੱਲ ਤਾਂ ਇਹ ਹੈ ਕਿ ਫ਼ੌਜ ਮੁਖੀ ਕੋਈ ਸਿਆਸਤਦਾਨ ਨਹੀਂ ਹੈ। ਉਸ ਵੱਲੋਂ ਅਜਿਹਾ ਬਿਆਨ ਆਉਣਾ ਖ਼ਤਰਨਾਕ ਝੁਕਾਅ ਦਾ ਸੰਕੇਤ ਹੈ। ਅਜਿਹਾ ਬਿਆਨ ਦੇਣ ਦੇ ਸਮਰੱਥ ਦੋ ਵਿਅਕਤੀ ਹਨ। ਇੱਕ ਕੇਂਦਰ ਦੇ ਗ੍ਰਹਿ ਮੰਤਰੀ ਦੂਜੇ ਕੇਂਦਰੀ ਵਿਦੇਸ਼ ਮੰਤਰੀ ਜਾਂ ਸਰਕਾਰ ਵੱਲੋਂ ਅਧਿਕਾਰਤ ਵਿਅਕਤੀ। ਫ਼ੌਜ ਮੁਖੀ ਦਾ ਅਹੁਦਾ ਦੇਸ਼ ਵਿਚ ਸ਼ਾਨਾ ਮੱਤਾ, ਸੰਵਿਧਾਨਿਕ ਅਤੇ ਸਰਵਉੱਚ ਹੁੰਦਾ ਹੈ। ਇਸ ਰੁਤਵੇ ਦੀ ਮਾਣ ਮਰਿਆਦਾ ਹੁੰਦੀ ਹੈ, ਜਿਸਨੂੰ ਬਰਕਰਾਰ ਰੱਖਣਾ ਅਹੁਦੇ ’ਤੇ ਨਿਯੁਕਤ ਵਿਅਕਤੀ ਦਾ ਕੰਮ ਹੁੰਦਾ ਹੈ। ਇਸ ਦੇ ਹੱਥ ਦੇਸ਼ ਦੀ ਬਾਹਰੀ ਸੁਰੱਖਿਆ ਦੀ ਡੋਰ ਹੁੰਦੀ ਹੈ, ਪ੍ਰੰਤੂ ਫ਼ੌਜ ਮੁਖੀ ਇੱਕ ਕਾਇਦੇ ਕਾਨੂੰਨ ਅਨੁਸਾਰ ਚੁਣੀ ਹੋਈ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਾ ਹੈ। ਇਹ ਬਿਨਾਂ ਸਬੂਤਾਂ ਤੇ ਕਹਿਣਾ ਵੀ ਯੋਗ ਨਹੀਂ ਕਿ ਸਰਕਾਰ ਨੇ ਇਹ ਬਿਆਨ ਦੇਣ ਲਈ ਉਨ੍ਹਾਂ ਨੂੰ ਅਧਿਕਾਰਤ ਕੀਤਾ ਹੋਵੇ ਕਿਉਂਕਿ ਅਜਿਹੇ ਬਿਆਨ ਅਧਿਕਾਰਤ ਅਧਿਕਾਰੀ ਹੀ ਦਿੰਦੇ ਹਨ। ਇਹ ਅੰਦਰੂਨੀ ਸੁਰੱਖਿਆ ਨਾਲ ਸੰਬੰਧਤ ਮਸਲਾ ਹੈ। ਫ਼ੌਜ ਦਾ ਕੰਮ ਬਾਹਰੀ ਸੁਰੱਖਿਆ ਨਾਲ ਸੰਬੰਧਤ ਹੁੰਦਾ ਹੈ ਬਸ਼ਰਤੇ ਕਿ ਹਾਲਾਤ ਐਸੇ ਬਣ ਜਾਣ, ਜਿਨ੍ਹਾਂ ਦੇ ਹੁੰਦਿਆਂ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਹੋਵੇ, ਜਿਵੇਂ ਜੰਮੂ ਕਸ਼ਮੀਰ ਵਿਚ ਹੈ ਅਤੇ 80ਵਿਆਂ ਵਿਚ ਪੰਜਾਬ ਵਿਚ ਵੀ ਰਿਹਾ ਹੈ। ਉਨ੍ਹਾਂ ਲਈ ਵੀ ਸਰਕਾਰ ਹੁਕਮ ਕਰਦੀ ਹੈ। ਫ਼ੌਜ ਮੁਖੀ ਬਾਰੇ ਕਿੰਤੂ ਪ੍ਰੰਤੂ ਕਰਨਾ ਵੀ ਜਾਇਜ਼ ਨਹੀਂ ਕਿਉਂਕਿ ਉਹ ਸੰਵਿਧਾਨਿਕ ਅਹੁਦੇ ’ਤੇ ਤਾਇਨਾਤ ਹਨ। ਪ੍ਰੰਤੂ ਇਹ ਬਿਆਨ ਹੀ ਅਜਿਹਾ ਹੈ, ਜਿਸ ਨਾਲ ਪੰਜਾਬ ਦੇ ਬੁੱਧੀਜੀਵੀ ਵਰਗ ਵਿਚ ਅੰਦੇਸ਼ਾ ਖੜ੍ਹਾ ਹੋ ਗਿਆ ਹੈ।
ਕਈ ਵਾਰ ਅਜਿਹੇ ਹਾਸੋਹੀਣੇ ਬਿਆਨ ਰਾਜਾਂ ਦੇ ਸਿਆਸਤਦਾਨ ਵੀ ਦੇ ਜਾਂਦੇ ਹਨ, ਫ਼ੌਜ ਮੁਖੀ ਤਾਂ ਬਹੁਤ ਹੀ ਜ਼ਿੰਮੇਵਾਰ ਅਧਿਕਾਰੀ ਹੁੰਦਾ ਹੈ। ਇਸ ਲਈ ਇਸ ਬਿਆਨ ਨੇ ਕਈ ਸ਼ੰਕੇ ਖੜ੍ਹੇ ਕਰ ਦਿੱਤੇ ਹਨ। ਇਸ ਬਿਆਨ ਤੋਂ ਇੱਕ ਗੱਲ ਤਾਂ ਸਾਫ ਵਿਖਾਈ ਦੇ ਰਹੀ ਹੈ ਕਿ ਕੇਂਦਰ ਸਰਕਾਰ ਫ਼ੌਜ ਮੁਖੀ ਰਾਹੀਂ ਆਪਣੀ ਮਨਸ਼ਾ ਜ਼ਾਹਰ ਕਰ ਰਹੀ ਹੈ। ਪ੍ਰੰਤੂ ਇਸ ਬਿਆਨ ਨੂੰ ਪਿਛਲੀਆਂ ਘਟਨਾਵਾਂ ਨਾਲ ਜੋੜ ਕੇ ਨਹੀਂ ਵੇਖਣਾ ਚਾਹੀਦਾ। ਪੰਜਾਬ ਸਰਕਾਰ, ਪੰਜਾਬ ਦੀ ਪੁਲਿਸ ਅਤੇ ਗੁਪਤਚਰ ਏਜੰਸੀਆਂ ਨੇ ਕਦੀ ਵੀ ਅਜਿਹੀ ਸ਼ੰਕਾ ਜ਼ਾਹਰ ਨਹੀਂ ਕੀਤੀ। ਫਿਰ ਫ਼ੌਜ ਮੁਖੀ ਨੂੰ ਇਹ ਬਿਆਨ ਦੇਣ ਦੀ ਕਿਉਂ ਲੋੜ ਪੈ ਗਈ? ਇਸ ਬਿਆਨ ਦੇ ਪਿੱਛੇ ਕੇਂਦਰ ਸਰਕਾਰ ਦਾ ਸਿਆਸੀ ਮੰਤਵ ਹੋ ਸਕਦਾ ਹੈ। ਜਿਵੇਂ 1984 ਵਿਚ ਸ੍ਰੀ ਹਰਿਮੰਦਰ ਸਾਹਿਬ ਵਿਚ ਪੁਲਿਸ ਭੇਜਣ ਤੋਂ ਬਾਅਦ ਕਾਂਗਰਸ ਸਰਕਾਰ ਨੇ ਸਮੁੱਚੇ ਭਾਰਤ ਵਿਚ ਚੋਣਾਂ ਜਿੱਤੀਆਂ ਸਨ, ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਮਈ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਪੰਜਾਬ ਵਿਚ ਅੱਤਵਾਦ ਦੇ ਨਾਂ ’ਤੇ ਸਿੱਖਾਂ ਵਿਰੁੱਧ ਕਾਰਵਾਈ ਕਰਕੇ ਜਿੱਤਣਾ ਚਾਹੁੰਦੀ ਹੈ।
ਹੈਰਾਨੀ ਇਸ ਗੱਲ ਦੀ ਹੈ ਕਿ ਜਦੋਂ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੀ ਭਾਈਵਾਲ ਅਕਾਲੀ ਦਲ ਪੰਜਾਬ ਵਿਚ ਰਾਜ ਕਰ ਰਿਹਾ ਸੀ, ਉਦੋਂ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਸਨ। ਅਮਨ ਕਾਨੂੰਨ ਦੀ ਹਾਲਤ ਬਹੁਤ ਮਾੜੀ ਸੀ। ਸ਼ਰੇਆਮ ਪੁਲਿਸ ਆਮ ਲੋਕਾਂ ਨਾਲ ਜ਼ਿਆਦਤੀਆਂ ਕਰ ਰਹੀ ਸੀ। ਲੜਕੀਆਂ ਨਾਲ ਬਲਾਤਕਾਰ ਹੋ ਰਹੇ ਸਨ। ਉਦੋਂ ਤਾਂ ਕਿਸੇ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ। ਹੁਣ ਜਦੋਂ ਲੋਕ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਅਜਿਹੇ ਬਿਆਨ ਆਉਣੇ ਸ਼ੁਰੂ ਹੋ ਗਏ ਹਨ। ਭਾਰਤੀ ਜਨਤਾ ਪਾਰਟੀ ਦੇ ਨੇਤਾ ਲਾਲ ਕਿਸ਼ਨ ਅਡਵਾਨੀ ਨੇ ਆਪਣੀ ਪੁਸਤਕ ‘ਮਾਈ ਇੰਡੀਆ’ ਵਿਚ ਸਾਫ ਤੌਰ ’ਤੇ ਲਿਖਿਆ ਹੈ ਕਿ ਇੰਦਰਾ ਗਾਂਧੀ ਸ੍ਰੀ ਹਰਿਮੰਦਰ ਸਾਹਿਬ ਤੇ ਕਾਰਵਾਈ ਕਰਨਾ ਨਹੀਂ ਚਾਹੁੰਦੀ ਸੀ, ਭਾਰਤੀ ਜਨਤਾ ਪਾਰਟੀ ਨੇ ਜ਼ੋਰ ਦੇ ਕੇ ਕਾਰਵਾਈ ਕਰਵਾਈ ਸੀ। ਸ੍ਰੀ ਅੰਮ੍ਰਿਤਸਰ ਆ ਕੇ ਉਨ੍ਹਾਂ ਅਤੇ ਅਟਲ ਬਿਹਾਰੀ ਵਾਜਪਾਈ ਨੇ ਪ੍ਰੈੱਸ ਕਾਨਫਰੰਸ ਵਿਚ ਵੀ ਕਿਹਾ ਸੀ ਕਿ ਇਹ ਕਾਰਵਾਈ ਪਹਿਲਾਂ ਹੋਣੀ ਚਾਹੀਦੀ ਸੀ। ਹੁਣ ਪੰਜਾਬ ਵਿਚ ਹਾਲਾਤ ਬਿਲਕੁਲ ਆਮ ਵਰਗੇ ਹਨ। ਪਿਛਲੇ ਲਗਪਗ 6 ਮਹੀਨੇ ਤੋਂ ਬਰਗਾੜੀ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ, ਉਹ ਬਾਦਲ ਪਰਿਵਾਰ ’ਤੇ ਕਾਰਵਾਈ ਕਰਨ ਲਈ ਹੈ। ਇਹ ਧਰਨਾ ਬਿਲਕੁਲ ਸ਼ਾਂਤਮਈ ਹੈ। ਕੇਂਦਰ ਸਰਕਾਰ ਕਿਤੇ ਇਸ ਧਰਨੇ ਨੂੰ ਉਠਾਉਣ ਲਈ ਇਹ ਬਹਾਨਾ ਤਾਂ ਨਹੀਂ ਬਣਾ ਰਹੀ ਤਾਂ ਜੋ ਬਾਦਲ ਪਰਿਵਾਰ ਨੂੰ ਬਚਾਇਆ ਜਾ ਸਕੇ?
ਨਿਰੰਕਾਰੀ ਭਵਨ ਵਿਚ ਹੋਈ ਇਸ ਘਟਨਾ ਤੋਂ ਸਿਆਸਤਦਾਨ ਆਪਣੀਆਂ ਰੋਟੀਆਂ ਸੇਕ ਰਹੇ ਹਨ ਜੋ ਜਾਇਜ਼ ਨਹੀਂ। ਸੁਖਬੀਰ ਸਿੰਘ ਬਾਦਲ ਸਿੱਧਾ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ। ਬਰਗਾੜੀ ਮੋਰਚੇ ਵਾਲੇ ਸੁਖਬੀਰ ਬਾਦਲ ’ਤੇ ਨਿਸ਼ਾਨਾ ਸੇਧ ਰਹੇ ਹਨ। ਇਹ ਬਿਆਨ ਪੰਜਾਬ ਦੇ ਲੋਕਾਂ ਵਿਚ ਡਰ ਅਤੇ ਸਹਿਮ ਦਾ ਵਾਤਾਵਰਨ ਪੈਦਾ ਕਰਨ ਲਈ ਯੋਗਦਾਨ ਪਾ ਰਹੇ ਹਨ ਤਾਂ ਜੋ ਲੋਕ 1978 ਅਤੇ 1984 ਵਾਲੇ ਹਾਲਾਤ ਨੂੰ ਮੁੱਖ ਰਖਕੇ ਘਬਰਾਹਟ ਵਿਚ ਆ ਜਾਣ। ਪੰਜਾਬ ਨੇ ਪਹਿਲਾਂ ਹੀ ਲੰਮਾ ਸਮਾਂ ਸੰਤਾਪ ਭੋਗਿਆ ਹੈ। ਹੁਣ ਵੀ ਨਿਰੰਕਰੀ ਭਵਨ ’ਤੇ ਹੋਏ ਹਮਲੇ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਅੰਦੇਸ਼ਾ ਹੈ ਕਿ ਮੁੜ ਪੰਜਾਬ ਦੀ ਸਦਭਾਵਨਾ ਅਤੇ ਸ਼ਾਂਤੀ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਪੰਜਾਬ ਦੇ ਲੋਕਾਂ ਨੂੰ ਅਜਿਹੀਆਂ ਹਿੰਸਕ ਘਟਨਾਵਾਂ ਤੋਂ ਘਬਰਾਉਣ ਦੀ ਲੋੜ ਨਹੀਂ ਸਗੋਂ ਆਪਸੀ ਭਾਈਚਾਰਾ ਬਣਾਕੇ ਸ਼ਾਜਿਸ਼ ਰਚਣ ਵਾਲੀਆਂ ਸ਼ਕਤੀਆਂ ਨੂੰ ਮੂੰਹ ਤੋੜ ਜਵਾਬ ਦੇਣ ਵਿਚ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਵਿਕਾਸ ਦੀ ਰਫਤਾਰ ਵਿਚ ਰੁਕਾਵਟ ਨਾ ਆਵੇ। ਅਜਿਹੀਆਂ ਘਟਨਾਵਾਂ ਪੰਜਾਬ ਵਿਚ ਹਿੰਸਾ ਕਰਵਾਉਣ ਦੇ ਇਰਾਦੇ ਨਾਲ ਕਰਵਾਈਆਂ ਜਾ ਰਹੀਆਂ ਹਨ। ਪੰਜਾਬ ਦੇ ਵਸਨੀਕ ਵਿਦੇਸ਼ੀ ਤਾਕਤਾਂ ਦੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਇਸ ਲਈ ਉਹ ਕਿਸੇ ਵੀ ਬਹਿਕਾਵੇ ਵਿਚ ਨਹੀਂ ਆਉਣਗੇ। ਇਸ ਵਿਚ ਸਮੂਹ ਪੰਜਾਬੀਆਂ ਦੇ ਹਿਤਾਂ ਦੀ ਰੱਖਿਆ ਹੋਵੇਗੀ। ਅਜਿਹੀਆਂ ਘਟਨਾਵਾਂ ਕਰਨ ਵਾਲੇ ਤਾਂ ਪੰਜਾਬ ਨੂੰ ਅੱਗ ਦੀ ਭੱਠੀ ਵਿਚ ਸੁੱਟਣਾ ਚਾਹੁੰਦੇ ਹਨ, ਜਿਨ੍ਹਾਂ ਤੋਂ ਪੰਜਾਬੀਆਂ ਨੂੰ ਸੁਚੇਤ ਰਹਿਣਾ ਹੋਵੇਗਾ। ‘ਅੱਗ ਲਾ ਕੇ ਡੱਬੂ ਕੰਧ ਉੱਪਰ’ ਵਾਲੀ ਕਹਾਵਤ ਕਰਨ ਵਾਲਿਆਂ ਨੂੰ ਕਦੀ ਵੀ ਮੁਆਫ ਨਹੀਂ ਕੀਤਾ ਜਾਵੇਗਾ। ਅਜੇ ਇਸ ਘਟਨਾ ਦੀ ਪੜਤਾਲ ਕੀਤੀ ਜਾ ਰਹੀ ਹੈ। ਸੁਰੱਖਿਆ ਨਾਲ ਸੰਬੰਧਤ ਰਾਜ ਸਰਕਾਰ ਅਤੇ ਕੇਂਦਰ ਦੀਆਂ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਹਨ, ਇਸ ਲਈ ਪੰਜਾਬ ਦੇ ਲੋਕਾਂ ਨੂੰ ਸ਼ਾਂਤੀ ਕਾਇਮ ਰੱਖਣੀ ਚਾਹੀਦੀ ਹੈ। ਸਗੋਂ ਸਰਕਾਰੀ ਏਜੰਸੀਆਂ ਨੂੰ ਪੜਤਾਲ ਵਿਚ ਸਹਿਯੋਗ ਦੇਣਾ ਚਾਹੀਦਾ ਹੈ।
**
ਸ. ਉਜਾਗਰ ਸਿੰਘ ‘ਪਟਿਆਲਾ ਰਤਨ’ ਅਵਾਰਡ ਨਾਲ ਸਨਮਾਨਤ
(ਪਟਿਆਲਾ 12 ਨਵੰਬਰ 2018)
ਪੰਜਾਬ ਰਾਈਟਰਜ਼ ਐਂਡ ਕਲਚਰਲ ਫੋਰਮ ਨੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਉਜਾਗਰ ਸਿੰਘ ਨੂੰ ਨਾਰਥ ਜੋਨ ਕਲਚਰ ਸੈਂਟਰ ਦੇ ਆਡੋਟੋਰੀਅਮ ਵਿਚ ਆਯੋਜਤ ਇਕ ਸਮਾਗਮ ਵਿਚ ਉਨ੍ਹਾਂ ਦੀਆਂ ਸਮਾਜ ਸੇਵਾ ਦੇ ਖੇਤਰ ਵਿਚ ਕੀਤੀਆਂ ਸੇਵਾਵਾਂ, ਖਾਸ ਤੌਰ ’ਤੇ ਪੰਜਾਬ ਦੇ ਭਖਦੇ ਮਸਲਿਆਂ ਬਾਰੇ ਅਖ਼ਬਾਰਾਂ ਵਿਚ ਲਿਖੇ ਲੇਖਾਂ ਦੇ ਵਿਲੱਖਣ ਯੋਗਦਾਨ ਕਰਕੇ ‘ਪਟਿਆਲਾ ਰਤਨ’ ਅਵਾਰਡ ਦੇ ਕੇ ਸਨਮਾਨਤ ਕੀਤਾ। ਇਹ ਸਨਮਾਨ ਚਿੰਨ੍ਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਅਤੇ ਮਹਾਰਾਣੀ ਪਰਨੀਤ ਕੌਰ, ਸਾਬਕਾ ਵਿਦੇਸ਼ ਰਾਜ ਮੰਤਰੀ ਨੇ ਭੇਂਟ ਕੀਤਾ। ਇਸ ਮੌਕੇ ’ਤੇ ਉਨ੍ਹਾਂ ਨਾਲ ਪੰਜਾਬ ਰਾਈਟਰਜ਼ ਐਂਡ ਕਲਚਰਲ ਫੋਰਮ ਦੇ ਫਾਊਂਡਰ ਚੇਅਰਮੈਨ ਵੇਦ ਪ੍ਰਕਾਸ਼ ਗੁਪਤਾ ਵੀ ਹਾਜ਼ਰ ਸਨ।
(1399)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)