“ਪਰਵਾਸ ਵਿਚ ਜਾਣ ਸਮੇਂ ਜੋ ਨੌਜਵਾਨਾਂ ਨੂੰ ਭੱਠ ਝੋਕਣਾ ਪੈਂਦਾ ਹੈ, ਉਸਦੀ ਦ੍ਰਿਸ਼ਟਾਂਤਿਕ ਤਸਵੀਰ ਇਸ ਨਾਵਲ ਵਿੱਚ ...”
(15 ਨਵੰਬਰ 2017)
ਬਿੰਦਰ ਕੋਲੀਆਂ ਵਾਲ ਦਾ ਨਾਵਲ ‘ਅਣਪਛਾਤੇ ਰਾਹਾਂ ਦੇ ਪਾਂਧੀ’ ਪਰਵਾਸ ਵਿਚ ਪਹੁੰਚਣ ਸਮੇਂ ਆ ਰਹੀਆਂ ਮੁਸ਼ਕਲਾਂ ਦਾ ਦੁਖਾਂਤ ਹੈ, ਜਿਸ ਨੂੰ ਬਿੰਦਰ ਨੇ ਇਸ ਤਰ੍ਹਾਂ ਲਿਖਿਆ ਹੈ, ਜਿਵੇਂ ਇਹ ਸੰਤਾਪ ਉਸਨੇ ਖ਼ੁਦ ਹੰਢਾਇਆ ਹੋਵੇ। ਪੰਜਾਬ ਇਸ ਸਮੇਂ ਬੇਰੋਜ਼ਗਾਰੀ ਦੀ ਮੰਡੀ ਬਣਿਆ ਹੋਇਆ ਹੈ। ਪੰਜਾਬੀ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲਦੀਆਂ ਨਹੀਂ ਅਤੇ ਪ੍ਰਾਈਵੇਟ ਉਹ ਕਰਨਾ ਨਹੀਂ ਚਾਹੁੰਦੇ ਅਤੇ ਨਾ ਹੀ ਪਿਤਾ ਪੁਰਖੀ ਕਿੱਤੇ ਉਨ੍ਹਾਂ ਦੇ ਮਨਾਂ ਨੂੰ ਮੋਂਹਦੇ ਹਨ। ਉਨ੍ਹਾਂ ਪਿਤਾ ਪੁਰਖੀ ਕੰਮਾਂ ਨੂੰ ਕਰਨ ਵਿਚ ਉਹ ਆਪਣੀ ਹੱਤਕ ਸਮਝਦੇ ਹਨ, ਜਿਨ੍ਹਾਂ ਕਿਤਿਆਂ ਨੇ ਉਨ੍ਹਾਂ ਦੇ ਪੁਰਖਿਆਂ ਨੂੰ ਸੰਤੁਸ਼ਟਤਾ ਹੀ ਨਹੀਂ ਦਿੱਤੀ ਸਗੋਂ ਉਨ੍ਹਾਂ ਆਪਣੇ ਪਰਿਵਾਰ ਬਾਖ਼ੂਬੀ ਪਾਲੇ ਸਨ। ਪ੍ਰੰਤੂ ਉਹ ਨੌਜਵਾਨ ਪਰਵਾਸ ਵਿਚ ਹਰ ਕੰਮ ਕਰਨ ਨੂੰ ਤਿਆਰ ਹਨ ਕਿਉਂਕਿ ਉੱਥੇ ਉਨ੍ਹਾਂ ਨੂੰ ਕੋਈ ਵੇਖਦਾ ਨਹੀਂ, ਉਹ ਫੋਕੀ ਹਉਮੈ ਦਾ ਸ਼ਿਕਾਰ ਹਨ। ਉਹ ਸਾਰੇ ਵਾਈਟ ਕਾਲਰ ਨੌਕਰੀਆਂ ਭਾਲਦੇ ਹਨ, ਜਿਹੜੀਆਂ ਸਰਕਾਰਾਂ ਦੀਆਂ ਨੀਤੀਆਂ ਅਨੁਸਾਰ ਮਿਲਣੀਆਂ ਅਸੰਭਵ ਹਨ।
ਇਹ ਨੌਜਵਾਨ, ਆਪਣੇ ਮਾਪਿਆਂ ਦੇ ਲਾਡਲੇ, ਜਿਨ੍ਹਾਂ ਨੂੰ ਮਾਪੇ ਕਿਸੇ ਤਰ੍ਹਾਂ ਦੀ ਆਂਚ ਨਹੀਂ ਆਉਣ ਦਿੰਦੇ, ਗ਼ੈਰ ਕਾਨੂੰਨੀ ਢੰਗਾਂ ਨਾਲ ਏਜੰਟਾਂ ਦੇ ਢਹੇ ਚੜ੍ਹਕੇ ਹਰ ਹੀਲੇ ਪ੍ਰਵਾਸ ਵਿਚ ਜਾਣ ਦੀ ਕੋਸ਼ਿਸ਼ ਕਰਦੇ ਹਨ, ਜਿਵੇਂ ਪਰਵਾਸ ਵਿਚ ਡਾਲਰ ਦਰਖਤਾਂ ਨੂੰ ਲੱਗਦੇ ਹੋਣ। ਉੱਥੇ ਪਹੁੰਚਣ ਲਈ ਰਸਤੇ ਵਿਚ ਉਨ੍ਹਾਂ ਨੂੰ ਜੋ ਵੇਲਣ ਵੇਲਣੇ ਪੈਂਦੇ ਹਨ, ਉਹ ਬਹੁਤ ਹੀ ਘਿਨਾਉਣੇ ਹਨ। ਇਸ ਤ੍ਰਾਸਦੀ ਦਾ ਵਿਵਰਣ ਬਿੰਦਰ ਨੇ ਬਾਖ਼ੂਬੀ ਨਾਲ ਚਿਤਰਿਆ ਹੈ ਤਾਂ ਜੋ ਪੰਜਾਬੀ ਨੌਜਵਾਨਾਂ ਦੀ ਇਸ ਨਵੀਂ ਪੀੜ੍ਹੀ ਨੂੰ ਟਰੈਵਲ ਏਜੰਟਾਂ ਗੁੰਮਰਾਹ ਨਾ ਕਰ ਸਕਣ।
ਬਿੰਦਰ ਕੋਲੀਆਂ ਵਾਲ ਨੇ ਪੁਸਤਕ ਦੇ 17 ਚੈਪਟਰਾਂ ਵਾਲੇ 160 ਪੰਨਿਆਂ ਵਿਚ ਗ਼ੈਰ ਕਾਨੂੰਨੀ ਪਰਵਾਸ ਕਰਨ ਵਾਲਿਆਂ ਦੀ ਹਿਰਦੇਵੇਦਿਕ ਵਿਥਿਆ ਅਜਿਹੇ ਢੰਗ ਨਾਲ ਲਿਖੀ ਹੈ, ਜਿਸ ਨੂੰ ਪੜ੍ਹਕੇ ਹਰ ਵਿਅਕਤੀ ਦੀਆਂ ਅੱਖਾਂ ਵਿਚ ਅਥਰੂ ਤ੍ਰਿਪ-ਤ੍ਰਿਪ ਵਹਿਣ ਲੱਗ ਜਾਂਦੇ ਹਨ। ਜਿਹੜੇ ਨੌਜਵਾਨ ਪੰਜਾਬ ਵਿਚ ਆਪਣੇ ਪਹਿਰਾਵੇ ਤੇ ਮਿੱਟੀ ਨਹੀਂ ਪੈਣ ਦਿੰਦੇ ਸਨ, ਮੋਟਰ ਸਾਈਕਲ ਜਾਂ ਸਕੂਟਰ ਤੋਂ ਬਿਨਾਂ ਪੈਰ ਨਹੀਂ ਪੁੱਟਦੇ, ਘਰਾਂ ਵਿਚ ਪਾਣੀ ਦਾ ਗਿਲਾਸ ਚੁੱਕ ਕੇ ਨਹੀਂ ਪੀਂਦੇ, ਉਹ ਪਾਣੀ ਦੀ ਘੁੱਟ ਨੂੰ ਤਰਸਦੇ ਹੋਏ ਪਰਵਾਸ ਪਹੁੰਚਣ ਲਈ ਲਟਾਪੀਂਘ ਹੋ ਰਹੇ ਹਨ। ਉਹ ਜ਼ਮੀਨਾਂ ਤੇ ਘਿਸਰ-ਘਿਸਰ ਕੇ ਰਿੜ੍ਹਦੇ ਹੋਏ ਸਰਹੱਦਾਂ ਪਾਰ ਕਰਦਿਆਂ, ਕਦੀ ਪੈਦਲ ਜੰਗਲਾਂ ਵਿਚ, ਟਰੈਕਟਰਾਂ, ਟਰਾਲਿਆਂ, ਕਿਸ਼ਤੀਆਂ, ਰੇਲ ਗੱਡੀਆਂ ਅਤੇ ਬੱਸਾਂ ਵਿਚ ਜਾਂਦਿਆਂ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਵਿਖਾਏ ਗਏ ਹਨ। ਉਹ ਟਰੈਕਟਰ ਅਤੇ ਟਰਾਲੇ ਤੂੜੀ ਦੀ ਤਰ੍ਹਾਂ ਭਰੇ ਹੁੰਦੇ ਹਨ ਜਿਨ੍ਹਾਂ ਵਿਚ ਬੈਠਣਾ ਤਾਂ ਕੀ ਖੜ੍ਹਨਾ ਵੀ ਇੱਕੋ ਪੈਰ ’ਤੇ ਪੈਂਦਾ ਹੈ। ਉਹ ਬਰਫ ਅਤੇ ਕੜਾਕੇ ਦੀ ਠੰਢ ਵਿਚ ਕੰਬਦੇ ਹਨ ਅਤੇ ਭੁੱਖਮਰੀ ਦਾ ਸ਼ਿਕਾਰ ਹੁੰਦੇ ਹਨ। ਟਰੈਵਲ ਏਜੰਟਾਂ ਨੇ ਅਜਿਹਾ ਸੰਸਾਰ ਪੱਧਰ ਤੇ ਆਪਣਾ ਮਕੜਜਾਲ ਬੁਣਿਆ ਹੋਇਆ ਹੈ ਕਿ ਪੈਰ-ਪੈਰ ’ਤੇ ਉਨ੍ਹਾਂ ਦੇ ਸਾਥੀ ਏਜੰਟ ਬੈਠੇ ਹਨ ਅਤੇ ਰਿਸ਼ਵਤ ਦਾ ਬੋਲਬਾਲਾ ਹੈ।
ਅਨੇਕਾਂ ਛੋਟੇ ਮੋਟੇ ਦੇਸ਼ਾਂ ਵਿੱਚੋਂ ਚੋਰੀ-ਚੋਰੀ ਲੁਕ ਛਿਪਕੇ ਲੰਘਦਿਆਂ ਇਹ ਨੌਜਵਾਨਾਂ ਕਈ ਵਾਰ ਭੁੱਖੇ ਭਾਣੇ, ਪਾਣੀ ਦੀ ਬੂੰਦ-ਬੂੰਦ ਲਈ ਤਰਸਦੇ ਹਨ। ਕਈ ਵਾਰ ਤਾਂ ਹਫਤਾ ਦਸ ਦਿਨ ਭੁੱਖੇ ਰਹਿਣਾ ਪੈਂਦਾ ਹੈ। ਅਜਿਹੀ ਹਾਲਤ ਵਿਚ ਜਿਹੜੀਆਂ ਕਬੂਤਰਾਂ ਨੂੰ ਡਬਲ ਰੋਟੀਆਂ ਉੱਥੋਂ ਦੇ ਲੋਕ ਪਾਉਂਦੇ ਹਨ, ਬਚੀਆਂ ਡਬਲ ਰੋਟੀਆਂ ਚੁੱਕ ਕੇ ਪਾਣੀ ਵਿਚ ਭਿਉਂ ਕੇ ਖਾ ਲੈਂਦੇ ਹਨ। ਠੰਢ ਨਾਲ ਨੀਲੇ ਪੈ ਜਾਂਦੇ ਹਨ। ਹਰ ਦੇਸ਼ ਅਤੇ ਸ਼ਹਿਰ ਵਿਚ ਏਜੰਟਾਂ ਦੇ ਸਾਥੀ ਜਾਂ ਪ੍ਰਤੀਨਿਧ ਮਿਲਦੇ ਹਨ, ਬਹੁਤੇ ਪੰਜਾਬੀ ਏਜੰਟਾਂ ਦਾ ਵਿਵਹਾਰ ਬਹੁਤਾ ਚੰਗਾ ਨਹੀਂ ਹੁੰਦਾ, ਕਈ ਵਾਰ ਤਾਂ ਰਸਤੇ ਵਿਚ ਕੁੱਟ ਮਾਰ ਵੀ ਕਰਦੇ ਹਨ, ਆਪਣੇ ਫਾਰਮਾਂ ਉੱਪਰ ਕਿਤੇ ਭੇਜਣ ਤੋਂ ਪਹਿਲਾਂ ਮੁਫਤ ਕੰਮ ਕਰਵਾਉਂਦੇ ਹਨ। ਬਿਮਾਰ ਹੋਣ ਦੀ ਸੂਰਤ ਵਿਚ ਇਲਾਜ ਦਾ ਕੋਈ ਪ੍ਰਬੰਧ ਨਹੀਂ, ਸਗੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੰਦੇ ਹਨ। ਕਈ ਵਾਰ ਸਮੁੰਦਰ ਵਿਚ ਸੁੱਟ ਦਿੰਦੇ ਹਨ। ਪ੍ਰੰਤੂ ਜਿਹੜੇ ਪਰਵਾਸ ਵਿਚ ਪਹੁੰਚਣ ਤੋਂ ਬਾਅਦ ਨੌਜਵਾਨ ਮਿਲਦੇ ਹਨ, ਉਨ੍ਹਾਂ ਦਾ ਵਿਵਹਾਰ ਉਸਾਰੂ ਹੈ ਕਿਉਂਕਿ ਉਹ ਖ਼ੁਦ ਅਜਿਹੇ ਹਾਲਾਤ ਵਿੱਚੋਂ ਲੰਘਕੇ ਪਹੁੰਚੇ ਹੋਏ ਹਨ। ਪਰਵਾਸ ਵਿਚ ਵੀ ਜੇਕਰ ਤੁਹਾਨੂੰ ਸਾਂਭਣ ਵਾਲਾ ਨਹੀਂ ਤਾਂ ਅਨੇਕਾਂ ਕਸ਼ਟ ਸਹਿਣੇ ਪੈਂਦੇ ਹਨ। ਡਾਲਰਾਂ ਦੇ ਸਿਰਫ ਸਬਜਬਾਗ ਹੀ ਹਨ। ਗ਼ੈਰ ਕਾਨੂੰਨੀ ਢੰਗ ਨਾਲ ਪਰਵਾਸ ਜਾਣ ਦੇ ਇੱਛੁਕਾਂ ਲਈ ਆੜ੍ਹਤੀਆਂ ਤੋਂ ਲੁੱਟ ਸ਼ੁਰੂ ਹੋ ਕੇ ਇੰਮੀਗਰੇਸ਼ਨ ਅਤੇ ਹਰ ਕਦਮ ’ਤੇ ਰਿਸ਼ਵਤ ਲੈਣ ਦਾ ਜਾਲ ਵਿਛਾਇਆ ਗਿਆ ਹੈ। ਭੋਲੇ ਭਾਲੇ ਜ਼ਿਮੀਦਾਰ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਦੇ ਸੁਪਨੇ ਵੇਖਦੇ ਹੋਏ ਹਰ ਕੁਰਬਾਨੀ ਕਰਨ ਲਈ ਤਿਆਰ ਹੋ ਜਾਂਦੇ ਹਨ। ਆਪਣੇ ਗਮ ਭੁਲਾਉਣ ਲਈ ਸ਼ਰਾਬ ਦਾ ਸਹਾਰਾ ਲੈਂਦੇ ਹਨ, ਸ਼ਰਾਬ ਵੀ ਕਰਜ਼ੇ ਲੈ ਕੇ ਪੀਤੀ ਜਾਂਦੀ ਹੈ, ਪ੍ਰੰਤੂ ਉਨ੍ਹਾਂ ਦੇ ਸਾਹਿਬਜ਼ਾਦੇ ਪਰਵਾਸ ਵਿਚ ਸੈੱਟ ਹੋਣ ਦੀ ਆਸ ਵਿਚ ਅਨੇਕਾਂ ਦੁਖਾਂਤ ਝੱਲਕੇ ਪਰਵਾਸ ਪਹੁੰਚਦੇ ਹਨ।
ਪਰਵਾਸ ਵਿਚ ਜਾਣ ਸਮੇਂ ਜੋ ਨੌਜਵਾਨਾਂ ਨੂੰ ਭੱਠ ਝੋਕਣਾ ਪੈਂਦਾ ਹੈ, ਉਸਦੀ ਦ੍ਰਿਸ਼ਟਾਂਤਿਕ ਤਸਵੀਰ ਇਸ ਨਾਵਲ ਵਿੱਚ ਖਿੱਚੀ ਗਈ ਹੈ। ਭੁੱਖ ਮਿਟਾਉਣ ਲਈ ਦਰ ਦਰ ਦੀਆਂ ਠੋਕਰਾਂ ਅਤੇ ਧੱਕੇ ਖਾਣੇ ਪੈਂਦੇ ਹਨ। ਏਜੰਟ ਜਾਂ ਉਨ੍ਹਾਂ ਦੇ ਪ੍ਰਤੀਨਿਧ ਹਰ ਕਦਮ ਪੁੱਟਣ ਸਮੇਂ ਉਨ੍ਹਾਂ ਦੀਆਂ ਜੇਬਾਂ ਵਿੱਚੋਂ ਪੈਸੇ ਕੱਢਦੇ ਹਨ। ਪੁਲਿਸ, ਜੇਲ ਅਤੇ ਰੋਜ਼ਗਾਰ ਦੀ ਭਾਲ ਵਿਚ ਜੋ ਹਾਲਤ ਹੁੰਦੀ ਹੈ, ਉਹ ਬਹੁਤ ਹੀ ਦਰਦਨਾਕ, ਹੌਲਨਾਕ ਅਤੇ ਤਰਸਯੋਗ ਹੁੰਦੀ ਹੈ।
ਇੱਥੇ ਭਾਰਤ ਜਾਂ ਪੰਜਾਬ ਵਿਚ ਬੈਠੇ ਮਾਪੇ ਵੱਖਰੇ ਤੜਪਦੇ ਰਹਿੰਦੇ ਹਨ। ਅਜਿਹੀ ਦੁਰਦਸ਼ਾ ਹੁੰਦੀ ਹੈ ਕਿ ਨਾਵਲ ਪੜ੍ਹਕੇ ਦਿਲ ਕੰਬਣ ਲੱਗ ਜਾਂਦਾ ਹੈ। ਲੇਖਕ ਦੀ ਕਮਾਲ ਇਹ ਵੀ ਹੈ ਕਿ ਹਰ ਚੈਪਟਰ ਵਿਚ ਜਿਹੋ ਜਿਹੇ ਹਾਲਾਤ ਹੁੰਦੇ ਹਨ, ਉਨ੍ਹਾਂ ਨਾਲ ਢੁੱਕਦੀਆਂ ਕਵਿਤਾਵਾਂ ਵੀ ਦਿੱਤੀਆਂ ਗਈਆਂ ਹਨ। ਉਦਾਹਰਣ ਲਈ ਜਦੋਂ ਬੱਚੇ ਦਾ 2 ਮਹੀਨੇ ਲੰਘ ਜਾਣ ਉੱਪਰ ਵੀ ਫ਼ੋਨ ਨਹੀਂ ਆਉਂਦਾ ਤਾਂ ਖੇਤਾਂ ਵਿਚ ਬੈਠਾ ਬਾਪ ਭੁੱਬਾਂ ਮਾਰਕੇ ਰੋਂਦਾ ਹੈ ਪ੍ਰੰਤੂ ਕਿਸੇ ਕੋਲ ਜ਼ਾਹਰ ਵੀ ਨਹੀਂ ਕਰਦਾ, ਮਾਪਿਆਂ ਵੱਲੋਂ ਆਪ ਸਹੇੜੀ ਬਿਪਤਾ ਦਾ ਜ਼ਿਕਰ ਕਰਦਿਆਂ ਬਿੰਦਰ ਲਿਖਦਾ ਹੈ:
ਆਪੇ ਲਾਈ ਚੋਟ ਮੈਂ ਦਿਲ ਨੂੰ ਹੁਣ ਆਪੇ ਮਲ੍ਹਮ ਲਾਵਾਂ,
ਖੇਤਾਂ ਵਿਚ ਦਿਸੇ ਨਾ ਪੁੱਤ ਘੁੰਮਦਾ ਦੱਸ ਕਿੱਧਰ ਨੂੰ ਜਾਵਾਂ।
ਲੇਖਕ ਇਹ ਵੀ ਲਿਖਦਾ ਹੈ ਕਿ ਹਮੇਸ਼ਾ ਮਾਵਾਂ ਆਪਣੇ ਪੁੱਤਰਾਂ ਨੂੰ ਪਰਵਾਸ ਵਿਚ ਭੇਜਣ ਤੋਂ ਕੰਨੀ ਕਤਰਾਉਂਦੀਆਂ ਹਨ ਪ੍ਰੰਤੂ ਮਰਦ ਜਲਦੀ ਹੀ ਬਾਹਰ ਭੇਜਣ ਲਈ ਸਹਿਮਤ ਹੋ ਜਾਂਦੇ ਹਨ ਕਿਉਂਕਿ ਦਲਾਲ ਮਾਪਿਆਂ ਨੂੰ ਸਬਜ਼ਬਾਗ ਵਿਖਾਉਂਦੇ ਹਨ। ਏਜੰਟਾਂ ਦੇ ਪ੍ਰਤੀਨਿਧ ਜਾਂ ਇਉਂ ਕਹਿ ਲਓ ਕਿ ਇਨ੍ਹਾਂ ਦੇ ਦੂਜੇ ਦੇਸ਼ਾਂ ਵਾਲੇ ਏਜੰਟ ਨਿਸਚਤ ਰਕਮ ਤੋਂ ਜ਼ਿਆਦਾ ਰਕਮ ਮਜਬੂਰੀ ਵੱਸ ਵਸੂਲ ਕਰਦੇ ਹਨ। ਫਸੇ ਨੌਜਵਾਨਾਂ ਨੂੰ ਇਹਨਾਂ ਨੂੰ ਵਧੇਰੇ ਪੇਮੈਂਟਾਂ ਕਰਨੀਆਂ ਪੈਂਦੀਆਂ ਹਨ। ਕਈ ਨੌਜਵਾਨ ਕਿਸ਼ਤੀਆਂ ਡੁੱਬਣ ਕਰਕੇ ਮੌਤ ਦੇ ਵੱਸ ਪੈ ਜਾਂਦੇ ਹਨ। ਮਾਪੇ ਉਨ੍ਹਾਂ ਦੀਆਂ ਲਾਸ਼ਾਂ ਲੈਣ ਲਈ ਵੀ ਤਰਸਦੇ ਰਹਿੰਦੇ ਹਨ। ਜਿਹੜੇ ਕਮਰਿਆਂ ਵਿਚ ਨੌਜਵਾਨਾਂ ਨੂੰ ਠਹਿਰਾਇਆ ਜਾਂਦਾ ਹੈ, ਉੱਥੇ ਸਾਹ ਲੈਣਾ ਵੀ ਔਖਾ ਹੁੰਦਾ ਹੈ। 100-150 ਨੌਜਵਾਨਾਂ ਲਈ ਇਕ ਹੀ ਬਾਥ ਰੂਮ ਜਾਂ ਟਾਇਲਟ ਹੁੰਦੀ ਹੈ। ਬਦਬੂ ਮਾਰਨ ਲੱਗ ਜਾਂਦੀ ਹੈ, ਕਪੜੇ ਫਟ ਜਾਂਦੇ ਹਨ ਅਤੇ ਸਿਰਾਂ ਵਿਚ ਜੂੰਆਂ ਪੈ ਜਾਂਦੀਆਂ ਹਨ। ਜਿਹੜੇ ਦੇਸ਼ ਮਨੁੱਖੀ ਹੱਕਾਂ ਦੇ ਰਖਵਾਲੇ ਕਹਾਉਂਦੇ ਹਨ, ਉੱਥੇ ਪੈਸੇ ਦੇ ਲਾਲਚ ਵਿਚ ਸਾਡੇ ਨੌਜਵਾਨਾਂ ਨਾਲ ਅਣਮਨੁੱਖੀ ਵਿਵਹਾਰ ਕਰਕੇ ਮਨੁੱਖੀ ਹੱਕਾਂ ਦਾ ਘਾਣ ਕੀਤਾ ਜਾਂਦਾ ਹੈ। ਗੁਰਦੁਆਰੇ ਹੀ ਇੱਕੋ ਇੱਕ ਸਹਾਇਤਾ ਦਾ ਕੇਂਦਰ ਹਨ, ਉਹ ਵੀ ਕੁਝ ਦਿਨਾਂ ਲਈ। ਸਮੁੰਦਰੀ ਜਹਾਜ਼ ਦੇ ਕੈਪਟਨ ਆਪਣੇ ਕੋਲ ਹਥਿਆਰ ਰੱਖਦੇ ਹਨ ਜੇਕਰ ਕੋਈ ਨੌਜਵਾਨ ਤਿੜ ਫਿੜ ਕਰਦਾ ਹੈ ਤਾਂ ਕੁੱਟਦੇ ਮਾਰਦੇ ਹਨ।
ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਬਿੰਦਰ ਕੋਲੀਆਂ ਵਾਲ ਦਾ ਇਹ ਨਾਵਲ ਆਪਣੀ ਕਿਸਮ ਦਾ ਇਹ ਪਹਿਲਾ ਸਾਹਿਤਕ ਅਤੇ ਇਤਿਹਾਸਕ ਦਸਤਾਵੇਜ਼ ਹੈ, ਜਿਹੜਾ ਗ਼ੈਰ ਕਾਨੂੰਨੀ ਪਰਵਾਸ ’ਤੇ ਜਾਣ ਵਾਲਿਆਂ ਦੀ ਤਰਾਸਦੀ ਬਿਆਨ ਕਰਦਾ ਹੈ। ਇਸ ਨਾਵਲ ਨੂੰ ਜਿਹੜਾ ਵੀ ਵਿਅਕਤੀ ਪੜ੍ਹ ਲਵੇਗਾ ਉਹ ਕਦੀ ਵੀ ਆਪਣੇ ਕਿਸੇ ਰਿਸ਼ਤੇਦਾਰ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਭੇਜਣ ਦਾ ਹੌਸਲਾ ਨਹੀਂ ਕਰ ਸਕੇਗਾ। ਇਸ ਨਾਵਲ ਨੂੰ ਪੜ੍ਹਨ ਤੋਂ ਬਾਅਦ ਇਹ ਅਖਾਣ ‘ਜਿਹੜਾ ਸੁਖ ਛੱਜੂ ਦੇ ਚੁਬਾਰੇ, ਨਾ ਬਲਖ ਨਾ ਬੁਖਾਰੇ’ ਬਿਲਕੁਲ ਸੱਚ ਮਹਿਸੂਸ ਹੁੰਦਾ ਹੈ। ਭਾਵੇਂ ਪੰਜਾਬ ਵਿਚ ਬੇਰੋਜ਼ਗਾਰੀ ਹੈ, ਹੋਰ ਵੀ ਬਹੁਤ ਸਾਰੀਆਂ ਨਸ਼ਿਆਂ ਵਰਗੀਆਂ ਅਲਾਮਤਾਂ ਹਨ ਫਿਰ ਵੀ ਪੰਜਾਬ ਵਿਚ ਆਪਣੇ ਘਰ ਰਹਿਣਾ, ਆਪਣੀ ਬੋਲੀ ਬੋਲਣਾ, ਦੁੱਖ ਸੁਖ ਵਿਚ ਪਰਿਵਾਰ ਅਤੇ ਸਮਾਜ ਦਾ ਸਹਿਯੋਗ ਮਿਲਣਾ ਇਕ ਬਹੁਤ ਵੱਡੀ ਸੁਵਿਧਾ ਹੈ। ਰੁੱਖੀ ਮਿਸੀ ਖਾ ਕੇ ਗੁਜ਼ਾਰਾ ਕਰਨਾ ਜ਼ਿਆਦਾ ਬਿਹਤਰ ਹੈ ਨਾ ਕਿ ਜ਼ਿੰਦਗੀ ਨੂੰ ਖ਼ਤਰੇ ਵਿਚ ਪਾ ਕੇ ਦਰ ਦਰ ਦੀਆਂ ਠੋਕਰਾਂ ਖਾਧੀਆਂ ਜਾਣ।
ਕਿਰਤ ਕਰਨਾ ਕੋਈ ਮਾੜੀ ਗੱਲ ਨਹੀਂ। ਪੰਜਾਬ ਦੀ ਪੁਰਾਤਨ ਵਿਰਾਸਤ ਦੱਸਦੀ ਹੈ ਕਿ ਸਾਡੇ ਪੁਰਖੇ ਰੁੱਖੀ ਮਿਸੀ ਰੋਟੀ ਖਾ ਕੇ ਗੁਜ਼ਾਰਾ ਕਰਦੇ ਰਹੇ ਹਨ। ਬਿੰਦਰ ਕੋਲੀਆਂ ਵਾਲ ਦਾ ਇਹ ਨਾਵਲ ਪੰਜਾਬੀਆਂ ਲਈ ਮਾਰਗ ਦਰਸ਼ਕ ਬਣ ਸਕਦਾ ਹੈ, ਜਿਹੜੇ ਡਾਲਰਾਂ ਦੀ ਚਕਾਚੌਂਧ ਵਿਚ ਪੈ ਕੇ ਪਰਵਾਸ ਜਾਣ ਦੀ ਲਲਕ ਲਾਈ ਬੈਠੇ ਹਨ।
*****
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)