“ਪ੍ਰੰਤੂ ਜਦੋਂ ਚਾਰ ਸਾਲ ਦਾ ਹਰਿਭਜਨ ਸਿੰਘ ਹੋਇਆ ਤਾਂ ਆਪਦੀ ਮਾਤਾ ਅਤੇ ਦੋ ਭੈਣਾਂ ਵੀ ...”
(18 ਅਗਸਤ 2020)
ਅੱਜ ਇਕੋਤਰ ਸੌਵੇਂ ਜਨਮ ਦਿਵਸ ’ਤੇ ਵਿਸ਼ੇਸ਼
ਡਾ. ਹਰਿਭਜਨ ਸਿੰਘ ਦਿੱਲੀ ਅਦਬ ਦਾ ਵਗਦਾ ਦਰਿਆ ਸਨ। ਉਨ੍ਹਾਂ ਦਾ ਹਰ ਸ਼ਬਦ ਅਦਬ ਦੀ ਖ਼ੁਸ਼ਬੂ ਨਾਲ ਲਬਰੇਜ਼ ਹੁੰਦਾ ਸੀ। ਉਹ ਸਾਹਿਤਕ ਪ੍ਰਤਿਭਾ ਦੇ ਮਾਲਕ ਸਨ। ਪ੍ਰਤਿਭਾ ਕੁਦਰਤ ਦੀ ਦੇਣ ਹੁੰਦੀ ਹੈ। ਇਹ ਨਾ ਹੀ ਇਹ ਕਿਸੇ ਜਾਣ ਪਹਿਚਾਣ ਦੀ ਮੁਹਤਾਜ ਅਤੇ ਨਾ ਹੀ ਕਦੀ ਲੁਕੀ ਛਿਪੀ ਰਹਿੰਦੀ ਹੈ। ਇਨਸਾਨ ਭਾਵੇਂ ਕਿਹੋ ਜਿਹੇ ਹਾਲਾਤ ਵਿੱਚੋਂ ਲੰਘ ਰਿਹਾ ਹੋਵੇ, ਪ੍ਰਤਿਭਾ ਆਪਣੇ ਰੰਗ ਵਿਖਾ ਦਿੰਦੀ ਹੈ। ਪ੍ਰੰਤੂ ਪ੍ਰਤਿਭਾ ਨੂੰ ਉਸਾਰੂ ਕੰਮਾਂ ਲਈ ਵਰਤਣਾ ਹੈ ਜਾਂ ਨਾਂਹਪੱਖੀ, ਇਹ ਇਨਸਾਨ ਦੇ ਆਪਣੇ ਹੱਥ ਹੁੰਦਾ ਹੈ। ਸਿਰਮੌਰ ਚਿੰਤਕ, ਖੋਜੀ ਵਿਦਵਾਨ, ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ, ਸਫਲ ਅਧਿਆਪਕ, ਨਿਮਰਤਾ ਦੇ ਪੁੰਜ ਅਤੇ ਸਾਹਿਤ ਵਿੱਚ ਸੰਵਾਦ ਅਤੇ ਵਿਵਾਦ ਦੀ ਪਰੰਪਰਾ ਸ਼ੁਰੂ ਕਰਨ ਵਾਲੇ ਡਾ, ਹਰਿਭਜਨ ਸਿੰਘ ਵਿਲੱਖਣ ਪ੍ਰਤਿਭਾ ਅਤੇ ਸ਼ਖਸੀਅਤ ਦੇ ਮਾਲਕ ਰਹੱਸਵਾਦੀ ਕਵੀ ਅਤੇ ਆਲੋਚਕ ਸਨ, ਜਿਨ੍ਹਾਂ ਨੇ ਆਪਣੀ ਪ੍ਰਤਿਭਾ ਨੂੰ ਸਮਾਜ ਦੀ ਬਿਹਤਰੀ ਲਈ ਵਰਤਿਆ ਹੈ। ਡਾ. ਹਰਿਭਜਨ ਸਿੰਘ ਦੀ ਵਿਦਵਤਾ ਬਾਰੇ ਲਿਖਣਾ ਬਹੁਤ ਮੁਸ਼ਕਲ ਹੈ ਕਿਉਂਕਿ ਉਨ੍ਹਾਂ ਬਾਰੇ ਲਿਖਣ ਲਈ ਉਨ੍ਹਾਂ ਦੇ ਬਰਾਬਰ ਦਾ ਵਿਦਵਾਨ ਹੋਣਾ ਚਾਹੀਦਾ ਹੈ। ਮੈਂ ਇਸਦੇ ਕਾਬਲ ਨਹੀਂ, ਪ੍ਰੰਤੂ ਉਨ੍ਹਾਂ ਦੇ ਇਕੋਤਰ ਸੌਵੇਂ (101ਵੇਂ) ਜਨਮ ਦਿਨ ’ਤੇ ਸਾਹਿਤ ਦਾ ਵਿਦਿਆਰਥੀ ਹੋਣ ਦੇ ਨਾਤੇ ਉਨ੍ਹਾਂ ਨੂੰ ਅਕੀਦਤ ਦੇ ਫੁੱਲ ਭੇਂਟ ਕਰਨਾ ਚਾਹੁੰਦਾ ਹਾਂ। ਇਸ ਲਈ ਲਿਖਣ ਦੀ ਕੋਸ਼ਿਸ਼ ਕਰਾਂਗਾ।
ਡਾ. ਹਰਿਭਜਨ ਸਿੰਘ ਨੇ ਆਪਣੇ ਜੀਵਨ ਵਿੱਚ ਬੜੇ ਉਤਰਾਅ ਚੜ੍ਹਾ ਵੇਖਦਿਆਂ ਜ਼ਿਦੰਗੀ ਦੇ ਸਾਰੇ ਰੰਗ ਮਾਣੇ ਸਨ। ਉਹ ਇੱਕ ਅਮੀਰ ਪਰਿਵਾਰ ਵਿੱਚ ਪੈਦਾ ਹੋਏ, ਗ਼ਰੀਬੀ ਦਾਵੇ ਵਿੱਚ ਪਾਲਣ ਪੋਸਣ ਹੋਇਆ ਅਤੇ ਖ਼ੁਸ਼ਹਾਲ ਜੀਵਨ ਬਤੀਤ ਕਰਦਿਆਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਸਾਹਿਤ ਦੀ ਝੋਲੀ ਨੂੰ ਆਪਣੀ ਪ੍ਰਤਿਭਾ ਦੇ ਰੰਗ ਨਾਲ ਬਹੁਰੰਗਾ ਅਤੇ ਮਾਲੋਮਾਲ ਕੀਤਾ। ਉਹ ਆਧੁਨਿਕ ਪੰਜਾਬੀ ਕਵਿਤਾ ਅਤੇ ਚਿੰਤਨ ’ਤੇ ਲਗਭਗ ਅੱਧੀ ਸਦੀ ਤਕ ਛਾਏ ਰਹੇ। ਉਨ੍ਹਾਂ ਨੂੰ ਪੰਜਾਬੀ ਸਾਹਿਤ ਦਾ ਪਹਿਲਾ ਇਤਿਹਾਸਕਾਰ ਕਿਹਾ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਪੰਜਾਬੀ ਸਾਹਿਤ ਨੂੰ ਬੜੇ ਸਲੀਕੇ, ਤਰਤੀਬ, ਨਿਰਪੱਖਤਾ ਅਤੇ ਪਾਰਦਰਸ਼ੀ ਢੰਗ ਨਾਲ ਲਿਖਿਆ, ਜਿਹੜਾ ਪੰਜਾਬੀ ਦੇ ਇਤਿਹਾਸ ਦਾ ਹਿੱਸਾ ਬਣ ਗਿਆ।
ਡਾ ਹਰਿਭਜਨ ਸਿੰਘ ਨੇ 82 ਸਾਲ ਦੀ ਜ਼ਿੰਦਗੀ ਵਿੱਚ 89 ਪੁਸਤਕਾਂ ਪ੍ਰਕਾਸ਼ਤ ਕਰਵਾਈਆਂ। ਉਹ ਇੱਕ ਵਿਅਕਤੀ ਹੀ ਨਹੀਂ ਸਗੋਂ ਇੱਕ ਸੰਸਥਾ ਸਨ, ਉਨ੍ਹਾਂ ਦਾ ਸਾਹਿਤਕ ਕੰਮ ਇਸਦਾ ਪ੍ਰਤੀਕ ਹੈ। ਉਨ੍ਹਾਂ ਦੀਆਂ ਪ੍ਰਕਾਸ਼ਨਾਵਾਂ ਵਿੱਚ ਪੰਜਾਬੀ ਦੇ 15 ਕਾਵਿ ਸੰਗ੍ਰਹਿ, 18 ਸਮੀਖਿਆ, 10 ਪਾਠ ਪੁਸਤਕਾਂ, 22 ਅਨੁਵਾਦ, 4 ਚੋਣਵੇਂ ਸੰਗ੍ਰਹਿ, 2 ਬਾਲ ਸਾਹਿਤ, 3 ਗਦ ਰਚਨਾ, ਇੱਕ ਰੇਡੀਓ ਫੀਚਰ, 17 ਸੰਪਾਦਿਤ, 4 ਹਿੰਦੀ, 3 ਅੰਗਰੇਜ਼ੀ ਅਤੇ ਇੱਕ ਫੁਟਕਲ, ਪੁਸਤਕਾਂ ਸ਼ਾਮਲ ਹਨ। ਉਹ ਫਕੀਰ ਕਿਸਮ ਦਾ ਮਸਤ ਮੌਲਾ ਕਵੀ ਸੀ ਜਿਹੜਾ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਕਵਿਤਾਵਾਂ ਲਿਖਦਾ ਰਿਹਾ। ਉਸਦੀ ਹਰ ਕਵਿਤਾ ਕਿਸੇ ਖਾਸ ਉਦੇਸ਼ ਨੂੰ ਮੁੱਖ ਰੱਖਕੇ ਲਿਖੀ ਹੋਈ ਹੁੰਦੀ ਸੀ। ਜਾਣੀ ਕਿ ਉਸ ਦੀਆਂ ਕਵਿਤਾਵਾਂ ਸਮਾਜਿਕ ਲਹਿਰਾਂ ਅਤੇ ਸਥਾਨਕ ਕੌਮੀ ਅਤੇ ਅੰਤਰਰਾਸ਼ਟਰੀ ਘਟਨਾਵਾਂ ਵਿੱਚੋਂ ਪੈਦਾ ਹੋਈਆਂ ਹੁੰਦੀਆਂ ਸਨ। ਪੰਜਾਬੀ ਦਾ ਉਹ ਇੱਕੋ ਇੱਕ ਸਿਰਮੌਰ ਕਵੀ ਹੈ, ਜਿਸਨੇ ਬਲਿਊ ਸਟਾਰ ਅਪ੍ਰੇਸ਼ਨ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪੁਲਿਸ ਦੇ ਡੀ ਆਈ ਜੀ ਅਟਵਾਲ ਦੇ ਕਤਲ ਨੂੰ ਸਿੱਖ ਵਿਚਾਰਧਾਰਾ ਦੇ ਵਿਰੁੱਧ ਕਿਹਾ। ਬਲਿਊ ਸਟਾਰ ਅਪ੍ਰੇਸ਼ਨ ਨੂੰ ਹਰ ਪੰਜਾਬੀ ਖਾਸ ਤੌਰ ’ਤੇ ਸਿੱਖ ਨੇ ਬਹੁਤ ਹੀ ਗਲਤ ਕਿਹਾ ਅਤੇ ਉਨ੍ਹਾਂ ਦੇ ਦਿਲ ਵਲੂੰਧਰੇ ਗਏ। ਡਾ. ਹਰਿਭਜਨ ਸਿੰਘ ਨੇ ਹਰਿਮੰਦਰ ਸਾਹਿਬ ਵਿੱਚ ਬਲਿਊ ਸਟਾਰ ਅਪ੍ਰੇਸ਼ਨ, ਚੌਰਾਸੀ ਦਾ ਦਿੱਲੀ ਅਤੇ ਦੇਸ ਦੇ ਹੋਰ ਹਿੱਸਿਆਂ ਵਿੱਚ ਹੋਏ ਕਤਲੇਆਮ ਬਾਰੇ ਅਤਿ ਦਰਦਨਾਇਕ ਕਵਿਤਾਵਾਂ ਲਿਖੀਆਂ ਜਿਹੜੀਆਂ ਪਾਠਕਾਂ ਦੇ ਦਿਲਾਂ ਨੂੰ ਵਲੰਧਰ ਗਈਆਂ ਸਨ। ਉਨ੍ਹਾਂ ਨੇ ਆਪਣੀ ਇੱਕ ਕਵਿਤਾ ਵਿੱਚ ਲਿਖਿਆ-
ਹਰਿਮੰਦਰ ਨੂੰ ਤੁਰਦੀ ਜਾਵਾਂ, ਮਨ ਵਿੱਚ ਸੰਸਾ ਭਾਰਾ।
ਹਿੰਦੂ ਪੇਕੇ ਮੇਰੇ ਸਿੱਖ ਸਹੁਰੇ, ਮੇਰਾ ਕਿੱਥੇ ਸ਼ੁਮਾਰਾ।
ਤੈਂ ਦਰ ਛੱਡ ਕੇ, ਮੈਂ ਕੈਂ ਦਰ ਜਾਵਾਂ।
ਫੌਜਾਂ ਕੌਣ ਦੇਸ ਤੋਂ ਆਈਆਂ,
ਕਿਹੜੇ ਦੇਸ ਤੋਂ ਜ਼ਹਿਰ ਲਿਆਈਆਂ।
ਕਿਸ ਤੋਂ ਕਹਿਰ ਲਿਆਈਆਂ,
ਕਿਸ ਫਨੀਅਰ ਦੀ ਫੂਕ ਨੇ,
ਜਿਸਨੇ ਪੱਕੀਆਂ ਕੰਧਾਂ ਢਾਹੀਆਂ।
ਸਿਫਤ ਸਰੋਵਰ ਡੱਸਿਆ ਅੱਗਾਂ ਪੱਥਰ ਦੇ ਵਿੱਚ ਲਾਈਆਂ।
ਹਰਿ ਕੇ ਮੰਦਿਰ ਵਿਹੁ ਦੀਆਂ ਨਦੀਆਂ ਬੁੱਕਾਂ ਭਰ ਵਰਤਾਈਆਂ।
ਇੱਕ ਹੋਰ ਕਵਿਤਾ ਵਿੱਚ ਉਨ੍ਹਾਂ ਲਿਖਿਆ-
ਹਰਿਮੰਦਰ ਦੀ ਕਰਨ ਜੁਹਾਰੀ ਤੂੰ ਆਈ ਕਰ ਟੈਂਕ ਸਵਾਰੀ।
ਸਤਿ ਸਿੰਘਾਸਣ ਹੱਥੀਂ ਢਾਹਿਆ, ਤੇ ਮੁੜ ਹੱਥੀਂ ਆਪ ਬਣਾਇਆ।
ਵਾਹ ਰਚਨਾ ਵਾਹ ਖੋਹੋ ਖੋਹੀ ਸੋਨ ਕਲਸ ਤੂੰ ਚੀਰ ਲੰਗਾਰੇ
ਤੇ ਮੁੜ ਮਲ੍ਹਮਾਂ ਨਾਲ ਸਵਾਰੇਂ, ਆਪੇ ਤੂੰ ਸੰਕਟ ਉਪਜਾਵੇਂ।
ਨਿਕਟੀ ਹੋ ਕੇ ਆਪ ਬਚਾਵੇਂ ਨਿੱਤ ਨਿਰਮੋਹੀ ਸਦਾ ਸਨੇਹੀ।
ਪਰਕਰਮਾ ਤਕ ਆ ਪੁੱਜੀਆਂ ਨੇ ਆਂਦਰ ਆਂਦਰ ਮਾਵਾਂ।
ਪੱਥਰ ਪੱਥਰ ਪਾਸੋਂ ਪੁੱਛਣ ਪੁੱਤਰਾਂ ਦਾ ਸਿਰਨਾਵਾਂ।
ਉਹ ਜਿਹੜੇ ਵਿੱਚ ਪਰਦਖਣਾ ਡੁੱਲ੍ਹ ਗਏ ਲੈ ਕੇ ਤੇਰਾ ਨਾਵਾਂ।
ਦਿੱਲੀ ਵਿੱਚ ਹੋਏ ਕਤਲੇਆਮ ਬਾਰੇ ਉਨ੍ਹਾਂ ਦੀ ਇੱਕ ਕਵਿਤਾ ਹੈ-
ਕੱਲ੍ਹ ਅਸੀਂ ਯਾਰ ਸਾਂ, ਕੱਲ੍ਹ ਹੋਵਾਂਗੇ ਅੱਜ ਅਸੀਂ ਯਾਰ ਨਹੀਂ।
ਕੱਲ੍ਹ ਤੋਂ ਤੁਰੇ ਤੇ ਕੱਲ੍ਹ ਤਕ ਪਹੁੰਚੇ ਅੱਜ ਵਿਚਕਾਰ ਨਹੀਂ।
ਇੱਕ ਇਤਬਾਰ ਸੀ ਜੋ ਟੁੱਟ ਚੁੱਕਾ ਜੁੜ ਜਾਵੇਗਾ।
ਜੁੜ ਕੇ ਫੇਰ ਨਹੀਂ ਟੁੱਟੇਗਾ ਇਹ ਇਤਬਾਰ ਨਹੀਂ।
ਡਾ. ਹਰਿਭਜਨ ਸਿੰਘ ਦਾ ਜਨਮ 18 ਅਗਸਤ 1920 ਨੂੰ ਆਸਾਮ ਰਾਜ ਦੇ ਲਮਡਿੰਗ ਸ਼ਹਿਰ ਵਿੱਚ ਪਿਤਾ ਗੰਡਾ ਸਿੰਘ ਅਤੇ ਮਾਤਾ ਗੰਗਾ ਦੇਈ (ਕਰਮ ਕੌਰ) ਦੇ ਘਰ ਹੋਇਆ। ਆਪਦੀਆਂ ਤਿੰਨ ਵੱਡੀਆਂ ਭੈਣਾਂ ਸਨ। ਆਪਦਾ ਜੱਦੀ ਪਿੰਡ ਭੁੱਲਰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸੀ। ਆਪਦੇ ਪਿਤਾ ਰੇਲਵੇ ਵਿੱਚ ਫੋਰਮੈਨ ਸਨ। ਚੰਗੀ ਜਾਇਦਾਦ ਵਾਲਾ ਖੁਸ਼ਹਾਲ ਪਰਿਵਾਰ ਸੀ ਪ੍ਰੰਤੂ ਬਦਕਿਸਮਤੀ ਦੀ ਗੱਲ ਹੈ ਕਿ ਜਦੋਂ ਅਜੇ ਹਰਿਭਜਨ ਸਿੰਘ ਇੱਕ ਸਾਲ ਦਾ ਹੀ ਸੀ ਤਾਂ ਆਪਦੇ ਪਿਤਾ ਟੀ ਵੀ ਦੀ ਬਿਮਾਰੀ ਨਾਲ ਸਵਰਗਵਾਸ ਹੋ ਗਏ। ਆਪਦੀ ਮਾਂ ਚਾਰੇ ਬੱਚਿਆਂ ਨੂੰ ਲੈ ਕੇ ਪਹਿਲਾਂ ਉਨ੍ਹਾਂ ਦੇ ਜੱਦੀ ਪਿੰਡ ਭੁੱਲਰ ਅਤੇ ਬਾਅਦ ਵਿੱਚ ਲਾਹੌਰ ਚਲੀ ਗਈ। ਤਿੰਨ ਸਾਲ ਪਿਤਾ ਦੀ ਜਾਇਦਾਦ ਦੇ ਸਹਾਰੇ ਚੰਗੇ ਨਿਕਲੇ ਪ੍ਰੰਤੂ ਜਦੋਂ ਚਾਰ ਸਾਲ ਦਾ ਹਰਿਭਜਨ ਸਿੰਘ ਹੋਇਆ ਤਾਂ ਆਪਦੀ ਮਾਤਾ ਅਤੇ ਦੋ ਭੈਣਾਂ ਵੀ ਸਵਰਗਵਾਸ ਹੋ ਗਈਆਂ। ਦੋਵੇਂ ਬੱਚੇ ਯਤੀਮ ਹੋ ਗਏ। ਬੱਚਿਆਂ ਦੀ ਵੇਖ ਭਾਲ ਕਰਨ ਵਾਲਾ ਕੋਈ ਨਾ ਰਿਹਾ। ਨਜ਼ਦੀਕੀ ਰਿਸ਼ਤੇਦਾਰਾਂ ਨੇ ਹੀ ਲਮਡਿੰਗ ਵਾਲੀਆਂ ਪਿਤਾ ਪੁਰਖੀ ਜਾਇਦਾਦਾਂ ’ਤੇ ਕਬਜ਼ੇ ਕਰ ਲਏ, ਜਿਨ੍ਹਾਂ ਦੇ ਸਹਾਰੇ ਪਰਿਵਾਰ ਦਾ ਗੁਜ਼ਾਰਾ ਚਲਦਾ ਸੀ। ਫਿਰ ਆਪਦੀ ਇੱਕ ਵਿਧਵਾ ਮਾਸੀ ਜਿਹੜੀ ਲਾਹੌਰ ਦੇ ਵਿੱਚ ਹੀ ਇਛਰਾਂ ਇਲਾਕੇ ਵਿੱਚ ਹੀ ਰਹਿੰਦੀ ਸੀ, ਉਸਨੇ ਬੱਚਿਆਂ ਦੀ ਜ਼ਿੰਮੇਵਰੀ ਲਈ ਅਤੇ ਉਨ੍ਹਾਂ ਨੂੰ ਪਾਲਿਆ। ਹਰਿਭਜਨ ਸਿੰਘ ਪੜ੍ਹਨ ਵਿੱਚ ਕਾਫੀ ਹੁਸ਼ਿਆਰ ਸੀ। ਮਾਸੀ ਦੇ ਘਰ ਵਿੱਚ ਇੱਕੋ ਲਾਲਟੈਣ ਹੁੰਦੀ ਸੀ, ਜਦੋਂ ਘਰ ਦੇ ਕੰਮਾਂ ਤੋਂ ਵਿਹਲੀ ਹੁੰਦੀ ਤਾਂ ਫਿਰ ਮਾਸੀ ਉਹ ਲਾਲਟੈਣ ਹਰਿਭਜਨ ਸਿੰਘ ਨੂੰ ਦਿੰਦੀ ਤੇ ਫਿਰ ਉਹ ਉਸੇ ਦੀ ਰੌਸ਼ਨੀ ਵਿੱਚ ਪੜ੍ਹਾਈ ਕਰਦੇ ਸਨ। ਪੜ੍ਹਾਈ ਵਿੱਚ ਉਹ ਅੱਵਲ ਆਉਂਦਾ ਸੀ। ਦਸਵੀਂ ਡੀ ਏ ਵੀ ਸਕੂਲ ਲਾਹੌਰ ਵਿੱਚੋਂ ਹਿੰਦੀ ਅਤੇ ਸੰਸਕ੍ਰਿਤ ਵਿਸ਼ਿਆਂ ਨਾਲ ਪਾਸ ਕੀਤੀ। ਦਸਵੀਂ ਵਿੱਚੋਂ ਬੋਰਡ ਦੇ ਇਮਤਿਹਾਨ ਵਿੱਚੋਂ ਤੀਜੇ ਨੰਬਰ ’ਤੇ ਆਏ ਪ੍ਰੰਤੂ ਆਰਥਿਕ ਤੌਰ ’ਤੇ ਕਮਜ਼ੋਰ ਹੋਣ ਕਰਕੇ ਪੜ੍ਹਾਈ ਵਿਚਕਾਰ ਹੀ ਛੱਡ ਦਿੱਤੀ। ਹੋਮੀਓਪੈਥਿਕ ਕੈਮਿਸਟ ਦੀ ਦੁਕਾਨ ’ਤੇ ਸੇਲਜ਼ੈਨ ਦੀ ਨੌਕਰੀ ਕਰ ਲਈ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਹੋ ਸਕੇ। ਦੇਸ ਦੀ ਵੰਡ ਤੋਂ ਬਾਅਦ ਦਿੱਲੀ ਆ ਕੇ ਵਸ ਗਏ ਤੇ ਉੱਥੇ ਪਹਿਲਾਂ ਰੇਲਵੇ ਵਿੱਚ ਕਲਰਕ ਦੀ ਨੌਕਰੀ ਕੀਤੀ। ਉਸ ਤੋਂ ਬਾਅਦ ਭਾਰਤ ਸਰਕਾਰ ਵਿੱਚ ਅੱਪਰ ਡਵੀਜਨ ਕਲਰਕ ਭਰਤੀ ਹੋ ਗਏ।
ਹਰਭਜਨ ਸਿੰਘ ਦਾ ਵਿਆਹ ਬੀਬੀ ਕਿਰਪਾਲ ਕੌਰ ਨਾਲ 1946 ਵਿੱਚ ਹੋਇਆ। ਆਪਦੇ ਤਿੰਨ ਲੜਕੇ ਹਨ। ਹਰਿਭਜਨ ਸਿੰਘ ਨੂੰ ਪੜ੍ਹਾਈ ਕਰਨ ਵਿੱਚ ਦਿਲਚਸਪੀ ਸੀ, ਇਸ ਕਰਕੇ ਕਲਰਕ ਦੀ ਨੌਕਰੀ ਛੱਡਕੇ ਉਸਨੇ ਖਾਲਸਾ ਸਕੂਲ ਦਿੱਲੀ ਵਿਖੇ ਸਹਾਇਕ ਲਾਇਬਰੇਰੀਅਨ ਦੀ ਨੌਕਰੀ ਕਰ ਲਈ। ਦਸਵੀਂ ਤੋਂ ਬਾਅਦ ਉਸਨੇ ਸਾਰੀ ਪੜ੍ਹਾਈ ਪ੍ਰਾਈਵੇਟ ਵਿਦਿਆਰਥੀ ਦੇ ਤੌਰ ’ਤੇ ਨੌਕਰੀ ਕਰਦਿਆਂ ਹੀ ਕੀਤੀ। ਸਭ ਤੋਂ ਪਹਿਲਾਂ 1940 ਵਿੱਚ ਪ੍ਰਭਾਕਰ, 1941 ਵਿੱਚ ਸਾਹਿਤਯ ਰਤਨ ਅਤੇ ਗਿਆਨੀ ਪਾਸ ਕੀਤੀ। ਉਸ ਤੋਂ ਬਾਅਦ ਮੁਨਸ਼ੀ ਫਾਜ਼ਲ, ਬੀ ਏ, ਐੱਮ ਏ ਹਿੰਦੀ ਅਤੇ ਐੱਮ ਏ ਅੰਗਰੇਜ਼ੀ ਲਿਟਰੇਚਰ ਦਿੱਲੀ ਯੂਨੀਵਰਸਿਟੀ ਤੋਂ ਪਾਸ ਕੀਤੀਆਂ। ਪੀ ਐੱਚ ਡੀ ਆਪਨੇ “ਗੁਰਮੁਖੀ ਲਿਪੀ ਮੇਂ ਹਿੰਦੀ ਕਾਵਯ” ਵਿਸ਼ੇ ਉੱਪਰ ਕੀਤੀ। ਪਹਿਲਾਂ ਆਪ 1958 ਵਿੱਚ ਖਾਲਸਾ ਕਾਲਜ ਦਿੱਲੀ ਅਤੇ ਬਾਅਦ ਵਿੱਚ ਹਿੰਦੀ ਦੇ ਲੈਕਚਰਾਰ ਲੱਗ ਗਏ। ਉਸ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਵਿੱਚ ਹਿੰਦੀ ਦੇ ਲੈਕਚਰਾਰ ਰਹੇ। ਦਿੱਲੀ ਯੂਨੀਵਰਸਿਟੀ ਵਿੱਚ ਹੀ ਅੰਗਰੇਜ਼ੀ ਦੇ ਲੈਕਚਰਾਰ ਲੱਗੇ। ਉਸ ਤੋਂ ਬਾਅਦ ਉੱਥੇ ਹੀ 1968 ਵਿੱਚ ਆਧੁਨਿਕ ਭਾਰਤੀ ਭਾਸ਼ਾਵਾਂ ਵਿਭਾਗ ਵਿੱਚ ਪੰਜਾਬੀ ਦੇ ਪ੍ਰੋਫੈਸਰ ਲੱਗ ਗਏ। 1984 ਵਿੱਚ ਸੇਵਾ ਮੁਕਤੀ ਤੋਂ ਬਾਅਦ ਆਖਰੀ ਸਮੇਂ ਤਕ ਉਹ ਦਿੱਲੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਅਮਰੈਟਿਸ ਰਹੇ। ਇੱਕ ਵਾਰ ਉਨ੍ਹਾਂ ਦੀ ਚੋਣ ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਦੇ ਪ੍ਰੋਫੈਸਰ ਦੀ ਹੋ ਗਈ ਪ੍ਰੰਤੂ ਆਪ ਨੂੰ ਨੌਕਰੀ ਜਾਇਨ ਨਾ ਕਰਨ ਦਿੱਤੀ ਗਈ ਕਿਉਂਕਿ ਆਪ ਪੰਜਾਬੀ ਦੀ ਐੱਮ ਏ ਨਹੀਂ ਸਨ। ਹੈਰਾਨੀ ਦੀ ਗੱਲ ਹੈ, ਜਿਸ ਯੂਨੀਵਰਸਿਟੀ ਨੇ ਜਾਇਨ ਨਹੀਂ ਕਰਨ ਦਿੱਤਾ ਸੀ, ਉਸੇ ਯੂਨੀਵਰਸਿਟੀ ਨੇ ਆਪ ਨੂੰ 1996 ਵਿੱਚ ਡੀ ਲਿਟ ਦੀ ਡਿਗਰੀ ਪ੍ਰਦਾਨ ਕੀਤੀ। ਆਪਨੇ ਵੱਖ-ਵੱਖ ਵਿਸ਼ਿਆਂ ਕਵਿਤਾ, ਆਲੋਚਨਾ ਸਾਹਿਤਕ ਇਤਿਹਾਸ, ਜੀਵਨੀਆਂ ਅਤੇ ਅਨੁਵਾਦ ਦੀਆਂ ਪੰਜਾਬੀ ਭਾਸ਼ਾ ਵਿੱਚ 80 ਪੁਸਤਕਾਂ ਮਾਂ ਬੋਲੀ ਦੀ ਝੋਲੀ ਪਾ ਕੇ ਪੰਜਾਬੀ ਭਾਸ਼ਾ ਨੂੰ ਮਾਲੋਮਾਲ ਕੀਤਾ।
ਡਾ. ਹਰਿਭਜਨ ਸਿੰਘ ਅੰਤਰਰਾਸ਼ਟਰੀ ਪੱਧਰ ਦੇ ਵਿਦਵਾਨ ਸਨ। ਉਨ੍ਹਾਂ ਨੇ ਦੋ ਮੌਕਿਆਂ ਤੇ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਆਯੋਜਤ ਸਮਾਗਮ, ਜਿਸ ਵਿੱਚ ਸਮੁੱਚੇ ਸੰਸਾਰ ਤੋਂ ਪ੍ਰਤੀਨਿਧ ਆਏ ਹੋਏ ਸਨ ਵਿੱਚ ਭਾਰਤੀ ਪਰੰਪਰਾ ਅਤੇ ਵਿਸ਼ਵ ਪੰਜਾਬੀ ਕਾਨਫਰੰਸ ਬਰਤਾਨੀਆਂ ਵਿੱਚ ‘ਸੂਫੀ ਮਤ ਤੇ ਭਾਰਤ’ ਵਿਸ਼ੇ ਤੇ ਭਾਸ਼ਣ ਦਿੱਤੇ ਜਿਨ੍ਹਾਂ ਨੇ ਡਾ ਹਰਿਭਜਨ ਸਿੰਘ ਦੀ ਵਿਲੱਖਣ ਵਿਦਵਤਾ ਦਾ ਸਿੱਕਾ ਜਮਾ ਦਿੱਤਾ। ਉਨ੍ਹਾਂ ਦੀ ਭਾਸ਼ਣ ਕਲਾ ਵੀ ਕਮਾਲ ਦੀ ਸੀ। ਸਰੋਤੇ ਮੰਤਰ ਮੁਗਧ ਹੋ ਜਾਂਦੇ ਸਨ। ਉਹ ਸਮਰਪਤ ਭਾਵਨਾ ਵਾਲੇ ਬੁੱਧੀਜੀਵੀ ਸਨ। ਉਨ੍ਹਾਂ ਦੀ ਵਿਦਵਤਾ ਦਾ ਇਸ ਗੱਲ ਤੋਂ ਵੀ ਪਤਾ ਲਗਦਾ ਹੈ ਕਿ ਜਿਹੜੇ ਵਿਦਵਾਨਾਂ ਨੇ ਉਨ੍ਹਾਂ ਅਧੀਨ ਪੀ ਐੱਚ ਡੀ ਕੀਤੀ ਹੈ ਉਨ੍ਹਾਂ ਵਿੱਚ ਡਾ. ਅਤਰ ਸਿੰਘ, ਡਾ. ਸੁਤਿੰਦਰ ਸਿੰਘ ਨੂਰ, ਡਾ. ਜਸਪਾਲ ਸਿੰਘ ਸਾਬਕਾ ਉਪ ਕੁਲਪਤੀ ਅਤੇ ਡਾ. ਮਨਜੀਤ ਸਿੰਘ ਵਰਨਣਯੋਗ ਹਨ।
ਡਾ. ਹਰਿਭਜਨ ਸਿੰਘ ਨੂੰ ਪੰਜਾਬੀ ਅਤੇ ਹਿੰਦੀ ਦੇ ਲਗਭਗ 35 ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਨੇ ਮਾਨ ਸਨਮਾਨ ਦੇ ਕੇ ਸਨਮਾਨਿਆ। ਉਨ੍ਹਾਂ ਸਨਮਾਨਾ ਵਿੱਚੋਂ ਮੁੱਖ ਤੌਰ ’ਤੇ ਸਾਹਿਤ ਅਕਾਦਮੀ ਪੁਰਸਕਾਰ, ਬਿਰਲਾ ਫਾਊਂਡੇਸ਼ਨ ਸਰਸਵਤੀ ਪੁਰਸਕਾਰ, ਸੋਵੀਅਤ ਲੈਂਡ ਨਹਿਰੂ ਪੁਰਸਕਾਰ, ਅੰਤਰਰਾਸ਼ਟਰੀ ਸ਼ਰੋਮਣੀ ਸਾਹਿਤਕਾਰ ਸਨਮਾਨ, ਗਿਆਨੀ ਗੁਰਮੁੱਖ ਸਿੰਘ ਪੁਰਸਕਾਰ, ਪੰਜਾਬ ਸਟੇਟ ਭਾਈ ਵੀਰ ਸਿੰਘ ਪੁਰਸਕਾਰ, ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਸਨਮਾਨ, ਸਾਹਿਤ ਕਲਾ ਪੁਰਸਕਾਰ, ਪੰਜਾਬ ਲਿਟਰੇਰੀ ਫੋਰਮ ਪੁਰਸਕਾਰ, ਮੱਧ ਪ੍ਰਦੇਸ਼ ਸਰਕਾਰ ਨੇ ਕਬੀਰ ਪੁਰਸਕਾਰ, ਉੱਤਰ ਪ੍ਰਦੇਸ ਸਰਕਾਰ ਦਾ ਸਨਮਾਨ ਅਤੇ ਵਾਰਿਸ ਸ਼ਾਹ ਪੁਰਸਕਾਰ ਵਰਨਣਯੋਗ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2301)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)