“ਇਹ ਸਾਰਾ ਕੁਝ ਪੁਲਿਸ ਨੇ ਚਲਾਣ ਵਿਚ ਮੁਲਜ਼ਿਮਾਂ ਦੀਆਂ ਟੈਲੀਫੋਨ ਕਾਲਾਂ ਦੇ ਰਿਕਾਰਡ ਤੋਂ ਪ੍ਰਾਪਤ ਕਰਕੇ ...”
(20 ਅਪਰੈਲ 2018)
ਜੰਮੂ ਕਸ਼ਮੀਰ ਦੇ ਕਠੂਆ ਇਲਾਕੇ ਦੇ ਰਸਾਨਾ ਪਿੰਡ ਵਿਚ ਬਕਰਵਾਲ ਖਾਨਾਬਦੋਸ਼ ਕਬੀਲੇ ਦੀ 8 ਸਾਲਾ ਨਾਬਾਲਗ ਲੜਕੀ ਆਸਿਫ਼ਾ ਨਾਲ ਹੋਏ ਦਰਿੰਦਗੀ ਦੇ ਨੰਗੇ ਨਾਚ, ਦਿਲ ਕੰਬਾਊ, ਰੌਂਗਟੇ ਖੜ੍ਹੇ ਕਰਨ ਵਾਲੀ ਅਤੇ ਅਣਮਨੁੱਖੀ ਢੰਗ ਨਾਲ ਕੀਤੇ ਗਏ ਸਮੂਹਿਕ ਬਲਾਤਕਾਰ ਦੀ ਖ਼ੌਫਨਾਕ ਘਟਨਾ ਨੇ ਮਾਨਵਤਾ ਨੂੰ ਕਲੰਕਿਤ ਕਰਦਿਆਂ ਇਨਸਾਨੀਅਤ ਨੂੰ ਸ਼ਰਮਸ਼ਾਰ ਕੀਤਾ ਹੈ। ਦੋਸ਼ੀਆਂ ਦੇ ਹੱਕ ਵਿਚ ਮੁਜ਼ਾਹਰੇ ਕਰਨ ਵਾਲਿਓ, ਕੀ ਆਸਿਫ਼ਾ ਕਿਸੇ ਦੀ ਧੀ ਭੈਣ ਨਹੀਂ ਸੀ? ਜੇ ਸਾਡੀ ਆਪਣੀ ਧੀ ਭੈਣ ਨਾਲ ਅਜਿਹੀ ਕਰਤੂਤ ਹੋਵੇ ਕੀ ਅਸੀਂ ਬਰਦਾਸ਼ਤ ਕਰ ਲਵਾਂਗੇ? ਧੀਆਂ ਭੈਣਾਂ ਵਾਲਿਓ ਅਤੇ ਧੀਆਂ ਦੀਆਂ ਕੁੱਖਾਂ ਵਿੱਚੋਂ ਜਨਮ ਲੈਣ ਵਾਲਿਓ, ਉਨ੍ਹਾਂ ਧੀਆਂ ਭੈਣਾਂ ਦੀ ਇੱਜ਼ਤ ਕਰਨੀ ਸਿੱਖੋ, ਜਿਨ੍ਹਾਂ ਨੇ ਤੁਹਾਨੂੰ ਇਹ ਸੰਸਾਰ ਵਿਖਾਇਆ ਹੈ। ਇਸਦਾ ਸੇਕ ਤੁਹਾਡੇ ਤੱਕ ਵੀ ਪਹੁੰਚ ਸਕਦਾ ਹੈ। ਦੂਜੇ ਦੇ ਘਰ ਨੂੰ ਲੱਗੀ ਅੱਗ ਬਸੰਤਰ ਦਿਸਦੀ ਹੈ, ਜਦੋਂ ਆਪਣੇ ਘਰ ਲੱਗੇਗੀ, ਫਿਰ ਹੋਸ਼ ਉਡਣਗੇ। ਜੇ ਹਾਲਾਤ ਇਹੋ ਰਹੇ ਤਾਂ ਉਹ ਦਿਨ ਵੀ ਦੂਰ ਨਹੀਂ। ਇਸ ਤੋਂ ਵੀ ਖ਼ਤਰਨਾਕ ਅਤੇ ਇਨਸਾਨੀਅਤ ਤੋਂ ਗਿਰੀ ਹੋਈ ਗੱਲ ਇਹ ਹੋਈ ਹੈ ਕਿ ਕਥਿਤ ਦੋਸ਼ੀਆਂ ਦੇ ਹੱਕ ਵਿਚ ਹਿੰਦੂ ਏਕਤਾ ਮੰਚ ਦੀ ਰੈਲੀ ਵਿਚ ਜੰਮੂ ਕਸ਼ਮੀਰ ਦੀ ਭਾਰਤੀ ਜਨਤਾ ਪਾਰਟੀ ਅਤੇ ਪੀ.ਡੀ.ਪੀ.ਦੀ ਸਾਂਝੀ ਮਹਿਬੂਬਾ ਸਰਕਾਰ ਦੇ ਭਾਰਤੀ ਜਨਤਾ ਪਾਰਟੀ ਦੇ ਦੋ ਸੀਨੀਅਰ ਮੰਤਰੀ ਲਾਲ ਸਿੰਘ ਚੌਧਰੀ ਅਤੇ ਚੰਦਰ ਪ੍ਰਕਾਸ਼ ਗੰਗਾ ਸ਼ਾਮਲ ਹੋਏ। ਮੁਲਜ਼ਮਾਂ ਨੂੰ ਬਚਾਉਣ ਲਈ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਤਰਲੋਮੱਛੀ ਹੁੰਦੇ ਰਹੇ ਅਤੇ ਅਜੇ ਵੀ ਉਹ ਸਾਬਕਾ ਮੰਤਰੀ ਦੋਸ਼ੀਆਂ ਨੂੰ ਬਚਾਉਣ ਲਈ ਕੀਤੀਆਂ ਜਾਂਦੀਆਂ ਰੈਲੀਆਂ, ਧਰਨਿਆਂ ਅਤੇ ਮੁਜ਼ਾਹਰਿਆਂ ਵਿਚ ਸ਼ਰੇਆਮ ਸ਼ਾਮਲ ਹੋ ਰਹੇ ਹਨ। ਭਾਰਤੀ ਜਨਤਾ ਪਾਰਟੀ ਭਾਰਤੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ?
ਭਾਰਤ ਦੀ ਸੰਸਕ੍ਰਿਤੀ ਅਜਿਹੀਆਂ ਹਰਕਤਾਂ ਦੀ ਇਜ਼ਾਜਤ ਨਹੀਂ ਦਿੰਦੀ ਪ੍ਰੰਤੂ ਚੰਡੀਗੜ੍ਹ ਤੋਂ ਭਾਰਤੀ ਜਨਤਾ ਪਾਰਟੀ ਦੀ ਲੋਕ ਸਭਾ ਦੀ ਮੈਂਬਰ ਸ੍ਰੀਮਤੀ ਕਿਰਨ ਖ਼ੇਰ ਨੇ ਹੋਰ ਵੀ ਇਹ ਕਹਿਕੇ ਸ਼ਰਮਸ਼ਾਰ ਕੀਤਾ ਹੈ ਕਿ ਭਾਰਤ ਵਿਚ ਬਲਾਤਕਾਰ ਪੁਰਾਤਨ ਸਮੇਂ ਤੋਂ ਹੁੰਦੇ ਆ ਰਹੇ ਹਨ ਜੋ ਕਿ ਭਾਰਤੀ ਸੰਸਕ੍ਰਿਤੀ ਦਾ ਹਿੱਸਾ ਬਣ ਗਏ ਹਨ। ਤੁਹਾਡਾ ਇਸਤਰੀ ਹੋਣਾ ਸਮੁੱਚੀ ਇਸਤਰੀ ਜਾਤੀ ਨੂੰ ਸ਼ਰਮਸਾਰ ਕਰ ਰਿਹਾ ਹੈ। ਸ਼ਰਮ ਕਰੋ ਤੇ ਡੁੱਬ ਮਰੋ, ਭਾਰਤੀ ਜਨਤਾ ਪਾਰਟੀ ਦੇ ਅਜਿਹੇ ਬਿਆਨ ਦੇਣ ਵਾਲੇ ਨੇਤਾਓ, ਘੱਟੋ ਘੱਟ ਸਾਡੀ ਸੰਸਕ੍ਰਿਤੀ ਨੂੰ ਦੂਸ਼ਤ ਨਾ ਕਰੋ। ਰਾਜ ਭਾਗ ਤਾਂ ਵਕਤੀ ਗੱਲਾਂ ਹੁੰਦੀਆਂ ਹਨ, ਇਹ ਤਾਂ ਆਉਂਦੇ ਜਾਂਦੇ ਰਹਿਣੇ ਹਨ। ਤੁਸੀਂ ਤਾਂ ਹਮੇਸ਼ਾ ਇਸੇ ਸਮਾਜ ਵਿਚ ਰਹਿਣਾ ਅਤੇ ਵਿਚਰਨਾ ਹੈ। ਲੋਕ ਤੁਹਾਡੇ ਉੱਪਰ ਥੁੱਕਣਗੇ। ਭਾਰਤੀ ਜਨਤਾ ਪਾਰਟੀ ਦੇ ਅੱਛੇ ਦਿਨਾਂ ਦੇ ਜੁਮਲੇ ਦੀ ਉਡੀਕ ਦੀ ਆਸ ਲਾਈ ਬੈਠੇ ਲੋਕ ਬੁਰੇ ਦਿਨਾਂ ਦੀ ਗ੍ਰਿਫ਼ਤ ਵਿਚ ਫਸ ਗਏ ਹਨ, ਕਿਉਂਕਿ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਖੇਤ ਦੀ ਰਾਖੀ ਕਿਵੇਂ ਹੋਵੇਗੀ?
ਭਾਰਤ ਦੀ ਜਨਤਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਕੇ ਠੱਗੀ ਗਈ ਮਹਿਸਸ ਕਰਦੀ ਹੋਈ ਬੇਬਸ ਹੋ ਗਈ ਹੈ। ਇਕ ਹੋਰ ਇਖਲਾਕ ਤੋਂ ਗਿਰੀ ਘਟਨਾ ਇਹ ਹੋਈ ਕਿ ਜਿਹੜੇ ਵਕੀਲ ਆਮ ਜਨਤਾ ਦੇ ਮਨੁੱਖੀ ਹੱਕਾਂ ਦੀ ਰਾਖੀ ਲਈ ਕੇਸ ਭਾਵੇਂ ਪੈਸੇ ਲੈ ਕੇ ਹੀ ਲੜਦੇ ਹਨ, ਪ੍ਰੰਤੂ ਲੋਕਾਂ ਦੇ ਹਿਤਾਂ ’ਤੇ ਪਹਿਰਾ ਤਾਂ ਦਿੰਦੇ ਹਨ। ਇੱਥੇ ਤਾਂ ਉਲਟੀ ਗੰਗਾ ਹੀ ਪਹੋਏ ਨੂੰ ਵਹਿ ਤੁਰੀ ਜਦੋਂ ਉਨ੍ਹਾਂ ਵਕੀਲਾਂ ਨੇ ਕਚਹਿਰੀ ਵਿਚ ਜਾ ਕੇ ਕਥਿਤ ਦੋਸ਼ੀਆਂ ਵਿਰੁੱਧ ਪੇਸ਼ ਕੀਤੇ ਜਾ ਰਹੇ ਚਲਾਣ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਬਾਰ ਕੌਂਸਲ ਨੇ ਦੋਸ਼ੀਆਂ ਦੇ ਹੱਕ ਵਿਚ ਹੜਤਾਲ ਕਰਕੇ ਮੁਜ਼ਾਹਰਾ ਕੀਤਾ। ਹੋਰ ਵੀ ਹੈਰਾਨੀ ਅਤੇ ਬੇਸ਼ਰਮੀ ਦੀ ਗੱਲ ਇਹ ਹੋਈ ਕਿ ਭਾਰਤੀ ਜਨਤਾ ਪਾਰਟੀ ਨੇ ਇਸ ਬੇਹੂਦਾ ਘਟਨਾ ਨੂੰ ਮਜ਼ਹਬੀ ਰੰਗਤ ਦੇਣ ਦੀ ਅਸਫਲ ਕੋਸ਼ਿਸ਼ ਕੀਤੀ। ਹਾਲਾਂ ਕਿ ਪੁਲਿਸ ਦੇ ਚਲਾਣ ਮੁਤਾਬਿਕ ਅਣਭੋਲ ਲੜਕੀ, ਜਿਸ ਨੂੰ ਅਜੇ ਜਿਹੜਾ ਉਸ ਨਾਲ ਕੁਕਰਮ ਹੋਇਆ, ਉਸ ਬਾਰੇ ਸਮਝ ਹੀ ਨਹੀਂ ਸੀ, ਉਸ ਨੂੰ ਚਰਾਂਦ ਵਿੱਚੋਂ ਘੋੜੇ, ਬਕਰੀਆਂ ਅਤੇ ਭੇਡਾਂ ਚਾਰਦੀ ਨੂੰ ਇਕ ਮੰਦਰ ਦੇ ਪੁਜਾਰੀ ਸਾਂਜੀ ਰਾਮ ਦੀ ਸ਼ਹਿ ਉੱਪਰ ਉਸਦੇ 15 ਸਾਲਾ ਭਤੀਜੇ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਅਗਵਾ ਕਰਕੇ ਮੰਦਰ ਵਿਚ ਲਿਆਂਦਾ। ਜਿੱਥੇ ਪੁਲਿਸ ਦੀ ਰਿਪੋਰਟ ਮੁਤਾਬਕ ਉਸ ਨੂੰ ਨਸ਼ੇ ਵਾਲੀ ਦੁਆਈ ਪਿਲਾ ਕੇ 8 ਵਿਅਕਤੀ 10 ਜਨਵਰੀ ਤੋਂ 17 ਜਨਵਰੀ ਤੱਕ ਕੁਕਰਮ ਕਰਦੇ ਰਹੇ। ਇੱਥੋਂ ਤੱਕ ਕਿ ਮੰਦਰ ਦੇ ਪੁਜਾਰੀ ਦੇ ਲੜਕੇ ਵਿਸ਼ਾਲ ਜੰਗੋਤਾ ਨੂੰ ਉਸ ਮਾਸੂਮ ਲੜਕੀ ਨਾਲ ਬਲਾਤਕਾਰ ਕਰਨ ਲਈ ਮੇਰਠ ਤੋਂ ਬੁਲਾਇਆ ਗਿਆ।
ਮਨੁੱਖੀ ਕਿਰਦਾਰ ਦੀ ਗਿਰਾਵਟ ਵੇਖੋ, ਉਸ ਮਾਸੂਮ ਲੜਕੀ ਨਾਲ ਬਾਪ, ਪੁੱਤਰ ਅਤੇ ਭਤੀਜੇ ਨੇ ਵਾਰ ਵਾਰ ਕੁਕਰਮ ਕਰਦੇ ਰਹੇ। ਲਾਹਣਤ ਹੈ ਅਜਿਹੇ ਸਮਾਜ, ਸਰਕਾਰ ਅਤੇ ਖਾਸ ਤੌਰ ’ਤੇ ਭਾਰਤੀ ਜਨਤਾ ਪਾਰਟੀ ਲਈ ਜਿਹੜੇ ਕੰਜਕਾਂ ਦੀ ਪੂਜਾ ਕਰਨ ਦੀ ਨਸੀਹਤ ਦਿੰਦੇ ਹਨ ਅਤੇ ਖੁਦ ਕੰਜਕਾਂ ਦੀ ਅਸਮਤ ਨਾਲ ਖੇਡਣ ਵਾਲਿਆਂ ਦੇ ਹੱਕ ਵਿਚ ਭੁਗਤਦੇ ਹਨ। ਬੇਸ਼ਰਮੀ ਅਤੇ ਬੇਹੂਦਗੀ ਦੀ ਹੱਦ ਹੋ ਗਈ ਜਦੋਂ ਇਕ ਪੁਲਿਸ ਕਰਮਚਾਰੀ ਦੀਪਕ ਖਜੂਰੀਆ ਨੇ ਲੜਕੀ ਨੂੰ ਮਾਰਨ ਤੋਂ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ। ਮੌਕਾ ਤਾੜ ਕੇ ਲੜਕੀ ਦੀ ਲਾਸ਼ ਨੇੜੇ ਜੰਗਲ ਵਿਚ ਸੁੱਟ ਦਿੱਤੀ ਗਈ। ਜਿਹੜੇ ਪੁਲਿਸ ਅਧਿਕਾਰੀਆਂ ਸਬ ਇਨਸਪੈਕਟਰ ਆਨੰਦ ਦੱਤਾ ਅਤੇ ਹਵਾਲਦਾਰ ਤਿਲਕ ਰਾਜ ਨੂੰ ਪੜਤਾਲ ਕਰਨ ਦਾ ਕੰਮ ਸੌਂਪਿਆ ਗਿਆ, ਉਨ੍ਹਾਂ ਨੇ ਇਕ ਲੱਖ 50 ਹਜ਼ਾਰ ਦੀ ਰਿਸ਼ਵਤ ਲੈ ਕੇ ਕੇਸ ਖੁਰਦ ਬੁਰਦ ਕਰਨ ਲਈ ਆਸਿਫਾ ਦੇ ਕੱਪੜੇ ਸਾੜ ਕੇ ਕਾਨੂੰਨੀ ਸਬੂਤ ਖ਼ਤਮ ਕਰ ਦਿੱਤੇ। ਇਹ ਸਾਰਾ ਕੁਝ ਪੁਲਿਸ ਨੇ ਚਲਾਣ ਵਿਚ ਮੁਲਜ਼ਿਮਾਂ ਦੀਆਂ ਟੈਲੀਫੋਨ ਕਾਲਾਂ ਦੇ ਰਿਕਾਰਡ ਤੋਂ ਪ੍ਰਾਪਤ ਕਰਕੇ ਸਬੂਤਾਂ ਸਮੇਤ ਲਿਖਿਆ ਹੈ।
ਮੁੱਖ ਸ਼ਾਜਿਸ ਕਰਤਾ ਸਾਂਜੀ ਰਾਮ ਸੇਵਾ ਮੁਕਤ ਪਟਵਾਰੀ ਹੈ। ਉਸ ਲੜਕੀ ਨਾਲ ਸਭ ਤੋਂ ਵੱਧ ਅਣਮਨੁੱਖੀ ਵਤੀਰਾ ਸਾਂਜੀ ਰਾਮ ਦੇ ਭਤੀਜੇ ਨੇ ਕੀਤਾ ਜਿਹੜਾ ਨਸ਼ੇ ਦਾ ਆਦੀ ਅਤੇ ਸਕੂਲ ਵਿੱਚੋਂ ਲੜਕੀਆਂ ਨੂੰ ਛੇੜਨ ਕਰਕੇ ਕੱਢਿਆ ਗਿਆ ਸੀ। ਸਾਂਜੀ ਰਾਮ ਦਾ ਲੜਕਾ ਵਿਸ਼ਾਲ ਜੰਗੋਤਰਾ ਉਰਫ ਸ਼ਾਮਾ, ਉਸਦਾ ਦੋਸਤ, ਸੁਰੇਂਦਰ ਵਰਮਾ, ਪ੍ਰਵੇਸ਼ ਕੁਮਾਰ ਮਨੂੰ ਅਤੇ ਦੀਪਕ ਖਜੂਰੀਆ ਸਾਜਿਸ਼ ਵਿਚ ਸ਼ਾਮਲ ਸਨ।
ਇਸ ਹੈਵਾਨੀਅਤ ਭਰੀ ਘਟਨਾ ਨੂੰ ਮਜ਼ਹਬੀ ਰੰਗਤ ਦੇਣ ਲਈ ਦੋਸ਼ੀਆਂ ਦੇ ਹੱਕ ਵਿਚ ਰਾਜ ਕਰ ਰਹੀ ਭਾਰਤੀ ਜਨਤਾ ਪਾਰਟੀ ਦੇ ਕਾਰਕੁੰਨਾਂ ਨੇ ਤਿਰੰਗਾ ਝੰਡਾ ਯਾਤਰਾ ਕੱਢ ਕੇ ਆਪਣੇ ਆਪ ਨੂੰ ਕੌਮੀ ਹਿਤਾਂ ਦੇ ਰਖਵਾਲੇ ਸਿੱਧ ਕਰਨ ਦੀ ਕੋਸ਼ਿਸ ਕੀਤੀ, ਜਿਵੇਂ ਇਹ ਦਰਿੰਦਗੀ ਵਾਲੀ ਘਟਨਾ ਦੇਸ਼ ਦੇ ਹਿਤਾਂ ਦੀ ਰਾਖੀ ਲਈ ਕੀਤੀ ਗਈ ਹੋਵੇ। ਇਹ ਸੋਚਿਆ ਵੀ ਨਹੀਂ ਜਾ ਸਕਦਾ ਸੀ ਕਿ ਕੌਮੀ ਪੱਧਰ ਦੀ ਇਕ ਸਿਆਸੀ ਪਾਰਟੀ ਅਜਿਹੀਆਂ ਇਖਲਾਕ ਤੋਂ ਗਿਰੀਆਂ ਹੋਈਆਂ ਹਰਕਤਾਂ ਕਰੇਗੀ। ਇਸ ਤੋਂ ਪਹਿਲਾਂ ਤਿੰਨ ਮਹੀਨੇ ਇਹ ਕੇਸ ਅਖ਼ਬਾਰਾਂ ਵਿਚ ਹੀ ਆਉਣ ਨਹੀਂ ਦਿੱਤਾ।
ਜਦੋਂ ਚੋਰ ਦੇ ਬੁਰੇ ਦਿਨ ਆਉਂਦੇ ਹਨ ਤਾਂ ਉਹ ਕੋਤਵਾਲ ਬਣ ਬਹਿੰਦਾ ਹੈ ਅਤੇ ਆਪਣੇ ਆਪ ਹੀ ਆਪਣੀਆਂ ਕਰਤੂਤਾਂ ਨਾਲ ਫਸ ਜਾਂਦਾ ਹੈ। ਇਸੇ ਤਰ੍ਹਾਂ ਮੁਲਜ਼ਿਮਾਂ ਦੇ ਹੱਕ ਵਿਚ ਜਲਸੇ-ਜਲੂਸ ਕੱਢਣ ਨਾਲ ਇਹ ਖ਼ਬਰਾਂ ਅਖ਼ਬਾਰਾਂ ਅਤੇ ਚੈਨਲਾਂ ਦੀਆਂ ਸੁਰਖੀਆਂ ਬਣ ਗਈਆਂ, ਜਿਸਦਾ ਸਮੁੱਚੇ ਭਾਰਤ ਦੇ ਧੀਆਂ ਭੈਣਾਂ ਵਾਲੇ ਸਮਝਦਾਰ ਸ਼ਹਿਰੀਆਂ ਨੇ ਬੁਰਾ ਮਨਾਇਆ। ਜਦੋਂ ਭਾਰਤੀ ਜਨਤਾ ਪਾਰਟੀ ਨੇ ਪੁਲਿਸ ਦੀ ਪੜਤਾਲ ਉੱਪਰ ਉਂਗਲੀ ਉਠਾਈ ਤਾਂ ਕਰਾਈਮ ਬਰਾਂਚ ਦੇ ਦੋ ਆਈ ਜੀ ਰੈਂਕ ਦੇ ਅਧਿਕਾਰੀਆਂ, ਇੱਕ ਹਿੰਦੂ ਅਲੋਕ ਪੁਰੀ ਅਤੇ ਦੂਜਾ ਮੁਸਲਮਾਨ ਅਹਫਾਦੁਲ ਮੁਜਤਬਾ ਦੀ ਅਗਵਾਈ ਵਿਚ ਐੱਸ ਆਈ ਟੀ ਬਣਾਈ ਗਈ। ਰਮੇਸ਼ ਕੁਮਾਰ ਜਾਲਾ ਇਕ ਨਿਰਪੱਖ ਅਤੇ ਦਲੇਰ ਅਧਿਕਾਰੀ ਨੂੰ ਐੱਸ.ਐੱਸ.ਪੀ., ਸ਼ਵੇਤਾਮਬਰੀ ਡੀ.ਐੱਸ.ਪੀ. ਦੇ ਤੌਰ ’ਤੇ ਸ਼ਾਮਲ ਕੀਤਾ ਗਿਆ। ਰਮੇਸ਼ ਕੁਮਾਰ ਜਾਲਾ ਨੂੰ ਜੰਮੂ ਕਸ਼ਮੀਰ ਸਰਕਾਰ ਨੇ ‘ਸ਼ੇਰੇ ਕਸ਼ਮੀਰ’ ਦਾ ਖ਼ਿਤਾਬ ਦੇ ਕੇ ਸਨਮਾਨਿਆ ਹੋਇਆ ਹੈ। ਪ੍ਰੰਤੂ ਜਦੋਂ ਉਸਨੇ ਸਾਂਜੀ ਰਾਮ ਸਮੇਤ ਅੱਠ ਵਿਅਕਤੀਆਂ ਨੂੰ ਡੀ.ਐੱਨ.ਏ ਅਤੇ ਵਾਲਾਂ ਦੇ ਫਾਰੈਂਸਕ ਟੈੱਸਟ ਤੋਂ ਬਾਅਦ ਦੋਸ਼ੀ ਪਾਇਆ ਤਾਂ ਹੁਣ ਭਾਰਤੀ ਜਨਤਾ ਪਾਰਟੀ ਸੀ.ਬੀ.ਆਈ. ਨੂੰ ਕੇਸ ਦੇਣ ਦੀ ਮੰਗ ਕਰ ਰਹੀ ਹੈ। ਪਹਿਲਾਂ ਰਮੇਸ਼ ਕੁਮਾਰ ਜਾਲਾ ਨੂੰ ਰਾਸ਼ਟਰਵਾਦੀ ਕਹਿੰਦੇ ਸਨ, ਹੁਣ ਉਸਦੀ ਰਿਪੋਰਟ ’ਤੇ ਸ਼ੱਕ ਕਰਦੇ ਹਨ। ਉਹ ਕਸ਼ਮੀਰੀ ਪੰਡਿਤ ਹੈ। ਆਸਿਫਾ ਦਾ ਕੇਸ ਲੜ ਰਹੀ ਵਕੀਲ ਦੀਪਕਾ ਸਿੰਘ ਰਜਾਵਤ ਵੀ ਹਿੰਦੂ ਹੈ। ਉਸਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਭਾਰਤ ਦੇ ਸੇਵਾ ਮੁਕਤ ਸਰਵਉੱਚ 49 ਅਧਿਕਾਰੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਕ ਪੱਤਰ ਲਿਖਕੇ ਇਸ ਲੜਕੀ ਦੇ ਕਤਲ ਨੂੰ ਆਜ਼ਾਦ ਭਾਰਤ ਦੇ ਇਤਿਹਾਸ ਵਿਚ ਸਭ ਤੋਂ ਕਾਲਾ ਦਿਨ ਕਿਹਾ ਹੈ। ਰਸਾਨਾ ਪਿੰਡ ਵਿਚ ਬਹੁਤੀ ਆਬਾਦੀ ਹਿੰਦੂ ਸਮੁਦਾਏ ਦੀ ਹੈ। ਸ਼ਰਮ ਦੀ ਹੱਦ ਹੋ ਗਈ ਜਦੋਂ ਆਸਿਫ਼ਾ ਨੂੰ ਦਫਨਾਉਣ ਲਈ ਪੁੱਟੀ ਜਾ ਰਹੀ ਕਬਰ ਨੂੰ ਹੀ ਅੱਧ ਵਿਚਾਲੇ ਰੋਕ ਦਿੱਤਾ ਕਿ ਇਸ ਪਿੰਡ ਵਿਚ ਉਸ ਨੂੰ ਦਫ਼ਨਾਉਣ ਨਹੀਂ ਦਿੱਤਾ ਜਾਵੇਗਾ। ਆਸਿਫਾ ਦੇ ਪਰਿਵਾਰ ਦੇ ਕਿਸੇ ਰਿਸ਼ਤੇਦਾਰ ਨੇ ਰਸਾਨਾ ਪਿੰਡ ਤੋਂ 8 ਕਿਲੋਮੀਟਰ ਦੂਰ ਆਪਣੀ ਜ਼ਮੀਨ ਵਿਚ ਦਫਨਾਉਣ ਦੀ ਇਜਾਜ਼ਤ ਦਿੱਤੀ। ਮਰਨ ਉਪਰੰਤ ਵੀ ਆਸਿਫਾ ਨੂੰ ਆਪਣੇ ਪਿੰਡ ਵਿਚ ਕਬਰ ਨਸੀਬ ਨਹੀਂ ਹੋਈ।
ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੀ ਸੋਚ ਦਾ ਇਕ ਹੋਰ ਪ੍ਰਗਟਾਵਾ ਉੱਤਰ ਪ੍ਰਦੇਸ਼ ਦੇ ਓਨਾਓ ਜ਼ਿਲ੍ਹੇ ਦੇ ਬੰਗਰਾਮਾਊ ਹਲਕੇ ਦੇ ਵਿਧਾਨਕਾਰ ਕੁਲਦੀਪ ਸਿੰਘ ਸੇਂਗਰ ਦੀ ਕਰਤੂਤ ਤੋਂ ਸ਼ਪਸਟ ਹੋ ਜਾਂਦਾ ਹੈ, ਜਿਸਨੇ ਇਕ ਨਾਬਾਲਗ 17 ਸਾਲਾ ਲੜਕੀ ਨੂੰ 20 ਜੂਨ 2017 ਨੂੰ ਇਕ ਇਸਤਰੀ ਸ਼ਸ਼ੀ ਸਿੰਘ ਰਾਹੀਂ ਨੌਕਰੀ ਦਾ ਝਾਂਸਾ ਦੇ ਆਪਣੇ ਘਰ ਵਿਚ ਬੁਲਾਕੇ ਹੀ ਕੁਕਰਮ ਕੀਤਾ। ਲੜਕੀ ਨੂੰ ਧਮਕਾਇਆ ਕਿ ਜੇਕਰ ਕਿਸੇ ਕੋਲ ਗੱਲ ਕੀਤੀ ਤਾਂ ਤੇਰਾ ਪਰਿਵਾਰ ਖ਼ਤਮ ਕਰ ਦਿੱਤਾ ਜਾਵੇਗਾ। ਲੜਕੀ ਦਾ ਪਰਿਵਾਰ ਪੁਲਿਸ ਕੋਲ ਰਿਪੋਰਟ ਲਿਖਵਾਉਣ ਲਈ 10 ਮਹੀਨੇ ਧੱਕੇ ਖਾਂਦਾ ਰਿਹਾ ਪ੍ਰੰਤੂ ਪੁਲਿਸ ਨੇ ਵਿਧਾਨਕਾਰ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਜਦੋਂ ਲੜਕੀ ਨੇ ਕੋਰਟ ਵਿਚ ਕੇਸ ਕਰ ਦਿੱਤਾ ਤਾਂ ਚਾਰ ਵਿਅਕਤੀ ਵਿਧਾਨਕਾਰ ਦੇ ਭਰਾ ਨਾਲ ਆ ਕੇ ਲੜਕੀ ਨੂੰ ਉਸਦੇ ਘਰੋਂ ਹੀ ਚੁੱਕ ਕੇ ਲੈ ਗਏ ਅਤੇ ਸਮੂਹਿਕ ਕੁਕਰਮ ਕੀਤਾ। ਲੜਕੀ ਦੇ ਪਿਤਾ ਉੱਪਰ ਪੁਲਿਸ ਨੇ ਕੇਸ ਬਣਾਕੇ ਜੇਲ੍ਹ ਭੇਜ ਦਿੱਤਾ। ਜੇਲ੍ਹ ਵਿਚ ਉਸ ਨੂੰ ਕੁੱਟ ਕੇ ਮਾਰ ਦਿੱਤਾ।
ਪੁਲਿਸ ਵਿਧਾਨਕਾਰ ਉੱਪਰ ਕੇਸ ਦਰਜ ਕਰਕੇ ਉਸਨੂੰ ਫੜਨ ਲਈ ਤਿਆਰ ਨਹੀਂ ਸੀ। ਹਾਈ ਕੋਰਟ ਨੇ ਆਪਣੇ ਤੌਰ ’ਤੇ ਪੁਲਿਸ ਨੂੰ ਹੁਕਮ ਦੇ ਕੇ ਵਿਧਾਨਕਾਰ ਨੂੰ ਗ੍ਰਿਫ਼ਤਾਰ ਕਰਵਾਇਆ। ਭਾਰਤੀ ਜਨਤਾ ਪਾਰਟੀ ਲਈ ਇਸ ਤੋਂ ‘ਅੱਛੇ ਦਿਨ’ ਹੋਰ ਕੀ ਆ ਸਕਦੇ ਹਨ?
*****
(1120)