“ਲੇਖਕਾ ਨੇ ਇਸਤਰੀ ਦੇ ਸਰੋਕਾਰਾਂ ਨਾਲ ਸੰਬੰਧਤ ਸੰਸਾਰ ਦੇ ਵਰਤਾਰੇ ਦਾ ਤੁਲਨਾਤਮਿਕ ਅਧਿਐਨ ...”
(14 ਅਪ੍ਰੈਲ 2019)
ਕਰਮਜੀਤ ਕੌਰ ਕਿਸਾਂਵਲ ਦੀ ਕਵਿਤਾ ਦੇ ਦੋ ਮੌਲਿਕ ਕਾਵਿ ਸੰਗ੍ਰਹਿ ‘ਸੁਣ ਵੇ ਮਾਹੀਆ’ ਅਤੇ ‘ਗਗਨ ਦਮਾਮੇ ਦੀ ਤਾਲ’ ਅਤੇ ਤੀਜਾ ਸੰਪਾਦਿਤ ਕਾਵਿ ਸੰਗ੍ਰਹਿ ‘ਸਿਰਜਣਹਾਰੀਆਂ’ ਪ੍ਰਕਾਸ਼ਤ ਹੋ ਚੁੱਕੇ ਹਨ। ਉਸਦੀ ‘ਯੁਗੇ ਯੁਗੇ ਨਾਰੀ’ ਚੌਥੀ ਪ੍ਰੰਤੂ ਵਾਰਤਕ ਦੀ ਪਹਿਲੀ ਪੁਸਤਕ ਹੈ। ਗੋਸਲ ਪ੍ਰਕਾਸ਼ਨ ਪਿੰਡ ਸਹਾਰਨ ਮਾਜਰਾ ਜ਼ਿਲ੍ਹਾ ਲੁਧਿਆਣਾ ਵੱਲੋਂ ਪ੍ਰਕਾਸ਼ਤ 88 ਪੰਨਿਆਂ ਦੀ 220 ਰੁਪਏ ਕੀਮਤ ਵਾਲੀ ਇਸ ਪੁਸਤਕ ਵਿੱਚ 10 ਲੇਖ ਹਨ। ਪੁਸਤਕ ਦਾ ਸੁੰਦਰ ਮੁੱਖ ਕਵਰ ਵੀ ਇਸਤਰੀ ਦੀ ਜ਼ਖ਼ਮੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਹੈ ਅਤੇ ਹਰਾ ਰੰਗ ਵਾਤਾਵਰਨ ਪ੍ਰੇਮੀ ਹੋਣ ਦਾ ਲਖਾਇਕ ਹੈ।
ਇਸ ਪੁਸਤਕ ਦੇ ਸਾਰੇ ਲੇਖ ਇਸਤਰੀ ਜਾਤੀ ਦੀ ਤ੍ਰਾਸਦੀ ਦਾ ਪ੍ਰਗਟਾਵਾ ਕਰਦੇ ਹੋਏ ਨਾਰੀ ਸਰੋਕਾਰਾਂ ਦੀ ਤਰਜਮਾਨੀ ਕਰਦੇ ਹਨ। ਸਾਰੇ ਲੇਖਾਂ ਦੇ ਸਿਰਲੇਖ ਵੀ ਬਹੁਤ ਢੁੱਕਵੇਂ ਤੇ ਇਸਤਰੀ ਦੀ ਦੁਖਦੀ ਰਗ ’ਤੇ ਹੱਥ ਰੱਖਦੇ ਹਨ। ਸਿਰਲੇਖ ਵੇਖਦਿਆਂ ਹੀ ਪਾਠਕ ਦੀ ਪੜ੍ਹਨ ਦੀ ਰੌਚਿਕਤਾ ਪੈਦਾ ਹੋ ਜਾਂਦੀ ਹੈ। ਲੇਖਿਕਾ ਦੇ ਲੇਖਾਂ ਦਾ ਬਾਰੀਕੀ ਨਾਲ ਅਧਿਐਨ ਕਰਨ ਤੋਂ ਪਤਾ ਲਗਦਾ ਹੈ ਕਿ ਉਹ ਇੱਕ ਚਿੰਤਨਸ਼ੀਲ ਅਨੁਭਵ ਦੀ ਮਾਲਕ ਹੈ, ਜਿਸਨੇ ਇਸਤਰੀ ਜ਼ਾਤੀ ਬਾਰੇ ਸਮਾਜ ਦੀ ਮਾਨਸਿਕਤਾ ਅਤੇ ਗਿਆਨ ਦੇ ਸਮੁੰਦਰ ਨੂੰ ਕੁੱਜੇ ਵਿੱਚ ਬੰਦ ਕਰ ਦਿੱਤਾ ਹੈ। ਇਉਂ ਮਹਿਸੂਸ ਹੁੰਦਾ ਹੈ ਕਿ ਲੇਖਕਾ ਨੇ ਇਸਤਰੀ ਦੇ ਸਰੋਕਾਰਾਂ ਨਾਲ ਸੰਬੰਧਤ ਸੰਸਾਰ ਦੇ ਵਰਤਾਰੇ ਦਾ ਤੁਲਨਾਤਮਿਕ ਅਧਿਐਨ ਕੀਤਾ ਹੋਇਆ ਹੈ। ਉਸਦੇ ਲੇਖ ਭਾਵੇਂ ਬਹੁਤੇ ਭਾਰਤ ਵਿੱਚ ਇਸਤਰੀ ਦੀ ਦੁਰਦਸ਼ਾ ਨਾਲ ਸੰਬੰਧਤ ਹਨ ਪ੍ਰੰਤੂ ਸੰਸਾਰ ਵਿੱਚ ਜੋ ਇਸਤਰੀ ਨਾਲ ਵਾਪਰਦਾ ਰਿਹਾ ਹੈ, ਉਸਦਾ ਵੀ ਵਿਸ਼ਲੇਸ਼ਣ ਕੀਤਾ ਹੋਇਆ ਹੈ। ਉਹ ਆਪਣੇ ਲੇਖਾਂ ਰਾਹੀਂ ਨਾਰੀ ਜਾਤੀ ਵਿੱਚ ਆਪਣੇ ਹੱਕਾਂ ਲਈ ਜਾਗਰੂਕਤਾ ਪੈਦਾ ਕਰਕੇ ਨਾਰੀ ਚੇਤਨਾ ਪੈਦਾ ਕਰਨਾ ਚਾਹੁੰਦੀ ਹੈ। ਉਹ ਮਹਿਸੂਸ ਕਰਦੀ ਹੈ ਕਿ ਇਸਤਰੀ ਸਾਰੀ ਉਮਰ ਵੱਖ-ਵੱਖ ਰੂਪਾਂ ਜਿਵੇਂ ਮਾਂ, ਭੈਣ, ਪਤਨੀ, ਪ੍ਰੇਮਕਾ, ਪੁਤਰੀ ਆਦਿ ਹੁੰਦਿਆਂ ਮਰਦ ਦੇ ਦਬਾਅ ਅਧੀਨ ਵਿਚਰਦੀ ਰਹਿੰਦੀ ਹੈ। ਉਹ ਹਮੇਸ਼ਾ ਅਜਿਹੇ ਦਬਾਅ ਵਿੱਚ ਘੁਟਨ ਮਹਿਸੂਸ ਕਰਦੀ ਹੋਈ ਵੀ ਕੁਸਕਦੀ ਨਹੀਂ। ਇਹੋ ਔਰਤ ਦੀ ਤ੍ਰਾਸਦੀ ਹੈ।
ਕਰਮਜੀਤ ਕੌਰ ਕਿਸ਼ਾਂਵਲ ਦੇ ਲੇਖਾਂ ਤੋਂ ਭਾਸਦਾ ਹੈ ਕਿ ਉਹ ਇਹ ਵੀ ਨਹੀਂ ਚਾਹੁੰਦੀ ਕਿ ਇਸਤਰੀ ਅਤੇ ਮਰਦ ਵਿੱਚ ਟਕਰਾਓ ਵਾਲੀ ਸਥਿਤੀ ਪੈਦਾ ਹੋਵੇ ਕਿਉਂਕਿ ਔਰਤ ਅਤੇ ਮਰਦ ਦੋਵੇਂ ਇੱਕ ਦੂਜੇ ਦੇ ਪੂਰਕ ਹਨ। ਪ੍ਰੰਤੂ ਉਹ ਇਹ ਜ਼ਰੂਰ ਸੋਚਦੀ ਹੈ ਕਿ ਔਰਤ ਅਤੇ ਮਰਦ ਵਿੱਚ ਸੰਵਾਦ ਰਾਹੀਂ ਇਕਸੁਰਤਾ ਪੈਦਾ ਹੋਣੀ ਚਾਹੀਦੀ ਹੈ। ਉਹ ਆਪਣੇ ਲੇਖਾਂ ਵਿੱਚ ਇਤਿਹਾਸਕ ਘਟਨਾਵਾਂ ਦੀਆਂ ਉਦਾਹਰਣਾਂ ਦੇ ਕੇ ਸਾਬਤ ਕਰਨਾ ਚਾਹੁੰਦੀ ਹੈ ਕਿ ਇਸਤਰੀ ਨੂੰ ਮੁੱਢ ਕਦੀਮ, ਭਾਵ ਯੁਗਾਂ ਯੁਗਾਂਤਰਾਂ ਤੋਂ ਹੀ ਬਰਾਬਰਤਾ ਦਾ ਅਧਿਕਾਰ ਨਹੀਂ ਮਿਲ ਰਿਹਾ, ਸਗੋਂ ਅਨਿਆਏ ਹੋ ਰਿਹਾ ਹੈ। ਹੁਣ ਇਸਤਰੀ ਜਾਤੀ ਦੇ ਪੜ੍ਹਨ ਨਾਲ ਜਾਗ੍ਰਤੀ ਪੈਦਾ ਹੋ ਰਹੀ ਹੈ ਪ੍ਰੰਤੂ ਅਜੇ ਵੀ ਸਮਾਜ ਦੀ ਮਾਨਸਿਕਤਾ ਆਪਣੀ ਪੁਰਾਤਨਤਾ ਵਿੱਚੋਂ ਬਾਹਰ ਆਉਣ ਲਈ ਤਿਆਰ ਨਹੀਂ। ਇਸ ਤਰ੍ਹਾਂ ਨਾਰੀ ਦੋਹਰਾ ਸਰੀਰਕ ਅਤੇ ਮਾਨਸਿਕ ਸੰਤਾਪ ਹੰਢਾ ਰਹੀ ਹੈ। ਉਸਨੂੰ ਭੋਗਣਯੋਗ ਵਸਤੂ ਹੀ ਸਮਝਿਆ ਜਾ ਰਿਹਾ ਹੈ। ਉਸ ਨਾਲ ਹਮੇਸ਼ਾ ਹੀ ਅਮਾਨਵੀ ਵਤੀਰਾ ਕੀਤਾ ਜਾ ਰਿਹਾ ਹੈ। ਲੇਖਕਾ ਆਸਵੰਦ ਵੀ ਹੈ ਕਿ ਔਰਤ ਹੁਣ ਆਰਥਿਕ ਤੌਰ ’ਤੇ ਸਵੈਨਿਰਭਰ ਹੋ ਗਈ ਹੈ ਪ੍ਰੰਤੂ ਉਸ ਦੀਆਂ ਸਮੱਸਿਆਵਾਂ ਖ਼ਤਮ ਹੋਣ ਵਿੱਚ ਨਹੀਂ ਆਉਂਦੀਆਂ।
ਇਸ ਪੁਸਤਕ ਦਾ ਪਹਿਲਾ ਲੇਖ ‘ਵਸਤੂ ਅਰਥਾਂ ਤੱਕ ਸਿਮਟੀ ਨਾਰੀ-ਹੋਂਦ’ ਵਿੱਚ ਲਿਖਦੀ ਹੈ ਕਿ ਸਮਾਜ ਨੇ ਨਾਰੀ ਬਾਰੇ ਨਰ ਦੀ ਮਾਨਸਿਕਤਾ ਬਣਾਉਣ ਵਿੱਚ ਯੋਗਦਾਨ ਪਾਇਆ ਹੈ ਕਿਉਂਕਿ ਜਿਹੋ ਜਿਹਾ ਸਮਾਜ ਹੋਵੇਗਾ ਉਹੋ ਜਿਹੀ ਹੀ ਮਾਨਸਿਕਤਾ ਬਣ ਜਾਂਦੀ ਹੈ। ਦੇਵਦਾਸੀ ਪ੍ਰਥਾ, ਵਿਧਵਾ ਵਿਆਹ, ਬਾਲ ਵਿਆਹ, ਖਾਪ ਪੰਚਾਇਤਾਂ, ਯੋਨ ਹਿੰਸਾ, ਆਨਰ ਕਿਲਿੰਗ, ਤੇਜ਼ਾਬੀ ਹਮਲੇ, ਭਰੂਣ ਹੱਤਿਆ ਅਤੇ ਸਤੀ ਪ੍ਰਥਾ ਨੇ ਔਰਤ ਦੀ ਗ਼ੁਲਾਮੀ ਵਾਲੀ ਮਾਨਸਿਕਤਾ ਬਣਾਈ ਹੈ। ਲੇਖਿਕਾ ਅਨੁਸਾਰ ਉੱਚ ਜ਼ਾਤੀ ਦੇ ਲੋਕ ਦਿਨ ਵੇਲੇ ਔਰਤ ਨੂੰ ਅਛੂਤ ਸਮਝਦੇ ਹਨ ਪ੍ਰੰਤੂ ਰਾਤ ਨੂੰ ਉਹੀ ਔਰਤ ਉਨ੍ਹਾਂ ਦੇ ਭੋਗਣ ਲਈ ਪਵਿੱਤਰ ਬਣ ਜਾਂਦੀ ਹੈ। ਔਰਤ ਨੂੰ ਇਨਸਾਨੀ ਪਹਿਚਾਣ ਅਜੇ ਤੱਕ ਨਹੀਂ ਮਿਲੀ। ‘ਵਿਚ ਬਾਜ਼ਾਰੀਂ ਵਿਕਦੀ ਨਾਰੀ’ ਲੇਖ ਵਿੱਚ ਇਸਤਰੀ ਨੂੰ ਵਰਤਮਾਨ ਖ਼ਪਤਕਾਰੀ ਯੁਗ ਵਿੱਚ ਆਧੁਨਿਕ ਢੰਗ ਨਾਲ ਇਸ਼ਤਿਹਾਰਬਾਜ਼ੀ ਰਾਹੀਂ ਵਰਤਿਆ ਜਾ ਰਿਹਾ ਹੈ। ਹਰ ਵਸਤੂ ਨੂੰ ਵੇਚਣ ਲਈ ਔਰਤ ਦੇ ਸਰੀਰ ਦਾ ਪ੍ਰਦਰਸ਼ਣ ਕਰਕੇ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ। ਔਰਤ ਦੇ ਕਾਮੁਕ ਦ੍ਰਿਸ਼ਾਂ ਵਾਲੇ ਇਸ਼ਤਿਹਾਰ ਬਣਾਕੇ ਵਸਤਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਉਂ ਲੱਗ ਰਿਹਾ ਹੁੰਦਾ ਜਿਵੇਂ ਪ੍ਰੋਡਕਟ ਦੀ ਥਾਂ ਔਰਤ ਵੇਚੀ ਜਾ ਰਹੀ ਹੈ। ਇਸ ਲੇਖ ਵਿੱਚ ਲੇਖਿਕਾ ਔਰਤਾਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ ਤਾਂ ਜੋ ਉਹ ਜਾਗ੍ਰਿਤ ਹੋ ਕੇ ਸੰਭਲ ਸਕਣ।
‘ਮੈਂ ਦਰਦ ਕਹਾਣੀ ਰਾਤਾਂ ਦੀ’ ਲੇਖ ਵਿੱਚ ਦੇਵਦਾਸੀ ਪ੍ਰਥਾ ਧਰਮ ਦੀ ਆੜ ਵਿੱਚ ਇਸਤਰੀ ਦਾ ਸ਼ੋਸ਼ਣ ਹੈ। ਅਜੇ ਵੀ ਇਹ ਪ੍ਰਥਾ ਦੱਖਣੀ ਭਾਰਤ ਦੇ ਮੰਦਰਾਂ ਵਿੱਚ ਵੇਖਣ ਨੂੰ ਮਿਲਦੀ ਹੈ। ਸਰਮਾਏਦਾਰੀ ਦੇ ਯੁਗ ਵਿੱਚ ਦੇਹ ਵਪਾਰ ਪ੍ਰਫੁੱਲਤ ਹੋਇਆ ਹੈ। ਲੇਖਕਾ ਇੱਕ ਸਰਵੇਖਣ ਦਾ ਹਵਾਲਾ ਦੇ ਕੇ ਦੇਹ ਵਪਾਰ ਵਿੱਚ ਭਾਰਤ ਦਾ 7ਵਾਂ ਨੰਬਰ ਦੱਸਦੀ ਹੈ, ਜੋ ਸ਼ਰਮਨਾਕ ਗੱਲ ਹੈ।
2016 ਦੇ ਸਰਵੇਖਣ ਅਨੁਸਾਰ ਭਾਰਤ ਵਿੱਚ ਦੇਹ ਵਪਾਰ ਜ਼ੋਰ ਜ਼ਬਰਦਸਤੀ ਕਰਵਾਇਆ ਜਾ ਰਿਹਾ ਹੈ। ਲੇਖਕਾ ਲਿਖਦੀ ਹੈ ਕਿ ਭਾਰਤ ਵਿੱਚ 1100 ਰੈੱਡ ਲਾਈਟ ਏਰੀਏ ਹਨ ਅਤੇ 3 ਲੱਖ ਚਕਲੇ ਚੱਲ ਰਹੇ ਹਨ। ਕਲਕੱਤਾ ਵਿਖੇ ਸੋਨਾਗਾਚੀ, ਦਿੱਲੀ ਵਿਖੇ ਜੀ ਬੀ ਰੋਡ ਅਤੇ ਮੁੰਬਈ ਦਾ ਕਮਾਠੀਪੁਰਾ ਇਲਾਕੇ ਸਭ ਤੋਂ ਵੱਡੇ ਦੇਹ ਵਪਾਰ ਦੇ ਅੱਡੇ ਹਨ। ਕਮਾਠੀਪੁਰਾ ਰੈੱਡ ਲਾਈਟ ਏਰੀਏ ਵਿੱਚ ਦੋ ਲੱਖ ਸੈਕਸ ਵਰਕਰਾਂ ਦੇ ਪਰਿਵਾਰ ਰਹਿੰਦੇ ਹਨ। ਇਹ ਸੰਸਾਰ ਦਾ ਪ੍ਰਮੁੱਖ ਰੈਡ ਲਾਈਟ ਏਰੀਆ ਹੈ।
‘ਜਿਉਂਦੀ ਲਾਸ਼ ਦੀ ਕਥਾ’ ਸਿਰਲੇਖ ਵਾਲਾ ਲੇਖ ਬਲਾਤਕਾਰ ਦਾ ਸ਼ਿਕਾਰ ਹੋ ਰਹੀਆਂ ਔਰਤਾਂ ਬਾਰੇ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਬਲਾਤਕਾਰ ਦਾ ਸ਼ਿਕਾਰ ਔਰਤ ਨੂੰ ਸਮਾਜ ਘ੍ਰਿਣਾ ਦੀ ਨਿਗਾਹ ਨਾਲ ਵੇਖਦਾ ਹੈ। ਉਸ ਔਰਤ ਦਾ ਕੀ ਕਸੂਰ ਹੈ? ਇੱਥੋਂ ਤੱਕ ਕਿ ਰਿਸ਼ਤੇਦਾਰ ਅਤੇ ਨਜ਼ਦੀਕੀ ਵੀ ਸਾਥ ਛੱਡ ਜਾਂਦੇ ਹਨ। ਇਸ ਲੇਖ ਵਿੱਚ ਉਹ ਅਰੁਣਾ ਨਾਂ ਦੀ ਔਰਤ ਦੀ ਦਰਦ ਭਰੀ ਕਹਾਣੀ ਦਾ ਜ਼ਿਕਰ ਕਰਦੀ ਹੈ। ਆਧੁਨਿਕਤਾ ਦੇ ਦੌਰ ਵਿੱਚ ਸੰਵੇਦਨਸ਼ੀਲਤਾ ਅਤੇ ਨੈਤਿਕਤਾ ਖ਼ਤਮ ਹੋ ਰਹੀ ਹੈ। ਆਮ ਲੋਕਾਂ ਦੇ ਜਾਗ੍ਰਤ ਹੋਣ ਨੂੰ ਲੇਖਕਾ ਜ਼ਰੂਰੀ ਸਮਝਦੀ ਹੈ ਤਾਂ ਹੀ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
‘ਕੌਲ ਫੁੱਲਾਂ ਜਿਹੇ ਪੈਰ’ ਸਿਰਲੇਖ ਵਾਲੇ ਲੇਖ ਵਿੱਚ ਚੀਨ ਦੇਸ਼ ਵਿੱਚ ਔਰਤਾਂ ਦੇ ਪੈਰ ਬੰਨ੍ਹਕੇ ਵਿੰਗੇ ਕਰਨ ਵਰਗੀ ਪ੍ਰਵਿਰਤੀ ਦਾ ਜ਼ਿਕਰ ਕਰਦੀ ਹੈ, ਜਿਸ ਨੂੰ ਫੁੱਟ ਬਾਈਂਡਿੰਗ, ਕੰਵਲ ਪੈਰ ਅਤੇ ਸੁਨਹਿਰੇ ਕੰਵਲ ਆਦਿ ਨਾ ਦਿੱਤੇ ਗਏ ਹਨ। ਇਹ ਪ੍ਰਥਾ 1950 ਤੱਕ ਚਲਦੀ ਰਹੀ ਹੈ। ‘ਪੈਰ ਕੰਡਿਆਂ ਤੇ ਵੀ ਨਚਦੇ ਰਹੇ’ ਸਿਰਲੇਖ ਵਾਲੇ ਲੇਖ ਵਿੱਚ ਦਰਸਾਇਆ ਗਿਆ ਹੈ ਕਿ ਔਰਤ ਤਲਵਾਰ ਦੀ ਨੋਕ ਤੇ ਤੁਰਦੀ ਹੈ ਕਿਉਂਕਿ ਉਸਨੂੰ ਧਾਰਮਿਕ ਗ੍ਰੰਥਾਂ ਵਿੱਚ ਵੀ ਦੁਰਕਾਰਿਆ ਗਿਆ ਹੈ। ਅਧਿਆਤਮਕ ਸੰਸਕ੍ਰਿਤੀ ਵਾਲੇ ਯੁਗ ਵਿੱਚ ਔਰਤ ਨੂੰ ਆਦਮੀ ਆਪਣੀ ਜਇਦਾਦ ਸਮਝਦਾ ਰਿਹਾ। ਵਿਆਹ ਲਈ ਕੰਨਿਆਵਾਂ ਖ੍ਰੀਦੀਆਂ ਅਤੇ ਵੇਚੀਆਂ ਜਾਂਦੀਆਂ ਰਹੀਆਂ। ਪਰਵਿਰਤੀ ਯੁਗ ਵਿੱਚ ਵੀ ਸੀਤਾ ਨੂੰ ਗ਼ੁਲਾਮੀ ਭੋਗਣੀ ਪਈ। ਉਸਦੇ ਅਗਵਾ ਹੋਣ ਤੋਂ ਬਾਅਦ ਅਗਨੀ ਪ੍ਰੀਖਿਆ ਦੇਣੀ ਪਈ। ਰਾਮ ਨੇ ਉਸਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ।
ਇਸਤਰੀ ਨਾਲ ਅਨਿਆਂ ਵਾਲਾ ਵਿਵਹਾਰ ਸਭਿਅਤਾ ਦੇ ਵਿਕਾਸ ਨਾਲ ਵੀ ਖ਼ਤਮ ਨਹੀਂ ਹੋਇਆ। ਧਾਰਮਿਕ ਗ੍ਰੰਥਾਂ ਵੇਦ, ਰਾਮਾਇਣ, ਮਹਾਂ ਭਾਰਤ, ਪੁਰਾਣ, ਸਿਮ੍ਰਤੀਆਂ ਵੀ ਨਾਰੀ ਨੂੰ ਮਾਣਤਾ ਨਹੀਂ ਦਿੰਦੀਆਂ। ਧਰਮਯੁਗ ਵਿੱਚ ਅਹੱਲਿਆ ਨਾਲ ਇੰਦਰ ਦੇਵਤਾ ਛੱਲ ਕਰਦਾ ਹੈ। ਦਰੋਪਤੀ ਨੂੰ ਪੰਜ ਪਤੀ ਬਰਦਾਸ਼ਤ ਕਰਨੇ ਪੈਂਦੇ ਹਨ। ਜੂਏ ਵਿੱਚ ਹਾਰੀ ਜਾਂਦੀ ਹੈ। ਮਨੂੰ ਸਿਮਰਤੀ ਅਨੁਸਾਰ ਔਰਤ ਨੂੰ ਪਿਤਾ, ਪਤੀ ਅਤੇ ਫਿਰ ਲੜਕੇ ਦੇ ਅਧੀਨ ਰਹਿਣਾ ਪੈਂਦਾ। ਵਿਧਵਾ ਵਿਆਹ ਨਹੀਂ ਕਰ ਸਕਦੀ। ਗਰੁੜ ਪੁਰਾਣ ਅਤੇ ਯਜੁਰਵੇਦ ਅਨੁਸਾਰ ਪਤੀ ਦੇ ਨਾਲ ਸਤੀ ਹੋਣਾ ਪੈਂਦਾ ਸੀ। ਤੁਲਸੀ ਦਾਸ ਦੀ ਰਾਮਾਇਣ ਔਰਤ ਨੂੰ ਤਾੜਨ ਦੀ ਤਾਕੀਦ ਕਰਦੀ ਹੈ। ਸਿਰਫ ਇੱਕੋ ਇੱਕ ਗੁਰੂ ਨਾਨਕ ਦੇਵ ਜੀ ਹਨ, ਜਿਹੜੇ ਔਰਤ ਦੀ ਬਰਾਬਰੀ ਦੀ ਗੱਲ ਕਰਦੇ ਹਨ।
‘ਡੇਰਾਵਾਦ ਤੇ ਨਾਰੀ’ ਵਿਚਲੇ ਲੇਖ ਵਿੱਚ ਵੀ ਔਰਤ ਦੀ ਮਾਨਸਿਕਤਾ ਦਾ ਵਿਕਾਸ ਨਾ ਹੋਣ ਕਰਕੇ ਅਖੌਤੀ ਧਾਰਮਿਕ ਗੁਰੂਆਂ ਦੇ ਪਖੰਡ ਵਿੱਚ ਫਸਕੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ। ਇਸਤਰੀਆਂ ਸਭ ਤੋਂ ਵੱਧ ਡੇਰਿਆਂ ਵਿੱਚ ਜਾਂਦੀਆਂ ਹਨ ਕਿਉਂਕਿ ਉਹ ਡੇਰਾਵਾਦ ਨੂੰ ਧਰਮ ਸਮਝਣ ਲੱਗ ਪੈਂਦੀਆਂ ਹਨ। ‘ਖਤਨਾ: ਇੱਕ ਅਮਾਨਵੀ ਵਰਤਾਰਾ’ ਲੇਖ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਔਰਤ ਵਿੱਚ ਜਿਨਸੀ ਇੱਛਾ ਪੈਦਾ ਹੋ ਜਾਂਦੀ ਹੈ ਤਾਂ ਉਸਨੂੰ ਸੰਭੋਗ ਤੋਂ ਰੋਕਣ ਲਈ ਉਸਦਾ ਜਨਣ-ਅੰਗਛੇਦਣ ਕਰ ਦਿੱਤਾ ਜਾਂਦਾ ਹੈ। ਇਸਨੂੰ ਔਰਤ ਦੀ ਸੁੰਨਤ ਵੀ ਕਿਹਾ ਜਾਂਦਾ ਹੈ। ਇਹ ਅਮਾਨਵੀ ਵਰਤਾਰਾ ਹੈ ਜੋ ਕਿ ਜ਼ਿਆਦਾਤਰ ਅਫਰੀਕਾ, ਏਸ਼ੀਆ ਅਤੇ ਮੱਧ ਪੂਰਵ ਵਿੱਚ ਮਿਲਦਾ ਹੈ। ਇਸਨੂੰ ਔਰਤ ਦੀ ਪਵਿਤਰਤਾ ਨਾਲ ਜੋੜਿਆ ਜਾਂਦਾ ਹੈ। ਇਹ ਔਰਤ ਨਾਲ ਮੰਦ ਭਾਵਨਾ ਨਾਲ ਕੀਤਾ ਜਾਂਦਾ ਅਨਿਆਏ ਹੈ। ਇੰਝ ਆਮ ਤੌਰ ਤੇ ਘਰਾਂ ਵਿੱਚ ਹੀ ਬਜ਼ੁਰਗ ਔਰਤਾਂ ਕਰ ਦਿੰਦੀਆਂ ਹਨ, ਜਿਹੜਾ ਕਿ ਬੱਚੀਆਂ ਲਈ ਦੁੱਖਦਾਈ ਹੁੰਦਾ ਹੈ। ਦੇਸੀ ਪ੍ਰਣਾਲੀ ਨਾਲ ਕਈ ਭਿਆਨਕ ਬਿਮਾਰੀਆਂ ਦਾ ਖਦਸ਼ਾ ਪੈਦਾ ਹੋ ਜਾਂਦਾ ਹੈ। ਔਰਤਾਂ ਦੀ ਸੁੰਨਤ ਨੂੰ ਸਮਾਜਿਕ ਮਾਣਤਾ ਪ੍ਰਾਪਤ ਹੈ, ਜਿਸ ਕਰਕੇ ਉਹ ਤੀਹਰੀ ਪੀੜਾ ਸਹਿਜ਼ ਕਰਦੀਆਂ ਹਨ। ਇਹ ਪ੍ਰਥਾ ਭਾਰਤ ਵਿੱਚ ਵੀ ਬੋਹਰਾ ਤੇ ਸ਼ੀਆ ਸਮੁਦਾਏ ਵਿੱਚ ਵੀ ਪਾਈ ਜਾਂਦੀ ਹੈ।
‘ਇਸਲਾਮੀ ਮੁਲਕਾਂ ਵਿੱਚ ਨਾਰੀ’ ਵਾਲੇ ਲੇਖ ਵਿੱਚ ਦਰਸਾਇਆ ਗਿਆ ਹੈ ਕਿ ਪਾਕਿਸਤਾਨ, ਬੰਗਲਾ ਦੇਸ਼, ਅਫ਼ਗਾਨਿਸਤਾਨ, ਇਰਾਨ, ਇਰਾਕ, ਸਊਦੀ ਅਰਬ ਆਦਿ ਦੇਸ਼ਾਂ ਵਿੱਚ ਔਰਤਾਂ ਦੀ ਸਥਿਤੀ ਬਹੁਤ ਹੀ ਅਪਮਾਨ ਵਾਲੀ ਹੈ। ਬਰਾਬਰਤਾ ਦਾ ਅਧਿਕਾਰ ਨਹੀਂ ਅਤੇ ਪ੍ਰਦਾ ਪ੍ਰਥਾ ਭਾਰੂ ਹੈ। ਪਾਕਿਸਤਾਨ ਵਿੱਚ ਬਲਾਤਕਾਰੀ ਜੇਕਰ ਆਪ ਮੰਨੇਗਾ ਜਾਂ ਚਾਰ ਮੁਸਲਮਾਨ ਮਰਦ ਗਵਾਹੀ ਦੇਣਗੇ ਤਾਂ ਹੀ ਮਾਮੂਲੀ ਸਜ਼ਾ ਹੋ ਸਕਦੀ ਹੈ। ਜੇਕਰ ਇਹ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਔਰਤ ਨੂੰ ਚਰਿੱਤਰਹੀਣ ਅਤੇ ਵਿਭਚਾਰੀ ਕਿਹਾ ਜਾਵੇਗਾ ਤੇ ਉਲਟੀ ਸ਼ਜਾ ਔਰਤ ਨੂੰ ਹੋਵੇਗੀ। ਮੁਸਲਮ ਦੇਸ਼ਾਂ ਵਿੱਚ ਪ੍ਰਦਾ ਪ੍ਰਥਾ, ਅਣਜੋੜ ਵਿਆਹ, ਘਰੇਲੂ ਹਿੰਸਾ, ਬਹੁ ਪਤਨੀ ਪ੍ਰਥਾ, ਬਾਲ ਵਿਆਹ ਅਤੇ ਜ਼ਬਰੀ ਵਿਆਹ ਵੀ ਆਮ ਹਨ। ਸਾਊਦੀ ਅਰਬ ਵਿੱਚ ਲੜਕੀਆਂ ਲਈ ਸਕੂਲ ਵੱਖਰੇ ਹਨ, ਉਹ ਵਿਗਿਆਨ ਅਤੇ ਸਰੀਰਕ ਸਿੱਖਿਆ ਵਿਸ਼ੇ ਨਹੀਂ ਪੜ੍ਹ ਸਕਦੀਆਂ। ਔਰਤ ਜੱਜ ਨਹੀਂ ਬਣ ਸਕਦੀ ਅਤੇ ਨਾ ਹੀ ਪਤੀ ਦੀ ਸਹਿਮਤੀ ਤੋਂ ਬਿਨਾਂ ਬੈਂਕ ਵਿੱਚ ਅਕਾਊਂਟ ਖੁੱਲ੍ਹਵਾ ਸਕਦੀ ਹੈ।
‘ਕਵਿਤਾ ਦੇ ਪਰਾਂ ’ਤੇ ਉੱਡਦੀ ਨਾਰੀ’ ਲੇਖ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਵਿੱਚ ਕਵਿਤਾ ਔਰਤ ਦੁਆਲੇ ਹੀ ਘੁੰਮਦੀ ਹੈ। ਪ੍ਰੰਤੂ ਮੱਧ ਕਾਲ ਵਿੱਚ ਨਾਥਾਂ ਜੋਗੀਆਂ ਦੁਆਰਾ ਆਪਣੀਆਂ ਰਚਨਾਵਾਂ ਵਿੱਚ ਔਰਤ ਦੀ ਨਿੰਦਿਆ ਕੀਤੀ ਹੀ ਮਿਲਦੀ ਹੈ। ਇੱਥੋਂ ਤੱਕ ਕਿ ਔਰਤ ਨੂੰ ਬਘਿਆੜਨ ਤੱਕ ਕਿਹਾ ਹੈ। ਗੁਰਮਤਿ ਕਾਵਿ ਵਿੱਚ ਇਸਤਰੀ ਦੀ ਹੋਂਦ ਨੂੰ ਮਹਿਸੂਸ ਕੀਤਾ ਗਿਆ ਹੈ। ਸਿੰਘ ਸਭਾ ਲਹਿਰ ਦਾ ਵੀ ਚੰਗਾ ਅਸਰ ਹੋਇਆ। ਵਰਤਮਾਨ ਸਮੇਂ ਵਿੱਚ ਇਸਤਰੀ ਲੇਖਕਾਂ ਖਾਸ ਤੌਰ ’ਤੇ ਕਵਿਤਰੀਆਂ ਨੇ ਵੱਡੀ ਪੱਧਰ ਉੱਤੇ ਕਾਵਿ ਸਿਰਜਣਾ ਕੀਤੀ ਹੈ। ਇਸ ਨਾਲ ਔਰਤਾਂ ਦੀ ਜਾਗਰੂਕਤਾ ਦਾ ਪ੍ਰਗਟਾਵਾ ਹੁੰਦਾ ਹੈ। ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਇਹ ਪੁਸਤਕ ਇਸਤਰੀਆਂ ਦੇ ਉਭਾਰ ਲਈ ਮੀਲ ਪੱਥਰ ਸਾਬਤ ਹੋਵੇਗੀ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1552)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)