“ਸਾਡੇ ਸੰਸਕਾਰਾਂ ਵਿੱਚ ਘਰ ਆਏ ਮਹਿਮਾਨਾਂ ਨਾਲ ਬੁਰਾ ਸਲੂਕ ਕਰਨਾ ਸ਼ਾਮਿਲ ਤਾਂ ਨਹੀਂ, ਪਰ ...”
(7 ਦਸੰਬਰ 2017)
“ਦੇਖ ਪੁੱਤ ਸੁਰਜੀਤ ... ਤੈਥੋਂ ਕੀ ਲੁਕਾਅ। ਤੂੰ ਹੁਣ ਬਾਰਾਂ ਜਮਾਤਾਂ ਪੜ੍ਹ ਲਈਆਂ, ਹੁਣ ਮੇਰੇ ਨਾਲ ਘਰ ਦੀ ਕਬੀਲਦਾਰੀ ਵਿੱਚ ਹੱਥ ਵਟਾ। ਬਹੁਤਾ ਪੜ੍ਹ-ਲਿਖ ਕੇ ਤੂੰ ਕਿਹੜਾ ਡੀ.ਸੀ ਬਣ ਜਾਣਾ,ਰਹਿਣਾ ਤੂੰ ਇੱਕ ਸਾਂਝੀ ਦਾ ਪੁੱਤ ਹੀ ਹੈ। ਉਂਝ ਵੀ ਤੇਰੀਆਂ ਦੋਵੇਂ ਭੈਣਾਂ ਸੁੱਖ ਨਾਲ ਹੁਣ ਮੁਟਿਆਰਾਂ ਹੋ ਗਈਆਂ ਨੇ। ਉਹਨਾਂ ਦੇ ਕਾਰਜ ਵੀ ਰਚਾਉਣੇ ਨੇ, ਛੱਡ ਪਰੇ ਖਹਿੜਾ! ਇਹਨਾਂ ਪੜ੍ਹਾਈਆਂ ਦਾ। ਹੁਣ ਪੜ੍ਹਾਂ-ਲਿਖਿਆਂ ਨੂੰ ਵੀ ਕਿਹੜਾ ਨੌਕਰੀ ਮਿਲਦੀ ਹੈ, ਸਭ ਡੰਡੇ ਵਜਾਉਂਦੇ ਫਿਰਦੇ ਨੇ। ਨਾਲੇ ਫੇਰ ਕਾਲਜੀ ਪਾੜ੍ਹਿਆਂ ਨੂੰ ਹੱਥੀਂ ਕੰਮ ਕਰਨ ’ਚ ਸ਼ਰਮ ਵੀ ਤਾਂ ਆਉਣ ਲੱਗ ਜਾਂਦੀ ਏ। ... ਆਹ ਕਰਮੇ ਦੇ ਪੁੱਤ ਵੱਲ ਈ ਵੇਖ ਲਾ, ਬਾਪ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ, ਇਹ ਡੱਕਾ ਤੋੜ ਕੇ ਦੂਹਰਾ ਨੀ ਕਰਦਾ। ਅਖੇ ਮੈਂ ਤਾਂ ਕਾਲਜ ਪੜ੍ਹਦਾਂ, ਇਹ ਕੰਮ ਮੈਥੋਂ ਨੀ ਹੋਣੇ। ... ਫੇਰ ਅਜਿਹੀ ਪੜ੍ਹਾਈ ਦਾ ਕੀ ਫਾਇਦਾ, ਜੋ ਬੰਦੇ ਨੂੰ ਨਿਕੰਮਾ ਹੀ ਬਣਾ ਦੇਵੇ ਅਤੇ ਉਹ ਹੱਥੀਂ ਕੰਮ ਕਰਨ ਵਿੱਚ ਸ਼ਰਮ ਮਹਿਸੂਸ ਕਰੇ।” ਇੰਨਾ ਕਹਿ ਕੇ ਸੁਰਜੀਤ ਦਾ ਬਾਪੂ ਚੁੱਪ ਹੋ ਗਿਆ। ਬਾਪੂ ਦੀਆਂ ਗੱਲਾਂ ਨੇ ਸੁਰਜੀਤ ਦੇ ਕਾਲਜ ਪੜ੍ਹਨ ਦੇ ਉਤਸ਼ਾਹ ਨੂੰ ਮਾਰ ਦਿੱਤਾ। ਪਰ ਉਹ ਬਾਪੂ ਦਾ ਕਿਹਾ ਕਦੇ ਵੀ ਨਹੀਂ ਸੀ ਮੋੜਦਾ ਕਿਉਂਕਿ ਮਾਂ ਉਸ ਦੀ ਬਚਪਨ ਵਿੱਚ ਹੀ ਜ਼ਿੰਦਗੀ ਦਾ ਪੰਧ ਮੁਕਾ ਕੇ ਉਹਨਾਂ ਨੂੰ ਬਾਪੂ ਦੇ ਆਸਰੇ ਛੱਡ ਕੇ ਸਵਰਗ ਸਿਧਾਰ ਗਈ ਸੀ। ਬਾਪੂ ਨੇ ਉਹਨਾਂ ਤਿੰਨਾਂ ਭੈਣ-ਭਰਾਵਾਂ ਨੂੰ ਬੜੇ ਹੀ ਹੌਸਲੇ ਨਾਲ ਸੰਘਰਸ਼ ਕਰਦਿਆਂ ਪਾਲਿਆ ਸੀ।
ਸੁਰਜੀਤ ਨੂੰ ਬਚਪਨ ਤੋਂ ਹੀ ਪੜ੍ਹਨ ਦਾ ਬਹੁਤ ਸ਼ੌਕ ਸੀ ਪਰ ਉਸਨੇ ਇੱਕ ਖੇਤ ਮਜ਼ਦੂਰ ਦੇ ਘਰ ਜਨਮ ਲਿਆ ਸੀ, ਜਿਸ ਕਾਰਣ ਬਚਪਨ ਤੋਂ ਹੀ ਤੰਗੀਆਂ-ਤੁਰਸ਼ੀਆਂ ਜੀਵਨ ਦਾ ਹਿੱਸਾ ਬਣ ਚੁੱਕੀਆਂ ਸਨ। ਉਸ ਨੂੰ ਜਦੋਂ ਵੀ ਸਮਾਂ ਮਿਲਦਾ ਉਹ ਪੜ੍ਹਨ ਬੈਠ ਜਾਂਦਾ। ਸਕੂਲ ਦੇ ਅਧਿਆਪਕ ਉਸ ਨੂੰ ਹੱਲਾਸ਼ੇਰੀ ਦੇ ਕੇ ਜ਼ਿਆਦਾ ਤੋਂ ਜ਼ਿਆਦਾ ਮਿਹਨਤ ਕਰਨ ਲਈ ਪ੍ਰੇਰਦੇ ਰਹਿੰਦੇ। ਉਸਨੇ ਬਹੁਤ ਵਧੀਆ ਨੰਬਰਾਂ ਨਾਲ ਬਾਰ੍ਹਵੀਂ ਦੀ ਪ੍ਰੀਖਿਆ ਪਾਸ ਕਰ ਲਈ। ਉਹ ਅੱਗੇ ਕਾਲਜ ਵੀ ਜਾਣਾ ਚਾਹੁੰਦਾ ਸੀ ਪਰ ਸੁਰਜੀਤ ਦੇ ਬਾਪੂ ਨੇ ਉਸਦੇ ਕਾਲਜ ਜਾਣ ਦੇ ਫੈਸਲੇ ਨੂੰ ਪ੍ਰਵਾਨਗੀ ਨਾ ਦਿੱਤੀ।
ਬਾਪੂ ਨਾਲ ਕੰਮ ਕਰਦਿਆਂ ਉਸਨੇ ਪ੍ਰਾਈਵੇਟ ਬੀ.ਏ ਕਰ ਲਈ। ਕਾਫੀ ਸਮਾਂ ਭਟਕਣ ਤੋਂ ਬਾਅਦ ਵੀ ਉਸ ਨੂੰ ਕੋਈ ਢੰਗ ਦੀ ਨੌਕਰੀ ਨਹੀਂ ਮਿਲੀ। ਇਸ ਲਈ ਉਸ ਨੇ ਬੈਂਕ ਤੋਂ ਕਰਜ਼ਾ ਲੈ ਕੇ ਇੱਕ ਸਵਾਰੀਆਂ ਢੋਣ ਵਾਲਾ ਟੈਂਪੂ ਲੈ ਲਿਆ ਅਤੇ ਗੁਜ਼ਾਰੇ ਜੋਗੀ ਕਮਾਈ ਕਰਨ ਲੱਗਾ। ਕੁਝ ਸਾਲਾਂ ਵਿੱਚ ਉਸਨੇ ਦੋਵਾਂ ਭੈਣਾਂ ਦੇ ਵਿਆਹ ਵੀ ਕਰ ਦਿੱਤੇ ਅਤੇ ਉਸ ਦਾ ਖ਼ੁਦ ਦਾ ਵੀ ਵਿਆਹ ਹੋ ਗਿਆ। ਉਸ ਦੀ ਵਹੁਟੀ ਬਲਵੀਰ ਬਹੁਤ ਹੀ ਸਿਆਣੀ ਅਤੇ ਸੁਚੱਜੀ ਔਰਤ ਸੀ। ਉਸ ਨੇ ਵਿਆਹ ਹੁੰਦੇ ਹੀ ਘਰ ਦੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣੀ ਸ਼ੁਰੂ ਕਰ ਦਿੱਤੀ। ਉਹ ਕਦੇ ਵੀ ਪੈਸਿਆਂ ਨੂੰ ਫਾਲਤੂ ਕੱਪੜਿਆਂ ਜਾਂ ਹੋਰ ਸਮਾਨ ’ਤੇ ਅਜਾਈਂ ਨਾ ਗਵਾਉਂਦੀ। ਵਿਹਲਾ ਸਮਾਂ ਵੀ ਉਹ ਲੋਕਾਂ ਦੇ ਕੱਪੜੇ ਸੀ ਕੇ ਗੁਜ਼ਾਰਦੀ। ਉਹ ਆਪਣੇ ਇਸ ਹੁਨਰ ਦਾ ਲਾਭ ਵੀ ਉਠਾਉਂਦੀ ਅਤੇ ਕੁਝ ਪੈਸੇ ਆਪਣੇ ਵੀ ਜਮ੍ਹਾਂ ਰੱਖਦੀ।
ਵਿਆਹ ਤੋਂ ਦੋ ਕੁ ਸਾਲ ਬਾਅਦ ਸੁਰਜੀਤ ਦੇ ਘਰ ਇੱਕ ਧੀ ਨੇ ਜਨਮ ਲਿਆ। ਉਸ ਦਾ ਨਾਂ ਨਵਕਿਰਨ ਰੱਖਿਆ ਗਿਆ। ਬਲਵੀਰ ਆਪਣੀ ਧੀ ਨੂੰ ਗੁੱਡੀਆਂ ਵਾਂਗ ਸਜਾ ਕੇ ਰੱਖਦੀ। ਸੁਰਜੀਤ ਵੀ ਸ਼ਾਮ ਨੂੰ ਆ ਕੇ ਆਪਣੀ ਧੀ ਨੂੰ ਖੂਬ ਖਿਡਾਉਂਦਾ। ਚੰਗਾ ਸਮਾਂ ਬਹੁਤ ਛੇਤੀ ਲੰਘ ਜਾਂਦਾ ਹੈ। ਨਵਕਿਰਨ ਚਾਰ ਸਾਲ ਦੀ ਹੋ ਗਈ ਅਤੇ ਸਕੂਲ ਜਾਣ ਲੱਗੀ। ਫਿਰ ਸੁਰਜੀਤ ਦੇ ਘਰ ਰੱਬ ਨੇ ਇੱਕ ਪੁੱਤ ਦੀ ਦਾਤ ਬਖਸ਼ੀ। ਉਸ ਦਾ ਨਾਂ ਨਵਰਾਜ਼ ਰੱਖਿਆ ਗਿਆ। ਦੋਵੇਂ ਜੀਅ ਸਬਰ ਸੰਤੋਖ ਨਾਲ ਜਿੰਦਗੀ ਬਿਤਾਉਂਦੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਨਾ ਥੱਕਦੇ। ਜਿਸ ਘਰ ਵਿੱਚ ਪਤੀ-ਪਤਨੀ ਦੀ ਸਦੀਵੀ ਅਤੇ ਨਿੱਘੀ ਸਾਂਝ ਹੋਵੇ, ਉੱਥੇ ਦੋਵਾਂ ਦੀ ਉਸਾਰੂ ਸੋਚ ਪਰਿਵਾਰ ਵਿੱਚ ਸੁਖਾਵਾਂ ਮਾਹੌਲ ਪੈਦਾ ਕਰ ਦਿੰਦੀ ਹੈ।
ਸਕੂਲੀ ਪੜ੍ਹਾਈ ਤੋਂ ਬਾਅਦ ਨਵਕਿਰਨ ਨੇ ਉਚੇਰੀ ਸਿੱਖਿਆ ਹਾਸਿਲ ਕਰਦੇ ਹੋਏ ਐੱਮ.ਏ ਅਤੇ ਬੀ.ਐੱਡ ਕਰਕੇ ਸ਼ਹਿਰ ਦੇ ਇੱਕ ਵਧੀਆ ਪਬਲਿਕ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਅਤੇ ਨਵਰਾਜ਼ ਨੇ ਬਾਰ੍ਹਵੀਂ ਕਰਨ ਤੋਂ ਬਾਅਦ ਇੰਜਨੀਅਰਿੰਗ ਦੀ ਡਿਗਰੀ ਕਰਨੀ ਸ਼ੁਰੂ ਕਰ ਦਿੱਤੀ। ਦੋਵੇਂ ਭੈਣ ਭਰਾ ਇੱਕ ਦੂਜੇ ਦੇ ਸਾਹੀਂ ਜੀਂਦੇ। ਸੁਰਜੀਤ ਆਪਣੇ ਬੱਚਿਆਂ ਦੀ ਪ੍ਰਾਪਤੀ ਤੇ ਬੜਾ ਖੁਸ਼ ਹੁੰਦਾ। ਹੁਣ ਉਸ ਨੂੰ ਨਵਕਿਰਨ ਦੇ ਵਿਆਹ ਦਾ ਫ਼ਿਕਰ ਸੀ। ਇੱਕ ਦਿਨ ਕਿਸੇ ਜਾਣਕਾਰ ਨੇ ਰਿਸ਼ਤੇ ਦੀ ਗੱਲ ਚਲਾਈ। ਮੁੰਡਾ ਰਾਜਵੀਰ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਨਾਲ ਹੀ ਉਹ ਜ਼ਿਲ੍ਹੇ ਦੇ ਡੀ.ਸੀ ਦਫਤਰ ਵਿੱਚ ਸੀਨੀਅਰ ਕਲਰਕ ਸੀ। ਸਰਕਾਰੀ ਨੌਕਰੀ ਵਾਲਾ ਵਰ ਕਿਸ ਨੂੰ ਨਹੀਂ ਭਾਉਂਦਾ। ਬਲਵੀਰ ਅਤੇ ਨਵਕਿਰਨ ਨਾਲ ਗੱਲ ਕਰਨ ਤੋਂ ਬਾਅਦ ਸੁਰਜੀਤ ਨੇ ਇਸ ਰਿਸ਼ਤੇ ਲਈ ਹਾਮੀ ਭਰ ਦਿੱਤੀ।
ਅੱਜ ਘਰ ਦਾ ਮਾਹੌਲ ਬੜਾ ਖ਼ੁਸ਼ਨੁਮਾ ਸੀ, ਕਿਉਂ ਜੋ ਅੱਜ ਮੁੰਡੇ ਵਾਲੇ ਨਵਕਿਰਨ ਨੂੰ ਦੇਖਣ ਲਈ ਆ ਰਹੇ ਸਨ। ਦੁਪਿਹਰ ਤੱਕ ਉਹ ਪਹੁੰਚ ਗਏ। ਨਵਕਿਰਨ ਨੂੰ ਦੇਖ ਕੇ ਕੋਈ ਉਸ ਨੂੰ ਨਾਂਹ ਕਹਿ ਹੀ ਨਹੀਂ ਸੀ ਸਕਦਾ। ਸਾਦਗੀ ਦੀ ਮੂਰਤ ਹੋਣ ਦੇ ਬਾਵਜੂਦ ਉਸਦੀ ਸ਼ਖਸੀਅਤ ਹਰੇਕ ਨੂੰ ਆਕਰਸ਼ਿਤ ਕਰ ਹੀ ਜਾਂਦੀ ਸੀ। ਰਾਜਵੀਰ ਅਤੇ ਉਸ ਦੇ ਮਾਪਿਆ ਨੂੰ ਉਹ ਬਹੁਤ ਪਸੰਦ ਆਈ। ਚਾਹ-ਪਾਣੀ ਪੀਂਦਿਆਂ ਗੱਲਾਂ ਗੱਲਾਂ ਵਿੱਚ ਹੀ ਰਾਜਵੀਰ, ਸੁਰਜੀਤ ਸਿੰਘ ਨੂੰ ਉਸਦੇ ਕੰਮ ਕਾਰ ਬਾਰੇ ਪੁੱਛਣ ਲੱਗਾ। ਇਹ ਸੁਣ ਕੇ ਸੁਰਜੀਤ ਸਿੰਘ ਭਾਵੁਕ ਹੋ ਕੇ ਕਹਿਣ ਲੱਗਾ, “ਪੁੱਤ ਮੈਂ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਇਸ ਟੈਂਪੂ ਦੇ ਸਿਰ ’ਤੇ ਹੀ ਕੀਤਾ ਹੈ। ਇਹੀ ਮੇਰੀ ਰੋਜ਼ੀ-ਰੋਟੀ ਦਾ ਜ਼ਰੀਆ ਹੈ।”
ਇਹ ਗੱਲ ਸੁਣ ਕੇ ਰਾਜਵੀਰ ਆਪੇ ਤੋਂ ਬਾਹਰ ਹੋ ਗਿਆ ਅਤੇ ਤੈਸ਼ ਵਿੱਚ ਆ ਕੇ ਵਿਚੋਲੇ ਨੂੰ ਉੱਚੀ-ਉੱਚੀ ਬੋਲਣ ਲੱਗਾ, “ਤੁਸੀਂ ਸਾਡੇ ਨਾਲ ਧੋਖਾ ਕੀਤਾ ਅਤੇ ਇਸ ਸੱਚ ਨੂੰ ਸਾਥੋਂ ਲੁਕਾਇਆ। ਮੇਰਾ ਵੀ ਸਮਾਜ ਵਿੱਚ ਕੋਈ ਸਟੇਟਸ ਹੈ, ਮੈਂ ਡੀ.ਸੀ ਦਫ਼ਤਰ ਵਿੱਚ ਨੌਕਰੀ ਕਰਦਾ ਹਾਂ। ਜੇ ਮੈਨੂੰ ਕੋਈ ਪੁੱਛੇਗਾ ਕਿ ਤੇਰਾ ਸਹੁਰਾ ਕੀ ਕੰਮ ਕਰਦਾ ਹੈ ਤਾਂ ਮੈਂ ਇਹ ਕਹਾਂਗਾ ਕਿ ਉਹ ਟੈਂਪੂ ਚਲਾਉਂਦਾ ਹੈ? ਮੈਂ ਅਜਿਹੇ ਮਲੰਗਾਂ ਦੇ ਘਰ ਰਿਸ਼ਤਾ ਨਹੀਂ ਜੋੜ ਸਕਦਾ। ਇੱਕ ਟੈਂਪੂ ਵਾਲੇ ਦੀ ਧੀ ਮੇਰੀ ਪਤਨੀ ਨਹੀ ਬਣ ਸਕਦੀ।”
ਰਾਜਵੀਰ ਕੌੜ ਮੱਝ ਵਾਂਗ ਵਿਚੋਲੇ ਵੱਲ ਝਾਕਣ ਲੱਗਾ। ਉਸਨੇ ਆਪਣੇ ਮਾਪਿਆਂ ਦੀ ਵੀ ਪਰਵਾਹ ਨਹੀਂ ਕੀਤੀ ਅਤੇ ਖ਼ੁਦ ਹੀ ਫੈਸਲਾ ਸੁਣਾ ਦਿੱਤਾ। ਚਾਰੇ ਪਾਸੇ ਚੁੱਪ ਪਸਰ ਗਈ।
ਨਵਕਿਰਨ ਇੱਕ ਪੜ੍ਹੀ ਲਿਖੀ, ਅਗਾਂਹਵਧੂ ਵਿਚਾਰਾਂ ਦੀ ਧਾਰਨੀ ਅਣਖੀਲੀ ਮੁਟਿਆਰ ਸੀ। ਉਸ ਤੋਂ ਸ਼ਰੇਆਮ ਆਪਣੇ ਪਿਤਾ ਦੀ ਹੁੰਦੀ ਬੇਇੱਜ਼ਤੀ ਸਹਾਰੀ ਨਾ ਗਈ। ਉਹ ਵੀ ਰੋਹ ਭਰੇ ਅੰਦਾਜ਼ ਵਿੱਚ ਉੱਠੀ ਅਤੇ ਰਾਜਵੀਰ ਨੂੰ ਮੂੰਹ ਤੋੜ ਜਵਾਬ ਦਿੰਦੀ ਹੋਈ ਕਹਿਣ ਲੱਗੀ, “ਸਾਡੇ ਸੰਸਕਾਰਾਂ ਵਿੱਚ ਘਰ ਆਏ ਮਹਿਮਾਨਾਂ ਨਾਲ ਬੁਰਾ ਸਲੂਕ ਕਰਨਾ ਸ਼ਾਮਿਲ ਤਾਂ ਨਹੀਂ, ਪਰ ਜੇਕਰ ਕੋਈ ਮੇਰੇ ਪਾਪਾ ਦੀ ਬਿਨਾਂ ਵਜ੍ਹਾ ਸ਼ਰੇਆਮ ਬੇਇੱਜ਼ਤੀ ਕਰੇਗਾ ਤਾਂ ਮੈਂ ਚੁੱਪ ਚਾਪ ਬਰਦਾਸ਼ਤ ਨਹੀਂ ਕਰ ਸਕਦੀ, ਤੁਸੀਂ ਕੀ ਮੇਰਾ ਰਿਸ਼ਤਾ ਠੁਕਰਾਓਗੇ, ਮੈਂ ਖੁਦ ਅਜਿਹੇ ਇਨਸਾਨ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਨਹੀਂ ਬਣਾਉਣਾ ਚਾਹੁੰਦੀ, ਜੋ ਰਿਸ਼ਤਿਆਂ ਨੂੰ ਪੈਸੇ ਅਤੇ ਸਟੇਟਸ ਨਾਲ ਤੋਲਦਾ ਹੈ। ਜੋ ਸ਼ਖ਼ਸ ਏਨਾ ਹੰਕਾਰੀ ਅਤੇ ਕਠੋਰ ਸ਼ਖ਼ਸੀਅਤ ਦਾ ਮਾਲਿਕ ਹੈ, ਉਹ ਕੀ ਰਿਸ਼ਤੇ ਨਿਭਾਵੇਗਾ। ਦਸਾਂ ਨਹੁੰਆਂ ਦੀ ਕਿਰਤ ਅਤੇ ਮਿਹਨਤ ਕਰਕੇ ਜੀਣ ਵਾਲੇ, ਤੁਹਾਡੇ ਵਰਗੇ ਖੋਖਲੇ ਸਟੇਟਸਾਂ, ਸੌੜੀ ਅਤੇ ਪਦਾਰਥਵਾਦੀ ਸੋਚ ਵਾਲਿਆਂ ਦੀ ਪਰਵਾਹ ਨਹੀਂ ਕਰਦੇ। ਕੋਠੀਆਂ ਕਾਰਾਂ ਸੁਖੀ ਜੀਵਨ ਦੀ ਗਰੰਟੀ ਨਹੀਂ ਹੁੰਦੀਆਂ, ਜ਼ਿੰਦਗੀ ਵਿੱਚ ਸ਼ਾਂਤੀ ਅਤੇ ਸਕੂਨ ਜ਼ਿਆਦਾ ਜ਼ਰੂਰੀ ਹੈ। ਚਲੇ ਜਾਓ ਸਾਡੇ ਘਰ ਤੋਂ ...।”
ਵਿਚਾਰੇ ਵਿਚੋਲੇ ਨੂੰ ਕੋਈ ਪੋਚਾ ਪਾਉਣ ਦਾ ਮੌਕਾ ਵੀ ਨਾ ਮਿਲਿਆ।
ਉਹਨਾਂ ਦੇ ਜਾਣ ਤੋਂ ਬਾਅਦ ਸੁਰਜੀਤ ਸਿੰਘ ਨੂੰ ਧੱਕਾ ਤਾਂ ਜ਼ਰੂਰ ਲੱਗਿਆ ਪਰ ਆਪਣੀ ਪਰਵਰਿਸ਼ ’ਤੇ ਮਾਣ ਵੀ ਮਹਿਸੂਸ ਹੋਇਆ। ਉਸ ਨੇ ਨਵਕਿਰਨ ਕੋਲ ਜਾ ਕੇ ਉਸ ਨੂੰ ਕਲਾਵੇ ਵਿੱਚ ਲੈ ਲਿਆ ਅਤੇ ਕਹਿਣ ਲੱਗਾ, “ਕਿਰਨ ਅੱਜ ਜੋ ਕੁਝ ਵੀ ਮੇਰੇ ਬਾਰੇ ਬੋਲਿਆ ਗਿਆ, ਉਹ ਝੂਠ ਤਾਂ ਨਹੀਂ ਸੀ, ਕਿਉਂਕਿ ਸਾਡੇ ਸਮਾਜ ਵਿੱਚ ਬੰਦੇ ਦੀ ਨਹੀਂ, ਉਸਦੇ ਸਟੇਟਸ ਅਤੇ ਪੈਸੇ ਦੀ ਹੀ ਕਦਰ ਪੈਂਦੀ ਹੈ। ਇਸ ਲਈ ਮੈਂ ਚਾਹੁੰਦਾ ਹਾਂ ਕਿ ਤੇਰੀ ਖ਼ੁਦ ਦੀ ਕੋਈ ਪਹਿਚਾਣ ਬਣੇ। ਤੂੰ ਮੇਰੇ ਨਾਮ ਨਾਲ ਜਾਂ ਆਪਣੇ ਪਤੀ ਦੇ ਨਾਮ ਨਾਲ ਨਹੀਂ ਸਗੋਂ ਖ਼ੁਦ ਆਪਣੇ ਨਾਮ ਨਾਲ ਸਮਾਜ ਵਿੱਚ ਜਾਣੀ ਜਾਵੇਂ। ਇਸ ਲਈ ਮੈਂ ਇੱਕ ਫੈਸਲਾ ਲਿਆ ਹੈ, ਮੈਨੂੰ ਯਕੀਨ ਹੈ ਕਿ ਇਸ ਵਿੱਚ ਤੂੰ ਵੀ ਮੇਰੇ ਨਾਲ ਜ਼ਰੂਰ ਸਹਿਮਤ ਹੋਵੇਂਗੀ ...।”
ਨਵਕਿਰਨ ਬੋਲੀ, “ਪਾਪਾ, ... ਦੱਸੋ ਤੁਸੀਂ ਕੀ ਚਾਹੁੰਦੇ ਹੋ?”
ਸੁਰਜੀਤ ਸਿੰਘ ਕਹਿਣ ਲੱਗਾ, “ਮੈਂ ਚਾਹੁੰਦਾ ਹਾਂ ਕਿ ਤੂੰ ਆਈ.ਏ.ਐੱਸ ਦੀ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦੇਵੇਂ। ਮੈਨੂੰ ਵਿਸ਼ਵਾਸ ਨਹੀਂ ਯਕੀਨ ਹੈ ਕਿ ਤੂੰ ਜ਼ਿੰਦਗੀ ਵਿੱਚ ਜ਼ਰੂਰ ਕੋਈ ਉੱਚਾ ਮੁਕਾਮ ਹਾਸਿਲ ਕਰੇਂਗੀ। ਅੱਜ ਤੋਂ ਬਾਅਦ ਘਰ ਵਿੱਚ ਕੋਈ ਵੀ ਤੇਰੇ ਵਿਆਹ ਦੀ ਗੱਲ ਨਹੀਂ ਕਰੇਗਾ।”
ਦੂਸਰੇ ਦਿਨ ਜਾ ਕੇ ਨਵਕਿਰਨ ਸਕੂਲ ਵਿੱਚ ਆਪਣਾ ਅਸਤੀਫ਼ਾ ਦੇ ਆਈ ਅਤੇ ਆਈ.ਏ.ਐੱਸ ਦੀ ਪ੍ਰੀਖਿਆ ਦੀ ਤਿਆਰੀ ਵਿੱਚ ਦਿਨ ਰਾਤ ਇੱਕ ਕਰ ਦਿੱਤਾ। ਇੱਕ ਜਨੂੰਨ ਸੀ, ਜੋ ਉਸ ਦੇ ਸਿਰ ਚੜ੍ਹ ਕੇ ਬੋਲ ਰਿਹਾ ਸੀ। ਕਹਿੰਦੇ ਨੇ ਇਨਸਾਨ ਦੀ ਇੱਛਾ ਸ਼ਕਤੀ ਬੜੀ ਹੀ ਕਮਾਲ ਦੀ ਚੀਜ਼ ਹੁੰਦੀ ਹੈ। ਮਜ਼ਬੂਤ ਇੱਛਾ ਸ਼ਕਤੀ ਨਾਲ ਕੁਝ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਆਖਿਰ ਦੋ ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਉਹ ਦਿਨ ਵੀ ਆ ਗਿਆ ਜਿਸਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਨਵਕਿਰਨ ਨੇ ਆਈ.ਏ.ਐੱਸ ਦੀ ਪ੍ਰੀਖਿਆ ਵਧੀਆ ਰੈਂਕ ਲੈ ਕੇ ਪਾਸ ਕੀਤੀ। ਵਧਾਈਆਂ ਦੇਣ ਲਈ ਸਾਰਾ ਪਿੰਡ ਅਤੇ ਮੀਡੀਆ ਸੁਰਜੀਤ ਸਿੰਘ ਦੇ ਵਿਹੜੇ ਢੁੱਕਿਆ। ਸੁਰਜੀਤ ਸਿੰਘ ਖੁਸ਼ੀ ਵਿੱਚ ਖੀਵਾ ਹੋਇਆ ਆਪਣੇ ਪਿਤਾ ਨੂੰ ਕਹਿ ਰਿਹਾ ਸੀ, “ਦੇਖ ਬਾਪੂ, ਤੂੰ ਕਹਿੰਦਾ ਹੁੰਦਾ ਸੀ, ਇੱਕ ਸਾਂਝੀ ਦਾ ਪੁੱਤ ਕਿੱਥੇ ਡੀ.ਸੀ ਬਣ ਜੂ? ਅੱਜ ਦੇਖ, ਇੱਕ ਟੈਂਪੂ ਵਾਲੇ ਦੀ ਧੀ ਡੀ.ਸੀ ਬਣ ਗਈ ਹੈ।”
ਕਈ ਵਾਰ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਅੱਜ ਨਵਕਿਰਨ ਨੂੰ ਆਪਣੇ ਹੀ ਜ਼ਿਲ੍ਹੇ ਵਿੱਚ ਡੀ.ਸੀ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ। ਉਹ ਅੱਜ ਬਹੁਤ ਹੀ ਖੁਸ਼ ਸੀ। ਛੋਟੀ ਉਮਰੇ ਹੀ ਕੀਤੀ ਪ੍ਰਾਪਤੀ ਨੇ ਉਸ ਦੇ ਆਤਮ-ਵਿਸ਼ਵਾਸ ਵਿੱਚ ਹੋਰ ਵੀ ਵਾਧਾ ਕਰ ਦਿੱਤਾ ਸੀ।
ਸੁਰਜੀਤ ਸਿੰਘ ਆਪਣੀ ਪਤਨੀ ਨਾਲ ਗੱਡੀ ਕਿਰਾਏ ’ਤੇ ਕਰਨ ਲਈ ਸਲਾਹ ਕਰ ਰਿਹਾ ਸੀ ਤਾਂ ਜੋ ਨਵਕਿਰਨ ਦਫ਼ਤਰ ਜੁਆਇੰਨ ਕਰਨ ਜਾ ਸਕੇ। ਉਦੋਂ ਹੀ ਅਚਾਨਕ ਨਵਕਿਰਨ ਕਹਿਣ ਲੱਗੀ, “ਪਾਪਾ ਗੱਡੀ ਕਰਨ ਦੀ ਕੋਈ ਜ਼ਰੂਰਤ ਨਹੀਂ, ਆਪਾਂ ਟੈਂਪੂ ’ਤੇ ਹੀ ਚੱਲਾਂਗੇ। ਫਿਰ ਕੀ ਹੋਇਆ ਜੇ ਮੈਂ ਡੀ.ਸੀ. ਬਣ ਗਈ ਹਾਂ? ਅੱਜ ਵੀ ਮੈਨੂੰ ਇਹ ਕਹਿਣ ਵਿੱਚ ਕੋਈ ਸ਼ਰਮ ਨਹੀਂ ਕਿ ਮੈਂ ਇੱਕ ਟੈਂਪੂ ਵਾਲੇ ਦੀ ਧੀ ਹਾਂ।”
ਇਹ ਸੁਣ ਕੇ ਸੁਰਜੀਤ ਸਿੰਘ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ।
ਨਵਕਿਰਨ ਟੈਂਪੂ ਵਿੱਚ ਹੀ ਡੀ.ਸੀ ਦਫਤਰ ਪੁੱਜੀ। ਸਭ ਉਸ ਨੂੰ ਟੈਂਪੂ ਵਿੱਚੋਂ ਉੱਤਰਦਿਆਂ ਦੇਖ ਕੇ ਹੈਰਾਨ ਹੋ ਗਏ। ਸਾਰਾ ਦਫ਼ਤਰੀ ਅਮਲਾ ਨਵੇਂ ਡੀ.ਸੀ. ਮੈਡਮ ਦੇ ਸਵਾਗਤ ਲਈ ਪੱਬਾਂ ਭਾਰ ਹੋਇਆ ਪਿਆ ਸੀ। ਦਫ਼ਤਰ ਪੁੱਜਦੇ ਹੀ ਨਵਕਿਰਨ ਨੇ ਪਿੱਛੇ ਖੜ੍ਹੇ ਆਪਣੇ ਪਾਪਾ ਨੂੰ ਉਚੇਚੇ ਤੌਰ ’ਤੇ ਅੱਗੇ ਸੱਦਿਆ ਅਤੇ ਸਭ ਨਾਲ ਤੁਆਰਫ਼ ਕਰਵਾਉਂਦੇ ਹੋਏ ਕਹਿਣ ਲੱਗੀ, “ਇਹ ਮੇਰੇ ਪਾਪਾ ਸੁਰਜੀਤ ਸਿੰਘ ਨੇ ਅਤੇ ਮੈਂ ਇਸ ਟੈਂਪੂ ਚਲਾਉਣ ਵਾਲੇ ਦੀ ਧੀ ਹਾਂ।” ਸਾਰੇ ਇਹ ਸੁਣ ਕੇ ਹੈਰਾਨ ਹੋ ਗਏ ਅਤੇ ਉਹਨਾਂ ਨੇ ਤਾੜੀਆਂ ਨਾਲ ਨਵਕਿਰਨ ਅਤੇ ਸੁਰਜੀਤ ਸਿੰਘ ਦਾ ਸਵਾਗਤ ਕੀਤਾ।
ਸਭ ਤੋਂ ਪਿੱਛੇ ਖੜ੍ਹਾ ਰਾਜਵੀਰ ਬੁਝੇ ਮਨ ਨਾਲ ਇਸ ਸਾਰੇ ਮੰਜ਼ਰ ਨੂੰ ਹੈਰਾਨ ਅਤੇ ਪ੍ਰੇਸ਼ਾਨ ਹੋਇਆ ਦੇਖ ਰਿਹਾ ਸੀ। ਰਸਮੀ ਸਵਾਗਤ ਤੋਂ ਬਾਅਦ ਸਾਰਾ ਸਟਾਫ ਆਪਣੇ ਕੰਮ ਵਿੱਚ ਰੁੱਝ ਗਿਆ। ਰਾਜਵੀਰ ਵੀ ਆਪਣੇ ਕੈਬਿਨ ਵਿੱਚ ਚਲਾ ਗਿਆ। ਅੱਜ ਉਸਦਾ ਕੰਮ ਵਿੱਚ ਉੱਕਾ ਹੀ ਚਿੱਤ ਨਹੀਂ ਸੀ ਲੱਗ ਰਿਹਾ ਅਤੇ ਉਹ ਜ਼ਿੰਦਗੀ ਦਾ ਸਭ ਤੋਂ ਅਹਿਮ ਫੈਸਲਾ, ਗਲਤ ਲੈਣ ’ਤੇ ਪਛਤਾ ਰਿਹਾ ਸੀ। ਕਿਉਂਕਿ ਨਵਕਿਰਨ ਦਾ ਰਿਸ਼ਤਾ ਠੁਕਰਾਉਣ ਤੋਂ ਬਾਅਦ ਉਸਦਾ ਰਿਸ਼ਤਾ ਇੱਕ ਥਾਣੇਦਾਰ ਦੀ ਇਕਲੌਤੀ ਧੀ ਮਹਿਤਾਬ ਨਾਲ ਹੋਇਆ ਸੀ, ਜੋ ਇੱਕ ਅਮੀਰ ਅਤੇ ਸਟੇਟਸ ਵਾਲਾ ਪਰਿਵਾਰ ਸੀ। ਵਿਆਹ ਵੀ ਅਗਲੇ ਨੇ ਤਕੜਾ ਕੀਤਾ ਅਤੇ ਦਹੇਜ ਵੀ ਬੇਹਿਸਾਬਾ ਦਿੱਤਾ। ਹੁਣ ਵਿਆਹ ਤੋਂ ਬਾਅਦ ਮਹਿਤਾਬ ਦੇ ਥਾਣੇਦਾਰੀ ਰੋਅਬ ਨੇ ਸਾਰੇ ਟੱਬਰ ਨੂੰ ਵਖ਼ਤ ਪਾਇਆ ਹੋਇਆ ਸੀ। ਥਾਣੇਦਾਰ ਕਈ ਵਾਰ ਮਿਲਣ ਆਇਆ ਆਪਣੀ ਧੀ ਨੂੰ ਕਹਿ ਚੁੱਕਾ ਸੀ, “ਪੁੱਤ! ਤੂੰ ਆਪਣੇ ਘਰੇ ਵੀ ਸਰਦਾਰੀ ਕੀਤੀ ਹੈ ਇੱਥੇ ਵੀ ਕਰਨੀ ਹੈ। ਕਿਸੇ ਦਾ ਰੋਹਬ ਝੱਲਣ ਦੀ ਲੋੜ ਨਹੀਂ। ਜੇ ਕੋਈ ਉੱਚਾ ਸਾਹ ਵੀ ਕੱਢੇ, ਤਾਂ ਮੈਨੂੰ ਦੱਸੀਂ, ਸਾਰੇ ਟੱਬਰ ਨੂੰ ਪੁੱਠਾ ਟੰਗ ਦੇਊਂ।”
ਮਹਿਤਾਬ ਆਪਣੇ ਸੱਸ ਸਹੁਰੇ ਨੂੰ ਟਿੱਚ ਕਰਕੇ ਜਾਣਦੀ। ਰਾਜਵੀਰ ਦਾ ਬਾਪ ਖਿਝਿਆ ਹੋਇਆ ਉਸਨੂੰ ਮਿਹਣੇ ਦਿੰਦਾ, “ਲਾ ਲਿਆ ਸਟੇਟਸਾਂ ਆਲਿਆਂ ਨਾਲ ਮੱਥਾ, ਤੇਰੀ ਘਰਵਾਲੀ ਤਾਂ ਭਾਈ ਸਾਨੂੰ ਬੰਦੇ ਹੀ ਨਹੀਂ ਸਮਝਦੀ, ਇਹ ਸਾਨੂੰ ਰੋਟੀ ਕਿੱਥੇ ਦੇ ਦੂ। ਬੱਸ ਤੂੰ ਆਪਣਾ ਫਿਕਰ ਕਰ ਜੁਆਨਾ।”
ਹੁਣ ਰਾਜਵੀਰ ਤਕੜੇ ਖ਼ਾਨਦਾਨ ਨਾਲ ਰਿਸ਼ਤਾ ਕਰਕੇ ਕਸੂਤਾ ਫਸਿਆ ਮਹਿਸੂਸ ਕਰ ਰਿਹਾ ਸੀ।
ਇਹਨਾਂ ਸੋਚਾਂ ਵਿੱਚ ਘਿਰੇ ਰਾਜਵੀਰ ਨੂੰ ਪੀਅਨ ਨੇ ਆ ਕੇ ਨਵੀਂ ਮੈਡਮ ਦੇ ਦਫ਼ਤਰ ਵਿੱਚ ਜਾਣ ਦਾ ਹੁਕਮ ਸੁਣਾ ਕੇ ਹੋਰ ਵੀ ਦੁਚਿੱਤੀ ਵਿੱਚ ਪਾ ਦਿੱਤਾ। ਉਹ ਸੋਚਣ ਲੱਗਾ ਕਿ ਹੁਣ ਨਵਕਿਰਨ ਉਸਦੀ ਰੱਜ ਕੇ ਬੇਇੱਜ਼ਤੀ ਕਰੇਗੀ ਅਤੇ ਗਿਣ ਗਿਣ ਕੇ ਬਦਲੇ ਲਵੇਗੀ। ਉਸਨੇ ਕੰਬਦੇ ਹੱਥਾਂ ਨਾਲ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਚਲਾ ਗਿਆ।
ਨਵਕਿਰਨ ਕਿਸੇ ਫਾਇਲ ਵਿੱਚ ਰੁੱਝੀ ਹੋਈ ਸੀ, ਇਸ ਲਈ ਉਸਨੇ ਉਸ ਨੂੰ ਬੈਠਣ ਦਾ ਇਸ਼ਾਰਾ ਕੀਤਾ। ਕੁਝ ਸਮੇਂ ਬਾਅਦ ਉਸਨੇ ਬੜੀ ਹਲੀਮੀ ਨਾਲ ਗੱਲ ਸ਼ੁਰੂ ਕੀਤੀ, “ਰਾਜਵੀਰ ਜੀ, ਮੈਂ ਤੁਹਾਨੂੰ ਇੱਥੇ ਕੁਝ ਸੁਣਾਉਣ ਜਾਂ ਕੋਈ ਪੁਰਾਣਾ ਬਦਲਾ ਲੈਣ ਲਈ ਨਹੀਂ ਬੁਲਾਇਆ, ਬਲਕਿ ਮੈਂ ਤਾਂ ਤੁਹਾਡਾ ਤਹਿ-ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਜੇ ਤੁਸੀਂ ਉਸ ਦਿਨ ਰਿਸ਼ਤੇ ਤੋਂ ਇਨਕਾਰ ਨਾ ਕਰਦੇ ਤਾਂ ਸ਼ਾਇਦ ਅੱਜ ਮੈਂ ਤੁਹਾਡੇ ਘਰ ਰੋਟੀ ਪਕਾਉਣ, ਭਾਂਡੇ ਮਾਂਜਣ ਜਾਂ ਹੋਰ ਘਰੇਲੂ ਕੰਮਾਂ ਤੱਕ ਹੀ ਸੀਮਿਤ ਹੋ ਜਾਂਦੀ। ਮੇਰੀ ਇਸ ਸਮਾਜ ਵਿੱਚ ਆਪਣੀ ਕੋਈ ਪਹਿਚਾਣ ਨਾ ਹੁੰਦੀ। ਸਾਰੇ ਮੈਨੂੰ ਰਾਜਵੀਰ ਦੀ ਪਤਨੀ ਦੇ ਤੌਰ ’ਤੇ ਹੀ ਜਾਣਦੇ। ਸ਼ਾਇਦ ਤੁਹਾਡੀ ਸੋਚ ਮੁਤਾਬਿਕ ਇੱਕ ਟੈਂਪੂ ਵਾਲੇ ਦੀ ਧੀ ਹੋਣ ਕਰਕੇ ਤੁਹਾਡੇ ਘਰ ਵਿੱਚ ਮੈਨੂੰ ਬਣਦਾ ਮਾਣ-ਸਤਿਕਾਰ ਨਾ ਮਿਲਦਾ, ਜਾਂ ਹੋ ਸਕਦਾ ਹੈ ਹਰੇਕ ਦਿਨ ਤਾਹਨਿਆਂ ਅਤੇ ਮਿਹਣਿਆਂ ਨਾਲ ਭਰਪੂਰ ਹੁੰਦਾ। ਪਰ ਤੁਹਾਡੀ ਇੱਕ ਠੋਕਰ ਨੇ ਮੈਨੂੰ ਆਪਣੇ ਆਪ ਨਾਲ ਜਾਣੂ ਕਰਵਾਇਆ ਅਤੇ ਮੈਂ ਆਪਣੀ ਅਸੀਮ ਸ਼ਕਤੀ ਨੂੰ ਪਹਿਚਾਣਿਆ। ਹਾਂ! ਪਰ ਇੱਕ ਗੱਲ ਯਾਦ ਰੱਖਿਓ ਕਿ ਸੰਸਕਾਰ ਪੈਸੇ ਜਾਂ ਸਟੇਟਸ ਨਾਲ ਨਹੀਂ ਬਲਕਿ ਸੁਚੱਜੀ ਪ੍ਰਵਰਿਸ਼ ਨਾਲ ਬਣਦੇ ਨੇ। ਅੱਜ ਵੀ ਮੈਨੂੰ ਇਹ ਕਹਿਣ ਵਿੱਚ ਕੋਈ ਸ਼ਰਮ ਨਹੀਂ ਕਿ ਮੈਂ ਇੱਕ ਟੈਂਪੂ ਵਾਲੇ ਦੀ ਧੀ ਹਾਂ। ਕਦੇ ਵੀ ਆਪਣੇ ਆਪ ’ਤੇ ਗਰੂਰ ਨਾ ਕਰੋ, ਕਿਉਂਕਿ ਸਮਾਂ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ।” ਇੰਨਾ ਕਹਿ ਕੇ ਨਵਕਿਰਨ ਖ਼ਾਮੋਸ ਹੋ ਗਈ।
ਰਾਜਵੀਰ ਦਫਤਰ ਵਿੱਚੋਂ ਬਾਹਰ ਜਾਂਦਾ ਹੋਇਆ ਬਦਲੇ ਹੋਏ ਸਮੇਂ ਦੇ ਸੰਦਰਭ ਵਿੱਚ ਇੱਕ ਥਾਣੇਦਾਰ ਦੀ ਧੀ ਅਤੇ ਇੱਕ ਟੈਂਪੂ ਵਾਲੇ ਦੀ ਧੀ ਦੇ ਸੰਸਕਾਰਾਂ ਵਿੱਚ ਜ਼ਮੀਨ ਆਸਮਾਨ ਦਾ ਅੰਤਰ ਮਹਿਸੂਸ ਕਰ ਰਿਹਾ ਸੀ। ਅਤੇ ਚਮਕਦੇ ਪੱਥਰ ਇਕੱਠੇ ਕਰਨ ਦੀ ਹੋੜ ਵਿੱਚ ਇੱਕ ਹੀਰੇ ਨੂੰ ਗਵਾਉਣ ਦਾ ਪਛਤਾਵਾ ਉਸ ਨੂੰ ਧੁਰ ਅੰਦਰੋਂ ਝੰਜੋੜ ਰਿਹਾ ਸੀ।
*****
(922)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)