“ਅੱਗੇ ਤੋਂ ਮੈਂ ਤਾਸ਼ ਵਾਲੀ ਢਾਣੀ ਦੇ ਨੇੜੇ-ਤੇੜੇ ਵੀ ਨਹੀਂ ਢੁੱਕਾਂਗਾ। ਕਿਉਂਕਿ ਇਸ ਬਾਲੜੀ ...”
(5 ਸਤੰਬਰ 2019)
ਅੱਜ ਅਧਿਆਪਕ ਦਿਵਸ ਉੱਤੇ ਵਿਸ਼ੇਸ਼
ਅਧਿਆਪਕ ਦਿਵਸ ਹਰ ਸਾਲ 5 ਸਤੰਬਰ ਨੂੰ ਪੂਰੇ ਭਾਰਤ ਦੇਸ਼ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇਸਦਾ ਸਬੰਧ ਇੱਕ ਮਹਾਨ ਸ਼ਖਸੀਅਤ ਡਾ.ਸਰਵਪਲੀ ਰਾਧਾਕ੍ਰਿਸ਼ਨਨ ਨਾਲ ਹੈ ਜੋ ਕਿ ਵਿਲੱਖਣ ਪ੍ਰਤਿਭਾ ਦੇ ਧਨੀ ਸਨ। ਭਾਰਤ ਨੂੰ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਬੁਲੰਦੀਆਂ ਉੱਤੇ ਲਿਜਾਣ ਵਾਲੇ ਇਸ ਮਹਾਨ ਅਧਿਆਪਕ ਦਾ ਜਨਮ 5 ਸਤੰਬਰ 1888 ਨੂੰ ਤਾਮਿਲਨਾਡੂ ਦੇ ਤਿਰੂਤਨੀ ਕਸਬੇ ਵਿੱਚ ਹੋਇਆ। ਸਭ ਤੋਂ ਪਹਿਲਾਂ ਉਹਨਾਂ ਨੇ ਮਦਰਾਸ ਪ੍ਰੈਜ਼ੀਡੈਂਸੀ ਕਾਲਜ ਵਿੱਚ ਪੜ੍ਹਾਇਆ। ਆਪਣੀ ਵਿਲੱਖਣ ਸ਼ਖਸੀਅਤ ਅਤੇ ਵਿਦਵਤਾ ਕਾਰਣ ਉਹਨਾਂ ਨੂੰ ਦੇਸ਼ ਦੀਆਂ ਤਿੰਨ ਪ੍ਰਸਿੱਧ ਯੂਨੀਵਰਸਿਟੀਆਂ ਦੇ ਚਾਂਸਲਰ ਬਣਨ ਦਾ ਮੌਕਾ ਮਿਲਿਆ। ਉਹ 1952 ਵਿੱਚ ਸੋਵੀਅਤ ਸੰਘ ਦੇ ਵਿਸ਼ੇਸ਼ ਰਾਜਦੂਤ ਬਣੇ ਅਤੇ ਦੇਸ਼ ਦੇ ਪਹਿਲੇ ਉਪ ਰਾਸ਼ਟਰਪਤੀ ਬਣਨ ਦਾ ਮਾਣ ਪ੍ਰਾਪਤ ਕੀਤਾ। 1954 ਵਿੱਚ ਆਪ ਨੂੰ ਭਾਰਤ ਸਰਕਾਰ ਨੇ ਭਾਰਤ ਰਤਨ ਦੀ ਸਰਬਉੱਚ ਉਪਾਧੀ ਦੇ ਕੇ ਸਨਮਾਨਿਤ ਕੀਤਾ। 1962 ਵਿੱਚ ਇਸ ਮਹਾਨ ਅਧਿਆਪਕ ਨੇ ਦੇਸ਼ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ।
ਡਾ. ਰਾਧਾਕ੍ਰਿਸ਼ਨਨ ਦਾ ਮੰਨਣਾ ਸੀ ਕਿ ਅਧਿਆਪਕ ਦਾ ਪੜ੍ਹਾਉਣ ਦਾ ਤਰੀਕਾ ਇਹ ਨਾ ਹੋਵੇ ਕਿ ਲੈਕਚਰ ਦਿੱਤਾ ਅਤੇ ਕੰਮ ਖਤਮ। ਜਦੋਂ ਤੱਕ ਵਿਦਿਆਰਥੀ, ਅਧਿਆਪਕ ਦੁਆਰਾ ਪੜ੍ਹਾਏ ਜਾ ਰਹੇ ਵਿਸ਼ੇ ਵਿੱਚ ਸ਼ਾਮਿਲ ਨਹੀਂ ਹੁੰਦੇ, ਇਸਦਾ ਕੋਈ ਲਾਭ ਨਹੀਂ। ਕਲਾਸ ਵਿੱਚ ਅਧਿਆਪਕ ਅਤੇ ਵਿਦਿਆਰਥੀ ਇੱਕ ਦੂਜੇ ਤੋਂ ਜ਼ਿਆਦਾ ਤੋਂ ਜ਼ਿਆਦਾ ਪ੍ਰਸ਼ਨ ਪੁੱਛਣ, ਵਿਚਾਰਾਂ ਦਾ ਆਦਾਨ ਪ੍ਰਦਾਨ ਹੋਵੇ। ਇਹ ਨਾ ਹੋਵੇ ਕਿ ਅਧਿਆਪਕ ਟੇਪ ਰਿਕਾਰਡਰ ਦੀ ਤਰ੍ਹਾਂ ਲਗਾਤਾਰ ਬੋਲ ਰਿਹਾ ਹੈ ਅਤੇ ਵਿਦਿਆਰਥੀ ਬਿਨਾਂ ਕੋਈ ਰੁਚੀ ਦਿਖਾਏ ਸਿਰ ਸੁੱਟੀ ਸੁਣੀ ਜਾ ਰਹੇ ਹਨ। ਆਪਣੇ ਵਿਸ਼ੇ ਵਿੱਚ ਰੁਚੀ ਪੈਦਾ ਕਰਨਾ ਅਧਿਆਪਕ ਦਾ ਮੁੱਢਲਾ ਫਰਜ਼ ਹੈ। ਵਿਦਿਆਰਥੀ ਆਪਣੇ ਅਧਿਆਪਕ ਦੇ ਇੰਨੇ ਕੁ ਨੇੜੇ ਹੋਣ ਕਿ ਉਹ ਕੁਝ ਵੀ ਦੱਸਣ ਪੁੱਛਣ ਤੋਂ ਝਿਜਕ ਮਹਿਸੂਸ ਨਾ ਕਰਨ। ਉਹ ਕਹਿੰਦੇ ਸਨ ਕਿ ਸਿੱਖਿਆ ਇੱਕ ਅਜਿਹਾ ਜ਼ਰੀਆ ਹੈ ਜਿਸ ਦੁਆਰਾ ਸਾਡਾ ਦਿਮਾਗ ਰੌਸ਼ਨ ਹੁੰਦਾ ਹੈ ਅਤੇ ਜ਼ਿੰਦਗੀ ਵਿੱਚ ਅਨੁਸ਼ਾਸਨ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਪਰਿਭਾਸ਼ਾ ਸਮਝ ਆਉਂਦੀ ਹੈ।
ਡਾ. ਰਾਧਾਕ੍ਰਿਸ਼ਨਨ ਹਰੇਕ ਉਸ ਅਧਿਆਪਕ ਲਈ ਪ੍ਰੇਰਣਾ ਸ੍ਰੋਤ ਹਨ ਜੋ ਸਿੱਖਿਆ ਦੇ ਖੇਤਰ ਵਿੱਚ ਕੁਝ ਵਿਲੱਖਣ ਕਰਨ ਦਾ ਮਾਦਾ ਰੱਖਦਾ ਹੈ। ਅਸਲ ਵਿੱਚ ਅਧਿਆਪਕ ਹੀ ਕਿਸੇ ਦੇਸ਼ ਦੇ ਅਸਲੀ ਨਿਰਮਾਤਾ ਹੁੰਦੇ ਹਨ, ਕਿਉਂਕਿ ਅਧਿਆਪਨ ਇੱਕ ਅਜਿਹਾ ਕਿੱਤਾ ਹੈ ਜੋ ਵਿਦਿਆਰਥੀਆਂ ਨਾਲ ਜੁੜਿਆ ਹੁੰਦਾ ਹੈ। ਵਿਦਿਆਰਥੀ ਹੀ ਦੇਸ਼ ਦਾ ਭਵਿੱਖ ਤੈਅ ਕਰਦੇ ਹਨ। ਹਰੇਕ ਇਨਸਾਨ ਆਪਣੀ ਜ਼ਿੰਦਗੀ ਦੇ ਮੁੱਢਲੇ ਪੜਾਅ, ਜਿਸ ਨੂੰ ਬਚਪਨ ਕਹਿੰਦੇ ਹਨ, ਵਿੱਚ ਸਕੂਲ ਜ਼ਰੂਰ ਜਾਂਦਾ ਹੈ। ਇੱਥੋਂ ਹੀ ਉਸਦੀ ਸ਼ਖਸੀਅਤ ਦਾ ਮੁੱਢ ਬੱਝਦਾ ਹੈ। ਸਕੂਲ ਦੇ ਮਾਹੌਲ ਦੇ ਨਾਲ ਨਾਲ ਵਧੀਆ ਸੋਚ ਵਾਲੇ ਅਧਿਆਪਕਾਂ ਦਾ ਬੱਚਿਆਂ ਦੀ ਸ਼ਖਸੀਅਤ ਉੱਤੇ ਬੜਾ ਡੂੰਘਾ ਅਸਰ ਪੈਂਦਾ ਹੈ। ਮਾਂ ਤੋਂ ਬਾਅਦ ਮਨੁੱਖੀ ਵਿਕਾਸ ਵਿੱਚ ਸਕੂਲ ਅਧਿਆਪਕ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ। ਵਿੱਦਿਆ ਦਾ ਮੁੱਖ ਮੰਤਵ ਵਿਦਿਆਰਥੀ ਨੂੰ ਇੱਕ ਵਧੀਆ ਇਨਸਾਨ ਬਣਾਉਣਾ ਹੁੰਦਾ ਹੈ। ਕੇਵਲ ਇਮਤਿਹਾਨ ਪਾਸ ਕਰਨ ਨੂੰ ਹੀ ਵਿੱਦਿਆ ਪ੍ਰਾਪਤੀ ਨਹੀਂ ਮੰਨਣਾ ਚਾਹੀਦਾ। ਇੱਕ ਅਧਿਆਪਕ ਦਾ ਇਹ ਮੁੱਢਲਾ ਫਰਜ਼ ਹੈ ਕਿ ਉਹ ਬੱਚਿਆਂ ਨੂੰ ਵਹਿਮਾਂ-ਭਰਮਾਂ ਅਤੇ ਕੁਰੀਤੀਆਂ ਤੋਂ ਸੁਚੇਤ ਕਰੇ ਅਤੇ ਉਹਨਾਂ ਵਿੱਚ ਸੁਚੱਜਾ ਜੀਵਨ ਜਿਊਣ ਲਈ ਨਰੋਈ ਅਤੇ ਉਸਾਰੂ ਸੋਚ ਨੂੰ ਉਤਸ਼ਾਹਿਤ ਕਰੇ।
ਇੱਕ ਆਦਰਸ਼ਕ ਅਧਿਆਪਕ ਦੇ ਵਿਚਾਰ ਅਤੇ ਸ਼ਬਦ ਸਾਰੀ ਜ਼ਿੰਦਗੀ ਵਿਦਿਆਰਥੀਆਂ ਦੇ ਕੰਨਾਂ ਵਿੱਚ ਗੂੰਜਦੇ ਰਹਿੰਦੇ ਹਨ। ਜਿੰਨਾ ਵਿਦਿਆਰਥੀ ਖੁਸ਼ ਹੋ ਕੇ ਸਿੱਖਦੇ ਹਨ, ਉੰਨਾ ਉਹ ਡਰ ਨਾਲ ਜਾਂ ਅਸਖਤੀ ਨਾਲ ਨਹੀਂ ਸਿੱਖਦੇ। “ਵਿਦਿਆਰਥੀਆਂ ਵਿੱਚ ਸੁਆਦੀ ਮੁਕਾਬਲੇ ਦੀ ਲਗਨ ਪੈਦਾ ਕਰੋ।” ਉਹ ਬੜਾ ਕੁਝ ਕਰ ਜਾਣਗੇ। ਇਹ ਅਜ਼ਮਾਈ ਹੋਈ ਗੱਲ ਹੈ।
ਅਕਸਰ ਦੋ ਤਰ੍ਹਾਂ ਦੇ ਅਧਿਆਪਕਾਂ ਨੂੰ ਹੀ ਵਿਦਿਆਰਥੀ ਯਾਦ ਰੱਖਦੇ ਹਨ। ਇੱਕ ਉਹ ਜਿਨ੍ਹਾਂ ਨੇ ਬਹੁਤ ਵਧੀਆ ਪੜ੍ਹਾਉਂਦੇ ਹੋਏ ਨਾਲ ਹੀ ਜ਼ਿੰਦਗੀ ਜੀਉਣ ਦਾ ਸਲੀਕਾ ਵੀ ਸਿਖਾਇਆ ਹੋਵੇ ਅਤੇ ਦੂਜੇ ਉਹ ਜਿਹਨਾਂ ਨੇ ਸਿਰਫ ਟਾਇਮ ਪਾਸ ਕਰਦੇ ਹੋਏ ਪੜ੍ਹਾਈ ਨੂੰ ਹੋਰ ਵੀ ਬੋਝਲ ਬਣਾਇਆ ਹੋਵੇ। ਅੱਜ ਤੋਂ 28 ਸਾਲ ਪਹਿਲਾਂ, ਜਦੋਂ ਮੈਂ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਤੀਜੀ ਦੀ ਵਿਦਿਆਰਥਣ ਸਾਂ, ਇੱਕ ਦਿਨ ਸਾਡੇ ਮਾਸਟਰ ਜੀ, ਜੋ ਸਾਡੇ ਪਿੰਡ ਦੇ ਹੀ ਵਸਨੀਕ ਸਨ, ਸਵੇਰੇ ਪ੍ਰਾਰਥਨਾ ਵਿੱਚ ਅਚਾਨਕ ਇੱਕ ਗੱਲ ਸੁਣਾਉਣ ਲੱਗ ਪਏ। ਉਹ ਕਹਿਣ ਲੱਗੇ, “ਕੱਲ ਸ਼ਾਮੀ ਇੱਕ ਪੰਜਵੀਂ ਜਮਾਤ ਦੀ ਵਿਦਿਆਰਥਣ ਨੇ ਮੈਂਨੂੰ ਇੱਕ ਸਵਾਲ ਪੁੱਛਿਆ ਸੀ ਕਿ ਮਾਸਟਰ ਜੀ ਤੁਹਾਨੂੰ ਵੀ ਤਾਸ਼ ਖੇਡਣੀ ਆਉਂਦੀ ਹੈ? ਉਸ ਦੇ ਸਵਾਲ ਪੁੱਛਣ ਦਾ ਕਾਰਣ ਇਹ ਸੀ ਕਿ ਉਸਨੇ ਮੈਂਨੂੰ ਕੱਲ੍ਹ ਸ਼ਾਮੀ ਸੱਥ ਵਿੱਚ ਬਰੋਟੇ ਥੱਲੇ ਤਾਸ਼ ਖੇਡਦੀ ਢਾਣੀ ਕੋਲ ਬੈਠਿਆਂ ਦੇਖ ਲਿਆ ਸੀ। ਪਰ ਮੈਂ ਉਸ ਨੂੰ ਕੋਈ ਵੀ ਉੱਤਰ ਨਹੀਂ ਸੀ ਦਿੱਤਾ, ਕਿਉਂਕਿ ਇਸ ਗੰਭੀਰ ਪ੍ਰਸ਼ਨ ਦਾ ਉੱਤਰ ਮੈਂ ਸਾਰੇ ਸਕੂਲ ਸਾਹਮਣੇ ਦੇਣਾ ਚਾਹੁੰਦਾ ਸੀ। ਸੋ ਇਸ ਪ੍ਰਸ਼ਨ ਦਾ ਉੱਤਰ ਇਹ ਹੈ ਕਿ ਮੈਂਨੂੰ ਤਾਸ਼ ਖੇਡਣੀ ਨਹੀਂ ਆਉਂਦੀ। ਅਤੇ ਨਾਲ ਹੀ ਮੈਂ ਸਾਰੇ ਸਕੂਲ ਸਾਹਮਣੇ ਇਹ ਪ੍ਰਣ ਲੈਂਦਾ ਹਾਂ ਕਿ ਅੱਗੇ ਤੋਂ ਮੈਂ ਤਾਸ਼ ਵਾਲੀ ਢਾਣੀ ਦੇ ਨੇੜੇ-ਤੇੜੇ ਵੀ ਨਹੀਂ ਢੁੱਕਾਂਗਾ। ਕਿਉਂਕਿ ਇਸ ਬਾਲੜੀ ਦੇ ਸਹਿਜ ਸੁਭਾ ਪੁੱਛੇ ਸਵਾਲ ਨੇ ਮੇਰੀ ਆਤਮਾ ਨੂੰ ਝੰਜੋੜਿਆ ਹੈ ਅਤੇ ਮੈਂਨੂੰ ਸ਼ਰਮ ਮਹਿਸੂਸ ਹੋਈ ਹੈ।” ਇੰਨਾ ਕਹਿ ਕੇ ਮਾਸਟਰ ਜੀ ਖ਼ਾਮੋਸ਼ ਹੋ ਗਏ। ਉਦੋਂ ਮੇਰੇ ਬਾਲ ਮਨ ਨੇ ਸੋਚਿਆ ਕਿ ਮਾਸਟਰ ਜੀ ਇੱਕ ਤਾਸ਼ ਖੇਡਣ ਦੀ ਗੱਲ ਨੂੰ ਇੰਨਾ ਦਿਲ ਉੱਤੇ ਕਿਉਂ ਲਾ ਗਏ ਅਤੇ ਇੰਨੇ ਭਾਵੁਕ ਕਿਉਂ ਹੋ ਗਏ? ਕੀ ਇੱਕ ਅਧਿਆਪਕ ਵਾਸਤੇ ਤਾਸ਼ ਖੇਡਣਾ ਗੁਨਾਹ ਹੈ? ਕਈ ਦਿਨ ਮੈਂ ਇਸ ਗੱਲ ਵਾਰੇ ਸੋਚਦੀ ਰਹੀ।
ਦੂਜੀ ਘਟਨਾ ਮੌਜੂਦਾ ਦੌਰ ਦੀ ਹੈ। ਮੈਂ ਆਪਣੇ 4 ਸਾਲ ਦੇ ਪੁੱਤਰ ਨੂੰ ਵਾਰ ਵਾਰ ਵਧੇ ਹੋਏ ਨਹੁੰ ਕਟਵਾਉਣ ਲਈ ਕਹਿ ਰਹੀ ਸੀ ਪਰ ਉਹ ਖੇਡਣ ਵਿੱਚ ਮਸਤ ਸੀ। ਮੈਂ ਉਸ ਨੂੰ ਵਧੇ ਹੋਏ ਨਹੁੰਆਂ ਦੇ ਨੁਕਸਾਨਾਂ ਬਾਰੇ ਦੱਸ ਰਹੀ ਸੀ ਕਿ ਵਧੇ ਹੋਏ ਨਹੁੰਆਂ ਵਿੱਚ ਗੰਦਗੀ ਫਸ ਜਾਂਦੀ ਹੈ ਅਤੇ ਰੋਟੀ ਖਾਂਦੇ ਹੋਏ ਸਾਡੇ ਹੱਥਾਂ ਰਾਹੀਂ ਸਾਡੇ ਪੇਟ ਵਿੱਚ ਚਲੀ ਜਾਂਦੀ ਹੈ ਜਿਸ ਕਾਰਣ ਅਸੀਂ ਬਿਮਾਰ ਹੋ ਸਕਦੇ ਹਾਂ। ਇਸ ਲਈ ਇਹ ਕੱਟਣੇ ਜ਼ਰੂਰੀ ਹਨ। ਉਹ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਰਿਹਾ ਸੀ। ਉਸਨੇ ਵਿੱਚੋਂ ਹੀ ਟੋਕ ਕੇ ਮੈਂਨੂੰ ਕਿਹਾ, “ਮੈਂਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਜੇ ਵਧੇ ਹੋਏ ਨਹੁੰਆਂ ਕਰਕੇ ਅਸੀਂ ਬਿਮਾਰ ਹੋ ਸਕਦੇ ਤਾਂ ਸਾਡੇ ਮੈਡਮ ਕਿਉਂ ਇੰਨੇ ਵੱਡੇ ਨਹੁੰ ਵਧਾ ਕੇ ਰੱਖਦੇ ਹਨ। ਕੀ ਉਹਨਾਂ ਨੂੰ ਇਸ ਗੱਲ ਪਤਾ ਨਹੀਂ? ਸਾਡੇ ਸਭ ਦੇ ਉਹ ਰੋਜ਼ ਨਹੁੰ ਚੈੱਕ ਕਰਦੇ ਹਨ ਆਪ ਆਪਣੇ ਨਹੁੰ ਉਹ ਕੱਟਦੇ ਨਹੀਂ।” ਮੈਂ ਹੈਰਾਨ ਹੋ ਕੇ ਉਸਦਾ ਮੂੰਹ ਤੱਕਣ ਲੱਗੀ ਅਤੇ ਉਹ ਆਪਣੀ ਖੇਡ ਵਿੱਚ ਮਸਤ ਹੋ ਗਿਆ।
ਅੱਜ ਮੈਂਨੂੰ ਮਾਸਟਰ ਜੀ ਦੀ ਗੱਲ ਪੂਰੀ ਤਰ੍ਹਾਂ ਨਾਲ ਸਮਝ ਆ ਗਈ ਕਿ ਉਸ ਅਧਿਆਪਕ ਸੀ ਸੋਚ ਕਿੰਨੀ ਉੱਚੀ ਸੀ ਕਿ ਉਹ ਛੋਟੇ ਵਿਦਿਆਰਥੀਆਂ ਵਿੱਚ ਵੀ ਆਪਣੀ ਸਾਖ ਨੂੰ ਲੈ ਕੇ ਇੰਨਾ ਕੁ ਸੰਜ਼ੀਦਾ ਸੀ ਕਿ ਉਹ ਮੰਨਦਾ ਸੀ ਕਿ ਇੱਕ ਤਾਸ਼ ਖੇਡਣਾ ਵੀ ਉਸਦੀ ਸ਼ਖਸੀਅਤ ਨੂੰ ਉਸਦੇ ਵਿਦਿਆਰਥੀਆਂ ਵਿੱਚ ਕਾਣਾ ਕਰ ਸਕਦਾ ਸੀ ਅਤੇ ਉਸਦੇ ਅਕਸ ਨੂੰ ਢਾਹ ਲਾ ਸਕਦਾ ਸੀ। ਖੁਦ ਇੱਕ ਅਧਿਆਪਕ ਹੋਣ ਦੇ ਨਾਤੇ ਮੈਂ ਇਹ ਮੰਨਦੀ ਹਾਂ ਕਿ ਅਧਿਆਪਕ ਦੀ ਸ਼ਖਸੀਅਤ ਦਾ ਵਿਦਿਆਰਥੀਆਂ ਉੱਤੇ ਕਿੰਨਾ ਡੂੰਘਾ ਅਸਰ ਪੈਂਦਾ ਹੈ। ਉਹ ਬੱਚਿਆਂ ਦਾ ਪ੍ਰੇਰਨਾ ਸਰੋਤ ਹੁੰਦਾ ਹੈ। ਅਧਿਆਪਕ ਦੀ ਨਿੱਜੀ ਜ਼ਿੰਦਗੀ ਵੀ ਉਸਦੇ ਅਧਿਆਪਨ ਨਾਲ ਆ ਜੁੜਦੀ ਹੈ।
ਆਓ ਸਾਰੇ ਰਲ ਕੇ ਆਪਣੇ ਫਰਜ਼ਾਂ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਅਧਿਆਪਨ ਕਿੱਤੇ ਨੂੰ ਸਮਰਪਿਤ ਹੁੰਦੇ ਹੋਏ ਇਸ ਪਵਿੱਤਰ ਕਾਰਜ ਵਿੱਚ ਆਪਣੀ ਪੂਰੀ ਮਿਹਨਤ ਝੋਕ ਦੇਈਏ, ਕਿਉਂਕਿ ਪਰਮਾਤਮਾ ਨੇ ਇਸ ਨੇਕ ਕਾਰਜ ਲਈ ਸਾਨੂੰ ਚੁਣਿਆ ਹੈ। ਅਤੇ ਸਾਡੇ ਜ਼ਿੰਮੇ ਇੱਕ ਆਦਰਸ਼ ਸਮਾਜ ਲਈ ਉਸਾਰੂ ਸੋਚ ਵਾਲੇ ਨਾਗਰਿਕ ਪੈਦਾ ਕਰਨ ਦੀ ਜ਼ਿੰਮੇਵਾਰੀ ਲਗਾਈ ਹੈ। ਸਾਡੇ ਹੱਥਾਂ ਵਿੱਚ ਸਾਡੇ ਦੇਸ਼ ਦਾ ਭਵਿੱਖ ਹੈ। ਆਪਣੇ ਇਸ ਕਾਰਜ ਨੂੰ ਅਸੀਂ ਇੰਨੀ ਸ਼ਿੱਦਤ ਨਾਲ ਨਿਭਾਈਏ ਕਿ ਸਾਨੂੰ ਆਪਣੇ ਅਧਿਆਪਕ ਹੋਣ ਉੱਤੇ ਮਾਣ ਮਹਿਸੂਸ ਹੋਵੇ। ਵਿਦਿਆਰਥੀ ਸਾਨੂੰ ਇੱਕ ਵਧੀਆ ਅਧਿਆਪਕ ਦੇ ਤੌਰ ਉੱਤੇ ਯਾਦ ਰੱਖਣ, ਨਾ ਕੇ ਸਾਰੀ ਜ਼ਿੰਦਗੀ ਕੋਸਦੇ ਰਹਿਣ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1724)
(ਸਰੋਕਾਰ ਨਾਲ ਸੰਪਰਕ ਲਈ: