ManpreetKminhas8ਦਿਲ ਨੂੰ ਡੂੰਘੀ ਠੇਸ ਪੁੱਜੀ ਅਤੇ ਮੈਨੂੰ ਆਪਣਾ ਸੁਪਨਾ ਚੂਰ-ਚੂਰ ਹੁੰਦਾ ...
(1 ਫਰਬਰੀ 2018)

 

ਅੱਜ ਤੋਂ 25-26 ਬਾਈ ਵਰ੍ਹੇ ਪਹਿਲਾਂ ਦੀ ਗੱਲ ਹੈ, ਜਦੋਂ ਮੈਂ ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੰਜਵੀਂ ਕਲਾਸ ਦੀ ਵਿਦਿਆਰਥਣ ਸਾਂ। ਉਦੋਂ ਪੰਜਵੀਂ ਕਲਾਸ ਬੋਰਡ ਦੀ ਹੁੰਦੀ ਸੀ। ਪਿੰਡ ਦੇ ਸਾਰੇ ਬੱਚੇ ਹੀ ਸਰਕਾਰੀ ਸਕੂਲ ਵਿੱਚ ਪੜ੍ਹਦੇ ਸਨ। ਬਚਪਨ ਤੋਂ ਹੀ ਪੜ੍ਹਾਈ ਵਿੱਚ ਵਿਸ਼ੇਸ਼ ਰੁਚੀ ਸੀ। ਸਾਡੇ ਸਕੂਲ ਦੇ ਦੋਨੋਂ ਅਧਿਆਪਕ, ਸਵ. ਮਾਸਟਰ ਭਾਗ ਸਿੰਘ ਅਤੇ ਮੈਡਮ ਰਜਿੰਦਰ ਕੌਰ ਬਹੁਤ ਮਿਹਨਤੀ ਅਤੇ ਜੀ ਜਾਨ ਨਾਲ ਆਪਣੇ ਕਿੱਤੇ ਨੂੰ ਸਮਰਪਿਤ ਸਨ। ਇੱਕ ਦਿਨ ਸਾਡੇ ਮੈਡਮ ਰਜਿੰਦਰ ਨੇ ਸਹਿਜ ਸੁਭਾ ਹੀ ਆਖ ਦਿੱਤਾ, “ਬੱਚਿਓ, ਮੇਰੀ ਇਹ ਦਿਲੀ ਇੱਛਾ ਹੈ ਕਿ ਆਪਣੇ ਸਕੂਲ ਦਾ ਕੋਈ ਵਿਦਿਆਰਥੀ ਇਸ ਵਾਰ ਆਪਣੇ ਬਲਾਕ ਵਿੱਚੋਂ ਪਹਿਲੀ ਪੁਜ਼ੀਸ਼ਨ ਹਾਸਿਲ ਕਰੇ ਕਿਉਂਕਿ ਤੁਹਾਡੀ ਸਾਰੀ ਕਲਾਸ ਬੜੀ ਮਿਹਨਤੀ ਹੈ। ਪਰ ਇਹ ਮੁਕਾਮ ਹਾਸਿਲ ਕਰਨ ਲਈ ਬਹੁਤ ਮਿਹਨਤ, ਲਗਨ, ਹੌਸਲੇ ਅਤੇ ਸਭ ਤੋਂ ਜ਼ਰੂਰੀ ਸਵੈ-ਵਿਸ਼ਵਾਸ ਦੀ ਲੋੜ ਹੋਵੇਗੀ ਕਿਉਂਕਿ ਇਸ ਸਖਤ ਮੁਕਾਬਲੇ ਵਿੱਚ ਸਕੂਲਾਂ ਦੀ ਗਿਣਤੀ ਕਾਫੀ ਜ਼ਿਆਦਾ ਹੋਵੇਗੀ ਕਿਉਂ ਜੋ ਪਰਾਈਵੇਟ ਸਕੂਲ ਵੀ ਇਸ ਵਿੱਚ ਸ਼ਾਮਿਲ ਹੋਣਗੇ

ਮੈਂ ਉਸੇ ਦਿਨ ਮਨ ਵਿੱਚ ਧਾਰ ਲਿਆ ਕਿ ਆਪਣੇ ਮੈਡਮ ਦੀ ਇਹ ਇੱਛਾ ਜਰੂਰ ਪੂਰੀ ਕਰਨੀ ਹੈ। ਇਸ ਲਈ ਮੈਂ ਦਿਨ ਰਾਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਰਾਤ ਨੂੰ ਵੀ ਵੱਡੀ ਭੈਣ ਦੇ ਬਰਾਬਰ ਬੈਠ ਕੇ ਪੜ੍ਹਨਾ ਜੋ ਉਸ ਵਕਤ +2 ਵਿੱਚ ਸਨ। ਉਸ ਨੇ ਕਹਿਣਾ, “ਤੂੰ ਸੌਂ ਜਾ, ਛੋਟੀ ਜਿਹੀ ਕਲਾਸ ਹੈ ਤੇਰੀ, ਤੂੰ ਉਂਜ ਹੀ ਏਨੀ ਰਾਤ ਤੱਕ ਪੜ੍ਹਦੀ ਰਹਿੰਨੀ ਏਂ।”

ਮੈਂ ਕਹਿਣਾ, “ਜਦੋਂ ਤੱਕ ਤੁਸੀਂ ਪੜ੍ਹੋਗੇ ਤੁਹਾਡੇ ਬਰਾਬਰ ਬੈਠ ਕੇ ਮੈਂ ਵੀ ਪੜਾਂਗੀ ਨਰਿੰਦਰ ਸਿੰਘ ਕਪੂਰ ਦੇ ਕਥਨ ਅਨੁਸਾਰ ‘ਵਿਦਿਆਰਥੀਆਂ ਵਿੱਚ ਸੁਆਦੀ ਮੁਕਾਬਲੇ ਦੀ ਸਪਿਰਟ ਪੈਦਾ ਕਰੋ, ਉਹ ਬੜਾ ਕੁਝ ਕਰ ਜਾਣਗੇ।’

ਇਸ ਮੁਕਾਬਲੇ ਨੇ ਮੇਰੇ ਅੰਦਰ ਅਲੱਗ ਹੀ ਜੋਸ਼ ਪੈਦਾ ਕਰ ਦਿੱਤਾ। ਆਖਿਰ ਵਿੱਚ ਕਸੌਟੀ ’ਤੇ ਖਰਾ ਉਤਰਨ ਦਾ ਦਿਨ ਵੀ ਆ ਹੀ ਗਿਆ। ਸਾਡੇ ਪੰਜਵੀਂ ਕਲਾਸ ਦੇ ਬੋਰਡ ਦੇ ਪੇਪਰ ਸ਼ੁਰੂ ਹੋ ਗਏ ਅਤੇ ਪੇਪਰਾਂ ਦਾ ਸੈਂਟਰ ਗੁਆਂਢੀ ਪਿੰਡ ਦਾ ਸਕੂਲ ਬਣਿਆ। ਸਾਰੀ ਕਲਾਸ ਚਾਈਂ-ਚਾਈਂ ਪਹਿਲਾ ਪੇਪਰ ਦੇਣ ਗਈ। ਪੇਪਰ ਨੂੰ ਸ਼ੁਰੂ ਹੋਇਆਂ ਥੋੜ੍ਹਾ ਵਕਤ ਹੀ ਬੀਤਿਆ ਸੀ ਕਿ ਮੇਰੀਆ ਨਜ਼ਰਾਂ ਨੇ ਜੋ ਦੇਖਿਆ, ਉਸ ਨੇ ਮੈਨੂੰ ਸੁੰਨ ਜਿਹਾ ਕਰ ਦਿੱਤਾ। ਮੈ ਦੇਖਿਆ ਕਿ ਮੇਰੇ ਸਕੂਲ ਦੇ ਦੋ ਬੱਚਿਆਂ ਨੂੰ ਪਰਚੀਆਂ ਰਾਹੀਂ ਨਕਲ ਕਰਵਾਈ ਜਾ ਰਹੀ ਸੀ ਜਦ ਕਿ ਉਹ ਦੋਨੋਂ ਬੱਚੇ ਪੜ੍ਹਨ ਵਿੱਚ ਕਾਫੀ ਹੁਸ਼ਿਆਰ ਸਨ। ਇਸ ਦਾ ਕਾਰਣ ਇਹ ਸੀ ਕਿ ਉਹਨਾਂ ਦੋਨਾਂ ਦੇ ਮਾਪੇ ਅਧਿਆਪਕ ਸਨ। ਸਾਡੇ ਅਧਿਆਪਕਾਂ ਨੇ ਹਮੇਸ਼ਾ ਹੀ ਸਾਨੂੰ ਨਕਲ ਵਰਗੇ ਕੋਹੜ ਤੋਂ ਦੂਰ ਰਹਿਣਾ ਸਿਖਾਇਆ ਸੀ। ਇਸ ਵਰਤਾਰੇ ਨੇ ਮੇਰੇ ਬਾਲਮਨ ਨੂੰ ਹੈਰਾਨ ਅਤੇ ਪ੍ਰੇਸ਼ਾਨ ਕਰ ਦਿੱਤਾ ਦਿਲ ਨੂੰ ਡੂੰਘੀ ਠੇਸ ਪੁੱਜੀ ਅਤੇ ਮੈਨੂੰ ਆਪਣਾ ਸੁਪਨਾ ਚੂਰ-ਚੂਰ ਹੁੰਦਾ ਦਿਖਾਈ ਦੇਣ ਲੱਗਾ। ਬਚਪਨ ਤੋਂ ਹੀ ਰੱਬ ਤੇ ਬੜਾ ਵਿਸ਼ਵਾਸ ਸੀ। ਪੇਪਰ ਵਿਚ ਬੈਠੇ-ਬੈਠੇ ਹੀ ਅੰਤਰ-ਧਿਆਨ ਹੋ ਕੇ ਦਿਲੋਂ ਅਰਦਾਸ ਕੀਤੀ ਕਿ “ਹੇ ਸੱਚੇ ਪਾਤਸ਼ਾਹ! ਮੈ ਇਹ ਮੁਕਾਮ ਹਾਸਿਲ ਕਰਨ ਲਈ ਦਿਨ ਰਾਤ ਮਿਹਨਤ ਕੀਤੀ ਹੈ ਕਿਤੇ ਇਹ ਨਕਲ ਮੇਰੀ ਮਿਹਨਤ ’ਤੇ ਭਾਰੂ ਨਾ ਹੋ ਜਾਵੇ ਅਤੇ ਮੇਰੀ ਮਿਹਨਤ ਦਾ ਮੁੱਲ ਹੀ ਨਾ ਪਵੇ। ਆਪਣਾ ਮਿਹਰ ਭਰਿਆ ਹੱਥ ਮੇਰੇ ਸਿਰ ਤੇ ਰੱਖਣਾ” ਅਰਦਾਸ ਕਰਦੇ ਹੀ ਮੈਨੂੰ ਇੱਕ ਅਸੀਮ ਜਿਹੀ ਸ਼ਕਤੀ ਮਿਲ ਗਈ ਅਤੇ ਬਿਨਾਂ ਡਾਵਾਂਡੋਲ ਹੋਏ ਮੈਂ ਮੁੜ ਪੇਪਰ ਵਿੱਚ ਰੁੱਝ ਗਈ। ਇਸ ਤਰ੍ਹਾਂ ਸਾਰੇ ਪੇਪਰ ਮੁਕੰਮਲ ਹੋ ਗਏ।

ਇੰਤਜ਼ਾਰ ਦੀ ਘੜੀਆਂ ਖਤਮ ਹੋਈਆਂ ਅਤੇ ਸਾਡਾ ਨਤੀਜਾ ਵੀ ਆ ਗਿਆ। ਅਧਿਆਪਕਾਂ ਅਤੇ ਮਾਪਿਆਂ ਦੇ ਅਸ਼ੀਰਵਾਦ ਸਦਕਾ ਮੈਂ ਬਲਾਕ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਮੇਰੀ ਦੋਂਹ ਸਹੇਲੀਆਂ ਨੂੰ ਤੀਜਾ ਅਤੇ ਪੰਜਵਾਂ ਸਥਾਨ ਵੀ ਪ੍ਰਾਪਤ ਹੋਇਆ। ਨਿੱਕੀ ਉਮਰੇ ਪਹਿਲੀ ਵਾਰ ਅਖਬਾਰ ਵਿੱਚ ਛਪੀ ਆਪਣੀ ਫੋਟੋ ਦੇਖ ਕੇ ਚਾਅ ਹੀ ਬੜਾ ਚੜ੍ਹਿਆ।

ਸਾਡੇ ਸਕੂਲ ਵਿੱਚ ਨਿੱਕਾ ਜਿਹਾ ਫੰਕਸ਼ਨ ਆਯੋਜਿਤ ਕੀਤਾ ਗਿਆ ਅਤੇ ਡੀ.ਈ.ਓ ਸਰ ਨੇ ਉਚੇਚੇ ਤੌਰ ਤੇ ਆ ਕੇ ਸਾਨੂੰ ਸਨਮਾਨਿਤ ਕੀਤਾ ਉਸ ਦਿਨ ਜਦੋਂ ਮੈਂ ਆਪਣੀ ਵੱਡੀ ਭੈਣ ਦੀ ਲਿਖੀ ਕਵਿਤਾ ‘ਮੁੰਡਾ ਜੰਮੇ ਤਾਂ ਨਾਲ ਸ਼ਰਾਬਾਂ ਖੁਸ਼ੀ ਮਨਾਉਂਦੇ ਨੇਕੁੜੀ ਜੰਮੇ ਤਾਂ ਲੋਕੀ ਪੱਥਰ ਕਹਿ ਵਡਿਆਉਂਦੇ ਨੇ’ ਸਟੇਜ ’ਤੇ ਗਾਇਆ ਤਾਂ ਕਈਆਂ ਦੀਆਂ ਅੱਖਾਂ ਨਮ ਹੋ ਗਈਆਂ ਪਰ ਮਾਪਿਆ ਦੇ ਚਿਹਰਿਆਂ ’ਤੇ ਛਾਈ ਖੁਸ਼ੀ ਦੇਖ ਕੇ ਉਸ ਦਿਨ ਇੱਕ ਧੀ ਹੋਣ ’ਤੇ ਮਾਣ ਮਹਿਸੂਸ ਤਾਂ ਜ਼ਰੂਰ ਹੋਇਆ। ਅੱਜ ਵੀ ਮੇਰਾ ਉਹ ਇਨਾਮ ਘਰੇ ਸ਼ੋ-ਕੇਸ ਵਿੱਚ ਸੰਭਾਲਿਆ ਪਿਆ ਹੈ ਅਤੇ ਜਦੋਂ ਵੀ ਪੇਕੇ ਘਰ ਜਾਂਦੀ ਹਾਂ ਤਾਂ ਉਸ ਨੂੰ ਦੇਖ ਕੇ ਬਚਪਨ ਦੀਆਂ ਉਹ ਰੰਗਲੀਆਂ ਯਾਦਾਂ ਫਿਰ ਤੋਂ ਤਾਜ਼ਾ ਹੋ ਜਾਂਦੀਆ ਹਨ।

ਚਾਹੇ ਇਹ ਪ੍ਰਾਪਤੀ ਕੋਈ ਬਹੁਤੀ ਵੱਡੀ ਤਾਂ ਨਹੀਂ ਸੀ ਪਰ ਬਚਪਨ ਵਿੱਚ ਹੀ ਜ਼ਿੰਦਗੀ ਦਾ ਇਹ ਸਬਕ ਜ਼ਰੂਰ ਦੇ ਗਈ ਕਿ ਸਫਲਤਾ ਦਾ ਕੋਈ ਸ਼ਾਰਟਕੱਟ ਨਹੀਂ ਹੁੰਦਾ। ਅਤੇ ਮਿਹਨਤ ਹਮੇਸ਼ਾ ਨਕਲ ’ਤੇ ਭਾਰੂ ਹੀ ਹੁੰਦੀ ਹੈ। ਅੱਜ ਇੱਕ ਅਧਿਆਪਕ ਹੋਣ ਦੇ ਨਾਤੇ ਵੀ ਹਮੇਸ਼ਾ ਮੈਂ ਵਿਦਿਆਰਥੀਆਂ ਨੂੰ ਇਹ ਹੀ ਸਮਝਾਉਂਦੀ ਹਾਂ ਕਿ ਨਕਲ ਵਿਦਿਆਰਥੀ ਜੀਵਨ ਲਈ ਇੱਕ ਸਰਾਪ ਹੈ। ਇਹ ਤੁਹਾਡੇ ਵਿਕਾਸ ਵਿੱਚ ਰੁਕਾਵਟ ਹੀ ਬਣੇਗੀ। ਮਿਹਨਤ, ਲਗਨ ਅਤੇ ਸਵੈ-ਵਿਸ਼ਵਾਸ ਨਾਲ ਕੋਈ ਵੀ ਮੁਕਾਮ ਹਾਸਿਲ ਕੀਤਾ ਜਾ ਸਕਦਾ। ਜ਼ਿੰਦਗੀ ਵਿੱਚ ਇੱਕ ਨਿਸ਼ਾਨਾ ਬਣਾਓ ਅਤੇ ਉਸ ਨੂੰ ਸਰ ਕਰਨ ਲਈ ਜੀ ਜਾਨ ਨਾਲ ਜੁਟ ਜਾਵੋ। ਕਾਮਯਾਬੀ ਜ਼ਰੂਰ ਤੁਹਾਡੇ ਕਦਮ ਚੁੰਮੇਗੀ। ਵਿਦਿਆਰਥੀ ਜੀਵਨ ਦੇ ਵਰ੍ਹੇ ਹੀ ਮਿੱਥਦੇ ਹਨ ਕਿ ਜ਼ਿੰਦਗੀ ਵਿੱਚ ਤੁਸੀਂ ਕਿਹੜਾ ਮੁਕਾਮ ਹਾਸਿਲ ਕਰੋਗੇ। ਇਹ ਸਮਾਂ ਬੜਾ ਅਨਮੋਲ ਹੁੰਦਾ ਹੈ, ਇਸ ਦੀ ਸਹੀ ਅਤੇ ਸੁਚੱਜੀ ਵਰਤੋਂ ਕਰੋ।

*****

(995)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਮਨਪ੍ਰੀਤ ਕੌਰ ਮਿਨਹਾਸ

ਮਨਪ੍ਰੀਤ ਕੌਰ ਮਿਨਹਾਸ

Bahadurgarh, Fatehgarh Sahib, Punjab, India.
Email: (preetminhas09@gmail.com)

More articles from this author