“ਕੋਮਲ ਦੀਆਂ ਗੱਲਾਂ ਸੁਣ ਕੇ ਸਾਡੀਆਂ ਸਭ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸ ਨੂੰ ਦਿਲਾਸਾ ...”
(20 ਮਈ 2023)
ਇਸ ਸਮੇਂ ਪਾਠਕ: 365.
ਮੈਂ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਪੇਪਰ ਦਿਖਾ ਰਹੀ ਸੀ। ਸਾਰੀਆਂ ਕੁੜੀਆਂ ਦੇ ਵਧੀਆ ਨੰਬਰ ਸੀ ਪਰ ਕੋਮਲ ਦੇ ਅੱਜ ਫਿਰ ਘੱਟ ਨੰਬਰ ਆਏ ਸੀ। ਮੈਂ ਕੋਮਲ ਨੂੰ ਕੋਲ ਬੁਲਾਇਆ ਅਤੇ ਗੁੱਸੇ ਹੁੰਦੇ ਕਿਹਾ, “ਤੂੰ ਪੜ੍ਹਾਈ ਵਿੱਚ ਮਿਹਨਤ ਕਿਉਂ ਨਹੀਂ ਕਰਦੀ?”
ਕੋਮਲ ਦੇ ਭੋਲੇ ਜਿਹੇ ਚਿਹਰੇ ਦੀ ਹਲਕੀ ਜਿਹੀ ਮੁਸਕਾਨ ਨੇ ਹਮੇਸ਼ਾ ਦੀ ਤਰ੍ਹਾਂ ਮੇਰਾ ਗੁੱਸਾ ਸ਼ਾਂਤ ਕਰ ਦਿੱਤਾ ਅਤੇ ਉਹ ਮਾਸੂਮੀਅਤ ਜਿਹੀ ਨਾਲ ਬੋਲੀ, “ਮੈਮ, ਮੈਂ ਉੱਤਰ ਬਹੁਤ ਵਾਰ ਯਾਦ ਕਰਦੀ ਹਾਂ ਪਰ ਪੇਪਰ ਤੋਂ ਪਹਿਲਾਂ ਹੀ ਸਭ ਕੁਝ ਭੁੱਲ ਜਾਂਦੀ ਹਾਂ।”
ਮੈਨੂੰ ਕੋਮਲ ’ਤੇ ਬੜਾ ਤਰਸ ਜਿਹਾ ਆਇਆ ਕਿਉਂਕਿ ਕਈ ਬੱਚੇ ਅਜਿਹੇ ਹੁੰਦੇ ਹਨ ਜਿਹੜੇ ਸਖਤ ਮਿਹਨਤ ਕਰਨ ਦੇ ਬਾਵਜੂਦ ਵੀ ਪਛੜ ਜਾਂਦੇ ਹਨ। ਕੋਮਲ ਇੱਕ ਬਹੁਤ ਹੀ ਸਾਊ ਅਤੇ ਭੋਲੀ ਜਿਹੀ ਕੁੜੀ, ਗੋਰੀ ਚਿੱਟੀ ਗੋਲ ਮਟੋਲ, ਮਨ ਬਿਲਕੁਲ ਸਾਫ, ਕੋਈ ਵਲ ਛਲ ਨਹੀਂ। ਹਮੇਸ਼ਾ ਆਪਣੇ ਆਪ ਵਿੱਚ ਮਸਤ ਜਿਹੀ ਰਹਿੰਦੀ। ਉਸਦੀਆਂ ਅੱਖਾਂ ਵਿੱਚ ਮਾਸੂਮੀਅਤ ਅਤੇ ਚਿਹਰੇ ਉੱਤੇ ਹਲਕੀ ਮੁਸਕਰਾਹਟ ਹਮੇਸ਼ਾ ਹੁੰਦੀ। ਪਰ ਉਸ ਨੂੰ ਇਹ ਮਲਾਲ ਜ਼ਰੂਰ ਹੁੰਦਾ ਕਿ ਉਹ ਬਾਕੀ ਕੁੜੀਆਂ ਦੀ ਤਰ੍ਹਾਂ ਹੁਸ਼ਿਆਰ ਨਹੀਂ ਹੈ। ਮੈਂ ਉਸ ਨੂੰ ਹਮੇਸ਼ਾ ਕਹਿੰਦੀ, “ਇੱਕ ਤਾਂ ਤੇਰੀ ਭੋਲੀ ਜਿਹੀ ਸੂਰਤ ਹਮੇਸ਼ਾ ਮੇਰਾ ਗੁੱਸਾ ਸ਼ਾਂਤ ਕਰ ਦਿੰਦੀ ਹੈ ਅਤੇ ਤੂੰ ਬਚ ਜਾਂਦੀ ਹੈਂ। ਤੈਨੂੰ ਖਿਝਣ ਨੂੰ ਦਿਲ ਮੇਰਾ ਨਹੀਂ ਕਰਦਾ ...।” ਕੋਮਲ ਮੁਸਕਰਾਉਂਦੀ ਹੋਈ, ਨਜ਼ਰਾਂ ਬਚਾਉਂਦੀ ਹੋਈ ਆਪਣੇ ਡੈਸਕ ’ਤੇ ਬੈਠ ਜਾਂਦੀ।
ਔਖੀ ਸੌਖੀ ਹਪ ਕੇ ਕੋਮਲ ਨੇ ਆਪਣੀ ਸਕੂਲੀ ਪੜ੍ਹਾਈ ਪੂਰੀ ਕਰ ਲਈ ਅਤੇ ਅੱਗੇ ਪੜ੍ਹਨ ਨਾ ਲੱਗੀ। ਉਸ ਦਾ ਛੋਟਾ ਭਰਾ ਵੀ ਗਿਆਰ੍ਹਵੀਂ ਵਿੱਚ ਸਾਡੇ ਸਕੂਲ ਵਿੱਚ ਪੜ੍ਹਨ ਲੱਗ ਗਿਆ। ਇੱਕ ਦਿਨ ਉਸ ਤੋਂ ਪਤਾ ਲੱਗਿਆ ਕਿ ਕੋਮਲ ਦਾ ਵਿਆਹ ਹੋ ਗਿਆ ਹੈ। ਉਸ ਸਮੇਂ ਉਹ ਵੀਹ ਕੁ ਸਾਲ ਦੀ ਵੀ ਮਸਾਂ ਹੋਈ ਹੋਣੀ ਹੈ।
... ਤੇ ਫਿਰ ਇੱਕ ਦਿਨ ਨਾਲ ਦੇ ਮੈਡਮ ਦੱਸਣ ਲੱਗੇ ਕਿ ਕੋਮਲ ਦਾ ਤਲਾਕ ਹੋ ਗਿਆ ਹੈ। ਮੈਂ ਕਈ ਦਿਨ ਸੋਚਦੀ ਰਹੀ ਕਿ ਅਜਿਹਾ ਕੀ ਹੋਇਆ ਹੋਊ ਕਿ ਕੋਮਲ ਦਾ ਤਲਾਕ ਹੋ ਗਿਆ? ਉਹ ਤਾਂ ਇੰਨੀ ਭੋਲੀ, ਸਾਊ ਕੁੜੀ ਹੈ।
ਕੁਝ ਮਹੀਨਿਆਂ ਬਾਅਦ ਪਿੰਡ ਦੇ ਕਿਸੇ ਧਾਰਮਿਕ ਸਮਾਗਮ ’ਤੇ ਸਾਰਾ ਸਟਾਫ ਪਹੁੰਚਿਆ। ਉੱਥੇ ਕੋਮਲ ਵੀ ਆਈ ਹੋਈ ਸੀ। ਸਾਨੂੰ ਸਭ ਨੂੰ ਦੇਖ ਕੇ ਕੋਮਲ ਭੱਜ ਕੇ ਮਿਲਣ ਆਈ। ਨਾਲਦੇ ਮੈਡਮ ਨੇ ਗੱਲ ਛੇੜ ਲਈ। ਕੋਮਲ ਦੀਆਂ ਮਾਸੂਮ ਅੱਖਾਂ ਹੰਝੂਆਂ ਨਾਲ ਭਰ ਕੇ ਡਲ੍ਹਕ ਪਈਆਂ। ਕੋਮਲ ਨੇ ਕਹਿਣਾ ਸ਼ੁਰੂ ਕੀਤਾ, “ਮੈਮ ਮੇਰੀ ਤਾਂ ਜਾਨ ਬਚ ਗਈ ... ਨਹੀਂ ਤਾਂ ਸਹੁਰਿਆਂ ਨੇ ਮੈਨੂੰ ਜਾਨੋਂ ਮਾਰਨ ਦੀ ਕੋਈ ਕਸਰ ਨਹੀਂ ਛੱਡੀ ਸੀ। ਉਹਨਾਂ ਜਬਰਦਸਤੀ ਮੈਨੂੰ ਜ਼ਹਿਰ ਖੁਆ ਦਿੱਤਾ। ਉਹ ਤਾਂ ਮੇਰੀ ਵਧੀ ਹੋਈ ਸੀ ਕਿ ਰੌਲਾ ਸੁਣ ਕੇ ਗੁਆਂਢੀਆਂ ਨੇ ਮੇਰੇ ਪੇਕੇ ਫੋਨ ਕਰ ਦਿੱਤਾ ਅਤੇ ਘਰਦੇ ਸਮੇਂ ’ਤੇ ਪਹੁੰਚ ਗਏ ਤੇ ਮੈਨੂੰ ਮੌਕੇ ’ਤੇ ਹਸਪਤਾਲ ਪਹੁੰਚਾ ਦਿੱਤਾ। ਕੁਝ ਦਿਨ ਹਸਪਤਾਲ ਮੌਤ ਨਾਲ ਸੰਘਰਸ਼ ਕਰਨ ਤੋਂ ਬਾਅਦ ਮੈਂ ਬਚ ਗਈ। ਹੁਣ ਮੇਰਾ ਤਲਾਕ ਹੋ ਗਿਆ ਹੈ। ਮੇਰੀ ਛੋਟੀ ਜਿਹੀ ਧੀ ਵੀ ਹੈ, ਜੋ ਹੁਣ ਸਹੁਰਿਆਂ ਕੋਲ ਹੀ ਹੈ।”
ਜਦੋਂ ਅਸੀਂ ਇਸ ਸਭ ਦਾ ਕਾਰਨ ਪੁੱਛਿਆ ਤਾਂ ਉਸਦੀ ਗੱਲ ਸੁਣ ਕੇ ਮੈਂ ਸੁੰਨ ਜਿਹੀ ਹੋ ਗਈ। ਸੋਚਣ ਲੱਗੀ ਕਿ ਕਿਸ ਤਰ੍ਹਾਂ ਦੇ ਸਮਾਜ ਦਾ ਹਿੱਸਾ ਹਾਂ ਅਸੀਂ। ਕੋਮਲ ਨੇ ਦੱਸਿਆ, “ਮੇਰੇ ਸਹੁਰੇ ਘਰ ਵਿੱਚ ਪਹਿਲਾਂ ਸਭ ਕੁਝ ਠੀਕਠਾਕ ਸੀ। ਅਚਾਨਕ ਇੱਕ ਦਿਨ ਮੇਰੇ ਜੇਠ ਦੀ ਮੌਤ ਹੋ ਗਈ। ਉਸ ਤੋਂ ਬਾਅਦ ਘਰ ਦਾ ਮਾਹੌਲ ਇੱਕ ਦਮ ਬਦਲਣ ਲੱਗਾ। ਮੇਰਾ ਪਤੀ ਆਨੀ-ਬਹਾਨੀ ਮੇਰੇ ਨਾਲ ਨਿੱਕੀ ਨਿੱਕੀ ਗੱਲ ’ਤੇ ਲੜਨ ਲੱਗਾ। ਮੈਂ ਅੱਗੋਂ ਚੁੱਪ ਕਰ ਜਾਣਾ। ਫਿਰ ਮੇਰੀ ਮਾਰ ਕੁਟਾਈ ਸ਼ੁਰੂ ਹੋ ਗਈ। ਮੈਂ ਫਿਰ ਵੀ ਸਹਿੰਦੀ ਰਹੀ। ਜਦੋਂ ਕੋਈ ਬੱਸ ਨਾ ਚੱਲਿਆ ਤਾਂ ਮੇਰੇ ਘਰ ਵਾਲੇ ਨੇ ਸਾਫ ਹੀ ਕਹਿ ਦਿੱਤਾ ਕਿ ਉਹ ਤਾਂ ਮੇਰੀ ਜਠਾਣੀ, ਜੋ ਹੁਣ ਵਿਧਵਾ ਹੋ ਚੁੱਕੀ ਸੀ, ਨੂੰ ਆਪਣੇ ਘਰ ਵਸਾਉਣਾ ਚਾਹੁੰਦਾ ਹੈ। ...ਫਿਰ ਇੱਕ ਦਿਨ ਮੈਨੂੰ ਰਸਤੇ ਤੋਂ ਹਟਾਉਣ ਲਈ ਉਨ੍ਹਾਂ ਮੈਨੂੰ ਜ਼ਬਰਦਸਤੀ ਜ਼ਹਿਰ ਖੁਆ ਦਿੱਤਾ। ...”
ਕੁਝ ਚਿਰ ਰੁਕ ਕੇ ਕੋਮਲ ਕਹਿਣ ਲੱਗੀ, “ਮੈਮ, ਤੁਸੀਂ ਸਾਰੇ ਕਹਿੰਦੇ ਸੀ, ਮੈਂ ਇੰਨੀ ਸਾਊ ਹਾਂ, ਫਿਰ ਵੀ ਮੈਮ ਮੇਰੇ ਨਾਲ ਇਹ ਕੁਝ ਹੋਇਆ। ਸਾਊ ਹੋਣ ਦੀ ਮੈਨੂੰ ਇਹ ਕੀਮਤ ਚੁਕਾਉਣੀ ਪਈ। ਮੇਰੀ ਧੀ ਨੂੰ ਮੈਥੋਂ ਦੂਰ ਕਰ ਦਿੱਤਾ। ਹੁਣ ਮੈਂ ਫਿਰ ਮਾਪਿਆਂ ’ਤੇ ਫਿਰ ਬੋਝ ਬਣ ਗਈ। ਇੱਕ ਵਾਰ ਤਾਂ ਮਸਾਂ ਉਹਨਾਂ ਮੈਨੂੰ ਤੋਰਿਆ ਸੀ। ਇਸ ਨਾਲੋਂ ਤਾਂ ਰੱਬ ਮੈਨੂੰ ਨਾ ਹੀ ਬਚਾਉਂਦਾ ... ਕੀ ਰੱਖਿਆ ਇਹੋ ਜਿਹੀ ਜ਼ਿੰਦਗੀ ਵਿੱਚ?”
ਕੋਮਲ ਦੀਆਂ ਗੱਲਾਂ ਸੁਣ ਕੇ ਸਾਡੀਆਂ ਸਭ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸ ਨੂੰ ਦਿਲਾਸਾ ਦਿੰਦੇ ਹੋਏ ਮੈਂ ਕਿਹਾ, “ਕੋਈ ਨਾ, ਸਭ ਨੂੰ ਇੱਥੇ ਹੀ ਲੇਖੇ ਦੇਣੇ ਪੈਣੇ ਨੇ ... ਜ਼ਿੰਦਗੀ ਦੇ ਸੰਘਰਸ਼ ਦਾ ਤੈਨੂੰ ਡਟ ਕੇ ਸਾਹਮਣਾ ਕਰਨਾ ਪਵੇਗਾ। ਰੱਬ ਦਾ ਸ਼ੁਕਰ ਹੈ ਕਿ ਅਜਿਹੇ ਜ਼ਾਲਮ ਸਹੁਰਿਆਂ ਤੋਂ ਤੇਰਾ ਪਿੱਛਾ ਛੁੱਟ ਗਿਆ।”
ਕੋਮਲ ਨੂੰ ਦੇਖ ਕੇ ਮੈਂ ਸੋਚਣ ਲੱਗੀ ਕਿ ਕੱਲ੍ਹ ਦੀ ਗੱਲ ਹੈ ਜਦੋਂ ਇਹ ਸਕੂਲੀ ਇਮਤਿਹਾਨਾਂ ਤੋਂ ਡਰਦੀ ਸੀ ਤੇ ਅੱਜ ਇੰਨੀ ਛੋਟੀ ਉਮਰੇ ਹੀ ਜ਼ਿੰਦਗੀ ਦੇ ਔਖੇ ਇਮਤਿਹਾਨਾਂ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਉਦੋਂ ਮੈਨੂੰ ਇੱਕ ਬਜ਼ੁਰਗ ਔਰਤ ਦੀ ਕਹੀ ਗੱਲ ਯਾਦ ਆ ਗਈ, “ਧੀਏ, ਧੀਆਂ ਤੋਂ ਕੌਣ ਡਰਦਾ ਹੈ, ... ਡਰ ਤਾਂ ਧੀਆਂ ਦੇ ਕਰਮਾਂ ਤੋਂ ਲਗਦਾ ਹੈ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3975)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)