“ਤੇਰੇ ਵਰਗਾ ਹੋਣਹਾਰ ਮੁੰਡਾ ਤਾਂ ਮਹਾਂਸ਼ਕਤੀ ਬਣਨ ਦੀ ਸੰਭਾਵਨਾ ਰੱਖਦਾ ਹੈ, ਜ਼ਿੰਦਗੀ ਤੋਂ ਨਿਰਾਸ਼ ...”
(16 ਸਤੰਬਰ 2018)
ਸ਼ਬਦਾਂ ਦਾ ਮਾਹਿਰ ਦਿਲਾਂ ਦਾ ਬਾਦਸ਼ਾਹ ਹੁੰਦਾ ਹੈ, ਜਿਸ ਘਰ ਜਾਵੇਗਾ ਉਸ ਨੂੰ ਆਪਣਾ ਬਣਾ ਲਵੇਗਾ। ਇਹ ਮੁਕਾਮ ਹਾਸਲ ਕਰਨਾ ਸੌਖਾ ਨਹੀਂ ਹੁੰਦਾ। ਬੋਲਬਾਣੀ ਸ਼ਖਸੀਅਤ ਦਾ ਮੁੱਖ ਅੰਗ ਹੁੰਦੀ ਹੈ। ਸ਼ਬਦਾਂ ਦੇ ਮਾਹਿਰ ਦੀ ਇੱਕ ਆਵਾਜ਼ ਹੀ ਲੱਖਾਂ ਨੂੰ ਆਪਣੇ ਨਾਲ ਚੱਲਣ ਲਈ ਮਜਬੂਰ ਕਰ ਦਿੰਦੀ ਹੈ। ਕਈ ਸ਼ਖ਼ਸ ਜਦੋਂ ਪਹਿਲੀ ਵਾਰ ਰੂ-ਬ-ਰੂ ਹੁੰਦੇ ਹਨ ਤਾਂ ਇਹੀ ਪ੍ਰਭਾਵ ਪਾਉਂਦੇ ਹਨ ਕਿ ਬੜਾ ਕੁਝ ਕਰ ਜਾਣਗੇ, ਪਰ ਜਦੋਂ ਕੁਝ ਕਰਨ ਦੀ ਵਾਰੀ ਆਉਂਦੀ ਹੈ ਤਾਂ ਪੈਰ ਪਿਛਾਹ ਖਿੱਚ ਲੈਂਦੇ ਹਨ। ਸਿਰਫ ਫੋਕੀਆਂ ਗੱਲਾਂ ਨਾਲ ਹੀ ਮੈਦਾਨ ਫਤਹਿ ਨਹੀਂ ਕੀਤਾ ਜਾ ਸਕਦਾ, ਕਹਿਣੀ ਨੂੰ ਅਸਲੀਅਤ ਦਾ ਜਾਮਾ ਵੀ ਪਹਿਨਾਉਣਾ ਪੈਂਦਾ ਹੈ। ਦਿਲਾਂ ’ਤੇ ਰਾਜ਼ ਕਰਨਾ ਸੌਖਾ ਨਹੀਂ ਹੁੰਦਾ ਅਤੇ ਇਹ ਹਰੇਕ ਦੇ ਹਿੱਸੇ ਨਹੀਂ ਆਉਂਦਾ। ਕਈ ਵਿਅਕਤੀ ਅਜਿਹੇ ਵੀ ਹੁੰਦੇ ਹਨ, ਜੋ ਸ਼ਬਦਾਂ ਦਾ ਜਾਦੂ ਚਲਾ ਕੇ, ਭੋਲੇ-ਭਾਲੇ ਲੋਕਾਂ ਨੂੰ ਬੁੱਧੂ ਬਣਾ ਕੇ ਲੁੱਟ ਲੈਂਦੇ ਹਨ।
ਬੜੇ ਖੁਸ਼ਕਿਸਮਤ ਹੁੰਦੇ ਨੇ ਉਹ ਜਿਹਨਾਂ ਨੂੰ ਕੋਈ ਆਪਣਾ ਦੁੱਖ-ਸੁਖ ਕਰਨ ਲਈ ਉਡੀਕੇ, ਜਿਸਦੀ ਇੱਕ ਮੁਸਕਰਾਹਟ ਸਾਹਮਣੇ ਵਾਲੇ ਦਾ ਅੱਧਾ ਦੁੱਖ ਦੂਰ ਕਰ ਦੇਵੇ। ਕਿਸੇ ਦੂਜੇ ਦੀ ਗੱਲ ਨੂੰ ਦਿਲਚਸਪੀ ਨਾਲ ਸੁਣਨ ਵਾਲੇ ਵੀ ਵਿਰਲੇ ਹੀ ਹੁੰਦੇ ਹਨ। ਵਧੀਆ ਸਰੋਤਾ ਹੋਣਾ ਵੀ ਇੱਕ ਬਹੁਤ ਵੱਡਾ ਗੁਣ ਹੈ। ਖਾਸ ਤੌਰ ’ਤੇ ਜੇਕਰ ਬੱਚਿਆਂ ਜਾਂ ਬਜ਼ੁਰਗਾਂ ਨਾਲ ਗੱਲ ਕਰ ਰਹੇ ਹੋ ਤਾਂ ਉਹਨਾਂ ਨੂੰ ਗਹੁ ਨਾਲ ਸੁਣੋ, ਉਹ ਬਹੁਤ ਹੀ ਉਤਸ਼ਾਹ ਨਾਲ ਗੱਲਾਂ ਸੁਣਾਉਂਦੇ ਹਨ। ਇਸ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਅਕਸਰ ਅਸੀਂ ਉਹਨਾਂ ਨੂੰ ਅਣਗੌਲਿਆਂ ਕਰ ਦਿੰਦੇ ਹਾਂ। ਸਾਡਾ ਇਹ ਵਿਵਹਾਰ ਉਹਨਾਂ ਦੇ ਮਨ ਨੂੰ ਠੇਸ ਪਹੁੰਚਾਉਂਦਾ ਹੈ। ਬਹੁਤ ਸਾਰੇ ਲੋਕ ਚੰਗੇ ਸਰੋਤੇ ਨਾ ਹੋਣ ਕਾਰਣ ਗੱਲ ਕਰਨ ਵਾਲੇ ਉੱਤੇ ਘਟੀਆ ਪ੍ਰਭਾਵ ਛੱਡ ਦਿੰਦੇ ਹਨ। ਕਈ ਲੋਕ ਆਪਣੀਆਂ ਗੱਲਾਂ ਤਾਂ ਦੂਜਿਆਂ ਨੂੰ ਸੁਣਾਉਣ ਲਈ ਤਤਪਰ ਰਹਿੰਦੇ ਹਨ, ਪਰ ਜਦੋਂ ਕੋਈ ਦੂਜਾ ਆਪਣੀ ਗੱਲ ਕਰਦਾ ਹੈ ਤਾਂ ਉਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਅਜਿਹੇ ਵਿਅਕਤੀ ਨਾਲ ਕੋਈ ਵਿਚਾਰ ਸਾਂਝੇ ਕਰਕੇ ਖੁਸ਼ ਨਹੀਂ ਹੁੰਦਾ।
ਜੇਕਰ ਤੁਸੀਂ ਇੱਕ ਅਧਿਆਪਕ ਹੋ ਤਾਂ ਤੁਹਾਡੇ ਵਿੱਚ ਇਹ ਦੋ ਗੁਣ ਹੋਣੇ ਬੜੇ ਜ਼ਰੂਰੀ ਹਨ - ਸ਼ਬਦਾਂ ਦਾ ਮਾਹਿਰ ਹੋਣਾ, ਤੇ ਉਸ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ ਇੱਕ ਚੰਗਾ ਸਰੋਤਾ ਹੋਣਾ। ਜਦੋਂ ਤੁਸੀਂ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਓ ਤਾਂ ਇਸ ਲਹਿਜੇ ਨਾਲ ਸ਼ਬਦਾਂ ਦਾ ਜਾਲ ਬੁਣੋ ਕਿ ਅਕਾਊ ਪਾਠ ਵੀ ਮਜ਼ੇਦਾਰ ਬਣ ਜਾਵੇ। ਕਦੇ ਕਦੇ ਬੱਚਿਆਂ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰੋ, ਉਹਨਾਂ ਨੂੰ ਆਪਣੇ ਸਕੂਲੀ ਸਮੇਂ ਦੇ ਅਨੁਭਵ ਸੁਣਾਓ, ਉਹਨਾਂ ਦੇ ਘਰੇਲੂ ਹਾਲਾਤਾਂ ਨੂੰ ਜਾਣਨ ਦੀ ਕੋਸ਼ਿਸ ਕਰੋ। ਉਹਨਾਂ ਵਿੱਚ ਸ਼ਬਦਾਂ ਰਾਹੀਂ ਹੀ ਆਤਮ-ਵਿਸ਼ਵਾਸ ਜਗਾਓ, ਬਾਕੀ ਸਭ ਕੁਝ ਉਹ ਆਪੇ ਹੀ ਕਰ ਲੈਣਗੇ। ਸਿਹਤਮੰਦ ਸਮਾਜ ਉਸਾਰਣ ਦੀ ਜ਼ਿੰਮੇਵਾਰੀ ਸਿਰਫ ਇੱਕ ਅਧਿਆਪਕ ਦੇ ਹੀ ਹਿੱਸੇ ਆਉਂਦੀ ਹੈ। ਵਿਦਿਆਰਥੀਆਂ ਵਿੱਚ ਉੱਦਮ ਅਤੇ ਉਤਸ਼ਾਹ ਪੈਦਾ ਕਰਨਾ ਅਧਿਆਪਕ ਦੀ ਬਹੁਤ ਵੱਡੀ ਉਪਲਬਧੀ ਹੈ, ਇਸ ਲਈ ਉਨ੍ਹਾਂ ਦੀ ਤਾਰੀਫ ਅਤੇ ਕਦਰ ਕੀਤੀ ਜਾਵੇ।
ਪੁਰਾਣੀ ਗੱਲ ਹੈ, ਲੰਡਨ ਵਿੱਚ ਇੱਕ ਮੁੰਡਾ ਕਲਰਕੀ ਕਰਦਾ ਸੀ। ਸਵੇਰੇ ਪੰਜ ਵਜੇ ਦੇ ਕਰੀਬ ਉਸ ਨੂੰ ਦੁਕਾਨ ’ਤੇ ਜਾਣਾ ਪੈਂਦਾ ਅਤੇ ਹਰ ਰੋਜ਼ ਚੌਦਾਂ ਘੰਟੇ ਕੰਮ ਕਰਨਾ ਪੈਂਦਾ। ਉਹ ਸਭ ਤੋਂ ਪਹਿਲਾਂ ਝਾੜੂ ਲਾਉਂਦਾ ਅਤੇ ਬਾਕੀ ਚਪੜਾਸੀਆਂ ਵਾਲੇ ਸਾਰੇ ਕੰਮ ਵੀ ਉਸਦੇ ਜਿੰਮੇ ਸਨ। ਦੋ ਸਾਲ ਤੱਕ ਉਸ ਨੇ ਇਹ ਜੂਨ ਭੋਗੀ, ਪਰ ਇੱਕ ਦਿਨ ਸਵੇਰੇ ਉਹ ਪੰਦਰਾਂ ਮੀਲ ਪੈਦਲ ਚੱਲ ਕੇ ਆਪਣੀ ਮਾਂ ਕੋਲ ਪੁੱਜਿਆ ਅਤੇ ਰੋ-ਰੋ ਕੇ ਆਖਣ ਲੱਗਾ, “ਜੇ ਮੈਂ ਉਸ ਦੁਕਾਨ ਉੱਤੇ ਦੁਬਾਰਾ ਗਿਆ ਤਾਂ ਖ਼ੁਦਕੁਸ਼ੀ ਕਰ ਲਵਾਂਗਾ।”
ਫਿਰ ਉਸ ਬੱਚੇ ਆਪਣੇ ਸਕੂਲ ਮਾਸਟਰ ਜੀ ਦਾ ਖਿਆਲ ਆਇਆ ਅਤੇ ਉਸ ਨੇ ਆਪਣੇ ਮਾਸਟਰ ਜੀ ਨੂੰ ਇੱਕ ਦਰਦ ਭਰੀ ਚਿੱਠੀ ਲਿਖੀ। ਆਪਣੀ ਗਰੀਬੀ ਦੇ ਹਾਲਾਤ ਬਾਰੇ ਦੱਸਿਆ। ਕੁਝ ਦਿਨਾਂ ਬਾਅਦ ਉਸ ਚਿੱਠੀ ਦਾ ਜਵਾਬ ਆਇਆ, ਜਿਸ ਵਿੱਚ ਮਾਸਟਰ ਜੀ ਨੇ ਲਿਖਿਆ, “ਤੇਰੇ ਵਰਗਾ ਹੋਣਹਾਰ ਮੁੰਡਾ ਤਾਂ ਮਹਾਂਸ਼ਕਤੀ ਬਣਨ ਦੀ ਸੰਭਾਵਨਾ ਰੱਖਦਾ ਹੈ, ਜ਼ਿੰਦਗੀ ਤੋਂ ਨਿਰਾਸ਼ ਹੋਣਾ ਤੇਰਾ ਕੰਮ ਨਹੀਂ। ਦੁਨੀਆ ਵਿੱਚ ਆਪਣੇ ਵਰਗੇ ਕਈ ਨਿਰਾਸ਼ ਅਤੇ ਹਾਲਾਤ ਨਾਲ ਜੂਝ ਰਹੇ ਇਨਸਾਨਾਂ ਨੂੰ ਤੂੰ ਸਿੱਧੇ ਰਸਤੇ ਦੱਸਣੇ ਹਨ। ਦੁਨੀਆਂ ਤੈਨੂੰ ਉਡੀਕ ਰਹੀ ਹੈ। ਤੂੰ ਏਨੀ ਛੇਤੀ ਹਾਰ ਮੰਨਣ ਵਾਲਿਆਂ ਵਿੱਚੋਂ ਨਹੀਂ, ਅਜੇ ਤਾਂ ਤੂੰ ਬਹੁਤ ਕੁਝ ਕਰਨਾ ਹੈ। ਜ਼ਿੰਦਗੀ ਵਿੱਚ ਇੱਕ ਨਿਵੇਕਲਾ ਮੁਕਾਮ ਹਾਸਲ ਕਰਨਾ ਹੈ। ਜੇਕਰ ਮੈਨੂੰ ਤੇਰੇ ’ਤੇ ਏਨਾ ਵਿਸ਼ਵਾਸ਼ ਹੈ ਤਾਂ ਤੈਨੂੰ ਆਪਣੇ ਆਪ ਉੱਤੇ ਕਿਉਂ ਨਹੀਂ? ਮਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ, ਰੋਣਾ ਛੱਡ ਦੇ ਅਤੇ ਨਵੇਂ ਸਿਰੇ ਤੋਂ ਸ਼ੁਰੂਆਤ ਕਰ ...।”
ਇਸ ਤਾਰੀਫ਼ ਦਾ ਫ਼ਾਇਦਾ ਇਹ ਹੋਇਆ ਕਿ ਭਵਿੱਖ ਵਿੱਚ ਉਸ ਮੁੰਡੇ ਨੇ ਅੰਗਰੇਜ਼ੀ ਭਾਸ਼ਾ ਵਿੱਚ ਸੌ ਕਿਤਾਬਾਂ ਲਿਖੀਆਂ ਅਤੇ ਉਹ ਵੀਹਵੀਂ ਸਦੀ ਦਾ ਸਭ ਤੋਂ ਵੱਡਾ ਲਿਖਾਰੀ ਬਣ ਕੇ ਉੱਭਰਿਆ। ਉਸਦਾ ਨਾਂ ਤੁਸੀਂ ਜ਼ਰੂਰ ਸੁਣਿਆ ਹੋਵੇਗਾ - ਐੱਚ. ਜੀ. ਵੈੱਲਜ਼।
ਸ਼ਬਦਾਂ ਵਿੱਚ ਬੜੀ ਤਾਕਤ ਹੁੰਦੀ ਹੈ। ਸ਼ਾਗਿਰਦਾਂ ਵਿੱਚ ਦਿਲਚਸਪ ਮੁਕਾਬਲੇ ਦੀ ਸਪਿਰਟ ਪੈਦਾ ਕਰੋ, ਉਹ ਬੜਾ ਕੁਝ ਕਰ ਜਾਣਗੇ। ਸ਼ਬਦਾਂ ਦੀ ਬੇਮਿਸਾਲ ਕਰਾਮਾਤ ਤਾਂ ਸਾਡੇ ਸਿੱਖ ਇਤਿਹਾਸ ਦਾ ਗੌਰਵਮਈ ਹਿੱਸਾ ਰਹੀ ਹੈ। ਇਤਿਹਾਸ ਗਵਾਹ ਹੈ ਜਦੋਂ ਚਮਕੌਰ ਸਾਹਿਬ ਦੀ ਲਾਸਾਨੀ ਜੰਗ ਵਿੱਚ ਖਾਲਸਾ ਪੰਥ ਦੇ ਸਿਰਜਣਹਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਵਿਲੱਖਣ ਹੌਸਲੇ ਨਾਲ 40 ਸਿੰਘਾਂ ਵਿੱਚ ਸ਼ਬਦਾਂ ਰਾਹੀਂ ਅਜਿਹੀ ਅਦੁੱਤੀ ਸ਼ਕਤੀ ਭਰੀ ਕਿ ਉਹ ਦਸ ਲੱਖ ਮੁਗ਼ਲ ਸੈਨਾ ਨੂੰ ਧੂਲ ਚਟਾ ਗਏ। ਉਹਨਾਂ ਦੀ ਲਾਸਾਨੀ ਸ਼ਹਾਦਤ ਅਮਰ ਹੋ ਗਈ। ਅਤੇ ਦੂਜੇ ਪਾਸੇ ਗੁਰੂ ਜੀ ਦੇ ਇਹਨਾਂ ਸ਼ਬਦਾਂ ਨੇ ਹੀ ਜ਼ਫਰਨਾਮੇ ਦਾ ਰੂਪ ਲੈ ਕੇ ਔਰੰਗਜ਼ੇਬ ਨੂੰ ਅਜਿਹੀਆਂ ਲਾਹਨਤਾਂ ਅਤੇ ਫਿਟਕਾਰਾਂ ਪਾਈਆਂ ਕਿ ਉਹ ਪਛਤਾਵੇ ਦੀ ਅੱਗ ਵਿੱਚ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਮਰਦੇ-ਮਰਦੇ ਆਪਣੀ ਵਸੀਅਤ ਵਿੱਚ ਲਿਖ ਗਿਆ ਕਿ ਮੇਰੀ ਕਬਰ ਅਜਿਹੀ ਥਾਂ ਬਣਾਈ ਜਾਵੇ ਜਿੱਥੇ ਕੋਈ ਰੁੱਖ ਨਾ ਹੋਵੇ। ਕਿਉਂਕਿ ਮੈ ਜ਼ਿੰਦਗੀ ਭਰ ਕੋਈ ਚੰਗਾ ਕੰਮ ਨਹੀਂ ਕੀਤਾ, ਸਿਵਾਏ ਲੋਕਾਂ ਨੂੰ ਦੁੱਖ ਦੇਣ ਦੇ।
*****
(1309)