“ਨਵੀਂ ਵਹੁਟੀ ਦਾਜ ਵਿੱਚ ਫਰਿੱਜ ਲੈ ਕੇ ਆਈ ...ਸਾਨੂੰ ਤਾਂ ਚਾਅ ਹੀ ਬਹੁਤ ਚੜ੍ਹਿਆ ...”
(1 ਨਵੰਬਰ 2020)
ਸਾਡੇ ਵੇਲਿਆਂ ਦਾ ਬਚਪਨ ਬੜਾ ਹੀ ਰੰਗੀਲਾ ਅਤੇ ਸਾਦਾ ਜਿਹਾ ਹੁੰਦਾ ਸੀ। ਮੇਰਾ ਬਚਪਨ 90 ਦੇ ਦਸ਼ਕ ਵਿੱਚ ਬੀਤਿਆ। ਗਰਮੀਆਂ ਦੇ ਦਿਨਾਂ ਨਾਲ ਅਲੱਗ ਹੀ ਯਾਦਾਂ ਜੁੜੀਆਂ ਹੋਈਆਂ ਹਨ। 1990 ਤਕ ਸਾਡੇ ਘਰ ਫਰਿੱਜ ਨਹੀਂ ਸੀ ਹੁੰਦਾ ਅਤੇ ਨਾ ਹੀ ਸਾਡੇ ਮੁਹੱਲੇ ਵਿੱਚ ਕਿਸੇ ਘਰ ਫਰਿੱਜ ਸੀ। ਉਦੋਂ ਮੈਂ 8 ਕੁ ਸਾਲਾਂ ਦੀ ਸੀ। ਲੋਕ ਉਦੋਂ ਜ਼ਿਆਦਾ ਦਿਖਾਵੇ ਵਿੱਚ ਵਿਸ਼ਵਾਸ ਨਹੀਂ ਸੀ ਕਰਦੇ। ਮੈਂਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਅਸੀਂ ਵੀ ਥੋੜ੍ਹਾ ਜਿਹਾ ਸਮਾਂ ਉਸ ਪੁਰਾਣੇ ਜ਼ਮਾਨੇ ਨੂੰ ਜੀਵਿਆ ਹੈ, ਜਦੋਂ ਲੋਕਾਂ ਵਿੱਚ ਸਬਰ ਸੰਤੋਖ ਸੀ।
ਸਾਡੇ ਨਾਲ ਦੇ ਘਰ ਵਿਆਹ ਹੋਇਆ ਅਤੇ ਨਵੀਂ ਵਹੁਟੀ ਦਾਜ ਵਿੱਚ ਫਰਿੱਜ ਲੈ ਕੇ ਆਈ। ਸਾਨੂੰ ਤਾਂ ਚਾਅ ਹੀ ਬਹੁਤ ਚੜ੍ਹਿਆ। ਸਾਡੇ ਘਰ ਇੱਕ ਥਰਮਾਕੋਲ ਦਾ ਵੱਡਾ ਜਿਹਾ ਡੱਬਾ ਹੁੰਦਾ ਸੀ ਜੋ ਆਰਜ਼ੀ ਫਰਿੱਜ ਦਾ ਕੰਮ ਸਾਰਦਾ ਸੀ। ਇਸ ਵਿੱਚ ਦੁਕਾਨ ਤੋਂ ਲਿਆ ਕੇ ਬਰਫ ਵਗੈਰਾ ਰੱਖਦੇ ਸੀ ਤੇ ਲੋੜ ਪੈਣ ’ਤੇ ਵਰਤਦੇ ਸੀ।
ਨਵੀਂ ਵਹੁਟੀ ਬੱਚਿਆਂ ਨਾਲ ਬਹੁਤ ਖੁਸ਼ ਰਹਿੰਦੀ ਅਤੇ ਸਾਨੂੰ ਆਪਣੇ ਘਰ ਬੁਲਾ ਲੈਂਦੀ। ਉਸਦੇ ਪੇਕੇ ਸਾਡੇ ਨਾਨਕਿਆਂ ਵੱਲ ਹੋਣ ਕਰਕੇ ਅਸੀਂ ਉਸ ਨੂੰ ਮਾਸੀ ਕਹਿੰਦੇ ਅਤੇ ਅਸੀਂ ਰੋਜ਼ ਹੀ ਮਾਸੀ ਕੋਲੋਂ ਬਰਫ ਲੈ ਕੇ ਆਉਂਦੇ। ਟਰੇਅ ਵਿੱਚ ਚੌਰਸ ਟੁਕੜਿਆਂ ਵਿੱਚ ਜੰਮੀ ਬਰਫ ਸਾਨੂੰ ਕਿਸੇ ਸੁਆਦੀ ਚੀਜ਼ ਨਾਲੋਂ ਵੀ ਜ਼ਿਆਦਾ ਸੁਆਦ ਲਗਦੀ ਕਿਉਂਕਿ ਅਸੀਂ ਪਿੰਡਾਂ ਵਾਲੇ ਅਜਿਹੀਆਂ ਚੀਜ਼ਾਂ ਵਿੱਚੋਂ ਹੀ ਖੁਸ਼ੀ ਭਾਲ ਲੈਂਦੇ ਸੀ।
ਫਿਰ ਇੱਕ ਦਿਨ ਮੰਮੀ ਨੇ ਆਈਸਕਰੀਮ ਜਮਾਉਣ ਲਈ ਦੁੱਧ ਸਾਨੂੰ ਫੜਾ ਦਿੱਤਾ ਕਿ ਫਰਿੱਜ ਵਿੱਚ ਰੱਖ ਆਓ। ਪਹਿਲੀ ਵਾਰ ਅਸੀਂ ਘਰ ਦੀ ਬਣਾਈ ਆਈਸਕਰੀਮ ਖਾਣੀ ਸੀ। ਸਾਨੂੰ ਚਾਅ ਚੜ੍ਹਿਆ ਪਿਆ ਸੀ। ਜਦੋਂ ਸ਼ਾਮੀ ਅਸੀਂ ਜੰਮੀ ਹੋਈ ਆਇਸਕ੍ਰੀਮ ਲੈ ਕੇ ਵਾਪਸ ਆ ਰਹੇ ਸੀ ਤਾਂ ਅਸੀਂ ਭੈਣ ਭਰਾ ਗੱਲਾਂ ਕਰੀਏ - ਜਦੋਂ ਆਪਾਂ ਨੇ ਫਰਿੱਜ ਲਿਆਂਦਾ ਤਾਂ ਆਪਾਂ ਤਾਂ ਦੁੱਧ ਦੀ ਪੂਰੀ ਬਾਲਟੀ ਹੀ ਫਰਿੱਜ ਵਿੱਚ ਲਾ ਕੇ ਆਈਸਕਰੀਮ ਜਮਾ ਕੇ ਰੱਜ ਰੱਜ ਖਾਇਆ ਕਰਾਂਗੇ। ਉਦੋਂ ਭੋਲੇ ਮਨਾਂ ਨੂੰ ਪਤਾ ਹੀ ਨਹੀਂ ਸੀ ਕਿ ਪੂਰੇ ਫਰਿੱਜ ਵਿੱਚ ਬਰਫ ਜਮਾਉਣ ਵਾਲਾ ਖਾਨਾ (ਫਰੀਜ਼ਰ) ਤਾਂ ਛੋਟਾ ਜਿਹਾ ਹੀ ਹੁੰਦਾ ਹੈ। ਜਦੋਂ ਅਗਲੇ ਸਾਲ ਸਾਡੇ ਸਭ ਦੇ ਜ਼ੋਰ ਪਾਉਣ ’ਤੇ ਸਾਡੇ ਘਰ ਵੀ ਫਰਿੱਜ ਲਿਆਂਦਾ ਅਤੇ ਅਸੀਂ ਚੰਗੀ ਤਰ੍ਹਾਂ ਉਸ ਦਾ ਮੁਆਇਨਾ ਕੀਤਾ ਤਾਂ ਬਾਲਟੀ ਵਿੱਚ ਆਇਸਕ੍ਰੀਮ ਜਮਾਉਣ ਵਾਲੀ ਗੱਲ ’ਤੇ ਬੜਾ ਹੱਸੇ। ਜਦੋਂ ਅਸੀਂ ਪਹਿਲੀ ਮਿਕਸੀ ਲਿਆਂਦੀ ਤਾਂ ਸਾਰਾ ਮੁਹੱਲਾ ਦੇਖਣ ਆਇਆ ਅਤੇ ਜਦੋਂ ਮੰਮੀ ਨੇ ਸਭ ਨੂੰ ਪਿਆਜ਼ਾਂ ਨੂੰ ਮਿੰਟ ਵਿੱਚ ਪੀਹ ਕੇ ਮਸਾਲਾ ਤਿਆਰ ਕਰਕੇ ਦਿਖਾਇਆ ਤਾਂ ਕਈਆਂ ਦੇ ਮੂੰਹ ਖੁੱਲ੍ਹੇ ਰਹਿ ਗਏ।
ਸੋ ਇਹ ਉਹਨਾਂ ਵੇਲਿਆਂ ਦੀਆਂ ਯਾਦਾਂ ਨੇ ਜਦੋਂ ਟੈਕਨੋਲੋਜੀ ਨੇ ਅਜੇ ਦਸਤਕ ਨਹੀਂ ਸੀ ਦਿੱਤੀ। ਸਾਡੀ ਪੀੜ੍ਹੀ ਨੇ ਜ਼ਮਾਨੇ ਨੂੰ ਬਦਲਦੇ ਦੇਖਿਆ ਹੈ। ਅਸੀਂ ਫੱਟੀਆਂ ਵੀ ਲਿਖੀਆਂ, ਇਸੇ ਲਈ ਹੁਣ ਤਕ ਲਿਖਾਈ ਨਹੀਂ ਵਿਗੜੀ। ਚਿੱਠੀਆਂ ਵੀ ਬਹੁਤ ਲਿਖੀਆਂ। ਸ਼ਾਇਦ ਤਾਹੀਂ ਅੱਜ ਦਿਲ ਦੀ ਗੱਲ ਕਲਮ ਸਹਿਜੇ ਹੀ ਲਿਖ ਲੈਂਦੀ ਹੈ। ਅਸੀਂ ਟੈਲੀਫੋਨ ਤੋਂ ਬਿਨਾਂ ਵਾਲੀ ਜ਼ਿੰਦਗੀ ਵੀ ਜੀਵੀ ਹੈ ਅਤੇ ਬਿਜਲੀ ਜਾਣ ਤੋਂ ਬਾਅਦ ਸਿਖਰ ਦੁਪਿਹਰੇ ਪਿੱਪਲਾਂ ਦੀ ਛਾਵੇਂ ਹੀ ਕੱਟੇ ਨੇ। ਸਾਡੇ ਬਚਪਨ ਅੱਜ ਦੇ ਬੱਚਿਆਂ ਵਾਂਗ ਚਾਹੇ ਅਮੀਰ ਨਹੀਂ ਸੀ ਪਰ ਅਸੀਂ ਆਪਣੇ ਬਚਪਨ ਨੂੰ ਬਿਨਾਂ ਕਿਸੇ ਬੋਝ ਦੇ ਭਰਪੂਰ ਜੀਵਿਆ। ਅਸੀਂ ਤਾਂ ਅੰਗਰੇਜ਼ੀ ਦੀ ਏਬੀਸੀ ਵੀ ਛੇਵੀਂ ਜਮਾਤ ਵਿੱਚ ਜਾ ਕੇ ਸਿੱਖੀ ਸੀ। ਸਾਡੇ ਬਚਪਨ ਚਾਹੇ ਥੁੜਾਂ ਵਿੱਚ ਹੀ ਗੁਜ਼ਰੇ ਪਰ ਸਬਰ ਸੰਤੋਖ ਅੱਜ ਦੇ ਬੱਚਿਆਂ ਨਾਲੋਂ ਸਾਡੇ ਵਿੱਚ ਜ਼ਿਆਦਾ ਸੀ।
ਜਵਾਨ ਹੁੰਦੇ ਹੀ ਸਾਡੀ ਪੀੜ੍ਹੀ ਦੀਆਂ ਬਰੂਹਾਂ ’ਤੇ ਟੈਕਨੋਲੋਜੀ ਬਾਹਾਂ ਫੈਲਾਈ ਖੜ੍ਹੀ ਸੀ, ਜਿਸ ਨੂੰ ਸਮਝਣ ਅਤੇ ਵਰਤਣ ਵਾਲੇ ਵੀ ਅਸੀਂ ਪਹਿਲੇ ਸੀ। ਜਦੋਂ ਹੋਸਟਲ ਵਿੱਚ ਪੜ੍ਹਦੇ ਗਿਆਰ੍ਹਵੀਂ ਕਲਾਸ ਵਿੱਚ ਪਹਿਲੀ ਵਾਰ ਘਰੇ ਨਵੇਂ ਲੱਗੇ ਟੈਲੀਫੋਨ ’ਤੇ ਗੱਲ ਕੀਤੀ ਸੀ ਤਾਂ ਚਾਅ ਜਿਹਾ ਚੜ੍ਹ ਗਿਆ ਸੀ ਅਤੇ ਕੰਪਿਊਟਰ ਸਾਇੰਸ ਵਿਸ਼ੇ ਵਿੱਚ ਗ੍ਰੈਜੂਏਸ਼ਨ ਕਰਦਿਆਂ ਜਦੋਂ 2002 ਵਿੱਚ ਇੰਟਰਨੈੱਟ ਪਹਿਲੀ ਵਾਰ ਵਰਤਿਆ ਸੀ ਤਾਂ ਲੱਗਿਆ ਸੀ ਕਿ ਇਹ ਤਾਂ ਜਾਦੂ ਹੋ ਗਿਆ ਹੈ।
ਪਰ ਹੁਣ ਜਦੋਂ ਪਿੱਛੇ ਮੁੜ ਕੇ ਦੇਖਦੀ ਹਾਂ ਤਾਂ ਲਗਦਾ ਹੈ ਕਿ ਉਹ ਪੁਰਾਣੇ ਜ਼ਮਾਨੇ ਜ਼ਿਆਦਾ ਵਧੀਆ ਸਨ।
ਸੁਖ ਸਹੂਲਤਾਂ ਚਾਹੇ ਅੱਜ ਅਸੀਂ ਜ਼ਿਆਦਾ ਮਾਣ ਰਹੇ ਹਾਂ ਪਰ ਜ਼ਿੰਦਗੀ ਦੀ ਦੌੜ ਵਿੱਚ ਅਸੀਂ ਪਹਿਲੀਆਂ ਪੀੜ੍ਹੀਆਂ ਨਾਲੋਂ ਫਾਡੀ ਰਹਿ ਗਏ ਹਾਂ। ਚਾਹੇ ਉਹਨਾਂ ਕੋਲ ਸਾਡੇ ਜਿੰਨੀਆਂ ਸੁਖ-ਸੁਵਿਧਾਵਾਂ ਨਹੀਂ ਸਨ ਪਰ ਫਿਰ ਵੀ ਉਹ ਸਖਤ ਮਿਹਨਤਾਂ ਕਰਦੇ, ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਸੰਤੁਸ਼ਟ ਅਤੇ ਖੁਸ਼ਹਾਲ ਜ਼ਿੰਦਗੀ ਜੀਉਂਦੇ ਸਨ। ਸਾਂਝੇ ਘਰਾਂ ਵਿੱਚ ਰਹਿੰਦਿਆਂ ਇੱਕ ਦੂਜੇ ਦਾ ਸੁਖ ਦੁੱਖ ਵੰਡਾਉਂਦੇ ਉਹ ਲੋਕ ਸੰਜਮੀ, ਸਾਫ ਦਿਲ ਅਤੇ ਹਸਮੁੱਖ ਹੁੰਦੇ ਸਨ ਪਰ ਅੱਜ ਉਹਨਾਂ ਦੇ ਵਾਰਿਸ ਅਖਵਾਉਣ ਵਾਲੇ ਅਸੀਂ ਚਾਰ ਜੀਅ ਹੀ ਘਰ ਵਿੱਚ ਕਲੇਸ਼ ਪਾ ਕੇ ਰੱਖਦੇ ਹਾਂ ਅਤੇ ਗੁੱਸੇ ਵਿੱਚ ਆ ਕੇ ਮਰਨ-ਮਾਰਨ ਨੂੰ ਝੱਟ ਤਿਆਰ ਹੋ ਜਾਂਦੇ ਹਾਂ।
ਅਸੀਂ ਹਰੇਕ ਰਿਸ਼ਤੇ ਨੂੰ ਨਫੇ ਨੁਕਸਾਨ ਦੇ ਮਾਪਦੰਡ ਨਾਲ ਤੋਲਦੇ ਹਾਂ। ਅੱਜ ਵਿਆਹ ਅਤੇ ਤਲਾਕ ਇੱਕ ਖੇਡ ਜਿਹੀ ਬਣ ਗਈ ਹੈ। ਰਿਸ਼ਤਿਆਂ ਵਿੱਚੋਂ ਆਪਸੀ ਪਿਆਰ, ਨਿੱਘ ਅਤੇ ਵਿਸ਼ਵਾਸ ਖਤਮ ਹੋ ਰਿਹਾ ਹੈ। ਚਾਰੇ ਪਾਸੇ ਮੈਂ-ਮੈਂ ਦਾ ਹੀ ਰੌਲਾ ਹੈ। ਅੱਜ ਅਸੀਂ ਸਾਰੇ ਆਪਣੇ ਹੱਕਾਂ ਦੀਆਂ ਗੱਲਾਂ ਤਾਂ ਕਰਦੇ ਹਾਂ ਪਰ ਆਪਣੇ ਫਰਜ਼ਾਂ ਤੋਂ ਮੁਨਕਰ ਹੋ ਗਏ ਹਾਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2401)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)