“ਪੁੱਤਰ ਅੱਗੋਂ ਤਪਿਆ ਹੋਇਆ ਬੋਲਿਆ, “ਉੱਥੇ ਕਿਸ ਕੋਲ ਜਾਵੋਗੇ? ਹੁਣ ਕੋਠੀ ਤਾਂ ਮੈਂ ਚੰਗੇ ਮੁਨਾਫ਼ੇ ’ਤੇ ਵੇਚ ...”
(17 ਜੁਲਾਈ 2022)
ਮਹਿਮਾਨ: 430.
ਮਲਕੀਅਤ ਸਿੰਘ ਪੂਰੀ ਜ਼ਿੰਦਗੀ ਅਧਿਆਪਕ ਵਜੋਂ ਬਿਤਾਈ ਉਸਨੇ ਬਹੁਤ ਮਿਹਨਤ ਅਤੇ ਲਗਨ ਨਾਲ ਆਪਣੀ ਸੇਵਾ ਨਿਭਾਈ। ਇਕਲੌਤੇ ਪੁੱਤਰ ਨੂੰ ਇੰਜਨੀਅਰਿੰਗ ਕਰਵਾਈ। ਜਵਾਨ ਹੋਏ ਪੁੱਤਰ ਦਾ ਪਿੰਡ ਵਿੱਚ ਜੀ ਲੱਗਣ ਤੋਂ ਹਟ ਗਿਆ। ਉਸਦੇ ਕਹਿਣ ’ਤੇ ਮਲਕੀਅਤ ਸਿੰਘ ਨੇ ਸਾਰੀ ਜ਼ਿੰਦਗੀ ਦੀ ਕਮਾਈ ਲਾ ਕੇ ਚੰਡੀਗੜ੍ਹ ਕੋਠੀ ਬਣਾ ਦਿੱਤੀ।
ਫਿਰ ਮਲਕੀਅਤ ਸਿੰਘ ਨੇਪੁੱਤ ਦਾ ਵਿਆਹ ਬੜੇ ਚਾਵਾਂ ਨਾਲ ਕੀਤਾ। ਵਿਆਹ ਤੋਂ ਬਾਅਦ ਨੂੰਹ-ਪੁੱਤ ਨੂੰ ਚੰਡੀਗੜ੍ਹ ਵੀ ਛੋਟਾ ਲੱਗਣ ਲੱਗ ਗਿਆ ਅਤੇ ਉਨ੍ਹਾਂ ਨੇ ਅਮਰੀਕਾ ਉਡਾਰੀ ਮਾਰ ਜਾਣ ਦਾ ਮਨ ਬਣਾ ਲਿਆ। ਬੱਚਿਆਂ ਦੀ ਜ਼ਿੱਦ ਅੱਗੇ ਮਾਂ-ਪਿਓ ਇੱਕ ਵਾਰ ਫਿਰ ਝੁਕ ਗਏ ਅਤੇ ਨੂੰਹ ਪੁੱਤ ਅਮਰੀਕਾ ਜਾ ਵਸੇ।
ਹੁਣ ਉਨ੍ਹਾਂ ਦੋਵਾਂ ਜੀਆਂ ਦਾ ਸਮਾਂ ਇੱਕ ਦੂਜੇ ਦੇ ਸਾਥ ਨਾਲ ਗੁਜ਼ਰਦਾ ਗਿਆ ਪਰ ਦੋ ਕੁ ਸਾਲਾਂ ਬਾਅਦ ਹੀ ਮਲਕੀਅਤ ਸਿੰਘ ਦੀ ਪਤਨੀ ਜ਼ਿੰਦਗੀ ਦਾ ਪੰਧ ਮੁਕਾ ਕੇ ਉਸ ਨੂੰ ਇਕੱਲਿਆਂ ਛੱਡ ਗਈ।
ਅਮਰੀਕਾ ਵਸਦਾ ਪੁੱਤਰ ਮਲਕੀਅਤ ਸਿੰਘ ਨੂੰ ਵਾਰ ਵਾਰ ਆਪਣੇ ਕੋਲ ਆਉਣ ਦੀ ਤਾਕੀਦ ਕਰਦਾ ਕਿਉਂਕਿ ਉਹ ਚੰਡੀਗੜ੍ਹ ਵਾਲੀ ਕੋਠੀ ਵੇਚ ਕੇ ਚੰਗਾ ਮੁਨਾਫ਼ਾ ਕਮਾਉਣਾ ਚਾਹੁੰਦਾ ਸੀ ਪਰ ਜਦੋਂ ਤਕ ਬਾਪੂ ਇੱਥੇ ਸੀ, ਉਹ ਕੋਠੀ ਨਹੀਂ ਸੀ ਵੇਚ ਸਕਦਾ।
ਪੁੱਤ ਦੇ ਮਨਸੂਬਿਆਂ ਤੋਂ ਬੇਖਬਰ ਇੱਕ ਦਿਨ ਮਲਕੀਅਤ ਸਿੰਘ ਨੇ ਅਮਰੀਕਾ ਜਾਣ ਦਾ ਫ਼ੈਸਲਾ ਕਰ ਲਿਆ। ਪਰ ਉੱਥੇ ਪਹੁੰਚ ਉਸ ਦਾ ਦਿਲ ਨਾ ਲੱਗਿਆ। ਉਸ ਨੂੰ ਚੰਡੀਗੜ੍ਹ ਬਹੁਤ ਯਾਦ ਆਉਂਦਾ। ਉੱਥੇ ਦਿਨ ਰਾਤ ਭੱਜੇ ਫਿਰਦੇ ਲੋਕ ਉਸ ਨੂੰ ਮਸ਼ੀਨਾਂ ਜਾਪਦੇ। ਨੂੰਹ ਪੁੱਤ ਵੀ ਮੂੰਹ ਹਨ੍ਹੇਰੇ ਘਰ ਵੜਦੇ। ਪੋਤਾ ਪੋਤੀ ਆਪਣੀ ਦੁਨੀਆਂ ਵਿੱਚ ਮਸਤ ਰਹਿੰਦੇ। ਉਨ੍ਹਾਂ ਦੀ ਭਾਸ਼ਾ ਮਲਕੀਅਤ ਸਿੰਘ ਨੂੰ ਸਮਝ ਹੀ ਨਹੀਂ ਆਉਂਦੀ ਸੀ। ਉਸ ਨੂੰ ਆਪਣਾ ਆਪ ਵਾਧੂ ਜਿਹਾ ਜਾਪਦਾ। ਇੱਕ ਦਿਨ ਉਸ ਨੇ ਪੁੱਤਰ ਨੂੰ ਵਾਪਸ ਚੰਡੀਗੜ੍ਹ ਭੇਜਣ ਦੀ ਗੱਲ ਕੀਤੀ ਤਾਂ ਪੁੱਤਰ ਅੱਗੋਂ ਤਪਿਆ ਹੋਇਆ ਬੋਲਿਆ, “ਉੱਥੇ ਕਿਸ ਕੋਲ ਜਾਵੋਗੇ? ਹੁਣ ਕੋਠੀ ਤਾਂ ਮੈਂ ਚੰਗੇ ਮੁਨਾਫ਼ੇ ’ਤੇ ਵੇਚ ਦਿੱਤੀ ਹੈ।”
ਮਲਕੀਅਤ ਸਿੰਘ ਹੈਰਾਨ ਪ੍ਰੇਸ਼ਾਨ ਹੋਇਆ ਪੁੱਤ ਦੇ ਮੂੰਹ ਵੱਲ ਵੇਖਦਾ ਹੀ ਰਹਿ ਗਿਆ। ਜਿਸ ਘਰ ਨੂੰ ਉਸ ਨੇ ਐਨੇ ਅਰਮਾਨਾਂ ਨਾਲ ਬਣਾਇਆ ਸੀ, ਉਸ ਨੂੰ ਵੇਚਣ ਲੱਗਿਆਂ ਪੁੱਤ ਨੇ ਇੱਕ ਵਾਰ ਵੀ ਉਸ ਨੂੰ ਪੁੱਛਣਾ ਜ਼ਰੂਰੀ ਨਹੀਂ ਸਮਝਿਆ। ਮਲਕੀਅਤ ਸਿੰਘ ਨੂੰ ਝੋਰਾ ਲੱਗ ਗਿਆ। ਉਹ ਦਿਨ ਰਾਤ ਕੁਝ ਨਾ ਕੁਝ ਸੋਚਦਾ ਹੀ ਰਹਿੰਦਾ। ਇੱਕ ਦਿਨ ਮਨ ਵਿੱਚ ਵਿਚਾਰ ਆਇਆ ਕਿ ਇਸ ਤਰ੍ਹਾਂ ਤਾਂ ਉਹ ਜ਼ਿਆਦਾ ਦਿਨ ਨਹੀਂ ਕੱਟ ਸਕੇਗਾ। ਬਹੁਤ ਸੋਚ ਵਿਚਾਰ ਕੇ ਉਸਨੇ ਆਪਣੇ ਚੰਡੀਗੜ੍ਹ ਵਾਲੇ ਪਤੇ ਤੇ ਨਵੇਂ ਮਾਲਕਾਂ ਨੂੰ ਚਿੱਠੀ ਪਾ ਦਿੱਤੀ ਅਤੇ ਸਾਰੀ ਵਾਰਤਾ ਉਸ ਚਿੱਠੀ ਵਿੱਚ ਲਿਖ ਦਿੱਤੀ ਅਤੇ ਨਾਲ ਹੀ ਘਰ ਵਿੱਚ ਬਣੇ ਗੈਰੇਜ ਵਿੱਚ ਕਿਰਾਏਦਾਰ ਦੇ ਤੌਰ ’ਤੇ ਰਹਿਣ ਦੀ ਪ੍ਰਵਾਨਗੀ ਮੰਗੀ।
ਮਲਕੀਅਤ ਸਿੰਘ ਦੀ ਖੁਸ਼ੀ ਦੀ ਹੱਦ ਨਾ ਰਹੀ ਜਦੋਂ ਘਰ ਦੇ ਨਵੇਂ ਮਾਲਕ ਨੇ ਉਸ ਦੀ ਮੰਗ ਪ੍ਰਵਾਨ ਕਰਨ ਦਾ ਸੁਨੇਹਾ ਘੱਲਿਆ। ਪੁੱਤ ਨੂੰ ਆਪਣੇ ਮਨਸੂਬੇ ਦੱਸੇ ਬਿਨਾਂ ਕੁਝ ਦਿਨ ਦੇਸ਼ ਵਾਪਸ ਜਾਣ ਲਈ ਉਸ ਨੇ ਬਹੁਤ ਜ਼ੋਰ ਪਾ ਕੇ ਟਿਕਟਾਂ ਦਾ ਬੰਦੋਬਸਤ ਕਰਵਾ ਲਿਆ ਅਤੇ ਜਹਾਜ਼ ਚੜ੍ਹ ਕੇ ਚੰਡੀਗੜ੍ਹ ਪਹੁੰਚ ਗਿਆ।
ਮਲਕੀਅਤ ਸਿੰਘ ਜਦੋਂ ਏਅਰਪੋਰਟ ਤੋਂ ਘਰ ਪਹੁੰਚਿਆ ਤਾਂ ਨਵਾਂ ਪਰਿਵਾਰ ਬਾਹਾਂ ਖਿਲਾਰੀ ਉਸ ਦੇ ਸਵਾਗਤ ਲਈ ਪੱਬਾਂ ਭਾਰ ਹੋਇਆ ਪਿਆ ਸੀ। ਘਰ ਵਿੱਚ ਨੌਜਵਾਨ ਪਤੀ ਪਤਨੀ ਅਤੇ ਉਨ੍ਹਾਂ ਦੇ ਦੋ ਛੋਟੇ ਬੱਚੇ ਸਨ। ਜਦੋਂ ਉਸ ਨੇ ਗੈਰੇਜ ਵਿੱਚ ਰਹਿਣ ਦੀ ਮੰਗ ਦੁਹਰਾਈ ਤਾਂ ਉਹ ਦੋਵੇਂ ਜੀ ਕਹਿਣ ਲੱਗੇ, “ਤੁਹਾਨੂੰ ਗੈਰੇਜ ਵਿੱਚ ਰਹਿਣ ਦੀ ਕੋਈ ਲੋੜ ਨਹੀਂ ਹੈ, ਇਹ ਘਰ ਤੁਹਾਡਾ ਸੁਪਨਾ ਸੀ। ਇੱਥੇ ਜਿਹੜਾ ਵੀ ਕਮਰਾ ਤੁਹਾਨੂੰ ਪਸੰਦ ਹੈ, ਉਹ ਤੁਸੀਂ ਲੈ ਲਓ। ਅੱਜ ਤੋਂ ਤੁਸੀਂ ਇਸ ਘਰ ਦੇ ਮੈਂਬਰ ਹੋ। ਸਾਨੂੰ ਤਾਂ ਤੁਹਾਡਾ ਘਰ ਵਿੱਚ ਬੈਠਿਆਂ ਦਾ ਸਹਾਰਾ ਹੀ ਬਹੁਤ ਹੋ ਜਾਵੇਗਾ।”
ਉਹ ਦੋਵੇਂ ਜੀਆ ਕੰਮਕਾਜੀ ਸਨ। ਉਸ ਤੋਂ ਬਾਅਦ ਬਜ਼ੁਰਗ ਮਲਕੀਅਤ ਸਿੰਘ ਪੂਰੇ ਦਸ ਸਾਲ ਉਸ ਪਰਿਵਾਰ ਨਾਲ ਸ਼ਾਨਦਾਰ ਜ਼ਿੰਦਗੀ ਜੀਵਿਆ। ਦੋ ਤਿੰਨ ਨੇੜਲੇ ਗੁਆਂਢੀਆਂ ਨੂੰ ਛੱਡ ਕੇ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਇਸ ਬਜ਼ੁਰਗ ਦਾ ਪਰਿਵਾਰ ਨਾਲ ਖ਼ੂਨ ਦਾ ਰਿਸ਼ਤਾ ਨਹੀਂ, ਇੱਕ ਇਨਸਾਨੀ ਦਿਲੀ ਸਾਂਝ ਦਾ ਹੈ। ਇਸ ਰਿਸ਼ਤੇ ਨੂੰ ਬੜੀ ਸ਼ਿੱਦਤ ਨਾਲ ਨਿਭਾਇਆ ਗਿਆ।
**
(ਇਹ ਕਹਾਣੀ ਸੱਚੀ ਘਟਨਾ ਤੋਂ ਪ੍ਰੇਰਿਤ ਹੈ। ਇਸ ਨੂੰ ਮੈਂ ਆਪਣੇ ਸ਼ਬਦਾਂ ਵਿੱਚ ਪੇਸ਼ ਕਰ ਰਹੀ ਹਾਂ। ਨਾਮ ਬਦਲਿਆ ਹੋਇਆ ਹੈ। ਅੱਜ ਇਸ ਖ਼ੁਦਗਰਜ਼ੀ ਦੇ ਦੌਰ ਵਿੱਚ ਜਦੋਂ ਬੱਚੇ ਆਪਣੇ ਖੁਦ ਦੇ ਬਜ਼ੁਰਗਾਂ ਨੂੰ ਨਹੀਂ ਸੰਭਾਲ ਰਹੇ, ਉਦੋਂ ਕਿਸੇ ਅਜਨਬੀ ਬਜ਼ੁਰਗ ਨੂੰ ਸਤਿਕਾਰ ਅਤੇ ਮਾਣ ਬਖਸ਼ਣਾ ਕੋਈ ਛੋਟੀ ਮੋਟੀ ਗੱਲ ਨਹੀਂ। ਸਲਾਮ ਐਨੀ ਨਰੋਈ ਸੋਚ ਨੂੰ।)
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3691)
(ਸਰੋਕਾਰ ਨਾਲ ਸੰਪਰਕ ਲਈ: