“ਸਾਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਬੇਲੋੜੀਆਂ ਸੋਚਾਂ ਕਰਦੀਆਂ ਹਨ। ਅਸੀਂ ਅਕਸਰ ਉਨ੍ਹਾਂ ...”
(5 ਦਸੰਬਰ 2021)
ਜ਼ਿੰਦਗੀ ਸੁੱਖ ਦੁੱਖ ਦਾ ਨਾਮ ਹੀ ਤਾਂ ਹੈ। ਦੁੱਖਾਂ ਨੇ ਸਾਨੂੰ ਨਹੀਂ ਫੜਿਆ, ਅਸੀਂ ਦੁੱਖਾਂ ਨੂੰ ਫੜਿਆ ਹੈ। ਜਦੋਂ ਮਨ ਢਹਿੰਦੀ ਅਵਸਥਾ ਵਿੱਚ ਹੁੰਦਾ ਹੈ ਤਾਂ ਮਹਿਸੂਸ ਕਰਨਾ ਕਿ ਸਾਨੂੰ ਹਰੇਕ ਚੀਜ਼ ਦੁਖੀ ਕਰਦੀ ਹੈ। ਆਲੇ ਦੁਆਲੇ ਦੀ ਦੁਨੀਆਂ, ਰਿਸ਼ਤੇ ਨਾਤੇ, ਬੇਮਾਅਨੇ ਨਜ਼ਰ ਆਉਣ ਲੱਗ ਜਾਂਦੇ ਹਨ। ਅਸੀਂ ਖਿਝੇ-ਖਿਝੇ, ਬੁਝੇ-ਬੁਝੇ ਅਤੇ ਮੁਰਝਾਏ ਹੋਏ ਪ੍ਰਤੀਤ ਹੁੰਦੇ ਹਾਂ। ਸਾਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਹੈ। ਦਿਲ ਕਰਦਾ ਹੈ ਕਿ ਸਭ ਕੁਝ ਛੱਡ ਕੇ ਕਿਤੇ ਦੌੜ ਜਾਈਏ। ਕਦੀ ਕਦੀ ਤਾਂ ਜ਼ਿੰਦਗੀ ਪ੍ਰਤੀ ਨਿਰਾਸ਼ਾ ਇੰਨੀ ਵਧ ਜਾਂਦੀ ਹੈ ਕਿ ਮਰਨ ਨੂੰ ਵੀ ਦਿਲ ਕਰਦਾ ਹੈ। ਦਿਲ ਕਰਦਾ ਹੈ ਕਿ ਉੱਚੀ ਉੱਚੀ ਰੋਈਏ ਪਰ ਕੋਈ ਦੇਖੇ ਅਤੇ ਸੁਣੇ ਨਾ। ਆਪਣਾ ਆਪ ਫਜ਼ੂਲ ਜਿਹਾ ਲੱਗਣ ਲੱਗ ਜਾਂਦਾ ਹੈ। ਉਸ ਵਕਤ ਆਪਣਾ ਚਿਹਰਾ ਸ਼ੀਸ਼ੇ ਵਿੱਚ ਦੇਖ ਕੇ ਤੁਹਾਨੂੰ ਆਪਣੇ ਆਪ ਤੋਂ ਹੀ ਡਰ ਲੱਗੇਗਾ। ਸੋ ਇਹ ਅਵਸਥਾ ਸਾਡੇ ਮਨ ਨੇ ਉਪਜਾਈ ਹੈ। ਸਾਡਾ ਮਨ ਬੜਾ ਬਲਵਾਨ ਹੁੰਦਾ ਹੈ, ਇਹ ਸਮੁੱਚੇ ਸਰੀਰ ਨੂੰ ਕਾਬੂ ਕਰਕੇ ਚਲਾਉਂਦਾ ਹੈ।
ਮਨ ਦੀ ਹਰੇਕ ਅਵਸਥਾ ਨੂੰ ਸਰੀਰ ਰਾਹੀਂ ਪ੍ਰਗਟਾਇਆ ਜਾਂਦਾ ਹੈ। ਜਦੋਂ ਗੁੱਸਾ ਆਉਂਦਾ ਹੈ ਤਾਂ ਧਿਆਨ ਦੇਣਾ ਕਿ ਸਾਡਾ ਸੰਜਮ, ਸਾਡੀ ਆਵਾਜ਼, ਸਾਡੇ ਕਾਬੂ ਵਿੱਚੋਂ ਬਾਹਰ ਹੋ ਜਾਂਦੀ ਹੈ। ਸਾਡਾ ਸਰੀਰ ਕੰਬਣ ਲੱਗ ਜਾਂਦਾ ਹੈ। ਕੰਨਾਂ ਅਤੇ ਅੱਖਾਂ ਵਿੱਚੋਂ ਸੇਕ ਨਿਕਲਣ ਲੱਗ ਜਾਂਦਾ ਹੈ। ਸਾਡੀ ਬੁੱਧੀ ਵੀ ਸਾਡਾ ਸਾਥ ਛੱਡ ਦਿੰਦੀ ਹੈ। ਗੁੱਸੇ ਦੀ ਅਵਸਥਾ ਵਿੱਚ ਬੰਦਾ ਅਜਿਹੇ ਕਾਰਨਾਮੇ ਕਰ ਜਾਂਦੇ ਹਾਂ ਕਿ ਉਸ ਨੂੰ ਖ਼ੁਦ ਨੂੰ ਵੀ ਇਹ ਆਸ ਨਹੀਂ ਹੁੰਦੀ ਕਿ ਉਹ ਅਜਿਹਾ ਕੁਝ ਕਰ ਸਕਦਾ ਹੈ। ਅੰਤ ਪਛਤਾਵਾ ਹੁੰਦਾ ਹੈ। ਏਸੇ ਲਈ ਗੁਰਬਾਣੀ ਵਿਚ ਵੀ ਮਨ ਨੂੰ ਕਾਬੂ ਵਿੱਚ ਰੱਖਣ ’ਤੇ ਜ਼ੋਰ ਦਿੱਤਾ ਗਿਆ ਹੈ।
ਜਦੋਂ ਮਨ ਲੰਬੇ ਸਮੇਂ ਤੱਕ ਉਦਾਸ ਅਵਸਥਾ ਵਿੱਚ ਰਹਿੰਦਾ ਹੈ ਤਾਂ ਹੌਲ਼ੀ ਹੌਲ਼ੀ ਇਹ ਡਿਪਰੈਸ਼ਨ ਵੱਲ ਵਧਦਾ ਜਾਂਦਾ ਹੈ। ਅਤੇ ਫਿਰ ਇਹੀ ਡਿਪਰੈਸ਼ਨ ਆਤਮ ਹੱਤਿਆ ਦੇ ਰਾਹ ਤੋਰ ਦਿੰਦਾ ਹੈ। ਉਦੋਂ ਜ਼ਿੰਦਗੀ ਉਸ ਮੌੜ ’ਤੇ ਜਾ ਕੇ ਖੜ੍ਹੀ ਹੋ ਜਾਂਦੀ ਹੈ ਕਿ ਮਰਨ ਤੋਂ ਬਿਨਾਂ ਹੋਰ ਕੋਈ ਰਾਹ ਦਿਸਦਾ ਪ੍ਰਤੀਤ ਹੀ ਨਹੀਂ ਹੁੰਦਾ।
ਦੂਜੇ ਪਾਸੇ ਦੂਸਰੀ ਅਵਸਥਾ ਦਾ ਅਨੁਭਵ ਕਰੋ, ਜਦੋਂ ਤੁਹਾਡਾ ਮਨ ਚੜ੍ਹਦੀ ਕਲਾ ਵਿੱਚ ਹੁੰਦਾ ਹੈ ਤਾਂ ਮਹਿਸੂਸ ਕਰਨਾ ਕਿ ਤੁਹਾਨੂੰ ਸਾਰਾ ਸੰਸਾਰ ਸੋਹਣਾ ਸੋਹਣਾ ਲੱਗੇਗਾ। ਹਰੇਕ ਕੰਮ ਵਿੱਚ ਆਨੰਦ ਆਵੇਗਾ। ਤੁਹਾਡਾ ਉੱਚੀ ਉੱਚੀ ਹੱਸਣ ਨੂੰ, ਕੁਝ ਗੁਣਗੁਣਾਉਣ ਨੂੰ ਦਿਲ ਕਰੇਗਾ। ਜਦੋਂ ਜ਼ਿਆਦਾ ਹੀ ਖ਼ੁਸ਼ੀ ਹੋਵੇ ਤਾਂ ਨੱਚਣ ਨੂੰ ਵੀ ਪੈਰ ਥਰਕਣ ਲੱਗਣਗੇ। ਲੱਗੇਗਾ ਕਿ ਦੁਨੀਆਂ ਵਿੱਚ ਤੁਹਾਡੇ ਨਾਲੋਂ ਖੁਸ਼ਨਸੀਬ ਕੋਈ ਨਹੀਂ। ਪੂਰੀ ਕਾਇਨਾਤ ਤੁਹਾਨੂੰ ਚਹਿਕਦੀ ਨਜ਼ਰ ਆਵੇਗੀ। ਲੱਗੇਗਾ ਕਿ ਪੰਛੀ ਵੀ ਤੁਹਾਡੇ ਨਾਲ ਗਾਉਣ ਨੂੰ ਉਤਾਵਲੇ ਨੇ। ਤੁਹਾਡੇ ਸਰੀਰ ਵਿਚ ਅਲੱਗ ਹੀ ਜੋਸ਼, ਉਤਸ਼ਾਹ ਉਤਪੰਨ ਹੋ ਜਾਵੇਗਾ। ਤੁਸੀਂ ਕੰਮ ਕਰਦੇ ਥੱਕੋਗੇ ਵੀ ਨਹੀਂ। ਦੋਵਾਂ ਹੀ ਸਥਿਤੀਆਂ ਵਿਚ ਸਰੀਰ ਤੁਹਾਡਾ ਹੀ ਹੈ, ਤੁਸੀਂ ਵੀ ਉਹੀ ਹੋ, ਬਸ ਤੁਹਾਡੇ ਮਨ ਦੀ ਅਵਸਥਾ ਬਦਲੀ ਹੈ। ਇਹ ਮਨ ਬੜਾ ਹੀ ਚੰਚਲ ਹੈ, ਇਹ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ, ਨਿਰੰਤਰ ਬਦਲਦਾ ਰਹਿੰਦਾ ਹੈ। ਤੁਹਾਡੇ ਮਨ ਦੀ ਅਵਸਥਾ ਹੀ ਹਰੇਕ ਖੇਤਰ ਵਿੱਚ ਤੁਹਾਨੂੰ ਬਣਾਉਂਦੀ ਤੇ ਵਿਗਾੜਦੀ ਹੈ। ਇਹ ਹਰੇਕ ਦੀ ਸੰਕਲਪ ਸ਼ਕਤੀ ’ਤੇ ਨਿਰਭਰ ਕਰਦਾ ਹੈ ਕਿ ਉਹ ਮਨ ਦੀ ਵਰਤੋਂ ਕਿਸ ਤਰ੍ਹਾਂ ਕਰਦਾ ਹੈ।
ਜਦੋਂ ਤਕ ਤੁਹਾਨੂੰ ਆਪਣੇ ਮਨ ਨੂੰ ਸਮਝਾਉਣਾ ਨਹੀਂ ਆਉਂਦਾ, ਉਦੋਂ ਤਕ ਤੁਸੀਂ ਦੁਖੀ ਹੀ ਰਹੋਗੇ। ਜਦੋਂ ਹੀ ਢਹਿੰਦੀ ਕਲਾ ਹਾਵੀ ਹੋਵੇ, ਵਿਰੋਧ ਕਰਨਾ ਸ਼ੁਰੂ ਕਰੋ। ਬਾਬਾ ਬੁੱਲ੍ਹੇ ਸ਼ਾਹ ਦਾ ਕਹਿਣਾ ਹੈ, “ਬੁੱਲਿਆ ਮਨ ਦਾ ਕੀ ਸਮਝਾਉਣਾ, ਇੱਧਰੋਂ ਪੱਟਣਾ ਉੱਧਰ ਲਾਉਣਾ।” ਕੁਝ ਅਵਸਥਾਵਾਂ ਨੂੰ ਛੱਡ ਕੇ ਮਨ ਨੂੰ ਸਮਝਾਇਆ ਜਾ ਸਕਦਾ ਹੈ। ਸਭ ਤੋਂ ਗੁੰਝਲਦਾਰ ਅਤੇ ਦੁਖਦਾਇਕ ਅਵਸਥਾ ਉਹ ਹੁੰਦੀ ਹੈ ਜਦੋਂ ਕਿਸੇ ਆਪਣੇ ਅਜ਼ੀਜ਼ ਦੀ ਮੌਤ ਹੋ ਜਾਵੇ। ਕਿਉਂਕਿ ਮੌਤ ਇਕ ਅਜਿਹਾ ਦੁੱਖ ਹੁੰਦਾ ਹੈ ਜਦੋਂ ਮਨ ਕੁਝ ਵੀ ਸਮਝਣ ਨੂੰ ਤਿਆਰ ਨਹੀਂ ਹੁੰਦਾ। ਉਦੋਂ ਜ਼ਿੰਦਗੀ ਬੇਬਸ ,ਬੇਰਸ ਅਤੇ ਮਹੱਤਵਹੀਣ ਹੋ ਜਾਂਦੀ ਹੈ।
ਪਰ ਕੁਦਰਤ ਬੀਤੇ ਵਕਤ ਨਾਲ ਹਰੇਕ ਦੁੱਖ ਨੂੰ ਝੱਲਣ ਦਾ ਜਿਗਰਾ ਬਖ਼ਸ਼ ਦਿੰਦੀ ਹੈ ਅਤੇ ਜ਼ਿੰਦਗੀ ਰਵਾਂ ਰਵੀਂ ਰਵਾਨਗੀ ਫੜ ਲੈਂਦੀ ਹੈ। ਜਦੋਂ ਵੀ ਕਦੇ ਜ਼ਿਆਦਾ ਦੁਖੀ ਹੋਵੋ ਤਾਂ ਬਸ ਇਹ ਸੋਚ ਲੈਣਾ ਕਿ ਆਪਾਂ ਸਾਰੇ ਮਰਨ ਲਈ ਹੀ ਤਾਂ ਜੀ ਰਹੇ ਹਾਂ ਫਿਰ ਰੋਜ਼ ਮਰ ਮਰ ਕੇ ਜੀਣਾ ਤਾਂ ਕੀ ਜੀਣਾ।
ਸਾਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਬੇਲੋੜੀਆਂ ਸੋਚਾਂ ਕਰਦੀਆਂ ਹਨ। ਅਸੀਂ ਅਕਸਰ ਉਨ੍ਹਾਂ ਚੀਜ਼ਾਂ ਦੀਆਂ ਕਲਪਨਾ ਕਰਕੇ ਹੀ ਦੁਖੀ ਹੋਈ ਜਾਂਦੇ ਹਾਂ ਜੋ ਕਦੇ ਵਾਪਰਦੀਆਂ ਹੀ ਨਹੀਂ। ਭਵਿੱਖ ਦੀ ਚਿੰਤਾ, ਕੋਈ ਅਣਕਿਆਸਾ ਡਰ ਸਾਡੀ ਵਰਤਮਾਨ ਮਾਣਨ ਦੀ ਸਮਰੱਥਾ ਖੋਹ ਲੈਂਦਾ ਹੈ। ਇਹੀ ਨਕਾਰਾਤਮਕਤਾ ਸਾਡੀ ਜ਼ਿੰਦਗੀ ਨੂੰ ਨਰਕ ਬਣਾ ਦਿੰਦੀ ਹੈ। ਅਸੀਂ ਆਪਣੀ ਜ਼ਿੰਦਗੀ ਨੂੰ ਮਾਨਣਾ ਸ਼ੁਰੂ ਹੀ ਨਹੀਂ ਕਰਦੇ। ਜੋ ਕੁਝ ਵੀ ਪੱਲੇ ਹੈ, ਉਸ ਵਿੱਚ ਖੁਸ਼ ਰਹਿਣਾ ਅਸੀਂ ਕਦੇ ਸਿੱਖਦੇ ਹੀ ਨਹੀਂ। ਬਸ ਹੋਰ ਹੋਰ ਦੀ ਤਾਂਘ ਕਦੀ ਮੁੱਕਦੀ ਹੀ ਨਹੀਂ ਅਤੇ ਜ਼ਿੰਦਗੀ ਮੁੱਕ ਜਾਂਦੀ ਹੈ। ਫਿਰ ਕਹਿੰਦੇ ਹਾਂ, ਮੈਂ ਤਾਂ ਅਜੇ ਆਪਣੀ ਜ਼ਿੰਦਗੀ ਮਾਣੀ ਹੀ ਨਹੀਂ।
ਜਿਸ ਨੇ ਘੱਟ ਵਸੀਲਿਆਂ ਵਿੱਚ ਵੀ ਖ਼ੁਸ਼ ਰਹਿਣਾ ਸਿੱਖ ਲਿਆ, ਉਸ ਵਰਗਾ ਹੋਰ ਕੋਈ ਨਹੀਂ। ਜ਼ਿੰਦਗੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਪਰ ਅਸੀਂ ਸਿੱਖਣਾ ਹੀ ਨਹੀਂ ਚਾਹੁੰਦੇ। ਸਭ ਕੁਝ ਹੋਣ ਦੇ ਬਾਵਜੂਦ ਸਾਦੇ ਰਹਿਣਾ ਸੱਚੀ ਅਮੀਰੀ ਹੈ। ਕਿਸੇ ਨੂੰ ਪਰਮਾਤਮਾ ਸਭ ਕੁਝ ਬਖ਼ਸ਼ ਦਿੰਦਾ ਹੈ ਪਰ ਨੀਅਤ ਨਹੀਂ ਬਖਸ਼ਦਾ। ਉਹ ਸਭ ਤੋਂ ਗ਼ਰੀਬ ਬੰਦਾ ਹੁੰਦਾ ਹੈ, ਜਿਹੜਾ ਕਿਸੇ ਮਿਹਨਤਕਸ਼ ਮਜ਼ਦੂਰ ਨੂੰ ਉਸ ਦੀ ਮਜ਼ਦੂਰੀ ਦੇਣ ਲੱਗਿਆ ਵੀ ਰੋਵੇ। ਅਜਿਹੇ ਤੰਗਦਿਲ ਇਨਸਾਨ ਦੇ ਘਰ ਬਰਕਤਾਂ ਕਦੇ ਬੂਹਾ ਨਹੀਂ ਖੜਕਾਉਂਦੀਆਂ।
ਕਹਿੰਦੇ ਨੇ ਕਿ ਨੀਤਾਂ ਨਾਲ ਹੀ ਮੁਰਾਦਾਂ ਹੁੰਦੀਆਂ ਨੇ। ਚਾਹੇ ਅੱਜ ਦੇ ਜ਼ਮਾਨੇ ਵਿੱਚ ਇਨ੍ਹਾਂ ਇਖ਼ਲਾਕੀ ਕਦਰਾਂ ਕੀਮਤਾਂ ਨੂੰ ਅੱਖੋਂ ਪਰੋਖੇ ਕਰਕੇ ਜ਼ਿਆਦਾ ਚਲਾਕੀਆਂ ਕਰ ਕੇ ਆਪਣੇ ਸੂਝਵਾਨ ਹੋਣ ਦਾ ਭਰਮ ਪਾਲਿਆ ਜਾਂਦਾ ਹੈ ਪਰ ਅੱਜ ਵੀ ਕਿਸੇ ਲੋੜਵੰਦ ਦੀ ਕੀਤੀ ਮਦਦ ਅਤੇ ਉਸ ਦੁਆਰਾ ਦਿੱਤੀਆਂ ਗਈਆਂ ਅਸੀਸਾਂ ਕਿਤੇ ਨਾ ਕਿਤੇ ਕਰਮਾਂ ਦੀ ਪੂੰਜੀ ਦੇ ਖ਼ਜ਼ਾਨੇ ਵਿੱਚ ਜ਼ਰੂਰ ਜਮ੍ਹਾਂ ਹੁੰਦੀਆਂ ਨੇ। ਇਹ ਗੱਲ ਮੰਨਣ ਵਾਲੀ ਹੈ ਕਿ ਦੁਆਵਾਂ ਅਤੇ ਬਦਦੁਆਵਾਂ ਦੋਵੇਂ ਹੀ ਅਸਰ ਕਰਦੀਆਂ ਨੇ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਦੇ ਵੀ ਕਿਸੇ ਦਾ ਦਿਲ ਨਾ ਦੁਖਾਇਆ ਜਾਵੇ। ਸਵਰਗ ਨਰਕ ਕਿਸ ਨੇ ਦੇਖੇ ਨੇ? ਅਮਲਾਂ ਦੇ ਨਿਬੇੜੇ ਇੱਥੇ ਹੀ ਹੋ ਜਾਂਦੇ ਨੇ। ਸ਼ਿਕਾਇਤਾਂ ਕਰਨ ਨਾਲੋਂ ਸ਼ੁਕਰਾਨੇ ਕਰਨੇ ਸਿੱਖ ਜਾਈਏ ਤਾਂ ਜ਼ਿੰਦਗੀ ਹੋਰ ਚੰਗੇਰੀ ਹੋ ਨਿੱਬੜੇਗੀ। ਅੱਜ ਵਿੱਚ ਜੀਊਣ ਦੀ ਕੋਸ਼ਿਸ਼ ਕਰੀਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3184)
(ਸਰੋਕਾਰ ਨਾਲ ਸੰਪਰਕ ਲਈ: