“ਹੁਣ ਤੂੰ ਨਿਆਣੀ ਏਂ? ਸਿਆਣੀ ਬਣਿਆ ਕਰ। ਕੱਲ੍ਹ ਨੂੰ ਤੇਰਾ ਵਿਆਹ ...”
(3 ਅਕਤੂਬਰ 2019)
ਗਰਮੀਆਂ ਦੇ ਦਿਨ ਸਨ। ਪੀਰੀਅਡ ਵਿਹਲਾ ਸੀ ਇਸ ਲਈ ਪਿੱਪਲ ਦੀ ਛਾਂਵੇਂ ਬੈਠੀ ਅਖ਼ਬਾਰ ਪੜ੍ਹ ਰਹੀ ਸੀ ਕਿ ਅਚਾਨਕ ਹੀ ਇੱਕ ਹਸੂੰ-ਹਸੂੰ ਕਰਦੇ ਦਿਲਕਸ਼ ਜਿਹੇ ਚਿਹਰੇ ਨੇ ਨਾਲ ਵਾਲੀ ਕੁਰਸੀ ਆਣ ਮੱਲੀ ਅਤੇ ਸਤਿ ਸ੍ਰੀ ਅਕਾਲ ਬੁਲਾਈ। ਅਖਬਾਰ ਨੂੰ ਪਾਸੇ ਰੱਖ ਕੇ ਮੈਂ ਉਸਦੀ ਗੱਲ ਬੜੇ ਧਿਆਨ ਨਾਲ ਸੁਣਨੀ ਸ਼ੁਰੂ ਕਰ ਦਿੱਤੀ। ਆਪਣਾ ਤੁਆਰਫ ਕਰਾਉਂਦੇ ਹੋਏ ਉਸਨੇ ਬੋਲਣਾ ਸ਼ੁਰੂ ਕਰ ਦਿੱਤਾ, “ਮੈਡਮ, ਮੇਰਾ ਨਾਮ ਰੇਸ਼ਮਾ ਹੈ। ਮੈਂ ਇਸ ਸਕੂਲ ਦੀ ਪੁਰਾਣੀ ਵਿਦਿਆਰਥਣ ਹਾਂ। ਇਸੇ ਸ਼ਹਿਰ ਦੀ ਹਾਂ ਅਤੇ ਬਾਜ਼ਾਰ ਵਾਲੇ ਪਾਸੇ ਮੇਰਾ ਘਰ ਹੈ। ਜ਼ਿਆਦਾਤਰ ਅਧਿਆਪਕ ਮੈਂਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਨੇ, ਤੁਸੀਂ ਸ਼ਾਇਦ ਨਵੇਂ ਹੀ ਇਸ ਸਕੂਲ ਵਿੱਚ ਆਏ ਹੋ।”
ਮੈਂ ਕਿਹਾ, “ ਹਾਂ, ਅਜੇ ਦੋ ਕੁ ਮਹੀਨੇ ਪਹਿਲਾਂ ਹੀ ਮੇਰੀ ਨਿਯੁਕਤੀ ਇਸ ਸਕੂਲ ਵਿੱਚ ਕੰਪਿਊਟਰ ਵਿਸ਼ਾ ਪੜ੍ਹਾਉਣ ਲਈ ਹੋਈ ਹੈ। ਮੇਰਾ ਪਿੰਡ ਸ਼ਹਿਰ ਤੋਂ ਤਿੰਨ ਕੁ ਕਿਲੋਮੀਟਰ ਉੱਤੇ ਹੈ।”
ਮੇਰੀ ਗੱਲ ਸੁਣ ਕੇ ਉਸ ਦੀਆਂ ਅੱਖਾਂ ਵਿੱਚ ਚਮਕ ਜਿਹੀ ਆ ਗਈ ਅਤੇ ਉਹ ਚਹਿਚਹਾ ਕੇ ਬੋਲੀ, “ਫਿਰ ਤਾਂ ਮੈਂਨੂੰ ਵੀ ਕੰਪਿਊਟਰ ਸਿਖਾ ਦਿਓ, ਕਿਉਂਕਿ ਹੁਣ ਮੈਂ ਰੋਜ਼ ਸਕੂਲ ਆਵਾਂਗੀ। ਬੀ.ਏ ਦੇ ਪੇਪਰ ਦਿੱਤੇ ਹਨ ਅਤੇ ਘਰ ਵਿਹਲੀ ਬੋਰ ਹੋ ਜਾਂਦੀ ਹਾਂ। ਅੱਜ ਪ੍ਰਿੰਸੀਪਲ ਸਰ ਨਾਲ ਗੱਲ ਕਰ ਲਈ ਹੈ, ਕੱਲ੍ਹ ਤੋਂ ਮੈਂ ਆਪਣੇ ਸਕੂਲ ਦੀਆਂ ਕੁੜੀਆਂ ਨੂੰ ਗਿੱਧੇ ਦੀ ਟ੍ਰੇਨਿੰਗ ਦੇਣ ਆਵਾਂਗੀ। ਆਪਣੇ ਕਾਲਜ ਵਿੱਚ ਮੈਂ ਗਿੱਧੇ ਦੀ ਕੈਪਟਨ ਹਾਂ। ਤੁਸੀਂ ਦੇਖਿਓ ਇਸ ਵਾਰ ਪੰਜਾਬ ਲੈਵਲ ’ਤੇ ਆਪਾਂ ਗਿੱਧੇ ਵਿੱਚ ਸਕੂਲ ਦਾ ਨਾ ਰੋਸ਼ਨ ਕਰਨਾ ਹੈ।”
ਮੈਂ ਉਸਦੇ ਚਿਹਰੇ ਉੱਤੇ ਜਵਾਨੀ ਦੇ ਅਲਮਸਤ ਜੋਸ਼ ਨਾਲ ਭਖਦੇ ਨੂਰ ਨੂੰ ਸਲਾਮ ਕਰਦੀ ਹੋਈ ਸੋਚਣ ਲੱਗੀ, “ਜ਼ਿੰਦਗੀ ਪ੍ਰਤੀ ਕਿੰਨੀ ਆਸ਼ਾਵਾਦੀ ਹੈ ਇਹ ਕਮਾਲ ਦੀ ਕੁੜੀ।” ਮੇਰੀ ਸੋਚਾਂ ਦੀ ਲੜੀ ਨੂੰ ਤੋੜਦੀ ਹੋਈ ਉਹ ਕਹਿਣ ਲੱਗੀ, “ਪਤਾ ਨਹੀਂ ਕਿਉਂ ਤੁਹਾਡੇ ਨਾਲ ਗੱਲਾਂ ਕਰਕੇ ਬੜਾ ਚੰਗਾ ਲੱਗਿਆ। ਜੇਕਰ ਮੇਰੀ ਕੋਈ ਵੱਡੀ ਭੈਣ ਹੁੰਦੀ ਤਾਂ ਸ਼ਾਇਦ ਤੁਹਾਡੇ ਵਰਗੀ ਹੁੰਦੀ। ਵੈਸੇ ਵੀ ਤੁਸੀਂ ਮੈਡਮਾਂ ਵਰਗੇ ਲਗਦੇ ਵੀ ਨਹੀਂ।”
ਮੈਂ ਉਸਦੀ ਗੱਲ ਸੁਣ ਕੇ ਹੱਸਣ ਲੱਗੀ। ਉਹ ਕਹਿਣ ਲੱਗੀ, “ਮੈਂ ਤੁਹਾਨੂੰ ਦੀਦੀ ਹੀ ਕਹਾਂਗੀ, ਮੈਡਮ ਕਹਿਣਾ ਬੜਾ ਫੌਰਮਲ ਜਿਹਾ ਲੱਗਦਾ ਹੈ। ਫਿਰ ਗੁੱਟ ਤੇ ਬੰਨ੍ਹੀ ਘੜੀ ਵੱਲ ਵੇਖ ਕੇ ਉਹ ਕਹਿਣ ਲੱਗੀ, “ਚਲੋ ਕੱਲ੍ਹ ਮਿਲਦੇ ਹਾਂ।” ਅਤੇ ਉਹ ਚਲੀ ਗਈ।
ਉਸ ਦੇ ਜਾਣ ਤੋਂ ਬਾਅਦ ਮੈਂ ਕਿੰਨਾ ਚਿਰ ਉਸ ਬਾਰੇ ਸੋਚਦੀ ਰਹੀ। ਉੱਚਾ ਲੰਮਾ ਸਰੂ ਵਰਗਾ ਕੱਦ, ਸੁਨੱਖਾ ਚਿਹਰਾ, ਮੋਟੀਆਂ-ਮੋਟੀਆਂ ਅੱਖਾਂ, ਲੰਬੀ ਗੁੱਤ ਅਤੇ ਖਿਲਖਿਲਾਉਂਦਾ ਹਾਸਾ।
ਫਿਰ ਉਹ ਰੋਜ਼ ਹੀ ਆਉਣ ਲੱਗ ਪਈ। ਵੱਡੀਆਂ ਵਿਦਿਆਰਥਣਾਂ ਵਿੱਚੋਂ ਛਾਂਟ ਕੇ ਉਸਨੇ ਗਿੱਧੇ ਦੀ ਟੀਮ ਤਿਆਰ ਕਰ ਲਈ। ਪਿਛਲੇ ਪੀਰੀਅਡਾਂ ਦੌਰਾਨ ਜਦ ਕੁੜੀਆਂ ਵਿਹਲੀਆਂ ਹੋ ਜਾਂਦੀਆਂ ਤਾਂ ਉਹ ਉਹਨਾਂ ਦੀ ਖੂਬ ਪ੍ਰੈਕਟਿਸ ਕਰਵਾਉਂਦੀ। ਇੱਕ ਅਲੱਗ ਜਿਹੀ ਕਿਸਮ ਦਾ ਜੋਸ਼ ਅਤੇ ਜਜ਼ਬਾ ਹਮੇਸ਼ਾ ਉਸਦੇ ਸਨਮੁੱਖ ਰਹਿੰਦਾ। ਜਦੋਂ ਉਹ ਉੱਚੀ ਅਵਾਜ਼ ਵਿੱਚ ਹੇਕ ਲਾ ਕੇ ਬੋਲੀ ਪਾਉਂਦੀ ਤਾਂ ਮੱਲੋ-ਮੱਲੀ ਨੱਚਣ ਨੂੰ ਦਿਲ ਕਰਦਾ। ਜਦੋਂ ਉੇਹ ਨੱਚਦੀ ਤਾਂ ਅੱਡੀਆਂ ਦੀ ਧਮਕ ਨਾਲ ਸਾਰਾ ਆਲਾ ਦੁਆਲਾ ਗੂੰਜ ਉੱਠਦਾ। ਨੱਚਦੀ ਦਾ ਉਸਦਾ ਨਿਛੋਹ ਗੋਰਾ ਰੰਗ ਸੂਹੇ ਗੁਲਾਬ ਵਰਗਾ ਹੋ ਜਾਂਦਾ। ਇੱਕ ਵਧੀਆ ਟ੍ਰੇਨਰ ਦੀ ਤਰ੍ਹਾਂ ਉਹ ਇਕੱਲੀ-ਕੱਇਲੀ ਕੁੜੀ ਉੱਤੇ ਵਿਸ਼ੇਸ਼ ਧਿਆਨ ਦਿੰਦੀ ਅਤੇ ਉਹਨਾਂ ਦੀਆਂ ਗਲਤੀਆਂ ਨੂੰ ਚਿਤਾਰਦੀ। ਨੱਚਦੀ ਨਾ ਉਹ ਕਦੇ ਅੱਕਦੀ ਨਾ ਕਦੀ ਥੱਕਦੀ।
ਸਕੂਲ ਵਿੱਚ ਜ਼ਿਆਦਾਤਰ ਲੇਡੀਜ਼ ਸਟਾਫ ਸੀ ਕਿਉਂਕਿ ਸਕੂਲ ਕੁੜੀਆਂ ਦਾ ਸੀ, ਸਾਡਾ ਚਾਰ ਕੁ ਜਣੀਆਂ ਦਾ ਕੁਆਰੀਆਂ ਅਧਿਆਪਕਾਂ ਦਾ ਗਰੁੱਪ ਸੀ ਜੋ ਬਾਕੀਆ ਨਾਲੋਂ ਅਲੱਗ ਰਹਿੰਦਾ। ਅਸੀਂ ਇਕੱਠੀਆਂ ਹੋ ਕੇ ਉੱਚੀ-ਉੱਚੀ ਹੱਸਦੀਆਂ, ਗੱਲਾਂ ਕਰਦੀਆਂ। ਰੇਸ਼ਮਾਂ ਵੀ ਜਦੋਂ ਵਿਹਲੀ ਹੁੰਦੀ ਤਾਂ ਸਾਡੇ ਕੋਲ ਆ ਕੇ ਬੈਠ ਜਾਂਦੀ। ਫਿਰ ਜਦੋਂ ਉਹ ਬੋਲਣਾ ਸ਼ੁਰੂ ਕਰਦੀ ਤਾਂ ਕਿਸੇ ਨੂੰ ਨਾ ਬੋਲਣ ਦਿੰਦੀ। ਉਹ ਅਕਸਰ ਮੈਂਨੂੰ ਪੁੱਛਦੀ, “ਦੀਦੀ, ਲੋਕ ਮੁੰਡਿਆਂ ਨੂੰ ਹੀ ਜ਼ਿਆਦਾ ਪਿਆਰ ਕਿਉਂ ਕਰਦੇ ਨੇ। ਘਰ ਵਿੱਚ ਕੁੜੀਆਂ ਨੂੰ ਉਹ ਪਿਆਰ, ਸਤਿਕਾਰ ਕਿਉਂ ਨਹੀਂ ਮਿਲਦਾ? ਮੇਰਾ ਇਕਲੌਤਾ ਭਰਾ ਹੈ, ਸਾਰੇ ਉਸਨੂੰ ਹੀ ਪਿਆਰ ਕਰਦੇ ਨੇ। ਉਸਦੀ ਹਰੇਕ ਜ਼ਿੱਦ ਪੂਰੀ ਹੁੰਦੀ ਹੈ ਪਰ ਮੈਂਨੂੰ ਹਮੇਸ਼ਾ ਹਰੇਕ ਚੀਜ਼ ਲਈ ਤਰਲੇ, ਮਿੰਨਤਾਂ ਕਰਨੀਆਂ ਪੈਂਦੀਆਂ ਨੇ।”
ਮੈਂ ਹਮੇਸ਼ਾ ਦੀ ਤਰ੍ਹਾਂ ਉਸਦੀ ਗੱਲ ਉੱਤੇ ਹੱਸਦੀ ਤੇ ਕਹਿੰਦੀ, “ਨੀ ਤੂੰ ਤਾਂ ਨਿੱਕੀਆਂ ਬਾਲੜੀਆਂ ਵਾਂਗ ਆਪਣੇ ਭਰਾ ਨਾਲ ਜ਼ਿੱਦਦੀ ਏਂ। ਨਾ, ਹੁਣ ਤੂੰ ਨਿਆਣੀ ਏਂ? ਸਿਆਣੀ ਬਣਿਆ ਕਰ। ਕੱਲ੍ਹ ਨੂੰ ਤੇਰਾ ਵਿਆਹ ਹੋ ਜਾਣਾ ਫਿਰ ਵੀਰੇ ਨੂੰ ਮਿਲਣ ਲਈ ਤਰਸਿਆ ਕਰੇਂਗੀ।”
ਵਿਆਹ ਦਾ ਨਾਂ ਸੁਣ ਕੇ ਉਹ ਪ੍ਰੇਸ਼ਾਨ ਹੋ ਜਾਂਦੀ ਅਤੇ ਕਹਿੰਦੀ, “ਮੈਂ ਨੀ ਅਜੇ ਵਿਆਹ-ਵਿਊਹ ਕਰਾਉਣਾ। ਅਜੇ ਤਾਂ ਮੈਂ ਯੂਨੀਵਰਸਿਟੀ ਜਾਣਾ। ਉੱਥੇ ਆਪਣੇ ਗਿੱਧੇ ਦੀਆਂ ਧਮਾਲਾਂ ਪਾਉਣੀਆਂ। ਨਾਲੇ ਵਿਆਹ ਕਰਾ ਕੇ ਤਾਂ ਜ਼ਿੰਦਗੀ ਖਤਮ ਹੀ ਸਮਝੋ। ਇੱਕ ਜੂਆ ਹੀ ਤਾਂ ਹੈ ਵਿਆਹ। ਜੇ ਤਾਂ ਬੰਦਾ ਚੰਗਾ ਟੱਕਰ ਗਿਆ, ਫਿਰ ਤਾਂ ਜੂਨ ਸੁਧਰ ਜੂ ਨਹੀਂ ਤਾਂ ਫਿਰ ਜ਼ਿੰਦਗੀ ਨਰਕਾਂ ਤੋਂ ਵੀ ਬਦਤਰ ਹੋ ਜੂ।”
ਮੈਂ ਉਸ ਨੂੰ ਛੇੜਦੀ ਹੋਈ ਕਹਿੰਦੀ, “ਰੇਸ਼ਮਾ, ਇਹ ਗੱਲ ਵਿਚਾਰੇ ਬੰਦਿਆਂ ਉੱਤੇ ਵੀ ਤਾਂ ਲਾਗੂ ਹੁੰਦੀ ਹੈ ਨਾ। ਪਰ ਇੱਕ ਗੱਲ ਤਾਂ ਹੈ, ਜਿਸਦੀ ਕਿਸਮਤ ਵਿੱਚ ਤੂੰ ਹੋਈ, ਤੈਨੂੰ ਤਾਂ ਉਹ ਰਾਣੀ ਬਣਾ ਕੇ ਰੱਖੂ” ਸਾਡਾ ਸਾਰੀਆਂ ਦਾ ਸਾਂਝਾ ਹਾਸਾ ਫਿਜ਼ਾ ਵਿੱਚ ਵੱਖਰਾ ਹੀ ਰੰਗ ਬਿਖੇਰ ਦਿੰਦਾ। ਘੰਟੀ ਵੱਜਦੀ ਤਾਂ ਸਾਰੀਆਂ ਆਪਣੀਆਂ ਕਲਾਸਾਂ ਵਿੱਚ ਜਾਣ ਲਈ ਉੱਠ ਖੜ੍ਹਦੀਆਂ। ਕੋਲੋਂ ਲੰਘਦੀ ਪੰਜਾਬੀ ਮਿਸਟ੍ਰੈਸ ਆਖਦੀ, “ਨੀ ਕੁੜੀਓ, ਬੜੀਆਂ ਖਿੱਲਾਂ ਡੋਲ੍ਹੀਆਂ, ... ਕਰ ਲੋ ਮੌਜਾਂ, ਨੀ ਆਹੀ ਚਾਰ ਦਿਨ ਨੇ ਹੱਸਣ-ਖੇਡਣ ਦੇ। ਵਿਆਹ ਤੋਂ ਬਾਅਦ ਤਾਂ ਟੱਬਰਾਂ ਦੇ ਫਿਕਰਾਂ ਨੇ ਤੁਹਾਡਾ ਹਾਸਾ ਹੀ ਗਾਇਬ ਕਰ ਦੇਣਾ।”
ਉਸਦਾ ਚਿਹਰਾ ਉਦਾਸ ਹੋ ਗਿਆ ਜਦੋਂ ਮੈਂ ਪੁੱਛਿਆ, “ਕੀ ਹੋਇਆ?”
ਉਹ ਫਿਸ ਪਈ ਅਤੇ ਕਹਿਣ ਲੱਗੀ, “ਕੱਲ੍ਹ ਸਕੂਲ ਤੋਂ ਬਾਅਦ ਬਾਜਾਰ ਚਲੀ ਗਈ ਅਤੇ ਘਰ ਥੋੜ੍ਹੀ ਦੇਰ ਨਾਲ ਪਹੁੰਚੀ। ਮੰਮੀ ਡੈਡੀ ਦੋਨੋਂ ਹੀ ਮੈਂਨੂੰ ਭੱਜ-ਭੱਜ ਕੇ ਪੈਣ ਲੱਗ ਗਏ ਕਿ ਮੈਂ ਦੇਰ ਕਿਉਂ ਕੀਤੀ। ਭਰਾ ਚਾਹੇ ਮੇਰਾ ਅੱਧੀ ਰਾਤ ਨੂੰ ਘਰ ਵੜੇ, ਉਸ ਨੂੰ ਕੋਈ ਕੁਝ ਨਹੀਂ ਕਹਿੰਦਾ। ਫਿਰ ਧੀਆਂ ਨਾਲ ਇਹ ਵਿਤਕਰਾ ਕਿਉਂ ਦੀਦੀ?”
ਮੈਂ ਉਸਨੂੰ ਸਮਝਾਉਂਦਿਆ ਕਿਹਾ, “ਕਿਉਂਕਿ ਧੀਆਂ ਨਾਲ ਮਾਪਿਆਂ ਦਾ ਜ਼ਿਆਦਾ ਪਿਆਰ ਹੁੰਦਾ ਹੈ, ਇਸੇ ਲਈ ਉਹ ਧੀਆਂ ਦਾ ਜ਼ਿਆਦਾ ਧਿਆਨ ਰੱਖਦੇ ਨੇ।”
ਮੈਂਨੂੰ ਮੋੜਵਾ ਜਵਾਬ ਦਿੰਦੀ ਉਹ ਕਹਿਣ ਲੱਗੀ, “ਮੈਂਨੂੰ ਘਰ ਵਿੱਚ ਕੋਈ ਪਿਆਰ ਨਹੀਂ ਕਰਦਾ, ਮੈਂਨੂੰ ਪਤਾ ਹੈ।” ਅਤੇ ਉਹ ਚਲੀ ਗਈ।
ਪਿਛਲੇ ਇੱਕ ਮਹੀਨੇ ਤੋਂ ਉਹ ਸਖਤ ਮਿਹਨਤ ਕਰ ਰਹੀ ਸੀ। ਗਿੱਧੇ ਦੀ ਟੀਮ ਇੱਕ ਬਿਹਤਰੀਨ ਟੀਮ ਬਣਦੀ ਨਜ਼ਰ ਆ ਰਹੀ ਸੀ ਮੈਂ ਉਸ ਨੂੰ ਮਜ਼ਾਕ ਕਰਦਿਆਂ ਪੁੱਛਿਆ, “ਤੈਨੂੰ ਇੰਨੀ ਮਿਹਨਤ ਕਰਨ ਦਾ ਕੋਈ ਮਿਹਨਤਨਾਮਾ ਵੀ ਮਿਲੂ ਕਿ ਮੁਫਤ ਸੇਵਾ ਹੀ ਕਰਨੀ ਹੈ?”
ਉਹ ਹੱਸਦੀ ਹੋਈ ਕਹਿਣ ਲੱਗੀ, “ਪਹਿਲਾਂ ਮੇਰੀ ਟੀਮ ਕੋਈ ਮੁਕਾਮ ਹਾਸਲ ਤਾਂ ਕਰੇ ਬਾਕੀ ਜੋ ਵੀ ਪ੍ਰਿੰਸੀਪਲ ਸਰ ਇਨਾਮ ਵਜੋਂ ਦੇਣਗੇ, ਖਿੜੇ ਮੱਥੇ ਕਬੂਲ ਹੈ। ਹਾਂ, ਪਰ ਦਿਲ ਨੂੰ ਸਕੂਨ ਜਿਹਾ ਮਿਲ ਜੂ ਬਈ ਆਪਣੇ ਸਕੂਲ ਦਾ ਨਾਮ ਚਮਕਾ ’ਤਾ।”
ਅੱਜ ਗਿੱਧੇ ਦੀ ਟੀਮ ਦਾ ਪਹਿਲਾ ਮੁਕਾਬਲਾ ਬਲਾਕ ਲੈਵਲ ’ਤੇ ਸੀ ਜਿਸਨੂੰ ਸਾਡੀ ਟੀਮ ਨੇ ਸਹਿਜੇ ਹੀ ਜਿੱਤ ਲਿਆ। ਰੇਸ਼ਮਾ ਅੱਜ ਬਹੁਤ ਖੁਸ਼ ਸੀ। ਉਸਦੀ ਮਿਹਨਤ ਰੰਗ ਲਿਆਈ ਸੀ। ਹਫਤੇ ਬਾਅਦ ਜ਼ਿਲ੍ਹੇ ਲੈਵਲ ਦਾ ਮੁਕਾਬਲਾ ਸੀ ਜਿਸ ਵਿੱਚ ਸਾਰੇ ਜ਼ਿਲ੍ਹੇ ਦੀ ਸ਼ਮੂਲੀਅਤ ਹੋਣੀ ਸੀ। ਫਿਰ ਜ਼ਿਲ੍ਹੇ ਲੈਵਲ ਦਾ ਮੁਕਾਬਲਾ ਵੀ ਆ ਗਿਆ ਅਤੇ ਇਸ ਵਾਰ ਵੀ ਸਾਡੀ ਗਿੱਧੇ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਵੀ ਜਿੱਤ ਲਿਆ। ਰੇਸ਼ਮਾ ਜਦੋਂ ਦੂਜੇ ਦਿਨ ਸਕੂਲ ਆਈ ਤਾਂ ਉਸ ਤੋਂ ਖੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ। ਆਉਂਦੇ ਹੀ ਕਹਿਣ ਲੱਗੀ, “ਬੱਸ ਦੀਦੀ, ਹੁਣ ਪੰਜਾਬ ਜਿੱਤਣਾ ਰਹਿ ਗਿਆ।”
ਮੈਂ ਕਿਹਾ, “ਰੇਸ਼ਮਾ ਤੇਰੇ ਇਸ ਜ਼ਜ਼ਬੇ ਨਾਲ ਆਪਾਂ ਪੰਜਾਬ ਵੀ ਜਰੂਰ ਜਿੱਤਾਂਗੇ। ਬੱਸ ਤੂੰ ਹੁਣ ਸਾਡੀਆਂ ਕੁੜੀਆਂ ਨੂੰ ਹੋਰ ਮਿਹਨਤ ਕਰਾ।”
ਉਹ ਕਹਿਣ ਲੱਗੀ, “ਜੇਕਰ ਆਪਾਂ ਪੰਜਾਬ ਜਿੱਤ ਗਏ ਤਾਂ ਮੇਰਾ ਸੁਪਨਾ ਸੱਚ ਹੋ ਜੂ।”
ਉਹ ਦਿਨ ਵੀ ਆ ਗਿਆ ਜਿਸਦਾ ਸਾਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਅੱਜ ਪੰਜਾਬ ਲੈਵਲ ਦਾ ਮੁਕਾਬਲਾ ਸੀ। ਵਿਦਿਆਰਥਣਾਂ ਵਿੱਚ ਅਲੱਗ ਹੀ ਜੋਸ਼ ਸੀ ਕਿਉਂਜੋ ਪਹਿਲੀ ਵਾਰ ਸਾਡੇ ਸਕੂਲ ਦੀ ਟੀਮ ਇਸ ਮੁਕਾਮ ਤੱਕ ਪਹੁੰਚੀ ਸੀ। ਸਾਨੂੰ ਸਕੂਲ ਵਿੱਚ ਬੈਠਿਆਂ ਇਹੀ ਉਡੀਕ ਸੀ ਕਿ ਕਦੋਂ ਸਾਨੂੰ ਪੰਜਾਬ ਜਿੱਤਣ ਦੀ ਖ਼ਬਰ ਮਿਲੇ, ਅਚਾਨਕ ਮੇਰੇ ਫੋਨ ਦੀ ਘੰਟੀ ਵੱਜੀ, ਦੂਜੇ ਪਾਸਿਓ ਰੇਸ਼ਮਾ ਦੀ ਆਵਾਜ਼ ਸੀ, “ਦੀਦੀ, ਅਸੀਂ ਗਿੱਧੇ ਵਿੱਚ ਪੰਜਾਬ ਜਿੱਤ ਲਿਆ।” ਉਸਦੇ ਲਫਜ਼ਾਂ ਵਿੱਚ ਜਿੱਤ ਦੀ ਖੁਸ਼ੀ ਝਲਕਾਰੇ ਮਾਰ ਰਹੀ ਸੀ। ਦੂਜੇ ਦਿਨ ਪ੍ਰਿੰਸੀਪਲ ਸਰ ਵੱਲੋਂ ਗਿੱਧੇ ਦੀ ਟੀਮ ਅਤੇ ਰੇਸ਼ਮਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਮੈਂ ਕਿਹਾ, “ਰੇਸ਼ਮਾਂ, ਜੋ ਤੂੰ ਸੋਚਿਆ ਸੀ, ਕਰ ਦਿਖਾਇਆ। ਸਲਾਮ ਹੈ ਤੇਰੇ ਜ਼ੋਸ਼ੀਲੇ ਜ਼ਜ਼ਬੇ ਨੂੰ ਪਰ ਹੁਣ ਤੂੰ ਸਾਥੋਂ ਦੂਰ ਵੀ ਹੋ ਜਾਣਾ, ਹੁਣ ਤੂੰ ਥੋੜ੍ਹੋ ਸਕੂਲ ਆਵੇਂਗੀ।”
ਉਹ ਕਹਿਣ ਲੱਗੀ, “ਮੇਰਾ ਵੀ ਦੀਦੀ ਹੁਣ ਘਰ ਦਿਲ ਨਹੀਂ ਲੱਗਣਾ, ਦੇਖੋ ਸ਼ਾਇਦ ਯੂਨੀਵਰਸਿਟੀ ਵਿੱਚ ਦਾਖਲਾ ਮਿਲ ਜਾਵੇ। ਮੈਂ ਫਿਰ ਹੋਸਟਲ ਵਿੱਚ ਹੀ ਰਹਾਂਗੀ।”
ਦੁਜੇ ਦਿਨ ਅਖਬਾਰ ਵਿੱਚ ਸਾਡੇ ਸਕੂਲ ਦੀ ਗਿੱਧੇ ਵਿੱਚ ਪੰਜਾਬ ਜਿੱਤਣ ਦੀ ਖਬਰ ਲੱਗੀ ਅਤੇ ਮੈਂ ਘਰ ਬੈਠੀ ਆਪਣੀ ਮੰਮੀ ਨੂੰ ਰੇਸ਼ਮਾ ਦੀ ਤਸਵੀਰ ਦਿਖਾਉਂਦੇ ਹੋਏ ਉਸਦੀਆ ਹੀ ਗੱਲਾਂ ਛੇੜ ਬੈਠੀ। ਉਸ ਤੋਂ ਬਾਅਦ ਰੇਸ਼ਮਾ ਇੱਕ ਦੋ ਵਾਰ ਮਿਲੀ। ਫਿਰ ਮੇਰਾ ਵੀ ਵਿਆਹ ਹੋ ਗਿਆ ਅਤੇ ਮਹੀਨੇ ਕੁ ਬਾਅਦ ਹੀ ਮੇਰੀ ਬਦਲੀ ਸਹੁਰੇ ਘਰ ਦੇ ਨੇੜੇ ਹੋ ਗਈ। ਰੁਝੇਵੇਂ ਭਰੀ ਜ਼ਿੰਦਗੀ ਵਿੱਚ ਮੁੜ ਕਦੇ ਰੇਸ਼ਮਾ ਨਾਲ ਨਾ ਹੀ ਮੇਲ ਹੋਇਆ ਅਤੇ ਨਾ ਹੀ ਕਦੇ ਫੋਨ ਉੱਤੇ ਕੋਈ ਗੱਲ ਹੋਈ।
ਸਮਾਂ ਵੀ ਬੜੀ ਤੇਜ਼ੀ ਨਾਲ ਬੀਤਦਾ ਗਿਆ। ਤਿੰਨ ਸਾਲ ਅੱਖ ਦੇ ਫੌਰ ਵਿੱਚ ਨਿਕਲ ਗਏ। ਇੱਕ ਦਿਨ ਮੰਮੀ ਦਾ ਫੋਨ ਆਇਆ, “ਰਸਮੀ ਗੱਲਬਾਤ ਤੋਂ ਬਾਅਦ ਅਚਾਨਕ ਉਹ ਗੱਲ ਹੋਰ ਪਾਸੇ ਲੈ ਗਏ ਅਤੇ ਕਹਿਣ ਲੱਗੇ, “ਧੀਏ, ਤੂੰ ਜਿਸ ਰੇਸ਼ਮਾ ਦੀਆਂ ਗੱਲਾਂ ਮੈਂਨੂੰ ਦੱਸਦੀ ਹੁੰਦੀ ਸੀ, ਉਸ ਨਾਲ ਬਹੁਤ ਮਾੜਾ ਹੋਇਆ।”
ਮੈਂ ਹੈਰਾਨ ਅਤੇ ਪ੍ਰੇਸ਼ਾਨ ਹੋ ਕੇ ਕਿਹਾ, “ਛੇਤੀ ਦੱਸੋ, ਕੀ ਮਾੜਾ ਹੋਇਆ ਰੇਸ਼ਮਾ ਨਾਲ।”
ਮੰਮੀ ਦਾ ਗਲਾ ਭਰ ਆਇਆ ਅਤੇ ਉਹ ਕਹਿਣ ਲੱਗੇ, “ਰੋਜ਼ ਅਖ਼ਬਾਰਾਂ ਵਿੱਚ ਉਸਦੀ ਮੌਤ ਬਾਬਤ ਬੜਾ ਕੁਝ ਛਪਦਾ ਹੈ। ਹਿਰਦਾ ਵਲੂੰਧਰਦਾ ਹੈ ਉੇਸ ਦਾ ਅੰਤ ਪੜ੍ਹ ਕੇ।”
ਇਹ ਗੱਲ ਸੁਣ ਕੇ ਦਿਲ ਡੁੱਬਣ ਜਿਹਾ ਲੱਗ ਪਿਆ। ਮੈਂ ਉਦਾਸੀ ਵਿੱਚ ਡੁੱਬੀ ਨੇ ਕਿਹਾ, “ਮੰਮੀ ਗੱਲ ਖੁੱਲ੍ਹ ਕੇ ਛੇਤੀ ਦੱਸੋ।”
ਗਲਾ ਸਾਫ ਕਰਦੇ ਹੋਏ ਮੰਮੀ ਕਹਿਣ ਲੱਗੇ, “ਉਹ ਯੁਨੀਵਰਸਿਟੀ ਵਿੱਚ ਪੜ੍ਹਦੀ ਸੀ। ਉੱਥੇ ਉਹ ਕਿਸੇ ਨਾਲ ਪੜ੍ਹਦੇ ਮੁੰਡੇ ਨੂੰ ਪਸੰਦ ਕਰਨ ਲੱਗ ਪਈ ਸੀ। ਉਹ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸੀ। ਪਰ ਸੁਣਿਆ ਮੁੰਡਾ ਕਿਸੇ ਹੋਰ ਜ਼ਾਤ ਦਾ ਸੀ। ਮੁੰਡੇ ਦਾ ਪਰਿਵਾਰ ਤਾਂ ਰਾਜ਼ੀ ਸੀ। ਇਸ ਗੱਲ ਦੀ ਭਣਕ ਰੇਸ਼ਮਾ ਦੇ ਮਾਪਿਆਂ ਦੇ ਕੰਨੀਂ ਵੀ ਪੈ ਗਈ। ਇੱਕ ਦਿਨ ਜਦੋਂ ਉਹ ਹੋਸਟਲ ਤੋਂ ਘਰ ਗਈ ਤਾਂ ਇਸੇ ਗੱਲ ਤੇ ਘਰ ਵਿੱਚ ਬਹੁਤ ਕਲੇਸ਼ ਹੋਇਆ। ਲੋਕ ਤਾਂ ਕਹਿੰਦੇ ਨੇ ਕਿ ਗੁੱਸੇ ਵਿੱਚ ਰੇਸ਼ਮਾ ਦੇ ਡੈਡੀ ਨੇ ਜਬਰਦਸਤੀ ਜ਼ਹਿਰ ਦਾ ਟੀਕਾ ਲਾ ਕੇ ਉਸਨੂੰ ਮਾਰ ਦਿੱਤਾ ਅਤੇ ਕਾਹਲੀ ਕਾਹਲੀ ਵਿੱਚ ਸਸਕਾਰ ਵੀ ਕਰਨ ਲੱਗੇ ਸੀ ਪਰ ਕਿਸੇ ਨੇ ਪੁਲਿਸ ਨੂੰ ਖਬਰ ਕਰ ਦਿੱਤੀ ਅਤੇ ਪੁਲਿਸ ਮੌਕੇ ਉੱਤੇ ਪਹੁੰਚ ਗਈ। ਹੁਣ ਉਸਦਾ ਡੈਡੀ ਪੁਲਿਸ ਹਿਰਾਸਤ ਵਿੱਚ ਹੈ। ... ਬਹੁਤ ਮਾੜਾ ਹੋਇਆ। ਪਤਾ ਨਹੀਂ ਵਿਚਾਰੀ ਕਿਹੋ ਜਿਹੇ ਲੇਖ ਲਿਖਾ ਕੇ ਆਈ ਸੀ। ਰੱਬ ਹੀ ਜਾਣਦਾ ਕਿ ਸਚਾਈ ਕੀ ਹੈ।...”
ਉਸ ਤੋਂ ਬਾਅਦ ਮੰਮੀ ਨੇ ਪਤਾ ਨਹੀਂ ਕੀ-ਕੀ ਗੱਲਾਂ ਕੀਤੀਆਂ, ਮੈਂਨੂੰ ਕੁਝ ਨਹੀਂ ਪਤਾ। ਕਦੋਂ ਮੈਂ ਫੋਨ ਰੱਖ ਦਿੱਤਾ।
ਮੇਰਾ ਸਾਰਾ ਧਿਆਨ ਰੇਸ਼ਮਾ ਨਾਲ ਬਿਤਾਏ ਉਹਨਾਂ ਪਲਾਂ ਵਿੱਚ ਹੀ ਖੋ ਗਿਆ। ਬਾਰ-ਬਾਰ ਰੇਸ਼ਮਾ ਦੇ ਬੋਲ ਮੈਂਨੂੰ ਆਪਣੇ ਕੰਨਾਂ ਵਿੱਚ ਗੂੰਜਦੇ ਸੁਣਾਈ ਦੇਣ ਲੱਗੇ, “ਦੀਦੀ, ਕੁੜੀਆਂ ਨਾਲ ਇਹ ਵਿਤਕਰਾ ਕਿਉਂ? ਚਾਹੇ ਉੇਹ ਭਰੂਣ ਹੱਤਿਆ ਹੋਵੇ, ਚਾਹੇ ਦਾਜ ਦੀ ਬਲੀ ਹੋਵੇ, ਚਾਹੇ ਉਹ ਜ਼ਬਰ ਜਿਨਾਹ ਅਤੇ ਚਾਹੇ ਉਹ ਅਣਖ ਖਾਤਰ ਕਤਲ, ਹਮੇਸ਼ਾ ਕੁੜੀਆਂ ਨੂੰ ਹੀ ਕਿਉਂ ਮਰਨਾ ਪੈਂਦਾ ਹੈ? ਗਲਤੀਆਂ ਤਾਂ ਪੁੱਤ ਵੀ ਕਰਦੇ ਹਨ ਉਹਨਾਂ ਨੂੰ ਤਾਂ ਕੋਈ ਨਹੀਂ ਮਾਰਦਾ ਜੇ ਇਹੀ ਗਲਤੀ ਮੇਰੇ ਭਰਾ ਨੇ ਕੀਤੀ ਹੁੰਦੀ ਤਾਂ ਕੀ ਉਸ ਨੂੰ ਵੀ ਜ਼ਹਿਰ ਦਾ ਟੀਕਾ ਲਾਇਆ ਜਾਂਦਾ। ਮੈਂ ਠੀਕ ਕਹਿੰਦੀ ਸੀ ਦੀਦੀ, ਮੈਂਨੂੰ ਘਰ ਵਿੱਚ ਕੋਈ ਪਿਆਰ ਨਹੀਂ ਕਰਦਾ ਅਤੇ ਸ਼ਾਇਦ ਇਸੇ ਪਿਆਰ ਨੂੰ ਤਰਸਦੀ ਮੈਂ ਇਹ ਪਿਆਰ ਆਪਣੇ ਹਾਣੀ ਵਿੱਚ ਲੱਭ ਬੈਠੀ। ਪਰ ਇਹ ਪਿਆਰ ਵੀ ਪ੍ਰਵਾਨ ਨਾ ਚੜ੍ਹ ਸਕਿਆ। ਇਸ ਵਿੱਚ ਮੇਰਾ ਕੀ ਕਸੂਰ ...”
ਮੈਂਨੂੰ ਪਤਾ ਹੀ ਨਹੀਂ ਚੱਲਿਆ ਮੈਂ ਕਿਹੜੇ ਵਹਿਣਾਂ ਵਿੱਚ ਵਹਿ ਗਈ, ਕਦੋਂ ਮੇਰਾ ਚਿਹਰਾ ਹੰਝੂਆਂ ਨਾਲ ਭਿੱਜ ਗਿਆ ਅਤੇ ਕਦੋਂ ਮੈਂ ਉੱਚੀ ਉੱਚੀ ਕਹਿਣ ਲੱਗੀ, “ਰੇਸ਼ਮਾ, ਤੂੰ ਇਹ ਗਲਤੀ ਕਿਉਂ ਕੀਤੀ ਜਿਸਦੀ ਕੀਮਤ ਤੈਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਉਫ! ਇੰਨੀ ਜੋਸ਼ੀਲੀ ਜਵਾਨੀ ਦਾ ਇੰਨਾ ਖੌਫਨਾਕ ਅਤੇ ਦਰਦਨਾਕ ਅੰਤ!”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1756)
(ਸਰੋਕਾਰ ਨਾਲ ਸੰਪਰਕ ਲਈ: