“ਆਪਣੇ ਸਰੀਰ ਲਈ ਸਮਾਂ ਜ਼ਰੂਰ ਕੱਢੋ, ਜੀਵਨ ਦਾ ਅਨਮੋਲ ਖਜ਼ਾਨਾ ਇਹੀ ਹੈ। ਪੌਸ਼ਟਿਕ ਖੁਰਾਕ ਲਵੋ, ਜਿੰਨਾ ...”
(27 ਅਕਤੂਬਰ 2023)
ਜ਼ਿੰਦਗੀ ਵਿੱਚ ਸਭ ਤੋਂ ਵੱਡੀ ਨਿਆਮਤ ਪੈਸਾ-ਧੇਲਾ, ਕਾਰਾਂ, ਕੋਠੀਆਂ ਨਹੀਂ, ਬਲਕਿ ਤੰਦਰੁਸਤੀ ਹੈ। ਜੇਕਰ ਤੁਸੀਂ ਸਿਹਤ ਪੱਖੋਂ ਤੰਦਰੁਸਤ ਹੋ, ਕੋਈ ਦਵਾਈ ਨਹੀਂ ਖਾਂਦੇ, ਖਾਧਾ ਪੀਤਾ ਪਚਦਾ ਹੈ ਤਾਂ ਤੁਸੀਂ ਖੁਸ਼ਕਿਸਮਤ ਹੋ ਤੁਸੀਂ ਸਭ ਤੋਂ ਅਮੀਰ ਹੋ। ਬਿਮਾਰ ਹੋ ਕੇ ਮੰਜੇ ਉੱਤੇ ਪੈਣਾ ਬਹੁਤ ਔਖਾ ਹੈ। ਸਰੀਰ ਤੋਂ ਜਿੰਨਾ ਕੰਮ ਲੈ ਸਕਦੇ ਹੋ ਲਵੋ, ਬਿਮਾਰੀ ਬੰਦੇ ਨੂੰ ਢਹਿੰਦੀ ਕਲਾ ਵੱਲ ਧਕੇਲ ਦਿੰਦੀ ਹੈ। ਜਿੰਦਗੀ ਨੀਰਸ ਲੱਗਣ ਲੱਗ ਜਾਂਦੀ ਹੈ ਜ਼ਿੰਦਗੀ ਦੇ ਰੰਗ ਗਾਇਬ ਹੋ ਜਾਂਦੇ ਨੇ। ਆਲੇ ਦੁਆਲੇ ਤੁਰੇ ਫਿਰਦੇ ਲੋਕਾਂ ਨੂੰ ਦੇਖ ਕੇ ਲੱਗਦਾ ਹੈ ਕਿ ਅਸੀਂ ਹੀ ਕਿਉਂ ਬਿਮਾਰ ਹਾਂ? ਬਾਕੀ ਸਾਰੀ ਦੁਨੀਆ ਭੱਜੀ ਫਿਰਦੀ ਹੈ, ਕਿਸੇ ਨੂੰ ਕੋਈ ਬਿਮਾਰੀ ਨਹੀਂ।
ਧਿਆਨ ਦੇਣਾ ਕਿ ਜਦੋਂ ਅਸੀਂ ਬਿਮਾਰ ਹੁੰਦੇ ਹਾਂ ਤਾਂ ਸਾਡੇ ਮਨ ਵਿੱਚ ਸਾਡੀ ਬਿਮਾਰੀ ਹੀ ਚਲਦੀ ਰਹਿੰਦੀ ਹੈ। ਸਾਡੇ ਵਿਚਾਰਾਂ ਦੇ ਰਾਮ ਰੌਲੇ ਵੀ ਬਿਮਾਰੀ ਉੱਤੇ ਹੀ ਸੀਮਤ ਹੋ ਜਾਂਦੇ ਹਨ। ਸਾਡਾ ਮਨ ਹੋਰ ਕਿਸੇ ਵੀ ਪਾਸੇ ਲੱਗਦਾ ਹੀ ਨਹੀਂ। ਜੇਕਰ ਅਸੀਂ ਕਿਸੇ ਗੁੰਝਲਦਾਰ ਜਾ ਖਤਰਨਾਕ ਬਿਮਾਰੀ ਨਾਲ ਜੂਝ ਰਹੇ ਹਾਂ ਤਾਂ ਮਨ ਵਿੱਚ ਇਹੀ ਵਿਚਾਰ ਰਹਿੰਦਾ ਹੈ ਕਿ ਪਤਾ ਨਹੀਂ, ਅਸੀਂ ਠੀਕ ਹੋਵਾਂਗੇ ਜਾਂ ਮਰ ਹੀ ਜਾਵਾਂਗੇ। ਉਸ ਵਕਤ ਅਸੀਂ ਰੱਬ ਤੋਂ ਹੋਰ ਕੁਝ ਨਹੀਂ ਮੰਗਦੇ, ਬwਸ ਇਹੀ ਦੁਆ ਕਰਦੇ ਹਾਂ ਕਿ ਰੱਬਾ ਤੰਦਰੁਸਤੀ ਬਖਸ਼ ਦੇ। ਜਿਹੜਾ ਪੈਸਾ ਅਸੀਂ ਮਿਹਨਤਾਂ ਕਰ ਕਰ ਕੇ ਇਕੱਠਾ ਕੀਤਾ ਹੁੰਦਾ ਹੈ, ਉਹ ਬਿਮਾਰੀ ਉੱਤੇ ਖਰਚਣ ਲੱਗਿਆਂ ਭੋਰਾ ਵੀ ਨਹੀਂ ਸੋਚਦੇ। ਹਰੇਕ ਚੀਜ਼ ਖਰੀਦਣ ਵੇਲੇ ਅਸੀਂ ਵੇਚਣ ਵਾਲੇ ਨਾਲ ਮੋਲ ਤੋਲ ਕਰਦੇ ਹਾਂ, ਕੀਮਤ ਘੱਟ ਕਰਨ ਲਈ ਬਹਿਸਦੇ ਹਾਂ। ਪਰ ਡਾਕਟਰ ਇੱਕ ਅਜਿਹਾ ਸ਼ਖਸ ਹੁੰਦਾ ਹੈ ਜੋ ਬਿਨਾਂ ਬਹਿਸ ਤੋਂ ਸਾਡੀ ਜੇਬ ਵਿੱਚੋਂ ਪੈਸੇ ਕਢਵਾ ਲੈਂਦਾ ਹੈ ਕਿਉਂਕਿ ਇੱਥੇ ਸਵਾਲ ਸਾਡੀ ਜ਼ਿੰਦਗੀ ਦਾ ਹੁੰਦਾ ਹੈ।
ਜ਼ਿੰਦਗੀ ਕਿਸ ਨੂੰ ਪਿਆਰੀ ਨਹੀਂ ਹੁੰਦੀ, ਕੋਈ ਮਰਨਾ ਨਹੀਂ ਚਾਹੁੰਦਾ। ਪਰ ਜਦੋਂ ਬਿਮਾਰੀ ਨਾਸੂਰ ਬਣ ਜਾਵੇ ਤਾਂ ਕਈ ਲੋਕ ਬਿਮਾਰ ਰਹਿ ਰਹਿ ਕੇ ਵੀ ਅੱਕ ਜਾਂਦੇ ਨੇ ਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਆਤਮ ਹੱਤਿਆ ਕਰ ਲੈਂਦੇ ਨੇ। ਉਹਨਾਂ ਨੂੰ ਲੱਗਦਾ ਹੈ ਅਜਿਹੀ ਜ਼ਿੰਦਗੀ ਜੀਣ ਨਾਲੋਂ ਮਰਨਾ ਜ਼ਿਆਦਾ ਆਸਾਨ ਹੈ। ਪਰ ਜਿਹੜੇ ਲੋਕ ਮਾਨਸਿਕ ਪੱਖੋਂ ਮਜ਼ਬੂਤ ਹੁੰਦੇ ਹਨ, ਉਹ ਸਿਰਫ ਅਚੇਤ ਮਨ ਦੀ ਸ਼ਕਤੀ ਨਾਲ ਹੀ ਭਿਆਨਕ ਬਿਮਾਰੀਆਂ ਤੋਂ ਨਿਜਾਤ ਪਾ ਲੈਂਦੇ ਹਨ, ਗੱਲ ਸਿਰਫ ਵਿਸ਼ਵਾਸ ਦੀ ਹੁੰਦੀ ਹੈ।
ਇਕ ਸਖਸ਼ ਦੀ ਗੱਲ ਕਰਦੇ ਹਾਂ ਜੋ ਇੱਕ ਹਵਾਈ ਹਾਦਸੇ ਦਾ ਸ਼ਿਕਾਰ ਹੋ ਗਿਆ। ਉਸ ਦਾ ਹੈਲੀਕਾਪਟਰ ਕਰੈਸ਼ ਹੋ ਗਿਆ ਅਤੇ ਉਹ ਬਹੁਤ ਬੁਰੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ ਉਸਦੀ ਹਾਲਤ ਦੇਖ ਕੇ ਕਹਿ ਦਿੱਤਾ ਕਿ ਇਸ ਦਾ ਬਚਣਾ ਮੁਸ਼ਕਿਲ ਹੈ। ਜੇਕਰ ਬਚ ਵੀ ਗਿਆ ਤਾਂ ਸਾਰੀ ਜ਼ਿੰਦਗੀ ਅਪਾਹਜ ਹੋ ਕੇ ਬੈੱਡ ਜੋਗਾ ਹੀ ਰਹੇਗਾ। ਪਰ ਉਸ ਸ਼ਖਸ ਦਾ ਮਾਨਸਿਕ ਪੱਧਰ ਬਹੁਤ ਉੱਚਾ ਸੀ, ਉਸ ਨੇ ਆਪਣੇ ਆਪ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ ਅਤੇ ਉਹ ਹਰ ਰੋਜ਼ ਆਪਣੇ ਆਪ ਨੂੰ ਇਹ ਸੁਨੇਹਾ ਦਿੰਦਾ ਕਿ ਮੈਂ ਠੀਕ ਜਰੂਰ ਹੋਵਾਂਗਾ ਅਤੇ ਇੱਕ ਦਿਨ ਆਪਣੇ ਪੈਰਾਂ ਤੇ ਖੜ੍ਹਾ ਹੋਵਾਂਗਾ। ਉਸਨੇ ਆਪਣੇ ਅਚੇਤ ਮਨ ਵਿੱਚ ਇਹ ਇੱਛਾ ਭਰਨੀ ਸ਼ੁਰੂ ਕਰ ਦਿੱਤੀ। ਕੁਝ ਕੁ ਮਹੀਨਿਆਂ ਦੇ ਅੰਦਰ ਹੀ ਡਾਕਟਰਾਂ ਨੂੰ ਲੱਗਣ ਲੱਗ ਪਿਆ ਕਿ ਉਸਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਸਾਲ ਦੇ ਅੰਦਰ ਅੰਦਰ ਹੀ ਉਹ ਵਿਅਕਤੀ ਤੰਦਰੁਸਤ ਹੋ ਗਿਆ, ਜਿਸ ਨੂੰ ਡਾਕਟਰਾਂ ਨੇ ਕਿਹਾ ਸੀ ਕਿ ਉਹ ਕਦੇ ਆਪਣੇ ਪੈਰਾਂ ’ਤੇ ਚਲ ਨਹੀਂ ਸਕੇਗਾ। ਸੋ ਇਹ ਅਚੇਤ ਮਨ ਦੀ ਸ਼ਕਤੀ ਦਾ ਹੀ ਕਮਾਲ ਸੀ। ਇਹ ਅਚੇਤ ਮਨ ਦੀ ਸ਼ਕਤੀ ਹਰੇਕ ਦੇ ਅੰਦਰ ਹੁੰਦੀ ਹੈ ਪਰ ਬਹੁਤ ਘੱਟ ਲੋਕ ਇਸ ਦੀ ਵਰਤੋਂ ਕਰਦੇ ਹਨ। ਜਿਨ੍ਹਾਂ ਨੂੰ ਇਸ ਦੀ ਵਰਤੋਂ ਕਰਨੀ ਆ ਜਾਂਦੀ ਹੈ, ਉਹ ਇਸਦੀ ਸਹਾਇਤਾ ਨਾਲ ਹਰੇਕ ਅਸੰਭਵ ਨਜ਼ਰ ਆਉਂਦੀ ਚੀਜ਼ ਵੀ ਹਾਸਲ ਕਰ ਲੈਂਦੇ ਹਨ। ਪਰ ਜਿਆਦਾਤਰ ਲੋਕ ਆਪਣੇ ਮਨ ਨੂੰ ਹਮੇਸ਼ਾ ਨਕਾਰਾਤਮਕ ਸੋਚਾਂ ਨਾਲ ਭਰਦੇ ਰਹਿੰਦੇ ਹਨ। ਬਿਮਾਰ ਹੁੰਦੇ ਹੀ ਇਹ ਸੋਚਣ ਲੱਗ ਜਾਂਦੇ ਹਨ ਕਿ ਮੈਂ ਠੀਕ ਹੀ ਨਹੀਂ ਹੋਣਾ। ਸਾਡਾ ਮਨ ਇੰਨਾ ਕਮਾਲ ਦਾ ਹੈ ਕਿ ਜੇਕਰ ਕਿਸੇ ਬਿਮਾਰੀ ਦਾ ਡਰ-ਭੈ ਸਾਡੇ ਮਨ ਵਿੱਚ ਪ੍ਰਬਲ ਹੋ ਗਿਆ ਤਾਂ ਸਾਡੇ ਸਰੀਰ ਵਿੱਚੋਂ ਉਸ ਬਿਮਾਰੀ ਦੇ ਲੱਛਣ ਨਜ਼ਰ ਆਉਣ ਲੱਗ ਪੈਂਦੇ ਹਨ। ਇਸ ਲਈ ਮਨ ਨੂੰ ਕਦੇ ਵੀ ਅਜਿਹੀ ਨਕਾਰਾਤਮਕ ਖੁਰਾਕ ਨਾ ਦੇਵੋ।
ਆਪਣੇ ਸਰੀਰ ਲਈ ਸਮਾਂ ਜ਼ਰੂਰ ਕੱਢੋ, ਜੀਵਨ ਦਾ ਅਨਮੋਲ ਖਜ਼ਾਨਾ ਇਹੀ ਹੈ। ਪੌਸ਼ਟਿਕ ਖੁਰਾਕ ਲਵੋ, ਜਿੰਨਾ ਹੋ ਸਕਦਾ ਹੈ ਸਰੀਰ ਤੋਂ ਕੰਮ ਲਵੋ ਪੁਰਾਣੇ ਜਮਾਨੇ ਦੇ ਲੋਕਾਂ ਦੀ ਤੰਦਰੁਸਤੀ ਦਾ ਇਹੀ ਰਾਜ ਸੀ ਕਿ ਉਹ ਵਧੀਆ ਖੁਰਾਕ ਖਾਂਦੇ ਸਨ ਅਤੇ ਜੀ ਤੋੜ ਕੇ ਕੰਮ ਵੀ ਕਰਦੇ ਸਨ। ਇਸੇ ਲਈ ਉਹ ਬਿਮਾਰੀਆਂ ਦਾ ਸ਼ਿਕਾਰ ਘੱਟ ਹੁੰਦੇ ਸਨ। ਉਹਨਾਂ ਦੇ ਹਰੇਕ ਕੰਮ ਵਿੱਚ ਕਸਰਤ ਸ਼ਾਮਿਲ ਸੀ। ਮਾਨਸਿਕ ਪੱਧਰ ’ਤੇ ਵੀ ਉਹ ਬਹੁਤ ਜ਼ਿਆਦਾ ਮਜਬੂਤ ਸਨ ਕਿਉਂਕਿ ਮਨ ਦੇ ਵਲਵਲਿਆਂ ਨੂੰ ਸਾਂਝੇ ਕਰਨ ਲਈ ਸਾਂਝੇ ਟੱਬਰ ਸਨ। ਉਹਨਾਂ ਕੋਲ ਵਿਹਲ ਹੀ ਨਹੀਂ ਸੀ ਹੁੰਦੀ ਫਾਲਤੂ ਸੋਚਣ ਦੀ। ਇੱਕ ਦੂਜੇ ਨੂੰ ਗੱਲਾਂ ਕਹਿ ਕੇ ਉਹ ਹੌਲੇ ਫੁੱਲ ਹੋ ਜਾਂਦੇ ਸਨ। ਕੋਈ ਗੁੱਸਾ ਗਿਲਾ ਵੀ ਨਹੀਂ ਕਰਦਾ ਸੀ। ਪਰ ਅੱਜ ਅਸੀਂ ਮਾਨਸਿਕ ਸਮੱਸਿਆਵਾਂ ਦੇ ਸ਼ਿਕਾਰ ਕਿਉਂ ਹਾਂ? ਕਿਉਂਕਿ ਅਸੀਂ ਮੂੰਹਾਂ ਨੂੰ ਅਸੀਂ ਜਿੰਦਰੇ ਲਾ ਲਏ ਹਨ। ਨਾ ਕਿਸੇ ਨੂੰ ਕੁਝ ਕਹਿਣਾ ਅਤੇ ਨਾ ਕੁਝ ਕਿਸੇ ਤੋਂ ਸੁਣਨਾ। ਸਾਡਾ ਸੁਣਨ ਦਾ ਮਾਦਾ ਬਹੁਤ ਘਟ ਗਿਆ ਹੈ। ਸਾਨੂੰ ਲੱਗਦਾ ਹੈ ਦੁਨੀਆ ਉੱਤੇ ਅਸੀਂ ਹੀ ਸਿਆਣੇ ਜੰਮੇ ਹਾਂ। ਅਜਿਹੇ ਸਿਆਣਿਆਂ ਨੂੰ ਹੀ ਸਭ ਤੋਂ ਪਹਿਲਾਂ ਮਾਨਸਿਕ ਬਿਮਾਰੀਆਂ ਚਿੰਬੜਦੀਆਂ ਨੇ। ਅਜਿਹੇ ਲੋਕ ਆਪਣੇ ਆਲੇ ਦੁਆਲੇ ਵੀ ਨਕਾਰਾਤਮਕ ਮਾਹੌਲ ਪੈਦਾ ਕਰ ਦਿੰਦੇ ਹਨ, ਜਿਸ ਨਾਲ ਉਹਨਾਂ ਦੇ ਨਾਲ ਰਹਿਣ ਵਾਲਿਆਂ ਉੱਤੇ ਵੀ ਬੁਰਾ ਅਸਰ ਪੈਂਦਾ ਹੈ। ਸੋ ਅੱਜ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਮਾਨਸਿਕ ਤੰਦਰੁਸਤੀ ਵੀ ਬਹੁਤ ਜਰੂਰੀ ਹੈ, ਤਾਂ ਹੀ ਅਸੀਂ ਸੰਤੁਲਨ ਵਾਲੀ ਜ਼ਿੰਦਗੀ ਜੀ ਸਕਾਂਗੇ। ਕਿਉਂਕਿ ਮਾਨਸਿਕ ਬਿਮਾਰੀ ਹੀ ਫਿਰ ਸਰੀਰਕ ਬਿਮਾਰੀਆਂ ਦਾ ਕਾਰਨ ਬਣਦੀ ਹੈ, ਜਿਸ ਇਨਸਾਨ ਵਿੱਚ ਗੁੱਸਾ ਅਤੇ ਈਰਖਾ ਜ਼ਿਆਦਾ ਹੁੰਦੀ ਹੈ। ਫਿਰ ਉਹ ਇਨਸਾਨ ਘੁਣ ਵਾਂਗ ਅੰਦਰ ਹੀ ਅੰਦਰ ਘੁਲਦਾ ਰਹਿੰਦਾ ਹੈ ਅਤੇ ਸਮਾਜ ਨਾਲੋਂ ਵੀ ਟੁੱਟ ਜਾਂਦਾ ਹੈ। ਸਾਰੇ ਉਸ ਨੂੰ ਵੈਰੀ ਹੀ ਨਜ਼ਰ ਆਉਂਦੇ ਹਨ।
ਜਿੰਦਗੀ ਸਾਨੂੰ ਇੱਕ ਵਾਰ ਮਿਲੀ ਹੈ, ਇਸ ਨੂੰ ਰੱਜ ਕੇ ਜੀਓ। ਹੱਸੋ ਖੇਡੋ, ਦਿਲ ਦੀਆਂ ਗੰਢਾ ਖੋਲ੍ਹੋ। ਬਜ਼ੁਰਗਾਂ ਦਾ ਸਤਿਕਾਰ ਕਰੋ, ਕੁਝ ਸਮਾਂ ਬੱਚਿਆਂ ਨਾਲ ਬੱਚੇ ਬਣ ਜਾਵੋ। ਜੋ ਗਿਲੇ ਸ਼ਿਕਵਿਆਂ ਦਾ ਬੋਝ ਚੁੱਕੀ ਫਿਰਦੇ ਹੋ, ਉਸ ਨੂੰ ਭੁਲਾ ਦੇਵੋ ਕਿਉਂਕਿ ਇਹ ਤੁਹਾਡੀ ਸਾਰੀ ਸ਼ਕਤੀ ਚੂਸ ਰਿਹਾ ਹੈ। ਉਸ ਪਰਮਾਤਮਾ ਦਾ ਸ਼ੁਕਰਾਨਾ ਕਰੋ ਕਿ ਤੁਹਾਨੂੰ ਐਨੀ ਸੋਹਣੀ ਜ਼ਿੰਦਗੀ ਅਤੇ ਐਨਾ ਸੋਹਣਾ ਸਰੀਰ ਬਖਸ਼ਿਆ ਹੈ। ਖੁਸ਼ ਰਿਹਾ ਕਰੋ, ਆਪਾਂ ਕਿਹੜਾ ਇੱਥੇ ਸਦਾ ਹੀ ਬੈਠੇ ਰਹਿਣਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4426)
(ਸਰੋਕਾਰ ਨਾਲ ਸੰਪਰਕ ਲਈ: (