“ਮਾਸੂਮ ਬੱਚਿਆਂ ਨੂੰ ਅੰਗਰੇਜ਼ ਬਣਾਉਣ ਦੀ ਦੌੜ ਵਿੱਚ ਉਹਨਾਂ ਨੂੰ ਮਾਂ-ਬੋਲੀ ਨਾਲੋਂ ਜ਼ਬਰਦਸਤ ਤਰੀਕੇ ਨਾਲ ਤੋੜਿਆ ...”
(21 ਫਰਬਰੀ 2018)
ਅੱਜ ਫਰਵਰੀ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ’ਤੇ ਵਿਸ਼ੇਸ਼ ਲੇਖ
ਅੱਜ ਮੌਜੂਦਾ ਪੰਜਾਬ ਵਿੱਚ ਮਾਂ ਬੋਲੀ ਦੇ ਨਿਰਾਦਰ ਦਾ ਵਿਸ਼ਾ ਬਹੁਤ ਹੀ ਸੰਜੀਦਾ ਅਤੇ ਵਿਚਾਰਨਯੋਗ ਬਣਦਾ ਜਾ ਰਿਹਾ ਹੈ। ਅਕਸਰ ਸਾਹਿਤਿਕ ਪਿੜਾਂ ਵਿੱਚ ਇਹ ਮਸਲਾ ਗਰਮਾਇਆ ਰਹਿੰਦਾ ਹੈ ਕਿਉਂਕਿ ਅੱਜ ਦੀ ਨੌਜਵਾਨ ਪੀੜੀ ਪੰਜਾਬੀ ਭਾਸ਼ਾ ਤੋਂ ਮੁੱਖ ਮੋੜ ਰਹੀ ਹੈ। ਅੱਜ ਠੇਠ ਪੰਜਾਬੀ ਬੋਲਣ ਵਾਲੇ ਨੂੰ ਗੰਵਾਰ ਜਾਂ ਪੇਂਡੂ ਦਾ ਦਰਜਾ ਦਿੱਤਾ ਜਾਂਦਾ ਹੈ। ਭਾਸ਼ਾ ਕੋਈ ਵੀ ਮਾੜੀ ਨਹੀਂ ਹੁੰਦੀ ਕਿਉਂਕਿ ਜਿੰਨੀਆਂ ਭਾਸ਼ਾਵਾਂ ਬਾਰੇ ਤੁਹਾਨੂੰ ਗਿਆਨ ਹੋਵੇਗਾ ਉੰਨਾ ਹੀ ਤੁਹਾਡੀ ਸ਼ਖਸ਼ੀਅਤ ਵਿੱਚ ਨਿਖਾਰ ਆਵੇਗਾ ਪਰ ਆਪਣੀ ਮਾਂ ਬੋਲੀ ਨੂੰ ਪਿੱਛੇ ਸੁੱਟ ਕੇ ਦੂਜੀਆਂ ਭਾਸ਼ਾਵਾਂ ਨੂੰ ਮੋਹਰੀ ਬਣਾਉਣਾ ਵੀ ਗਲਤ ਹੈ। ਲੱਖ ਚਾਚੀਆਂ ਤਾਈਆਂ ਹੋਣ ਪਰ ਮਾਂ ਤਾਂ ਮਾਂ ਹੀ ਹੁੰਦੀ ਹੈ।
ਇਸ ਵਰਤਾਰੇ ਵਿੱਚ ਕਿਸੇ ਵੀ ਇਨਸਾਨ ਦਾ ਬਚਪਨ ਬਹੁਤ ਅਹਿਮਿਅਤ ਰੱਖਦਾ ਹੈ। ਅਤੇ ਅੱਜ ਮਹਿੰਗੇ ਪ੍ਰਾਈਵੇਟ ਸਕੂਲਾਂ ਦੀ ਮਾਸੂਮ ਬੱਚਿਆਂ ਨੂੰ ਅੰਗਰੇਜ਼ ਬਣਾਉਣ ਦੀ ਦੌੜ ਵਿੱਚ ਉਹਨਾਂ ਨੂੰ ਮਾਂ-ਬੋਲੀ ਨਾਲੋਂ ਜ਼ਬਰਦਸਤ ਤਰੀਕੇ ਨਾਲ ਤੋੜਿਆ ਜਾ ਰਿਹਾ ਹੈ। ਇਹਨਾਂ ਸਕੂਲਾਂ ਨੇ ਤਾਂ ਸਹੁੰ ਖਾਧੀ ਹੋਈ ਹੈ ਕਿ ਬੱਚਿਆਂ ਨੂੰ ਦੇਸੀ ਅੰਗਰੇਜ਼ ਬਣਾ ਕੇ ਹੀ ਛੱਡਣਾ ਹੈ। ਇਸ ਲਈ ਸਕੂਲਾਂ ਵਿੱਚ ਪੰਜਾਬੀ ਬੋਲਣ ਦੀ ਸਖਤ ਮਨਾਹੀ ਹੈ, ਜਬਰਦਸਤੀ ਅੰਗਰੇਜ਼ੀ ਥੋਪੀ ਜਾਂਦੀ ਹੈ। ਅਤੇ ਨਾ ਬੋਲਣ ਤੇ ਜ਼ੁਰਮਾਨਾ ਵੀ ਲਾਇਆ ਜਾਂਦਾ ਹੈ। ਮਾਪੇ ਅਧਿਆਪਕ ਮਿਲਣੀ ’ਤੇ ਵੀ ਇਹੀ ਰਾਗ ਅਲਾਪਿਆ ਜਾਂਦਾ ਹੈ ਕਿ ਘਰ ਵੀ ਬੱਚਿਆਂ ਨਾਲ ਅੰਗਰੇਜ਼ੀ ਵਿੱਚ ਹੀ ਗੱਲ ਕੀਤੀ ਜਾਵੇ ਅਤੇ ਕਈ ਬਹੁਤ ਹੀ ‘ਸਮਝਦਾਰ’ ਮਾਪੇ ਘਰ ਆ ਕੇ ਵੀ ਬੱਚਿਆਂ ਨੂੰ ਪੰਜਾਬੀ ਨਹੀਂ ਬੋਲਣ ਨਹੀਂ ਦਿੰਦੇ ਅਤੇ ਆਪ ਵੀ ਉਸ ਨਾਲ ਮਿਲਗੋਭਾ ਹਿੰਦੀ ਅੰਗਰੇਜ਼ੀ ਵਿੱਚ ਗੱਲ ਕਰਨਗੇ। ਅੰਗਰੇਜ਼ੀ ਸਿੱਖਣੀ ਕੋਈ ਮਾੜੀ ਗੱਲ ਨਹੀਂ ਕਿਉਂਕਿ ਇਹ ਅੰਤਰਰਾਸ਼ਟਰੀ ਭਾਸ਼ਾ ਹੈ, ਜੋ ਬਾਕੀ ਦੁਨੀਆਂ ਵਿੱਚ ਵਿਚਰਦਿਆਂ ਸੰਚਾਰ ਦਾ ਮਾਧਿਅਮ ਬਣੇਗੀ ਪਰ ਮਾਂ ਬੋਲੀ ਵਿੱਚ ਮੁਹਾਰਤ ਉਸ ਤੋਂ ਵੀ ਜ਼ਰੂਰੀ ਹੈ।
ਅੱਜ ਆਲਮ ਇਹ ਹੈ ਕਿ ਪਿੰਡਾਂ ਵਿੱਚ ਰਹਿਣ ਵਾਲੇ ਪ੍ਰਾਈਵੇਟ ਸਕੂਲਾਂ ਵਿੱਚ ਵੱਡੀਆਂ ਕਲਾਸਾਂ ਵਿੱਚ ਪੜ੍ਹਨ ਵਾਲੇ ਵੀ 50 ਤੱਕ ਪੰਜਾਬੀ ਦੀ ਗਿਣਤੀ ਨਹੀਂ ਜਾਣਦੇ, 100 ਤਾਂ ਬਹੁਤ ਦੂਰ ਦੀ ਗੱਲ ਹੈ। ਪਰ ਦੂਜੇ ਪਾਸੇ ਅੰਗਰੇਜ਼ੀ ਦੀ ਗਿਣਤੀ ਐੱਲ.ਕੇ.ਜੀ ਵਾਲਾ ਵੀ ਰਟੀ ਫਿਰਦਾ ਹੈ। ਛੋਟੀ ਪਨੀਰੀ ਤਾਂ ਅੰਗਰੇਜ਼ੀ ਦੀਆਂ ਕਵਿਤਾਵਾਂ ਸੁਣਾਉਂਦੀ ਅੰਗਰੇਜ਼ਾਂ ਦੇ ਜੁਆਕਾਂ ਨੂੰ ਵੀ ਮਾਤ ਪਾਉਂਦੀ ਹੈ। ਇਸ ਦਾ ਕਾਰਣ ਇਹ ਹੈ ਕਿ ਅੰਗਰੇਜ਼ੀ ਵਿਸ਼ਾ ਮੁੱਢਲੀਆਂ ਕਲਾਸਾਂ (ਨਰਸਰੀ,ਐਲ.ਕੇ.ਜੀ) ਵਿੱਚ ਸ਼ੁਰੂ ਕਰ ਦਿੱਤਾ ਜਾਂਦਾ ਹੈ ਪਰ ਪੰਜਾਬੀ ਨੂੰ ਪਹਿਲੀ ਜਾਂ ਦੂਜੀ ਕਲਾਸ ਵਿੱਚ ਸ਼ੁਰੂ ਕੀਤਾ ਜਾਂਦਾ ਹੈ। ਅੱਜ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਨ ਵਾਲੇ ਜ਼ਿਆਦਾਤਰ ਸ਼ਹਿਰੀ ਬੱਚੇ ਬਾਕੀ ਵਿਸ਼ਿਆਂ ਵਿੱਚ ਤਾਂ ਕਾਰਗੁਜ਼ਾਰੀ ਬਹੁਤ ਵਧੀਆ ਦਿਖਾਉਂਦੇ ਹਨ ਪਰ ਪੰਜਾਬੀ ਵਿਸ਼ੇ ਵਿੱਚ ਉਹ ਲਗਾਤਾਰ ਪਛੜ ਰਹੇ ਹਨ। ਉਹਨਾਂ ਨੂੰ ਪੰਜਾਬੀ ਔਖੀ ਲਗਦੀ ਹੈ। ਪਰ ਨਾ ਤਾ ਸਕੂਲ ਅਤੇ ਨਾ ਹੀ ਮਾਪੇ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਜ਼ਿਆਦਾਤਰ ਵਿਦਿਆਰਥੀ ਸ਼ੁੱਧ ਪੰਜਾਬੀ ਲਿਖ ਹੀ ਨਹੀਂ ਸਕਦੇ। ਇਸ ਲਈ ਮਾਪਿਆਂ ਨੂੰ ਖੁਦ ਹੀ ਬੱਚਿਆਂ ਨੂੰ ਘਰ ਵਿੱਚ ਪੰਜਾਬੀ ਨਾਲ ਜੋੜਨਾ ਚਾਹੀਦਾ ਹੈ। ਉਹਨਾਂ ਨਾਲ ਸ਼ੁੱਧ ਪੰਜਾਬੀ ਵਿੱਚ ਗੱਲ ਕਰੋ। ਬੱਚਿਆਂ ਨੂੰ ਪੰਜਾਬੀ ਸਾਹਿਤ ਪੜ੍ਹਨ ਦੀ ਆਦਤ ਪਾਓ, ਘਰ ਵਿੱਚ ਪੰਜਾਬੀ ਅਖਬਾਰ ਜ਼ਰੂਰ ਲਗਵਾਓ। ਸਿਰਫ ਕਾਰਟੂਨਾਂ ਨਾਲ ਹੀ ਬੱਚਿਆਂ ਦਾ ਟਾਇਮ ਪਾਸ ਨਾ ਕਰਾਓ।
ਪਰਵਾਸੀ ਪੰਜਾਬੀਆਂ ਤੋਂ ਕੁਝ ਸਿੱਖੋ ਜਿਹਨਾਂ ਨੇ ਵਿਦੇਸ਼ਾਂ ਵਿੱਚ ਵਸਣ ਦੇ ਬਾਵਜੂਦ ਆਪਣੀ ਮਾਂ-ਬੋਲੀ ਦੇ ਵਜੂਦ ਨੂੰ ਨਹੀਂ ਵਿਸਾਰਿਆ ਅਤੇ ਇੰਗਲੈਂਡ, ਕਨੇਡਾ ਅਤੇ ਅਮਰੀਕਾ ਵਰਗੇ ਮੁਲਕਾਂ ਵਿੱਚ ਵੀ ਮਾਂ-ਬੋਲੀ ਨੂੰ ਵਿਸ਼ੇਸ਼ ਦਰਜ਼ਾ ਦੁਆਇਆ ਹੈ ਅਤੇ ਆਪਣੀ ਭਵਿੱਖੀ ਨਸਲ ਦੀ ਵੀ ਪੰਜਾਬੀ ਬੋਲੀ, ਆਪਣੇ ਧਰਮ ਅਤੇ ਸੱਭਿਆਚਾਰ ਨਾਲ ਨਿੱਘੀ ਸਾਂਝ ਪੁਆਈ ਹੈ। ਹੋਰ ਤਾਂ ਹੋਰ ਅੰਗਰੇਜ਼ਾਂ ਨੂੰ ਵੀ ਆਪਣੇ ਰੰਗ ਵਿੱਚ ਰੰਗਿਆ ਹੈ ਅਤੇ ਆਪਣੀ ਮਾਂ-ਬੋਲੀ ਨੂੰ ਵਿਦੇਸ਼ਾਂ ਵਿੱਚ ਵੀ ਮਾਣ ਬਖਸ਼ਿਆ ਹੈ। ਵਿਦੇਸ਼ਾਂ ਵਿੱਚ ਬੈਠੇ ਵੀ ਉਹ ਪੰਜਾਬੀ ਅਖਬਾਰ ਅਤੇ ਮੈਗਜ਼ੀਨ ਛਾਪ ਕੇ ਇਸ ਦੀ ਸੇਵਾ ਕਰ ਰਹੇ ਹਨ। ਪਰ ਅਸੀਂ ਆਪਣੇ ਘਰ ਵਿੱਚ ਹੀ ਆਪਣੀ ਮਾਂ-ਬੋਲੀ ਦੀ ਬੇਕਦਰੀ ਕੀਤੀ ਪਈ ਹੈ। ਪਤਾ ਨਹੀ ਕਿਉਂ ਅਸੀਂ ਆਪਣੇ ਬੱਚਿਆਂ ਨੂੰ ਦੇਸੀ ਅੰਗਰੇਜ਼ ਬਣਾਉਣ ’ਤੇ ਜ਼ੋਰ ਲਾਇਆ ਪਿਆ ਹੈ। ਆਪਾਂ ਤਾਂ ਵੈਸੇ ਕੋਈ ਯੂ.ਪੀ, ਬਿਹਾਰ ਵਾਲੇ ਭਈਏ ਜਾਂ ਕੰਮ ਵਾਲੀਆਂ ਨੂੰ ਵੀ ਇੰਨਾ ਮਾਣ ਬਖਸ਼ਦੇ ਹਾਂ ਕਿ ਝੱਟ ਆਪਣੀ ਬੋਲੀ ਛੱਡ ਕੇ ਉਹਨਾਂ ਨਾਲ ਗੁਲਾਬੀ ਹਿੰਦੀ ਵਿੱਚ ਗੱਲਾਂ ਕਰਨ ਲੱਗ ਜਾਂਦੇ ਹਾਂ ਪਰ ਜਦੋਂ ਉਹ ਅੱਗੋਂ ਸਾਡੇ ਨਾਲ ਪੰਜਾਬੀ ਵਿੱਚ ਗੱਲ ਕਰਨ ਲੱਗ ਜਾਣ ਤਾਂ ਬੜੀ ਕਸੂਤੀ ਸਥਿਤੀ ਬਣ ਜਾਂਦੀ ਹੈ।
ਇਸ ਲਈ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਤੇ ਇਹ ਪ੍ਰਣ ਕਰੀਏ ਕਿ ਆਪਣੀ ਮਾਂ-ਬੋਲੀ ਦੀ ਬਿਹਤਰੀ ਲਈ ਆਪਣੇ ਬੱਚਿਆਂ ਨੂੰ ਇਸ ਨਾਲ ਜੋੜੀਏ ਕਿਉਂਕਿ ਇਹ ਸਾਡੇ ਮਹਾਨ ਗੁਰੂਆਂ ਪੀਰਾਂ ਦੀ ਜਾਈ ਹੈ।
ਮਾੜੀ-ਮੋਟੀ ਜੀਹਨੂੰ ਵੀ ਅੰਗਰੇਜ਼ੀ ਆਉਂਦੀ ਹੈ,
ਸਾਰੀ ਦੁਨੀਆਂ ਉਸ ਨੂੰ ਜੀ ਜੀ ਆਖ ਬੁਲਾਉਂਦੀ ਹੈ।
ਮੰਜਿਲ ਕਦੇ ਨਸੀਬ ਨਾ ਹੁੰਦੀ ਡੋਲਣ ਵਾਲੇ ਨੂੰ,
ਕਿਉਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ।
ਬੱਚਿਆਂ ਨੂੰ ਵੀ ਰੱਖਦੇ ਲੋਕੀ ਦੂਰ ਪੰਜਾਬੀ ਤੋਂ,
ਐਡੀ ਵੀ ਕੀ ਗਲਤੀ ਹੋ ਗਈ ਬੋਲੀ ਸਾਡੀ ਤੋਂ।
ਮਿਲੇ ਤਰੱਕੀ ਮਾਂ-ਬੋਲੀ ਹੁਣ ਰੋਲਣ ਵਾਲੇ ਨੂੰ’
ਕਿਉਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ।
*****
(1025)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)