“ਸਾਡੀ ਹਕੂਮਤ ਨੂੰ ਇਹ ਭੁਲੇਖਾ ਕਿਉਂ ਹੈ ਕਿ ਸਿਰਫ਼ ਉਹ ਜੋ ਕਰ ਰਹੇ ਹਨ, ਸਭ ਠੀਕ ਹੈ ...”
(6 ਫਰਵਰੀ 2021)
(ਸ਼ਬਦ: 910)
ਅੱਜ ਕਿਸਾਨੀ ਸੰਘਰਸ਼ ਅੰਤਰਰਾਸ਼ਟਰੀ ਪੱਧਰ ’ਤੇ ਵੀ ਇੱਕ ਭਖਵਾਂ ਮਸਲਾ ਬਣ ਚੁੱਕਾ ਹੈ ਜੋ ਕਿ ਸੱਤਾਧਾਰੀ ਸਰਕਾਰ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਤਿੰਨੋਂ ਬਿੱਲ ਜੋ ਸਰਕਾਰ ਨੇ ਪਾਸ ਕੀਤੇ ਹਨ ਉਹ ਕਿਸਾਨਾਂ ਦੇ ਹਿਤਾਂ ਲਈ ਭਵਿੱਖ ਵਿੱਚ ਲਾਭਦਾਇਕ ਹੋਣਗੇ। ਪਰ ਦੂਜੇ ਪਾਸੇ ਕਿਸਾਨਾਂ ਦੀ ਇਹ ਰਾਇ ਹੈ ਕਿ ਇਹ ਕਿਸਾਨ ਮਾਰੂ ਬਿੱਲ ਹਨ ਜੋ ਕਿ ਕਿਸਾਨੀ ਦਾ ਭਵਿੱਖ ਤਬਾਹ ਕਰ ਦੇਣਗੇ, ਕਿਉਂਕਿ ਇਹ ਬਿੱਲ ਕਾਰਪੋਰੇਟ ਅਦਾਰਿਆਂ ਨੂੰ ਲਾਭ ਦੇਣ ਹਿਤ ਲਾਗੂ ਕੀਤੇ ਜਾ ਰਹੇ ਹਨ।
ਸੋ ਇਸ ਵਿਰੋਧਾਭਾਸ ਦੇ ਚਲਦੇ ਹੋਏ ਸਰਕਾਰ ਅਤੇ ਕਿਸਾਨਾਂ ਦੇ ਵਿਚਕਾਰ ਖਿੱਚੋਤਾਣ ਚੱਲ ਰਹੀ ਹੈ। ਕਿਸਾਨ ਇਨ੍ਹਾਂ ਬਿੱਲਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਦੋ ਢਾਈ ਮਹੀਨਿਆਂ ਤੋਂ ਠੰਢ ਅਤੇ ਮੀਂਹ ਦੇ ਬਾਵਜੂਦ ਦਿੱਲੀ ਦੇ ਨਾਲ ਲੱਗਦੇ ਬਾਰਡਰਾਂ ਉੱਤੇ ਪਰਿਵਾਰਾਂ ਸਮੇਤ ਧਰਨੇ ’ਤੇ ਬੈਠੇ ਹਾਂ। ਪਰ ਸਰਕਾਰ ਵੀ ਟੱਸ ਤੋਂ ਮੱਸ ਨਹੀਂ ਹੋ ਰਹੀ।
ਇਹ ਅੰਦੋਲਨ ਲੋਕ ਰੋਹ ਨੂੰ ਬਾਖ਼ੂਬੀ ਪੇਸ਼ ਕਰ ਰਿਹਾ ਹੈ ਪਰ ਮੌਜੂਦਾ ਹਕੂਮਤ ਉਨ੍ਹਾਂ ਦਾ ਦਰਦ ਕੀ ਸਮਝੇਗੀ ਜੋ ਇਸ ਸਭ ਨੂੰ ਪ੍ਰਾਪੇਗੰਡਾ, ਪਿਕਨਿਕ ਦਾ ਰੂਪ ਦੇਣ ਵਿੱਚ ਲੱਗੀ ਹੋਈ ਹੈ। ਕੱਲ੍ਹ ਜਦੋਂ ਕਿਸਾਨਾਂ ਦੇ ਇਸ ਸੰਘਰਸ਼ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਕੁਝ ਸੈਲੀਬ੍ਰਿਟੀਜ਼ ਨੇ ਟਵੀਟ ਦੇ ਜ਼ਰੀਏ ਟਵਿਟਰ ’ਤੇ ਸਪੋਟ ਕੀਤਾ ਤਾਂ ਕਿਸ ਤਰ੍ਹਾਂ ਪੂਰੇ ਦੇਸ਼ ਵਿੱਚ ਸਿਆਸੀ ਭੂਚਾਲ ਆ ਗਿਆ।
ਅਮਰੀਕਾ ਦੇਸ਼ ਦੀ ਰਹਿਣ ਵਾਲੀ ਬੱਤੀ ਸਾਲ ਦੀ ਪੌਪ ਸਿੰਗਰ ਰੇਹਾਨਾ ਨੇ ਆਪਣੇ ਟਵੀਟ ਵਿੱਚ ਸਿਰਫ਼ ਇਹ ਕਿਹਾ ਸੀ ਕਿ “ਅਸੀਂ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਹੇ” ਅਤੇ ਉਸ ਨੇ # ਫਾਰਮਰ ਪ੍ਰੋਟੈਸਟ ਲਿਖਿਆ। ਉਸ ਨੇ ਨਾ ਤਾਂ ਖੇਤੀ ਬਿੱਲ ਪੜ੍ਹੇ ਹੋਣਗੇ ਅਤੇ ਨਾ ਹੀ ਸਹੀ ਜਾਂ ਗਲਤ ਹੋਣ ਬਾਰੇ ਲਿਖਿਆ, ਉਸਨੇ ਸਿਰਫ਼ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹੋਏ ਕਿਸਾਨ ਧਰਨਿਆਂ ’ਤੇ ਇੰਟਰਨੈੱਟ ਬੰਦ ਕਰਨ ਦੀ ਗੱਲ ਕੀਤੀ ਸੀ। ਪਰ ਉਸ ਦੇ ਇਸ ਟਵੀਟ ਨੇ ਪਿਛਲੇ ਮਹੀਨਿਆਂ ਤੋਂ ਕਿਸਾਨੀ ਅੰਦੋਲਨ ਨੂੰ ਜਾਣ ਬੁੱਝ ਕੇ ਅੱਖੋਂ ਪਰੋਖੇ ਕਰਕੇ ਚੈਨ ਦੀ ਨੀਂਦ ਸੁੱਤੇ ਕੁਝ ਬਾਲੀਵੁੱਡ ਅਤੇ ਕ੍ਰਿਕਟ ਖਿਡਾਰੀਆਂ ਦੀ ਨੀਂਦ ਉਡਾ ਦਿੱਤੀ। ਉਨ੍ਹਾਂ ਨੇ ਟਵਿਟਰ ਉੱਤੇ ਟਵੀਟਸ ਦੀ ਹਨ੍ਹੇਰੀ ਲੈ ਆਂਦੀ ਅਤੇ ਆਪਣੇ ਦੇਸ਼ ਪ੍ਰੇਮ ਦਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ। ਪਰ ਜਦੋਂ ਦੇਸ਼ ਦਾ ਅੰਨਦਾਤਾ ਇੰਨੀ ਠੰਢ ਵਿੱਚ ਬਾਰਡਰਾਂ ’ਤੇ ਰੁਲ ਰਿਹਾ ਹੈ ਅਤੇ ਆਪਣੀਆਂ ਜਾਨਾਂ ਅਜਾਈਂ ਗਵਾ ਰਿਹਾ ਹੈ, ਉਦੋਂ ਇਨ੍ਹਾਂ ਲੋਕਾਂ ਨੇ ਕਦੀ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ। ਅਜਿਹੇ ਦੋਗਲੇ ਕਿਰਦਾਰਾਂ ਵਾਲਿਆਂ ਨੂੰ ਅਸੀਂ ਸਿਰਾਂ ’ਤੇ ਬਿਠਾ ਕੇ ਰੱਖਿਆ ਹੋਇਆ ਸੀ। ਕਿਸਾਨੀ ਅੰਦੋਲਨ ਨੇ ਕਈਆਂ ਦੇ ਚਿਹਰੇ ਨੰਗੇ ਕੀਤੇ ਹਨ।
ਇਸ ਅੰਦੋਲਨ ਨੇ ਨੈਸ਼ਨਲ ਮੀਡੀਆ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ। ਇੱਕ ਹਿੱਸੇ ਦਾ ਜ਼ੋਰ ਕਿਸਾਨਾਂ ਨੂੰ ਖਾਲਿਸਤਾਨੀ, ਵੱਖਵਾਦੀ, ਅੱਤਵਾਦੀ ਸਾਬਿਤ ਕਰਨ ਲਈ ਲੱਗਿਆ ਹੋਇਆ ਹੈ। ਉਨ੍ਹਾਂ ਨੇ ਤਾਂ ਰਿਹਾਨਾ ਨੂੰ ਵੀ ਨਹੀਂ ਬਖ਼ਸ਼ਿਆ ਅਤੇ ਉਸ ਦਾ ਵੀ ਖਾਲਿਸਤਾਨ ਨਾਲ ਕੁਨੈਕਸ਼ਨ ਜੋੜ ਦਿੱਤਾ ਹੈ। ਕਈਆਂ ਨੇ ਕਿਹਾ ਕਿ ਉਸ ਨੇ ਇਹ ਟਵੀਟ ਪੈਸੇ ਲੈ ਕੇ ਕੀਤਾ ਹੈ। ਹੁਣ ਸਾਡੇ ਕਮਲਿਆਂ ਨੂੰ ਕੌਣ ਸਮਝਾਵੇ ਕਿ ਉਹ ਤਾਂ ਭਾਈ 600 ਮਿਲੀਅਨ ਡਾਲਰ ਦੀ ਮਾਲਕਣ ਹੈ।
ਦੂਜੇ ਪਾਸੇ ਜਦੋਂ ਸਵੀਡਨ ਦੀ ਇੱਕ 17 ਸਾਲਾ ਕੁੜੀ ਵਾਤਾਵਰਣ ਪ੍ਰੇਮੀ ਗ੍ਰੇਟਾ ਥਨਬਰਗ ਨੇ ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਟਵੀਟ ਕੀਤਾ ਤਾਂ ਉਸ ਉੱਤੇ ਦਿੱਲੀ ਪੁਲੀਸ ਵੱਲੋਂ FIR ਦਰਜ ਕਰ ਦਿੱਤੀ ਗਈ। ਪਰ ਉਸ ਨੇ ਫਿਰ ਟਵੀਟ ਦੇ ਕੇ ਕਿਹਾ ਕਿ ਮੈਂ ਹੁਣ ਵੀ ਕਿਸਾਨਾਂ ਦੇ ਨਾਲ ਹਾਂ, ਮੈਂਨੂੰ ਕਿਸੇ ਦਾ ਡਰ ਨਹੀਂ ਹੈ। ਅਜਿਹੀਆਂ ਗੱਲਾਂ ਸੁਣ ਕੇ ਬਾਹਰਲੇ ਵੀ ਸੋਚਦੇ ਹੋਣਗੇ ਕਿ ਭਾਰਤ ਵਾਲਿਆਂ ਦੀ ਸੋਚ ਕਿਹੋ ਜਿਹੀ ਹੈ। ਬਾਹਰਲੇ ਲੋਕਾਂ ਨੇ ਸਾਡੇ ਕਿਸਾਨਾਂ ਦਾ ਦਰਦ ਮਹਿਸੂਸ ਕੀਤਾ ਪਰ ਸਾਡੇ ਖੁਦ ਦੇ ਦੋਗਲੇ ਕਿਰਦਾਰਾਂ ਵਾਲਿਆਂ ਨੇ ਕਿਸਾਨਾਂ ਨੂੰ ਅੱਤਵਾਦੀ ਕਹਿ ਕੇ ਭੰਡਿਆ। ਇਸੇ ਤਰ੍ਹਾਂ ਇੱਕ ਅੰਤਰਰਾਸ਼ਟਰੀ ਫੁਟਬਾਲ ਖਿਡਾਰੀ ਵੱਲੋਂ ਦੱਸ ਹਜ਼ਾਰ ਡਾਲਰ ਕਿਸਾਨੀ ਸੰਘਰਸ਼ ਲਈ ਦਿੱਤੇ ਗਏ।
ਸਾਡੀ ਹਕੂਮਤ ਨੂੰ ਇਹ ਭੁਲੇਖਾ ਕਿਉਂ ਹੈ ਕਿ ਸਿਰਫ਼ ਉਹ ਜੋ ਕਰ ਰਹੇ ਹਨ, ਸਭ ਠੀਕ ਹੈ, ਬਾਕੀ ਸਭ ਦੁਨੀਆਂ ਜੋ ਉਨ੍ਹਾਂ ਦੇ ਫੈਸਲੇ ਦੇ ਵਿਰੁੱਧ ਹੈ, ਉਹ ਜਾਂ ਤਾਂ ਵਿਕਾਊ ਹੈ, ਜਾਂ ਖ਼ਾਲਿਸਤਾਨ ਪੱਖੀ। ਇੱਕ ਆਮ ਕਿਸਾਨ ਦੇ ਹੱਕ ਲਈ ਉਸਦੇ ਨਾਲ ਖੜ੍ਹਨਾ ਦੇਸ਼ ਧ੍ਰੋਹ ਕਿਸ ਤਰ੍ਹਾਂ ਹੋ ਗਿਆ? ਜਦ ਕਿ ਕਿਸਾਨ ਦੇਸ਼ ਦਾ ਇੱਕ ਅਨਿੱਖੜਵਾਂ ਅੰਗ ਹਨ? ਜੋ ਗ਼ਲਤ ਹੈ, ਉਸ ਨੂੰ ਗ਼ਲਤ ਹੀ ਕਹਾਂਗੇ, ਠੀਕ ਕਹਿਣ ਨਾਲ ਉਹ ਠੀਕ ਨਹੀਂ ਹੋ ਜਾਵੇਗਾ।
ਇਸੇ ਸੰਦਰਭ ਵਿੱਚ ਖ਼ਾਲਸਾ ਏਡ ਦਾ ਜ਼ਿਕਰ ਕਰਨਾ ਵੀ ਬਣਦਾ ਹੈ। ਖ਼ਾਲਸਾ ਏਡ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਇੱਕ ਵਿਸ਼ਵ ਪੱਧਰੀ ਸੰਗਠਨ ਹੈ ਜਿਸ ਨੇ ਕਿ ਦੁਨੀਆਂ ਦੇ ਹਰੇਕ ਕੋਨੇ ਵਿੱਚ ਕੁਦਰਤੀ ਆਫ਼ਤਾਂ ਦੇ ਦੌਰਾਨ ਪੂਰੀ ਸ਼ਿੱਦਤ ਨਾਲ ਲੋਕਾਂ ਦੀ ਤਨੋਂ ਮਨੋਂ ਸੇਵਾ ਕੀਤੀ ਹੈ। ਪਰ ਜਦੋਂ ਉਨ੍ਹਾਂ ਨੇ ਕਿਸਾਨੀ ਸੰਘਰਸ਼ ਦੌਰਾਨ ਕਿਸਾਨਾਂ ਦੀ ਵੱਧ ਚੜ੍ਹ ਕੇ ਮਦਦ ਕੀਤੀ ਤਾਂ ਉਨ੍ਹਾਂ ਦੇ ਪ੍ਰਮੁੱਖ ਰਵੀ ਖ਼ਾਲਸਾ ਉੱਤੇ ਵੀ ਖ਼ਾਲਿਸਤਾਨੀ ਹੋਣ ਦਾ ਟੈਗ ਲਗਾ ਕੇ ਗੋਦੀ ਮੀਡੀਏ ਵੱਲੋਂ ਭੰਡਿਆ ਗਿਆ। ਹਾਲਾਂਕਿ ਇਸ ਸੰਸਥਾ ਨੂੰ ਨੋਬਲ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।
ਇਸ ਸਾਰੇ ਸੰਘਰਸ਼ ਦੌਰਾਨ ਚਾਹੇ ਜ਼ਿਆਦਾਤਰ ਨੈਸ਼ਨਲ ਮੀਡੀਏ ਦਾ ਜ਼ੋਰ ਸਰਕਾਰ ਪੱਖੀ ਰਿਹਾ ਪਰ ਕੁਝ ਅਜਿਹੇ ਦਲੇਰ ਚੈਨਲ ਵੀ ਹਨ ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਦੀ ਅਸਲੀਅਤ ਨੂੰ ਸ਼ਿੱਦਤ ਅਤੇ ਦਰਦ ਨਾਲ ਬਿਆਨ ਕੀਤਾ। ਇਸੇ ਲੜੀ ਤਹਿਤ ਇੱਕ ਆਜ਼ਾਦ ਪੱਤਰਕਾਰ ਮਨਦੀਪ ਪੂਨੀਆ ਨੂੰ ਜ਼ੀਰੋ ਗਰਾਊਂਡ ਤੋਂ ਰਿਪੋਰਟਿੰਗ ਕਰਦੇ ਹੋਏ ਧਰਨੇ ਤੋਂ ਹੀ ਚੁੱਕ ਕੇ ਗ੍ਰਿਫਤਾਰ ਕੀਤਾ ਗਿਆ ਅਤੇ ਉਸ ’ਤੇ ਬੇਮਤਲਬ ਕਈ ਕੇਸ ਦਰਜ ਕੀਤੇ ਗਏ। ਪਰ ਉਸ ਨੇ ਜੇਲ ਵਿੱਚ ਜਾ ਕੇ ਉੱਥੇ ਬੰਦ ਬਹੁਤ ਸਾਰੇ ਕਿਸਾਨਾਂ ਦਾ ਦੁੱਖ ਦਰਦ ਸੁਣਿਆ ਅਤੇ ਇੱਕ ਪੈੱਨ ਦਾ ਜੁਗਾੜ ਕਰਕੇ ਆਪਣੀਆਂ ਲੱਤਾਂ ’ਤੇ ਹੀ ਕਿਸਾਨਾਂ ਦੇ ਨਾਮ ਅਤੇ ਹੋਰ ਵੇਰਵੇ ਦਰਜ ਕੀਤੇ। ਲੋਕਤੰਤਰ ਦੇ ਘਾਣ ਦੀ ਇਸ ਤੋਂ ਵੱਡੀ ਮਿਸਾਲ ਨਹੀਂ ਮਿਲ ਸਕਦੀ।
ਇਸ ਅੰਦੋਲਨ ਦਾ ਸਭ ਤੋਂ ਦੁਖਦਾਈ ਪਹਿਲੂ ਇਹ ਰਿਹਾ ਕਿ ਬਹੁਤ ਸਾਰੇ ਕਿਸਾਨ ਇਸ ਸੰਘਰਸ਼ ਦੌਰਾਨ ਸ਼ਹੀਦ ਹੋ ਗਏ। ਉਨ੍ਹਾਂ ਦੇ ਬੱਚਿਆਂ ਨੂੰ ਇਹ ਸੰਘਰਸ਼ ਰਹਿੰਦੀ ਉਮਰ ਤਕ ਯਾਦ ਰਹੇਗਾ। ਅਜਿਹੇ ਪਰਿਵਾਰਾਂ ਨੂੰ ਪਿਆ ਘਾਟਾ ਕੋਈ ਵੀ ਪੂਰਾ ਨਹੀਂ ਕਰ ਸਕਦਾ।
ਹੁਣ ਤਾਂ ਰੱਬ ਅੱਗੇ ਇਹੀ ਅਰਦਾਸ ਹੈ ਕਿ ਰੱਬ ਸੱਤਾਧਾਰੀ ਸਰਕਾਰ ਨੂੰ ਸੁਮੱਤ ਬਖ਼ਸ਼ੇ ਅਤੇ ਉਹ ਆਪਣਾ ਤਾਨਾਸ਼ਾਹ ਵਤੀਰਾ ਛੱਡ ਕੇ ਕਿਸਾਨਾਂ ਬਾਰੇ ਕੁਝ ਸੋਚੇ ਅਤੇ ਇਨ੍ਹਾਂ ਕਿਸਾਨ ਮਾਰੂ ਬਿੱਲਾਂ ਨੂੰ ਰੱਦ ਕਰੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2568)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)