“ਤੇ ਉਸ ਤੋਂ ਬਾਅਦ ਪੁੱਤਰ ਵੀ ਘਰ ਛੱਡ ਕੇ ਚਲਾ ਗਿਆ। ਦੋਵਾਂ ਨੇ ...”
(4 ਮਾਰਚ 2021)
(ਸ਼ਬਦ: 590)
ਤਿੰਨ ਕੁ ਸਾਲ ਪਹਿਲਾਂ ਦੀ ਗੱਲ ਹੈ। ਇੱਕ ਅਖ਼ਬਾਰ ਵਿੱਚ ਮੇਰਾ ਲੇਖ “ਧੀਆਂ ਤੋਂ ਕਿਉਂ ਡਰਦੇ ਹਨ ਮਾਪੇ” ਛਪਿਆ। ਪਾਠਕਾਂ ਦੇ ਕਾਫੀ ਫੋਨ ਆਏ। ਕਈ ਬਜ਼ੁਰਗ ਪਾਠਕ ਤਾਂ ਇੰਨੀਆਂ ਅਸੀਸਾਂ ਦੇਣ ਕੇ ਮਨ ਖੁਸ਼ ਹੋ ਗਿਆ। ਪਰ ਇੱਕ ਫੋਨ ਕਾਲ ਨੇ ਮੈਂਨੂੰ ਧੁਰ ਅੰਦਰੋਂ ਝੰਜੋੜ ਦਿੱਤਾ।
ਫੋਨ ਕਰਨ ਵਾਲੇ ਇੱਕ ਬਜ਼ੁਰਗ ਸੀ। ਲੇਖ ਵਾਰੇ ਗੱਲ ਕਰਨ ਤੋਂ ਬਾਅਦ ਅਚਾਨਕ ਉਹ ਕਹਿਣ ਲੱਗੇ ਕਿ ਮੇਰੀ 10 ਕੁ ਸਾਲ ਦੀ ਪੋਤੀ ਵੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੀ ਹੈ ਕਿਉਂਕਿ ਉਸ ਨੇ ਵੀ ਤੁਹਾਡਾ ਲੇਖ ਪੜ੍ਹਿਆ ਹੈ ਅਤੇ ਕਾਪੀ ਪੈਨ ਲੈ ਕੇ ਕੁਝ ਲਿਖ ਵੀ ਰਹੀ ਹੈ। ਉਸੇ ਵਕਤ ਉਹ ਬਜ਼ੁਰਗ ਆਪਣੀ ਪੋਤੀ ਨੂੰ ਆਵਾਜ਼ ਮਾਰੀ ਤੇ ਉਹ ਨਿੱਕੀ ਕੁੜੀ ਮੈਂਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਗੱਲ ਕਰਨ ਲੱਗ ਗਈ।
ਉਹ ਕੁੜੀ ਕਹਿਣ ਲੱਗੀ, “ਮੈਂ ਵੀ ਇੱਕ ਕਹਾਣੀ ਲਿਖੀ ਹੈ, ਤੁਸੀਂ ਮੇਰੀ ਕਹਾਣੀ ਵੀ ਅਖ਼ਬਾਰ ਵਿੱਚ ਛਪਾ ਦੇਵੋ।”
ਮੈਂ ਕਿਹਾ, “ਆਪਣੀ ਕਹਾਣੀ ਮੈਂਨੂੰ ਵੀ ਸੁਣਾ ...।”
ਉਸ ਨੇ ਬੋਲਣਾ ਸ਼ੁਰੂ ਕਰ ਦਿੱਤਾ “ਸਭ ਬੱਚਿਆਂ ਨੂੰ ਮਾਂ ਬਹੁਤ ਪਿਆਰੀ ਹੁੰਦੀ ਹੈ, ਪਰ ਮੈਂਨੂੰ ਆਪਣੀ ਮਾਂ ਨਾਲ ਬਹੁਤ ਨਫਰਤ ਹੈ ਕਿਉਂਕਿ ਉਹ ਮੈਂਨੂੰ ਛੋਟੀ ਹੁੰਦੀ ਨੂੰ ਹੀ ਛੱਡ ਕੇ ਚਲੀ ਗਈ ਕਿਉਂਕਿ ਮੈਂ ਇੱਕ ਕੁੜੀ ਸੀ ...।”
ਉਸੇ ਵਕਤ ਉਸ ਬਜ਼ੁਰਗ ਨੇ ਕੁੜੀ ਤੋਂ ਫ਼ੋਨ ਲੈ ਲਿਆ। ਮੇਰੀ ਉਤਸੁਕਤਾ ਹੋਰ ਵਧ ਗਈ। ਬਜ਼ੁਰਗ ਕਹਿਣ ਲੱਗੇ, “ਬੱਚੀ ਹੈ, ਪਤਾ ਨਹੀਂ ਕੀ ਕੀ ਬੋਲੀ ਜਾਂਦੀ ਹੈ।”
ਮੈਂ ਕਿਹਾ, “ਬਜ਼ੁਰਗੋ, ਬੱਚੇ ਕਦੇ ਝੂਠ ਨਹੀਂ ਬੋਲਦੇ ...।”
ਮੇਰੀ ਗੱਲ ਸੁਣ ਕੇ ਬਜ਼ੁਰਗ ਫਿੱਸ ਪਿਆ ਤੇ ਕਹਿਣ ਲੱਗਾ, “ਧੀਏ, ਚੱਲ ਹੁਣ ਤੈਥੋਂ ਕੀ ਲੁਕਾਉਣਾ ...। ਮੇਰਾ ਇਕਲੌਤਾ ਪੁੱਤਰ ਸੀ, ਜਿਸਦਾ ਵਿਆਹ ਮੈਂ ਬੜੇ ਚਾਵਾਂ ਨਾਲ ਕੀਤਾ ਸੀ। ਸਭ ਕੁਝ ਠੀਕਠਾਕ ਚੱਲ ਰਿਹਾ ਸੀ। ਇੱਕ ਦਿਨ ਪਰਮਾਤਮਾ ਨੇ ਸਾਡੇ ’ਤੇ ਵੀ ਮਿਹਰ ਕਰ ਦਿੱਤੀ ਅਤੇ ਸਾਨੂੰ ਪਤਾ ਲੱਗਾ ਕਿ ਅਸੀਂ ਦਾਦਾ ਦਾਦੀ ਬਣਨ ਵਾਲੇ ਹਾਂ। ਅਸੀਂ ਦੋਵੇਂ ਜੀ ਬੜੇ ਹੀ ਖੁਸ਼ ਸੀ ਕਿ ਸਾਨੂੰ ਇੱਕ ਖਿਡੌਣਾ ਮਿਲ ਜਾਊ ਜੀ ਪਰਚਾਉਣ ਲਈ। ਪਰ ਇਹ ਖੁਸ਼ੀ ਜ਼ਿਆਦਾ ਦਿਨ ਨਾ ਟਿਕੀ। ਇੱਕ ਦਿਨ ਸਾਡੀ ਨੂੰਹ ਦੀ ਮਾਂ ਆਈ ਅਤੇ ਕਹਿਣ ਲੱਗੀ ਕਿ ਉਸਦਾ ਡਾਕਟਰ ਕੋਲ ਚੈੱਕਅਪ ਕਰਵਾਉਣਾ ਹੈ। ... ਤੇ ਦੋਵੇਂ ਮਾਵਾਂ ਧੀਆਂ ਚਲੀਆਂ ਗਈਆਂ। ਵਾਪਸ ਆ ਕੇ ਨੂੰਹ ਕਹਿਣ ਲੱਗੀਆਂ ਕਿ ਗਰਭ ਵਿੱਚ ਧੀ ਹੈ, ਇਸ ਲਈ ਗਰਭਪਾਤ ਕਰਵਾਉਣਾ ਹੈ। ਅਸੀਂ ਇਸ ਗੱਲ ’ਤੇ ਦੋਵੇਂ ਜੀ ਅੜ ਗਏ ਕਿ ਅਸੀਂ ਇਹ ਪਾਪ ਨਹੀਂ ਹੋਣ ਦੇਣਾ। ਘਰ ਵਿੱਚ ਪਹਿਲਾ ਜੀ ਸੁੱਖੀ ਸਾਂਦੀ ਆਵੇ, ਚਾਹੇ ਮੁੰਡਾ ਹੋਵੇ ਚਾਹੇ ਕੁੜੀ। ਪਰ ਸਾਡੀ ਨੂੰਹ ਤੇ ਕੁੜਮਣੀ ਆਪਣੀ ਜ਼ਿੱਦ ਪੁਗਾਉਣੀ ਚਾਹੁੰਦੀਆਂ ਸੀ। ਸਾਡਾ ਪੁੱਤਰ ਵੀ ਸਾਡਾ ਸਾਥ ਦੇਣ ਤੋਂ ਇਨਕਾਰੀ ਸੀ। ਪਰ ਅਸੀਂ ਆਪਣੀ ਪੁਗਾ ਲਈ ਅਤੇ ਸਾਡੀ ਪੋਤੀ ਦਾ ਜਨਮ ਹੋਇਆ।
ਇਸਦੇ ਜਨਮ ਤੋਂ ਬਾਅਦ ਵੀ ਸਾਡੀ ਨੂੰਹ ਇਸ ਨੂੰ ਆਪਣੀ ਹਾਰ ਮੰਨਦੀ ਹੋਈ ਅਪਣਾ ਨਾ ਸਕੀ। ਘਰ ਵਿੱਚ ਨਿੱਤ ਕਲੇਸ਼ ਵਧਣ ਲੱਗਾ ... ਤੇ ਨੂੰਹ ਘਰ ਛੱਡ ਕੇ ਚਲੀ ਗਈ। ਇਹ ਅਜੇ ਕੁਝ ਮਹੀਨਿਆਂ ਦੀ ਹੀ ਸੀ। ਤੇ ਉਸ ਤੋਂ ਬਾਅਦ ਪੁੱਤਰ ਵੀ ਘਰ ਛੱਡ ਕੇ ਚਲਾ ਗਿਆ। ਦੋਵਾਂ ਨੇ ਦੁਬਾਰਾ ਆਪਣੇ ਆਪਣੇ ਵਿਆਹ ਕਰਵਾ ਲਏ ਹਨ। ਹੁਣ ਅਸੀਂ ਹੀ ਇਸਦੇ ਮਾਪੇ ਹਾਂ। ਪੁੱਤਰ ਨੂੰ ਮੈਂ ਆਪਣੀ ਸਾਰੀ ਜਾਇਦਾਦ ਤੋਂ ਬੇਦਖਲ ਕਰਕੇ ਸਭ ਕੁਝ ਆਪਣੀ ਪੋਤੀ ਦੇ ਨਾਂ ਕਰਵਾ ਦਿੱਤਾ ਹੈ। ਇਹੀ ਹੁਣ ਸਾਡੀ ਦੁਨੀਆ ਹੈ। ਹੁਣ ਤਾਂ ਬੱਸ ਰੱਬ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਬੱਸ ਇਸਦਾ ਕਾਰਜ ਸਿਰੇ ਚੜ੍ਹਾ ਦੇਈਏ। ਬੱਸ ਇੰਨੇ ਸਵਾਸ ਰੱਬ ਬਖਸ਼ ਦੇਵੇ ਨਹੀਂ ਤਾਂ ਇਹ ਰੁਲ ਜਾਉ।
ਇੰਨਾ ਕਹਿ ਕੇ ਬਜ਼ੁਰਗ ਚੁੱਪ ਹੋ ਗਏ ਪਰ ਉਹਨਾਂ ਦੀ ਆਵਾਜ਼ ਦੱਸਦੀ ਸੀ ਕਿ ਹੰਝੂ ਉਹਨਾਂ ਦੀਆਂ ਅੱਖਾਂ ਵਿੱਚ ਵੀ ਸਨ ਤੇ ਮੇਰੀਆਂ ਅੱਖਾਂ ਵਿੱਚ ਵੀ। ਮੈਂ ਬੱਸ ਇੰਨਾ ਹੀ ਕਹਿ ਸਕੀ, “ਬਜ਼ੁਰਗੋ, ਰੱਬ ਤੁਹਾਡਾ ਸਾਥ ਜ਼ਰੂਰ ਦੇਵੇਗਾ।” ਪਰ ਇਹ ਸੋਚਣ ਲਈ ਮਜਬੂਰ ਹੋ ਗਈ ਕਿ ਕਿੰਨਾ ਗਰਕ ਚੁੱਕਾ ਹੈ ਸਾਡਾ ਸਮਾਜ ਅਤੇ ਕਿੰਨੀ ਪਦਾਰਥਵਾਦੀ ਹੋ ਗਈ ਹੈ ਸਾਡੀ ਸੋਚ। ਕੀ ਅਸੀਂ ਬਾਬੇ ਨਾਨਕ ਦੇ ਵਾਰਸ ਕਹਾਉਣ ਦੇ ਹੱਕਦਾਰ ਹਾਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2620)
(ਸਰੋਕਾਰ ਨਾਲ ਸੰਪਰਕ ਲਈ: