“ਜਦੋਂ ਵੀ ਅਖ਼ਬਾਰ ਵਿੱਚ ਮੇਰਾ ਕੋਈ ਲੇਖ ਜਾਂ ਕਹਾਣੀ ਛਪਦੀ ਹੈ ਤਾਂ ਮੇਰੀ ਮਾਂ ਉਸ ਨੂੰ ਸਾਂਭ ਸਾਂਭ ਰੱਖਦੀ ਹੈ, ਸਾਰੀਆਂ ...”
(12 ਮਈ 2024)
ਇਸ ਸਮੇਂ ਪਾਠਕ: 250.
ਮਾਂ ਇੱਕ ਛੋਟਾ ਜਿਹਾ ਸ਼ਬਦ ਹੈ ਪਰ ਪੂਰੀ ਕਾਇਨਾਤ ਇਸ ਵਿੱਚ ਵਸਦੀ ਹੈ। ਮੇਰੀ ਮਾਂ ਮੇਰੇ ਲਈ ਦੂਜਾ ਰੱਬ ਹੈ। ਭਾਵੇਂ ਸਾਡੀ ਮਾਂ ਨੂੰ ਆਪਣੀ ਮਾਂ ਦਾ ਪਿਆਰ ਨਹੀਂ ਮਿਲਿਆ ਪਰ ਸਾਡੀ ਮਾਂ ਨੇ ਆਪਣੇ ਬੱਚਿਆਂ ਨੂੰ ਇੰਨਾ ਕੁ ਪਿਆਰ ਦਿੱਤਾ ਹੈ ਕਿ ਅਸੀਂ ਸਾਰੇ ਭੈਣ ਭਰਾ ਜ਼ਿੰਦਗੀ ਭਰ ਉਸ ਦੇ ਕਰਜ਼ਦਾਰ ਰਹਾਂਗੇ।
ਮੰਮੀ ਦੱਸਦੇ ਨੇ ਕਿ ਜਦੋਂ ਮੈਂ ਪੈਦਾ ਹੋਈ ਸੀ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਇਹ ਦੇਖ ਕੇ ਇੱਕ ਨਰਸ ਕਹਿਣ ਲੱਗੀ, “ਤੁਸੀਂ ਰੋਣ ਕਿਉਂ ਲੱਗ ਗਏ?”
ਮੰਮੀ ਨੇ ਕਿਹਾ, “ਇਸ ਤੋਂ ਵੱਡੀ ਇੱਕ ਸੱਤ ਸਾਲ ਦੀ ਹੋਰ ਵੀ ਧੀ ਹੈ ਅਤੇ ਹੁਣ ਫਿਰ ਕੁੜੀ ਹੋ ਗਈ ਹੈ।”
ਨਰਸ ਨੇ ਉੱਤਰ ਦਿੱਤਾ, “ਤੁਸੀਂ ਵੀ ਤਾਂ ਕਿਸੇ ਦੀ ਧੀ ਹੋ! ਜਦੋਂ ਇਹ ਵੱਡੀ ਹੋ ਗਈ ਤਾਂ ਇਹਨੇ ਹੀ ਤੁਹਾਨੂੰ ਸੁਖ ਦੇਣਾ। ਇਹਦੇ ਨਾਲ ਹੀ ਦਿਲ ਦੀ ਗੱਲ ਸਾਂਝੀ ਕਰਿਆ ਕਰੋਗੇ। ਜਿੰਨਾ ਦੁੱਖ ਇਹਦੇ ਜੰਮਣ ’ਤੇ ਤੁਹਾਨੂੰ ਹੋਇਆ, ਓਨਾ ਹੀ ਇਹ ਤੁਹਾਨੂੰ ਸੁਖ ਦੇਵੇਗੀ”
ਤੇ ਮੇਰੀ ਮਾਂ ਇਹ ਗੱਲ ਸਹਿਜੇ ਹੀ ਸਮਝ ਗਈ। ਮੇਰੇ ਤੋਂ ਬਾਅਦ ਤੀਜੀ ਧੀ ਵੀ ਘਰ ਦਾ ਹਿੱਸਾ ਬਣੀ ਅਤੇ ਫਿਰ ਵੀਰ ਨੇ ਜਨਮ ਲਿਆ। ਹੁਣ ਅਕਸਰ ਉਹ ਮੈਨੂੰ ਕਹਿੰਦੇ ਨੇ ਕਿ ਉਸ ਨਰਸ ਦੀ ਗੱਲ ਬਿਲਕੁਲ ਸੱਚ ਹੋਈ। ਅੱਜ ਤੇਰੇ ਨਾਲ ਹਰੇਕ ਦੁੱਖ ਸੁੱਖ ਸਾਂਝਾ ਕਰ ਲੈਂਦੀ ਹਾਂ।
ਮੇਰੀ ਮਾਂ ਨੂੰ ਮੇਰਾ ਲਿਖਣਾ ਬਹੁਤ ਪਸੰਦ ਹੈ। ਜਦੋਂ ਵੀ ਅਖ਼ਬਾਰ ਵਿੱਚ ਮੇਰਾ ਕੋਈ ਲੇਖ ਜਾਂ ਕਹਾਣੀ ਛਪਦੀ ਹੈ ਤਾਂ ਮੇਰੀ ਮਾਂ ਉਸ ਨੂੰ ਸਾਂਭ ਸਾਂਭ ਰੱਖਦੀ ਹੈ, ਸਾਰੀਆਂ ਆਂਢਣਾਂ-ਗੁਆਂਢਣਾਂ ਨੂੰ ਪੜ੍ਹਾਉਂਦੀ ਹੈ। ਸਾਲ ਕੁ ਪਹਿਲਾਂ ਪੰਜਾਬੀ ਜਾਗਰਣ ਵਿੱਚ ਮੇਰੀ ਲਿਖਤ ‘ਮਾਂ ਦਾ ਸਬਕ’ ਨੂੰ ਛਪਣ ਦਾ ਮਾਣ ਹਾਸਲ ਹੋਇਆ ਸੀ। ਜਦੋਂ ਮੈਂ ਪੇਕੇ ਗਈ ਤਾਂ ਉਸ ਲਿਖਤ ਦਾ ਪ੍ਰਿੰਟ ਕਢਵਾ ਕੇ ਮੰਮੀ ਨੂੰ ਪੜ੍ਹਨ ਲਈ ਦਿੱਤਾ। ਉਹ ਲਿਖਤ ਪੜ੍ਹ ਕੇ ਜੋ ਖੁਸ਼ੀ ਦੇ ਹੰਝੂ ਮੈਂ ਆਪਣੀ ਮਾਂ ਦੀਆਂ ਅੱਖਾਂ ਵਿੱਚ ਦੇਖੇ, ਉਹ ਮੈਨੂੰ ਕਦੇ ਨਹੀਂ ਭੁੱਲਦੇ। ਉਹ ਭਾਵੁਕ ਹੋ ਕੇ ਕਹਿਣ ਲੱਗੀ, “ਤੂੰ ਤਾਂ ਬਹੁਤ ਸੋਹਣਾ ਲਿਖਣ ਲੱਗ ਪਈ ਏਂ, ਇੰਨੀਆਂ ਗੱਲਾਂ ਤੈਨੂੰ ਯਾਦ ਕਿਵੇਂ ਰਹਿ ਜਾਂਦੀਆਂ ਨੇ?”
ਛੋਟੇ ਹੁੰਦੀ ਤੋਂ ਹੀ ਹੋਸਟਲ ਵਿੱਚ ਰਹਿਣ ਕਰਕੇ ਮੈਂ ਆਪਣੀ ਮਾਂ ਨਾਲ ਚਿੱਠੀਆਂ ਜ਼ਰੀਏ ਬਹੁਤ ਜ਼ਿਆਦਾ ਜੁੜੀ ਹੋਈ ਸੀ। ਅਸੀਂ ਇੱਕ ਦੂਜੀ ਨੂੰ ਲੰਮੀਆਂ ਲੰਮੀਆਂ ਚਿੱਠੀਆਂ ਲਿਖਦੀਆਂ। ਜ਼ਿੰਦਗੀ ਦੇ ਅਹਿਮ ਦਸ ਵਰ੍ਹੇ ਮੈਂ ਪੜ੍ਹਾਈ ਲਈ ਮਾਪਿਆਂ ਤੋਂ ਦੂਰ ਰਹੀ ਪਰ ਮੇਰੀ ਮਾਂ ਮੇਰਾ ਹੌਸਲਾ ਬਣੀ ਰਹੀ। ਜਦੋਂ ਮੈਂ ਮੋਹਾਲੀ ਡਿਗਰੀ ਕਰਦੀ ਸੀ ਤਾਂ ਪੀਜੀ ਵਿੱਚ ਰਹਿੰਦੀ ਸੀ। ਵੀਕਐਂਡ ’ਤੇ ਸਾਰੀਆਂ ਸਹੇਲੀਆਂ ਚੰਡੀਗੜ੍ਹ ਘੁੰਮਣ ਅਤੇ ਫਿਲਮਾਂ ਦੇਖਣ ਦਾ ਪ੍ਰੋਗਰਾਮ ਬਣਾਉਂਦੀਆਂ। ਮੈਂ ਕਹਿੰਦੀ, “ਨਹੀਂ, ਮੈਂ ਤਾਂ ਪਿੰਡ ਜਾਣਾ ਹੈ। ਘਰ ਜਾ ਕੇ ਮੰਮੀ ਨਾਲ ਗੱਲਾਂ ਕਰਨੀਆਂ ਨੇ।” ਅਤੇ ਉਹ ਗੱਲਾਂ ਹੁਣ ਤਕ ਪੂਰੀਆਂ ਨਹੀਂ ਹੋਈਆਂ, ਹੁਣ ਤਾਂ ਮੇਰਾ ਵਿਆਹ ਹੋਏ ਨੂੰ ਵੀ ਸੋਲਾਂ ਸਾਲ ਹੋ ਗਏ ਨੇ। ਜਦੋਂ ਪੇਕੇ ਜਾਂਦੀ ਹਾਂ ਤਾਂ ਤੜਕੇ ਤਕ ਸਾਡੀਆਂ ਗੱਲਾਂ ਹੀ ਨਹੀਂ ਮੁੱਕਦੀਆਂ।
ਮੈਂ ਆਪਣੀ ਮਾਂ ਦੀ ਜ਼ਿੰਦਗੀ ਦੇ ਸੰਘਰਸ਼ ਨੂੰ ਉਸ ਦੀਆਂ ਗੱਲਾਂ ਵਿੱਚੋਂ ਬਹੁਤ ਨੇੜੇ ਤੋਂ ਦੇਖਿਆ ਹੈ। ਉਨ੍ਹਾਂ ਦੁਖਦਾਇਕ ਯਾਦਾਂ ਨੂੰ ਸੁਣ ਕੇ ਮਹਿਸੂਸ ਕੀਤਾ ਹੈ, ਜੋ ਮੇਰੀ ਮਾਂ ਦੇ ਦਿਲ ਦੇ ਕੋਨੇ ਵਿੱਚ ਦਫ਼ਨ ਨੇ। ਜਦੋਂ ਵੀ ਕਦੇ ਲੱਗਿਆ ਕਿ ਉਨ੍ਹਾਂ ਨੂੰ ਇਕੱਲਾਪਣ ਮਹਿਸੂਸ ਹੋ ਰਿਹਾ ਹੈ ਤਾਂ ਵੱਡੀ ਬੇਬੇ ਬਣ ਉਨ੍ਹਾਂ ਨੂੰ ਸਮਝਾਇਆ ਵੀ ਹੈ ਅਤੇ ਸੰਭਾਲਿਆ ਵੀ ਹੈ। ਵੰਡਾਇਆ ਵੀ ਹੈ ਉਨ੍ਹਾਂ ਟੁੱਟੇ ਰਿਸ਼ਤਿਆਂ ਦੀਆਂ ਚੀਸਾਂ ਨੂੰ, ਜਿਨ੍ਹਾਂ ਨੇ ਸਾਰੀ ਉਮਰ ਉਸ ਨੂੰ ਧੁਰ ਅੰਦਰ ਤਕ ਝੰਜੋੜਿਆ ਹੈ। ਇਕਲੌਤੇ ਭਰਾ ਦੀ ਮੌਤ ਤੋਂ ਬਾਅਦ ਪੇਕੇ ਪਿੰਡ ਨਾਲ ਸਾਂਝ ਖਤਮ ਹੋਣ ਦਾ ਦਰਦ ਅੱਜ ਵੀ ਮੈਂ ਮਾਂ ਦੀਆਂ ਅੱਖਾਂ ਵਿੱਚ ਮਹਿਸੂਸ ਕਰਦੀ ਹਾਂ। ਮਾਂ ਦਾ ਅੱਖਾਂ ਭਰ ਕੇ ਕਹਿਣਾ ਕਿ ਧੀਆਂ ਤਾਂ ਮਰਨ ਤੋਂ ਬਾਅਦ ਵੀ ਪੇਕਿਆਂ ਦਾ ਕੱਫਣ ਉਡੀਕਦੀਆਂ ਨੇ - ਮੇਰੀਆਂ ਅੱਖਾਂ ਛਲਕਣ ਲਾ ਦਿੰਦਾ ਹੈ। ਦੁਆ ਕਰਦੀ ਹਾਂ ਕਿ ਕਿਸੇ ਧੀ ਦਾ ਪੇਕਾ ਪਿੰਡ ਨਾ ਛੁੱਟੇ ਅਤੇ ਨਾ ਕਿਸੇ ਦਾ ਵੀਰ ਬਿਗਾਨਾ ਹੋਵੇ।
ਅੱਜ ਮਾਂ ਦੇ ਸਾਰੇ ਧੀ ਪੁੱਤਰ ਵਿਆਹੇ ਗਏ ਅਤੇ ਉਹ ਪੋਤੇ, ਦੋਹਤੇ ਅਤੇ ਦੋਹਤੀਆਂ ਵਾਲੀ ਹੋ ਗਈ। ਸੋ ਜੇਕਰ ਅਸੀਂ ਘਰ ਤੋਂ ਹੀ ਧੀਆਂ ਪੁੱਤਰਾਂ ਦੀ ਬਰਾਬਰੀ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਹੈ ਕਿਉਂਕਿ ਸ਼ੁਰੂਆਤ ਘਰ ਤੋਂ ਹੀ ਕਰਾਂਗੇ ਤਾਂ ਹੀ ਕਿਸੇ ਨੂੰ ਉਪਦੇਸ਼ ਦੇ ਸਕਾਂਗੇ।
ਧੀਆਂ ਬਿਨਾਂ ਵੀ ਕਾਹਦੇ ਘਰ ਹੁੰਦੇ ਨੇ ... ਧੀਆਂ ਦੀ ਅਲੱਗ ਹੀ ਰੌਣਕ ਹੁੰਦੀ ਹੈ। ਮੇਰੇ ਵੀ ਖੁਦ ਦੇ ਦੋਵੇਂ ਹੀ ਪੁੱਤਰ ਹਨ। ਮੈਂ ਅਕਸਰ ਸੋਚਦੀ ਹੁੰਦੀ ਹਾਂ ਕਿ ਮੈਂ ਜਦੋਂ ਬਜ਼ੁਰਗ ਹੋ ਜਾਵਾਂਗੀ ਤਾਂ ਕਿਸ ਨਾਲ ਆਪਣਾ ਦਿਲ ਫੋਲਿਆ ਕਰਾਂਗੀ, ਮੇਰੀ ਤਾਂ ਕੋਈ ਧੀ ਹੀ ਨਹੀਂ। ਰੱਬ ਨੇ ਮੈਨੂੰ ਕਿਉਂ ਨਹੀਂ ਧੀ ਦੀ ਦਾਤ ਬਖਸ਼ੀ।
ਧੀਆਂ ਕੁਝ ਨਹੀਂ ਮੰਗਦੀਆਂ ... ਬੱਸ ਆਪਣੇ ਪੇਕਿਆਂ ਦੀ ਖੈਰ ਹੀ ਹਮੇਸ਼ਾ ਮੰਗਦੀਆਂ ਨੇ। ਵੀਰ ਨਾਲ਼ੋਂ ਪਿਆਰਾ ਉਹਨਾਂ ਨੂੰ ਕੁਝ ਨਹੀਂ ਹੁੰਦਾ। ਸੋਚ ਸੋਚ ਦਾ ਫਰਕ ਹੁੰਦਾ ਹੈ, ਕਈ ਵਾਰ ਨੂੰਹ ਦੇ ਰੂਪ ਵਿੱਚ ਆਈ ਧੀ ਨੂੰ ਇਹ ਗ਼ਲਤਫ਼ਹਿਮੀ ਹੋ ਜਾਂਦੀ ਹੈ ਕਿ ਮਾਪੇ ਘਰ ਆਈਆਂ ਧੀਆਂ ਨੂੰ ਘਰ ਲੁਟਾਈ ਜਾਂਦੇ ਨੇ। ਧੀਆਂ ਨੂੰ ਕੋਈ ਲੈਣ ਦੇਣ ਦਾ ਲਾਲਚ ਨਹੀਂ ਹੁੰਦਾ, ਬੱਸ ਮਾਪਿਆਂ ਦੇ ਘਰ ਇੱਕ ਆਸ ਹੁੰਦੀ ਹੈ, ਰਿਸ਼ਤਿਆਂ ਨੂੰ ਪੈਸਿਆਂ ਦੇ ਮਿਆਰ ਨਾਲ ਕਦੇ ਨਾ ਤੋਲੋ, ਇਹ ਮਾਇਆ ਤਾਂ ਬਹੁਤ ਤੁੱਛ ਜਿਹੀ ਚੀਜ਼ ਹੈ। ਆਪਸੀ ਪਿਆਰ ਅਤੇ ਨਿੱਘ ਅੱਗੇ ਇਹ ਤਾਂ ਆਉਂਦੀ ਜਾਂਦੀ ਰਹਿੰਦੀ ਹੈ। ਬੱਸ, ਹੰਕਾਰ ਨਾ ਕਰੋ। ਕੌਣ ਹੈ ਇੱਥੇ ਕਿਸੇ ਨੂੰ ਕੁਝ ਦੇਣ ਵਾਲਾ? ਬੱਸ ਸ਼ੁਕਰ ਮਨਾਇਆ ਕਰੋ ਕਿ ਤੁਹਾਡੇ ਸਿਰ ’ਤੇ ਠੰਢੀਆਂ ਛਾਵਾਂ ਕਰਨ ਵਾਲੇ ਮਾਪੇ ਮੌਜੂਦ ਨੇ ਅਤੇ ਪਰਵਾਹ ਕਰਨ ਵਾਲੇ ਭੈਣ ਭਰਾ।
ਭੈਣਾਂ ਬੱਸ ਇੱਕ ਗੱਲ ਯਾਦ ਰੱਖਣ ਕਿ ਤੁਹਾਡੇ ਸਿਰ ਦਾ ਸਾਈਂ ਵਿਆਹ ਤੋਂ ਪਹਿਲਾਂ ਕਿਸੇ ਦਾ ਲਾਡਲਾ ਪੁੱਤ ਅਤੇ ਕਿਸੇ ਦਾ ਪਿਆਰਾ ਵੀਰ ਵੀ ਸੀ ਅਤੇ ਹੈ ਵੀ। ਸਿਰਫ ਇੱਕ ਪਤੀ ਹੀ ਉਹ ਨਵਾਂ ਨਵਾਂ ਬਣਿਆ ਹੈ। ਇਸ ਲਈ ਉਸ ਨੂੰ ਸਮਝੋ, ਐਵੇਂ ਹੀ ਨਾ ਉਸਦੇ ਅੱਗੇ ਉਸਦੇ ਮਾਪਿਆਂ ਜਾਂ ਭੈਣਾਂ ਨੂੰ ਭੰਡਦੀਆਂ ਰਹੋ। ਕਮੀਆਂ ਤਾਂ ਸਭ ਵਿੱਚ ਹੀ ਹੁੰਦੀਆਂ ਨੇ।
ਖੁਸ਼ ਰਹੋ ਅਤੇ ਸਭ ਨੂੰ ਖੁਸ਼ ਰਹਿਣ ਦੇਵੋ। ਮਾਵਾਂ ਜਦੋਂ ਇੱਕ ਵਾਰ ਤੁਰ ਜਾਂਦੀਆਂ ਨੇ ਉਹ ਮੁੜ ਨਹੀਂ ਲੱਭਦੀਆਂ, ਮਾਂ ਦਾ ਦਿਲ ਕਦੇ ਨਾ ਦੁਖੀ ਕਰਿਓ, ਮੁੜਕੇ ਮਾਂ ਕਦੇ ਵੀ ਨਹੀਂ ਮਿਲਣੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4959)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)