ManpreetKminhas7ਪੈਸੇ ਕਮਾਉਣ ਦੀ ਦੌੜ ਵਿੱਚ ਅਸੀਂ ਇਸ ਕਦਰ ਰੁੱਝੇ ਹੋਏ ਹਾਂ ਕਿ ...
(11 ਜੁਲਾਈ 2019)

 

ਜ਼ਿੰਦਗੀ ਕੁਦਰਤ ਦੀ ਨਿਆਮਤ ਹੈ, ਜਿਸ ਵਿੱਚ ਸੁਖ-ਦੁੱਖ ਦੇ ਅਨੇਕ ਰੰਗ ਇਸ ਨੂੰ ਸੰਘਰਸ਼ਮਈ ਅਤੇ ਰੌਚਕ ਬਣਾ ਦਿੰਦੇ ਹਨਇੱਕ ਮੁਸਾਫਿਰ ਦੀ ਤਰ੍ਹਾਂ ਸਾਡਾ ਇਹ ਸਫਰ ਬਚਪਨ ਤੋਂ ਸ਼ੁਰੂ ਹੁੰਦਾ ਹੈ ਜਵਾਨੀ ਦੀ ਮਸਤੀ ਵਿੱਚੋਂ ਝੂਮਦਾ ਹੋਇਆ ਬੁਢਾਪੇ ’ਤੇ ਆ ਕੇ ਖਤਮ ਹੋ ਜਾਂਦਾ ਹੈਇਸ ਪੰਧ ਵਿੱਚ ਵਿਚਰਦਿਆਂ ਹੋਇਆਂ ਕਿੰਨੀਆਂ ਹੀ ਖੱਟੀਆਂ-ਮਿੱਠੀਆਂ ਯਾਦਾਂ ਇਸਦਾ ਹਿੱਸਾ ਬਣ ਜਾਂਦੀਆਂ ਹਨਕਈ ਰਿਸ਼ਤੇ ਸਾਨੂੰ ਵਿਰਾਸਤ ਵਿੱਚੋਂ ਮਿਲਦੇ ਹਨ ਅਤੇ ਕਈ ਅਸੀਂ ਖੁਦ ਸਿਰਜਦੇ ਹਾਂਕਈ ਵਾਰ ਇਹਨਾਂ ਰਿਸ਼ਤਿਆਂ ਵਿੱਚ ਥੋੜ੍ਹੀ ਜਿਹੀ ਖਟਾਸ ਹੀ ਸਾਡੀ ਚਿੰਤਾ ਦਾ ਕਾਰਣ ਬਣ ਜਾਂਦੀ ਹੈ

ਜੇਕਰ ਗੱਲ ਕਰੀਏ ਅਜੋਕੇ ਸਮਾਜਿਕ ਰਿਸ਼ਤਿਆਂ ਦੀ ਤਾਂ ਅੱਜ ਇਹਨਾਂ ਦਾ ਬੜਾ ਘਾਣ ਹੋ ਰਿਹਾ ਹੈਅੱਜ ਦਾ ਇਨਸਾਨ ਸਿਰਫ ਜਮੀਨਾਂ, ਪੈਸਿਆਂ, ਨਾਜਾਇਜ਼ ਰਿਸ਼ਤਿਆਂ, ਨਸ਼ਿਆਂ ਅਤੇ ਲਾਲਚ ਵੱਸ ਆਪਣਿਆਂ ਨੂੰ ਜਾਨੋਂ ਮਾਰਨ ਲਈ ਬਿਨਾਂ ਕਿਸੇ ਸੰਕੋਚ ਦੇ ਤਿਆਰ ਹੋ ਜਾਂਦਾ ਹੈਮਨੁੱਖੀ ਜ਼ਿੰਦਗੀ ਬੜੀ ਹੀ ਸਸਤੀ ਹੋ ਗਈ ਹੈਭਰੂਣ ਹੱਤਿਆ, ਅਣਖ ਖਾਤਰ ਕਤਲ ਅਤੇ ਦਹੇਜ ਲਈ ਧੀਆਂ ਨੂੰ ਬੇਰਹਿਮੀ ਨਾਲ ਮਾਰਨਾ ਸਾਡੇ ਸਮਾਜ ਵਿੱਚ ਆਮ ਜਿਹੀ ਗੱਲ ਹੋ ਗਈ ਹੈਹਰ ਕੋਈ ਪੈਸੇ ਪਿੱਛੇ ਭੱਜਿਆ ਫਿਰਦਾ ਹੈਇਸ ਅੰਨ੍ਹੀ ਦੌੜ ਵਿੱਚ ਅਸੀਂ ਜ਼ਿੰਦਗੀ ਜੀਉਣੀ ਹੀ ਭੁੱਲ ਗਏ ਹਾਂਹਾਸਾ ਸਾਡੇ ਮੂੰਹਾਂ ਵਿੱਚੋਂ ਗਾਇਬ ਹੋ ਗਿਆ ਹੈਫੋਕਾ ਦਿਖਾਵਾ, ਫੋਕੀ ਟੌਹਰ ਸਾਡੀ ਜ਼ਿੰਦਗੀ ਦਾ ਮੁੱਖ ਮੰਤਵ ਹੋ ਗਿਆ ਹੈਇਸ ਲਈ ਦਿਨ ਰਾਤ ਅਸੀਂ ਗਲਤ ਤਰੀਕਿਆਂ ਨਾਲ ਮਾਇਆ ਇਕੱਠੀ ਕਰਨ ਵਿੱਚ ਰੁੱਝੇ ਰਹਿੰਦੇ ਹਾਂਈਰਖਾ, ਸਾੜਾ, ਨਿੰਦਿਆ, ਲੋਭ ਆਦਿ ਨੇ ਚਾਰੇ ਪਾਸਿਆਂ ਤੋਂ ਸਾਨੂੰ ਜਕੜਿਆ ਪਿਆ ਹੈਆਪਣੀ ਵਡਿਆਈ ਅਤੇ ਕਿਸੇ ਦੂਜੇ ਦੀ ਨਿੰਦਿਆ ਸਾਨੂੰ ਬੜੀ ਚੰਗੀ ਲਗਦੀ ਹੈਇੱਕ ਦੂਜੇ ਦੀਆਂ ਰੀਸਾਂ ਕਰਦੇ ਅਸੀਂ ਫਜੂਲ ਖਰਚਿਆਂ ਤੋਂ ਵੀ ਗੁਰੇਜ਼ ਨਹੀਂ ਕਰਦੇਫਿਰ ਕਰਜ਼ਿਆਂ ਦੀ ਦਲਦਲ ਵਿੱਚ ਫਸੇ ਬੇਵਸ ਮਹਿਸੂਸ ਕਰਦੇ ਹਾਂ

ਸਾਡਾ ਕੋਈ ਵੀ ਸਮਾਗਮ ਸ਼ਰਾਬ, ਮੀਟ ਤੋਂ ਬਿਨਾਂ ਅਧੂਰਾ ਸਮਝਿਆ ਜਾਂਦਾ ਹੈਵਿਆਹਾਂ, ਪਾਰਟੀਆਂ ਆਦਿ ਸਮਾਗਮਾਂ ਉੱਤੇ ਸਾਡੇ ਅਮੀਰ ਵਿਰਸੇ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾਂਦੀਆਂ ਹਨਆਰਕੈਸਟਰਾ ਦੇ ਨਾਂ ਤੇ ਅਸੀਂ ਆਪਣੀਆਂ ਧੀਆਂ ਭੈਣਾਂ ਨਾਲ ਬੈਠੇ ਉਹਨਾਂ ਵਰਗੀਆਂ ਕੁੜੀਆਂ ਦੇ ਠੁਮਕਿਆਂ ਦਾ ਬੜਾ ਅਨੰਦ ਮਾਣਦੇ ਹਾਂ ਕਈ ਤਾਂ ਨਸ਼ੇ ਦੀ ਲੋਰ ਵਿੱਚ ਉਹਨਾਂ ਨਾਲ ਸਟੇਜ ਸਟੇਜ ਉੱਤੇ ਜਾ ਕੇ ਨੱਚਣ ਤੋਂ ਵੀ ਗੁਰੇਜ ਨਹੀਂ ਕਰਦੇਫੋਕੇ ਹੰਕਾਰਾਂ ਦੇ ਮਾਰੇ ਅਸੀਂ ਪਿਸਟਲ, ਬੰਦੂਕਾਂ ਇਸ ਤਰ੍ਹਾਂ ਸ਼ਗਨਾਂ ਦੇ ਸਮਾਗਮਾਂ ’ਤੇ ਲੈ ਕੇ ਜਾਂਦੇ ਹਾਂ ਜਿਵੇਂ ਕਿਸੇ ਜੰਗ ਉੱਤੇ ਚੱਲੇ ਹੋਈਏ ਤੇ ਲੋਕ ਦਿਖਾਵੇ ਲਈ ਚਲਾਈਆਂ ਗੋਲੀਆਂ ਨਾਲ ਕਿੰਨੀਆਂ ਅਨਮੋਲ ਜਿੰਦੜੀਆਂ ਨੂੰ ਆਪਣੀ ਸੌੜੀ ਸੋਚ ਦੀ ਭੇਂਟ ਚੜਾ ਦਿੰਦੇ ਹਾਂ

ਸਾਡੀ ਸੋਚ ਇਸ ਕਦਰ ਛੋਟੀ ਅਤੇ ਸਵਾਰਥੀ ਹੋ ਗਈ ਹੈ ਕਿ ਸਾਡੇ ਜਨਮ ਦਾਤੇ ਬਿਰਧ ਆਸ਼ਰਮਾਂ ਵਿੱਚ ਰੁਲ ਰਹੇ ਹਨਆਲੀਸ਼ਾਨ ਘਰਾਂ ਵਿੱਚ ਉਹਨਾਂ ਲਈ ਕੋਈ ਥਾਂ ਨਹੀਂ ਪੈਸੇ ਕਮਾਉਣ ਦੀ ਦੌੜ ਵਿੱਚ ਅਸੀਂ ਇਸ ਕਦਰ ਰੁੱਝੇ ਹੋਏ ਹਾਂ ਕਿ ਬੱਚਿਆਂ ਲਈ ਸਾਡੇ ਕੋਲ ਕੋਈ ਸਮਾਂ ਨਹੀਂਸਾਡੇ ਬੱਚਿਆਂ ਦੀ ਸੋਚ ਵੀ ਪਦਾਰਥਵਾਦੀ ਹੋ ਗਈ ਹੈਸਾਡੀ ਨਵੀਂ ਪੀੜ੍ਹੀ ਨੇ ਟੀ.ਵੀ, ਇੰਟਰਨੈੱਟ, ਮੋਬਾਇਲ ਫੋਨਾਂ, ਫੇਸਬੁੱਕਾਂ ਅਤੇ ਟਵਿੱਟਰਾਂ ਆਦਿ ਦੇ ਖਿਆਲੀ ਸੰਸਾਰ ਵਿੱਚ ਅਲੱਗ ਹੀ ਦੁਨੀਆ ਵਸਾ ਲਈ ਹੈ ਜੋ ਕਿ ਟੈਕਨੌਲੋਜੀ ਤੋਂ ਕੋਰੇ ਮਾਪਿਆਂ ਲਈ ਇੱਕ ਬੁਝਾਰਤ ਬਣ ਗਈ ਹੈਨਿੱਤ ਉਹ ਮਾਪਿਆਂ ਅੱਗੇ ਮਹਿੰਗੀਆਂ ਤੋਂ ਮਹਿੰਗੀਆਂ ਚੀਜ਼ਾਂ ਦੀਆਂ ਮੰਗਾਂ ਰੱਖਦੇ ਹਨ ਅਤੇ ਨਾ ਮਿਲਣ ਦੀ ਹਾਲਾਤ ਵਿੱਚ ਆਤਮ ਹੱਤਿਆ ਜਾਂ ਹੋਰ ਅਪਰਾਧਿਕ ਕਾਰਨਾਮਿਆਂ ਨੂੰ ਬਿਨਾਂ ਸੋਚੇ ਵਿਚਾਰੇ ਅੰਜਾਮ ਦਿੰਦੇ ਹਨਅੱਜ ਸਾਡੇ ਬੱਚਿਆਂ ਨੂੰ ਪੈਸੇ ਦੀ ਕੋਈ ਕਦਰ ਨਹੀਂਮਾਪਿਆਂ ਦੁਆਰਾ ਘਾਲੀ ਘਾਲਣਾ ਦਾ ਉਹਨਾਂ ਦੀਆਂ ਨਜ਼ਰਾਂ ਵਿੱਚ ਕੋਈ ਮੁੱਲ ਨਹੀਂਇਸ ਲਈ ਅਸੀਂ ਖੁਦ ਵੀ ਕੁਝ ਹੱਦ ਤੱਕ ਜ਼ਿੰਮੇਵਾਰ ਹਾਂ

ਅੱਜ ਅਸੀਂ ਉਸ ਸਮੇਂ ਵਿੱਚ ਜੀ ਰਹੇ ਹਾਂ ਜਦ ਲੱਗ ਰਿਹਾ ਹੈ ਕਿ ਪੰਜਾਬ ਵਿੱਚੋਂ ਪੰਜਾਬੀ ਲਗਭਗ ਖਤਮ ਹੀ ਹੋ ਜਾਣਗੇਪੰਜਾਬ ਵਿੱਚ ਕਿਸੇ ਨੂੰ ਵੀ ਆਪਣਾ ਭਵਿੱਖ ਸੁਰੱਖਿਅਤ ਨਜ਼ਰ ਨਹੀਂ ਆ ਰਿਹਾ ਸਰਕਾਰਾਂ ਕੁੰਭਕਰਨੀ ਨੀਂਦ ਸੌਂ ਰਹੀਆਂ ਹਨਸਾਡੀ ਸਾਰੀ ਜਵਾਨੀ ਕੈਨੇਡਾ ਅਤੇ ਅਮਰੀਕਾ ਦੇ ਜਹਾਜ਼ ਚੜ੍ਹਨ ਲਈ ਉਤਾਵਲੀ ਹੋ ਰਹੀ ਹੈਮਾਪੇ ਖੁਦ 30-40 ਲੱਖ ਰੁਪਇਆ ਲਾ ਕੇ ਸਟੱਡੀ ਵੀਜ਼ੇ ਦੀ ਆੜ ਹੇਠ ਆਪਣੇ ਫਰਜ਼ੰਦਾਂ ਨੂੰ ਬਾਹਰਲੇ ਮੁਲਕਾਂ ਦੇ ਬਾਸ਼ਿੰਦੇ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨਕਈਆਂ ਨੂੰ ਏਜੰਟ ਸ਼ਰੇਆਮ ਲੁੱਟ ਰਹੇ ਹਨ ਅਤੇ ਕਈਆਂ ਨੂੰ ਰਿਸ਼ਤਿਆਂ ਦੇ ਨਾਂ ’ਤੇ ਕੀਤੀ ਸੌਦੇਬਾਜ਼ੀ ਦਗਾ ਦੇ ਰਹੀ ਹੈਕਿਸੇ ਦਾ ਜਵਾਈ ਧੌਖਾ ਦੇ ਕੇ ਧੀ ਦੀ ਜ਼ਿੰਦਗੀ ਬਰਬਾਦ ਕਰ ਗਿਆ, ਕਿਸੇ ਦੀ ਨੂੰਹ ਆਇਲਟ ਦਾ ਟੈਸਟ ਕਲੀਅਰ ਕਰਕੇ ਸਹੁਰਿਆਂ ਦਾ ਲੱਖਾਂ ਰੁਪਇਆ ਲੁਆ ਕੇ ਕੈਨੇਡਾ ਪਹੁੰਚ ਗਈ ਅਤੇ ਫਿਰ ਸਾਰੇ ਟੱਬਰ ਨੂੰ ਗੂਠਾ ਦਿਖਾ ਗਈਇਸੇ ਸਦਮੇ ਹੇਠ ਕਿਸੇ ਦਾ ਮੁੰਡਾ ਖੁਦਕੁਸ਼ੀ ਕਰ ਗਿਆ ਕਿਸੇ ਦਾ ਦਿਮਾਗੀ ਸੰਤੁਲਨ ਖੋ ਗਿਆਕੋਈ ਸਾਰਾ ਟੱਬਰ ਬਾਹਰ ਸੈੱਟ ਹੋਣ ਲਈ ਧੀ ਨੂੰ ਬਾਪ ਦੀ ਉਮਰ ਦੇ ਨਾਲਦੇ ਨਾਲ ਵਿਆਹੁਣ ਨੂੰ ਵੀ ਤਿਆਰ ਹੋਈ ਬੈਠੇ ਹਨ

ਇਸੇ ਸੰਦਰਭ ਵਿੱਚ ਜੇਕਰ ਅਸੀਂ ਆਪਣੇ ਬਜ਼ੁਰਗਾਂ ਜਾਂ ਪੁਰਾਣੇ ਜਮਾਨੇ ਦੇ ਲੋਕਾਂ ਦੀ ਗੱਲ ਕਰੀਏ ਤਾਂ ਸੋਚ ਅਤੇ ਸ਼ਖਸੀਅਤ ਪੱਖੋਂ ਅਸੀਂ ਉਹਨਾਂ ਤੋਂ ਕਾਫੀ ਪਛੜ ਚੁੱਕੇ ਹਾਂਤਰੱਕੀ ਭਾਵੇਂ ਅਸੀਂ ਉਹਨਾਂ ਨਾਲੋਂ ਕਾਫੀ ਜ਼ਿਆਦਾ ਕਰ ਲਈ ਹੈ ਪਰ ਜ਼ਿੰਦਗੀ ਦੀ ਦੌੜ ਵਿੱਚ ਅਸੀਂ ਫਾਡੀ ਰਹਿ ਗਏ ਹਾਂਉਹਨਾਂ ਦੇ ਘਰ ਭਾਵੇਂ ਕੱਚੇ ਅਤੇ ਛੋਟੇ ਸਨ ਪਰ ਦਿਲ ਕਾਫੀ ਵੱਡੇ ਸਨ ਪਰ ਅੱਜ ਸਾਡੇ ਘਰ ਤਾਂ ਵੱਡੇ ਹੋ ਗਏ ਪਰ ਦਿਲ ਉੰਨੇ ਹੀ ਛੋਟੇ ਹੋ ਗਏ ਹਨਚਾਹੇ ਉਹਨਾਂ ਕੋਲ ਸਾਡੇ ਜਿੰਨੀਆਂ ਸੁਖ-ਸੁਵਿਧਾਵਾਂ ਨਹੀਂ ਸਨ ਪਰ ਫਿਰ ਵੀ ਉਹ ਸਖਤ ਮਿਹਨਤਾਂ ਕਰਦੇ, ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਸੰਤੁਸ਼ਟ ਅਤੇ ਖੁਸ਼ਹਾਲ ਜ਼ਿੰਦਗੀ ਜੀਉਂਦੇ ਸਨਸਾਂਝੇ ਘਰਾਂ ਵਿੱਚ ਰਹਿੰਦਿਆਂ ਇੱਕ ਦੂਜੇ ਦਾ ਸੁਖ ਦੁੱਖ ਵੰਡਾਉਂਦੇ ਉਹ ਲੋਕ ਸੰਜਮੀ, ਸਾਫ ਦਿਲ ਅਤੇ ਹਸਮੁੱਖ ਹੁੰਦੇ ਸਨ ਪਰ ਅੱਜ ਉਹਨਾਂ ਦੇ ਵਾਰਿਸ ਅਖਵਾਉਣ ਵਾਲੇ ਅਸੀਂ ਚਾਰ ਜੀਅ ਹੀ ਘਰ ਵਿੱਚ ਕਲੇਸ਼ ਪਾ ਕੇ ਰੱਖਦੇ ਹਾਂ ਅਤੇ ਗੁੱਸੇ ਵਿੱਚ ਆ ਕੇ ਮਰਨ-ਮਾਰਨ ਨੂੰ ਝੱਟ ਤਿਆਰ ਹੋ ਜਾਂਦੇ ਹਾਂਅਸੀਂ ਹਰੇਕ ਰਿਸ਼ਤੇ ਨੂੰ ਨਫੇ ਨੁਕਸਾਨ ਦੇ ਮਾਪਦੰਡ ਵਿੱਚ ਤੋਲਦੇ ਹਾਂਅੱਜ ਵਿਆਹ ਅਤੇ ਤਲਾਕ ਇੱਕ ਖੇਡ ਜਿਹੀ ਬਣ ਗਈ ਹੈਰਿਸ਼ਤਿਆ ਵਿੱਚੋਂ ਆਪਸੀ ਪਿਆਰ, ਨਿੱਘ ਅਤੇ ਵਿਸ਼ਵਾਸ ਖਤਮ ਹੋ ਰਿਹਾ ਹੈਚਾਰੇ ਪਾਸੇ ਮੈਂ-ਮੈਂ ਦਾ ਹੀ ਰੌਲਾ ਹੈਹਰ ਕੋਈ ਹੱਕਾਂ ਦੀ ਗੱਲ ਤਾਂ ਕਰਦਾ ਹੈ ਪਰ ਫਰਜ਼ਾਂ ਤੋਂ ਅਸੀਂ ਮੁਨਕਰ ਹੋ ਗਏ ਹਾਂ

ਜ਼ਿੰਦਗੀ ਇੱਕ ਬੁਝਾਰਤ ਜਿਹੀ ਬਣ ਕੇ ਰਹਿ ਗਈ ਹੈਚਾਰੇ ਪਾਸੇ ਹਫੜਾ ਦਫੜੀ ਮਚੀ ਪਈ ਹੈਹਰ ਪਾਸੇ ਸਿਰਫ ਪੈਸੇ ਦੀ ਚੌਧਰ ਹੈਭ੍ਰਿਸ਼ਟਾਚਾਰ ਨੇ ਸਾਡੇ ਸਮਾਜ ਦੀਆਂ ਜੜ੍ਹਾਂ ਖੋਖਲੀਆਂ ਕਰ ਦਿੱਤੀਆਂ ਹਨ ਨਸ਼ਿਆਂ ਨੇ ਵਸਦੇ ਘਰਾਂ ਨੂੰ ਸ਼ਮਸ਼ਾਨ ਬਣਾ ਦਿੱਤਾ ਹੈਸਾਡੇ ਦੇਸ਼ ਦੇ ਨੁਮਾਇੰਦੇ ਸ਼ਰੇਆਮ ਆਮ ਜਨਤਾ ਨੂੰ ਬੁੱਧੂ ਬਣਾਕੇ ਸਿਰਫ ਵੋਟਾਂ ਦੀ ਰਾਜਨੀਤੀ ਕਰਦੇ ਹਨਹਰ ਕੋਈ ਸਿਰਫ ਆਪਣੇ ਬਾਰੇ ਹੀ ਸੋਚਦਾ ਹੈ, ਦੇਸ਼, ਸਮਾਜ ਜਾਵੇ ਖੂਹ ਖਾਤੇਗਰੀਬ ਹੋਰ ਗਰੀਬ ਹੋ ਰਿਹਾ ਹੈ ਅਤੇ ਅਮੀਰਾਂ ਨੂੰ ਆਪਣੀ ਬੇਸ਼ੁਮਾਰ ਦੌਲਤ ਬਾਰੇ ਪਤਾ ਹੀ ਨਹੀਂ ਕਿ ਕਿੰਨੀ ਕੁ ਖਾਤਿਆਂ ਵਿੱਚ ਜਮ੍ਹਾਂ ਹੋ ਗਈ ਹੈਇਸ ਆਰਥਿਕ ਪਾੜੇ ਨੇ ਸਮਾਜ ਦਾ ਤਾਣਾਬਾਣਾ ਬੁਰੀ ਤਰ੍ਹਾਂ ਉਲਝਾ ਦਿੱਤਾ ਹੈ

ਇਹ ਜ਼ਿੰਦਗੀ ਸਾਡੀ ਆਪਣੀ ਹੈ, ਇਹ ਸਮਾਜ ਸਾਡਾ ਹੈ, ਜਿੰਨਾ ਹੋ ਸਕੇ ਆਪਣੇ ਆਪ ਨੂੰ ਜਾਣੀਏਆਪਣੇ ਆਪ ਨੂੰ ਸੁਧਾਰਨ ਦਾ ਯਤਨ ਕਰੀਏਜੇਕਰ ਕੋਈ ਸਮਾਜ ਲਈ ਉਸਾਰੂ ਕੰਮ ਕਰ ਰਿਹਾ ਹੈ ਤਾਂ ਉਸ ਦੀਆਂ ਲੱਤਾਂ ਖਿੱਚਣ ਦੀ ਬਜਾਏ ਉਸ ਦਾ ਹੌਸਲਾ ਵਧਾਈਏਆਪਣੇ ਫਰਜ਼ਾਂ ਪ੍ਰਤੀ ਇਮਾਨਦਾਰ ਬਣੀਏ ਅਤੇ ਸਮਾਜ ਦੇ ਉਸਾਰੂ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਜਰੂਰ ਪਾਈਏ ਇਸ ਨਾਲ ਸਾਨੂੰ ਆਤਮਿਕ ਸੰਤੁਸ਼ਟੀ ਜ਼ਰੂਰ ਮਿਲੇਗੀ, ਬਸ਼ਰਤੇ ਸਾਡਾ ਜ਼ਮੀਰ ਜਰੂਰ ਜ਼ਿੰਦਾ ਹੋਵੇ

ਮੰਜ਼ਿਲ ਮਿਲ ਜੀ ਜਾਏਗੀ, ਭਟਕ ਕਰ ਹੀ ਸਹੀ,
ਗੁੰਮਰਾਹ ਤੋਂ ਵੋਹ ਹੈਂ, ਜੋ ਘਰ ਸੇ ਨਿਕਲੇ ਹੀ ਨਹੀਂ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1662)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਮਨਪ੍ਰੀਤ ਕੌਰ ਮਿਨਹਾਸ

ਮਨਪ੍ਰੀਤ ਕੌਰ ਮਿਨਹਾਸ

Bahadurgarh, Fatehgarh Sahib, Punjab, India.
Email: (preetminhas09@gmail.com)

More articles from this author