Sukirat7“ਸਿਰਫ਼ ਆਪਣੇ ਹੀ ਸੂਬੇ, ਆਪਣੀ ਹੀ ਭਾਸ਼ਾ, ਆਪਣੇ ਹੀ ਧਰਮ, ਆਪਣੇ ਹੀ ਦਲ ਦੀ ਵਿਚਾਰਧਾਰਾ ਦੀ ਰਾਖੀ ਲਈ ਬਾਹਾਂ ਟੁੰਗ ...”
(14 ਸਤੰਬਰ 2017)

 

ਗੌਰੀ ਲੰਕੇਸ਼ ਦੇ ਕਤਲ ਤੋਂ ਪਹਿਲਾਂ ਮੈਂ ਉਸ ਦੇ ਨਾਂਅ ਨਾਲ ਵਾਕਿਫ਼ ਨਹੀਂ ਸੀ। ਮੇਰੇ ਵਰਗੇ ਹੋਰ ਬਹੁਤ ਸਾਰੇ ਵੀ ਨਹੀਂ ਸਨ।

ਵਾਕਿਫ਼ ਸਿਰਫ਼ ਲਈ ਨਹੀਂ ਸਾਂ ਕਿਉਂਕਿ ਉਹ ਆਪਣੀ ਮਾਤ-ਭਾਸ਼ਾ ਕੰਨੜ ਵਿਚ ਅਖਬਾਰ ਚਲਾਉਂਦੀ ਸੀ, ਉਸੇ ਜ਼ਬਾਨ ਵਿਚ ਲਿਖਦੀ ਸੀ ਅਤੇ ਮੇਰਾ ਜਾਂ ਮੇਰੇ ਵਰਗੇ ਬਹੁਤ ਸਾਰੇ ਲੋਕਾਂ ਦਾ ਕੰਨੜ ਨਾਲ ਕੋਈ ਵਾਹ-ਵਾਸਤਾ ਨਹੀਂ। ਪਰ ਉਸਦੀ ਮੌਤ ਤੋਂ ਬਾਅਦ ਜੋ ਕੁਝ ਸਾਹਮਣੇ ਆਇਆ ਹੈ, ਅਤੇ ਜੋ ਕੁਝ ਮੈਂ ਲੱਲੱਭ ਕੇ ਪੜ੍ਹਿਆ ਹੈ, ਉਸ ਤੋਂ ਬਾਅਦ ਉਸਦੇ ਕੰਮ, ਉਸਦੀ ਦਲੇਰੀ, ਉਸਦੇ ਦਿਸਹੱਦਿਆਂ ਦੀ ਵਿਸ਼ਾਲਤਾ ਅਤੇ ਉਸ ਅੰਦਰਲੀ ਮਨੁੱਖਤਾ ਸਾਂਹਵੇਂ ਅਕੀਦਤ ਪੇਸ਼ ਕਰਨੋ ਰਿਹਾ ਨਹੀਂ ਜਾਂਦਾ। ਜੇ ਉਹ ਅੰਗਰੇਜ਼ੀ ਵਿਚ ਲਿਖਣਾ ਜਾਰੀ ਰੱਖਦੀ ਤਾਂ ਸ਼ਾਇਦ ਸਾਡੇ ਦੇਸ ਦੀ ਸਿਤਾਰਾ-ਪੱਤਰਕਾਰ ਹੁੰਦੀ। ਪਰ ਉਸਨੇ ਆਪਣੀ ਮਰਜ਼ੀ ਨਾਲ ਇਕ ਖੇਤਰੀ ਭਾਸ਼ਾ ਨੂੰ ਚੁਣਿਆ। ਅਤੇ ਸਿਰਫ਼ ਖੇਤਰੀ ਭਾਸ਼ਾ ਨੂੰ ਹੀ ਨਹੀਂ ਚੁਣਿਆ, ਆਪਣੀ ਮਰਜ਼ੀ ਨਾਲ ਇਨ੍ਹਾਂ ਖਤਰਨਾਕ ਸਮਿਆਂ ਵਿਚ ਔਝੜੇ ਰਾਹਾਂ ਤੇ ਤੁਰਨਾ ਜਾਰੀ ਰੱਖਿਆ।

ਗੌਰੀ ਲੰਕੇਸ਼ ਨੇ ਬਤੌਰ ਪੱਤਰਕਾਰ ਆਪਣੀ ਜ਼ਿੰਦਗੀ ਅੰਗਰੇਜ਼ੀ ਦੇ ਇਕ ਅਖਬਾਰ ਤੋਂ ਹੀ ਸ਼ੁਰੂ ਕੀਤੀ ਸੀ। ਬੰਗਲੌਰ-ਮੁੰਬਈ-ਦਿੱਲੀ ਵਰਗੇ ਸ਼ਹਿਰਾਂ ਵਿਚ ਪਲੇ-ਪੜ੍ਹੇ ਉਨ੍ਹਾਂ ਹੋਰ ਬਹੁਤ ਸਾਰੇ ਮਧ-ਵਰਗੀ ਨੌਜਵਾਨਾਂ ਵਾਂਗ, ਜੋ ਆਪਣੀ ਮਾਂ-ਬੋਲੀ ਨਾਲੋਂ ਅੰਗਰੇਜ਼ੀ ਵਿਚ ਮੁਹਾਰਤ ਵਧੇਰੇ ਰੱਖਦੇ ਹਨ ਪਰ ਦਸ ਸਾਲ ਰਾਜਧਾਨੀ ਦਿੱਲੀ ਵਿਚ ਅੰਗਰੇਜ਼ੀ ਵਿਚ ਪੱਤਰਕਾਰੀ ਕਰਕੇ ਉਹ ਵਾਪਸ ਆਪਣੇ ਸ਼ਹਿਰ ਬੰਗਲੌਰ ਆ ਗਈ, ਅਤੇ ਸਭ ਤੋਂ ਪਹਿਲਾਂ ਮਾਂ-ਬੋਲੀ ਦੇ ਆਪਣੇ ਸੀਮਤ ਗਿਆਨ ਨੂੰ ਪੱਤਰਕਾਰੀ ਦੀਆਂ ਲੋੜਾਂ ਮੁਤਾਬਕ ਵਿਕਾਸਿਆ ਅਤੇ ਤਰਾਸ਼ਿਆ। ਉਸ ਨੂੰ ਮਹਿਸੂਸ ਹੋਣ ਲੱਗ ਪਿਆ ਸੀ ਕਿ ਅੰਗਰੇਜ਼ੀ ਵਿਚ ਕੰਮ ਕਰਨ ਵਾਲੇ ਤਾਂ ਹੋਰ ਵੀ ਬਹੁਤ ਹਨ, ਆਮ ਲੋਕਾਂ ਨਾਲ ਸਿੱਧਾ ਜੁੜਨ, ਉਨ੍ਹਾਂ ਤਕ ਪਹੁੰਚ ਕਰਨ ਲਈ ਖੇਤਰੀ ਭਾਸ਼ਾਵਾਂ ਵਿਚ ਕੰਮ ਕਰਨ ਦੀ ਲੋੜ ਵਧੇਰੇ ਹੈ। ਸਨ 2000 ਵਿਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਸਨੇ ਉਸਦੇ ਚਲਾਏ ਗਏ ਪਰਚੇ ਦੀ ਸੰਪਾਦਨਾ ਸੰਭਾਲੀ। ਪਰ ਇਹ ਸੰਪਾਦਨਾ ਕਿਸੇ ਤਿਜਾਰਤੀ ਅਖਬਾਰ ਦੇ ਧਨਾਢ ਮਾਲਕ-ਸੰਪਾਦਕ ਦੇ ਬੱਚੇ ਵੱਲੋਂ ਆਪਣੇ ਪਿਓ ਦਾ ਛੱਡਿਆ ਵਪਾਰਕ ਅਦਾਰਾ ਸੰਭਾਲਣ ਵਾਲੀ ਸੰਪਾਦਨਾ ਨਹੀਂ ਸੀ। ਗੌਰੀ ਦੇ ਪਿਤਾ ਪੀ. ਲੰਕੇਸ਼ ਵੱਲੋਂ ਸ਼ੁਰੂ ਕੀਤਾ ਗਿਆ ਅਖਬਾਰ ਲੰਕੇਸ਼ ਪਤ੍ਰਿਕੇ’ ਅੱਜ ਦੇ ਅਖਬਾਰਾਂ ਵਰਗਾ ਵਪਾਰਕ ਅਦਾਰਾ ਸੀ ਹੀ ਨਹੀਂ, ਇਕ ਮਿਸ਼ਨ ਵਾਂਗ ਸ਼ੁਰੂ ਕੀਤਾ ਗਿਆ ਹਫ਼ਤਾਵਾਰੀ ਅਖਬਾਰ ਸੀ। ਪੀ. ਲੰਕੇਸ਼ ਕਵੀ ਅਤੇ ਨਾਟਕਕਾਰ ਵਜੋਂ ਜਾਣਿਆ ਜਾਂਦਾ ਸੀ, ਅਤੇ ਆਪਣੇ ਖੱਬੇ ਪੱਖੀ ਵਿਚਾਰਾਂ ਕਾਰਨ ਵੀ। ਆਪਣੇ ਅਗਾਂਹਵਧੂ ਵਿਚਾਰਾਂ ਨੂੰ ਪਰਚਾਰਨ ਦੀ ਮਨਸ਼ਾ ਨਾਲ ਹੀ ਉਸਨੇ ਇਹ ਅਖਬਾਰ ਸ਼ੁਰੂ ਕੀਤਾ ਸੀ। ਗੌਰੀ ਨੇ ਆਪਣੇ ਪਿਤਾ ਦੀ ਬੇਵਕਤ ਮੌਤ ਪਿੱਛੋਂ ਨਾ ਸਿਰਫ਼ ਆਪਣੇ ਸੰਪਾਦਕ ਪਿਤਾ ਦੀ ਵਿਚਾਰਧਾਰਕ ਸੇਧ ਕਾਇਮ ਰੱਖੀ, ਸਗੋਂ ਉਸ ਨੂੰ ਹੋਰ ਅਗਾਂਹ ਤੋਰਿਆ। ਇਸ ਹੱਦ ਤਕ ਕਿ 2005 ਵਿਚ ਗੌਰੀ ਦੇ ਆਪਣੇ ਭਰਾ ਇੰਦਰਜੀਤ ਨਾਲ ਵਿਚਾਰਧਾਰਕ ਮਤਭੇਦ ਪੈਦਾ ਹੋ ਗਏ। ਇੰਦਰਜੀਤ, ਜੋ ਉਸ ਸਮੇਂ ਲੰਕੇਸ਼ ਪਤ੍ਰਿਕੇ ਦਾ ਮਾਲਕ/ਪ੍ਰਕਾਕ ਸੀ, ਨੂੰ ਜਾਪਦਾ ਸੀ ਕਿ ਗੌਰੀ ਵਿਚਾਰਧਾਰਕ ਤੌਰ ਤੇ ਲੋੜੋਂ ਵੱਧ ਖੱਬੇ ਪੱਖੀ ਹੋ ਗਈ ਹੈ ਅਤੇ ਇਸ ਕਾਰਨ ਭੈਣ ਭਰਾ ਅਲਹਿਦਾ ਹੋ ਗਏ। ਗੌਰੀ ਨੇ ਆਪਣਾ ਅਖਬਾਰ ਗੌਰੀ ਲੰਕੇਸ਼ ਪਤ੍ਰਿਕੇ ਦੇ ਨਾਂਅ ਹੇਠ ਸ਼ੁਰੂ ਕੀਤਾ। ਇਸ ਵਿਚ ਉਹ ਕਿਸੇ ਕਿਸਮ ਦੇ ਇਸ਼ਤਿਹਾਰ ਨਹੀਂ ਸੀ ਛਾਪਦੀ ਅਤੇ ਅਖਬਾਰ ਸਿਰਫ਼ ਪਾਠਕਾਂ ਦੇ ਚੰਦਿਆਂ ਨਾਲ ਚਲਦਾ ਸੀ। ਗੌਰੀ ਆਮ ਤੌਰ ਤੇ ਅਜਿਹੇ ਮੁੱਦੇ ਚੁੱਕਦੀ ਸੀ ਜਿਸਨੂੰ ਮੁੱਖ-ਧਾਰਾ (ਵੈਸੇ ਵਿਕਾਊ ਮੀਡੀਏ ਦੇ ਦੌਰ ਵਿਚ ਇਸ ਸ਼ਬਦ ਦੀ ਥਾਂ ਵਪਾਰਕ-ਧਾਰਾ ਵਰਤਣਾ ਵੱਢੁੱਕਵਾਂ ਹੋਵੇਗਾ) ਦਾ ਮੀਡੀਆ ਅੱਖੋਂ-ਪਰੋਖੇ ਕਰ ਦੇਂਦਾ ਸੀ। ਇਨ੍ਹਾਂ ਗੱਲਾਂ ਕਾਰਨ ਇਸ ਅਖਬਾਰ ਦੀ ਪਹੁੰਚ ਇਸਦੀ ਅਸ਼ਾਇਤ ਨਾਲੋਂ ਕਿਤੇ ਵਡੇਰੀ ਸੀ, ਅਤੇ ਹਰ ਵਿਚਾਰਧਾਰਾ ਦੇ ਕੰਨੜ-ਭਾਸ਼ੀ ਗੌਰੀ ਲੰਕੇਸ਼ ਦੇ ਨਾਂਅ ਨਾਲ ਚੰਗੀ ਤਰ੍ਹਾਂ ਵਾਕਫ਼ ਸਨ।

ਗੌਰੀ ਉਨ੍ਹਾਂ ਲੋਕਾਂ ਵਿੱਚੋਂ ਸੀ, ਜਿਨ੍ਹਾਂ ਦਾ ਦਿਲ ਖੱਬੀ ਤਾਲ ਤੇ ਧੜਕਦਾ ਹੈ ਪਰ ਉਹ ਕਿਸੇ ਪਾਰਟੀ-ਵਿਸ਼ੇਸ਼ ਨਾਲ ਨਹੀਂ ਬੱਝੇ ਹੁੰਦੇ। ਉਹ ਅਸਲੀ ਅਰਥਾਂ ਵਿਚ ਮਨੁੱਖਵਾਦੀ ਹੁੰਦੇ ਹਨ ਅਤੇ ਹਰ ਕਿਸਮ ਦੇ ਧਾਰਮਕ, ਜ਼ਾਤੀ ਜਾਂ ਖੇਤਰੀ ਭੇਦ-ਭਾਵ ਤੋਂ ਉੱਪਰ ਹੁੰਦੇ ਹਨ। ਗੌਰੀ ਲੰਕੇਸ਼ ਦੇ ਫੇਸਬੁਕ ਅਕਾਊਂਟ ਨੂੰ ਦੇਖਿਆਂ ਉਸਦੀ ਮਾਨਸਕ ਬਣਤਰ ਅਤੇ ਮਿਸਾਲੀ ਉਦਾਰਵਾਦ ਦੀ ਸਮਝ ਸੌਖਿਆਂ ਹੀ ਪੈ ਸਕਦੀ ਹੈ। ਉਹ ਉਨ੍ਹਾਂ ਲੋਕਾਂ ਵਿੱਚੋਂ ਸੀ ਜੋ ਸੋਸ਼ਲ ਮੀਡੀਏ ਨੂੰ ਸਵੈ-ਪਰਚਾਰ ਜਾਂ ਪਰਵਾਰਿਕ ਬੈਠਕ ਵਾਂਗ ਨਹੀਂ ਵਰਤਦੇ। ਫੇਸਬੁੱਉੱਤੇ ਉਹ ਆਪਣੀਆਂ ਤਸਵੀਰਾਂ ਜਾਂ ਆਪਣੀਆਂ ਪ੍ਰਾਪਤੀਆਂ ਦਾ ਪ੍ਰਸਾਰਣ ਕਰਨ ਦੀ ਥਾਂ ਇਸ ਮੰਚ ਨੂੰ ਉਨ੍ਹਾਂ ਲੇਖਾਂ ਜਾਂ ਵਾਪਰਨੀਆਂ ਵਲ ਧਿਆਨ ਦਿਵਾਉਣ ਲਈ ਵਰਤਦੀ ਸੀ ਜੋ ਉਸਦੇ ਨਜ਼ਰੀਂ ਪਏ, ਅਤੇ ਜਿਨ੍ਹਾਂ ਨੂੰ ਹੋਰਨਾ ਤਕ ਪੁਚਾਉਣਾ ਉਸਨੂੰ ਜ਼ਰੂਰੀ ਜਾਪਿਆ। 5 ਸਤੰਬਰ ਨੂੰ ਉਸਦੀ ਮੌਤ ਹੋਈ ਅਤੇ ਉਸਦੀਆਂ ਪਾਈਆਂ ਆਖਰੀ ਪੰਜ ਪੋਸਟਾਂ ਦੇ ਸਿਰਲੇਖ ਇਹ ਸਨ:

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਕੋਲੋਂ ਪੁੱਛਿਆ ਹੈ ਕਿ ਰੋਹਿੰਗਿਆ ਸ਼ਰਨਾਰਥੀਆਂ ਨੂੰ ਭਾਰਤ ਵਿੱਚੋਂ ਕੱਢਣਾ ਕਿਉਂ ਜ਼ਰੂਰੀ ਹੈ?

ਵਿਨੋਦ ਦੂਆ ਦਾ ਅਹਿਮ ਭਾਸ਼ਣ

ਧਾਰਮਕ ਵਖਰੇਵਿਆਂ ਤੋਂ ਪਾਰ , ਸਾਰੇ ਕੇਰਲਾ ਵਾਸੀਆਂ ਦੇ ਰਲ ਕੇ ਓਨਮ ਦਾ ਤਿਓਹਾਰ ਮਨਾਉਣ ਦਾ ਵੀਡੀਓ

ਕੰਗਨਾ ਰਾਨਾਓਤ ਦੀ ਬਰਖਾ ਦਤ ਨਾਲ ਮੁਲਾਕਾਤ: ਦੇਖਣਯੋਗ ਵੀਡੀਓ

ਸਮਲਿੰਗੀ ਬੱਚਿਆਂ ਦੇ ਮਾਪਿਆਂ ਨੂੰ ਸਮਲਿੰਗੀ ਲੋਕਾਂ ਦੇ ਅਧਿਕਾਰਾਂ ਬਾਰੇ ਜਾਣਕਾਰੀ ਦੇਂਦਾ ਵੀਡੀਓ

ਇਨ੍ਹਾਂ ਆਖਰੀ ਪੋਸਟਾਂ ਦੀ ਵੰਨ-ਸੁਵੰਨਤਾ ਹੀ ਦੱਦਿੰਦੀ ਹੈ ਕਿ ਗੌਰੀ ਲੰਕੇਸ਼ ਦਾ ਮਾਨਸਿਕ ਸੰਸਾਰ ਕਿੰਨਾ ਮੋਕਲਾ ਸੀ।

ਇਹੋ ਜਿਹੇ ਲੋਕ ਕਿਸੇ ਮੁੱਦੇ ਨੂੰ ਚੁੱਕਣ ਜਾਂ ਉਸ ਲਈ ਦਿਨ-ਰਾਤ ਇੱਕ ਕਰਨ ਸਮੇਂ ਰਾਜਨੀਤਕ ਦਲਾਂ ਨਾਲ ਜੁੜੇ ਕਸਬੀ ਸਿਆਸਤਦਾਨਾਂ ਤੋਂ ਉਲਟ ਆਪਣਾ ਵਕਤੀ ਨਫ਼ਾ-ਨੁਕਸਾਨ ਨਹੀਂ ਦੇਖਦੇ, ਕਿਸੇ ਪੈਂਤੜੇਬਾਜ਼ੀ ਜਾਂ ਸਿਆਸੀ ਜੋੜਾਂ-ਤੋੜਾਂ ਵਿਚ ਨਹੀਂ ਪੈਂਦੇ। ਸੇ ਲਈ ਜੇ ਇਕ ਪਾਸੇ ਉਹ ਹਿੰਦੂਤਵਵਾਦੀਆਂ ਦੀ ਕਰੜੀ ਅਤੇ ਤਿੱਖੀ ਆਲੋਚਕ ਸੀ ਤਾਂ ਦੂਜੇ ਪਾਸੇ ਸਰਕਾਰ ਅਤੇ ਨਕਸਲੀਆਂ ਵਿਚਕਾਰ ਸੁਹਿਰਦ ਗੱਲਬਾਤ ਦੀ ਵੀ ਇੱਛੁਕ ਸੀ। ਉਹ ਨਕਸਲੀ ਗਰੱਪਾਂ ਦੇ ਨੇੜੇ ਸੀ ਅਤੇ ਉਨ੍ਹਾਂ ਵਿੱਚੋਂ ਜਿਹੜੇ ਲੋਕ ਹਥਿਆਰ ਤਜ ਕੇ ਮੁੱਖ-ਧਾਰਾ ਵਿਚ ਸ਼ਾਮਲ ਹੋਣਾ ਚਾਹੁੰਦੇ ਸਨ, ਉਨ੍ਹਾਂ ਦੀ ਬੇਸ਼ਰਤ ਵਾਪਸੀ ਦੀ ਵੀ ਹਾਮੀ ਸੀ। ਉਸਨੇ ਕਰਨਾਟਕਾ ਵਿਚ ਭਾਜਪਾ ਦੀਆਂ ਅਪਰਾਧੀ ਸਰਗਰਮੀਆਂ ਦਾ ਪਰਦਾ ਫ਼ਾਸ਼ ਕੀਤਾ, ਪਰ ਇਸ ਸਮੇਂ ਉੱਥੇ ਰਾਜ ਕਰ ਰਹੀ ਧਿਰ ਕਾਂਗਰਸ ਦੀ ਵੀ ਉਹ ਸਖਤ ਆਲੋਚਕ ਸੀ।

ਇਹੋ ਜਿਹੇ ਲੋਕ ਬੇਬਾਕ ਵੀ ਹੁੰਦੇ ਹਨ ਅਤੇ ਜਾਂਬਾਜ਼ ਵੀ। ਆਪਣੀ ਧੁਨ ਦੇ ਪੱਕੇ ਅਤੇ ਆਪਣੇ ਵਿਸ਼ਵਾਸਾਂ ਨੂੰ ਪਰਣਾਏ ਅਜਿਹੇ ਲੋਕ ਕਿਸੇ ਸਰਕਾਰੀ ਢਾਲ ਦਾ ਸਹਾਰਾ ਨਹੀਂ ਲੈਂਦੇ ਅਤੇ ਸੇ ਲਈ ਭਾੜੇ ਦੇ ਟੱਟੂਆਂ ਰਾਹੀਂ ਉਨ੍ਹਾਂ ਨੂੰ ਕਤਲ ਕਰਾਇਆ ਜਾ ਸਕਣਾ ਔਖਾ ਨਹੀਂ ਹੁੰਦਾ। ਅਤੇ ਅੱਜ ਉਹ ਨਰੇਂਦਰ ਦਾਭੋਲਕਰ, ਗੋਵਿੰਦ ਪਾਂਸਰੇ ਅਤੇ ਕਲਬੁਰਗੀ ਵਰਗੇ ਸ਼ਹੀਦਾਂ ਦੀ ਪਾਲ ਵਿਚ ਜਾ ਖੜੋਤੀ ਹੈ।

ਇਸ ਵਹਿਸ਼ੀਆਨਾ ਕਤਲ ਨੇ ਸਾਰੇ ਦੇਸ ਵਿਚ ਇਕੇਰਾਂ ਫੇਰ ਰੋਹ ਦੀ ਲਹਿਰ ਫੈਲਾਈ ਹੈ ਦੇਸ ਭਰ ਵਿਚ ਮੁਜ਼ਾਹਰੇ ਹੋਏ ਹਨ, ਕਾਤਲਾਂ ਨੂੰ ਛੇਤੀ ਤੋਂ ਛੇਤੀ ਫੜਨ ਦੀ ਮੰਗ ਹੋਈ ਹੈ। ਰੋਹ ਆਪਣੀ ਚਰਮ ਸੀਮਾ ਤੇ ਹੈ ਅਤੇ ਇਸ ਲਈ ਵੀ ਹੈ ਕਿ ਤਕਰੀਬਨ ਇੱਕੋ ਢੰਗ ਨਾਲ ਹੋਏ ਪਿਛਲੇ ਤਿੰਨਾਂ ਕਤਲਾਂ ਨੂੰ ਅੰਜਾਮ ਦੇਣ ਵਾਲੇ ਲੋਕ ਅਜੇ ਤੀਕ ਫੜੇ ਨਹੀਂ ਗਏ ਅਤੇ ਇਹ ਤੱਥ ਕਿਸੇ ਸਰਕਾਰੀ ਸ਼ਹਿ ਜਾਂ ਜਾਣ-ਬੁੱਝ ਕੇ ਕੀਤੀ ਜਾ ਰਹੀ ਅਣਗਹਿਲੀ ਵਲ ਸਪਸ਼ਟ ਇਸ਼ਾਰਾ ਕਰਦਾ ਹੈ। ਲੋਕ ਰੋਹ ਦਾ ਇਹ ਪ੍ਰਗਟਾਵਾ, ਥਾਂ ਥਾਂ ਹੋਏ ਮੁਜ਼ਾਹਰੇ ਆਪਣੀ ਥਾਂ ਜਾਇਜ਼ ਹਨ, ਪਰ ਵਡੇਰਾ ਸਵਾਲ ਇਹ ਹੈ ਕਿ ਕਾਤਲ ਫੜ ਵੀ ਲਏ ਗਏ ਤਾਂ ਕੀ ਹੋ ਜਾਵੇਗਾ। ਕਾਤਲ ਕੌਣ ਸੀ ਦੀ ਗੁੱਥੀ ਸੁਲਝੇ ਜਾਂ ਨਾ ਸੁਲਝੇ, ਜੇ ਇਨ੍ਹਾਂ ਕਤਲਾਂ ਬਾਰੇ ਇਕ ਗੱਲ ਇਸ ਵੇਲੇ ਵੀ ਬੇਝਿਜਕ ਕਹੀ ਜਾ ਸਕਦੀ ਹੈ ਤਾਂ ਉਹ ਇਹ ਕਿ ਜਦੋਂ ਫੜੇ ਵੀ ਗਏ, ਕਾਤਲ ਸਿਰਫ਼ ਭਾੜੇ ਦੇ ਟੱਟੂ ਨਿਕਲਣਗੇ , ਉਨ੍ਹਾਂ ਨੂੰ ਇਸ਼ਾਰਾ ਕਰਨ ਵਾਲੇ ਅਤੇ ਸੁਰੱਖਿਆ ਮੁਹੱਈਆ ਕਰਨ ਵਾਲੇ ਸਰਗਣੇ ਬੇਨਕਾਬ ਹੀ ਰਹਿਣਗੇ।

ਇਸ ਲਈ ਅੱਦੁੱਖ, ਰੋਹ ਅਤੇ ਬੇਬਸੀ ਦੀ ਇਸ ਘੜੀ ਇਹ ਸੋਚਣੋਂ ਨਹੀਂ ਰਿਹਾ ਜਾਂਦਾ ਕਿ ਸਾਨੂੰ ਅਸਲੀ ਅਤੇ ਲੰਮੀ ਲੜਾਈ ਉਸ ਮਾਨਸਿਕਤਾ ਨਾਲ ਲੜਨੀ ਪਵੇਗੀ ਜਿਸਨੇ ਇਹ ਮਾਹੌਲ ਪੈਦਾ ਕਰ ਦਿੱਤਾ ਹੈ ਕਿ ਹਰ ਵਿਚਾਰਧਾਰਕ ਵਿਰੋਧੀ ਨੂੰ ਖਤਮ ਕਰ ਦੇਣਾ ਨਾ ਸਿਰਫ਼ ਕਾਰਗਰ ਢੰਗ ਸਮਝਿਆ ਜਾ ਰਿਹਾ ਹੈ ਸਗੋਂ ਇਹੋ ਜਿਹੇ ਵਹਿਸ਼ੀਆਨਾ ਕਤਲ ਨੂੰ ਜਾਇਜ਼ ਵੀ ਠਹਿਰਾਇਆ ਜਾ ਰਿਹਾ ਹੈ। ਸ਼ਾਇਦ ਇਹ ਪਹਿਲੀ ਵਾਰ ਹੈ ਕਿ ਇਹੋ ਜਿਹੀ ਘਿਨਾਉਣੀ ਹਰਕਤ ਤੋਂ ਬਾਅਦ ਫਰਜ਼ੀ ਨਾਂਵਾਂ ਦੇ ਪਰਦੇ ਹੇਠ ਨਹੀਂ, ਸਗੋਂ ਸੋਸ਼ਲ ਮੀਡੀਆ ਰਾਹੀਂ ਖੁੱਲ੍ਹ ਡੁੱਲ੍ਹ ਕੇ ਜ਼ਹਿਰ ਉਗਲਿਆ ਜਾ ਰਿਹਾ ਹੈ। ਇਸ ਸ਼ਰਮਨਾਕ ਵਰਤਾਰੇ ਦੇ ਕੁਝ ਨਮੂਨੇ ਦੇਖੋ:

ਇਕ ਕੁੱਤੀ ਕੁੱਤੇ ਦੀ ਮੌਤ ਕੀ ਮਰੀ, ਸਾਰੇ ਕਤੂਰੇ ਇੱਕੋ ਸੁਰ ਵਿਚ ਕੁਰਲਾਣ ਲੱਗ ਪਏ ਨੇ।” - ਨਿਖਿਲ ਦਧੀਚ (ਸੂਰਤ ਦਾ ਇਹ ਨੌਜਵਾਨ ਇਸ ਗੱਤੇ ਮਾਣ ਕਰਦਾ ਹੈ ਕਿ ਪ੍ਰਧਾਨ ਮੰਤਰੀ ਉਸਦੀਆਂ ਟਵਿਟਰ-ਟੂਕਾਂ ਪੜ੍ਹਨ ਵਾਲਿਆਂ ਵਿਚ ਸ਼ਾਮਲ ਹੈ, ਅਤੇ ਸਮ੍ਰਿਤੀ ਇਰਾਨੀ ਨਾਲ ਉਸਦੀ ਨੇੜਤਾ ਹੈ)

ਜੈਸੀ ਕਰਨੀ, ਵੈਸੀ ਭਰਨੀ।” - ਆਸ਼ਿਸ਼ ਮਿਸ਼ਰਾ, ਸੂਚਨਾ-ਤਕਨਾਲੋਜੀ ਮੰਤਰਾਲੇ ਦਾ ਸੋਸ਼ਲ ਮੀਡੀਆ ਸਲਾਹਕਾਰ

ਕੌਮੀ (ਇਹ ਕਮਿਊਨਿਸਟਾਂ ਲਈ ਵਰਤਿਆ ਜਾਂਦਾ ਤ੍ਰਿਸਕਾਰ ਦਾ ਸ਼ਬਦ ਹੈ) ਗੌਰੀ ਨੂੰ ਬੇਰਹਿਮੀ ਨਾਲ ਮਾਰ ਮੁਕਾਇਆ ਗਿਆ। ਕਹਿੰਦੇ ਨੇ ਨਾ, ਤੁਹਾਡੇ ਕਰਮਾਂ ਦਾ ਫਲ ਤੁਹਾਨੂੰ ਮਿਲਣਾ ਹੀ ਹੁੰਦਾ ਹੈ। ਆਮੀਨ!” -ਜਾਗਰਿਤੀ ਸ਼ੁਕਲਾ, ਸਾਬਕਾ ਜ਼ੀ ਟੀਵੀ ਪੱਤਰਕਾਰ

ਨਫ਼ਰਤ ਦਾ ਇਹ ਨੰਗਾ-ਚਿੱਟਾ ਇਜ਼ਹਾਰ ਉਸ ਵਿਹੁਲੀ ਕਾਂਗ ਦਾ ਪਰਮਾਣ ਹੈ ਜਿਸਦੀ ਲਪੇਟ ਵਿਚ ਹੁਣ ਹਰ ਕਿਸੇ ਨੂੰ ਲਿਆਣ ਦੇ ਮਨਸੂਬੇ ਬੰਨ੍ਹੇ ਜਾ ਰਹੇ ਹਨ ਅਤੇ ਬਹੁਤ ਸਾਰੀ ਜਨਤਾ ਜਿਸਦੇ ਪਰਭਾਵ ਹੇਠ ਆ ਵੀ ਚੁੱਕੀ ਹੈ। ਇਸ ਦਾ ਮੁਕਾਬਲਾ ਕਰਨ ਲਈ ਨਿਰੋਲ ਮੁਜ਼ਾਹਰੇ ਅਤੇ ਮੋਮਬੱਤੀ-ਮਾਰਚ ਕਾਫ਼ੀ ਨਹੀਂ ਹੋ ਸਕਣੇ। ਹਰ ਬੈਠਕ, ਹਰ ਗਲੀ, ਹਰ ਮੁਹੱਲੇ ਵਿਚ ਆਪਣੇ ਦੇਸ ਦੇ ਬਹੁ-ਧਰਮੀ, ਬਹੁ-ਕੌਮੀ, ਬਹੁ-ਸਭਿਆਚਾਰਕ ਇਤਿਹਾਸ ਬਾਰੇ ਬਹਿਸਾਂ ਕਰਨੀਆਂ ਪੈਣਗੀਆਂ। ਸੋਸ਼ਲ ਮੀਡੀਆ ਨੂੰ ਨਿਰਾ ਮਨੋਰੰਜਨ ਲਈ ਹੀ ਨਹੀਂ, ਵਿਚਾਰਧਾਰਕ ਹਥਿਆਰ ਵਾਂਗ ਵਰਤਣਾ ਵੀ ਸਿੱਖਣਾ ਪਵੇਗਾ। ਆਪਣੇ ਸੰਵਿਧਾਨ, ਆਪਣੇ ਦੇਸ ਦੇ ਇਤਿਹਾਸ ਉੱਤੇ ਪਹਿਰਾ ਦੇਣ ਲਈ ਮੂੰਹ ਖੋਲ੍ਹਣਾ ਪਵੇਗਾ। ਸਿਰਫ਼ ਆਪਣੇ ਹੀ ਸੂਬੇ, ਆਪਣੀ ਹੀ ਭਾਸ਼ਾ, ਆਪਣੇ ਹੀ ਧਰਮ, ਆਪਣੇ ਹੀ ਦਲ ਦੀ ਵਿਚਾਰਧਾਰਾ ਦੀ ਰਾਖੀ ਲਈ ਬਾਹਾਂ ਟੁੰਗ ਕੇ ਨਿੱਤਰਨ ਦੀ ਥਾਂ ਸਮੁੱਚੇ ਦੇਸ ਦੀ ਹੋਣੀ ਨੂੰ ਪਹਿਲ ਦੇਣੀ ਪਵੇਗੀ। ਉਨ੍ਹਾਂ ਦੀ ਧਿਰ ਨੇ ਪੂਰੀ ਤਰ੍ਹਾਂ ਸਫ਼ਬੰਦੀ ਕੀਤੀ ਹੋਈ ਹੈ, ਪਰ ਸਾਡੀ ਧਿਰ ਇਸ ਸਮੇਂ ਵੀ ਬੇਵਕਤ ਬਹਿਸਾਂ ਵਿਚ ਉਲਝੀ ਹੋਈ ਹੈ। ਆਪਣੇ ਹਰ ਅੰਦਰੂਨੀ ਮਤਭੇਦ ਨੂੰ ਤਜ ਕੇ ਸਭ ਤੋਂ ਪਹਿਲਾਂ ਆਪਣੇ ਮੁੱਖ ਦੁਸ਼ਮਣ ਨੂੰ ਪਛਾਣ ਕੇ ਉਸਨੂੰ ਪਛਾੜਨ ਦੀ ਲੋੜ ਹੈ। ਬਾਕੀ ਸਭ ਬਹਿਸਾਂ ਬਾਅਦ ਦੇ ਸਮਿਆਂ ਲਈ ਮੁਲਤਵੀ ਕੀਤੀਆਂ ਜਾ ਸਕਦੀਆਂ ਹਨ। ਨਹੀਂ ਤਾਂ ਅਜਿਹਾ ਦੌਰ ਆਵੇਗਾ ਕਿ ਕਿਸੇ ਵੀ ਕਿਸਮ ਦੀ ਬਹਿਸ ਦੀ ਗੁੰਜਾਇਸ਼ ਹੀ ਨਹੀਂ ਰਹਿਣ ਦਿੱਤੀ ਜਾਵੇਗੀ।

ਗੌਰੀ ਲੰਕੇਸ਼ ਦਾ ਕਤਲ, ਮਹਿਜ਼ ਕਤਲ ਹੀ ਨਹੀਂ ਦਰਅਸਲ ਇਕ ਧਮਕੀ ਹੈ ਕਿ ਅੱਜ ਗੌਰੀ ਲੰਕੇਸ਼ ਦੀ ਆਵਾਜ਼ ਬੰਦ ਕੀਤੀ ਗਈ ਹੈ, ਕੱਲ੍ਹ ਵਾਰੀ ਤੁਹਾਡੇ ਵਿੱਚੋਂ ਕਿਸੇ ਦੀ ਵੀ ਹੋ ਸਕਦੀ ਹੈ।

*****

(831)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸੁਕੀਰਤ

ਸੁਕੀਰਤ

Jalandhar, Punjab, India.
Email: (sukirat.anand@gmail.com)

More articles from this author