Sukirat7ਅਸੀਂ ਕਿਨ੍ਹਾਂ ਸਮਿਆਂ ਵਿਚ ਜੀ ਰਹੇ ਹਾਂ ਜਦੋਂ ਅਮਨ-ਸ਼ਾਂਤੀ ਦੀ ਗੱਲ ਕਰਨ ਨੂੰ ਗੱਦਾਰੀ ਸਾਬਤ ਕੀਤਾ ਜਾਂਦਾ ਹੈ? ...”
(8 ਮਾਰਚ 2017)

 

ਪਿਛਲੇ ਸਾਲ ਤਕਰੀਬਨ ਇਨ੍ਹੀਂ ਹੀ ਦਿਨੀਂ ਕਨ੍ਹਈਆ ਕੁਮਾਰ, ਉਮਰ ਖਾਲਿਦ ਅਤੇ ਅਨਿਰਬਾਨ ਸੁਰਖੀਆਂ ਵਿਚ ਸਨ, ਹੁਣ ਗੁਰਮੇਹਰ ਕੌਰ ਹੈ। ਸੁਰਖੀਆਂ ਵਿਚ ਉਹ ਆਏ ਨਹੀਂ, ਘੜੀਸੇ ਗਏ ਕਿਉਂਕਿ ਅਜੋਕੀ ਸਰਕਾਰ ਅਤੇ ਉਸਦੀ ਵਿਚਾਰਧਾਰਾ ਦੇ ਧਾਰਨੀਆਂ ਨੂੰ ਇਹੋ ਜਿਹੇ ਵਿਦਿਆਰਥੀ ਹਜ਼ਮ ਨਹੀਂ ਹੋ ਰਹੇ ਜੋ ਸੋਚਣ, ਅਤੇ ਆਪਣੀ ਗੱਲ ਕਹਿਣ ਦਾ ਮਾਦਾ ਜਾਂ ਜੇਰਾ ਰੱਖਦੇ ਹੋਣ। ਨਾਲੇ ਅਜੋਕੀ ਸਰਕਾਰ ਆਪਣੇ ਪਹਿਲੇ ਦਿਨਾਂ ਤੋਂ ਹੀ ਵਿੱਦਿਅਕ ਅਦਾਰਿਆਂ ਉੱਤੇ ਕਾਬਜ਼ ਹੋਣ, ‘ਰਾਸ਼ਟਰਵਾਦ’ ਦੇ ਬਾਣੇ ਵਿਚ ਆਪਣੀ ਫ਼ਾਸ਼ੀਵਾਦੀ ਅਤੇ ਨਫ਼ਰਤ-ਫੈਲਾਊ ਵਿਚਾਰਧਾਰਾ ਨੂੰ ਸਥਾਪਤ ਕਰਨ ਲਈ ਹਰ ਹਰਬਾ ਵਰਤ ਰਹੀ ਹੈ। ਵਿੱਦਿਅਕ ਅਦਾਰਿਆਂ ਉੱਤੇ ਆਪਣੀ ਪ੍ਰਭੂਸੱਤਾ ਥੋਪਣ ਲਈ ਅਜਿਹੇ ਸੂਝਵਾਨ ਵਿਦਿਆਰਥੀਆਂ ਨੂੰ (ਜੋ ਇਸ ਦੇਸ ਦਾ ਅਸਲੀ ਭਵਿੱਖ ਹਨ, ਤਿਰੰਗਾ ਚੁੱਕ ਕੇ ਮਾਂ-ਭੈਣ ਦੀ ਕਰਨ ਵਾਲੇ ਸਰਕਾਰ-ਪੱਖੀ ਗੁੰਡਾਗਰਦ ਲਾਣੇ ਤੋਂ ਉਲਟ) ਦੇਸ਼-ਧਰੋਹੀ ਗਰਦਾਨ ਕੇ ਬਿੱਲੇ ਲਾਉਣ ਦੀ ਕੋਸ਼ਿਸ਼ ਕਰਨਾ ਅਜੋਕੀ ਸਰਕਾਰ ਅਤੇ ਇਸ ਨਾਲ ਜੁੜੇ ਅਨਸਰਾਂ ਦਾ ਨਿੱਤ ਦਾ ਕੰਮ ਹੋ ਗਿਆ ਜਾਪਦਾ ਹੈ।

ਮੈਂ ਵਾਰ-ਵਾਰ ਸਰਕਾਰ ਨੂੰ ਦੋਸ਼ ਕਿਉਂ ਦੇ ਰਿਹਾ ਹਾਂ? ਇਸ ਲਈ ਕਿ ਪਿਛਲੇ ਸਾਲ, ਅਤੇ ਹੁਣ ਦੀਆਂ ਘਟਨਾਵਾਂ ਵਲ ਸਰਸਰੀ ਨਜ਼ਰੇ ਵੀ ਦੇਖਿਆ ਜਾਵੇ ਤਾਂ ਇਸ ਸਾਰੀ ਕਾਰਗੁਜ਼ਾਰੀ ਵਿਚ ਸਰਕਾਰੀ ਮਸ਼ੀਨਰੀ ਦਾ ਪੂਰਾ ਤਾਣ ਲੱਗਾ ਸਪਸ਼ਟ ਨਜ਼ਰ ਆਉਂਦਾ ਹੈ। ਵਰਨਾ ਕਿਹੜੇ ਮੁਲਕ ਵਿਚ ਅਜਿਹਾ ਹੁੰਦਾ ਹੈ ਕਿ ਵਿਦਿਆਰਥੀ-ਜੁੰਡਲੀਆਂ ਦੀਆਂ ਸਿਆਸੀ ਬਹਿਸਾਂ ਜਾਂ ਟਿੱਪਣੀਆਂ ਨਾ ਸਿਰਫ਼ ਕੇਂਦਰੀ ਟੀ.ਵੀ. ਉੱਤੇ ਸੁਰਖੀਆਂ ਬਣ ਕੇ ਛਾ ਜਾਣ, ਸਗੋਂ ਸਾਰੇ ਦੇਸ ਨੂੰ ਹੀ ਵੰਡ ਕੇ ਰੱਖ ਦੇਣ! ਅਤੇ ਜਿਹੜੀਆਂ ਗੱਲਾਂ ਕਾਲਜਾਂ ਜਾਂ ਸੈਮੀਨਾਰ-ਕਮਰਿਆਂ ਤਕ ਸੀਮਤ ਰਹਿੰਦੀਆਂ ਹੁੰਦੀਆਂ ਸਨ, ਉਨ੍ਹਾਂ ਨੂੰ ਪਾਰਲੀਮੈਂਟ ਵਿਚ ਉਛਾਲਿਆ ਜਾਵੇ, ਕੇਂਦਰੀ ਮੰਤਰੀ ਉਨ੍ਹਾਂ ਬਾਰੇ ਤੱਤ-ਫੱਟ ਗਲਤ ਜਾਂ ਝੂਠੇ ਬਿਆਨ ਦੇਣੇ ਸ਼ੁਰੂ ਕਰ ਦੇਣ। ਪਿਛਲੇ ਸਾਲ ਸਮ੍ਰਿਤੀ ਈਰਾਨੀ, ਰਾਜਨਾਥ ਸਿੰਘ ਅਤੇ ਪਰਕਾਸ਼ ਜਾਵੜੇਕਰ ਵਰਗੇ ਕੇਂਦਰੀ ਮੰਤਰੀ ਕਨ੍ਹਈਆ ਕੁਮਾਰ, ਉਮਰ ਖਾਲਿਦ ਅਤੇ ਅਨਿਰਬਾਨ ਬਾਰੇ ਗਲਤ-ਬਿਆਨੀ ਕਰ ਰਹੇ ਸਨ, ਹੁਣ ਦਿੱਲੀ ਬੈਠੇ ਕਿਰਨ ਰਿਜਿਜੂ, ਨਿਤਿਨ ਗਡਕਰੀ ਅਤੇ ਹਰਿਆਣੇ ਤੋਂ ਅਨਿਲ ਵਿਜ ਵਰਗੇ ਸੀਨੀਅਰ ਮੰਤਰੀ ਗੁਰਮੇਹਰ ਕੌਰ ਨੂੰ ਝਈਆਂ ਲੈ ਲੈ ਪੈ ਰਹੇ ਹਨ। ਪਿਛਲੇ ਸਾਲ ‘ਆਜ਼ਾਦੀ’ ਦੇ ਹੋਕੇ ਨੂੰ ਤੋੜ-ਮਰੋੜ ਕੇ ਦੇਸ਼-ਧਰੋਹ ਵਾਂਗ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਹੁਣ ਅਮਨ ਅਤੇ ਸੁਖ-ਸ਼ਾਂਤੀ ਦੀ ਚਾਹਤ ਨੂੰ ਗੱਦਾਰੀ ਬਣਾ ਕੇ ਦੱਸਿਆ ਜਾ ਰਿਹਾ ਹੈ।

ਹੈਰਾਨੀ ਦੀ ਗੱਲ ਇਹ ਕਿ ਗੁਰਮੇਹਰ ਕੌਰ ਦੇ ਜਿਸ ਬਿਆਨ ਨੂੰ ਉਛਾਲਿਆ ਜਾ ਰਿਹਾ ਹੈ, ਉਹ ਸਾਲ ਤੋਂ ਵੀ ਵੱਧ ਪੁਰਾਣਾ ਹੈ। ਪਰ ਸ਼ਾਇਦ ਹੈਰਾਨ ਹੋਣਾ ਨਹੀਂ ਵੀ ਚਾਹੀਦਾ, ਕਿਉਂਕਿ ਇਹ ਉੱਤਰ ਪ੍ਰਦੇਸ਼ ਵਿਚ ਨਿਰਣਈ ਚੋਣਾਂ ਦੇ ਅੰਤਲੇ ਦੇ ਦੌਰ ਦੇ ਦਿਨ ਹਨ ਅਤੇ ਸਾਡੀ ‘ਕਬਰਿਸਤਾਨ-ਸ਼ਮਸ਼ਾਨ’ ਤੇ ‘ਦੀਵਾਲੀ-ਈਦ’ ਦੀ ਵੰਡੀਆਂ ਪਾਉਣ ਵਾਲੀ ਸਰਕਾਰ ਅਜਿਹੇ ਸਮਿਆਂ ਵਿਚ ਭਾਵਨਾ-ਭੜਕਾਊ ਮੁੱਦਿਆਂ ਦੀ ਤਲਾਸ਼ ਵਿਚ ਹਮੇਸ਼ਾ ਰਹਿੰਦੀ ਹੈ, ਸੋ ਜਿੱਥੇ ਕਿਤੇ ਕੋਈ ਝੇੜਾ ਖੜ੍ਹਾ ਕਰਨ ਦੀ ਰਤਾ ਵੀ ਸੰਭਾਵਨਾ ਦਿਸੇ ਉਸਨੂੰ ਝੱਟ ਵਰਤ ਲੈਂਦੀ ਹੈ।

ਹਾਲਾਂਕਿ ਗੁਰਮੇਹਰ ਕੌਰ ਦੇ ਜਿਸ ਬਿਆਨ (ਮੇਰੇ ਪਿਤਾ ਨੂੰ ਪਾਕਿਸਤਾਨ ਨੇ ਨਹੀਂ, ਜੰਗ ਨੇ ਮਾਰਿਆ ਸੀ) ਨੂੰ ਇੰਜ ਨਿੰਦਿਆ ਜਾ ਰਿਹਾ ਹੈ, ਉਸ ਵਿਚ ਨਿੰਦਣਯੋਗ ਕੁਝ ਵੀ ਨਹੀਂ, ਪਰ ਨਿੰਦਕਾਂ ਨੂੰ ਨੰਗਿਆਂ ਕਰਨ ਲਈ ਉਸਦੇ ਸਮੁੱਚੇ ਬਿਆਨ ਉੱਤੇ ਝਾਤ ਮਾਰਨਾ ਜ਼ਰੂਰੀ ਹੋ ਜਾਂਦਾ ਹੈ। ਪਿਛਲੇ ਸਾਲ ਉਸਨੇ 36 ਸਲਾਈਡਾਂ ਵਾਲਾ ਇਕ ਵੀਡੀਓ ਬਣਾਇਆ ਸੀ ਜਿਸ ਵਿਚ ਉਹ ਮੌਨ ਖੜ੍ਹੀ ਰਹਿੰਦੀ ਹੈ, ਪਰ ਸਲਾਈਡਾਂ ਦੀ ਇਬਾਰਤ ਬਦਲਦੀ ਰਹਿੰਦੀ ਹੈ। ਇਨ੍ਹਾਂ ਸਲਾਈਡਾਂ ਦੀ ਤਰਤੀਬ ਇਵੇਂ ਸੀ:

1.        ਹੈਲੋ

2.       ਮੇਰਾ ਨਾਂਅ ਗੁਰਮੇਹਰ ਕੌਰ ਹੈ

3.       ਮੈਂ ਜਲੰਧਰ ਦੀ ਰਹਿਣ ਵਾਲੀ ਹਾਂ

4.       ਇਹ ਮੇਰੇ ਪਾਪਾ ਮਨਦੀਪ ਸਿੰਘ ਹਨ (ਕੈ. ਮਨਦੀਪ ਸਿੰਘ ਦੀ ਤਸਵੀਰ ਦਿਖਾਈ ਜਾਂਦੀ ਹੈ)

5.       ਉਹ 1999 ਦੀ ਕਾਰਗਿਲ ਜੰਗ ਵਿਚ ਮਾਰੇ ਗਏ ਸਨ

6.       ਜਦੋਂ ਉਨ੍ਹਾਂ ਦੀ ਮੌਤ ਹੋਈ, ਮੈਂ ਸਿਰਫ਼ ਦੋ ਸਾਲਾਂ ਦੀ ਸਾਂ। ਮੇਰੇ ਕੋਲ ਉਨ੍ਹਾਂ ਦੀਆਂ ਬਹੁਤ ਘੱਟ ਯਾਦਾਂ ਹਨ

7.       ਮੇਰੀਆਂ ਬਹੁਤੀਆਂ ਯਾਦਾਂ ਇਹੋ ਹਨ ਕਿ ਬਾਪ ਦਾ ਨਾ ਹੋਣਾ ਕਿਹੋ ਜਿਹਾ ਹੁੰਦਾ ਹੈ

8.       ਮੈਨੂੰ ਇਹ ਵੀ ਯਾਦ ਹੈ ਕਿ ਮੈਂ ਪਾਕਿਸਤਾਨ ਅਤੇ ਪਾਕਿਸਤਾਨੀਆਂ ਨੂੰ ਨਾਲ ਕਿੰਨੀ ਨਫ਼ਰਤ ਕਰਦੀ ਸਾਂ ਕਿਉਂਕਿ ਉਨ੍ਹਾਂ ਨੇ ਮੇਰੇ ਪਾਪਾ ਨੂੰ ਮਾਰਿਆ ਸੀ

9.       ਮੈਂ ਮੁਸਲਮਾਨਾਂ ਨੂੰ ਵੀ ਨਫ਼ਰਤ ਕਰਦੀ ਸਾਂ ਕਿਉਂਕਿ ਮੈਨੂੰ ਜਾਪਦਾ ਸੀ ਸਾਰੇ ਮੁਸਲਮਾਨ ਪਾਕਿਸਤਾਨੀ ਹੁੰਦੇ ਹਨ

10.      ਜਦੋਂ ਮੈਂ 6 ਸਾਲਾਂ ਦੀ ਸਾਂ ਮੈਂ ਬੁਰਕਾ ਪਾਈ ਇਕ ਔਰਤ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ।

11.      ਕਿਉਂਕਿ ਕੁਝ ਅਜੀਬ ਜਿਹੇ ਕਾਰਨਾਂ ਸਦਕਾ ਮੈਨੂੰ ਜਾਪਿਆ ਸੀ ਕਿ ਮੇਰੇ ਪਾਪਾ ਦੀ ਮੌਤ ਲਈ ਉਹ ਵੀ ਜ਼ਿੰਮੇਵਾਰ ਹੈ।

12.      ਉਦੋਂ ਮੇਰੀ ਮਾਂ ਨੇ ਮੈਨੂੰ ਸੰਭਾਲਿਆ ਅਤੇ ਮੈਨੂੰ ਸਮਝਾਇਆ ਕਿ ...

13.      ਮੇਰੇ ਪਾਪਾ ਨੂੰ ਪਾਕਿਸਤਾਨ ਨੇ ਨਹੀਂ ਮਾਰਿਆ, ਉਨ੍ਹਾਂ ਨੂੰ ਜੰਗ ਨੇ ਮਾਰਿਆ ਹੈ।

14.      ਇਹ ਸਮਝਣ ਵਿਚ ਮੈਨੂੰ ਸਮਾਂ ਲੱਗਾ, ਪਰ ਹੁਣ ਮੈਂ ਆਪਣੀ ਨਫ਼ਰਤ ਨੂੰ ਤੱਜਣਾ ਸਿੱਖ ਲਿਆ ਹੈ।

15.      ਇਹ ਆਸਾਨ ਨਹੀਂ ਸੀ, ਪਰ ਇਹ ਔਖਾ ਵੀ ਨਹੀਂ।

16.      ਜੇ ਮੈਂ ਅਜਿਹਾ ਕਰ ਸਕਦੀ ਹਾਂ ਤਾਂ ਤੁਸੀਂ ਵੀ ਕਰ ਸਕਦੇ ਹੋ।

17.      ਅੱਜ ਮੈਂ ਵੀ ਇਕ ਸਿਪਾਹੀ ਹਾਂ, ਬਿਲਕੁਲ ਆਪਣੇ ਪਾਪਾ ਵਾਂਗ।

18.      ਮੈਂ ਹਿੰਦੁਸਤਾਨ ਅਤੇ ਪਾਕਿਸਤਾਨ ਵਿਚ ਅਮਨ ਸਿਰਜਣ ਲਈ ਲੜ ਰਹੀ ਹਾਂ।

19.      ਕਿਉਂਕਿ ਜੇ ਸਾਡੇ ਵਿਚਕਾਰ ਜੰਗ ਨਾ ਹੁੰਦੀ, ਤਾਂ ਮੇਰੇ ਪਾਪ ਅੱਜ ਜਿਊਂਦੇ ਹੁੰਦੇ।

20.     ਮੈਂ ਇਹ ਵੀਡੀਓ ਇਸ ਲਈ ਬਣਾ ਰਹੀ ਹਾਂ ਕਿਉਂਕਿ ਮੈਂ ਚਾਹੁੰਦੀ ਹਾਂ ਦੋਹਾਂ ਦੇਸਾਂ ਦੀਆਂ ਸਰਕਾਰਾਂ ਹੁਣ ਦਿਖਾਵਾ ਬੰਦ ਕਰਨ,

21.      ਅਤੇ ਸਮੱਸਿਆ ਨੂੰ ਸੁਲਝਾਉਣ।

22.      ਜੇ ਫਰਾਂਸ ਅਤੇ ਜਰਮਨੀ ਦੋ ਵਿਸ਼ਵ-ਯੁੱਧ ਲੜਨ ਤੋਂ ਬਾਅਦ ਵੀ ਦੋਸਤ ਬਣ ਸਕਦੇ ਹਨ,

23.     ਜੇ ਜਾਪਾਨ ਅਤੇ ਅਮਰੀਕਾ ਆਪਣੇ ਇਤਿਹਾਸ ਨੂੰ ਲਾਂਭੇ ਰੱਖ ਕੇ ਤਰੱਕੀ ਖਾਤਰ ਇਕਮੁੱਠ ਹੋ ਸਕਦੇ ਹਨ,

24.     ਤਾਂ ਫੇਰ ਅਸੀਂ ਕਿਉਂ ਨਹੀਂ?

25.     ਹਿੰਦੁਸਤਾਨੀਆਂ ਅਤੇ ਪਾਕਿਸਤਾਨੀਆਂ ਦੀ ਬਹੁਗਿਣਤੀ ਅਮਨ ਚਾਹੁੰਦੀ ਹੈ, ਜੰਗ ਨਹੀਂ।

26.     ਮੈਂ ਦੋਹਾਂ ਦੇਸਾਂ ਦੀ ਅਗਵਾਈ ਕਰਨ ਦੀ ਕਾਬਲੀਅਤ ਬਾਰੇ ਸਵਾਲ ਕਰ ਰਹੀ ਹਾਂ।

27.     ਤੀਜੀ ਦੁਨੀਆ ਦੀ ਅਗਵਾਈ ਦੇ ਪੱਧਰ ਨਾਲ ਅਸੀਂ ਪਹਿਲੀ ਦੁਨੀਆ ਦਾ ਦੇਸ ਬਣਨ ਦਾ ਸੁਪਨਾ ਨਹੀਂ ਦੇਖ ਸਕਦੇ।

28.     ਕਿਰਪਾ ਕਰਕੇ, ਆਪਣੀਆਂ ਕੋਸ਼ਿਸ਼ਾਂ ਨੂੰ ਸੁਧਾਰੋ, ਇਕ ਦੂਜੇ ਨਾਲ ਗੱਲ ਕਰੋ ਅਤੇ ਇਹ ਕੰਮ ਪੂਰਾ ਕਰੋ।

29.     ਬਹੁਤ ਹੋ ਗਈ ਰਾਸ਼ਟਰ ਵਲੋਂ ਆਤੰਕਵਾਦ ਨੂੰ ਹੱਲਾਸ਼ੇਰੀ,

30.     ਬਹੁਤ ਹੋ ਗਈ ਰਾਸ਼ਟਰ ਵਲੋਂ ਕਰਾਈ ਜਾਂਦੀ ਜਾਸੂਸੀ,

31.      ਬਹੁਤ ਹੋ ਗਈ ਰਾਸ਼ਟਰ ਵਲੋਂ ਫੈਲਾਈ ਜਾਂਦੀ ਨਫ਼ਰਤ,

32.     ਸਰਹਦ ਦੇ ਦੋਵੇਂ ਪਾਸੇ ਬਹੁਤ ਲੋਕ ਮਾਰੇ ਜਾ ਚੁੱਕੇ ਹਨ।

33.     ਹੁਣ ਬਹੁਤ ਹੋ ਗਈ ਹੈ।

34.     ਮੈਂ ਅਜਿਹੀ ਦੁਨੀਆ ਵਿਚ ਰਹਿਣਾ ਚਾਹੁੰਦੀ ਹਾਂ ਜਿੱਥੇ ਹੋਰ ਕੋਈ ਗੁਰਮੇਹਰ ਕੌਰ ਨਾ ਹੋਵੇ ਜੋ ਆਪਣੇ ਪਾਪਾ ਨੂੰ ਲੱਭਦੀ ਫਿਰੇ।

35.     ਮੈਂ ਇਕੱਲੀ ਨਹੀਂ, ਮੇਰੇ ਵਰਗੇ ਕਈ ਹੋਰ ਲੋਕ ਹਨ।

36.     # ਅਮਨ ਦੀ ਖਾਤਰ

ਇਸ ਸਾਲ ਪੁਰਾਣੀ ਸਲਾਈਡ-ਵੀਡੀਓ ਦੀ 13 ਨੰਬਰ ਟਿੱਪਣੀ ਨੂੰ ਉਛਾਲ ਕੇ ਗੁਰਮੇਹਰ ਕੌਰ ਨੂੰ ਜਿਵੇਂ ਨਫ਼ਰਤ ਅਤੇ ਨਿੰਦਾ ਦਾ ਸ਼ਿਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਉਹ ਸਭ ਦੇ ਸਾਹਮਣੇ ਹੈ। ਬਲਾਤਕਾਰ ਦੀਆਂ ਧਮਕੀਆਂ ਤੋਂ ਲੈ ਕੇ ‘ਆਪਣੇ ਪਿਓ ਦੀ ਸ਼ਹਾਦਤ ਨਾਲ ਗੱਦਾਰੀ ਕਰਨ ਵਾਲੀ’ ਵਰਗੀਆਂ ਸੁਣੌਤਾਂ ਇਸ ਕੁੜੀ ਨੂੰ ਸੁਣਨੀਆਂ ਪਈਆਂ। ਬੇਸਿਰਪੈਰ ਬਕਵਾਸ ਕਰਨ ਵਿਚ ਕੇਂਦਰੀ ਮੰਤਰੀਆਂ ਤਕ ਨੇ ਕੋਈ ਕਸਰ ਨਹੀਂ ਰਹਿਣ ਦਿੱਤੀ। ਸ਼ੁਕਰ ਹੈ ਕਿ ਗੁਰਮੇਹਰ ਦੇ ਹੱਕ ਵਿਚ ਛੇਤੀ ਹੀ ਅਤੇ ਬਹੁਤ ਸਾਰੇ ਲੋਕ ਨਿੱਤਰ ਆਏ ਹਨ, ਜੋ ਗੱਲ ਕਨ੍ਹਈਆ ਕੁਮਾਰ, ਉਮਰ ਖਾਲਿਦ ਅਤੇ ਅਨਿਰਬਾਨ ਦੇ ਮਾਮਲੇ ਵਿਚ ਨਹੀਂ ਸੀ ਹੋ ਸਕੀ। ਪੰਜਾਬ ਵਿਚ ਤਾਂ ਹਰ ਪਾਸੇ ਤੋਂ ਜਲੰਧਰ ਦੀ ਇਸ ਸੂਝਵਾਨ ਧੀ ਦੇ ਹੱਕ ਵਿਚ ਆਵਾਜ਼ ਬੁਲੰਦ ਹੋਈ ਹੈ। ਸਰਕਾਰ ਅਤੇ ਉਸਦੇ ਗੁੰਡ-ਲਾਣੇ ਨੂੰ ਅਜੇ ਤਕ ਇਹ ਚਾਲ ਪੁੱਠੀ ਹੀ ਪਈ ਹੈ।

ਪਰ, ਨਿੱਜੀ ਤੌਰ ’ਤੇ ਗੁਰਮੇਹਰ ਕੌਰ ਦੀ ਦਰਜ ਲਿਖਤ ਦੀ ਇਕ ਇਕ ਸਤਰ ਨਾਲ ਸਹਿਮਤ ਹੋਣ ਦੇ ਬਾਵਜੂਦ ਮਨ ਵਿਚ ਇਕ ਤੌਖਲਿਆਂ ਨਾਲ ਭਰਪੂਰ ਸਵਾਲ ਵਾਰ-ਵਾਰ ਉੱਠ ਰਿਹਾ ਹੈ। ਕੀ ਏਨੀ ਛੇਤੀ ਇੰਨੇ ਲੋਕ ਉਸਦੇ ਹੱਕ ਵਿਚ ਨਿੱਤਰ ਆਉਂਦੇ ਜੇਕਰ ਉਸਦਾ ਬਾਪ ਸ਼ਹੀਦ ਨਾ ਵੀ ਹੋਇਆ ਹੁੰਦਾ? ਤੇ ਜੇ ਕਿਤੇ ਦੋ ਹਮਸਾਇਆਂ ਵਿਚਕਾਰ ਅਮਨ ਦੀ ਇੱਛਾ ਰੱਖਣ ਵਾਲੀ ਇਸ ਸਿਆਣੀ ਕੁੜੀ ਦਾ ਨਾਂ ਗੁਰਮੇਹਰ ਦੀ ਥਾਂ ਗੁਲਬਾਨੋ ਹੁੰਦਾ?

ਅਸੀਂ ਕਿਨ੍ਹਾਂ ਸਮਿਆਂ ਵਿਚ ਜੀ ਰਹੇ ਹਾਂ ਜਦੋਂ ਅਮਨ-ਸ਼ਾਂਤੀ ਦੀ ਗੱਲ ਕਰਨ ਨੂੰ ਗੱਦਾਰੀ ਸਾਬਤ ਕੀਤਾ ਜਾਂਦਾ ਹੈ? ਇਹ ਕਿਹੋ ਜਿਹਾ ਦੌਰ ਹੈ ਜਦੋਂ ਲੋਕਾਂ ਦੇ ਹੱਕਾਂ ਲਈ ਜੱਦੋਜਹਿਦ ਕਰਦਿਆਂ ਸਰਕਾਰ ਕੋਲੋਂ ਜਵਾਬ ਮੰਗਣਾ ‘ਰਾਸ਼ਟਰ-ਵਿਰੋਧ ‘ਗਰਦਾਨਿਆ ਜਾਂਦਾ ਹੈ? ਇਵੇਂ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਹਿੰਦੂ-ਮੁਸਲਮਾਨ ਜਾਂ ਹਿੰਦੂ-ਸਿੱਖ ਏਕੇ ਦੀ ਗੱਲ ਕਰਨਾ ਵੀ ਦੇਸ਼-ਧਰੋਹ ਕਿਹਾ ਜਾਵੇਗਾ।

ਇਹ ਸਿਰਫ਼ ਗੁਰਮੇਹਰ ਕੌਰ ਉੱਤੇ ਹੀ ਨਹੀਂ ਤੁਹਾਡੇ ਸਾਡੇ ਵਰਗਿਆਂ ਉੱਤੇ ਵੀ ਕਿਸੇ ਵੀ ਸਮੇਂ, ਕਿਸੇ ਵੀ ਢਕਵੰਜ ਨਾਲ ਹਮਲਿਆਂ ਦਾ ਦੌਰ ਹੈ।

*****

(626)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸੁਕੀਰਤ

ਸੁਕੀਰਤ

Jalandhar, Punjab, India.
Email: (sukirat.anand@gmail.com)

More articles from this author