Sukirat7ਆਪਣੇ ਹੱਥਾਂ ਵਿੱਚ ਮੇਰੇ ਹੱਥ ਨੂੰ ਲਈ ਰਾਏ ਅਬਦੁਲ ਹਮੀਦ ਚੋਪੜਾ ਆਪਣੀ ਕਹਾਣੀ ਸੁਣਾਉਂਦੇ ਹਨ, ਜਲੰਧਰ ਨਾਲ ...
(15 ਜੁਲਾਈ 2023)


ਵੀਜ਼ਾ ਅਫਸਰ ਪੁੱਛਦਾ ਹੈ
, “ਸਿਆਲਕੋਟ ਤੁਸੀਂ ਕਿਸ ਨੂੰ ਮਿਲਣ ਜਾਣਾ ਹੈ?”

ਮੈਨੂੰ ਸੱਦਾ ਭੇਜਣ ਵਾਲਾ ਦੋਸਤ, ਹਸਨ ਸ਼ਾਹ, ਲਾਹੌਰ ਤੋਂ ਹੈ। ਉਸਦਾ ਪਤਾ ਮੇਰੇ ਫਾਰਮ ’ਤੇ ਦਰਜ ਹੈ। ਸਿਆਲਕੋਟ ਵਾਲੇ ਖਾਨੇ ਵਿੱਚ ਮੈਂ ਐਵੇਂ ਹੀ ਕਿਸੇ ਹੋਟਲ ਦਾ ਪਤਾ ਦਰਜ ਕਰ ਛੱਡਿਆ ਹੈ। ਆਖਰ ਕਿਸ ਨੂੰ ਮਿਲਣ ਜਾ ਰਿਹਾ ਹਾਂ ਮੈਂ ਸਿਆਲਕੋਟ?

ਜੀ, ਮੇਰੇ ਵਡਕਿਆਂ ਦਾ ਜਨਮ ਸਿਆਲਕੋਟ ਦਾ ਹੈ। ਬੱਸ ਉਸ ਜ਼ਮੀਨ ਨੂੰ ਦੇਖਣ, ਉਨ੍ਹਾਂ ਦੇ ਪਿੰਡ ਹੋ ਕੇ ਆਉਣ ਦਾ ਮਨ ਹੈ।” ਵੀਜ਼ਾ ਅਫਸਰ ਦੇ ਸਾਹਮਣੇ ‘ਉਸ ਭੋਏਂ ਨੂੰ ਸਜਦਾ ਕਰਨ ਦੀ ਇੱਛਾ ਹੈ।’ ਵਰਗੇ ਜਜ਼ਬਾਤੀ ਸ਼ਬਦ ਵਰਤਣ ਤੋਂ ਝਕ ਜਾਂਦਾ ਹਾਂ। ਮਿਹਰਬਾਨ ਵੀਜ਼ਾ ਅਫਸਰ ਸਿਆਲਕੋਟ ਜਾਣ ਦੀ ਇਜਾਜ਼ਤ ਦਿੰਦਾ ਠੱਪਾ ਵੀ ਲਾ ਦਿੰਦਾ ਹੈ।

ਮੇਰੇ ਕੋਲ ‘ਉਸ ਭੋਏਂ ‘ਨੂੰ ਲੱਭਣ ਲਈ ਜਾਣਕਾਰੀ ਹੈ ਵੀ, ਤੇ ਨਹੀਂ ਵੀ। ਇੱਕ ਜ਼ਿਕਰ ਮੇਰੇ ਨਾਨੇ ਦੀ ਜੀਵਨ ਕਹਾਣੀ ਵਿੱਚ ਦਰਜ ਹੈ: ਸਿਆਲਕੋਟ ਦੀ ਤਹਿਸੀਲ ਡਸਕਾ ਦੇ ਕੋਲ ਜਾਮਕੇ ਚੀਮਾ ਨਾਂ ਦੇ ਪਿੰਡ ਵਿੱਚ ਦੋ ਪੱਕੀਆਂ ਸਹੇਲੀਆਂ ਸਨ। ਦੋਵੇਂ ਉੱਤੋੜਿੱਤੀ ਵਿਆਹੀਆਂ ਗਈਆਂ। ਤਕਰੀਬਨ ਇੱਕੋ ਵੇਲੇ ਦੋਵੇਂ ਹਾਮਲਾ ਹੋਈਆਂ, ਤੇ ਇੱਕ ਦੂਜੇ ਦੇ ਗਰਭ ਵਿੱਚ ਪਲ ਰਹੇ ਬਾਲਾਂ ਨੂੰ ਇਹ ਸੋਚ ਕੇ ਮੰਗ ਛੱਡਿਆ ਕਿ ਜੇ ਇੱਕ ਨੇ ਮੁੰਡਾ ਜਣਿਆ ਤੇ ਦੂਜੀ ਨੇ ਕੁੜੀ ਤਾਂ ਉਨ੍ਹਾਂ ਨੂੰ ਵਿਆਹ ਕੇ ਆਪਣੇ ਸਹੇਲਪੁਣੇ ਨੂੰ ਪੱਕੀ ਰਿਸ਼ਤੇਦਾਰੀ ਵਿੱਚ ਵਟਾ ਲੈਣਗੀਆਂ। ਤੇ ਇੰਜ ਹੀ ਹੋਇਆ। ਹਫ਼ਤੇ ਕੁ ਦੇ ਵਕਫੇ ਨਾਲ, 1895 ਵਿੱਚ ਵੈਸਾਖ ਦੇ ਮਹੀਨੇ, ਇੱਕ ਨੇ ਧੀ ਨੂੰ ਜਨਮ ਦਿੱਤਾ ਤੇ ਦੂਜੀ ਨੇ ਪੁੱਤਰ ਨੂੰ। ਇਹ ਬਾਲ, ਜਿਨ੍ਹਾਂ ਦਾ ਸਾਥ ਗਰਭ ਦੀ ਜੂਨੇ ਹੀ ਮਿੱਥ ਲਿਆ ਗਿਆ ਸੀ, ਮੇਰੀ ਨਾਨੀ (ਸ਼ਿਵਦੇਈ / ਜਗਜੀਤ ਕੌਰ) ਤੇ ਨਾਨਾ (ਗੁਰਬਖ਼ਸ਼ ਸਿੰਘ) ਸਨ। ਤੇ ਅੱਜ, ਇਨ੍ਹਾਂ ਸਹੇਲੀਆਂ ਦੇ ਆਪਸੀ ਕੌਲ ਦੇ 127 ਵਰ੍ਹੇ ਮਗਰੋਂ ਉਨ੍ਹਾਂ ਦਾ ਇੱਕ ਪੜਦੋਹਤਾ ਉਸ ਪਿੰਡ ਨੂੰ ਦੇਖਣ ਆ ਰਿਹਾ ਸੀ, ਜਿਸਦੀਆਂ ਗਲੀਆਂ ਵਿੱਚ ਕਿਤੇ ਬੈਠੀਆਂ ਨੇ ਕਦੇ ਆਪਸੀ ਜੁੜਤ ਦੀ ਉਹ ਜੜ੍ਹ ਲਾਈ ਸੀ, ਜਿਸਦੀ ਇੱਕ ਟਾਹਣੀ ਮੈਂ ਵੀ ਹਾਂ। ਦੂਜੀ ਸ਼ੈਅ ਮੇਰੇ ਕੋਲ ਇੱਕ ਵੱਡੀ ਪਰਿਵਾਰਕ ਤਸਵੀਰ ਹੈ, ਕਿਸੇ ਐਸੇ ਵੇਲੇ ਦੀ ਜਦੋਂ ਵਿਆਹ ਸ਼ਾਦੀ ਵਰਗੇ ਕਿਸੇ ਮੌਕੇ ਸਾਰਾ ਖਾਨਦਾਨ ਜੁੜਿਆ ਹੋਵੇਗਾ ਤੇ ਇਸ ਮੌਕੇ ਨੂੰ ਦਰਜ ਕਰਨ ਲਈ ਕਸਬੀ ਫੋਟੋਕਾਰ ਨੂੰ ਬੁਲਾ ਕੇ ਇਹ ਤਸਵੀਰ ਖਿਚਾਈ ਗਈ ਹੋਵੇਗੀ। ਤਸਵੀਰ ਦੇ ਇੱਕ ਕੋਨੇ ’ਤੇ, ਹੋਰਨਾਂ ਬਾਲਾਂ ਨਾਲ ਪਹਿਲੀ ਪਾਲ ਵਿੱਚ ਬੈਠੀ ਆਪਣੀ ਮਾਂ ਨੂੰ ਮੈਂ ਪਛਾਣ ਸਕਦਾ ਹਾਂ। ਇਸ ਵਿੱਚ ਉਹ 6 ਕੁ ਸਾਲਾਂ ਦੀ ਜਾਪਦੀ ਹੈ, ਸੋ ਅੰਦਾਜ਼ਨ ਇਹ ਤਸਵੀਰ 1934 ਜਾਂ 35 ਦੇ ਗੇੜ ਦੀ ਹੈ। ਤੇ ਇੰਨੇ ਕੁ ਹੀ ਜਣੇ, ਕੋਈ 34-35, ਇਸ ਤਸਵੀਰ ਵਿੱਚ ਮੌਜੂਦ ਹਨ। ਕਿਸੇ ਮੋਕਲੇ ਵਿਹੜੇ ਵਿੱਚ ਕੁਝ ਖੜੋਤੇ ਤੇ ਕੁਝ ਬੈਠੇ ਹੋਏ ਇੱਕ ਪਰਿਵਾਰ ਦੀਆਂ ਤਿੰਨ ਪੁਸ਼ਤਾਂ ਦੇ ਲੋਕ, ਜਿਨ੍ਹਾਂ ਪਿੱਛੇ ਵੱਡੀਆਂ ਵੱਡੀਆਂ ਮਹਿਰਾਬਾਂ ਨਾਲ ਛੱਤਿਆ ਬਰਾਂਡਾ ਵੀ ਦਿਸ ਰਿਹਾ ਹੈ। ਭਾਵੇਂ ਇਸ ਤਸਵੀਰ ਵਿੱਚ ਨਹੀਂ ਵੀ ਦਿਸਦੀਆਂ, ਪਰ ਪਰਿਵਾਰਕ ਵਡੇਰਿਆਂ ਦੀਆਂ ਦੱਸੀਆਂ ਦੋ ਹੋਰ ਨਿਸ਼ਾਨੀਆਂ ਵੀ ਮੇਰੇ ਕੋਲ ਹੈਣ: ਇੱਕ ਤਾਂ ਇਸ ਦਲਾਨ ਵਿੱਚ ਇੱਕ ਪਾਸੇ ਵੱਡਾ ਸਾਰਾ ਰੁੱਖ ਹੁੰਦਾ ਸੀ, ਤੇ ਦੂਜੇ ਇਸ ਵਿੱਚ ਘਰ ਦਾ ਆਪਣਾ ਖੂਹ ਵੀ ਸੀ। ਮੇਰੀ ਇੱਕ ਪੜਨਾਨੀ ਦਾ ਨਾਂਅ ਮਾਲਣੀ ਮੈਨੂੰ ਪਤਾ ਹੈ, ਕਿਉਂਕਿ ਇਹ ਦਾਰ ਜੀ (ਨਾਨਾ ਜੀ) ਦੀਆਂ ਲਿਖਤਾਂ ਵਿੱਚ ਵੀ ਦਰਜ ਹੈ, ਤੇ ਉਨ੍ਹਾਂ ਦੇ ਪ੍ਰੀਤ ਨਗਰ ਵਾਲੇ ਘਰ ਦੇ ਗੇਟ ਉੱਤੇ ਵੀ ਖੁਣਿਆ ਹੋਇਆ ਹੈ। ਦੂਜੀ ਪੜਨਾਨੀ ਦਾ ਨਾਂਅ ਦੱਸ ਸਕਣ ਵਾਲਾ ਹੁਣ ਕੋਈ ਵੀ ਮੌਜੂਦ ਨਹੀਂ, ਪਰ ਮਾਮਾ ਹਿਰਦੇਪਾਲ ਸਿੰਘ ਨੂੰ ਆਪਣੇ ਨਾਨੇ ਸੁਲਤਾਨ ਸਿੰਘ ਆਹਲੂਵਾਲੀਆ ਦਾ ਨਾਂਅ ਵੀ ਚੇਤੇ ਹੈ ਤੇ ਇਹ ਵੀ ਪਤਾ ਹੈ ਕਿ ਕਸਬ ਤੋਂ ਉਹ ਸੁਨਿਆਰੇ ਸਨ, ਤੇ 1947 ਵਿੱਚ ਜਾਮਕੇ ਚੀਮਾ ਦੇ ਲੰਮੇ ਸਮੇਂ ਤੋਂ ਤੁਰਦੇ ਆ ਰਹੇ ਸਰਪੰਚ ਵੀ ਸਨ।

ਇੰਨੀ ਕੁ ਜਾਣਕਾਰੀ ਨਾਲ ਲੈਸ, ਵੰਡ ਦੇ 75 ਸਾਲ ਬਾਅਦ, ਨਵੰਬਰ 2022 ਦੇ ਆਖਰੀ ਦਿਨਾਂ ਵਿੱਚ ਮੈਂ ਜਾਮਕੇ ਚੀਮਾ ਪਹੁੰਚਣ ਦਾ ਉਪਰਾਲਾ ਕਰਦਾ ਹਾਂ। ਹਸਨ ਸ਼ਾਹ ਨੇ ਆਪਣੀ ਗੱਡੀ ਅਤੇ ਡਰਾਈਵਰ ਮੈਨੂੰ ਦਿੱਤੇ ਹੋਏ ਹਨ, ਤੇ ਮੇਰੇ ਨਾਲ ਲਹਿੰਦੇ ਪੰਜਾਬ ਦਾ ਨੌਜਵਾਨ ਲਿਖਾਰੀ, ਸਾਡੇ ਦੁਹਾਂ - ਹਸਨ ਤੇ ਮੇਰਾ - ਅਜ਼ੀਜ਼ ਅਲੀ ਉਸਮਾਨ ਬਾਜਵਾ ਵੀ ਹੈ। ਹੁਣ ਲਾਹੌਰ ਰਹਿੰਦੇ ਅਲੀ ਦਾ ਪਿਛੋਕੜ ਵੀ ਸਿਆਲਕੋਟ ਦੇ ਇੱਕ ਪਿੰਡ ਦਾ ਹੈ, ਤੇ ਹਸਨ ਨੂੰ ਜਾਪਦਾ ਹੈ ਮੇਰੇ ਇਸ ਖੋਜੀ ਸਫ਼ਰ ਲਈ ਉਹ ਸਭ ਤੋਂ ਵੱਧ ਢੁਕਵਾਂ ਨਿਗਰਾਨ-ਸਾਥੀ ਰਹੇਗਾ। ਲਾਹੌਰ ਤੋਂ ਸਿਆਲਕੋਟ ਦੀ ਨਵੀਂ ਬਣੇ ਮੋਟਰਵੇਅ ਉੱਤੇ ਡੇਢ ਤੋਂ ਘੱਟ ਸਮੇਂ ਦੇ ਸਫ਼ਰ ਮਗਰੋਂ ਡਸਕੇ ਵਲ ਪਾਟ ਰਹੀ ਸੜਕ ਦੇ ਬੋਰਡ ਆਉਣੇ ਸ਼ੁਰੂ ਹੋ ਜਾਂਦੇ ਹਨ, ਤੇ ਅਸੀਂ ਇਸ ਸ਼ਾਹਰਾਹ ਨੂੰ ਛੱਡ ਉਸ ਸੜਕ ’ਤੇ ਪੈ ਜਾਂਦੇ ਹਾਂ। ਜਾਮਕੇ ਚੀਮਾ ਹੁਣ ਪਹੁੰਚੇ ਕਿ ਪਹੁੰਚੇ। ਮੈਂ ਛੋਟੀ ਸੜਕ ’ਤੇ ਪਹੁੰਚ ਕੇ ਗੂਗਲ ਨਕਸ਼ੇ ਨੂੰ ਵੀ ਚਾਲੂ ਕਰ ਦਿੰਦਾ ਹਾਂ। ਸੜਕ ਕਈ ਮੋੜੇ ਘੇੜੇ ਕੱਟ ਕੇ ਸਾਨੂੰ ਪਿੰਡ ਦੀਆਂ ਬਾਹਰਵਾਰ ਵਸੀਆਂ ਗਲੀਆਂ ਵਿੱਚੋਂ ਲੰਘਾ ਰਹੀ ਹੈ। ਜੇ ਮੈਂ ਇੱਕ ਪਲ ਲਈ ਭੁੱਲ ਜਾਵਾਂ ਕਿ ਮੈਂ ਪਾਕਿਸਤਾਨ ਵਿੱਚ ਹਾਂ, ਤਾਂ ਇਹ ਸਾਡੇ ਪਾਸੇ ਦਾ ਕੋਈ ਪਿੰਡ ਵੀ ਹੋ ਸਕਦਾ ਹੈ: ਉਹੋ ਜਿਹੇ ਨਿੱਕੇ-ਵੱਡੇ ਘਰ, ਉਹੋ ਜਿਹੀਆਂ ਬੇਤਰਤੀਬ ਗਲੀਆਂ, ਤੇ ਉਹੋ ਜਿਹੇ ਹੀ ਗਲੀਆਂ ਵਿੱਚ ਖੇਡਦੇ ਫਿਰਦੇ ਬੇਪਰਵਾਹ ਬਾਲ।

‘ਯੂ ਹੈਵ ਰੀਚਡ ਯੋਰ ਡੈਸਟੀਨੇਸ਼ਨ’, ਇੱਕ ਸੜਕ ’ਤੇ ਲਿਆ ਕੇ ਗੂਗਲ ਤੋਂ ਜਨਾਨਾ ਆਵਾਜ਼ ਵਿੱਚ ਐਲਾਨ ਹੁੰਦਾ ਹੈ। ਗੂਗਲ ਨੂੰ ਕਿਵੇਂ ਪਤਾ ਕਿ ਮੇਰੀ ਮੰਜ਼ਲ ਕਿਹੜੀ ਹੈ! ਪਰ ਮੈਨੂੰ ਵੀ ਕਿਹੜਾ ਕੋਈ ਪਤਾ ਹੈ ਕਿ ਇਸ ਪਿੰਡ ਵਿੱਚ ਮੈਂ ਕਿਸ ਥਾਂ ਜਾਣਾ ਹੈ! ਇਸ ਲਗਾਤਾਰ ਆਵਾਜਾਈ ਵਾਲੀ ਸੜਕ ਦੀ ਵੱਖੀ ਵਿੱਚੋਂ ਨਿਕਲ ਰਹੀ ਇੱਕ ਚੌੜੀ, ਪਰ ਖਾਲੀ ਦਿਸਦੀ ਗਲੀ ਵਿੱਚ ਅਸੀਂ ਕਾਰ ਖੜ੍ਹੀ ਕਰ ਦਿੰਦੇ ਹਾਂ। ਹੁਣ ਕਿਹੜੇ ਪਾਸੇ ਜਾਈਏ? ਅਲੀ ਨੂੰ ਰਤਾ ਕੁ ਦੂਰ ਬੈਠਾ, ਗਲੀ ਵਿੱਚ ਪਕੌੜੇ ਤਲ ਰਿਹਾ ਬਜ਼ੁਰਗ ਦਿਸਦਾ ਹੈ, “ਬਾਬਾ ਜੀ, ਪਿੰਡ ਦਾ ਸਭ ਤੋਂ ਪੁਰਾਣਾ ਇਲਾਕਾ ਕਿਹੜਾ ਏ?”

ਕਿਸ ਦੇ ਘਰ ਜਾਣਾ ਜੇ?” ਬਜ਼ੁਰਗ ਮੋੜਵਾਂ ਸਵਾਲ ਕਰਦਾ ਹੈ।

ਇਹ ਇੰਡੀਆ ਤੋਂ ਆਏ ਮਹਿਮਾਨ ਨੇ, ਇਨ੍ਹਾਂ ਦੇ ਵਡੇਰੇ ਇਸੇ ਥਾਂ ਤੋਂ ਸਨ। 47 ਤੀਕ ਪਿੰਡ ਦੇ ਸਰਪੰਚ ਵੀ ਸਨ, ਸੁਨਿਆਰੇ ਦਾ ਕੰਮ ਕਰਦੇ ਸਨ।” ਅਲੀ ਇੱਕੇ ਸਾਹ ਪਛਾਣ ਦੀਆਂ ਸਾਰੀਆਂ ਤੰਦਾਂ ਪਰੋਸ ਦਿੰਦਾ ਹੈ। ਇਹ ਸੁਣ ਕੇ ਬਜ਼ੁਰਗ ਮਹਿਮਾਨ ਨੂੰ ਪਹਿਲਾਂ ਪਕੌੜੇ ਖੁਆਣਾ ਚਾਹੁੰਦਾ ਹੈ, ਜਿਸ ਸੱਦੇ ਨੂੰ ਅਸੀਂ ਸ਼ੁਕਰਾਨੇ ਭਰੀ ਨਾਂਹ ਨਾਲ ਮੋੜ ਦਿੰਦੇ ਹਾਂ।

ਚੌੜੀ ਸੜਕ ’ਤੇ ਅੱਗੇ ਸੱਜੇ ਹੱਥ ਪੁਰਾਣਾ ਬਜ਼ਾਰ ਆਏਗਾ। ਸਭ ਤੋਂ ਪੁਰਾਣੀਆਂ ਗਲੀਆਂ ਉਸ ਵਿੱਚੋਂ ਹੀ ਨਿਕਲਦੀਆਂ ਹਨ। ਪਰ ਘਰ ਕਿਵੇਂ ਲੱਭੋਗੇ? ਹਾਂ, ਰੱਲੇ ਸੁਨਿਆਰੇ ਦਾ ਪੁੱਛ ਲੈਣਾ। ਉਸ ਨੂੰ ਸ਼ੈਤ ਕੁਝ ਪਤਾ ਹੋਵੇ।”

ਇਸ ਜਾਣਕਾਰੀ ਨਾਲ ਲੈਸ ਅਸੀਂ ਇਸ ਬਜ਼ੁਰਗ ਨੂੰ ਖੁਦਾ ਹਾਫਿਜ਼ ਕਹਿ ਕੇ ਟੁਰ ਪੈਂਦੇ ਹਾਂ ਕਿ ਉਹ ਪਿੱਛੋਂ ਆਵਾਜ਼ ਮਾਰ ਕੇ ਦੱਸਦਾ ਹੈ, “ਚੌੜੀ ਸੜਕ ’ਤੇ ਹੋਰ ਅੱਗੇ ਜਾ ਕੇ ਹਾਈ ਸਕੂਲ ਜੇ, ਮੁਲਕ ਤਕਸੀਮ ਹੋਣ ਤੋਂ ਪਹਿਲੋਂ ਦਾ। ਉੱਥੇ ਵੀ ਜਾ ਕੇ ਦੇਖ ਲੈਣਾ।”

ਪੁਰਾਣਾ ਬਜ਼ਾਰ ਜਲੰਧਰ ਦੇ ਪੁਰਾਣੇ ਬਜ਼ਾਰਾਂ ਵਰਗਾ ਹੈ: ਤੰਗ, ਭੀੜ ਭੜੱਕੇ ਵਾਲਾ ਤੇ ਭਾਂਤ-ਭਾਂਤ ਦਾ ਨਿਕ-ਸੁੱਕ ਵੇਚਦੀਆਂ ਹੱਟੀਆਂ ਨਾਲ ਅੱਟਿਆ ਹੋਇਆ। ਕਿਸੇ ਪਿੰਡ ਦੇ ਹਿਸਾਬ ਨਾਲ ਇਹ ਬਜ਼ਾਰ ਕਾਫੀ ਵੱਡਾ ਵੀ ਹੈ, ਪਰ ਸ਼ਾਇਦ ਜਾਮਕੇ ਚੀਮਾ ਹੁਣ ਪਿੰਡ ਰਿਹਾ ਵੀ ਨਹੀਂ, ਕਸਬਾ ਬਣ ਚੁੱਕਾ ਹੈ। ਬਜ਼ਾਰ ਵਿੱਚੋਂ ਆਸੇ ਪਾਸੇ ਨੂੰ ਨਿਕਲ ਰਹੀਆਂ ਕਈ ਗਲੀਆਂ ਵਿੱਚ ਵੜ ਵੜ ਕੇ ਅਸੀਂ ਉਨ੍ਹਾਂ ਵਿਚਲੇ ਰਿਹਾਇਸ਼ੀ ਘਰਾਂ ਨੂੰ ਘੋਖਦੇ ਹਾਂ। ਮੈਨੂੰ ਨਹੀਂ ਜਾਪਦਾ ਇਨ੍ਹਾਂ ਸੌੜੀਆਂ ਗਲੀਆਂ ਵਿੱਚ ਉੱਚੀਆਂ ਮਹਿਰਾਬਾਂ, ਖੁੱਲ੍ਹੇ ਵਿਹੜੇ ਤੇ ਨਿੱਜੀ ਖੂਹੀ ਵਾਲਾ ਉਹ ਘਰ ਰਿਹਾ ਹੋਵੇਗਾ ਜਿਸਨੂੰ ਤਕਰੀਬਨ ਇੱਕ ਸਦੀ ਪੁਰਾਣੀ ਤਸਵੀਰ ਦੇ ਆਧਾਰ ’ਤੇ ਮੈਂ ਇਸ ਵੇਲੇ ਤਲਾਸ਼ ਰਿਹਾ ਹਾਂ। ਪਰ ਅਲੀ ਹਰ ਉਸ ਘਰ ਦੀ ਤਸਵੀਰ ਖਿੱਚਣ ਲੱਗ ਪੈਂਦਾ ਹੈ ਜਿਸਦੀਆਂ ਪਲਸਤਰ ਲੱਥੀਆਂ ਕੰਧਾਂ ਪਿੱਛੋਂ ਪੁਰਾਣੀਆਂ ਨਾਨਕਸ਼ਾਹੀ ਇੱਟਾਂ ਨੰਗੀਆਂ ਹੋ ਰਹੀਆਂ ਹੋਣ, ਜਾਂ ਜਿਸਦੇ ਰੌਸ਼ਨਦਾਨਾਂ ਦੀ ਬਣਤਰ ਇੱਕ ਖਾਸ ਕਿਸਮ ਦੀ ਹੋਵੇ, ਉਤਲੇ ਪਾਸਿਓਂ ਕਾਰਨਿਸਾਂ ਨਾਲ ਢਕੀ ਹੋਈ।

ਇੰਜ ਦੇ ਰੌਸ਼ਨਦਾਨ ਸਿੱਖਾਂ ਦੇ ਘਰਾਂ ਦੇ ਹੁੰਦੇ ਸਨ, ਸਾਡੇ ਪਿੰਡ ਵੀ ਉਨ੍ਹਾਂ ਦੇ ਕੁਝ ਘਰ ਬਚੇ ਹੋਏ ਹਨ, ਬਿਲਕੁਲ ਇਹੋ ਜਿਹੇ ਰੌਸ਼ਨਦਾਨਾਂ ਵਾਲੇ।”

ਮੇਰੇ ਨਾਲੋਂ ਵਧ ਅਲੀ ਨੂੰ ਯਕੀਨ ਹੈ ਕਿ ਹੋਵੇ ਨੇ ਹੋਵੇ ‘ਮੇਰਾ’ ਘਰ ਇੱਥੇ ਹੀ ਕਿਤੇ ਹੈ। ਉਸਦੇ ਇਸ ਭੋਲੇ ਜਿਹੇ ਯਕੀਨ ਤੇ ਕਮਲੇ ਜਿਹੇ ਉਤਸ਼ਾਹ ’ਤੇ ਮੈਨੂੰ ਮੋਹ ਆਉਂਦਾ ਹੈ। ਪਾਕਿਸਤਾਨ ਵਿੱਚ ਉਸਦੀ ਪੀੜ੍ਹੀ ਦੇ ਹੋਰ ਵੀ ਕਈ ਨੌਜਵਾਨਾਂ ਨੂੰ ਮੈਂ ਮਿਲਿਆਂ ਹਾਂ ਜਿਹੜੇ ਭਾਰਤੀ ਮਹਿਮਾਨਾਂ ਨੂੰ ਖੁਸ਼ ਦੇਖਣ ਲਈ ਜ਼ਮੀਨ ਅਸਮਾਨ ਇੱਕ ਕਰਨ ਲਈ ਤਿਆਰ ਹੋ ਜਾਂਦੇ ਹਨ। ਇਹੋ ਜਿਹੀ ਸੁਹਿਰਦਤਾ ਮੇਰੇ ਦਿਲ ਨੂੰ ਦੋਹਾਂ ਦੇਸਾਂ ਦੇ ਰਿਸ਼ਤਿਆਂ ਵਿਚਕਾਰ ਕਿਸੇ ਚੰਗੇਰੇ ਭਵਿੱਖ ਦੀ ਆਸ ਬਨ੍ਹਾਉਂਦੀ ਹੈ, ਸਾਡੇ ਦੇਸ ਵਿੱਚ ਅੱਜਕਲ ਵਗਦੀਆਂ ਤੇ ਵਗਾਈਆਂ ਜਾ ਰਹੀਆਂ ਜ਼ਹਿਰੀ ਪੌਣਾਂ ਦੇ ਬਾਵਜੂਦ। ਅਲੀ ਅਜੇ ਕੁਝ ਹੋਰ ਗਲੀਆਂ ਗਾਹੁਣ ਨੂੰ ਤਿਆਰ ਹੈ ਪਰ ਮੈਨੂੰ ਇਹ ਭਾਲ ਕਿਸੇ ਸਿਰੇ ਲੱਗਣ ਵਾਲੀ ਨਹੀਂ ਜਾਪਦੀ। ਮੇਰੇ ਲਈ ਇੰਨਾ ਹੀ ਬਹੁਤ ਹੈ ਕਿ ਕਦੇ ਮਾਲਣੀ ਤੇ ਉਸਦੀ ਸਹੇਲੀ, ਮੇਰੀ ਦੂਜੀ ਪੜਨਾਨੀ, ਇਨ੍ਹਾਂ ਗਲੀਆਂ ਵਿੱਚੋਂ ਲੰਘੀਆਂ ਹੋਣਗੀਆਂ, ਇਨ੍ਹਾਂ ਹੀ ਬਜ਼ਾਰਾਂ ਵਿੱਚ ਉਨ੍ਹਾਂ ਕਦੇ ਵੰਗਾਂ ਖਰੀਦੀਆਂ ਹੋਣਗੀਆਂ, ਆਪਣੇ ਜਾਂ ਆਪਣੇ ਬਾਲਾਂ ਦੇ ਕੱਪੜਿਆਂ ਲਈ ਥਾਨ ਪੜਵਾਏ ਹੋਣਗੇ … …

ਚੱਲ ਅਲੀ, ਹਾਈ ਸਕੂਲ ਜਾ ਕੇ ਵੇਖਨੇ ਆਂ, ਇੰਨਾ ਪੁਰਾਣਾ ਸਕੂਲ ਏ, ਮੇਰਾ ਕੋਈ ਨਾ ਕੋਈ ਪੁਰਖਾ ਜ਼ਰੂਰ ਉੱਥੇ ਪੜ੍ਹਨ ਜਾਂਦਾ ਰਿਹਾ ਹੋਵੇਗਾ।” ਆਸ ਦੀ ਕੋਈ ਨਿੰਮ੍ਹੀ ਜਿਹੀ ਤੰਦ ਮੈਂ ਵੀ ਫੜੀ ਹੋਈ ਹੈ।

ਚੌੜੀ ਸੜਕ ’ਤੇ ਅਸੀਂ ਤਕਰੀਬਨ ਦੋ ਫ਼ਰਲਾਂਗ ਟੁਰ ਲਿਆ ਹੋਣਾ ਹੈ ਕਿ ਖੱਬੇ ਹੱਥ ਸਕੂਲ ਦੀਆਂ ਉੱਚੀਆਂ ਕੰਧਾਂ ਦਿਸਦੀਆਂ ਹਨ ਜਿਨ੍ਹਾਂ ਉੱਤੇ ਅੰਗਰੇਜ਼ੀ ਵਿੱਚ ਵੱਡੇ ਅੱਖਰਾਂ ਵਿੱਚ ਦਰਜ ਹੈ: ਸਰਕਾਰੀ ਹਾਈ ਸਕੂਲ, ਜਾਮਕੇ ਚੀਮਾ, ਤਹਿਸੀਲ ਡਸਕਾ। ਜਿੰਨੀਆਂ ਉੱਚੀਆਂ ਸਕੂਲ ਦੀਆਂ ਕੰਧਾਂ ਹਨ, ਓਨਾ ਹੀ ਉੱਚਾ ਸਕੂਲ ਦਾ ਤਕੜਾ ਲੋਹ-ਗੇਟ ਵੀ ਹੈ, ਜਿਸਦੇ ਬਾਹਰ ਚੌਕੀਦਾਰ ਤਾਇਨਾਤ ਹੈ। ਬਾਹਰਲਿਆਂ ਲਈ ਬੇਮਤਲਬ ਸਕੂਲ ਅੰਦਰ ਜਾਣ ਦੀ ਮਨਾਹੀ ਹੈ, ਪਰ ਅਲੀ ਦਾ “ਇਹ ਭਾਰਤ ਤੋਂ ਆਏ ਮਹਿਮਾਨ ਹਨ” ਕਹਿਣਾ ‘ਖੁੱਲ੍ਹ ਜਾ ਸਿਮਸਿਮ’ ਵਰਗਾ ਕੰਮ ਕਰਦਾ ਹੈ। ਪਾਕਿਸਤਾਨ ਵਿੱਚ, ਖਾਸ ਕਰ ਛੋਟੀਆਂ ਥਾਂਵਾਂ ’ਤੇ ਇਹ ਛੋਟਾ ਜਿਹਾ ਫਿਕਰਾ ਹਮੇਸ਼ਾ ਕਿਸੇ ਜਾਦੂ ਦੀ ਚਾਬੀ ਵਾਂਗ ਕੰਮ ਕਰਦਾ ਹੈ, ਜਿਸ ਨਾਲ ਸਾਰੇ ਬੰਦ ਤਾਲੇ ਖੁੱਲ੍ਹਣ ਲੱਗ ਪੈਂਦੇ ਹਨ, ਭਾਵੇਂ ਕਿੰਨੇ ਵੀ ਪੱਕੇ ਜਾਂ ਫੇਰ ਜੰਗਾਲੇ ਹੋਏ ਕਿਉਂ ਨਾ ਹੋਣ। ਸਕੂਲ ਦੇ ਹੈਡਮਾਸਟਰ ਸਾਹਬ ਇਸੇ ਵੇਲੇ ਕਿਸੇ ਕੰਮ ਬਾਹਰ ਗਏ ਹੋਏ ਹਨ, ਪਰ ਸਾਨੂੰ ਬੜੇ ਇਹਤਰਾਮ ਨਾਲ ਉਨ੍ਹਾਂ ਦੇ ਕਮਰੇ ਵਿੱਚ ਬਿਠਾ ਕੇ ਉਡੀਕਣ ਲਈ ਕਿਹਾ ਜਾਂਦਾ ਹੈ। ਕੁਝ ਹੀ ਪਲਾਂ ਵਿੱਚ ਆਪਣੀ ਜਮਾਤ ਨੂੰ ਵਿੱਚੇ ਛੱਡ ਸਹਾਇਕ ਹੈਡਮਾਸਟਰ ਮੁਹੰਮਦ ਅਰਸ਼ਦ ਔਲਖ ਆ ਜਾਂਦੇ ਹਨ, ਨਾਲ ਦਫਤਰੀ ਮੁਹੰਮਦ ਜਮੀਲ ਸਾਹਬ ਵੀ ਹਨ। ਸਬੱਬ ਨਾਲ ਦੋਵੇਂ ਸੱਜਣ ਪੈਦਾਇਸ਼ੀ ਜਾਮਕੀਏ ਹਨ, ਪਰ ਉਮਰ ਵਿੱਚ ਮੇਰੇ ਨਾਲੋਂ ਵੀ ਦਸ ਬਾਰਾਂ ਸਾਲ ਛੋਟੇ। ਮੇਰੇ ਜਾਮਕੇ ਚੀਮਾ ਆਉਣ ਦੇ ਕਾਰਨ ਨੂੰ ਜਾਣ ਕੇ ਮੁਹੰਮਦ ਜਮੀਲ ਕਹਿੰਦੇ ਹਨ, “ਤੁਸੀਂ ਦਸ ਪੰਦਰਾਂ ਵਰ੍ਹੇ ਪਹਿਲਾਂ ਆਉਂਦੇ ਤਾਂ ਸਾਰੀ ਮਾਲੂਮਾਤ ਹੋ ਜਾਣੀ ਸੀ, ਸਾਡੇ ਅੱਬਾ ਜੀ ਉਦੋਂ ਤਕ ਹਯਾਤ ਸਨ, ਤੇ ਪੁਰਾਣੇ ਵੇਲੇ ਉਨ੍ਹਾਂ ਨੂੰ ਬਾਖੂਬੀ ਯਾਦ ਸਨ।”

ਮੈਂ ਆਪਣੇ ਫੋਨ ਵਿੱਚ ਪਈ ਜੱਦੀ ਘਰ ਦੀ ਤਸਵੀਰ ਕੱਢ ਕੇ ਵਿਖਾਉਂਦਾ ਹਾਂ, ਸ਼ਾਇਦ ਇਸ ਥਾਂ ਦੇ ਅਤੇ-ਪਤੇ ਬਾਰੇ ਉਨ੍ਹਾਂ ਕੋਲ ਕੋਈ ਜਾਣਕਾਰੀ ਹੋਵੇ। ਦੋਵੇਂ ਜਣੇ, ਜਮਾਂਦਰੂ ਜਾਮਕੀਏ, ਇਸ ਤਸਵੀਰ ਨੂੰ ਦੇਖਦਿਆਂ ਆਪੋ ਆਪਣੇ ਚੇਤੇ ਨੂੰ ਹੰਗਾਲ ਕੇ ਕੁਝ ਕਿਆਸ ਆਰਾਈਆਂ ਕਰਦੇ ਹਨ, ਪਰ ਮੇਰਾ ਮਨ ਆਸ-ਭਰਿਆ ਹੋਣ ਦੇ ਬਾਵਜੂਦ ਇਸ ਸੋਝੀ ਤੋਂ ਵਿਰਵਾ ਨਹੀਂ ਕਿ 75 ਵਰ੍ਹਿਆਂ ਬਾਅਦ ਉਸ ਘਰ ਦੇ ਸਾਲਮ-ਸਾਬਤ ਲੱਭ ਜਾਣ ਦੀ ਸੰਭਾਵਨਾ ਤਕਰੀਬਨ ਨਾਂਹ ਬਰਾਬਰ ਹੈ। ਅਚਾਨਕ ਇੱਕ ਜਣਾ ਆਖਦਾ ਹੈ, “ਰਾਏ ਅਬਦੁਲ ਹਮੀਦ ਚੋਪੜਾ ਨੂੰ ਸੱਦੋ“” ਤੇ ਦੂਜਾ ਫੌਰਨ ਆਪਣਾ ਮੋਬਾਇਲ ਕੱਢ ਕੇ ਰਾਬਤਾ ਕਰਦਾ ਹੈ, “ਕਿੱਥੇ ਓ ਰਾਏ ਸਾਹਬ, ਛੇਤੀ ਨਾਲ ਸਕੂਲ ਆ ਜਾਓ, ਜਲੰਧਰ ਤੋਂ ਇੱਕ ਮਹਿਮਾਨ ਆਏ ਹਨ।”

ਮੇਰਾ ਧਿਆਨ ਸਿਰਫ਼ ਇਸ ਗੱਲ ਵਲ ਜਾਂਦਾ ਹੈ ਕਿ ਚੀਮੇ-ਬਾਜਵੇ ਤਾਂ ਬਥੇਰੇ ਸੁਣੇ-ਮਿਲੇ ਹਨ ਪਾਕਿਸਤਾਨ ਵਿੱਚ, ਖਤਰੀਆਂ ਦੀ ਇਹ ਗੋਤ ਮੁਸਲਮਾਨਾਂ ਵਿੱਚ ਪਹਿਲੀ ਵਾਰ ਸੁਣੀ ਹੈ। ਜਿੰਨੇ ਨੂੰ ਚੋਪੜਾ ਸਾਹਬ ਆਉਂਦੇ ਹਨ, ਚਾਹ ਅਤੇ ਬਿਸਕੁਟਾਂ ਦੇ ਨਾਲ ਨਾਲ ਮੁਹੰਮਦ ਜਮੀਲ ਮੈਨੂੰ ਇਸ ਸਕੂਲ ਦਾ ਇਤਿਹਾਸ ਵੀ ਦੱਸ ਰਹੇ ਹਨ, “ਇਹ ਸਾਡੇ ਇਲਾਕੇ ਦੇ ਸਭ ਤੋਂ ਪੁਰਾਣੇ ਸਕੂਲਾਂ ਵਿੱਚੋਂ ਹੈ। 1856 ਵਿੱਚ ਇਸ ਨੂੰ ਫਾਰਸੀ ਮਦਰਸੇ ਵਜੋਂ ਸ਼ੁਰੂ ਕੀਤਾ ਗਿਆ ਸੀ, ਤੇ 1901 ਵਿੱਚ ਇਸ ਨੂੰ ਮਿਡਲ ਸਕੂਲ ਬਣਾ ਦਿੱਤਾ ਗਿਆ। ਫੇਰ 1931 ਤੋਂ ਇਹ ਹਾਈ ਸਕੂਲ ਵਿੱਚ ਤਬਦੀਲ ਹੋ ਗਿਆ।”

ਚਾਹ ਪੀ ਕੇ ਅਸੀਂ ਸਕੂਲ ਦੇਖਣ ਕਮਰੇ ਤੋਂ ਬਾਹਰ ਆ ਜਾਂਦੇ ਹਾਂ ਜੋ ਦਰਅਸਲ ਕਈ ਇੱਕ ਮੰਜ਼ਲੀ ਇਮਾਰਤਾਂ ਦਾ ਸਮੂਹ ਹੈ, ਜਿਨ੍ਹਾਂ ਦੇ ਵਿਚਕਾਰ ਪਾੜ੍ਹਿਆਂ ਦੇ ਫਿਰਨ-ਖੇਡਣ ਲਈ ਖਾਲੀ ਥਾਂਵਾਂ ਛੱਡੀਆਂ ਹੋਈਆਂ ਹਨ। ਇਹਨਾਂ ਸਾਰੀਆਂ ਇਮਾਰਤਾਂ ਨੂੰ ਉਸੇ ਤਰਜ਼ ਦੇ ਮਹਿਰਾਬਦਾਰ ਬਰਾਂਡਿਆਂ ਨੇ ਵਲਿਆ ਹੋਇਆ ਹੈ, ਜਿਹੋ ਜਿਹਾ ਮੇਰੇ ਕੋਲ ਪਈ ਤਸਵੀਰ ਵਿੱਚ ਵੀ ਦਿਸਦਾ ਹੈ। ‘ਕਿਤੇ ਇਹ ਉਹੋ ਹਵੇਲੀ ਤੇ ਨਹੀਂ!’ ਮੇਰਾ ਤਾਂਘਦਾ ਦਿਲ ਕਿਸੇ ਭਰਮ ਵਿੱਚ ਝੂਲਦਾ ਹੈ, ਪਰ ਦਲੀਲੀ ਮਨ ਉਸ ਆਸ ਨੂੰ ਝਟ ਵਗਾਹ ਮਾਰਦਾ ਹੈ, ‘ਇਹ ਸਕੂਲ ਤਾਂ ਸ਼ਾਇਦ ਉਸ ਹਵੇਲੀ ਤੋਂ ਵੀ ਪਹਿਲਾਂ ਦਾ ਬਣਿਆ ਹੋਇਆ ਹੈ।’ ਤਾਂ ਵੀ ਮੇਰੀ ਲੋਚ ਖਿਆਲਾਂ ਦੀਆਂ ਪੀਂਘਾਂ ’ਤੇ ਹੁਲਾਰੇ ਲੈਣਾ ਨਹੀਂ ਤੱਜਦੀ, ‘ਕੀ ਪਤਾ, ਦਾਰ ਜੀ, ਜਾਂ ਫੇਰ ਮੇਰੇ ਪੜਨਾਨਿਆਂ ਵਿੱਚੋਂ ਕੋਈ ਇਸ ਸਕੂਲ ਵਿੱਚ ਪੜ੍ਹਦੇ ਰਹੇ ਹੋਣ, ਇਨ੍ਹਾਂ ਗਰਾਊਂਡਾਂ ਵਿੱਚ ਭੱਜਦੇ ਰਹੇ ਹੋਣ … …’

ਇੰਨੇ ਨੂੰ ਰਾਏ ਅਬਦੁਲ ਹਮੀਦ ਚੋਪੜਾ ਵੀ ਆ ਜਾਂਦੇ ਹਨ। ਮੁਹੰਮਦ ਜਮੀਲ ਤੇ ਮੁਹੰਮਦ ਅਰਸ਼ਦ ਦੇ ਸਫਾਚਟ ਮੁੰਨੇ ਚਿਹਰਿਆਂ ਤੋਂ ਉਲਟ ਉਨ੍ਹਾਂ ਦੀ ਰਵਾਇਤੀ ਢੰਗ ਨਾਲ ਤਰਾਸ਼ੀ ਚਿੱਟੀ ਦਾੜ੍ਹੀ ਹੈ, ਪਰ ਬੁਲ੍ਹੀਆਂ ਦਾ ਉਤਲਾ ਹਿੱਸਾ ਪੂਰਾ ਮੁੰਨਿਆ ਹੋਇਆ।” ਤੁਸੀਂ ਆਏ ਹੋ ਇੰਡੀਆ ਤੋਂ?” ਉਹ ਪੁੱਛਦੇ ਹਨ, ਪਰ ਮੇਰਾ ਜਵਾਬ ਉਡੀਕੇ ਬਿਨਾ ਮੈਨੂੰ ਧਾਹ ਗਲਵੱਕੜੀ ਪਾ ਲੈਂਦੇ ਹਨ, ਤੇ ਫੇਰ ਇੱਕ ਨਹੀਂ, ਤਿੰਨ ਤਿੰਨ ਵਾਰ ਗਲੇ ਲਾਉਂਦੇ ਹਨ। ਜਿਵੇਂ ਚਿਰ ਵਿਛੁੰਨੇ ਭਰਾ ਮਿਲ ਰਹੇ ਹੋਣ। ਹਮੇਸ਼ਾ ਤੋਂ ਮੇਰਾ ਸੁਭਾਅ ਅਜਨਬੀਆਂ ਨਾਲ ਮਿਲਣ ਸਮੇਂ ਕੁਝ ਸੰਕੋਚੀ ਜਿਹਾ ਰਿਹਾ ਹੈ ਤੇ ਰਾਏ ਸਾਹਬ ਦੀ ਇਹ ਅਣਕਿਆਸੀ ਨਿੱਘੀ ਅਪਣੱਤ ਮੈਨੂੰ ਰਤਾ ਚੌਂਕਾ ਜਾਂਦੀ ਹੈ।

ਜਲੰਧਰ ਤੋਂ ਆਏ ਓ ਤੁਸੀਂ? ਕਿੱਥੇ ਰਹਿੰਦੇ ਓ ਉੱਥੇ? ਜਲੰਧਰ ਦਾ ਹੀ ਜਨਮ ਹੈ ਤੁਹਾਡਾ?” ਰਾਏ ਸਾਹਬ ਤਾਬੜਤੋੜ ਸਵਾਲਾਂ ਦੀ ਝੜੀ ਲਾ ਦਿੰਦੇ ਹਨ, ਮੇਰਾ ਹੱਥ ਨਹੀਂ ਛੱਡਦੇ ਤੇ ਮੈਂ ਸੋਚਣ ਲੱਗ ਪੈਂਦਾ ਹਾਂ ਉਨ੍ਹਾਂ ਦੇ ਪੁਰਖੇ ਸ਼ਾਇਦ ਜਲੰਧਰ ਜਾਂ ਉੱਥੋਂ ਦੇ ਕਿਸੇ ਪਿੰਡ ਤੋਂ ਉੱਜੜ ਕੇ ਆਏ ਹੋਣਗੇ। ਪਾਕਿਸਤਾਨ ਫੇਰੀਆਂ ਦੌਰਾਨ ਮੈਂ ਕਈ ਵੇਰ ਉਨ੍ਹਾਂ ਲੋਕਾਂ ਨੂੰ ਮਿਲਿਆ ਹਾਂ ਜੋ ਸਿਰਫ਼ ਇਹ ਸੁਣ ਕੇ ਮੈਨੂੰ ਘਰ ਆਉਣ ਦੀ ਦਾਅਵਤ ਦੇ ਦਿੰਦੇ ਹਨ, ਕਿਉਂਕਿ ਮੈਂ ਉਸ ਸ਼ਹਿਰ ਤੋਂ ਹਾਂ ਜਿੱਥੋਂ ਕਦੇ ਉਨ੍ਹਾਂ ਦੇ ਵਡਕੇ ਹਿਜਰਤ ਕਰਨ ’ਤੇ ਮਜਬੂਰ ਹੋਏ ਸਨ। ਸ਼ਾਇਦ ਇਸੇ ਲਈ ਉਨ੍ਹਾਂ ਨੂੰ ਮੈਨੂੰ ਮਿਲਾਉਣ ਲਈ ਉਚੇਚਾ ਸੱਦ ਲਿਆ ਗਿਆ ਹੈ, ਤੇ ਉਹ ਝਟਪਟ, ਖੜ੍ਹੇ ਪੈਰੀਂ ਆ ਗਏ ਹਨ। ਆਖ਼ਰ ਜਾਮਕੇ ਚੀਮਾ ਕੋਈ ਲਾਹੌਰ ਤਾਂ ਹੈ ਨਹੀਂ; ਇੱਥੇ ਜਲੰਧਰ ਤੋਂ ਤਾਂ ਛੱਡੋ, ਕਿਸੇ ਵੀ ਹੋਰ ਭਾਰਤੀ ਸ਼ਹਿਰ ਦਾ ਕੋਈ ਬਾਸ਼ਿੰਦਾ ਸ਼ਾਇਦ ਹੀ ਕਦੇ ਪਹੁੰਚਦਾ ਹੋਵੇ।

ਪਰ ਨਹੀਂ, ਰਾਏ ਅਬਦੁਲ ਹਮੀਦ ਚੋਪੜਾ ਸਾਹਬ ਬਾਕੀ ਦੋ ਸੱਜਣਾਂ ਵਾਂਗ ਹੀ ਪੈਦਾਇਸ਼ੀ ਜਾਮਕੀਏ ਹਨ, ਪੁਸ਼ਤ ਦਰ ਪੁਸ਼ਤ ਉਨ੍ਹਾਂ ਦੇ ਪੁਰਖੇ ਇਸੇ ਧਰਤ ’ਤੇ ਜਨਮ ਲੈਂਦੇ ਆਏ ਹਨ। ਉਹ ਇੱਥੇ ਬੈਠਿਆਂ ਸਾਰੇ ਜਾਮਕੀਆਂ ਵਿੱਚੋਂ ਸਭ ਤੋਂ ਵੱਡੇ ਹਨ। ਮੇਰੀ ਲਿਆਂਦੀ ਤਸਵੀਰ ਉਨ੍ਹਾਂ ਨੂੰ ਦਿਖਾਈ ਜਾਂਦੀ ਹੈ, ਮੈਂ ਆਪਣੇ ਪੜਨਾਨੇ ਦਾ ਨਾਂਅ ਉਨ੍ਹਾਂ ਨੂੰ ਦੱਸਦਾ ਹਾਂ। ਸੁਲਤਾਨ ਸਿੰਘ ਆਹਲੂਵਾਲੀਆ ਦਾ ਨਾਂਅ ਉਨ੍ਹਾਂ ਲਈ ਓਪਰਾ ਹੈ, ਉਨ੍ਹਾਂ ਦਾ ਆਪਣਾ ਜਨਮ ਵੰਡ ਤੋਂ ਕੁਝ ਸਾਲ ਬਾਅਦ ਦਾ ਹੈ, ਪਰ ਘਰ ਨੂੰ ਉਹ ਪਛਾਣ ਲੈਂਦੇ ਹਨ। ਕੋਲ ਬੈਠਿਆਂ ਨੂੰ ਦੱਸਦੇ ਹਨ ਕਿ ਇਹ ਉਹ ਘਰ ਹੈ ਜਿਹੜਾ ਫਲਾਣੇ ਦਾ ਹੁੰਦਾ ਸੀ ਤੇ ਫੇਰ ਜਦੋਂ ਵਿਕਿਆ ਇਸ ਨੂੰ ਢਾਹ ਕੇ ਫਲਾਣੇ ਫਲਾਣੇ ਨੇ ਉੱਥੇ ਆਪੋ ਆਪਣੇ ਘਰ ਬਣਾ ਲਏ। ਤੇ ਮੇਰੇ ਬਿਨਾ ਦੱਸਿਆਂ ਹੀ ਕਹਿੰਦੇ ਹਨ, “ਇਸ ਘਰ ਦੇ ਵਿਹੜੇ ਵਿੱਚ ਖੂਹ ਹੁੰਦਾ ਸੀ, ਤੇ ਵੱਡਾ ਸਾਰਾ ਜਾਮਨੂੰਆਂ ਦਾ ਰੁੱਖ ਵੀ, ਪਰ ਹੁਣ ਉੱਥੇ ਨਿੱਕੇ ਨਿੱਕੇ ਕਈ ਘਰ ਹਨ।”

ਪਤਾ ਨਹੀਂ ਕਿਉਂ ਇਹ ਗੱਲ ਸੁਣ ਕੇ ਮੇਰੇ ਅੰਦਰ ਦੋ ਵਿਪਰੀਤ ਖਿਆਲ ਉੱਭਰਦੇ ਹਨ ਕਿ ਉਹ ਘਰ ਮੈਂ ਦੇਖ ਲਿਆ ਹੈ, ਤੇ ਉਸ ਦੀ ਥਾਂ ਬਣੇ ਨਿੱਕੇ ਨਿੱਕੇ ਘਰ ਮੈਂ ਦੇਖਣਾ ਨਹੀਂ ਚਾਹਵਾਂਗਾ। ਸ਼ਾਇਦ ਮੈਂ ਆਪਣੇ ਤਸੱਵਰ ਵਿੱਚ ਹਮੇਸ਼ਾ ਲਈ ਉਸ ਮੋਕਲੇ ਵਿਹੜੇ ਵਾਲੇ ਘਰ ਦੀ ਤਸਵੀਰ ਸਾਂਭ ਕੇ ਰੱਖਣਾ ਚਾਹੁੰਦਾ ਹਾਂ, ਹੁਣ ਟੋਟਿਆਂ ਵਿੱਚ ਵੰਡੀ ਜਾ ਚੁੱਕੀ ਉਸ ਭੋਏਂ ਨੂੰ ਦੇਖ ਕੇ ਮੈਂ ਕੀ ਲੈਣਾ!

ਤੇ ਫੇਰ ਆਪਣੇ ਹੱਥਾਂ ਵਿੱਚ ਮੇਰੇ ਹੱਥ ਨੂੰ ਲਈ ਰਾਏ ਅਬਦੁਲ ਹਮੀਦ ਚੋਪੜਾ ਆਪਣੀ ਕਹਾਣੀ ਸੁਣਾਉਂਦੇ ਹਨ, ਜਲੰਧਰ ਨਾਲ ਆਪਣੇ ਰਿਸ਼ਤੇ ਨੂੰ ਸਮਝਾਉਣ ਲਈ। ਉਨ੍ਹਾਂ ਦਾ ਪਰਿਵਾਰ ਹਿੰਦੂ ਚੋਪੜਿਆਂ ਦਾ ਪਰਿਵਾਰ ਸੀ, ਪਿੰਡ ਵਿੱਚ ਚੋਖੀ ਜ਼ਮੀਨ ਦਾ ਮਾਲਕ। ਜਦੋਂ ਮੁਲਕ ਤਕਸੀਮ ਹੋਇਆ, ਪਰਿਵਾਰ ਵੀ ਤਕਸੀਮ ਹੋ ਗਿਆ। ਸਾਰਾ ਪਰਿਵਾਰ ਓਧਰ ਚਲਾ ਗਿਆ, ਪਰ ਰਾਏ ਸਾਹਬ ਦੇ ਵਾਲਿਦ ਇੱਧਰ ਹੀ ਰਹਿ ਗਏ ਤਾਂ ਜੋ ਘਰ ਦਾ ਇੱਕ ਪੁੱਤਰ ਜੱਦੀ ਭੋਂ ਦੀ ਮਾਲਕੀ ’ਤੇ ਪਹਿਰਾ ਦਿੰਦਾ ਰਵ੍ਹੇ। ਪਰ ਜਦੋਂ ਵੰਡ ਦੀ ਹਨੇਰੀ ਠੱਲ੍ਹਣ ਦੀ ਥਾਂ ਅੱਗ ਦੇ ਭਾਂਬੜਾਂ ਵਿੱਚ ਤਬਦੀਲ ਹੋਣ ਲੱਗੀ, ਰਾਏ ਸਾਹਬ ਦੇ ਪਿਤਾ ਕੋਲ ਹੋਰ ਕੋਈ ਚਾਰਾ ਨਾ ਰਿਹਾ, ਹਿੰਦੂ ਚੋਪੜਿਆਂ ਦਾ ਫ਼ਰਜ਼ੰਦ ਹੁਣ ਰਾਏ ਅਬਦੁਲ ਲਤੀਫ਼ ਹੋ ਗਿਆ, ਪਰ ਆਪਣੇ ਨਾਂ ਨਾਲ ਚੋਪੜਾ ਲਾਉਣਾ ਨਾ ਛੱਡਿਆ ਤੇ ਹਸਨਾਂ ਅਤੇ ਹੁਸੈਨਾਂ ਵਾਲੇ ਇਸ ਕਸਬੇ ਵਿੱਚ ਅੱਜ ਵੀ ਇੱਕ ਚੋਪੜਾ ਰਹਿੰਦਾ ਹੈ: ਰਾਏ ਅਬਦੁਲ ਹਮੀਦ ਚੋਪੜਾ, ਜਿਹੜਾ ਮੇਰੇ ਹੱਥਾਂ ਵਿੱਚੋਂ ਕੋਈ ਨਿੱਘ ਭਾਲਦਾ ਮੈਨੂੰ ਦੱਸ ਰਿਹਾ ਹੈ, “ਮੇਰੇ ਤਾਇਆ ਅੱਬੂ ਜਲੰਧਰ ਜਾ ਵਸੇ ਸਨ, ਡਾਕਟਰ ਹਰਬੰਸ ਲਾਲ ਚੋਪੜਾ। ਫਗਵਾੜਾ ਗੇਟ, ਪੱਕੇ ਬਾਗ਼ ਵਿੱਚ ਰਹਿੰਦੇ ਸਨ। ਜਲੰਧਰ ਦੇ ਮਸ਼ਹੂਰ ਡਾਕਟਰ ਸਨ। ਤੁਸੀਂ ਉਨ੍ਹਾਂ ਦਾ ਨਾਂਅ ਸੁਣਿਆ ਹੋਵੇਗਾ।” ਇਹ ਨਾਂਅ ਮੈਂ ਸੱਚਮੁੱਚ ਸੁਣਿਆ ਹੋਇਆ ਹੈ, ਉਨ੍ਹਾਂ ਵੇਲਿਆਂ ਤੋਂ ਜਦੋਂ ਜਲੰਧਰ ਅਜੇ ਛੋਟਾ ਜਿਹਾ ਸ਼ਹਿਰ ਹੁੰਦਾ ਸੀ। ਮੈਂ ਇਹ ਗੱਲ ਰਾਏ ਸਾਹਬ ਨੂੰ ਦੱਸਦਾ ਹਾਂ, ਉਹ ਮੇਰਾ ਹੱਥ ਹੋਰ ਘੁੱਟ ਕੇ ਫੜ ਲੈਂਦੇ ਹਨ।

ਤੁਸੀਂ ਹਿੰਦੁਸਤਾਨ ਗਏ ਹੋ ਕਦੇ?” ਮੈਂ ਪੁੱਛਦਾ ਹਾਂ।

“1981 ਤਕ ਜਾਂਦੇ ਰਹੇ, ਫੇਰ ਹੌਲੀ ਹੌਲੀ ਸਾਰੇ ਬਜ਼ੁਰਗ ਟੁਰ ਗਏ, ਤੇ ਨਾਲੇ ਮੇਰੇ ਭਾਈ ਬੰਦ ਸਾਰੇ ਉੱਥੇ ਸਰਕਾਰੀ ਨੌਕਰੀਆਂ ’ਤੇ ਹਨ … …” ਰਾਏ ਸਾਹਬ ਆਪਣਾ ਫਿਕਰਾ ਪੂਰਾ ਨਹੀਂ ਕਰਦੇ, ਪਰ ਮੈਂ ਸਮਝ ਜਾਂਦਾ ਹਾਂ। ਇੱਕ ਦੂਜੇ ਨੂੰ ਵੈਰੀ ਸਮਝਣ ਵਾਲੀਆਂ ਸਰਕਾਰਾਂ ਦੇ ਸ਼ਹਿਰੀਆਂ ’ਤੇ ਵੀ ਅਜੀਬੋ-ਗ਼ਰੀਬ ਪਾਬੰਦੀਆਂ ਹਨ, ਬੇਲੋੜੇ ਸ਼ੱਕਾਂ ਦੇ ਘੇਰਿਆਂ ਵਿੱਚ ਫਾਥੇ ਹੋਏ ਲੋਕ ਹਨ। ਸਹਿਕ ਤੇ ਸਿੱਕ ਉੱਤੇ ਵੇਲੇ ਦੀ ਸਿਆਸਤ ਦੇ ਪਹਿਰੇ ਹਨ। ਹੁਣ ਮੈਂ ਆਪਮੁਹਾਰੇ ਉਨ੍ਹਾਂ ਦਾ ਹੱਥ ਸਹਿਲਾਉਣ ਲੱਗ ਪਿਆ ਹਾਂ।

ਰਾਏ ਸਾਹਬ ਆਪਣੇ ਘਰ ਲਿਜਾਣਾ ਚਾਹੁੰਦੇ ਹਨ, ਪਰ ਸਮਾਂ ਬਹੁਤ ਹੋ ਗਿਆ ਹੈ ਤੇ ਅਸੀਂ ਅਗਲੇ ਮੁਕਾਮ ’ਤੇ ਪਹੁੰਚਣਾ ਹੈ। ਇਸ ਲਈ ਅਸੀਂ ਮੁਆਫੀ ਮੰਗਦਿਆਂ ਉਨ੍ਹਾਂ ਕੋਲੋਂ ਜਾਣ ਦੀ ਇਜਾਜ਼ਤ ਲੈਂਦੇ ਹਾਂ। ਸਕੂਲ ਵਿੱਚ ਮਿਲੇ ਦੋਵੇਂ ਮੁਹੰਮਦ ਤੇ ਰਾਏ ਸਾਹਬ ਸਾਨੂੰ ਸਾਡੀ ਕਾਰ ਤਕ ਛੱਡਣ ਆਉਂਦੇ ਹਨ। ਤੁਰਨ ਤੋਂ ਪਹਿਲਾਂ ਮੈਨੂੰ ਵਿਦਾਇਗੀ ਕਲਾਵਿਆਂ ਵਿੱਚ ਲਿਆ ਜਾਂਦਾ ਹੈ, ਜਿਹੜੇ ਮੁੜ ਕਦੇ ਮੇਲੇ ਹੋਣ ਦੀ ਆਸ ਤੋਂ ਸੱਖਣੇ ਹਨ। ਅਸੀਂ ਕਾਰ ਵਿੱਚ ਬਹਿ ਜਾਂਦੇ ਹਾਂ, ਬੰਦ ਸ਼ੀਸ਼ਿਆਂ ਪਾਰੋਂ ਰੁਖ਼ਸਤੀ ਦੇ ਹੱਥ ਹਿਲਾਉਂਦੇ ਹਾਂ ਕਿ ਕਾਰ ਦੇ ਅਗਲੇ ਬੂਹੇ ਦੀ ਤਾਕੀ ਖੋਲ੍ਹ ਕੇ ਰਾਏ ਸਾਹਬ ਅੰਦਰ ਆ ਜਾਂਦੇ ਹਨ, “ਬੱਸ ਇੱਕ ਆਖਰੀ ਕੰਮ ਰਹਿ ਗਿਆ, ਇਹ ਵੀ ਬੜਾ ਜ਼ਰੂਰੀ ਏ।” ਉਹ ਆਪਣਾ ਬਟੂਆ ਖੋਲ੍ਹ ਕੇ 500 ਦਾ ਨੋਟ ਡਰਾਈਵਰ ਰਾਜੀਲ ਦੇ ਹੱਥ, ’ਤੇ 1000 ਦਾ ਨੋਟ ਮੇਰੇ ਨਾਲ ਬੈਠੇ ਅਲੀ ਵਲ ਵਧਾਂਦੇ ਹਨ। ਰਾਜੀਲ ਮੇਰੇ ਵਲ ਦੇਖਦਾ ਹੈ, “ਸਰ … …?”, ਤੇ ਅਲੀ ਜਿਵੇਂ ਸਕਤੇ ਵਿੱਚ ਹੋਵੇ, ਕਿ ਇਹ ਕਿਸ ਗੱਲ ਦੇ!

ਨਾਂਹ ਨਹੀਂ ਕਰਨੀ ਤੁਸੀਂ” ਰਾਏ ਸਾਹਬ ਦੋਹਾਂ ਵਲ ਮੁਖਾਤਬ ਹਨ, “ਤੁਸੀਂ ਮੇਰੇ ਭਰਾ ਨੂੰ ਮੇਰੇ ਨਾਲ ਮਿਲਾਉਣ ਦਾ ਮੂਜਬ ਬਣੇ ਹੋ। ਇਹ ਸ਼ੁਕਰਾਨਾ ਜੇ ਮੇਰਾ, ਨਾਂਹ ਨਹੀਂ ਕਰ ਸਕਦੇ ਤੁਸੀਂ।”

ਦੋਵੇਂ ਜਣੇ ਮੇਰੇ ਵਲ ਤੱਕੀ ਜਾ ਰਹੇ, ਪਰ ਨੋਟ ਨਹੀਂ ਫੜ ਰਹੇ।

ਲੈ ਲਓ, ਮੋੜੋ ਨਾ ….” ਮੇਰੇ ਮੂੰਹੋਂ ਸਿਰਫ਼ ਇੰਨਾ ਹੀ ਨਿਕਲਦਾ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4090)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਸੁਕੀਰਤ

ਸੁਕੀਰਤ

Jalandhar, Punjab, India.
Email: (sukirat.anand@gmail.com)

More articles from this author