Sukirat7ਇਨ੍ਹਾਂ ਦੋਹਾਂ ਪੁਰਸਕਾਰਾਂ ਨੂੰ ਪੱਖਪਾਤੀ ਲਾਗ ਤੋਂ ਮੁਕਤ ਰੱਖਣ ਲਈ ਅਸੀਂ ਕੁਝ ਨਵੇਂ ਢੰਗ ...
(28 ਮੲੀ 2018)

 

ਇਹ ਮਹੀਨਾ ‘ਨਵਾਂ ਜ਼ਮਾਨਾ’ ਦੇ ਜਨਮ ਦਾ ਮਹੀਨਾ ਵੀ ਹੈ, ਅਤੇ ਕਾਮਰੇਡ ਜਗਜੀਤ ਸਿੰਘ ਆਨੰਦ ਦੇ ਤੁਰ ਜਾਣ ਦਾ ਵੀ 19 ਜੂਨ ਨੂੰ ਉਨ੍ਹਾਂ ਨੂੰ ਸਾਡੇ ਕੋਲੋਂ ਵਿਛੜਿਆਂ ਤਿੰਨ ਵਰ੍ਹੇ ਹੋ ਜਾਣਗੇ ਅੱਧੀ ਸਦੀ ਤੋਂ ਵੀ ਵੱਧ ਸਮਾਂ ਉਹ ‘ਨਵਾਂ ਜ਼ਮਾਨਾ’ ਦੇ ਸੰਪਾਦਕ ਰਹੇ ਅਤੇ ਇਨ੍ਹਾਂ ਸਾਲਾਂ ਦੌਰਾਨ ਉਨ੍ਹਾਂ ਨੇ ਸਿਰਫ਼ ਇਸ ਅਖਬਾਰ ਨੂੰ ਹੀ ਇਕ ਵਿਸ਼ੇਸ਼ ਮੁਕਾਮ ਤੀਕ ਨਹੀਂ ਪਹੁੰਚਾਇਆ, ਇਸਦੀਆਂ ਵਲਗਣਾਂ ਵਿੱਚੋਂ ਲੰਘਣ ਵਾਲੇ ਅਨੇਕਾਂ ਸਿਰਜਕ ਕਾਮਿਆਂ ਨੂੰ ਪੱਤਰਕਾਰੀ ਦੀਆਂ ਪੌੜੀਆਂ ਚਾੜ੍ਹਿਆ ਅਤੇ ਪਰਵਾਜ਼ ਲਈ ਪਰ ਵੀ ਮੁਹੱਈਆ ਕੀਤੇ ਪੰਜਾਬੀ ਦਾ ਕਿਹੜਾ ਅਖਬਾਰ ਹੈ ਜਿਸ ਨੇ ‘ਨਵਾਂ ਜ਼ਮਾਨਾ’ ਦੀ ਨਰਸਰੀ ਦੇ ਤਿਆਰ ਕੀਤੇ ਬੂਟਿਆਂ ਨਾਲ ਆਪਣਾ ਸੰਪਾਦਕੀ ਮੇਜ਼ ਨਹੀਂ ਸ਼ਿੰਗਾਰਿਆ ਅਤੇ ਅਮੀਰਿਆ, ਅਤੇ ਉੱਤਰੀ ਅਮਰੀਕੀ ਮਹਾਂਦੀਪ ਤੋਂ ਲੈ ਕੇ ਆਸਟ੍ਰੇਲੀਆ ਤਕ ਪਰਵਾਸੀ ਪੰਜਾਬੀਆਂ ਦੀ ਠਾਹਰ ਬਣਨ ਵਾਲਾ ਕਿਹੜਾ ਦੇਸ ਹੈ ਜਿੱਥੇ ‘ਨਵਾਂ ਜ਼ਮਾਨਾ’ ਪਰਵਾਰ ਵਿਚ ਪਲੇ ਪੱਤਰਕਾਰ ਨਹੀਂ ਬੈਠੇ ਹੋਏ? ਇਸੇ ਲਈ ‘ਨਵਾਂ ਜ਼ਮਾਨਾ’ ਦਾ ਵੱਕਾਰ ਅਤੇ ਇਸਦੀ ਪਹੁੰਚ ਨਿਰੋਲ ਅਸ਼ਾਇਤੀ ਹਿੰਦਸਿਆਂ ਦੀ ਸੀਮਤ ਜਿਹੀ ਜਕੜ ਤੋਂ ਕਿਤੇ ਵਡੇਰੇ ਲੱਭਦੇ ਹਨ

ਕਾਮਰੇਡ ਆਨੰਦ ਨੇ ਸਾਰੀ ਉਮਰ ਕਈ ਖੇਤਰਾਂ ਵਿਚ ਕੰਮ ਕੀਤਾ ਉਹ ਕੁਲ ਵਕਤੀ ਸਿਆਸੀ ਆਗੂ ਵੀ ਸਨ, ਇਸ਼ਟੀਆ ਤਰਜ਼ਮਾਕਾਰ ਵੀ, ਅਤੇ ਵਧੀਆ ਵਾਰਤਕ ਲੇਖਕ ਵੀ ਪਰ ਉਨ੍ਹਾਂ ਦੀ ਸਾਰੀਆਂ ਚਾਹਤਾਂ ਦਾ ਰਲਵਾਂ ਇਸ਼ਕ ਪੱਤਰਕਾਰੀ ਹੀ ਸੀ, ਜਿਸਦੀ ਪਾਲਣਾ ਵਿਚ ਉਨ੍ਹਾਂ ਆਪਣੇ ਸਾਰੇ ਹੁਨਰ ਇੱਕੇ ਥਾਂ ਕਰ ਕੇ ਵਰਤੇ ਪੰਜਾਬੀ ਪੱਤਰਕਾਰੀ ਵਿਚ ਖੱਬੀ ਵਿਚਾਰਧਾਰਾ ਦਾ ਪਰਚਮ ਬੁਲੰਦ ਰੱਖਿਆ, ਪੱਤਰਕਾਰੀ ਦੀ ਜ਼ਬਾਨ ਲਈ ਨਵੇਂ ਸ਼ਬਦ ਘੜੇ-ਵਰਤੇ, ਅਤੇ ਰੁੱਖੇ ਵਿਸ਼ਿਆਂ ਨੂੰ ਆਮ ਪਾਠਕਾਂ ਤਕ ਪੁਚਾਉਣ ਲਈ ਉਚੇਚੇ ਰਚਨਾਤਮਕ ਸੁਹਜ ਨਾਲ ਬਿਆਨਿਆ ਉਨ੍ਹਾਂ ਦੇ ਜੀਵਨ ਕਾਲ ਵਿਚ ਹੀ ਉਨ੍ਹਾਂ ਦੇ ਮਿੱਤਰ ਅਤੇ ਮੁਰੀਦ ਰੂਪ ਸਿੰਘ ਰੂਪਾ ਨੇ ਆਪਣੇ ਮਾਇਕ ਉੱਦਮ ਅਤੇ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਸਹਿਯੋਗ ਨਾਲ ਸਲਾਨਾ ਜਗਜੀਤ ਸਿੰਘ ਆਨੰਦ ਵਾਰਤਕ ਪੁਰਸਕਾਰ ਦੀ ਸ਼ੁਰੂਆਤ ਕਰ ਦਿੱਤੀ ਸੀ ਜੋ ਪਿਛਲੇ ਪੰਜ ਸਾਲਾਂ ਵਿਚ ਪੰਜਾਬੀ ਜ਼ਬਾਨ ਦੇ ਵੱਡੇ ਅਦੀਬਾਂ ਨੂੰ ਦਿੱਤਾ ਗਿਆ ਹੈ ਸਾਡੇ ਮਨ ਵਿਚ ਉਨ੍ਹਾਂ ਦੀ ਯਾਦ ਵਿਚ ਇਕ ਹੋਰ ਸਾਲਾਨਾ ਸਨਮਾਨ ਸ਼ੁਰੂ ਕਰਨ ਦੀ ਇੱਛਾ ਹੈ ਜੋ ਨਿਰੋਲ ਪੱਤਰਕਾਰੀ ਨੂੰ ਸਮਰਪਤ ਹੋਵੇ ਸਿਰਫ਼ ਇਸ ਲਈ ਨਹੀਂ ਕਿ ਪੱਤਰਕਾਰੀ ਅਨੰਦ ਜੀ ਦਾ ਪਰਮ ਇਸ਼ਕ ਸੀ, ਸਗੋਂ ਇਸ ਲਈ ਵੀ ਕਿ ਦਿਸ਼ਾਹੀਣ ਪੱਤਰਕਾਰੀ ਦੇ ਅਜੋਕੇ ਸਮਿਆਂ ਵਿਚ, ਬੇਲਾਗ ਅਤੇ ਨਿਧੜਕ ਪੱਤਰਕਾਰੀ ਨੂੰ ਪ੍ਰੋਤਸਾਹਨ ਦੇਣਾ ਬਹੁਤ ਵੱਡੀ ਲੋੜ ਹੋ ਗਿਆ ਹੈ ਜਿਸ ਦੌਰ ਵਿੱਚੋਂ ਅਸੀਂ ਲੰਘ ਰਹੇ ਹਾਂ, ਜੇ ਇਕ ਪਾਸੇ ਪੱਤਰਕਾਰਾਂ ਨੂੰ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਦੂਜੇ ਪਾਸੇ ਉਨ੍ਹਾਂ ਦੀਆਂ ਮਾਇਕ ਲਾਲਸਾਵਾਂ ਨੂੰ ਪੱਠੇ ਪਾਉਣ ਵਿਚ ਵੀ ਕੋਈ ਕਸਰ ਨਹੀਂ ਛੱਡੀ ਜਾਂਦੀ ਇਸੇ ਲਈ ਪੀਲੀ ਪੱਤਰਕਾਰੀ ਜਾਂ ਵਿਕਾਊ ਪੱਤਰਕਾਰੀ ਵਰਗੇ ਸ਼ਬਦ ਹੁਣ ਆਮ ਵਰਤੇ ਜਾਣ ਲੱਗ ਪਏ ਹਨ, ਅਤੇ ਵੱਡੀਆਂ ਤੋਂ ਲੈ ਕੇ ਛੋਟੀਆਂ ਅਖਬਾਰਾਂ ਤੀਕ ਹੁਣ ਇਸ ਦੁਵੱਲੀ ਘੇਰਾਬੰਦੀ ਦੀ ਜਕੜ ਵਿਚ ਹਨ ਪਰ ਇਸ ਸਭ ਦੇ ਬਾਵਜੂਦ ਬਹੁਤ ਸਾਰੇ ਨੌਜਵਾਨ ਪੱਤਰਕਾਰ, ਕਈ ਕਿਸਮ ਦੀਆਂ ਦੁਸ਼ਵਾਰੀਆਂ ਨਾਲ ਸਿੱਝਦੇ ਹੋਏ ਵੀ ਆਪਣਾ ਕਸਬੀ ਫ਼ਰਜ਼ ਪੂਰੀ ਤਨਦਿਹੀ ਨਾਲ ਨਿਭਾ ਰਹੇ ਹਨ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਦੇਣਾ ਹੀ ਸਾਡੇ ਇਸ ਸਾਲਾਨਾ ਪੁਰਸਕਾਰ ਦਾ ਮੁੱਖ ਮਕਸਦ ਹੋਵੇਗਾ ਇਹ ਪੁਰਸਕਾਰ 51, 000 ਰੁਪਏ ਦਾ ਹੋਵੇਗਾ ਤਾਂ ਜੋ ਨੌਜਵਾਨ ਪੱਤਰਕਾਰਾਂ ਦੀ ਨਿਗੂਣੀ ਹੀ ਸਹੀ, ਕੁਝ ਮਾਇਕ ਮਦਦ ਵੀ ਹੋ ਸਕੇ

ਇਸਦੇ ਨਾਲ ਹੀ ਅਸੀਂ ਸਾਲ ਦੀ ਸਰਵੋਤਮ ਪੰਜਾਬੀ ਕਹਾਣੀ ਲਈ ਸ੍ਰੀਮਤੀ ਉਰਮਿਲਾ ਆਨੰਦ ਦੀ ਯਾਦ ਵਿਚ ਵੀ ਇਕ ਪੁਰਸਕਾਰ ਸ਼ੁਰੂ ਕਰ ਰਹੇ ਹਾਂ ਜੋ 21, 000 ਰੁਪਏ ਦਾ ਹੋਵੇਗਾ ਪੰਜਾਬੀ ਲੇਖਕਾਂ-ਪਾਠਕਾਂ ਵਿਚ ਇਕ ਆਮ ਗਿਲਾ ਸੁਣਨ ਵਿਚ ਆਉਂਦਾ ਹੈ ਕਿ ਪੰਜਾਬੀ ਦੇ ਬਹੁਤੇ ਸਾਹਿਤਕ ਪੁਰਸਕਾਰ ਪੱਖਪਾਤੀ ਹੁੰਦੇ ਹਨ ਜਾਂ ਗੁਟਬੰਦਕ ਆਧਾਰ ਉੱਤੇ ਪਰੋਸੇ ਜਾਂਦੇ ਹਨ ਸਾਡੀ ਪੂਰੀ ਕੋਸ਼ਿਸ਼ ਹੋਵੇਗੀ ਕਿ ਅਗਲੇ ਸਾਲ ਤੋਂ, ਯਾਨੀ ਚਲੰਤ ਸਾਲ ਦੀ ਬਿਹਤਰੀਨ ਕਹਾਣੀ ਲਈ, ਦਿੱਤਾ ਜਾਣ ਵਾਲਾ ਇਹ ਪੁਰਸਕਾਰ ਅਜਿਹੀ ਹਰ ਕਾਣ ਤੋਂ ਮੁਕਤ ਹੋਵੇ ਕੁਝ ਵਰ੍ਹੇ ਪਹਿਲਾਂ ਤਕ ਅਸੀਂ ਬੀਬੀ ਸਵਰਨ ਕੌਰ ਦੀ ਯਾਦ ਵਿਚ ਇਹੋ ਜਿਹਾ ਪੁਰਸਕਾਰ ਦੇਂਦੇ ਰਹੇ ਹਾਂ ਕੋਸ਼ਿਸ਼ ਸਾਡੀ ਉਦੋਂ ਵੀ ਇਹੀ ਸੀ ਕਿ ਪੁਰਸਕਾਰ ਸਾਲ ਦੀ ਬਿਹਤਰੀਨ ਕਹਾਣੀ ਨੂੰ ਹੀ ਮਿਲੇ, ਕਿਸੇ ਮਨ-ਚਾਹੇ ਦੇ ਉੱਦਮ ਨੂੰ ਨਹੀਂ ਆਪਣੇ ਵੱਲੋਂ ਅਸੀਂ 75 ਕੁ ਚੋਣਵੇਂ ਲੇਖਕਾਂ/ਆਲੋਚਕਾਂ/ਖੋਜਾਰਥੀਆਂ ਨੂੰ ਸੱਦਾ ਦੇਂਦੇ ਸਾਂ ਕਿ ਉਹ ਆਪਣੀ ਪਸੰਦ ਸਾਨੂੰ ਲਿਖ ਭੇਜਣ ਪਰ ਇਸ ‘ਲੋਕ-ਤੰਤਰੀ’ ਪ੍ਰਣਾਲੀ ਵਿਚ ਵੀ ਹੌਲੀ ਹੌਲੀ ਵਿਗਾੜ ਆ ਗਿਆ ਤੇ ਜਦੋਂ “ਤੂੰ ਮੈਨੂੰ ਚੁਣ, ਮੈਂ ਤੈਨੂੰ ਚੁਣਦਾਂ” ਦੇ ਸਬੂਤ ਵਾਰ-ਵਾਰ ਸਾਹਮਣੇ ਆਉਣ ਲੱਗ ਪਏ ਤਾਂ ਅਸੀਂ ਇਸਨੂੰ ਬੰਦ ਕਰ ਦੇਣਾ ਹੀ ਬਿਹਤਰ ਜਾਣਿਆ

ਹੁਣ ਸ਼ੁਰੂ ਕੀਤੇ ਜਾ ਰਹੇ ਇਨ੍ਹਾਂ ਦੋਹਾਂ ਪੁਰਸਕਾਰਾਂ ਨੂੰ ਪੱਖਪਾਤੀ ਲਾਗ ਤੋਂ ਮੁਕਤ ਰੱਖਣ ਲਈ ਅਸੀਂ ਕੁਝ ਨਵੇਂ ਢੰਗ ਵਿਚਾਰੇ ਹਨ ਪਰ ਨਾਲ ਹੀ ਅਸੀਂ ਤੁਹਾਨੂੰ ਵੀ ਸੱਦਾ ਦੇਂਦੇ ਹਾਂ ਕਿ ਜੇਕਰ ਤੁਹਾਡੇ ਕੋਲ ਵੀ ਚੋਣ-ਵਿਧੀ ਨੂੰ ਕਾਰਗਰ ਬਣਾਉਣ ਲਈ ਕੋਈ ਠੋਸ ਸੁਝਾਅ ਹੋਵੇ ਤਾਂ ਸਾਨੂੰ ਲਿਖਤੀ /ਈ-ਰੁੱਕੇ ਦੇ ਰੂਪ ਵਿਚ ਭੇਜ ਦੇਵੋ ਅਸੀਂ ਉਸ ਉੱਤੇ ਵੀ ਗੌਰ ਕਰਾਂਗੇ

ਸੁਝਾਅ ਭੇਜਣ ਲਈ:

Email: This email address is being protected from spambots. You need JavaScript enabled to view it.

ਡਾਕ:

Sukirat C/O Daily Nawan Zamana,
Nehru Garden Road, Jalandhar 144001,
Punjab, India.

ਇਹ ਦੋਵੇਂ ਪੁਸਰਕਾਰ 21 ਮਾਰਚ 2019 ਨੂੰ ਦਿੱਤੇ ਜਾਣਗੇ, ਜੋ ਆਨੰਦ ਜੋੜੀ ਦਾ ਵਿਆਹ ਦਿਨ ਵੀ ਹੈ ਆਪਣੇ ਸੁਝਾਅ ਛੇਤੀ ਭੇਜਣੇ, ਸਾਨੂੰ ਉਡੀਕ ਰਹੇਗੀ

**

About the Author

ਸੁਕੀਰਤ

ਸੁਕੀਰਤ

Jalandhar, Punjab, India.
Email: (sukirat.anand@gmail.com)

More articles from this author