Sukirat7ਭਾਰਤ ਦੇ ਬਹੁ-ਧਰਮੀ ਅਤੇ ਬਹੁ-ਰੰਗੇ ਖਾਸੇ ਨੂੰ ਬਚਾ ਕੇ ਰੱਖਣ ਵਿਚ ...
(1 ਸਤੰਬਰ 2016)

 

ਪਿਛਲੇ ਹਫ਼ਤੇ ਭਾਰਤ ਦੇ ਰੱਖਿਆ ਮੰਤਰੀ ਨੇ ਜਜ਼ਬਾਤੀ ਲੜਖੜਾਹਟ ਵਿਚ ਇਕ ਅਜਿਹਾ ਬਿਆਨ ਦੇ ਮਾਰਿਆ ਸੀ ਜੋ ਕਿਸੇ ਦੇਸ ਦੇ ਕੇਂਦਰੀ ਮੰਤਰੀ ਤਾਂ ਕੀ ਉਸਦੇ ਕਿਸੇ ਉੱਚ-ਅਧਿਕਾਰੀ ਦੇ ਮੂੰਹੋਂ ਨਿਕਲਿਆ ਵੀ ਮੂਰਖਤਾਪੂਰਨ ਹੀ ਜਾਪਦਾ ਹੈ। ਸ੍ਰੀ ਮਨੋਹਰ ਪਰਿਕਰ ਨੇ ਗੁਆਂਢੀ ਦੇਸ ਪਾਕਿਸਤਾਨ ਨੂੰ ਨਰਕ ਦੇ ਤੁੱਲ ਕਿਹਾ ਸੀ, ਅਤੇ ਉੱਥੇ ਜਾਣ ਨੂੰ ਨਰਕ ਵਿਚ ਜਾਣ ਬਰਾਬਰ।

ਪਤਾ ਨਹੀਂ ਪਰਿਕਰ ਸਾਹਬ ਨੂੰ ਉਹ ‘ਨਰਕ’ ਦੇਖਣ ਦਾ ਇਤਫ਼ਾਕ ਹੋਇਆ ਹੈ ਜਾਂ ਨਹੀਂ, ਪਰ ਉਨ੍ਹਾਂ ਦੇ ਆਪਣੇ ਆਗੂ ਅਤੇ ਭਾਰਤ ਦੇ ਅਜੋਕੇ ਪਰਧਾਨ ਮੰਤਰੀ ਅਜੇ ਕੁਝ ਹੀ ਮਹੀਨੇ ਪਹਿਲਾਂ ਵਿਸ਼ੇਸ਼ ਤੌਰ ’ਤੇ ਉਸੇ ‘ਨਰਕ’ ਵਿਚ ਚਾਹ ਪੀਣ ਗਏ ਸਨ। ਰੱਖਿਆ ਮੰਤਰੀ ਨੇ ਉਨ੍ਹਾਂ ਨੂੰ ਇਹ ਫ਼ਤਵਾ ਕਿਸ ਆਧਾਰ ਉੱਤੇ ਦਿੱਤਾ ਇਹ ਉਹੀ ਜਾਨਣ। ਪਰ ਜਿਹੜੇ ਲੋਕਾਂ ਨੂੰ ਕਦੇ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਹੈ ਉਹ ਜਾਣਦੇ ਹਨ ਪਾਕਿਸਤਾਨ ਵੀ ਉੰਨਾ ਕੁ ਹੀ ਨਰਕ ਜਾਂ ਸਵਰਗ ਹੈ ਜਿੰਨਾ ਸਾਡਾ ਦੇਸ। ਧਨਾਢਾਂ ਲਈ ਇਹ ਦੋਵੇਂ ਹਮਸਾਏ ਮੁਲਕ ਸਵਰਗ ਵੀ ਹੋ ਸਕਦੇ ਹਨ,ਅਤੇ ਗਰੀਬਾਂ, ਘੱਟ-ਗਿਣਤੀਆਂ, ਜਾਂ ਅਖਾਉਤੀ ਨੀਵੀਂਆਂ ਜਾਤਾਂ ਲਈ ਇੱਥੇ ਰਹਿਣਾ ਨਰਕ ਸਮਾਨ ਵੀ ਹੋ ਸਕਦਾ ਹੈ। ਇਸ ਗੱਲ ਦੀ ਪੁਸ਼ਟੀ ਕਰਦੀਆਂ ਮਿਸਾਲਾਂ ਦੋਹਾਂ ਮੁਲਕਾਂ ਵਿਚ ਨਿੱਤ ਦਿਹਾੜੇ ਵਾਪਰਨ ਵਾਲੀਆਂ ਤਕਰੀਬਨ ਇੱਕੋ ਜਿਹੀਆਂ ਘਟਨਾਵਾਂ ਹਨ।

ਇਕ ਮਿੰਟ ਰੁਕਣਾ। ਮੈਂ ਪਾਕਿਸਤਾਨ ਦੀ ਤੁਲਨਾ ਭਾਰਤ ਨਾਲ ਕਰ ਦਿੱਤੀ ਹੈ। ਦੋਹਾਂ ਨੂੰ ਇੱਕੋ ਤੱਕੜੀ ਦੇ ਛਾਬਿਆਂ ਵਿਚ ਬਰੋਬਰ ਤੋਲ ਦਿੱਤਾ ਹੈ। ਤੇ ਸਿਰਫ਼ ਇੰਨਾ ਹੀ ਨਹੀਂ ਮੈਂ ਕੇਂਦਰੀ ਰੱਖਿਆ ਮੰਤਰੀ ਦੇ ਬਿਆਨ ਨੂੰ ‘ਮੂਰਖਤਾਪੂਰਨ’ ਕਹਿਣ ਦੀ ਹਿਮਾਕਤ ਵੀ ਕੀਤੀ ਹੈ। ਮੇਰੇ ਤੋਂ ਵੱਡਾ ਰਾਸ਼ਟਰ ਵਿਰੋਧੀ, ਰਾਜ-ਧਰੋਹੀ ਕੌਣ ਹੋ ਸਕਦਾ ਹੈ? ਮੈਨੂੰ ਫੌਰਨ ਅੰਦਰ ਕਰ ਦਿੱਤਾ ਜਾਣਾ ਚਾਹੀਦਾ ਹੈ, ਮੇਰੇ ਉੱਤੇ ਰਾਜ-ਧਰੋਹ ਦਾ ਮੁਕੱਦਮਾ ਥੋਪਿਆ ਜਾਣਾ ਚਾਹੀਦਾ ਹੈ। ਪਰ ਮੇਰੀ ਖੁਸ਼ਕਿਸਮਤੀ ਕਹਿ ਲਉ ਕਿ ਮੈਂ ਛੋਟੇ ਜਿਹੇ ਸੂਬੇ ਦੀ, ਛੋਟੀ ਜਿਹੀ ਪਾਠਕ ਗਿਣਤੀ ਨੂੰ ਮੁਖਾਤਬ ਹੋਣ ਵਾਲਾ, ਅਦਨਾ ਜਿਹਾ ਲੇਖਕ ਹਾਂ ਅਤੇ ਇਸ ਕਾਰਨ ਕਿਸੇ ਦਾ ਧਿਆਨ ਮੇਰੇ ਵਲ ਕੇਂਦਰਤ ਨਹੀਂ। ਵਰਨਾ ਜਿਸ ਵਰਜਣਾ ਨੂੰ ਮੈਂ ਉਪਰੋਕਤ ਸਤਰਾਂ ਵਿਚ ਪਾਰ ਕੀਤਾ ਹੈ,ਅੱਜਕਲ ਤਾਂ ਉਸ ਤੋਂ ਕਿਤੇ ਉਰੇ ਰਹਿਣ ਵਾਲਿਆਂ ਉੱਤੇ ਵੀ ਮੁਕੱਦਮੇ ਚਲਾਉਣ, ਉਨ੍ਹਾਂ ਉੱਤੇ ਹਮਲੇ ਕਰਨ ਦਾ ਮਾਹੌਲ ਸਿਰਜਿਆ ਜਾ ਚੁੱਕਾ ਹੈ।

ਅਜੇ ਦੋ ਹਫ਼ਤੇ ਪਹਿਲਾਂ ਪੱਤਰਕਾਰ ਸੀਮਾ ਮੁਸਤਫ਼ਾ ਉੱਤੇ ਰਾਜ-ਧਰੋਹ ਦਾ ਮੁਕੱਦਮਾ ਥੋਪਿਆ ਗਿਆ ਹੈ। ਸਿਰਫ਼ ਇਸ ਆਧਾਰ ਉੱਤੇ ਕਿ ਉਹ ਇਕ ਅਜਿਹੇ ਸਮਾਗਮ ਦਾ ਸੰਚਾਲਨ ਕਰ ਰਹੀ ਸੀ ਜਿੱਥੇ ਕਸ਼ਮੀਰ ਬਾਰੇ ਬਹਿਸ ਹੋ ਰਹੀ ਸੀ। ਯਾਨੀ, ਹੁਣ ਕਿਸੇ ਭਖਵੇਂ ਮੁੱਦੇ ਉੱਤੇ ਬਹਿਸ ਕਰਨਾ ਜਾਂ ਉਸ ਬਾਰੇ ਸਰਕਾਰ ਤੋਂ ਉਲਟ ਰਾਏ ਰੱਖਣਾ ਹੀ ਖਤਰਨਾਕ ਨਹੀਂਅਜਿਹੀ ਬਹਿਸ ਦਾ ‘ਮਾਡਰੇਟਰ’ ਹੋਣਾ ਵੀ ਰਾਜ-ਧਰੋਹ ਹੈ।

ਅਤੇ ਲੰਘੇ ਹਫ਼ਤੇ ਕਰਨਾਟਕਾ ਵਿਚ ਭਾਜਪਾ ਦੇ ਸਰਗਰਮ ਆਗੂ ਅਤੇ ਵਕੀਲ ਵਿਠਲ ਗੌਡਾ ਨੇ ਫਿਲਮ ਅਦਾਕਾਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਰਾਮਿਆ ਉੱਤੇ ਮੁਕੱਦਮਾ ਦਾਇਰ ਕਰ ਦਿੱਤਾ ਹੈ ਅਤੇ ਮੰਗ ਕੀਤੀ ਹੈ ਕਿ ਉਸ ਉੱਤੇ ਰਾਜ-ਧਰੋਹ ਦਾ ਮੁਕਦਮਾ ਚਲਾਇਆ ਜਾਵੇ ਉਸਦੇ ਰਾਜ-ਧਰੋਹ ਦਾ ਸਬੂਤ ਇਹ ਹੈ ਕਿ ਉਹ ਹੁਣੇ ਹੁਣੇ ਸਾਰਕ ਦੇ ਨੌਜਵਾਨ ਪਾਰਲੀਮੈਂਟ ਮੈਂਬਰਾਂ ਦੀ ਮਿਲਣੀ ਤਹਿਤ ਪਾਕਿਸਤਾਨ ਹੋ ਕੇ ਆਈ ਹੈ ਅਤੇ ਉਸਨੇ ਰੱਖਿਆ ਮੰਤਰੀ ਦੇ ‘ਪਾਕਿਸਤਾਨ ਨਰਕ ਹੈ’ ਵਾਲੇ ਬਿਆਨ ਨਾਲ ਅਸਹਿਮਤੀ ਪਰਗਟ ਕਰਦਿਆਂ ਕਿਹਾ ਹੈ,ਪਾਕਿਸਤਾਨ ਨਰਕ ਨਹੀਂ ਹੈ। ਪਾਕਿਸਤਾਨ ਦੇ ਲੋਕ ਸਾਡੇ ਪ੍ਰਤੀ ਚੰਗੀ ਭਾਵਨਾ ਰੱਖਦੇ ਹਨ ਅਤੇ ਉਨ੍ਹਾਂ ਸਾਡੀ ਮਹਿਮਾਨਨਵਾਜ਼ੀ ਵਿਚ ਕੋਈ ਕਸਰ ਨਹੀਂ ਰਹਿਣ ਦਿੱਤੀ।” ਇਸ ਬਿਆਨ (ਜਿਸ ਨਾਲ ਪਾਕਿਸਤਾਨ ਹੋ ਕੇ ਆਉਣ ਵਾਲਾ ਹਰ ਜਣਾ ਸਿਰਫ਼ ਸਹਿਮਤੀ ਹੀ ਪ੍ਰਗਟਾਵੇਗਾ) ਨੇ ਅਖਿਲ-ਭਾਰਤੀ ਵਿਦਿਆਰਥੀ ਪਰੀਸ਼ਦ ਦੇ ‘ਰਾਸ਼ਟਰ-ਪ੍ਰੇਮੀ’ ਬਾਦਬਾਨਾਂ ਵਿਚ ਏਨੀ ਫ਼ੂਕ ਭਰੀ ਹੈ ਕਿ ਸਾਰੇ ਕਰਨਾਟਕਾ ਵਿਚ ਰਾਮਿਆ ਨੂੰ ‘ਦੇਸ਼-ਧਰੋਹੀ’ ਕਰਾਰਨ ਦੇ ਮੁਜ਼ਾਹਰੇ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਹ ਜਾਂ ਤਾਂ ਮੁਆਫ਼ੀ ਮੰਗੇ ਜਾਂ ਭਾਰਤ ਛੱਡ ਕੇ ਪਾਕਿਸਤਾਨ ਚਲੀ ਜਾਵੇ।

ਜੇ ਸਾਡੇ ਦੇਸ ਦੇ ਹਾਲਾਤ ਇੰਨੇ ਮਾੜੇ ਨਾ ਹੁੰਦੇ, ਜਿੰਨੇ ਪਿਛਲੇ ਦੋ ਸਾਲਾਂ ਤੋਂ ਹੋ ਗਏ ਹਨ, ਤਾਂ ਸ਼ਾਇਦ ਇਨ੍ਹਾਂ ਸਾਰੀਆਂ ਗੱਲਾਂ ਨੂੰ ਕੁਝ ਸਿਰਫਿਰਿਆਂ ਦੀਆਂ ਮੂਰਖਤਾ ਮੰਨ ਕੇ ਅਣਗੌਲਿਆ ਕੀਤਾ ਜਾ ਸਕਦਾ ਸੀ। ਪਰ ਜਦੋਂ ਕੇਂਦਰੀ ਮੰਤਰੀਆਂ ਵਰਗੇ ਰੁਤਬਾ-ਨਸ਼ੀਨ ਅਧਿਕਾਰੀ ਇੰਜ ਅਵਾ ਤਵਾ ਬੋਲਣ ਲੱਗ ਪੈਣ ਤਾਂ ਹੇਠਲੀ ਪੱਧਰ ਉੱਤੇ ਫੈਲ ਰਹੇ ਇਸ ਜ਼ਹਿਰ ਨੂੰ ਅੱਖੋਂ ਪਰੋਖੇ ਕਰਨਾ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ, ਅਤੇ ਹੋ ਰਿਹਾ ਹੈ। ਰਾਸ਼ਟਰ-ਪ੍ਰੇਮ ਦੀ ਇਕ ਨਵੀਂ ਪਰਿਭਾਸ਼ਾ ਸਿਰਜੀ ਜਾ ਰਹੀ ਹੈ ਜਿਸ ਦੀਆਂ ਅਜੀਬੋ-ਗਰੀਬ ਕਸੌਟੀਆਂ ਮਿਥੀਆਂ ਜਾ ਰਹੀਆਂ ਹਨ। ਝਾਰਖੰਡ ਦੇ ਮੁੱਖ ਮੰਤਰੀ ਰਘੁਬਰ-ਦਾਸ ਨੇ ਅਜੇ ਪਿਛਲੇ ਹਫ਼ਤੇ ਹੀ ਕਿਹਾ ਹੈ ਕਿ ਜਿਹੜੇ ਲੋਕ ਭਾਰਤ ਨੂੰ ਆਪਣਾ ਦੇਸ ਸਮਝਦੇ ਹਨ, ਉਨ੍ਹਾਂ ਲਈ ਗਊ ਨੂੰ ਮਾਂ ਸਮਾਨ ਮੰਨਣਾ ਜ਼ਰੂਰੀ ਹੈ। ਇਸ ਕਸੌਟੀ ਅਨੁਸਾਰ ਗਊ-ਮਾਸ ਖਾਣ ਵਾਲਿਆਂ ਦੀ ਗੱਲ ਤਾਂ ਲਾਂਭੇ ਰਹੀ, ਹਰ ਉਹ ਤਰਕਸ਼ੀਲ ਮਨੁੱਖ ਵੀ ਭਾਰਤ ਤੋਂ ਛੇਕਿਆ ਜਾਣਾ ਚਾਹੀਦਾ ਹੈ ਜੋ ਗਾਂ ਨੂੰ ਮਹਿਜ਼ ਇਕ ਦੁਧਾਰੂ ਜਾਨਵਰ ਸਮਝਦਾ ਹੈ, ਕੋਈ ਮਾਤਾ-ਸ਼ਾਤਾ ਨਹੀਂ।

ਇਕ ਪਾਸੇ ਕਸ਼ਮੀਰ ਬਲ ਰਿਹਾ ਹੈ, ਅੱਗ ਡੇਢ ਮਹੀਨੇ ਦੇ ਵਕਫ਼ੇ ਪਿੱਛੋਂ ਵੀ ਕਾਬੂ ਨਹੀਂ ਆ ਰਹੀ ਤੇ ਦੂਜੇ ਪਾਸੇ ‘ਰਾਸ਼ਟਰ-ਭਗਤੀ’ ਦੀਆਂ ਇਹ ਨਵੀਂਆਂ ਕਸੌਟੀਆਂ ਘੜੀਆਂ ਜਾ ਰਹੀਆਂ ਹਨ, ‘ਤਿਰੰਗਾ ਯਾਤਰਾ’ ਵਰਗੇ ਢਕੌਂਸਲਿਆਂ ਨਾਲ ਜਨਤਾ ਦਾ ਧਿਆਨ ਹੋਰ ਥਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਾਰੇ ਮਾਹੌਲ ਵਿਚ ਇਸ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰਾਸ਼ਟਰ ਪ੍ਰੇਮੀ ਸਿਰਫ਼ ਉਹ ਹੈ ਜੋ ਸੰਘ, ਭਾਜਪਾ ਅਤੇ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ ਵਰਗੀਆਂ ਉਸਦੀਆਂ ਹੇਠਲੀਆਂ ਇਕਾਈਆਂ ਦੀ ਵਿਚਾਰਧਾਰਾ ਦਾ ਧਾਰਨੀ ਹੈ। ਅਤੇ ਨਾਲ ਹੀ ਇਹ ਭੰਬਲਭੂਸਾ ਪਾਇਆ ਜਾ ਰਿਹਾ ਹੈ ਕਿ ਵੇਲੇ ਦੀ ਸਰਕਾਰ ਦੀ ਕਿਸੇ ਵੀ ਕਿਸਮ ਦੀ ਆਲੋਚਨਾ ਕਰਨਾ ‘ਰਾਜ-ਧਰੋਹ’ ਹੈ। ਸ਼ੁਰੂ ਸ਼ੁਰੂ ਵਿਚ ਪਰਧਾਨ ਮੰਤਰੀ ਮੋਦੀ ਦੀ ਆਲੋਚਨਾ ਕਰਨ ਵਾਲੇ ਉੱਤੇ ਸੰਘ-ਪਰਵਾਰੀਏ ‘ਰਾਜ-ਧਰੋਹ’ ਦੇ ਖੁਰ ਚੁੱਕ ਕੇ ਪੈ ਜਾਂਦੇ ਸਨਪਰ ਹੁਣ ਕਿਸੇ ਵੀ ਲੀਡਰ ਜਾਂ ਮੰਤਰੀ ਦੇ ਬਿਆਨ ਦੀ ਆਲੋਚਨਾ ਨੂੰ ‘ਰਾਜ-ਧਰੋਹ’ ਗਰਦਾਨਿਆ ਜਾ ਰਿਹਾ ਹੈ।

ਪਿਛਲੇ ਵਰ੍ਹੇ ਜਿਸ ਵਾਤਾਵਰਣ ਨੂੰ ‘ਅਸਹਿਣਸ਼ੀਲਤਾ’ ਦਾ ਮਾਹੌਲ ਦੱਸਦਿਆਂ ਸਾਹਿਤਕਾਰਾਂ ਅਤੇ ਕਲਾਕਾਰਾਂ ਨੇ ਆਪਣੇ ਇਨਾਮ ਮੋੜਨੇ ਸ਼ੁਰੂ ਕੀਤੇ ਸਨ, ਉਹ ਹੁਣ ਸਾਡੇ ਮੁਲਕ ਦੀ ਫਿਜ਼ਾ ਵਿਚ ਚੰਗੀ ਤਰ੍ਹਾਂ ਬਿਠਾ ਦਿੱਤਾ ਗਿਆ ਹੈ। ਘੱਟਗਿਣਤੀਆਂ ਉੱਤੇ ਹਮਲਿਆਂ ਦੇ ਭੈਅ ਦੀ ਤਲਵਾਰ, ਦਲਿਤਾਂ ਉੱਤੇ ਅਤਿਆਚਾਰ ਅਤੇ ਹਰ ਸਰਕਾਰ-ਆਲੋਚਕ ਵਿਚਾਰਧਾਰਾ (ਮਾਓਵਾਦੀਆਂ ਵਰਗੇ ਸਿਰੇ ਦੇ ਖੱਬੇਪੱਖੀਆਂ ਤੋਂ ਲੈ ‘ਅਮਨੈਸਟੀ ਇੰਟਰਨੈਸ਼ਨਲ’ ਵਰਗੇ ਪੱਛਮ-ਪ੍ਰਸਤ ਸੰਸਥਾਨਾਂ ਤਕ) ਨੂੰ ਦਬਾਉਣ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ।. ਸ਼ਾਇਦ ਸਰਕਾਰ ਦਾ ਪੈਂਤੜਾ ਹੀ ਇਹੋ ਹੈ ਕਿ ਅਜਿਹੇ ਹਮਲਿਆਂ ਨੂੰ ਲਗਾਤਾਰ ਅਤੇ ਤਾਬੜਤੋੜ ਜਾਰੀ ਰੱਖਿਆ ਜਾਵੇ ਤਾਂ ਜੋ ਹੌਲੀ ਹੌਲੀ ਲੋਕਾਂ ਨੂੰ ਇਹ ਸਭ ਆਮ ਵਰਤਾਰਾ ਹੀ ਜਾਪਣ ਲੱਗ ਪਵੇ ਅਤੇ ਉਹ ਅਖਬਾਰਾਂ ਵਿਚ ਬਲਾਤਕਾਰ ਜਾਂ ਚੋਰੀ/ਕਤਲਾਂ ਦੀਆਂ ਰੋਜ਼ ਛਪਣ ਵਾਲੀਆਂ ਖਬਰਾਂ ਵਾਂਗ ਇਨ੍ਹਾਂ ਗੱਲਾਂ ਨੂੰ ਵੀ ਹੋਊ-ਪਰੇ ਕਰ ਦਿਆ ਕਰਨਇੱਕੋ ਵੇਲੇ ਕਈ ਸੁਰਾਂ ਵਿਚ ਬੋਲ ਕੇ ਭੰਬਲਭੂਸਾ ਪਾਈ ਰੱਖਣ ਵਾਲੀ ਸਾਡੀ ਸਰਕਾਰ ਦਾ ਉਪਰਾਲਾ ਹੈ ਕਿ ‘ਰਾਸ਼ਟਰ-ਪ੍ਰੇਮ’ ਦੇ ਨਵੇਂ ਪੈਮਾਨੇ ਸਿਰਜ ਕੇ ਜਨਤਾ ਅੰਦਰਲੀ ਸੰਵੇਦਨਸ਼ੀਲਤਾ ਜਾਂ ਰੋਹ-ਭਾਵਨਾ ਹੀ ਖੁੰਢੀ ਕਰ ਦਿੱਤੀ ਜਾਵੇ।

ਆਪਣੀ ਇਸ ਯੋਜਨਾ ਵਿਚ ਸਰਕਾਰ ਕਿੰਨੀ ਕੁ ਕਾਮਯਾਬ ਹੁੰਦੀ ਹੈ ਇਹ ਉਸਦੀ ਦੋਗਲੀ ਚਤਰਾਈ ਅਤੇ ਜਬਰ ਉੱਤੇ ਨਿਰਭਰ ਹੈ। ਭਾਰਤ ਦੇ ਬਹੁ-ਧਰਮੀ ਅਤੇ ਬਹੁ-ਰੰਗੇ ਖਾਸੇ ਨੂੰ ਬਚਾ ਕੇ ਰੱਖਣ ਵਿਚ ਅਸੀਂ ਕਿੰਨੇ ਕੁ ਸਫ਼ਲ ਹੁੰਦੇ ਹਾਂ, ਇਹ ਸਾਡੇ ਸਿਰੜ ਅਤੇ ਸੰਘਰਸ਼ ਦਾ ਇਮਤਿਹਾਨ ਹੈ।

*****

(412)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸੁਕੀਰਤ

ਸੁਕੀਰਤ

Jalandhar, Punjab, India.
Email: (sukirat.anand@gmail.com)

More articles from this author