Sukirat7ਫ਼ਾਸ਼ਿਜ਼ਮ ਦੀ ਜਿੱਤ ਤਾਂ ਹੀ ਹੋ ਸਕਦੀ ਹੈ ਜੇ ਅਸੀਂ ਡਰਨਾ ਸ਼ੁਰੂ ਕਰ ਦੇਈਏ। ਸੋਡਰਨਾ ਅਸੀਂ ਬਿਲਕੁਲ ਨਹੀਂ ...
(ਅਪਰੈਲ 11, 2016)

 


UmarAnirban2ਅੱਜ
23 ਮਾਰਚ ਦਾ ਦਿਨ ਹੈ। ਮੈਂ ਜਵਾਹਰ ਲਾਲ ਨਹਿਰੂ ਯੂਨੀਵਰਸਟੀ ਦੇ ਸਮਾਜਕ ਵਿਗਿਆਨ ਵਿਭਾਗ ਦੇ ਬਾਹਰ ਪੌੜੀਆਂ ਵਿਚ ਬੈਠਾ ਉਮਰ ਖਾਲਿਦ ਅਤੇ ਅਨਿਰਬਾਨ ਨੂੰ ਉਡੀਕ ਰਿਹਾ ਹਾਂ। ਉਹ ਮੈਨੂੰ ਨਹੀਂ ਪਛਾਣਦੇ, ਪਰ ਅਜੇ 5 ਦਿਨ ਪਹਿਲਾਂ ਹੀ ਜ਼ਮਾਨਤ ਉੱਤੇ ਰਿਹਾ ਹੋ ਕੇ ਆਏ ਇਨ੍ਹਾਂ ਵਿਦਿਆਰਥੀਆਂ ਨੂੰ ਹੁਣ ਕੌਣ ਨਹੀਂ ਪਛਾਣਦਾ, ਜਿਨ੍ਹਾਂ ਨੂੰ ਦੇਸ਼-ਧਰੋਹੀਦੇ ਲਕਬ ਨਾਲ ਪਿਛਲੇ ਕਈ ਦਿਨਾਂ ਤੋਂ ਟੀ.ਵੀ. ਦੇ ਕੁਝ ਚੈਨਲਾਂ ਨੇ ਸਨਸਨੀਖੇਜ਼ ਅਪਰਾਧੀਆਂ ਵਾਂਗ ਪੇਸ਼ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਉਮਰ ਖਾਲਿਦ ਅਤੇ ਅਨਿਰਬਾਨ ਦੇ ਨਾਂਅ ਸਾਡੇ ਕੰਨੀਂ ਕਦੇ ਵੀ ਨਾ ਪੈਂਦੇਜੇਕਰ ਜਵਾਹਰ ਲਾਲ ਨਹਿਰੂ ਯੂਨੀਵਰਸਟੀ ਦੇ ਕੈਂਪਸ ਅੰਦਰ ਫਰਵਰੀ ਨੂੰ ਵਾਪਰੀ ਇਕ ਘਟਨਾ ਨੂੰ ਇਸ ਦੇਸ ਦੀ ਸਰਕਾਰ ਨੇ ਹਊਆ ਬਣਾ ਕੇ ਪੇਸ਼ ਕਰਨ ਲਈ ਪੂਰਾ ਟਿੱਲ ਨਾ ਲਾਇਆ ਹੁੰਦਾ। ਇਹ ਸਾਬਤ ਕਰਨ ਦੀ ਕੋਸ਼ਿਸ਼ ਨਾ ਕੀਤੀ ਹੁੰਦੀ ਕਿ ਭਾਰਤ ਦੀ ਆਜ਼ਾਦੀ ਹੀ ਕਿਸੇ ਡੂੰਘੇ ਖਤਰੇ ਵਿਚ ਪੈ ਗਈ ਹੈ ਕਨ੍ਹਈਆ ਕੁਮਾਰ ਨੂੰ ਫੜ ਲੈਣ ਤੋਂ ਬਾਅਦ ਜਦੋਂ ਸਰਕਾਰ ਨੂੰ ਆਪਣੀ ਇਸ ਕਰਤੂਤ ਨੂੰ ਵਾਜਬ ਸਿੱਧ ਕਰਨ ਲਈ ਸਬੂਤ ਘੜਨੇ ਪਏ, ਤਾਂ ਸਭ ਤੋਂ ਪਹਿਲਾਂ ਉਮਰ ਖਾਲਿਦ ਦਾ ਹੀ ਨਾਂਅ ਵਰਤਿਆ ਗਿਆ। ਸਾਡੇ ਗ੍ਰਹਿ-ਮੰਤਰੀ ਦੀ ਟਵੀਟ ਮੁਤਾਬਕ ਉਹ ਦਹਿਸ਼ਤਗਰਦ ਹਾਫ਼ਿਜ਼ ਸਈਦ ਦਾ ਸਿਪਾਹੀ ਹੈ, ਜੈਸ਼-ਏ-ਮੁਹੰਮਦ ਦਾ ਸਰਗਣਾ ਹੈ, ਕਸ਼ਮੀਰੀ ਮੁਸਲਮਾਨ ਹੈ, ਜੋ ਕਸ਼ਮੀਰ ਦੀ ਆਜ਼ਾਦੀ ਮੰਗਦੇ ਦਹਿਸ਼ਤਗਰਦਾਂ ਦਾ ਆਗੂ ਹੈ। ਕੇਂਦਰੀ ਗ੍ਰਹਿ ਮੰਤਰੀ ਤੋਂ ਲੈ ਕੇ ਟੀ.ਵੀ. ਦੇ ਵੱਡੇ ਵੱਡੇ ਚੈਨਲਾਂ ਤਕ ਨੇ ਹਵਾਈ ਝੂਠਾਂ ਅਤੇ ਤੁਹਮਤਾਂ ਦੀ ਅਜਿਹੀ ਬੌਛਾਰ ਸ਼ੁਰੂ ਕੀਤੀ ਕਿ ਸ਼ੁਰੂ ਦੇ ਦਿਨਾਂ ਵਿਚ ਸੱਚ-ਝੂਠ ਦਾ ਨਿਖੇੜਾ ਕਰਨਾ ਹੀ ਸੰਭਵ ਨਾ ਰਿਹਾ। ਪਰ ਹੌਲੀ ਹੌਲੀ ਕੂੜ ਨੇ ਤਾਂ ਨਿਖੁੱਟਣਾ ਹੀ ਸੀ: ਉਮਰ ਦੀ ਅਧਿਆਪਕ ਸੰਗੀਤਾ ਦਾਸਗੁਪਤਾ, ਅਨਿਰਬਾਨ ਦੀ ਅਧਿਆਪਕ ਤਨਿਕਾ ਸਰਕਾਰ, ਦਿੱਲੀ ਵਿਸ਼ਵਵਿਦਿਆਲੇ ਦੇ ਪ੍ਰੋ. ਅਪੂਰਵਾਨੰਦ ਅਤੇ ਹੁਣ ਬਾਲੀਵੁੱਡ ਪਰ ਪਹਿਲੋਂ ਜੇ.ਐਨ.ਯੂ. ਨਾਲ ਜੁੜੀ ਰਹੀ ਅਦਾਕਾਰ ਸਵਰਾ ਭਾਸਕਰ ਦੇ ਲੇਖਾਂ ਰਾਹੀਂ ਓੜਕ ਸੱਚ ਸਾਹਮਣੇ ਆਉਣਾ ਸ਼ੁਰੂ ਹੋਇਆ। ਪਰ ਉਦੋਂ ਤਕ ਉਮਰ ਖਾਲਿਦ ਅਤੇ ਅਨਿਰਬਾਨ ਆਤਮ-ਸਮਰਪਣਕਰ ਚੁੱਕੇ ਸਨ। ਉਹ 18 ਮਾਰਚ ਨੂੰ ਜ਼ਮਾਨਤ ਤੇ ਰਿਹਾ ਹੋ ਕੇ ਆਏ ਤਾਂ ਰਿਹਾਈ ਉਪਰੰਤ ਕੀਤੀਆਂ ਉਨ੍ਹਾਂ ਦੀਆਂ ਤਕਰੀਰਾਂ ਸੁਣਨ ਨੂੰ ਮਿਲੀਆਂ। 13 ਮਾਰਚ ਨੂੰ ਕਨ੍ਹਈਆ ਕੁਮਾਰ ਨਾਲ ਮੁਲਾਕਾਤ ਕਰਨ ਸਮੇਂ ਉਸਦੀ ਜ਼ਹੀਨ-ਬੁੱਧ ਅਤੇ ਸਪਸ਼ਟ-ਪੜਚੋਲਣੀ ਨੇ ਮੈਨੂੰ ਬਹੁਤ ਪ੍ਰਭਾਵਤ ਕੀਤਾ ਸੀ। ਇਨ੍ਹਾਂ ਮੁੰਡਿਆਂ ਦੀਆਂ ਤਕਰੀਰਾਂ ਸੁਣ ਕੇ ਠਾਣ ਲਈ ਕਿ ਇਨ੍ਹਾਂ ਨੂੰ ਵੀ ਜ਼ਰੂਰ ਮਿਲਣਾ ਹੈ ਅਤੇ ਗੱਲਬਾਤ ਕਰਨੀ ਹੈ।

ਸੋ, ਹੁਣ ਮੈਂ ਮਿੱਥੇ ਸਮੇਂ ਅਤੇ ਥਾਂ ਉੱਤੇ ਉਨ੍ਹਾਂ ਨੂੰ ਉਡੀਕ ਰਿਹਾ ਹਾਂ। ਪਹਿਲੋਂ ਉਮਰ ਆਉਂਦਾ ਦਿਸਦਾ ਹੈ, ਗਲ਼ ਵਿਚ ਪਰਨਾ-ਨੁਮਾ ਸ਼ਾਲ ਵਲ੍ਹੇਟੀ, ਜਿਸ ਦੀ ਮੌਸਮ ਮੁਤਾਬਕ ਤਾਂ ਹੁਣ ਲੋੜ ਨਹੀਂ ਰਹੀ, ਪਰ ਸ਼ਾਇਦ ਉਮਰ ਦੇ ਪਹਿਰਾਵੇ ਦੀ ਨਿਸ਼ਾਨੀ ਹੀ ਬਣ ਚੁੱਕੀ ਹੈ। ਮੈਂ ਉੱਠ ਕੇ ਮਿਲਦਾ ਅਤੇ ਆਪਣਾ ਤੁਆਰਫ਼ ਕਰਾਉਂਦਾ ਹਾਂ। ਅਨਿਰਬਾਨ ਵੀ 10 ਕੁ ਮਿੰਟ ਵਿਚ ਪਹੁੰਚ ਰਿਹਾ ਹੈ।ਉਹ ਦੱਸਦਾ ਹੈ ਅਤੇ ਅਸੀਂ ਉਡੀਕ ਵਿਚ ਮੁੜ ਉਨ੍ਹਾਂ ਹੀ ਪੌੜੀਆਂ ਤੇ ਬਹਿ ਜਾਂਦੇ ਹਾਂ। ...

ਇੱਥੇ ਬਾਹਰੀ ਸ਼ੋਰ ਹੈ। ਕੰਧਾਂ ਉੱਤੇ ਵੱਖੋ-ਵੱਖ ਵਦਿਆਰਥੀ ਯੂਨੀਅਨਾਂ ਦੇ ਨੁਮਾਇੰਦੇ ਪੋਸਟਰ ਚੇਪਣ ਆ ਜਾ ਰਹੇ ਹਨ। ਇਹ ਸਭ ਦੇਖਣ ਨੂੰ ਦਿਲਚਸਪ ਹੈ ਪਰ ਟੇਪਬੰਦ ਮੁਲਾਕਾਤ ਵਿਚ ਵਿਘਨ ਪਾਵੇਗਾ। ਸੋ ਅਨਿਰਬਾਨ ਦੇ ਆਉਣ ਮਗਰੋਂ, ਅਸੀਂ ਉੱਠ ਕੇ ਇਮਾਰਤ ਦੇ ਅੰਦਰ ਚਲੇ ਜਾਂਦੇ ਹਾਂ। ਦੂਜੀ ਜਾਂ ਤੀਜੀ ਮੰਜ਼ਲ ਉੱਤੇ ਕਾਰੀਡੋਰ ਵਿਚ ਹੀ ਢੋਹ ਲਾ ਕੇ ਬਹਿ ਜਾਂਦੇ ਹਾਂ। ਇੱਥੇ ਸ਼ਾਇਦ ਅਧਿਆਪਕਾਂ ਦੇ ਦਫਤਰ ਹਨ, ਸੋ ਆਵਾਜਾਈ ਕੋਈ ਨਹੀਂ।

ਮੈਂ ਉਮਰ ਖਾਲਿਦ ਅਤੇ ਅਨਿਰਬਾਨ ਨੂੰ ਵਾਰੋ-ਵਾਰ ਆਪਣੇ ਪਿਛੋਕੜ ਬਾਰੇ ਦੱਸਣ ਲਈ ਆਖਦਾ ਹਾਂ। ਪਹਿਲ ਉਮਰ ਤੋਂ ਕਰਦਾ ਹਾਂ ਕਿਉਂਕਿ ਭੰਬਲਭੂਸਾ ਸਭ ਤੋਂ ਵੱਧ ਉਸੇ ਬਾਰੇ ਪਾਇਆ ਗਿਆ ਹੈ।

ਉਮਰ ਦੱਸਦਾ ਹੈ ਕਿ ਉਸਦੇ ਪਿਤਾ ਦਾ ਪਰਵਾਰ ਮਹਾਰਾਸ਼ਟਰ ਤੋਂ ਹੈ,ਭਾਵੇਂ ਉਸਦਾ ਆਪਣਾ ਜਨਮ ਦਿੱਲੀ ਵਿਚ ਹੋਇਆ। ਬਚਪਨ ਨਾਗਪੁਰ ਅਤੇ ਦਿੱਲੀ ਦੇ ਵੱਖੋ ਵੱਖ ਸਕੂਲਾਂ ਵਿਚ ਪੜ੍ਹਦਿਆਂ ਗੁਜ਼ਰਿਆ ਅਤੇ ਬੀ.ਏ. ਦਿੱਲੀ ਯੂਨੀਵਰਸਟੀ ਤੋਂ ਕੀਤੀ। ਐਮ ਏ ਲਈ ਜੇ. ਐਨ.ਯੂ. ਅਇਆ,ਇੱਥੋਂ ਹੀ ਐਮ.ਫਿਲ. ਕੀਤੀ ਅਤੇ ਹੁਣ ਇਤਿਹਾਸ ਅਧਿਐਨ ਕੇਂਦਰ ਵਿਚ ਡਾ. ਸੰਗੀਤਾ ਦਾਸਗੁਪਤਾ ਦੀ ਨਿਗਰਾਨੀ ਹੇਠ ਆਦਿਵਾਸੀਆਂ ਉੱਤੇ ਪੀਐਚ.ਡੀ. ਕਰ ਰਿਹਾ ਹੈ। ਉਸਦੇ ਪਿਤਾ ਪੱਤਰਕਾਰ ਹਨ ਅਤੇ ਉਰਦੂ ਦਾ ਇਕ ਰਿਸਾਲਾ ਕੱਢਦੇ ਹਨ। ਘਰ ਵਿਚ ਉਹ ਸਭ ਤੋਂ ਵੱਡਾ ਹੈ, ਬਾਕੀ ਭੈਣਾਂ ਹਨ, ਜਿਨ੍ਹਾਂ ਵਿੱਚੋਂ ਇਕ ਅਮਰੀਕਾ ਵਿਚ ਪੜ੍ਹ ਰਹੀ ਹੈ।

? ਡਾ. ਸੰਗੀਤਾ ਦਾਸਗੁਪਤਾ ਨੇ ਤੇਰੇ ਬਾਰੇ ਆਪਣੇ ਲੇਖ ਵਿਚ ਜ਼ਿਕਰ ਕੀਤਾ ਹੈ ਕਿ ਤੂੰ ਯੇਲ (ਅਮਰੀਕਾ ਦੀਆਂ ਬਿਹਤਰੀਨ ਯੂਨੀਵਰਸਟੀਆਂ ਵਿੱਚੋਂ ਇਕ) ਜਾਣ ਤੋਂ ਨਾਂਹ ਕਰ ਦਿੱਤੀ ਸੀ। ਕਾਰਣ?

: ਉਹ ਚਾਹੁੰਦੇ ਸਨ ਕਿ ਮੈਂ ਜਾਵਾਂ, ਪਰ ਮੈਂ ਉੱਥੇ ਜਾ ਕੇ ਕੀ ਕਰ ਸਕਦਾ ਸਾਂ! ਮੇਰੀ ਖੋਜ ਦਾ ਵਿਸ਼ਾ ਇੱਥੇ ਹੈ। ਮੈਂ ਵਿਦਿਆਰਥੀ ਹਾਂ, ਅਕਾਦਮਿਕ ਤੌਰ ’ਤੇ ਚੰਗਾ ਕੰਮ ਕਰਨਾ ਚਾਹੁੰਦਾ ਹਾਂ। ਪਰ ਮੇਰੇ ਸਿਆਸੀ ਖਿਆਲ ਅਤੇ ਅਕਾਦਮਿਕ ਝੁਕਾ ਆਪਸ ਵਿਚ ਜੁੜੇ ਹੋਏ ਹਨ। ਮੇਰਾ ਸਿਆਸੀ ਨਜ਼ਰੀਆ ਮੇਰੀ ਖੋਜ ਨਾਲ ਬੱਝਾ ਹੋਇਆ ਹੈ। ਮੈਂ ਆਪਣੇ ਦੇਸ ਦੇ ਆਦਿਵਾਸੀਆਂ ਨੂੰ ਕਾਰਜ-ਖੇਤਰ ਵਜੋਂ ਚੁਣਿਆ ਹੈ, ਸੋ ਮੇਰੀ ਖੋਜ ਅਤੇ ਅਧਿਐਨ ਦਾ ਧਰਾਤਲ ਵੀ ਇੱਥੇ ਹੈ। ਇਸੇ ਕਾਰਨ ਮੈਂ ਬਾਹਰ ਜਾਣ ਤੋਂ ਨਾਂਹ ਕਰ ਦਿੱਤੀ। ਪਰ ਇਸਦਾ ਇਹ ਮਤਲਬ ਨਹੀਂ ਕਿ ਮੈਂ ਕੋਈ ਕੁਰਬਾਨੀ ਦਿੱਤੀ; ਇਹ ਤਾਂ ਮੇਰੀ ਆਪਣੀ ਚੋਣ ਹੈ। ਨਾ ਹੀ ਮੈਂ ਉਨ੍ਹਾਂ ਲੋਕਾਂ ਨੂੰ ਮਾੜਾ ਸਮਝਦਾ ਹਾਂ,ਜੋ ਬਾਹਰ ਜਾ ਕੇ ਪੜ੍ਹਦੇ ਹਨ। ਇਹ ਉਨ੍ਹਾਂ ਦੀ ਚੋਣ ਹੈ।

(ਮੈਂ ਉਮਰ ਦੀਆਂ ਗੱਲਾਂ ਸੁਣਦਿਆਂ ਸੋਚ ਰਿਹਾ ਸਾਂ ਕਿ ਇਹ ਮੁੰਡਾ ਜਿਸ ਨੂੰ ਰਾਸ਼ਟਰ-ਧਰੋਹੀਤੇ ਪਤਾ ਨਹੀਂ ਹੋਰ ਕੀ ਕੀ ਗਰਦਾਨਿਆ ਜਾ ਰਿਹਾ ਹੈ, ਮੌਕਾ ਮਿਲਣ ’ਤੇ ਵੀ ਅਮਰੀਕਾ ਨਹੀਂ ਜਾਂਦਾ ਜਦੋਂ ਕਿ ਬਹੁਤੇ ਰਾਸ਼ਟਰ-ਪ੍ਰੇਮੀਆਪਣੇ ਬੱਚਿਆਂ ਨੂੰ ਉੱਥੇ ਸੈੱਟ ਕਰਨ ਦਾ ਕੋਈ ਮੌਕਾ ਨਹੀਂ ਖੁੰਝਾਉਂਦੇ।)

ਹੁਣ ਵਾਰੀ ਅਨਿਰਬਾਨ ਦੀ ਹੈ ਜਿਸ ਨੂੰ ਉਮਰ ਸਿਰਫ਼ ਬਾਨ ਕਹਿ ਕੇ ਬੁਲਾਉਂਦਾ ਹੈ। ਉਸਦੇ ਮਾਪੇ ਬੰਗਾਲੀ ਹਨ, ਪਰ ਬਨਾਰਸ ਰਹਿੰਦੇ ਹੁੰਦੇ ਸਨ। ਪਿਤਾ ਪ੍ਰੋਫ਼ੈਸਰ ਹਨ, ਅਤੇ ਇਤਫ਼ਾਕਨ ਉਨ੍ਹਾਂ ਦੀਆਂ ਸਾਰੀਆਂ ਬਦਲੀਆਂ ਹੌਲੀ ਹੌਲੀ ਕੋਲਕਤਾ ਦੀ ਦਿਸ਼ਾ ਵੱਲ ਹੁੰਦੀਆਂ ਗਈਆਂ। 4-5 ਬਦਲੀਆਂ ਮਗਰੋਂ ਹੁਣ ਉਹ ਕੋਲਕਤਾ ਸ਼ਹਿਰ ਦੀਆਂ ਬਰੂਹਾਂ ਉੱਤੇ ਦਮਦਮ ਵਿਖੇ ਆਣ ਵੱਸੇ ਹਨ। ਇਸੇ ਦੌਰਾਨ ਉਸਦਾ ਆਪਣਾ ਜਨਮ ਕੂਚ ਬਿਹਾਰ (ਉੱਤਰੀ ਬੰਗਾਲ) ਵਿਚ ਹੋਇਆ ਅਤੇ 12 ਸਾਲ ਦੀ ਸਕੂਲੀ ਪੜ੍ਹਾਈ ਦੌਰਾਨ ਉਸਨੇ 4-5 ਸਕੂਲ ਦੇਖੇ ਹੋਣਗੇ। ਇਕ ਤਾਂ ਇਨ੍ਹਾਂ ਵਰ੍ਹਿਆਂ ਵਿਚ ਉਸਦੇ ਮਾਪੇ ਇਕ ਥਾਂ ਟਿਕ ਕੇ ਨਹੀਂ ਸਨ ਰਹੇ, ਅਤੇ ਦੂਜੇ ਉਹ ਇਹ ਵੀ ਫੈਸਲਾ ਵੀ ਨਹੀਂ ਸਨ ਕਰ ਸਕ ਰਹੇ ਕਿ ਬੱਚੇ ਦੇ ਸਕੂਲ ਦਾ ਮਾਧਿਅਮ ਬੰਗਾਲੀ ਹੋਵੇ ਜਾਂ ਅੰਗਰੇਜ਼ੀ। ਪਰ 12ਵੀਂ ਤੋਂ ਮਗਰੋਂ ਉਹ ਦਿੱਲੀ ਹੀ ਪੜ੍ਹਦਾ ਰਿਹਾ ਹੈ, ਪਹਿਲੋਂ ਸੇਂਟ ਸਟੀਵਨਜ਼ ਕਾਲਜ ਵਿਚ ਤੇ ਹੁਣ ਜੇ. ਐਨ.ਯੂ. ਵਿਚ ਪੀਐਚ.ਡੀ. ਕਰ ਰਿਹਾ ਹੈ। ਇਕ ਭਰਾ ਹੈ ਜੋ ਸੱਤ ਵਰ੍ਹੇ ਵੱਡਾ ਹੈ, ਅਤੇ ਇਕ ਉਸ ਤੋਂ ਛੋਟੀ ਭੈਣ ਹੈ।

ਸਹਿਜ-ਪ੍ਰਗਟਾਵੇ ਦੀ ਮੁਹਾਰਤ ਵਾਲੇ ਉਮਰ ਦੇ ਸਾਹਮਣੇ ਬਾਨ ਕੁਝ ਚੁੱਪੂ, ਕੁਝ ਝਿਜਕੂ ਜਿਹਾ ਜਾਪਦਾ ਹੈ। ਸ਼ਾਇਦ ਮੇਰਾ ਆਪਣਾ ਧਿਆਨ ਵੀ ਉਮਰ ਵਲ ਕੁਝ ਵਧੇਰੇ ਹੈ। ਬਾਨ ਨੂੰ ਥੋੜ੍ਹਾ ਹੋਰ ਸਹਿਜ ਕਰਨ ਲਈ ਪੁੱਛਦਾ ਹਾਂ:

? ਵੈਸੇ ਬੰਗਾਲੀਆਂ ਬਾਰੇ ਆਮ ਧਾਰਨਾ ਤਾਂ ਇਹੋ ਹੈ ਕਿ ਉਹ ਸਾਰੇ ਹੀ ਬੜੇ ਸਿਆਸੀ ਹੁੰਦੇ ਹਨ, ਪਰ ਫੇਰ ਵੀ ਪੁੱਛ ਰਿਹਾ ਹਾਂ ਕਿ ਕੀ ਤੇਰਾ ਪਰਵਾਰ ਵੀ ਸਿਆਸੀ ਝੁਕਾ ਰੱਖਦਾ ਹੈ?

: ਕੋਈ ਬਹੁਤਾ ਸਿਆਸੀ ਤਾਂ ਨਹੀਂ, ਫੇਰ ਵੀ ਕਾਲਜ ਦੇ ਸਮੇਂ ਤੋਂ ਹੀ ਮੇਰੇ ਪਿਤਾ ਦਾ ਝੁਕਾ ਖੱਬੇ ਪੱਖੀ ਸਿਆਸਤ ਵਲ ਰਿਹਾ। ਪਰ ਜਦੋਂ ਮੈਂ 10-12ਵੀਂ ਜਮਾਤ ਤਕ ਅੱਪੜਿਆ ਤਾਂ ਘਰ ਵਿਚ ਬਹਿਸਾਂ ਆਦਿ ਹੋਣ ਲੱਗ ਪਈਆਂ, ਸੋ ਘਰ ਦਾ ਮਾਹੌਲ ਵਧੇਰੇ ਸਿਆਸੀ ਹੋਣਾ ਸ਼ੁਰੂ ਹੋ ਗਿਆ। ਆਪਣੇ ਪਿਤਾ ਨਾਲ ਮੈਂ ਇਕ ਲੰਮਾ ਪੰਧ ਤੈਅ ਕੀਤਾ ਹੈ ਮੇਰੇ ਅੰਦਰ ਖੱਬੇ-ਪੱਖੀ ਸਿਆਸੀ ਝੁਕਾ ਦਾ ਮੁੱਢ ਉਨ੍ਹਾਂ ਬਦੌਲਤ ਬੱਝਾ ਸੀ, ਪਰ ਹੌਲੀ ਹੌਲੀ ਉਨ੍ਹਾਂ ਵੀ ਮੇਰੇ ਕੋਲੋਂ ਕਈ ਕੁਝ ਗ੍ਰਹਿਣ ਕੀਤਾ ਅਤੇ ਆਪਣੀਆਂ ਪੁਜ਼ੀਸ਼ਨਾਂ ਨੂੰ ਕਈ ਵੇਰ ਬਦਲਿਆ ਵੀ।

? ਯਾਨੀ ਤੂੰ ਆਪਣੇ ਪਿਤਾ ਨਾਲੋਂ ਵਧੇਰੇ ਗੂੜ੍ਹੇ ਲਾਲ ਰੰਗ ਦਾ ਹੈ?

: ਹਾਂ, ਮੈਨੂੰ ਇੰਜ ਹੀ ਜਾਪਦਾ ਹੈ। ਪਰ ਸਾਡੇ ਇਸ ਦਵੰਦਾਤਮਕ ਸਬੰਧ ਕਾਰਨ, ਮੇਰੇ ਖਿਆਲ ਵਿਚ ਉਨ੍ਹਾਂ ਦੀ ਸਿਆਸੀ ਭਾਹ ਵੀ ਵਧੇਰੇ ਗੂੜ੍ਹੀ ਰੰਗੀ ਗਈ ਹੈ।

? ਹਾਲੀਆ ਘਟਨਾਵਾਂ ਕਾਰਨ ਤੇਰੇ ਪਰਿਵਾਰ ਉੱਤੇ ਕੀ ਬੀਤੀ? ਤੁਹਾਡੇ ਦੇਸ਼-ਧਰੋਹੀਗਰਦਾਨੇ ਜਾਣ ਕਾਰਨ ਉਨ੍ਹਾਂ ਨੂੰ ਵੀ ਸਮਾਜਕ ਤੌਰ ਉੱਤੇ ਛੇਕਿਆ ਗਿਆ? ਤ੍ਰਿਸਕਾਰ ਨਾਲ ਸਿੱਝਣਾ ਪਿਆ? ਉਮਰ ਨੂੰ ਮੈਂ ਇਸ ਲਈ ਨਹੀਂ ਪੁੱਛ ਰਿਹਾ ਕਿਉਂਕਿ ਮੁਸਲਮਾਨ ਹੋਣ ਕਾਰਨ, ਉਸਦੇ ਪਰਵਾਰ ਨਾਲ ਜੋ ਵਾਪਰਿਆ, ਜਿਸ ਔਖ ਵਿੱਚੋਂ ਉਨ੍ਹਾਂ ਨੂੰ ਲੰਘਣਾ ਪਿਆ, ਉਸਦਾ ਜ਼ਿਕਰ ਅਖਬਾਰਾਂ ਵਿਚ ਹੋਇਆ ਹੈ। ਪਰ ਮੈਂ ਤੇਰੇ ਪਰਵਾਰ ਨਾਲ ਹੋਈ ਵਾਪਰੀ ਬਾਰੇ ਜਾਣਨਾ ਚਾਹੁੰਦਾ ਹਾਂ।

: ਦਰਅਸਲ, ਤੁਹਾਡੇ ਇਸ ਸਵਾਲ ਦਾ ਜਵਾਬ ਦੇਂਦਿਆਂ ਮੈਨੂੰ ਉਮਰ ਬਾਰੇ ਵੀ ਗੱਲ ਕਰਨੀ ਪਵੇਗੀ। ਪਰ ਪਹਿਲੋਂ ਆਪਣੇ ਪਰਵਾਰ ਤੋਂ ਹੀ ਸ਼ੁਰੂ ਕਰਦਾ ਹਾਂ। ਉਨ੍ਹਾਂ ਲਈ ਇਹ ਬੜਾ ਔਖਾ ਸਮਾਂ ਸੀ, ਕਿਸੇ ਵੀ ਪਰਵਾਰ ਲਈ ਇਹ ਬੜਾ ਔਖਾ ਸਮਾਂ ਹੁੰਦਾ ਹੈ, ਭਾਵੇਂ ਉਹ ਸਿਆਸੀ ਹੋਵੇ ਜਾਂ ਨਾ ਹੋਵੇ। ਖਾਸ ਤੌਰ ’ਤੇ ਜਦੋਂ ਏਨੀ ਵੱਡੀ ਪੱਧਰ ਉੱਤੇ ਝੂਠ ਬੋਲਿਆ ਜਾ ਰਹੇ ਹੋਵੇ, ਮੀਡੀਆ ਨੇ ਇੰਨੇ ਦਵੈਤੀ ਢੰਗ ਨਾਲ ਤੁਹਾਨੂੰ ਕਟਹਿਰੇ ਵਿਚ ਲਿਆ ਖੜਿਆਂ ਕੀਤਾ ਹੋਵੇ। ਪਰ, ਇਹ ਹਮਲਾ, ਇਹ ਦੋਸ਼-ਮੜ੍ਹੀ, ਨਿਸ਼ਾਨੇ ਉੱਤੇ ਇੰਜ ਲਿਆਉਣਾ, ਇਹ ਧਮਕੀਆਂਜੇ ਦੇਖਿਆ ਜਾਵੇ ਤਾਂ ਭਾਵੇਂ ਦੋਸ਼ੀ ਸਾਨੂੰ ਇੱਕੋ ਜੁਰਮ ਦੇ ਠਹਿਰਾਇਆ ਜਾ ਰਿਹਾ ਸੀ, ਪਰ ਜੋ ਕੁਝ ਉਮਰ ਦੇ ਪਰਵਾਰ ਨੂੰ ਭੁਗਤਣਾ ਪਿਆ, ਉਹ ਮੇਰੇ ਪਰਵਾਰ ਦੇ ਭੁਗਤੇ ਤੋਂ ਕਿਤੇ ਵੱਧ ਸੀ। ਕਿਉਂਕਿ ਉਨ੍ਹਾਂ ਦਾ ਫ਼ਿਰਕਾ ਕੋਈ ਹੋਰ ਸੀ।

ਜਦੋਂ ਮੈਂ ਪੁਲਸ ਦੀ ਕੈਦ ਵਿਚ ਸਾਂ ਅਤੇ ਮੇਰੇ ਪਿਤਾ ਮੈਨੂੰ ਪਹਿਲੀ ਵੇਰ ਮਿਲਣ ਆਏ ਤਾਂ ਉਹ ਕੰਬ ਗਏ। ਜਾਪਦਾ ਸੀ ਉਨ੍ਹਾਂ ਦਸਾਂ ਦਿਨਾਂ ਨੇ ਉਨ੍ਹਾਂ ਨੂੰ 2-3 ਵਰ੍ਹੇ ਬੁੱਢਿਆਂ ਕਰ ਦਿੱਤਾ ਹੈ। ਉਹ ਮੇਰੇ ਭਰਾ ਨਾਲ ਰਹਿ ਰਹੇ ਸਨ। ਇਹ ਬੜਾ ਮਿੱਤਰਚਾਰੇ ਨਾਲ ਭਰਿਆ ਆਂਢ-ਗੁਆਂਢ ਹੁੰਦਾ ਸੀ; ਪਰ ਇਕ ਕੇਰਲਾ ਤੋਂ ਆਏ ਹੋਏ ਪਰਵਾਰ ਨੂੰ ਛੱਡ ਕੇ ਬਾਕੀ ਸਭ ਨੇ ਉਨ੍ਹਾਂ ਤੋਂ ਵਿਥ ਰੱਖਣੀ ਸ਼ੁਰੂ ਕਰ ਦਿੱਤੀ। ਸਮਾਜ ਵਿੱਚੋਂ ਛੇਕੇ ਜਾਣਾ, ਡਰ ਦਾ ਮਾਹੌਲ, ਅੱਧੀ ਰਾਤ ਨੂੰ ਪੈਣ ਵਾਲੇ ਛਾਪੇ, ਜੋ ਮੇਰੇ ਭਰਾ ਅਤੇ ਚਾਚੇ ਦੇ ਘਰਾਂ ਤੇ ਮਾਰੇ ਗਏ; ਇਸ ਸਭ ਨਾਲ ਸਿੱਝ ਸਕਣਾ ਮੇਰੇ ਪਰਿਵਾਰ ਲਈ ਬਹੁਤ ਔਖਾ ਸੀ। ਪਰ ਉਮਰ ਦੇ ਪਰਵਾਰ ਦੇ ਮਾਮਲੇ ਵਿਚ ਇਹ ਨਿਸ਼ਾਨਦੇਹੀ ਕਿਤੇ ਵੱਧ ਭਿਆਨਕ, ਕਿਤੇ ਵੱਧ ਜ਼ਹਿਰੀਲੀ ਸੀ। ਪਰ, ਇਸ ਗੱਲ ਦਾ ਇਕ ਅਨੋਖਾ ਪਹਿਲੂ ਇਹ ਵੀ ਹੈ ਕਿ ਉਮਰ ਦਾ ਪਰਵਾਰ ਇਸ ਕਿਸਮ ਦੇ ਭੈਭੀਤ ਕਰਨ ਵਾਲੇ ਮਾਹੌਲ ਲਈ ਮੇਰੇ ਪਰਵਾਰ ਨਾਲੋਂ ਬਿਹਤਰ ਤਿਆਰ ਸੀ। ਉਨ੍ਹਾਂ ਨੇ ਮੁਸਲਮਾਨਾਂ ਨਾਲ ਹੁੰਦੇ ਵਿਹਾਰ ਨੂੰ ਦੇਖਿਆ ਹੋਇਆ ਸੀ। ਉਨ੍ਹਾਂ ਨੂੰ ਪਤਾ ਸੀ ਕਿ ਕੀ ਵਾਪਰ ਸਕਦਾ ਹੈ। ਸੋ ਮੇਰੇ ਪਰਿਵਾਰ ਦੇ ਮੁਕਾਬਲੇ ਉਹ ਇਸ ਸਭ ਕਾਸੇ ਨਾਲ ਬਿਹਤਰ ਸਿੱਝ ਸਕੇ। ਮੇਰੇ ਪਰਿਵਾਰ, ਇਕ ਮੱਧ-ਵਰਗੀ, ਬ੍ਰਾਹਮਣ ਪਰਵਾਰ ਨੂੰ ਭਲਾ ਕਿਵੇਂ ਪਤਾ ਹੋ ਸਕਦਾ ਸੀ ਕਿ ਸਮਾਜ ਵਿੱਚੋਂ ਛੇਕੇ ਜਾਣ, ਹਰ ਕਿਸੇ ਵੱਲੋਂ ਸ਼ੱਕ ਦੀ ਨਿਗਾਹ ਨਾਲ ਦੇਖੇ ਜਾਣ ਦੀ ਪੀੜ ਕਿਹੋ ਜਿਹੀ ਹੁੰਦੀ ਹੈ! ਇਹ ਸਭ ਉਨ੍ਹਾਂ ਲਈ ਕਿਆਸੋਂ ਬਾਹਰਾ ਸੀ।

(ਅਨਿਰਬਾਨ ਦੀਆਂ ਇਹ ਗੱਲਾਂ ਸੁਣਦਿਆਂ ਮੈਨੂੰ ਆਪਣੇ ਲਾਏ ਇਕ ਕਿਆਸ ਦਾ ਖਿਆਲ ਆਉਂਦਾ ਹੈ ਜਿਸਦੀ ਹੁਣ ਪੁਸ਼ਟੀ ਹੁੰਦੀ ਜਾਪਦੀ ਹੈ। ਜਦੋਂ ਹੀ ਅਨਿਰਬਾਨ ਅਤੇ ਉਮਰ ਦੇ ਇਕੱਠੇ ਪੇਸ਼ ਹੋਣ ਦੀ ਖਬਰ ਆਈ ਸੀ ਤਾਂ ਮੈਨੂੰ ਜਾਪਿਆ ਸੀ ਕਿ ਇਹ ਸਹੀ ਨਿਰਣਾ ਸੀ। ਭਾਵੇਂ ਨਾਅਰੇਬਾਜ਼ੀ ਦਾ ਦੋਸ਼ ਕੁੱਲ ਅੱਠ ਜਣਿਆਂ ਉੱਤੇ ਮੜ੍ਹਿਆ ਗਿਆ ਸੀ, ਮੁਸਲਮਾਨ ਹੋਣ ਕਾਰਨ ਸਭ ਤੋਂ ਵੱਧ ਦੁਰਕਾਰਿਆ ਉਮਰ ਨੂੰ ਹੀ ਜਾ ਰਿਹਾ ਸੀ। ਇੰਨੇ ਨੂੰ ਕਨ੍ਹਈਆ ਕੁਮਾਰ ਉੱਤੇ ਅਦਾਲਤ ਵਿਚ ਦੋ ਵਾਰ ਹੋਏ ਹਮਲਿਆਂ ਦੀਆਂ ਖਬਰਾਂ ਵੀ ਆ ਚੁੱਕੀਆਂ ਸਨ। ਉਨ੍ਹਾਂ ਹਾਲਤਾਂ ਵਿਚ ਸੋਚ ਕੇ ਹੀ ਭੈਅ ਆਉਂਦਾ ਸੀ ਕਿ ਤਫ਼ਤੀਸ਼ ਸਮੇਂ ਉਮਰ ਨਾਲ ਕਿਹੋ ਜਿਹਾ ਵਿਹਾਰ ਹੋ ਸਕਣ ਦਾ ਖਤਰਾ ਸੀ। ਪਰ ਜਦੋਂ ਦੋਹਾਂ ਦੇ ਇਕੱਠੇ ਪੁਲਸ ਅੱਗੇ ਪੇਸ਼ ਹੋਣ ਦੀ ਖਬਰ ਆਈ ਤਾਂ ਕੁਝ ਤਸੱਲੀ ਜਿਹੀ ਹੋਈ ਕਿ ਇਕ ਤਾਂ ਸਾਥੀ ਦੇ ਨਾਲ ਹੋਣ ਦਾ ਹੌਸਲਾ ਉਮਰ ਨੂੰ ਮਿਲੇਗਾ, ਤੇ ਦੂਜੇ ਅਨਿਰਬਾਨ ਦਾ ਹਿੰਦੂ ਹੋਣਾ ਵੀ ਤਫ਼ਤੀਸ਼ ਸਮੇਂ ਦੇ ਹਾਲਾਤ ਨੂੰ ਕੁਝ ਨਰਮ ਹੀ ਬਣਾਏਗਾ।)

? ਇਕ ਗੱਲ ਪੁੱਛਾਂ, ਉਮਰ ਤੇ ਤੇਰਾ ਇਕੱਠਿਆਂ ਸਰੈਂਡਰ ਕਰਨਾ ਸੋਚ-ਸਮਝ ਕੇ ਪੁੱਟਿਆ ਕਦਮ ਸੀ?

(ਅਨਿਰਬਾਨ ਮੁਸਕਰਾ ਕੇ ਸਿਰ ਇੰਜ ਹਿਲਾਉਂਦਾ ਹੈ, ਕਿ ਮੈਨੂੰ ਹੋਰ ਕੁਝ ਪੁੱਛਣ ਦੀ ਲੋੜ ਹੀ ਨਹੀਂ ਰਹਿੰਦੀ। ਪਰ ਸਾਹਮਣੇ ਬੈਠੇ ਮਾੜਚੂ ਜਿਹੇ ਨੌਜਵਾਨ ਉੱਤੇ ਲਾਡ ਵੀ ਆਉਂਦਾ ਹੈ, ਤੇ ਮਾਣ ਵੀ ਹੁੰਦਾ ਹੈ। ਜਿਨ੍ਹਾਂ ਜ਼ਹਿਰੀ ਹਾਲਾਤ ਵਿਚ ਉਨ੍ਹਾਂ ਨੇ ਆਤਮ-ਸਮਰਪਣ ਕੀਤਾ ਸੀਹੋਣ ਨੂੰ ਕੁਝ ਵੀ ਹੋ ਸਕਦਾ ਹੈ। ਮਾਰ-ਕੁਟਾਈ ਤੋਂ ਲੈ ਕੇ ਹੱਡੀਆਂ ਕੜਕਾਉਣ ਅਤੇ ਤਸੀਹੇ ਦੇਣ ਤੀਕ। ਪਰ ਸਾਥੀ ਦਾ ਸਾਥ ਦੇਣ, ਅਤੇ ਆਪਣੇ ਅਕੀਦੇ ਉੱਤੇ ਪਹਿਰਾ ਦੇਣ ਦੀ ਭਾਵਨਾ ਕੇਡੀ ਕੁ ਪਰਬਲ ਹੋਵੇਗੀ ਕਿ ਅਨਿਰਬਾਨ ਨੇ ਅਜਿਹਾ ਫੈਸਲਾ ਲੈਣ ਵੇਲੇ ਸੋਚਣ ਵਿਚ ਰਤਾ ਵੀ ਢਿੱਲ ਨਾ ਕੀਤੀ।)

ਮੈਂ ਇਕੇਰਾਂ ਫੇਰ ਉਮਰ ਵਲ ਮੁਖਾਤਬ ਹੁੰਦਾ ਹਾਂ। ਉਹ ਧਾਰਮਕ ਪਿਛੋਕੜ ਵਾਲੇ ਮੁਸਲਿਮ ਪਰਵਾਰ ਵਿੱਚੋਂ ਹੈ, ਪਰ ਆਪ ਨਾਸਤਕ ਹੈ। ਜਾਣਨਾ ਚਾਹੁੰਦਾ ਹਾਂ ਇਹ ਮੋੜ ਉਸਨੇ ਕਿਵੇਂ ਕੱਟਿਆ।

ਉਮਰ ਦੱਸਦਾ ਹੈ, “ਸਿਆਸਤ ਵਿਚ ਮੇਰੀ ਦਿਲਚਸਪੀ ਨਿਰੋਲ ਮੁਸਲਿਮ ਦ੍ਰਿਸ਼ਟੀਕੋਣ ਨਾਲ ਸ਼ੁਰੂ ਹੋਈ ਸੀ। 2008 ਵਿਚ ਜਦੋਂ ਸਾਡੀ ਕਾਲੋਨੀ ਜਾਮੀਆ ਨਗਰ ਵਿਚ ਕਥਿਤ ਬਾਟਲਾ ਹਾਊਸ ਐਨਕਾਊਂਟਰ ਹੋਇਆ, ਜਿਸ ਵਿਚ 17 ਤੇ 22 ਸਾਲ ਦੇ ਦੋ ਨੌਜਵਾਨ ਮਾਰੇ ਗਏ; ਇਨ੍ਹਾਂ ਵਿੱਚੋਂ 17 ਸਾਲਾਂ ਵਾਲੇ ਦੀ ਖੋਪੜੀ ਤੇ 5 ਗੋਲੀਆਂ ਦਾਗੀਆਂ ਗਈਆਂ ਸਨ, ਜੋ ਐਨਕਾਊਂਟਰ ਸਮੇਂ ਸੰਭਵ ਨਹੀਂ ਮੈਂ ਪਿਛਲੇ ਡੇਢ ਮਹੀਨੇ ਵਿਚ ਜੇ.ਐਨ.ਯੂ. ਵਿਚ ਦਹਿਸ਼ਤ ਦਾ ਦੌਰ ਦੇਖਿਆ ਹੈ ਪਰ ਜੋ ਕੁਝ ਉਸ ਸਮੇਂ ਜਾਮੀਆ ਨਗਰ ਵਿਚ ਦੇਖਿਆ, ਉਸਦੇ ਸਾਹਵੇਂ ਇਹ ਸਭ ਕੁਝ ਵੀ ਨਹੀਂ। ਲੋਕਾਂ ਨੂੰ ਅਚਾਨਕ ਚੁੱਕ ਕੇ ਲੈ ਜਾਂਦੇ ਸਨ, ਗ੍ਰਿਫ਼ਤਾਰੀਆਂ ਹੋ ਰਹੀਆਂ ਸਨ, ਹਲਾਕ ਮੁੰਡਿਆਂ ਦੇ ਹੱਕ ਵਿਚ, ਜਾਂ ਇਨ੍ਹਾਂ ਗੈਰ-ਕਾਨੂੰਨੀ ਗ੍ਰਿਫ਼ਤਾਰੀਆਂ ਵਿਰੁੱਧ ਸਵਾਲ ਖੜ੍ਹੇ ਕਰਨ ਵਾਲਿਆਂ ਨੂੰ ਤੰਗ ਕਰਦੇ ਸਨ, ਤਫ਼ਤੀਸ਼ ਲਈ ਚੁੱਕ ਖੜਦੇ ਸਨ। ਮੇਰੀ ਉਮਰ ਉਸ ਸਮੇਂ 22 ਸਾਲ ਸੀ, ਅਤੇ ਮੇਰਾ ਪਹਿਲਾ ਪ੍ਰਤੀਕਰਮ ਇਨ੍ਹਾਂ ਮੁਸਲਮਾਨਾਂ ਪ੍ਰਤੀ ਹਮਦਰਦੀ ਦਾ ਸੀ, ਜਿਨ੍ਹਾਂ ਨੂੰ ਇਸ ਤਰ੍ਹਾਂ ਤੰਗ ਕੀਤਾ ਜਾਂਦਾ ਸੀ। ਪਰ ਮੈਂ ਉਸ ਸਮੇਂ ਦਿਲੀ ਵਿਸ਼ਵਿਦਿਆਲੇ ਵਿਚ, ਬੀ ਏ ਦੇ ਤੀਜੇ ਸਾਲ ਦਾ ਵਿਦਿਆਰਥੀ ਸੀਬਹੁਤ ਸਾਰੀਆਂ ਹੋਰ ਜੱਥੇਬੰਦੀਆਂ ਨਾਲ ਵਾਬਸਤਾ ਸਾਂ, ਜਿਨ੍ਹਾਂ ਵਿਚ ਖੱਬੀਆਂ ਜੱਥੇਬੰਦੀਆਂ ਵੀ ਸ਼ਾਮਲ ਸਨ। ਅਤੇ ਉਸ ਦੌਰਾਨ ਮੈਨੂੰ ਸੋਝੀ ਆਉਣੀ ਸ਼ੁਰੂ ਹੋਈ ਕਿ ਇਹੋ ਜਿਹਾ ਜਬਰ ਸਿਰਫ਼ ਮੁਸਲਮਾਨਾਂ ਤੇ ਹੀ ਨਹੀਂ ਢਾਹਿਆ ਜਾ ਰਿਹਾ, ਛੱਤੀਸਗੜ੍ਹ ਦੇ ਆਦਿਵਾਸੀਆਂ ਨਾਲ ਸਲਵਾ ਜੁਡਮ ਇਹੋ ਕੁਝ ਕਰ ਰਹੀ ਹੈ। ਉਨ੍ਹਾਂ ਨਾਲ ਵੀ ਇਹੋ ਜਿਹੇ ਹੀ ਐਨਕਾਊਂਟਰ ਹੋ ਰਹੇ ਹਨ ਜਿਨ੍ਹਾਂ ਦੀ ਕੋਈ ਗੱਲ ਵੀ ਨਹੀਂ ਕਰਦਾ। ਕਿ ਜੋ ਕੁਝ ਹੋ ਰਿਹਾ ਹੈ, ਇਹ ਸਭ ਇਸਲਾਮ ਉੱਪਰ ਹਮਲਾ ਜਾਂ ਉਸ ਵਿਰੁੱਧ ਕਰੂਸੇਡਨਹੀਂ, ਜਿਵੇਂ ਕਿ ਕੁਝ ਲੋਕ ਸੋਚਦੇ ਹਨ, ਇਹ ਤਾਂ ਭਾਰਤੀ ਰਾਜ ਦੀ ਵਡੇਰੀ ਅਤੇ ਢਾਂਚਾਗਤ ਸਮੱਸਿਆ ਹੈ। ਅਜਿਹੇ ਹਮਲੇ ਇਸ ਲਈ ਹੁੰਦੇ ਹਨ, ਕਿਉਂਕਿ ਭਾਰਤੀ ਸਮਾਜ ਦੀ ਬਣਤਰ ਹੀ ਇਹੋ ਜਿਹੀ ਸਿਰਜੀ ਗਈ ਹੈ। ਉਸ ਸਮੇਂ ਹੀ ਮੇਰੇ ਮਨ ਵਿਚ ਧਰਮ ਬਾਰੇ ਪਹਿਲੇ ਸ਼ੰਕੇ ਉਤਪੰਨ ਹੋਣੇ ਸ਼ੁਰੂ ਹੋਏ। ਮੇਰੇ ਅੰਦਰ ਉਪਜਦੇ ਸਵਾਲਾਂ ਨੂੰ ਦੇਖਦੇ ਹੋਏ ਮੇਰੇ ਧਾਰਮਕ ਪਿਤਾ ਨੇ ਮੈਨੂੰ ਮੌਲਾਨਾ ਮੌਦੂਦੀ ਦੀ ਕਿਤਾਬ ਕੁਰਾਨ ਦੇ ਅਧਿਐਨ ਨਾਲ ਜਾਣ-ਪਛਾਣਪੜ੍ਹਨ ਲਈ ਦਿੱਤੀ ਦੂਜੇ ਪਾਸੇ, ਮੈਂ ਉਨ੍ਹੀਂ ਦਿਨੀਂ ਮਾਰਕਸ ਨੂੰ ਵੀ ਪੜ੍ਹ ਰਿਹਾ ਸਾਂ। ਸੋ, ਮੇਰੀ ਵਿਸ਼ਲੇਸ਼ਣੀ ਨਜ਼ਰ ਵਿਚ ਤਬਦੀਲੀ ਆ ਰਹੀ ਸੀ। ਮੌਦੂਦੀ ਦੀ ਪੁਸਤਕ ਪੜ੍ਹ ਕੇ ਮੇਰੇ ਸ਼ੰਕੇ ਸਗੋਂ ਵਧਣ ਲੱਗੇ। ਮੈਨੂੰ ਲੱਗਣ ਲੱਗ ਪਿਆ ਕਿ ਕੁਰਾਨ ਕੋਈ ਰੱਬੀ ਇਲਹਾਮ ਨਹੀਂ, ਇਕ ਖਾਸ ਇਤਿਹਾਸਕ ਸਮੇਂ, ਉਸ ਸਮੇਂ ਦੀਆਂ ਹਾਲਤਾਂ ਵਿਚਅਰਬ ਦੇ ਇਕ ਰਾਜਨੀਤਕ ਆਗੂ ਵੱਲੋਂ ਕੱਢੇ ਗਏ ਸਿੱਟਿਆਂ ਦਾ ਗ੍ਰੰਥ ਹੈ। ਇਕ ਸਿਆਸੀ ਆਗੂ ਆਪਣੇ ਫੈਸਲਿਆਂ ਦੇ ਵਾਜਬ ਹੋਣ ਨੂੰ ਸਿੱਧ ਕਰਨ ਲਈ ਗੈਬੀ ਦੁਨੀਆ ਦਾ ਸਹਾਰਾ ਲੈ ਰਿਹਾ ਸੀ। ਪਰ ਮੇਰੇ ਅੰਦਰ ਇਹ ਤਬਦੀਲੀ ਆਉਂਦਿਆਂ 6-7 ਮਹੀਨੇ ਲੱਗ ਗਏ।

ਮੈਂ ਆਪਣੇ ਪਰਵਾਰ ਦੀ ਧਾਰਮਕ ਚੋਣ ਦਾ ਸਤਿਕਾਰ ਕਰਦਾ ਹਾਂ, ਪਰ ਉਨ੍ਹਾਂ ਨੂੰ ਇਹ ਅਧਿਕਾਰ ਨਹੀਂ ਦੇਂਦਾ ਕਿ ਉਹ ਆਪਣੇ ਅਕੀਦੇ ਨੂੰ ਮੇਰੇ ਉੱਤੇ ਥੋਪਣ। ਤਾਂ ਵੀ, ਗ਼ੈਬੀ ਦੁਨੀਆ ਵਿਚ ਉਨ੍ਹਾਂ ਦੀ ਏਨੀ ਸ਼ਰਧਾ ਜਾਂ ਝੁਕਾ ਨੂੰ ਦੇਖਦਿਆਂ ਕਦੇ ਕਦੇ ਘੁਟਣ ਜਿਹੀ ਮਹਿਸੂਸ ਹੁੰਦੀ ਹੈ ਜਦੋਂ ਇਹ ਦੁਨੀਆ ਅਨਿਆਂ ਨਾਲ ਭਰੀ ਹੋਈ ਹੈ, ਆਪਣਾ ਅੱਗਾ ਸਵਾਰਨ ਵੱਲ ਉਨ੍ਹਾਂ ਦੀ ਇਹ ਲਿੱਲ੍ਹ ਕੁਝ ਸੁਆਰਥੀ ਜਾਪਦੀ ਹੈ। ਲੋੜ ਤਾਂ ਇਸ ਵੇਲੇ, ਇੱਥੇ ਹੀ, ਇਸੇ ਦੁਨੀਆ ਵਿਚ ਕੁਝ ਅਮਲੀ ਕੰਮ ਕਰਨ ਦੀ ਹੈ।

ਉਮਰ ਦੀ ਇਸ ਸ਼ਿੱਦਤੀ ਨਾਸਤਕਤਾ ਨੂੰ ਦੇਖਦਿਆਂ ਮੇਰੇ ਮੂਹੋਂ ਆਪ ਮੁਹਾਰੇ ਹੀ ਨਿਕਲ ਜਾਂਦਾ ਹੈ, “ਤੇਰੇ ਵਾਂਗ ਮੈਂ ਵੀ ਨਾਸਤਕ ਹਾਂ, ਪਰ ਮੇਰਾ ਰਾਹ ਸੌਖੇਰਾ ਸੀ, ਕਿਉਂਕਿ ਮੇਰਾ ਬਾਪ ਵੀ ਨਾਸਤਕ ਸੀਸੋ ਮੈਂ ਤਾਂ ਜਮਾਂਦਰੂ ਨਾਸਤਕ ਹਾਂ। ਪਰ ਤਾਂ ਵੀ ਕਦੇ ਕਦੇ ਮੇਰੇ ਅੰਦਰਭਾਵੇਂ ਗੈਰ-ਰਵਾਇਤੀ ਢੰਗ ਨਾਲ ਹੀ ਸਹੀ, ਆਪਣੇ ਸਿੱਖ ਪਿਛੋਕੜ ਨੂੰ ਖੁੱਲ੍ਹ ਕੇ ਨਸ਼ਰ ਕਰਨ ਦੀ ਭਾਵਨਾ ਜਾਗ ਪੈਂਦੀ ਹੈ। ਖਾਸ ਕਰਕੇ ਉਦੋਂ ਜਦੋਂ ਮੈਨੂੰ ਜਾਪੇ ਕਿ ਕੁਝ ਲੋਕਾਂ ਦੀ ਮੂਰਖਤਾ ਕਾਰਨ ਸਾਰੇ ਭਾਈਚਾਰੇ ਨੂੰ ਹੀ ਤੁਅਸਬ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸ ਗੱਲ ਦਾ ਝਾਉਲਾ ਮੈਂ ਰਿਹਾਈ ਤੋਂ ਬਾਦ ਦੇ ਤੇਰੇ ਇਕ ਕਥਨ ਵਿਚ ਵੀ ਦੇਖਿਆ ਹੈ ਕਿ ਸ਼ੁਰੂ ਵਿਚ ਤਾਂ ਤੂੰ ਤਫ਼ਤੀਸ਼ੀਆਂ ਨੂੰ ਕਹਿੰਦਾ ਰਿਹਾ ਕਿ ਤੂੰ ਨਾਸਤਕ ਹੈਂ, ਪਰ ਫੇਰ ਤੈਨੂੰ ਖਿਆਲ ਆਇਆ ਕਿ ਇਸ ਗੱਲ ਉੱਤੇ ਇੰਨਾ ਜ਼ੋਰ ਦੇਣਾ ਵੀ ਸ਼ਾਇਦ ਠੀਕ ਨਹੀਂ ਜੇਕਰ ਤੂੰ ਆਸਤਕ ਮੁਸਲਮਾਨ ਹੁੰਦਾਜਾਂ ਦਾੜ੍ਹੀ-ਟੋਪੀ ਵਾਲਾ ਮੁਸਲਮਾਨ ਹੁੰਦਾ ਤਾਂ ਵੀ ਤਾਂ ਤੈਨੂੰ ਆਪਣੇ ਸਿਆਸੀ ਨਜ਼ਰੀਏ ਨੂੰ ਪੇਸ਼ ਕਰਨ ਦਾ ਹੱਕ ਹੋਣਾ ਹੀ ਚਾਹੀਦਾ ਹੈ। ਸੋ ਇਕ ਕਿਸਮ ਨਾਲ ਤੇਰੇ ਇਸ ਜਿਹਲ-ਵਾਸ ਨੇ ਤੈਨੂੰ ਇਕ ਪੂਰਾ ਚੱਕਰ ਕਟਾਇਆ ਹੈ। ਜੇ ਬਤੌਰ ਸਰਗਰਮ ਸਿਆਸੀ ਵਿਦਿਆਰਥੀ ਤੂੰ ਆਪਣੀ ਭਾਈਚਾਰਕ ਪਛਾਣ ਨੂੰ ਲਾਂਭੇ ਕਰ ਛੱਡਿਆ ਸੀ, ਤਾਂ ਹੁਣ ਉਸੇ ਪਛਾਣ ਨਾਲ ਜੋੜ ਕੇ ਤੇਰੇ ਉੱਤੇ ਹੋਏ ਹਮਲਿਆਂ ਨੇ ਤੈਨੂੰ ਆਪਣੇ ਭਾਈਚਾਰੇ ਦੀਆਂ ਸਮੱਸਿਆਵਾਂ ਅਤੇ ਉਸਦੇ ਪਛਾਣ-ਚਿੰਨ੍ਹਾਂ ਬਾਰੇ ਮੁੜ ਸੋਚਣ ਲਈ ਉਕਸਾਇਆ ਹੈ।”

: ਜਿਹਲ-ਵਾਸ, ਅਤੇ ਬਤੌਰ ਮੁਸਲਮਾਨ ਮੇਰੇ ਉੱਤੇ ਉਛਾਲੇ ਗਏ ਚਿੱਕੜ ਨੇ ਇਸ ਗੱਲ ਬਾਰੇ ਸ਼ਿੱਦਤ ਨਾਲ ਅਹਿਸਾਸ ਤਾਂ ਕਰਾਇਆ ਪਰ ਇਨ੍ਹਾਂ ਗੱਲਾਂ ਬਾਰੇ ਸੋਚਣਾ ਮੈਂ ਉਦੋਂ ਤੋਂ ਹੀ ਸ਼ੁਰੂ ਕਰ ਦਿੱਤਾ ਸੀ ਜਦੋਂ ਤੋਂ ਮੈਂ ਮਾਰਕਸਵਾਦੀ ਨਜ਼ਰੀਆ ਅਪਣਾਇਆ। ਇਤਿਹਾਸਕ ਤੌਰ ’ਤੇ ਦੇਖੀਏ ਕਿ ਭਾਰਤ ਦਾ ਮੁਸਲਮਾਨ ਭਾਈਚਾਰਾ ਕਿੱਥੇ ਖੜ੍ਹਾ ਦਿਸਦਾ ਹੈ, ਉਨ੍ਹਾਂ ਦੇ ਸਨਮੁਖ ਕਿਹੜੀਆਂ ਸਮੱਸਿਆਵਾਂ ਹਨ? ਜਦੋਂ ਮੈਂ ਨਾਸਤਕਤਾ ਦੀ ਰਾਹ ਵਲ ਵਧ ਰਿਹਾ ਸਾਂ, ਮੈਨੂੰ ਆਪਣੇ ਭਾਈਚਾਰੇ ਵਲ ਦੇਖਕੇ ਖਿਝ ਆਉਂਦੀ ਸੀ ਕਿ ਇਹ ਆਪਣੀ ਬਿਹਤਰੀ ਬਾਰੇ ਨਹੀਂ ਸੋਚ ਰਿਹਾਸਗੋਂ ਇਕ ਮੂਲਵਾਦੀ ਜਿੱਲ੍ਹਣ ਵਿਚ ਫਸਿਆ ਹੋਇਆ ਹੈ, ਜਿਸਨੇ ਇਸ ਨੂੰ ਕਿਸੇ ਪਾਸੇ ਨਹੀਂ ਲੱਗਣ ਦੇਣਾ। ਪਰ ਆਪਣੇ ਮਾਰਕਸੀ ਸਾਥੀਆਂ ਨਾਲ ਗੱਲਬਾਤ ਦੌਰਾਨ ਮੈਂ ਰਤਾ ਹੋਰ ਢੰਗ ਨਾਲ ਪੜਚੋਲਣਾ ਸਿੱਖਿਆ ਤੇ ਇਹ ਜਾਣਿਆ ਕਿ ਮੈਂ ਸਿੱਧੜ ਜਿਹਾ ਵਿਸ਼ਲੇਸ਼ਣ ਕਰ ਰਿਹਾ ਸਾਂ। ਇਹ ਸਮਝਣ ਦੀ ਲੋੜ ਹੈ ਕਿ ਅਜਿਹੀ ਮਾਨਸਿਕਤਾ ਕਿਵੇਂ ਪੈਦਾ ਹੁੰਦੀ ਜਾਂ ਕੀਤੀ ਜਾਂਦੀ ਹੈ।

ਮੇਰੇ ਨਾਨਾ ਜੀ 70-ਵਿਆਂ ਵਿਚ ਉੱਤਰ ਪ੍ਰਦੇਸ਼ ਤੋਂ ਉੱਠ ਕੇ ਜਾਮੀਆ ਨਗਰ ਆਣ ਵਸੇ ਸਨ। ਉਦੋਂ ਇੱਥੇ ਗਿਣ ਕੇ ਚਾਰ ਘਰ ਹੁੰਦੇ ਸਨ, ਉਨ੍ਹਾਂ ਦੇ ਘਰ ਦੇ ਐਨ ਪਿੱਛੇ ਜਮਨਾ ਵਗਦੀ ਸੀ। ਪਰ ਹੁਣ ਇਸ ਕਾਲੋਨੀ ਦੀ ਆਬਾਦੀ ਲੱਖਾਂ ਵਿਚ ਹੈ। ਇਨ੍ਹਾਂ ਸਾਲਾਂ ਵਿਚ ਇਹ ਏਡੀ ਵੱਡੀ ਮੁਸਲਮਾਨਾਂ ਦੀ ਨਿਖੇੜ-ਬਸਤੀ ਕਿਵੇਂ ਬਣ ਗਈ? 1984 ਦੇ ਸਿੱਖ-ਵਿਰੋਧੀ ਘਾਣ ਨੇ ਦਿੱਲੀ ਦੇ ਮੁਸਲਮਾਨਾਂ ਨੂੰ ਵੀ ਬਹੁਤ ਕੰਬਾਇਆ। ਉਦੋਂ ਰਾਮ ਜਨਮ ਭੂਮੀ ਦੀ ਮੁਹਿੰਮ ਪੱਲਰ ਰਹੀ ਸੀ, ਅਡਵਾਨੀ ਦੀ ਰੱਥ ਯਾਤਰਾ ਹੋਈ, ਆਰ. ਐਸ. ਐਸ. ਵੱਲੋਂ ਰਾਮ ਮੰਦਰ ਦੇ ਮੁੱਦੇ ਨੂੰ ਉਛਾਲਿਆ ਜਾ ਰਿਹਾ ਸੀ। ਤੇ ਮੇਰੀ ਮਾਂ, ਮੇਰਾ ਨਾਨਾ ਮੈਨੂੰ ਦੱਸਦੇ ਹਨ ਕਿ ਜੋ ਕੁਝ ਸਿੱਖਾਂ ਨਾਲ ਹੋਇਆ, ਉਸਨੂੰ ਦੇਖ ਕੇ ਉਹ ਸੋਚਣ ਲੱਗ ਪਏ ਕਿ ਇਹ ਸਭ ਤਾਂ ਸਾਡੇ ਨਾਲ ਵੀ ਹੋ ਸਕਦਾ ਹੈ। ਸੋ ਇਹ ਇਲਾਕਾ ਹੋਰ ਤੋਂ ਹੋਰ ਭਰਨ ਲੱਗਾ। ਬਾਬਰੀ ਮਸਜਿਦ ਦੇ ਢਹਿਣ ਤੋਂ ਮਗਰੋਂ ਤਾਂ ਹੋਰ ਵੀ ਤੇਜ਼ੀ ਨਾਲ। ਮੁਸਲਮਾਨ ਮਨਾਂ ਵਿਚ ਖ਼ੌਫ਼ ਬੈਠ ਗਿਆ। ਤੇ ਫੇਰ ਗੁਜਰਾਤ ਦੇ ਫ਼ਸਾਦ ਹੋਏ। ਜਾਪਣ ਲੱਗ ਪਿਆ ਕਿ ਮੁਸਲਮਾਨਾਂ ਦੇ ਇਕੱਠਿਆਂ ਰਹਿਣ ਵਿਚ ਹੀ ਭਲਾ ਹੈ। ਇੰਜ ਖਤਰਾ ਘਟ ਜਾਂਦਾ ਹੈ। ਜਾਮੀਆ ਨਗਰ ਦੇ ਨਾਲ ਹੀ ਨਿਊ ਫ਼੍ਰੈਂਡਜ਼ ਕਾਲੋਨੀ ਦਾ ਅਮੀਰ ਇਲਾਕਾ ਹੈ। ਜਾਮੀਆ ਦੇ ਕਈ ਬਾਸ਼ਿੰਦੇ ਉੱਥੇ ਰਹਿਣ ਦੀ ਪੁੱਜਤ ਰੱਖਦੇ ਹਨ ਪਰ ਇੱਥੇ ਰਹਿ ਕੇ ਉਹ ਸੁਰੱਖਿਅਤ ਮਹਿਸੂਸ ਕਰਦੇ ਹਨ। ਉਹ ਸੋਚਦੇ ਹਨ ਕਿ ਗਰੀਬੜਾ ਹੀ ਸਹੀ, ਪਰ ਸੁਰੱਖਿਅਤ ਇਲਾਕਾ ਤਾਂ ਹੈ। ਮੈਂ ਇਕ ਜਾਮੀਆ ਨਗਰ ਦੀ ਮਿਸਾਲ ਦਿੱਤੀ ਹੈਇਹੋ ਜਿਹੀਆਂ ਮਿਸਾਲਾਂ ਥਾਂ ਥਾਂ ਮਿਲ ਜਾਣਗੀਆਂ। ਹੁਣ, ਇੱਥੇ ਪਲਣ-ਵਿਗਸਣ ਵਾਲੇ ਨੌਜਵਾਨ ਵੱਲ ਧਿਆਨ ਮਾਰੀਏ: ਉਨ੍ਹਾਂ ਦੀਆਂ ਸਾਰੀਆਂ ਸਮਾਜਕ ਅਤੇ ਭਾਈਚਾਰਕ ਸਾਂਝਾਂ ਆਪਣੇ ਮਜ਼ਹਬੀ ਭਰਾਵਾਂ ਦੇ ਘੇਰੇ ਤਕ ਸੀਮਤ ਹਨ। ਉੱਤੋ, ਕਿਤੋਂ ਨਾ ਕਿਤੋਂ ਖਬਰ ਆ ਜਾਂਦੀ ਹੈ ਕਿ ਮੁਸਲਮਾਨਾਂ ਉੱਤੇ ਇੱਥੇ ਜਾਂ ਉੱਥੇ ਹਮਲਾ ਹੋਇਆ। ਇਹ ਸਭ ਕੁਝ ਉਨ੍ਹਾਂ ਨੂੰ ਆਪਣੀ ਮੁਸਲਮਾਨ ਵਜੋਂ ਆਈਡੈਂਟਿਟੀ ਪ੍ਰਤੀ ਹੋਰ ਸੁਚੇਤ ਕਰਦਾ ਹੈ, ਉਸਦੀ ਛਾਪ ਨੂੰ ਹੋਰ ਡੂੰਘਿਆਂ ਕਰਦਾ ਹੈ। ਸੋ ਮੁਸਲਿਮ ਭਾਈਚਾਰੇ ਵਿਚ ਧਾਰਮਿਕਤਾ ਦੇ ਇਸ ਸੰਘਣੇ ਪੱਧਰ ਨੂੰ ਇਸ ਇਤਿਹਾਸਕ ਪਿਛੋਕੜ ਵਿਚ ਰੱਖ ਕੇ ਦੇਖਣਾ ਸਮਝਣਾ ਚਾਹੀਦਾ ਹੈ। ਉਨ੍ਹਾਂ ਨੂੰ ਮੂਲਵਾਦੀ ਕਹਿ ਕੇ ਭੰਡਣ ਦੀ ਥਾਂ ਸਮਝਣਾ ਚਾਹੀਦਾ ਹੈ ਕਿ ਇਤਿਹਾਸ ਨੇ ਉਨ੍ਹਾਂ ਨੂੰ ਘੜਿਆ ਕਿਵੇਂ ਹੈ। ਹਰ ਮਨੁੱਖ ਇਤਿਹਾਸ ਨੂੰ ਆਪਣੇ ਨਾਲ ਲੈ ਕੇ ਤੁਰਦਾ ਹੈਇਹ ਇਤਿਹਾਸ ਅੰਤਰਮੁਖੀ ਹੋ ਸਕਦਾ ਹੈ, ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੋ ਸਕਦਾ ਹੈ, ਪਰ ਉਹ ਆਮ ਆਦਮੀ ਦੇ ਅੰਦਰ ਰਸਿਆ ਹੁੰਦਾ ਹੈ। ਜਿਵੇਂ ਇਸਲਾਮ ਖਤਰੇ ਵਿਚ ਹੈ, ਮੁਸਲਮਾਨ ਖਤਰੇ ਵਿਚ ਹਨ, ਵਗੈਰਾ। ਇਨ੍ਹਾਂ ਹੀ ਗੱਲਾਂ ਨੂੰ ਤਾਲਿਬਾਨੀ, ਜਿਹਾਦੀ ਕਿਸਮ ਦੇ ਲੋਕ ਸਿਆਸਤ ਕਰਨ ਲਈ ਵਰਤਦੇ ਹਨ। ਪਰ ਅਸਰਦਾਰ ਢੰਗ ਨਾਲ ਦਖਲਅੰਦਾਜ਼ੀ ਕਰਨ ਲਈ, ਖੱਬੀਆਂ ਧਿਰਾਂ ਨੂੰ ਵੀ ਮੁਸਲਮਾਨਾਂ ਦੀ ਇਸ ਦੁਬਿਧਾਜਨਕ ਸਥਿਤੀ ਨੂੰ ਸਮਝਣਾ ਪਵੇਗਾ। ਕੋਈ ਵਿਰਲਾ ਮਨੁੱਖ ਹੀ ਆਪਣੀ ਮੂਲ ਧਾਰਮਕ ਪਛਾਣ ਤੋਂ ਉਤਾਂਹ ਉੱਠ ਕੇ ਸੋਚ-ਵਿਚਰ ਸਕਦਾ ਹੈ। ਮੈਨੂੰ ਜਾਪਿਆ ਸੀ ਕਿ ਮੈਂ ਉਸ ਪੜਾ ਨੂੰ ਪਾਰ ਕਰ ਚੁੱਕਾ ਹਾਂ। ਕਿਉਂਕਿ ਮੈਂ ਮੁਸਲਮਾਨਾਂ ਦੇ ਮੁੱਦਿਆਂ ਨੂੰ ਮੁਸਲਮਾਨ ਨਹੀਂ, ਮਾਰਕਸੀ ਦ੍ਰਿਸ਼ਟੀਕੋਣ ਤੋਂ ਦੇਖਦਾ ਸਾਂ। ਕਸ਼ਮੀਰ ਦਾ ਮੁੱਦਾ ਮੇਰੇ ਲਈ ਮੁਸਲਮਾਨਾਂ ਦਾ ਨਹੀਂ, ਮਾਰਕਸੀ ਦ੍ਰਿਸ਼ਟੀਕੋਣ ਤੋਂ ਦੇਖਦਿਆਂ ਮਨੀਪੁਰ ਜਾਂ ਨਾਗਾਲੈਂਡ ਦੇ ਮੁੱਦਿਆਂ ਨਾਲ ਵਧੇਰੇ ਜੁੜਦਾ ਹੈ। ਇਸਦਾ ਹਿੰਦੁਸਤਾਨ ਦੇ ਮੁਸਲਮਾਨਾਂ ਦੀਆਂ ਸਮੱਸਿਆਵਾਂ ਨਾਲ ਕੋਈ ਸਿੱਧਾ ਸਬੰਧ ਨਹੀਂ, ਸਗੋਂ ਦੂਰ ਪੂਰਬ ਦੇ ਰਾਜਾਂ ਦੀਆਂ ਸਮੱਸਿਆਵਾਂ ਨਾਲ ਹੈ।

ਪਰ ਜਿਵੇਂ ਕਿ ਤੁਸੀਂ ਕਿਹਾ ਹੈ, ਮੈਂ ਹੁਣ ਇਕ ਪੂਰਾ ਚੱਕਰ ਕੱਟ ਲਿਆ ਹੈ। ਕਿਉਂਕਿ ਇਨ੍ਹਾਂ ਦਿਨਾਂ ਦੀ ਘਟਨਾਵਾਂ ਦੌਰਾਨ ਮੈਨੂੰ ਮੇਰੀ ਬਤੌਰ ਮੁਸਲਮਾਨ ਪਛਾਣ ’ਤੇ ਹੀ ਸੀਮਤ ਕਰ ਕੇ ਰੱਖ ਦਿੱਤਾ ਗਿਆ। ਸੋ ਮੈਨੂੰ ਉਸ ਪਛਾਣ ਤੋਂ ਵੀ ਇਨਕਾਰੀ ਨਹੀਂ ਹੋਣਾ ਚਾਹੀਦਾ। ਨਾਲ ਹੀ ਮੁਸਲਮਾਨਾਂ ਨੂੰ ਇਹ ਵੀ ਸਮਝਣਾ ਪਵੇਗਾ ਕਿ ਜੇਕਰ ਦਲਿਤਾਂ ਅਤੇ ਆਦਿਵਾਸੀਆਂ ਵਾਂਗ, ਉਹ ਆਪਣੇ ਸੰਘਰਸ਼ ਸਿਰਫ਼ ਆਪਣੇ ਹੀ ਭਾਈਚਾਰੇ ਦੀ ਬਿਹਤਰੀ ਲਈ ਜਾਰੀ ਰੱਖਣਗੇ ਤਾਂ ਇਹ ਉਨ੍ਹਾਂ ਲਈ ਤ੍ਰਾਸਦੀ ਹੋ ਨਿੱਬੜੇਗੀ। ਇਸ ਸਮੇਂ ਲੜਾਈ ਫ਼ਾਸ਼ੀਵਾਦ ਨਾਲ ਹੈ, ਇਨ੍ਹਾਂ ਅੱਡੋ-ਅੱਡ ਲਿਤਾੜੀਆਂ ਜਾਂਦੀਆਂ ਜਮਾਤਾਂ ਵਿਚਲਾ ਪਾੜਾ ਸਾਰਿਆਂ ਲਈ ਘਾਤਕ ਸਿੱਧ ਹੋਵੇਗਾ। ਇਸ ਪਾੜੇ ਨੂੰ ਮੇਟਣ ਨੂੰ ਪਹਿਲ ਦੇਣੀ ਚਾਹੀਦੀ ਹੈ। ਖੱਬੀਆਂ ਧਿਰਾਂ ਨੂੰ ਵੀ ਆਪਣੀ ਨਿਰੋਲ ਆਰਥਕਤਾ-ਮੁਖੀ ਸਮਝ ਤੋਂ ਬਾਹਰ ਨਿਕਲਣ ਦੀ ਲੋੜ ਹੈ। ਭਾਰਤੀ ਸਮਾਜ 19-ਵੀਂ ਸਦੀ ਦੇ ਯੋਰਪ ਨਾਲੋਂ ਕਿਤੇ ਵੱਧ ਗੁੰਝਲਦਾਰ ਸਮਾਜ ਹੈ। ਇਹ ਕੋਈ ਸਿੱਧੀ ਜਿਹੀ ਜਮਾਤੀ ਵੰਡ ਨਹੀਂ ਜਿਸ ਵਿਚ ਜਮਾਤੀ ਖਾਸਾ ਆਪਣੇ ਆਪ ਹੀ ਲੋਕਾਂ ਦੀ ਭਾਈਚਾਰਕ ਪਛਾਣ ਉੱਤੇ ਹਾਵੀ ਹੋ ਸਕਣ ਦੇ ਸਮਰੱਥ ਹੋਵੇ। ਇਹ ਦੋਵੇਂ ਇਕ ਦੂਜੇ ਦੇ ਪੂਰਕ ਹਨ, ਇਕ ਦੂਜੇ ਵਿਚ ਰਲਗਡ ਹਨ। ਖੱਬੀਆਂ ਧਿਰਾਂ ਨੂੰ ਉਨ੍ਹਾਂ ਸਾਰੇ ਦਮਿਤ ਵਰਗਾਂ ਅਤੇ ਸਮੂਹਾਂ ਨੂੰ ਜੋੜਨ ਦੀ ਲੋੜ ਹੈ ਜੋ ਪਹਿਲੀ ਨਜ਼ਰੇ ਇੱਕੋ ਜਮਾਤ ਜਾਂ ਕਲਾਸ ਦੇ ਖਾਨੇ ਵਿਚ ਨਹੀਂ ਆਉਂਦੇ ਦਿਸਦੇ, ਪਰ ਜਿਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਇਹ ਹੀ ਉਨ੍ਹਾਂ ਸਭਨਾਂ ਵਿਚਲਾ ਸਾਂਝਾ ਸੂਤਰ ਹੈ।

? ਤੁਹਾਡੇ ਤੋਂ ਪਹਿਲਾਂ ਮੈਂ ਕਨ੍ਹਈਆ ਨਾਲ ਵੀ ਗੱਲਬਾਤ ਕੀਤੀ ਸੀ। ਉਹ ਵੀ ਸਾਰੀਆਂ ਗੈਰ-ਆਰ. ਐਸ. ਐਸ. ਤਾਕਤਾਂ ਦੇ ਏਕੇ ਉੱਤੇ ਬਹੁਤ ਜ਼ੋਰ ਦੇਂਦਾ ਹੈ। ਤੁਹਾਡੀਆਂ ਗੱਲਾਂ ਤੋਂ ਵੀ ਜਾਪਦਾ ਹੈ ਕਿ ਸਾਰੇ ਲੋਕਾਂ ਨੂੰ ਇਕੱਠਿਆਂ ਕਰਨ ਦੀ ਬਹੁਤ ਲੋੜ ਹੈ। ਆਰ. ਐਸ. ਐਸ. ਦੀ ਅਜਿਹੀ ਸਫਲਤਾ ਦਾ ਕੀ ਕਾਰਨ ਸਮਝਦੇ ਹੋ?

ਐਤਕੀਂ ਜਵਾਬ ਅਨਿਰਬਾਨ ਦਿੰਦਾ ਹੈ: “ਪਿਛਲੇ 60 ਸਾਲਾਂ ਤੋਂ ਹੀ ਆਰ. ਐਸ. ਐਸ. ਨੇ ਬਹੁਤ ਸਫਲ ਢੰਗ ਨਾਲ ਕੰਮ ਕੀਤਾ ਹੈ: ਜਥੇਬੰਦਕ ਢੰਗ ਨਾਲ। ਪੂਰੀ ਵਿਚਾਰਧਾਰਕ ਪ੍ਰਤਬੱਧਤਾ ਨਾਲ, ਉਨ੍ਹਾਂ ਆਪਣੀਆਂ ਜੜ੍ਹਾਂ ਸਮਾਜ ਵਿਚ ਡੂੰਘੀਆਂ ਤੋਂ ਡੂੰਘੇਰੀਆਂ ਕੀਤੀਆਂ ਹਨ। ਸੋ ਖੱਬੀਆਂ ਧਿਰਾਂ ਨੂੰ ਵੀ ਇਹੋ ਕਰਨ ਦੀ ਲੋੜ ਹੈ, ਉਨ੍ਹਾਂ ਕੋਲੋਂ ਸਿਖਣ ਦੀ ਲੋੜ ਹੈ, ਆਮ ਲੋਕਾਂ ਨਾਲ ਜੁੜਨ ਦੀ ਲੋੜ ਹੈ। ਮੇਰਾ ਪੀਐਚ.ਡੀ. ਦਾ ਵਿਸ਼ਾ ਕਿਰਤੀ ਲਹਿਰ ਦੇ ਇਤਿਹਾਸ ਨਾਲ ਜੁੜਿਆ ਹੋਇਆ ਹੈ। ਉਸੇ ਵਿੱਚੋਂ ਇਕ ਉਦਾਹਰਣ ਦੇਂਦਾ ਹਾਂ। 50-ਵਿਆਂ ਅਤੇ 60-ਵਿਆਂ ਵਿਚ ਬੰਬਈ ਦੀਆਂ ਸੂਤ ਮਿਲਾਂ ਉੱਤੇ ਖੱਬੀਆਂ ਟਰੇਡ ਯੂਨੀਅਨਾਂ ਦਾ ਬਹੁਤ ਪਰਭਾਵ ਸੀ। ਇਸ ਪਕੜ ਦੇ ਹੌਲੀ ਹੌਲੀ ਖਤਮ ਹੋ ਜਾਣ ਦੇ ਕਾਰਨ ਪੜਚੋਲਦਿਆਂ ਇਕ ਮਹਤਵਪੂਰਨ ਤੱਥ ਸਾਹਮਣੇ ਆਉਂਦਾ ਹੈ। ਖੱਬੀਆਂ ਧਿਰਾਂ ਨੂੰ ਜਾਪਦਾ ਸੀ ਕਿ ਮਜ਼ਦੂਰ ਜਮਾਤ ਦੀ ਸਿਆਸਤ ਕਾਰਖਾਨਿਆਂ ਅੰਦਰਜਾਂ ਕਾਰਖਾਨਿਆਂ ਦੇ ਗੇਟਾਂ ਤਕ ਸੀਮਤ ਹੈ ਉਹ ਇਸੇ ਨਜ਼ਰੀਏ ਨਾਲ ਮਜ਼ਦੂਰ ਜਮਾਤ ਨੂੰ ਸੰਗਠਿਤ ਕਰ ਰਹੀਆਂ ਸਨ। ਪਰ ਆਰ. ਐਸ. ਐਸ. ਅਤੇ ਸ਼ਿਵ ਸੇਨਾ ਨੇ ਕੀ ਕੀਤਾ? ਉਨ੍ਹਾਂ ਮਜ਼ਦੂਰਾਂ ਨੂੰ ਸੰਗਠਿਤ ਕਰਨ ਦਾ ਕੰਮ ਖੱਬੀਆਂ ਧਿਰਾਂ ’ਤੇ ਹੀ ਰਹਿਣ ਦਿੱਤਾ। ਪਰ ਮਜ਼ਦੂਰਾਂ ਦੇ ਘਰ ਮੁੜਨ ਪਿੱਛੋਂ ਉਨ੍ਹਾਂ ਨਾਲ ਪੂਰਾ ਰਾਬਤਾ ਰੱਖਿਆ: ਅਖਾੜੇ ਬਣਾਏ, ਮੰਦਰ ਬਣਾਏ। ਇਵੇਂ ਮਜ਼ਦੂਰਾਂ ਦਾ ਸਮਾਜਕ ਜੀਵਨ ਉਨ੍ਹਾਂ ਦੇ ਕਬਜ਼ੇ ਹੇਠ ਹੁੰਦਾ ਗਿਆ। ਇਸ ਸਮਾਜਕ ਪੱਧਰ ਉੱਤੇ ਜਾਤ, ਧਰਮ, ਭਾਈਚਾਰੇ ਆਦਿ ਦੇ ਸਾਰੇ ਵਖਰੇਵੇਂ ਉੱਭਰ ਕੇ ਸਾਹਮਣੇ ਆਉਂਦੇ ਹਨ ਜੋ ਫੈਕਟਰੀ ਦੇ ਗੇਟ ਉੱਤੇ ਨਜ਼ਰ ਨਹੀਂ ਆਉਂਦੇ ਸੋ, ਜਦੋਂ ਤੁਸੀਂ ਨਿਰੋਲ ਆਪਣੇ ਉਚੇਰੇ ਪੱਧਰ ਦੇ ਮਾਰਕਸੀ ਗਿਆਨ ਦੀ ਹੀ ਵਰਤੋਂ ਕਰਦੇ ਹੋ ਤਾਂ ਤਹਾਨੂੰ ਇਹ ਸਮਝ ਨਹੀਂ ਪੈਂਦੀ ਕਿ ਹੇਠਲੀ ਪੱਧਰ ਉੱਤੇ ਹਿੰਦੁਤਵ ਅਤੇ ਫ਼ਾਸ਼ੀਵਾਦੀ ਤਾਕਤਾਂ ਕਿਵੇਂ ਘੱਟ-ਗਿਣਤੀਆਂ ਨੂੰ ਦਬਾ ਰਹੀਆਂ ਹਨ, ਜਾਂ ਉਤਲੀਆਂ ਜਾਤਾਂ ਦਲਿਤਾਂ ਨੂੰ ਨਿਸ਼ਾਨੇ ਉੱਤੇ ਰੱਖ ਰਹੀਆਂ ਹਨ; ਭਾਵੇਂ ਹੁੰਦੇ ਇਹ ਸਾਰੇ ਹੀ ਮਜ਼ਦੂਰ ਵਰਗ ਵਿੱਚੋਂ ਹਨ, ਪਰ ਇਨ੍ਹਾਂ ਅੰਦਰੂਨੀ ਵਖਰੇਵਿਆਂਜਿਨ੍ਹਾਂ ਨੂੰ ਆਰ. ਐਸ. ਐਸ. ਉਭਾਰ ਰਹੀ ਹੈ, ਵੱਲ ਖੱਬੀਆਂ ਧਿਰਾਂ ਦਾ ਧਿਆਨ ਨਹੀਂ ਜਾਂਦਾ। ਸੋ ਇਸੇ ਲਈ ਕਾਰਖਾਨਿਆਂ ਦੇ ਗੇਟ ਉੱਤੇ ਲਾਲ ਝੰਡੇ ਝੁੱਲਦੇ ਹਨ, ਪਰ ਮਜ਼ਦੂਰਾਂ ਦੇ ਘਰਾਂ ਉੱਤੇ ਭਗਵੇ। ਮਜ਼ਦੂਰਾਂ ਦੇ ਸੰਘਰਸ਼ ਨੂੰ ਵੰਡ ਦਿੱਤਾ ਜਾਂਦਾ ਹੈ: ਬਿਹਤਰ ਉਜਰਤ ਲਈ ਸੰਘਰਸ਼ ਵੱਖਰਾ, ਅਤੇ ਬਾਹਰਲੇ ਲੋਕਾਂ/ ਮੁਸਲਮਾਨਾਂ ਵਿਰੁੱਧ ਸੰਘਰਸ਼ ਵੱਖਰਾ। ਇੱਥੇ ਸਾਨੂੰ, ਹਰ ਉਸ ਧਿਰ ਨੂੰ, ਦਖਲ ਦੇਣ ਦੀ ਲੋੜ ਹੈ ਜੋ ਫ਼ਾਸ਼ੀਵਾਦ ਦੇ ਖਤਰੇ ਨੂੰ ਸਮਝਦੀ ਹੈ। ਸਾਨੂੰ ਉਹ ਭਾਸ਼ਾ ਸਿਰਜਣ ਦੀ ਲੋੜ ਹੈ ਜਿਸ ਰਾਹੀਂ ਅਸੀਂ ਆਪਣੇ ਸਮਾਜਕ ਨਜ਼ਰੀਏ ਨੂੰ ਆਮ ਲੋਕਾਂ ਤਕ ਪੁਚਾ ਸਕੀਏ। ਮੈਨੂੰ ਜਾਪਦਾ ਹੈ ਕਿ ਜੇ.ਐਨ.ਯੂ. ਰਾਹੀਂ ਉਹ ਪਹਿਲਾ ਕਦਮ ਪੁੱਟਿਆ ਗਿਆ ਹੈ ਕਿ ਆਮ ਲੋਕਾਂ ਨਾਲ ਸੰਵਾਦ ਲਈ ਉਨ੍ਹਾਂ ਦੀ ਸਮਝ ਪੈਣ ਵਾਲੀ, ਅਤੇ ਏਕਤਾ ਉੱਤੇ ਜ਼ੋਰ ਦੇਣ ਵਾਲੀ ਸੌਖੀ ਭਾਸ਼ਾ ਸਿਰਜੀ ਜਾਵੇ। ਸਾਨੂੰ ਇਹ ਵੀ ਪੜਚੋਲਣ ਦੀ ਲੋੜ ਹੈ ਕਿ ਲੋਕ ਰੋਮਿਲਾ ਥਾਪਰ ਵੱਲੋਂ ਸਮਝਾਏ ਜਾਂਦੇ ਇਤਿਹਾਸ ਦੀ ਥਾਂ ਆਰ. ਐਸ. ਐਸ ਵੱਲੋਂ ਪਰਚਾਰੇ ਅਤੇ ਵੇਚੇ ਜਾਂਦੇ ਮਿਥਿਹਾਸ ਨੂੰ ਵਧੇਰੇ ਸਹੀ ਕਿਉਂ ਸਮਝਦੇ ਹਨ। ਸਾਨੂੰ ਲੋਕਾਂ ਦੇ ਮੂਲ ਮੁੱਦਿਆਂ ਨੂੰ ਚੁੱਕਣ ਦੀ ਲੋੜ ਹੈ ਤਾਂ ਜੋ ਉਨ੍ਹਾਂ ਰਾਹੀਂ ਅਸੀਂ ਲੋਕਾਂ ਨੂੰ ਧਰਮ-ਨਿਰਪੱਖਤਾ ਅਤੇ ਜਮਹੂਰੀਅਤਵਾਦ ਦੇ ਸੰਕਲਪਾਂ ਨਾਲ ਜੋੜ ਸਕੀਏ।

ਅਨਿਰਬਾਨ ਦੀ ਗੱਲ ਨੂੰ ਅੱਗੇ ਤੋਰਦਾ ਹੋਇਆ ਉਮਰ ਕਹਿੰਦਾ ਹੈ, “ਜਿਵੇਂ ਕਿ ਬਾਨ ਨੇ ਕਿਹਾ ਹੈ ਤੁਸੀਂ ਲੋਕਾਂ ਦੀ ਭਾਸ਼ਾ ਉਦੋਂ ਹੀ ਸਮਝ-ਸਿਰਜ ਸਕਦੇ ਹੋ ਜਦੋਂ ਤੁਸੀਂ ਪੀਡੇ ਢੰਗ ਨਾਲ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੇ ਹੋਏ ਹੋਵੋਂ। ਮੈਂ ਇਹ ਗੱਲ ਇਸ ਲਈ, ਅਤੇ ਕੁਝ ਦੁੱਖ ਨਾਲ ਵੀ, ਕਹਿ ਰਿਹਾ ਹਾਂ ਕਿਉਂਕਿ ਸਿਰਫ਼ ਪਾਰਲੀਮੈਂਟਰੀ ਜਾਂ ਚੋਣਾਂ ਲੜਨ ਵਾਲੀਆਂ ਖੱਬੀਆਂ ਧਿਰਾਂ ਹੀ ਨਹੀਂ, ਹੁਣ ਰੈਡੀਕਲ ਖੱਬੀਆਂ ਧਿਰਾਂ ਵੀ ਆਮ ਲੋਕਾਈ ਤੋਂ ਕੱਟੀਆਂ ਜਾ ਰਹੀਆਂ ਹਨ। ਲੋਕਾਂ ਦੀ ਭਾਸ਼ਾ ਵਿਚ ਉਨ੍ਹਾਂ ਨਾਲ ਗੱਲ ਕਰਨ ਲਈ ਸਭ ਤੋਂ ਪਹਿਲਾ ਕੰਮ ਲੋਕਾਂ ਨਾਲ ਜੁੜਨਾ ਹੈ। ਵਿਚਾਰ-ਪ੍ਰਗਟਾਵੇ ਦੀ ਆਜ਼ਾਦੀ, ਵਿਰੋਧੀ ਵਿਚਾਰ ਰੱਖਣ ਦੀ ਆਜ਼ਾਦੀ ਵਰਗੇ ਸੰਕਲਪ ਤੁਹਾਡੇ-ਮੇਰੇ ਵਰਗਿਆਂ ਨੂੰ ਮਹੱਤਵਪੂਰਨ ਜਾਪਦੇ ਹਨ, ਪਰ ਤੁਸੀ ਜੇ.ਐਨ.ਯੂ. ਦੀ ਸੜਕ ਪਾਰ ਕਰਕੇ ਲਾਗਲੇ ਪਿੰਡ ਮੁਨੀਰਕਾ ਹੀ ਚਲੇ ਜਾਓ: ਉੱਥੇ ਤੁਹਾਨੂੰ ਦੇਸ਼-ਧ੍ਰੋਹੀ, ਰਾਸ਼ਟਰਵਾਦ ਦੇ ਨਾਅਰੇ ਹੀ ਲੱਭਣਗੇ। ਇਤਿਹਾਸ ਅਧਿਐਨ ਕੇਂਦਰ ਦਾ ਵਿਦਿਆਰਥੀ ਹੋਣ ਕਾਰਨ ਮੈਨੂੰ ਪਤਾ ਹੈ ਕਿ ਜਦੋਂ ਰਾਮ ਮੰਦਰ ਮੁਹਿੰਮ ਸ਼ੁਰੂ ਹੋਈ ਤਾਂ ਇਸ ਅਧਿਐਨ ਕੇਂਦਰ ਦੇ ਲੋਕਾਂ ਨੇ ਰਾਮ ਮੰਦਰ ਦੇ ਨਾਂਅ ਉੱਤੇ ਹੋ ਰਹੇ ਝੂਠੇ ਪ੍ਰਾਪੇਗੰਡੇ ਦਾ ਖੰਡਨ ਕਰਨ ਲਈ ਬਹੁਤ ਕੰਮ ਕੀਤਾ। ਉਨ੍ਹਾਂ ਇਸ ਮਿਥਿਹਾਸਕ ਪਰਚਾਰ ਦੇ ਸਾਹਮਣੇ ਇਤਿਹਾਸ ਅਤੇ ਖੁਦਾਈ ਖੋਜਾਂ ਦੇ ਪਰਮਾਣਕ ਤੱਥ ਪੇਸ਼ ਕੀਤੇ। ਪਰ ਇਸਦੇ ਬਾਵਜੂਦ ਆਰ. ਐਸ. ਐਸ. ਆਪਣੇ ਪ੍ਰਾਪੇਗੰਡੇ ਵਿਚ ਬਹੁਤ ਕਾਮਯਾਬ ਰਹੀ। ਇਕ ਤਾਂ ਉਨ੍ਹਾਂ ਕੋਲ ਵਸੀਲੇ ਕਿਤੇ ਵੱਧ ਸਨ, ਤੇ ਦੂਜੇ ਉਹ ਸੌਖੇਰੀ ਭਾਸ਼ਾ ਵਰਤ ਕੇ ਜਜ਼ਬਾਤ ਹਲੂਣਨ, ਲੋਕਾਂ ਦੀ ਭਾਵਨਾਵਾਂ ਉਛਾਲਣ ਵਿਚ ਕਾਮਯਾਬ ਰਹੀ।

ਤੇ ਅੱਜ ਅਸੀਂ ਇਕ ਅਜਿਹੇ ਮੋੜ ’ਤੇ ਖੜ੍ਹੇ ਹਾਂ ਜੋ ਸਭ ਤੋਂ ਮਾੜਾ ਸਮਾਂ ਹੈ, ਪਰ ਸ਼ਾਇਦ ਸਭ ਤੋਂ ਚੰਗਾ ਸਮਾਂ ਵੀ ਹੈ। ਚੰਗਾ ਇਸ ਲਈ, ਕਿ ਜਿਹੋ ਜਿਹੇ ਹਾਲਾਤ ਬਣਾ ਦਿੱਤੇ ਗਏ ਹਨ, ਉਨ੍ਹਾਂ ਨੇ ਸਾਨੂੰ ਇਕ ਨਿਰਣਈ ਮੋੜ ’ਤੇ ਲਿਆ ਖੜ੍ਹਾ ਕੀਤਾ ਹੈ। ਪਰ ਇਸ ਸਮੇਂ, ਅਤੇ ਦਿਲੀ ਦੁੱਖ ਨਾਲ, ਮੈਂ ਕਹਿਣਾ ਚਾਹੁੰਦਾ ਕਿ ਇਸ ਸਮੇਂ ਦੀਆਂ ਘਟਨਾਵਾਂ ਵਿਚ ਦਖਲਅੰਦਾਜ਼ੀ ਨਾ ਕਰਨਜਾਂ ਉਨ੍ਹਾਂ ਤੋਂ ਲਾਂਭੇ ਰਹਿਣ ਲਈ ਮੈਂ ਪਾਰਲੀਮਾਨੀ ਖੱਬੀਆਂ ਧਿਰਾਂ ਤੋਂ ਵੀ ਵੱਧ ਕਸੂਰਵਾਰ ਰੈਡੀਕਲ ਖੱਬਿਆਂ ਨੂੰ ਮੰਨਦਾ ਹਾਂ। ਇਹ ਸਹੀ ਹੈ ਕਿ ਪਾਰਲੀਮਾਨੀ ਖੱਬੀਆਂ ਧਿਰਾਂ ਦਾ ਕੁਝ ਸਮਝੌਤੇ ਕਰ ਲੈਣ ਦਾ ਇਤਿਹਾਸ ਰਿਹਾ ਹੈ, ਜਿਸ ਕਾਰਨ ਅੱਜ ਉਹ ਇਵੇਂ ਹਾਸ਼ੀਏ ਤੇ ਧੱਕੇ ਗਏ ਦਿਸਦੇ ਹਨ, ਜਾਂ ਜਿਸ ਕਾਰਨ ਰੈਡੀਕਲ ਲੈਫਟ ਉਨ੍ਹਾਂ ਤੋਂ ਕਿਨਾਰਾ ਗਿਆ ਸੀ, ਜਿਸ ਗੱਲ ਦਾ ਜ਼ਿਕਰ ਬਾਨ ਨੇ ਆਪਣੀ ਮਿੱਲ ਵਰਕਰਾਂ ਵਾਲੀ ਮਿਸਾਲ ਵਿਚ ਕੀਤਾ ਹੈ। ਪਰ ਅੱਜ ਦੇਹੁਣ ਦੇ, ਇਸ ਘੜੀ ਦੇ ਸੰਦਰਭ ਵਿਚ ਫ਼ੌਰੀ ਦਖਲਅੰਦਾਜ਼ੀ ਦੀ ਲੋੜ ਹੈ ਪਰ ਇਹ ਲੋੜ ਨਿਰੋਲ ਦੁਸ਼ਮਣ ਨੂੰ ਕਾਬੂ ਕਰਨ ਦੀ ਨਹੀਂ, ਅਤੇ ਇਸੇ ਲਈ ਰੈਡੀਕਲ ਲੈਫਟ ਵਲੋਂ ਦਖਲਅੰਦਾਜ਼ੀ ਨਹੀਂ ਹੋ ਰਹੀ ਦਿਸਦੀ। ਰੈਡੀਕਲ ਲੈਫਟ ਵਿਚ ਇਸ ਸਮੇਂ ਸਿਆਸੀ ਨਿਰਖਣ-ਸੂਝ (ਇੱਥੇ ਉਮਰ ਦਾ ਵਰਤਿਆ ਮੂਲ ਸ਼ਬਦ ਪੁਲਿਟੀਕਲ ਇਮੈਜੀਨੇਸ਼ਨਹੈ - ਸੁਕੀਰਤ) ਦੀ ਘਾਟ ਦਿਸਦੀ ਹੈ। ਉਹ ਨਹੀਂ ਸਮਝ ਰਹੇ ਕਿ ਇਹ ਸਮਾਂ ਜਵਾਬੀ ਲੜਾਈ ਦੇਣ ਦਾ ਹੈ, ਇਨ੍ਹਾਂ ਹਾਲਾਤ ਨੂੰ ਆਪਣੇ ਕਾਬੂ ਹੇਠ ਲਿਆਉਣ ਦਾ ਹੈ, ਸਿਧਾਂਤਕ ਬਹਿਸਾਂ ਦਾ ਨਹੀਂ।

ਇਹ ਇਕ ਇਤਿਹਾਸਕ ਸਮਾਂ ਹੈ, ਅਤੇ ਇਤਿਹਾਸ ਸਾਨੂੰ ਇਸ ਕਸੌਟੀ ’ਤੇ ਪਰਖੇਗਾ ਕਿ ਇਸ ਘੜੀ ਅਸੀਂ ਕਿੰਨੀ ਕੁ ਦਖਲ ਅੰਦਾਜ਼ੀ ਕੀਤੀ ਸੀ। ਪਿਛਲੇ ਦੋ ਸਾਲਾਂ ਤੋਂ ਲੋਕ ਆਪਣੀਆਂ ਲੜਾਈਆਂ ਆਪ ਲੜ ਰਹੇ ਹਨ, ਵਿਦਿਆਰਥੀਆਂ ਦੀਆਂ ਇਹ ਸਾਰੀਆਂ ਮੁਹਿੰਮਾਂ ... ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਕਿਸੇ ਅਮਕੀ ਜਾਂ ਢਿਮਕੀ ਪਾਰਟੀ ਦੀ ਅਗਵਾਈ ਹੇਠ ਤੁਰੀਆਂ ਹਨ। ਲੋਕਾਈ ਖੁਦ ਸੜਕਾਂ ਉੱਤੇ ਉੱਤਰ ਆਈ ਹੈ। ਪੁਨੇ ਫਿਲਮ ਇੰਸਟੀਚਿਊਟ, ਹੈਦਰਾਬਾਦ ਯੂਨੀਵਰਸਟੀ, ਜਾਦਵਪੁਰ ਜਾਂ ਜੇ.ਐਨ.ਯੂ.;ਕਈ ਅੰਦੋਲਨ ਇਸ ਸਮੇਂ ਲੜਾਈ ਲੜ ਰਹੇ ਹਨ। ਸਦਾਚਾਰਕ ਪੁਲਸ ਨਿਗਰਾਨੀ ਦੇ ਵਿਰੁੱਧਯੂ ਜੀ ਸੀ ਤੇ ਕਾਬਜ਼ ਹੋਣ ਲਈਕਈ ਪੱਧਰਾਂ ਉੱਤੇ ਤਾਂ ਨਿਰੋਲ ਵਿਦਿਆਰਥੀ ਹੀ ਮੈਦਾਨ ਵਿਚ ਨਿੱਤਰੇ ਹੋਏ ਹਨ।

1904 ਵਿਚ ਲੈਨਿਨ ਨੇ ਕਿਹਾ ਸੀ, ਅਤੇ ਉਹ ਟੂਕ ਮੈਨੂੰ ਅੱਜ ਦੇ ਹਾਲਾਤ ਵਿਚ ਵੀ ਢੁੱਕਦੀ ਜਾਪਦੀ ਹੈ: ਸਾਡੀਆਂ ਅੱਖਾਂ ਸਾਹਮਣੇ ਨਿੱਤਰ ਕੇ ਆ ਰਿਹਾ ਇਨਕਲਾਬ ਸਾਨੂੰ ਬਹੁਤ ਕੁਝ ਸਿਖਾ ਰਿਹਾ ਹੈ ਪਰ ਕੀ ਅਸੀਂ ਵੀ ਇਸ ਇਨਲਾਬ ਨੂੰ ਕੁਝ ਸਿਖਾਣ ਜਾ ਰਹੇ ਹਾਂ?’ ਇਹ ਤਾਂ ਹੀ ਹੋ ਸਕੇਗਾ ਜੇਕਰ ਸਾਡੇ ਕੋਲ ਸਿਆਸੀ ਨਿਰਖਣ-ਸੂਝ ਹੋਵੇਗੀ, ਤੇ ਉਸ ਨੂੰ ਅਸੀਂ ਵਰਤਾਂਗੇ। ਇਸੇ ਲਈ ਪੁਲਿਟੀਕਲ ਇਮੈਜੀਨੇਸ਼ਨ ਇਸ ਸਮੇਂ ਦੀ ਅਹਿਮ ਲੋੜ ਹੈ।

ਉਮਰ ਦੀ ਗੱਲ ਨੂੰ ਅੱਗੇ ਤੋਰਦਿਆਂ ਅਨਿਰਬਾਨ ਕਹਿੰਦਾ ਹੈ, “ਜੋ ਕੁਝ ਪਿਛਲੇ ਡੇਢ ਮਹੀਨੇ ਵਿਚ ਹੋਇਆ ਹੈਉਸ ਨੂੰ ਦੇਖਦਿਆਂ ਮੈਨੂੰ ਵੀ ਲੈਨਿਨ ਦਾ ਇਕ ਕਥਨ ਚੇਤੇ ਆਉਂਦਾ ਹੈ ਕਿ ਕਈ ਵੇਰ ਵਰ੍ਹਿਆਂ ਬੱਧੀ ਕੁਝ ਵੀ ਨਹੀਂ ਵਾਪਰਦਾ, ਅਤੇ ਕਦੇ ਦਿਨਾਂ ਦੇ ਫੇਰ ਵਿਚ ਹੀ ਦਹਾਕੇ ਵਾਪਰ ਜਾਂਦੇ ਹਨ। ਪਰ ਜਿਨ੍ਹਾਂ ਸਮਿਆਂ ਵਿੱਚੋਂ ਅਸੀਂ ਲੰਘ ਰਹੇ ਹਾਂ, ਪਿਛਲਾ ਡੇਢ ਮਹੀਨਾ ਹੀ ਨਹੀਂ, ਪਿਛਲਾ ਸਾਲ,ਉਸ ਤੋਂ ਪਹਿਲਾ ਸਾਲ, ਆਉਣ ਵਾਲੇ ਸਾਲ - ਇਹ ਔਖੇ ਸਮੇਂ ਹਨ। ਪਰ ਜੋ ਕੁਝ ਅਸੀਂ ਇਨ੍ਹਾਂ ਸਮਿਆਂ ਵਿਚ ਕਰ ਸਕਾਂਗੇਉਹ ਇਤਿਹਾਸ ਵਿਚ ਲਿਖਿਆ ਜਾਵੇਗਾ।

ਅੱਜ ਅਸੀਂ ਉੱਠ ਕੇ ਮੁਕਾਬਲਾ ਕਰਨਾ ਚੁਣਦੇ ਹਾਂ, ਜਾਂ ਇਸ ਮੁਕਾਬਲੇ ਤੋਂ ਮੂੰਹ ਮੋੜ ਲੈਂਦੇ ਹਾਂ: ਸਾਡੀ ਇਹ ਚੋਣ ਹੀ ਇਸ ਗੱਲ ਦਾ ਫੈਸਲਾ ਕਰੇਗੀ ਕਿ ਦੇਸ ਦਾ ਭਵਿੱਖ ਕਿਸ ਪਾਸੇ ਵਲ ਮੋੜ ਕੱਟੇਗਾ। ਹੁਣ ਹੱਥ ’ਤੇ ਹੱਥ ਧਰ ਕੇ ਬੈਠੇ ਰਹਿਣ ਦਾ ਸਮਾਂ ਨਹੀਂ। ਇਸ ਰਾਜ, ਇਸ ਸਰਕਾਰ ਦਾ ਕੋਈ ਇਰਾਦਾ ਨਹੀਂ ਕਿ ਉਹ ਇਕ ਵੀ ਕਦਮ ਪਿਛਾਂਹ ਹਟੇਗੀ। ਰੋਹਿਤ ਵੇਮੁਲਾ ਦਾ ਹੀ ਮਾਮਲਾ ਲੈ ਲਉ, ਜਿਸ ਨੂੰ ਅਸੀਂ ਆਰ ਐਸ ਐਸ ਅਤੇ ਬੀਜੇਪੀ ਦੀ ਸ਼ਹਿ ਉੱਤੇ ਸੰਸਥਾ ਰਾਹੀਂ ਕੀਤਾ ਗਿਆ ਕਤਲ ਮੰਨਦੇ ਹਾਂ। ਸਾਡੀ ਮੰਗ ਸੀ ਕਿ ਅਜਿਹੇ ਦੋਸ਼ੀ ਵੀ. ਸੀ. ਨੂੰ ਹਟਾਇਆ ਜਾਵੇ। ਪਰ ਕੱਲ੍ਹ, ਪੂਰੀ ਪੁਲਸੀ ਸੁਰੱਖਿਆ ਸਮੇਤ ਉਸ ਨੂੰ ਵਾਪਸ ਲੈ ਆਂਦਾ ਗਿਆ ਹੈ, ਅਤੇ ਵਿਦਿਆਰਥੀਆਂ ਉੱਤੇ ਭਰਵਾਂ ਲਾਠੀ ਚਾਰਜ ਹੋਇਆ ਹੈ। ਇਸ ਸਮੇਂ ਯੂਨੀਵਰਸਟੀਆਂ ਦੇ ਵੀਸੀਆਂ ਨੂੰ ਭਾਵੇਂ ਉਹ ਹੈਦਰਾਬਾਦ ਯੂਨੀਵਰਸਟੀ ਦਾ ਹੋਵੇ ਭਾਵੇਂ ਫਿਲਮ ਇੰਸਟੀਚਿਊੂਟ ਦਾ, ਪੁਲਸ ਦੀ ਸੁਰੱਖਿਆ ਲੈ ਕੇ ਕੈਂਪਸ ਵਿਚ ਵੜਨਾ ਪੈਂਦਾ ਹੈ। ਮੈਨੂੰ ਜਾਪਦਾ ਹੈ, ਯੂਨੀਵਰਸਟੀਆਂ, ਵਿਦਿਆਰਥੀਆਂ ਦੇ ਭਰੇ-ਪੀਤੇ ਮਨ ਜੰਗੀ ਖੇਤਰ ਬਣਦੇ ਜਾ ਰਹੇ ਹਨ। ਸਾਰੇ ਦੇਸ ਵਿਚ ਵਿਦਿਆਰਥੀ ਲਹਿਰ ਦੇ ਪਲਰਨ, ਉਸਦੀ ਚੜ੍ਹਤ ਦੀ ਸੋਅ ਮਿਲਦੀ ਹੈ। ਅਤੇ ਇਹ ਵਿਦਿਆਰਥੀ ਹੀ ਹਨ ਜੋ ਸਮਾਜ ਦੇ ਦਮਿਤ ਵਰਗਾਂ ਦੇ ਨਾਲ ਖੜੋਤੇ ਹਨ, ਫ਼ਾਸ਼ਿਜ਼ਮ ਦੇ ਵਿਰੋਧ ਵਿਚ ਆਪਣੀ ਆਵਾਜ਼ ਉਠਾ ਰਹੇ ਹਨ। ਇਹ ਨਿਹਾਇਤ ਔਖਾ, ਪਰ ਬਹੁਤ ਮਹੱਤਵਪੂਰਨ ਸਮਾਂ ਹੈ ਉਪ੍ਰੇਸ਼ਨ ਗ੍ਰੀਨਹੰਟ ਵਿਰੁੱਧ ਸੰਘਰਸ਼ ਦਾ ਨਾਅਰਾ ਉਠਾਉਣ ਵਾਲੇ ਸਾਡੇ ਪ੍ਰੋ. ਜੀ ਐਨ ਸਾਈਬਾਬਾ ਇਸ ਸਮੇਂ ਜਿਹਲ ਵਿਚ ਹਨ (ਇਸ ਮੁਲਾਕਾਤ ਤੋਂ ਦਸ ਦਿਨ ਬਾਅਦ ਉਨ੍ਹਾਂ ਦੀ ਜ਼ਮਾਨਤੀ ਰਿਹਾਈ ਹੋ ਚੁੱਕੀ ਹੈ - ਸੁਕੀਰਤ)ਉਨ੍ਹਾਂ ਨੇ ਜੇ.ਐਨ.ਯੂ. ਵਿਚ ਦਿੱਤੇ ਆਪਣੇ ਆਖਰੀ ਭਾਸ਼ਣ ਵਿਚ ਕਿਹਾ ਸੀ, “ਇਹ ਸਮੇਂ ਨਿਰਾਸ਼ਾਜਨਕ ਹਨ, ਹਨੇਰ ਭਰੇ ਹਨ। ਪਰ ਆਪਣੇ ਸੰਘਰਸ਼ ਰਾਹੀਂ ਅਸੀਂ ਇਨ੍ਹਾਂ ਸਮਿਆਂ ਨੂੰ ਭਾਰਤ ਦੇ ਇਤਿਹਾਸ ਦਾ ਸਭ ਤੋਂ ਚਾਨਣਾ ਅਧਿਆਇ ਵੀ ਬਣਾ ਸਕਦੇ ਹਾਂ।”

ਅਤੇ ਮੈਨੂੰ ਜਾਪਦਾ ਹੈ ਅਸੀਂ ਸਾਰੇ ਅੱਜ ਉਸ ਰਾਹ ਤੇ ਤੁਰ ਪਏ ਹਾਂ।ਅਨਿਰਬਾਨ ਪੂਰੇ ਯਕੀਨ ਨਾਲ ਕਹਿੰਦਾ ਹੈ। ਮੈਂ ਰਸ਼ਕ ਭਰੀ ਨਜ਼ਰ ਨਾਲ ਉਸਨੂੰ ਦੇਖਦਿਆਂ ਸੋਚ ਰਿਹਾ ਹਾਂ ਕਿ ਅਜੇ ਪੰਜ ਹੀ ਦਿਨ ਪਹਿਲਾਂ ਤਕ ਇਹ ਮਾੜਚੂ ਜਿਹਾ, ਕੱਦ ਵਿਚ ਮੇਰੇ ਤੋਂ ਵੀ ਨਿੱਕੜਾ ਵਿਦਿਆਰਥੀ ਪੁਲਸ ਦੀ ਬੇਰਹਿਮ ਹਿਰਾਸਤ ਵਿਚ ਸੀ, ਦੇਸ਼-ਧਰੋਹ ਦੇ ਸੰਗੀਨ ਜੁਰਮ ਵਿਚ। ਮੁਕੱਦਮਾ ਅਜੇ ਵੀ ਚੱਲਣਾ ਹੈ, ਪਰ ਦੇਖੋ ਇਸਦੀ ਹਿੰਮਤ ਕਿਵੇਂ ਬਰਕਰਾਰ ਹੈ!

ਸਾਡੀ ਮੁਲਾਕਾਤ ਮੁੱਕ ਰਹੀ ਹੈ। ਮੈਂ ਦੋਹਾਂ ਨੂੰ ਕੰਟੀਨ ਵਿਚ ਚੱਲ ਕੇ ਚਾਹ ਪੀਣ ਦਾ ਸੱਦਾ ਦੇਂਦਾ ਹਾਂ। (ਮੈਨੂੰ ਪਤਾ ਲੱਗਾ ਸੀ ਕਿ ਅਨਿਰਬਾਨ ਨੇ ਕੁਝ ਰੁਝੇਵਿਆਂ ਕਾਰਨ ਲੰਘੀ ਰਾਤ ਜਗਰਾਤਾ ਜਿਹਾ ਕੱਟਿਆ ਸੀ ਅਤੇ ਸੁੱਤਾ ਉੱਠਿਆ, ਬਿਨਾਂ ਕੁਝ ਖਾਧੇ ਪੀਤੇ ਸਿੱਧਾ ਇਸ ਮੁਲਾਕਾਤ ਲਈ ਆ ਗਿਆ ਸੀ।) ਪਰ ਉਮਰ ਇਕ ਆਖਰੀ ਗੱਲ ਕਹਿ ਕੇ ਇਸ ਗੱਲਬਾਤ ਨੂੰ ਸਮੇਟਣਾ ਚਾਹੁੰਦਾ ਹੈ। ਉਸਦੇ ਸਮੇਟਵੇਂ ਸ਼ਬਦ ਇਹ ਸਨ:

ਜੋ ਕੁਝ ਜੇ.ਐਨ.ਯੂ. ਵਿਚ ਹੋਇਆਭਾਵੇਂ ਧਿਆਨ ਦੇ ਕੇਂਦਰ ਵਿਚ ਅਸੀਂ ਤਿੰਨੇ (ਕਨ੍ਹਈਆ, ਉਮਰ,ਅਨਿਰਬਾਨ) ਰਹੇ ਹਾਂ, ਪਰ ਇਹ ਹਮਲਾ ਸਿਰਫ਼ ਸਾਡੇ ਤਿੰਨਾਂ ’ਤੇ ਨਹੀਂ ਸੀ, ਇਹ ਹਮਲਾ ਉਨ੍ਹਾਂ ਖਿਆਲਾਂ ’ਤੇ ਸੀ ਜਿਨ੍ਹਾਂ ਦੀ ਇਹ ਯੂਨੀਵਰਸਟੀ ਅਲਮਬਰਦਾਰ ਹੈ। ਪਰ ਜੋ ਕੁਝ ਵੀ ਹੋਇਆ, ਇਹ ਨਿਰੋਲ ਖੋਖਲੀ ਵਾਪਰਨੀ ਸੀ। ਇਹ ਸਿਰਫ਼ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਸੀ। ਸਾਡੇ ਘਰਾਂ ਉੱਤੇ ਰੇਡ, ਸਾਡੇ ਹੋਸਟਲਾਂ ਉੱਤੇ ਛਾਪੇ, ਯੂਨੀਵਰਸਟੀ ਦੇ ਬਾਹਰ ਫ਼ਿਰਕੂ ਹਜੂਮਾਂ ਦੇ ਮੁਜ਼ਾਹਰੇ, ਟੀ. ਵੀ. ਚੈਨਲਾਂ ਰਾਹੀਂ ਸਾਡੇ ਚਿਹਰਿਆਂ ਨੂੰ ਗੋਲਿਆਂ ਵਿਚ ਰੇਖਾਂਕਤ ਕਰ ਕੇ ਦੇਸ਼-ਧ੍ਰੋਹੀਕਹਿ ਕਹਿ ਕੇ ਵਾਰ ਵਾਰ ਪੇਸ਼ ਕਰਨਾ। ਇਹ ਸਭ ਕੁਝ ਸਾਡੇ ਮਨਾਂ ਨੂੰ ਕਾਬੂ ਕਰਨ ਦੀ ਜੰਗ ਸੀ, ਸਾਡੇ ਹੌਸਲੇ ਪਸਤ ਕਰਨ ਦੀ ਜੰਗ ਸੀ। ਸਿਰਫ਼ ਸਾਨੂੰ ਡਰਾਉਣ ਦਾ ਉਪਰਾਲਾ ਸੀ, ਹੋਰ ਕੁਝ ਵੀ ਨਹੀਂ। ਫ਼ਾਸ਼ਿਜ਼ਮ ਦਾ ਹਥਿਆਰ ਹੀ ਦਹਿਸ਼ਤ ਪੈਦਾ ਕਰਨਾ ਹੁੰਦਾ ਹੈ। ਉਹ ਇਸੇ ਸਹਾਰੇ ਆਪਣੇ ਆਪ ਨੂੰ ਕਾਇਮ ਰੱਖਦਾ ਹੈ। ਪਰ ਮੈਨੂੰ ਨਹੀਂ ਜਾਪਦਾ ਕਿ ਉਹ ਸਫਲ ਹੋਏ ਹਨ, ਕਿਸੇ ਨੂੰ ਵੀ ਡਰਾ ਸਕਣ ਵਿਚ। ਤੇ ਇਹ ਹੀ ਸਭ ਤੋਂ ਮਹਤਵਪੂਰਨ ਗੱਲ ਹੈ। ਫ਼ਾਸ਼ਿਜ਼ਮ ਦੀ ਜਿੱਤ ਤਾਂ ਹੀ ਹੋ ਸਕਦੀ ਹੈ ਜੇ ਅਸੀਂ ਡਰਨਾ ਸ਼ੁਰੂ ਕਰ ਦੇਈਏ। ਸੋ, ਡਰਨਾ ਅਸੀਂ ਬਿਲਕੁਲ ਨਹੀਂ ...

*****

(250)

ਅਾਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਸੁਕੀਰਤ

ਸੁਕੀਰਤ

Jalandhar, Punjab, India.
Email: (sukirat.anand@gmail.com)

More articles from this author