Sukirat7“ਲੋਕਾਂ ਦੀ ਮਾਨਸਿਕਤਾ ਨੂੰ ‘ਅਸੀਂ ਲੋਕ’ ਅਤੇ ‘ਦੂਜੇ ਲੋਕਾਂ’ ਵਿਚ ਵੰਡ ਕੇ ਪੂਰੇ ਦੇਸ ਨੂੰ ਹੀ ਵੰਡਣ ਦੀਆਂ ਖਤਰਨਾਕ ਚਾਲਾਂ ...”
(12 ਅਪਰੈਲ 2017)

 

ਯੂ ਪੀ ਵਿਚ ਭਾਜਪਾ ਦੀ ‘ਸ਼ਾਨਦਾਰ’ ਜਿੱਤ ਤੋਂ ਬਾਅਦ ਗਊ-ਰੱਖਿਆ ਅਤੇ ਬੁੱਚੜਖਾਨਿਆਂ ਨੂੰ ਬੰਦ ਕਰਨ ਦੇ ਸਵਾਲਾਂ ਉੱਤੇ ਜੋ ਕੁਝ ਵਾਪਰ ਰਿਹਾ ਹੈ, ਉਹ ਬਹੁਤ ਕੋਝੀ ਅਤੇ ਖਤਰਨਾਕ ਹੋਣੀ ਵਲ ਇਸ਼ਾਰਾ ਕਰ ਰਿਹਾ ਹੈ।

ਪਿਛਲੇ ਦੋ ਸਾਤਿਆਂ ਵਿਚ ਉੱਤਰ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹੀ ਆਪਣੇ ਸੂਬੇ ਵਿਚ ‘ਗੈਰ-ਕਾਨੂੰਨੀ’ ਗਰਦਾਨ ਕੇ ਬੁਚੜਖਾਨੇ ਬੰਦ ਨਹੀਂ ਕਰਾਏ, ਗੁਜਰਾਤ ਸਰਕਾਰ ਨੇ ਵੀ ਕਾਨੂੰਨ ਪਾਸ ਕੀਤਾ ਹੈ ਕਿ ਗਊ-ਹੱਤਿਆ ਲਈ ਸਜ਼ਾ ਉਮਰ ਕੈਦ ਹੋਵੇਗੀ। ਛਤੀਸਗੜ੍ਹ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਜੋ ਵੀ ਗੋ-ਹੱਤਿਆ ਦਾ ਦੋਸ਼ੀ ਪਾਇਆ ਜਾਵੇਗਾ, ਉਸ ਨੂੰ ਫਾਂਸੀ ਲਾਇਆ ਜਾਵੇਗਾ। ਉਸੇ ਹੀ ਸੂਬੇ ਦੇ ਇਕ ਭਾਜਪਾ ਵਿਧਾਇਕ ਨੇ ਬਿਆਨ ਦਿੱਤਾ ਹੈ ਕਿ ਜੋ ਵੀ ਗਊਆਂ ਨੂੰ ਬਣਦੀ ਇੱਜ਼ਤ ਨਹੀਂ ਦੇਵੇਗਾ, ਉਸਦੇ ਹੱਥ-ਪੈਰ ਤੋੜ ਦਿੱਤੇ ਜਾਣਗੇ। ਵਿਸ਼ਵ ਹਿੰਦੂ ਪਰਿਸ਼ਦ ਦੀ ਮੰਗ ਦਾ ‘ਸਤਿਕਾਰ’ ਕਰਦਿਆਂ ਝਾਰਖੰਡ ਦੀ ਸਰਕਾਰ ਨੇ ਵੀ ਸਾਰੇ ‘ਗੈਰ-ਕਾਨੂੰਨੀ’ ਬੁੱਚੜਖਾਨੇ ਬੰਦ ਕਰ ਦਿੱਤੇ ਹਨ।

ਪਰ ਵਿਚਾਰਨਯੋਗ ਸਵਾਲ ਇਸ ਵੇਲੇ ਇਹ ਨਹੀਂ ਕਿ ਕੌਣ ਨਿਰਧਾਰਤ ਕਰੇਗਾ ਕਿ ਕਿਹੜਾ ਬੁੱਚੜਖਾਨਾ ਗੈਰ-ਕਾਨੂੰਨੀ ਹੈ ਤੇ ਕਿਹੜਾ ਨਹੀਂ, ਜਾਂ ਕੌਣ ਦੱਸੇਗਾ ਕਿ ਗਊਆਂ ਨੂੰ ਬਣਦੀ ਇੱਜ਼ਤ ਦੇਣ ਦੇ ਪੈਮਾਨੇ ਕੀ ਹਨ। ਸਵਾਲ ਇਸ ਵੇਲੇ ਇਹ ਹੈ ਕਿ ਇਹੋ ਜਿਹੇ ਗਊ-ਅਧਾਰਤ ਨਵ-ਰਾਸ਼ਟਰਵਾਦ ਦੇ ਆਧਾਰ ਉੱਤੇ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਹੈ, ਉਹ ਸਾਨੂੰ ਕਿਸ ਪਾਸੇ ਲਿਜਾ ਰਿਹਾ ਹੈ?

ਡੇਢ ਸਾਲ ਪਹਿਲਾਂ ਉੱਤਰ ਪ੍ਰਦੇਸ਼ ਦੇ ਪਿੰਡ ਦਾਦਰੀ ਵਿਚ ਮੁਹੰਮਦ ਅਖਲਾਕ ਨੂੰ ਉਸਦੇ ਘਰ ਵਿਚ ਮਾਰ ਦਿੱਤਾ ਗਿਆ ਸੀ, ਕਿਉਂਕਿ ਉਸਦੇ ਫਰਿੱਜ ਵਿਚ ਗਊ-ਮਾਸ ਹੋਣ ਦੀ ਅਫ਼ਵਾਹ ਫੈਲਾਈ ਗਈ ਸੀ ਅਜੇ ਛੇ ਮਹੀਨੇ ਪਹਿਲਾਂ ਗੁਜਰਾਤ ਵਿਚ ਗੋ-ਰੱਖਿਆ ਦੇ ਨਾਂਅ ਉੱਤੇ ਮਰੇ ਜਾਨਵਰਾਂ ਦਾ ਚੰਮ ਲਾਹੁਣ ਵਾਲੇ ਦਲਿਤਾਂ ਦੀ ਜਨਤਕ ਤੌਰ ਉੱਤੇ ਚਮੜੀ ਉਧੇੜੀ ਗਈ ਸੀ। ਅਤੇ ਹੁਣ ਹਰਿਆਣਾ ਦੇ ਗਵਾਲੇ ਪਹਿਲੂ ਖਾਨ ਨੂੰ ਗੋ-ਹਤਿਆਰਾ ਕਹਿ ਕੇ ਰਾਜਸਥਾਨ ਦੇ ਸ਼ਹਿਰ ਬਹਿਰੋੜ ਵਿਚ ਮਾਰ ਮੁਕਾਇਆ ਗਿਆ ਹੈ ਜਦੋਂਕਿ ਉਹ ਕਿਸੇ ਪਸ਼ੂ ਮੰਡੀ ਤੋਂ ਆਪਣੀ ਡੇਰੀ ਲਈ ਲਵੇਰੀਆਂ ਖਰੀਦ ਕੇ ਲਿਆ ਰਿਹਾ ਸੀ।

ਇਹ ਸਾਰੀਆਂ ਨਿਹਾਇਤ ਦਿਲ-ਕੰਬਾਊ ਘਟਨਾਵਾਂ ਹਨ ਪਰ ਇਸ ਤੋਂ ਵੀ ਵੱਧ ਦਹਿਲਾਊ ਗੱਲ ਇਹ ਹੈ ਕਿ ਇਹ ਮੌਤਾਂ, ਇਹ ਜ਼ੁਲਮ, ਇਹ ਧੱਕੇਸ਼ਾਹੀ ਦਰਅਸਲ ਇਕ ਅਜਿਹੇ ਖਤਰਨਾਕ ਮਾਹੌਲ ਵੱਲ ਇਸ਼ਾਰਾ ਕਰ ਰਹੇ ਹਨ, ਜਿਹੜਾ ਹੁਣ ਸਾਡੇ ਘਰਾਂ ਦੀਆਂ ਬਰੂਹਾਂ ਉੱਤੇ ਆਣ ਖੜੋਤਾ ਹੈ, ਸਾਡੇ ਵਾਤਾਵਰਣ ਵਿਚ ਜ਼ਹਿਰ ਘੋਲਣ ਲੱਗ ਪਿਆ ਹੈ। ਇਸ ਮਾਹੌਲ ਨੂੰ ਸਮਝਣ ਦੀ ਲੋੜ ਹੈ।

 ਜਦੋਂ ਵੀ ਕਦੇ ਮਨੁੱਖ ਕਿਸੇ ਨਿਰੋਲ ਅਣਜਾਣੇ ਮਨੁੱਖ ਦਾ ਵੈਰੀ ਬਣਦਾ ਹੈ, ਕਿਸੇ ਅਜਿਹੇ ਵਿਅਕਤੀ ਨੂੰ ਕੋਹਣ ਤੋਂ ਝਿਜਕਦਾ ਨਹੀਂ, ਜਿਸਨੂੰ ਉਹ ਜਾਣਦਾ ਤਕ ਨਹੀਂ ਸੀ, ਤਾਂ ਉਸ ਅੰਦਰ ਆਪਣੀ ਫਿਤਰਤ ਕਾਰਨ ਉਪਜੀ ਨਹੀਂ, ਸਗੋਂ ਮਾਹੌਲ ਦੀ ਸਿਰਜੀ ਹੋਈ ਹਿੰਸਾ ਭੜਕ ਰਹੀ ਹੁੰਦੀ ਹੈ ਉਹ ਇਕ ਅਜਿਹੀ ਨਫ਼ਰਤ ਵਿਚ ਅੰਨ੍ਹਾ ਹੋਇਆ ਹੁੰਦਾ ਹੈ ਜੋ ਉਸਦੇ ਅੰਦਰ ਸੀ ਨਹੀਂ, ਉਸਦੇ ਅੰਦਰ ਪੈਦਾ ਕੀਤੀ ਗਈ ਸੀ।

1947, 1984, 2002 ਇਸੇ ਨਫ਼ਰਤ ਦੀਆਂ ਅਹਿਮ ਮਿਸਾਲਾਂ ਹਨ ਜੋ ਉਨ੍ਹਾਂ ਵੇਲਿਆਂ ਦੇ ਮਾਹੌਲ ਰਾਹੀਂ ਮਨੁੱਖ ਅੰਦਰ ਪੈਦਾ ਕੀਤੀ ਗਈ ਸੀ, ਜਦੋਂ ਭਰਾ-ਭਰਾ ਦਾ, ਹਮਸਾਇਆ-ਹਮਸਾਏ ਦਾ, ਇਕ ਫਿਰਕਾ ਦੂਜੇ ਫਿਰਕੇ ਦੇ ਖੂਨ ਦਾ ਪਿਆਸਾ ਹੋ ਗਿਆ ਸੀ47 ਵਿਚ ਲੱਖਾਂ ਲੋਕ ਮਾਰੇ ਗਏ, 1984 ਅਤੇ 2002 ਵਿਚ ਹਜ਼ਾਰਾਂ, ਪਰ ਇਨ੍ਹਾਂ ਫਸਾਦਾਂ (ਤੇ ਇਹੋ ਜਿਹੇ ਅਣਗਿਣਤ ਹੋਰ ਮੁਕਾਬਲਤਨ ਛੋਟੇ ਫਸਾਦਾਂ ਦਾ) ਸਾਂਝਾ ਸੂਤਰ ਹਮੇਸ਼ਾ ਇਹ ਰਿਹਾ ਹੈ ਕਿ ਇਹ ਉਨ੍ਹਾਂ ਸਿਆਸਤਦਾਨਾਂ ਦੀਆਂ ਚਾਲਾਂ ਦਾ ਨਤੀਜਾ ਹੁੰਦੇ ਹਨ ਜੋ ਆਪਣੀਆਂ ਵਕਤੀ ਲੋੜਾਂ ਲਈ ਆਮ ਲੋਕਾਂ ਨੂੰ ਵਰਗਲਾ ਲੈਂਦੇ ਹਨ, ‘ਹੋਰਨਾਂ’ ਪ੍ਰਤੀ ਨਫ਼ਰਤ ਦਾ ਜ਼ਹਿਰ ਘੋਲ ਕੇ ਉਨ੍ਹਾਂ ਅੰਦਰ ਹਿੰਸਕ ਮਾਦਾ ਪੈਦਾ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ।

ਅਸੀਂ ਮੁੜ ਅਜਿਹੇ ਹੀ ਨਫਰਤਾਂ ਦੇ ਦੌਰ ਦੀ ਸਿਰਜਣਾ ਦੇ ਨੰਗੇ ਚਿੱਟੇ ਉਪਰਾਲਿਆਂ ਦੇ ਸਮਿਆਂ ਵਿੱਚੋਂ ਲੰਘ ਰਹੇ ਹਾਂ। ਕੱਲ੍ਹ ਤਕ ਜੇ ਇਹ ਜਾਪਦਾ ਸੀ ਕਿ ਇਹ ‘ਅਸਹਿਣਸ਼ੀਲਤਾ’ ਦਾ ਦੌਰ ਹੈ, ਜਾਂ ਹਿੰਦੂਤਵ-ਵਾਦੀ ਰਾਸ਼ਟਰਵਾਦ ਦੀ ਚੜ੍ਹਤ ਦਾ ਦੌਰ ਹੈ, ਤਾਂ ਹਾਲੀਆ ਘਟਨਾਵਾਂ ਤੋਂ ਇਹ ਜਾਪਣ ਲੱਗ ਪਿਆ ਹੈ ਕਿ ਨਹੀਂ, ਇਹ ਤਾਂ ਸਾਫ਼-ਸਾਫ਼ ਫ਼ਿਰਕੂ ਨਫ਼ਰਤਾਂ ਬੀਜਣ, ਅਤੇ ਉਨ੍ਹਾਂ ਤੋਂ ਲਾਹਾ ਖੱਟਣ ਦੇ ਬੇਸ਼ਰਮ ਸਮਿਆਂ ਦਾ ਦੌਰ ਹੈ। ਲੋਕਾਂ ਦੀ ਮਾਨਸਿਕਤਾ ਨੂੰ ‘ਅਸੀਂ ਲੋਕ’ ਅਤੇ ‘ਦੂਜੇ ਲੋਕਾਂ’ ਵਿਚ ਵੰਡ ਕੇ ਪੂਰੇ ਦੇਸ ਨੂੰ ਹੀ ਵੰਡਣ ਦੀਆਂ ਖਤਰਨਾਕ ਚਾਲਾਂ ਦੀ ਖੁੱਲ੍ਹ-ਖੇਡ ਦਾ ਸਮਾਂ ਹੈ। ਬਹੁਗਿਣਤੀ ਦੇ ਅਸਲੀ ਨੁਮਾਇੰਦੇ ਹੋਣ ਦਾ ਢੌਂਗ ਰਚ ਕੇ ਘਟਗਿਣਤੀਆਂ ਨੂੰ ਦਬਾਉਣ-ਕੁਚਲਣ ਦੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਦਾ ਕਾਰਜ ਸ਼ੁਰੂ ਹੋ ਚੁੱਕਾ ਹੈ।

ਭਾਰਤ ਦੀ ਸਭ ਤੋਂ ਵੱਡੀ ਘੱਟਗਿਣਤੀ, ਮੁਸਲਮਾਨਾਂ ਨੂੰ ਗੁੱਠੇ ਲਾਉਣ ਦੇ ਇਨ੍ਹਾਂ ਉਪਰਾਲਿਆਂ ਦੀਆਂ ਇਹ ਕੋਸ਼ਿਸ਼ਾਂ ਕੋਈ ਨਵੀਂ ਗੱਲ ਨਹੀਂ। ਸਗੋਂ ਇਸ ਕਿਸਮ ਦੀਆਂ ਧੱਕੇਜ਼ੋਰੀਆਂ ਏਨੀਆਂ ਆਮ ਅਤੇ ਲਗਾਤਾਰ ਹੁੰਦੀਆਂ ਜਾ ਰਹੀਆਂ ਹਨ ਕਿ ਡਰ ਲੱਗਣ ਪਿਆ ਹੈ ਕਿ ਨਿੱਤ ਹੋਣ ਵਾਲੇ ਬਲਾਤਕਾਰਾਂ, ਜਾਂ ਭ੍ਰਿਸ਼ਟਾਚਾਰ ਦੇ ਕਿੱਸਿਆਂ ਵਾਂਗ ਭਾਰਤੀ ਮੁਸਲਮਾਨਾਂ ਨੂੰ ਨਪੀੜਨ ਦੀਆਂ ਨਿਤ ਨਵੀਂਆਂ ਖਬਰਾਂ ਸੁਣਨ ਦੇ ਵੀ ਲੋਕ ਹੁਣ ਆਦੀ ਹੁੰਦੇ ਜਾ ਰਹੇ ਹਨ। ਪਰ ਇਸ ਦੇ ਬਾਵਜੂਦ ਰਾਜਸਥਾਨ ਵਿਚ ਜਿਸ ਢੰਗ ਨਾਲ ਪਹਿਲੂ ਖਾਨ ਦੀ ਮੌਤ ਹੋਈ, ਉਹ ਕੁਝ ਹੋਰ ਕਿਸਮ ਦੇ ਖਤਰਿਆਂ ਦੇ ਵੀ ਟੱਲ ਖੜਕਾ ਰਹੀ ਹੈ।

ਪਹਿਲੀ ਗੱਲ ਤਾਂ ਇਹ ਕਿ, ਪਸ਼ੂਆਂ ਨੂੰ ਲਿਜਾ ਰਹੇ ਵਾਹਨਾਂ ਨੂੰ ਰੋਕ ਕੇ ‘ਗੋ-ਰੱਖਿਅਕਾਂ’ ਨੇ ਸਭ ਤੋਂ ਪਹਿਲਾਂ ਸਾਰਿਆਂ ਦੇ ਨਾਂਅ ਪੁੱਛੇ। ਹਿੰਦੂ ਨਾਂਵਾਂ ਵਾਲਿਆਂ ਨੂੰ ਛੱਡ ਦਿੱਤਾ ਗਿਆ, ਅਤੇ ਮੁਸਲਮਾਨ ਨਾਂਵਾਂ ਵਾਲਿਆਂ ਨੂੰ ਰੋਕ ਲਿਆ ਗਿਆ। ਪੰਜਾਬ ਨੇ ਉਹ ਦਿਨ ਦੇਖੇ ਹੋਏ ਹਨ ਜਦੋਂ ਨਾਂਵਾਂ ਜਾਂ ਸਰੂਪ ਦੇ ਆਧਾਰ ਉੱਤੇ ਬੱਸਾਂ ਵਿੱਚੋਂ ਕੱਢ ਕੇ ਮੁਸਾਫ਼ਰਾਂ ਨੂੰ ਕੋਹਿਆ ਜਾਂਦਾ ਸੀ। ਇਸ ਇਤਿਹਾਸ ਤੋਂ ਵਾਕਫ਼ ਪੰਜਾਬੀਆਂ ਲਈ ਕਿਆਸ ਕਰ ਸਕਣਾ ਔਖਾ ਨਹੀਂ ਕਿ ਇਹ ਕਿਹੋ ਜਿਹੀ ਖਤਰਨਾਕ ਖੇਡ ਖੇਡੀ ਜਾ ਰਹੀ ਹੈ ਅਤੇ ਦੇਸ ਨੂੰ ਕਿੱਥੇ ਪਹੁੰਚਾ ਸਕਦੀ ਹੈ।

ਦੂਜੇ, ਮਿਲੀਆਂ ਰਿਪੋਰਟਾਂ ਮੁਤਾਬਕ ਪਹਿਲੂ ਖਾਨ ਨੂੰ ਪਹਿਲੋਂ ਤਾਂ ਇਹ ਕਹਿ ਕੇ ਛੱਡ ਦਿੱਤਾ ਗਿਆ ਕਿ ਤੂੰ ਬੁਢਾ ਆਦਮੀ ਹੈਂ, ਜਾ, ਭੱਜ ਜਾ। ਪਰ ਜਦੋਂ ਉਹ ਜਾਨ ਬਚਾਉਣ ਲਈ ਭੱਜਿਆ ਤਾਂ ਉਸ ਦੇ ਪਿੱਛੇ ਭੱਜ ਕੇ ਉਸਨੂੰ ਫੇਰ ਫੜਿਆ ਅਤੇ ਕੁੱਟਿਆ ਗਿਆ। ਅਤੇ ਇਸੇ ਕੁੱਟ ਕਾਰਨ ਉਸਦੀ ਮੌਤ ਹੋਈ। ਯਾਨੀ ਇਹ ‘ਗੋ-ਰੱਖਿਅਕ’ ਦਰਅਸਲ ਇਸ ‘ਸ਼ਿਕਾਰ’ ਨੂੰ ‘ਪਹਿਲੋਂ ਭਜਾ ਕੇ ਫੇਰ ਮਾਰਨ’ ਦੀ ਖੇਡ ਦਾ ਮਜ਼ਾ ਲੈ ਰਹੇ ਸਨ। ਗਊਆਂ ਦਾ ਤਾਂ ਐਂਵੇਂ ਬਹਾਨਾ ਹੀ ਸੀ, ਅਸਲ ਮਨਸ਼ਾ ਮੁਸਲਮਾਨਾਂ ਨੂੰ ਮਾਰ ਕੇ ਸੁਆਦ ਲੈਣ ਦੀ ਸੀ। ਉਂਜ ਵੀ, ਦੁਧਾਰੂ ਪਸ਼ੂ ਅਤੇ ਫੰਡਰ ਗਾਂ ਵਿਚਲੇ ਫ਼ਰਕ ਦੀ ਪਛਾਣ ਹਰ ਪੇਂਡੂ ਆਦਮੀ ਸੌਖਿਆਂ ਹੀ ਕਰ ਸਕਦਾ ਹੈ। ਨਾਲੇ ਪਹਿਲੂ ਖਾਨ ਕੋਲ ਤਾਂ ਪਸ਼ੂ-ਮੰਡੀ ਵਿੱਚੋਂ ਦੁਧਾਰੂ ਗਾਂ ਖਰੀਦਣ ਬਾਰੇ ਕਾਗਜ਼ ਵੀ ਮੌਜੂਦ ਸਨ। ਪਰ ਜੇ ਗੋ-ਰੱਖਿਅਕਾਂ ਦੀ ਮਨਸ਼ਾ ਅਤੇ ਮਾਨਸਿਕਤਾ ਹੀ ‘ਮਲੇਛਾਂ’ ਨੂੰ ਫੁੰਡਣ ਦੀ ਹੋਵੇ ਤਾਂ ਕਿਸੇ ਵੀ ਕਿਸਮ ਦੇ ਦਸਤਾਵੇਜ਼ ਨੂੰ ਉਨ੍ਹਾਂ ਪੜਤਾਲਣਾ ਹੀ ਕਾਹਨੂੰ ਸੀ!

ਤੀਜੀ, ਅਤੇ ਸ਼ਾਇਦ ਸਭ ਤੋਂ ਵੱਧ ਬੇਸ਼ਰਮੀ ਵਾਲੀ ਗੱਲ। ਘਟਨਾ ਵਾਪਰਨ ਦੇ ਤਿੰਨ ਦਿਨ ਮਗਰੋਂ, ਅਖਬਾਰਾਂ ਹੀ ਨਹੀਂ ਟੀ ਵੀ ਤਕ ਉੱਤੇ ਇਸ ਮੰਦਭਾਗੀ ਘਟਨਾ ਦੇ ਨਸ਼ਰ ਹੋਣ ਦੇ ਦੋ ਦਿਨ ਬਾਅਦ, ਪਾਰਲੀਮੈਂਟ ਵਿਚ ਪਾਰਲੀਮਾਨੀ ਅਤੇ ਘੱਟਗਿਣਤੀਆਂ ਦੇ ਰਾਜ ਮੰਤਰੀ ਮੁਖਤਾਰ ਅਬਾਸ ਨਕਵੀ ਨੇ ਇਹ ਬਿਆਨ ਦੇ ਮਾਰਿਆ, “ਜਿਸ ਤਰ੍ਹਾਂ ਦੀ ਘਟਨਾ ਪੇਸ਼ ਕੀਤੀ ਜਾ ਰਹੀ ਹੈ, ਇਹੋ ਜਿਹੀ ਕੋਈ ਘਟਨਾ ਜ਼ਮੀਨ ’ਤੇ ਹੋਈ ਹੀ ਨਹੀਂ” ਜੇ ਪਾਰਲੀਮੈਂਟ ਵਿਚ ਖੜੋ ਕੇ ਮੰਤਰੀ ਸਾਹਿਬਾਨ ਇਹੋ ਜਿਹੇ ਬਿਆਨ ਦੇ ਸਕਦੇ ਹਨ, ਇੰਜ ਮੁੱਕਰ ਸਕਦੇ ਹਨ ਤਾਂ ਫੇਰ ਬਾਕੀ ਥਾਂਵਾਂ ਦੀ ਤਾਂ ਗੱਲ ਹੀ ਛੱਡੋਸਿਆਸੀ ਜਲਸਿਆਂ ਜਾਂ ਮੀਡੀਏ ਵਿਚ ਤਾਂ ਜੋ ਮੂੰਹ ਆਵੇ, ਕਹੀ ਜਾਵੋ, ਕੋਈ ਰੋਕਣ-ਟੋਕਣ ਵਾਲਾ ਹੀ ਨਹੀਂ। ਸ਼ਾਇਦ ਇਹ ਤੱਥਾਂ ਨੂੰ ਤੋੜ ਮਰੋੜ ਕੇ ਬਣਾਏ ਜਾਂਦੇ ‘ਉੱਤਰ-ਸੱਚ’ ਤੋਂ ਵੀ ਅਗਾਂਹ ਦਾ ਜ਼ਮਾਨਾ ਹੈ: ਸੁਧੇ ਝੂਠਾਂ ਦਾ ਦੌਰ।

ਪਰ ਇਹ ਦੌਰ ਸਾਨੂੰ ਨਫ਼ਰਤਾਂ ਦੇ ਜਿਸ ਤੰਦੂਰ ਵਲ ਧੱਕ ਰਿਹਾ ਹੈ, ਉਹ ਹੁਣ ਤਪਿਆ ਪਿਆ ਹੈ। ਅਸੀਂ ਜਿੱਥੇ ਵੀ ਹਾਂ, ਜਿਸ ਵੀ ਸਿਆਸੀ ਵਿਚਾਰਧਾਰਾ ਜਾਂ ਧਾਰਮਿਕ ਅਕੀਦੇ ਵਾਲੇ ਹਾਂ, ਜੇ ਅਸੀਂ ਭਾਰਤ ਨੂੰ ‘ਹਿੰਦੂ ਪਾਕਿਸਤਾਨ’ ਬਣਨ ਤੋਂ ਬਚਾਉਣਾ ਹੈ ਤਾਂ ਸਾਨੂੰ ਚੌਕੰਨਿਆਂ ਰਹਿਣਾ ਪਵੇਗਾ ਕਿ ਕੋਈ ਵੀ ਇਸ ਤਪੇ ਹੋਏ ਤੰਦੂਰ ਵਿੱਚੋਂ ਆਪਣੀ ਸਿਆਸੀ ਰੋਟੀਆਂ ਨਾ ਸੇਕ ਸਕੇ, ਸਾਨੂੰ ਆਪਣੇ ਝੂਠਾਂ ਨਾਲ ਭਰਮਾ ਨਾ ਲਵੇ, ਸਾਡੇ ਵਿਚ ਵੰਡੀਆਂ ਨਾ ਪਾ ਸਕੇ। ਹੋਰ ਸਾਰੀਆਂ ਗੱਲਾਂ ਨੂੰ ਹਾਲ ਦੀ ਘੜੀ ਲਾਂਭੇ ਰੱਖ ਕੇ, ਇਸ ਦੌਰ ਵਿਚ ਭਾਰਤ ਦੇ ਮੂਲ ਸਰੂਪ ਨੂੰ ਬਚਾ ਕੇ ਰੱਖਣਾ ਸਮੇਂ ਦੀ ਫੌਰੀ ਅਤੇ ਪਹਿਲ ਮੰਗਦੀ ਲੋੜ ਹੈ।

*****

(664)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸੁਕੀਰਤ

ਸੁਕੀਰਤ

Jalandhar, Punjab, India.
Email: (sukirat.anand@gmail.com)

More articles from this author