Sukirat7ਇਸ ਬਹੁਕੌਮੀਬਹੁ-ਭਾਸ਼ਾਈਬਹੁ-ਵਿਚਾਰਧਾਰਾਈ ਅਤੇ ਬਹੁ-ਸਭਿਆਚਾਰੀ ਦੇਸ ਦਾ ਭਵਿੱਖ  ...
(ਮਾਰਚ 10, 2016)

 

ਲੰਘੇ ਮਹੀਨੇ, ਜਦੋਂ ਹਰਿਆਣੇ ਵਿਚ ਅੱਗਜ਼ਨੀ ਅਤੇ ਲੁੱਟ ਖਸੋਹ ਦੀਆਂ ਘਟਨਾਵਾਂ ਨੇ ਸੂਬੇ ਹੀ ਨਹੀਂ, ਦੇਸ ਦੀ ਰਾਜਧਾਨੀ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੋਵੇ, ਜਦੋਂ ਬਸਤਰ ਦੀ ਵੀਰਾਂਗਣਾ ਸੋਨੀ ਸੋਰੀ ਉੱਤੇ ਵਹਿਸ਼ੀਆਨਾ ਹਮਲਾ ਕੀਤਾ ਗਿਆ ਹੋਵੇ, ਜਦੋਂ ਛਤੀਸਗੜ੍ਹ ਦੇ ਮਾਓਵਾਦ-ਪ੍ਰਭਾਵਤ ਇਲਾਕਿਆਂ ਦਾ ਜਾਇਜ਼ਾ ਲੈਣ ਆਏ ਪੱਤਰਕਾਰਾਂ ਅਤੇ ਵਕੀਲਾਂ ਨੂੰ ਪ੍ਰਸ਼ਾਸਨ ਨੇ ਉੱਥੋਂ ਜ਼ਬਰਦਸਤੀ ਖਦੇੜਿਆ ਹੋਵੇ, ਜਦੋਂ ਦਿੱਲੀ ਦੀ ਅਦਾਲਤ ਵਿਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਹੁਣ ਅਲਾਹਬਾਦ ਵਿਚ ਵੀ ਅਣਪਛਾਤੇਭਾਜਪਾਈ ਵਕੀਲਾਂ ਰਾਹੀਂ ਖੱਬੇ-ਪੱਖੀ ਵਕੀਲਾਂ ਅਤੇ ਕਾਰਕੁਨਾਂ ਦੇ ਸ਼ਾਂਤ ਗਰੁੱਪ ਉੱਤੇ ਹਮਲਾ ਕੀਤਾ ਗਿਆ ਹੋਵੇ: ਅਫ਼ਸੋਸ ਦੀ ਗੱਲ ਸਾਡਾ ਧਿਆਨ ਇਨ੍ਹਾਂ ਗੰਭੀਰ ਮੁੱਦਿਆਂ ਨੂੰ ਵਿਚਾਰਨ ਦੀ ਥਾਂ ਸਮ੍ਰਿਤੀ ਇਰਾਨੀ ਦੇ ਪਾਰਲੀਮੈਂਟ ਵਿਚ ਦਿੱਤੇ ਗਏ ਨਿਹਾਇਤ ਨਾਟਕੀ ਭਾਸ਼ਣ ਵੱਲ ਕੇਂਦਰਤ ਹੈ।

ਕਿਉਂ? ਕਿਉਂਕਿ ਰੋਹਿਤ ਵੇਮੁਲਾ - ਜੇ.ਐਨ.ਯੂ. - ਕਨ੍ਹਈਆ ਕੁਮਾਰ - ਉਮਰ ਖਾਲਿਦ ਦੇ ਸੰਦਰਭ ਵਿਚ ਵਾਪਰੀਆਂ ਘਟਨਾਵਾਂ ਕਾਰਨ ਪਾਰਲੀਮੈਂਟ ਵਿਚ ਉੱਠੇ ਗੰਭੀਰ ਸਵਾਲਾਂ ਦਾ ਜਵਾਬ ਦੇਂਦਿਆਂ ਸਮ੍ਰਿਤੀ ਇਰਾਨੀ ਨੇ ਜੋ ਭਾਸ਼ਣ ਦਿੱਤਾ, ਉਹ ਇਕ ਪਾਸਿਓਂ ਜੇਕਰ ਜਜ਼ਬਾਤ-ਭੜਕਾਊ ਸਟੇਜੀ ਅਦਾਕਾਰੀ ਦਾ ਬਿਹਤਰੀਨ ਨਮੂਨਾ ਸੀ, ਤਾਂ ਦੂਜੇ ਸਿਰਿਓਂ ਮੁੱਦੇ ਤੋਂ ਭਟਕਾਊ ਭੰਬਲ-ਭੂਸਿਆਂ ਅਤੇ ਸੁਧੇ ਝੂਠਾਂ ਦੇ ਮਿਲਗੋਭੇ ਦੀ ਮਿਸਾਲੀ ਵਰਤੋਂ।

ਆਪਣਾ ਜੋ ਰੂਪ ਉਸ ਦਿਨ ਲੋਕ ਸਭਾ ਵਿਚ ਸਮ੍ਰਿਤੀ ਇਰਾਨੀ ਨੇ ਪੇਸ਼ ਕੀਤਾ, ਉਸ ਨਾਲ ਹਰ ਸੋਚਵਾਨ ਦੇ ਸਿਰ ਵਿਚ ਖਤਰੇ ਦੇ ਘੜਿਆਲ ਵੱਜਣੇ ਚਾਹੀਦੇ ਹਨ। ਇਹ ਰੂਪ ਭਾਜਪਾ (ਅਤੇ ਇਸਦੇ ਪਿੱਛੇ ਲੁਕੇ ਸੰਘ-ਪਰਵਾਰ) ਦੇ ਹਮਲਾਵਰ, ਸਭ ਨੂੰ ਲਿਤਾੜੂ, ਅਤੇ ਗੱਜ-ਵੱਜ ਕੇ ਆਪਣੇ ਏਜੰਡੇ ਨੂੰ ਅਗਾਂਹ ਧੱਕਣ ਦੀ ਨੰਗੀ-ਚਿੱਟੀ ਕੋਸ਼ਿਸ਼ ਕਰਨ ਦਾ ਦਿਲ-ਹਿਲਾਊਰੂਪ ਹੈ। ਲੇਸਲੀ ਭਾਵੁਕਤਾ, ਫ਼ਿਲਮੀ ਦੇਸ਼-ਪ੍ਰੇਮ, ਅਤੇ ਨਕਲੀ ਰੋਹ ਦੀ ਖਿਚੜੀ ਨੂੰ ਸਮ੍ਰਿਤੀ ਇਰਾਨੀ ਨੇ ਸੋਚੀ ਸਮਝੀ ਗਲਤ-ਬਿਆਨੀ ਦਾ ਅਜਿਹਾ ਤੜਕਾ ਲਾਇਆ ਹੋਇਆ ਸੀ, ਕਿ ਪਹਿਲੀ ਨਜ਼ਰੇ ਬਹੁਤ ਸਾਰੇ ਸਰੋਤਿਆਂ ਦੇ ਦਿਲ ਪੰਘਰ ਗਏ। ਉਸ ਦੀ ਇਸ ਲੱਛੇਦਾਰ ਲੱਫ਼ਾਜ਼ੀ ਨੇ ਹੋਰ ਕੁਝ ਸਿੱਧ ਕੀਤਾ ਨਾ ਕੀਤਾ, ਇਹ ਜ਼ਰੂਰ ਸਿੱਧ ਕਰ ਦਿੱਤਾ ਕਿ ਭਾਜਪਾ ਕੋਲ ਮੋਦੀ ਵਰਗਾ ਇਕ ਹੋਰ ਕੀਲਵਾਂਬੁਲਾਰਾ ਆ ਗਿਆ ਹੈ ਜੋ ਨਾ ਸਿਰਫ਼ਤੱਥ ਮਰੋੜਨੇ ਜਾਣਦਾ ਹੈ, ਬਲਕਿ ਜਜ਼ਬਾਤ ਉਛਾਲਣੇ ਵੀ ਜਾਣਦਾ ਹੈ।

ਸਮ੍ਰਿਤੀ ਇਰਾਨੀ ਕੋਲੋਂ ਪੁੱਛਿਆ ਇਹ ਗਿਆ ਸੀ ਕਿ ਉਸਨੇ ਹੈਦਰਾਬਾਦ ਯੂਨੀਵਰਸਟੀ ਦੇ ਵੀ ਸੀ ਨੂੰ ਤਾਬੜਤੋੜ ਖ਼ਤ ਕਿਉਂ ਲਿਖੇ, ਜਿਨ੍ਹਾਂ ਕਾਰਨ ਰੋਹਿਤ ਵੇਮੁਲਾ ਨੂੰ ਉੱਥੋਂ ਕੱਢਿਆ ਗਿਆਜਵਾਬ ਵਿਚ ਮੰਤਰੀ ਜੀ ਨੇ ਤਾਬੜਤੋੜ ਉਹ ਖ਼ਤ ਪੜ੍ਹਨੇ ਸ਼ੁਰੂ ਕਰ ਦਿੱਤੇ, ਜੋ ਪਿਛਲੇ ਦੋ ਸਾਲਾਂ ਵਿਚ ਅੱਡੋ-ਅੱਡ ਪਾਰਟੀਆਂ ਦੇ ਪਾਰਲੀਮੈਂਟ ਮੈਂਬਰਾਂ ਨੇ ਉਸ ਨੂੰ ਕਿਸੇ ਦੀ ਸਿਫ਼ਾਰਿਸ਼, ਕਿਸੇ ਦੀ ਬਦਲੀ ਲਈ ਲਿਖੇ ਹੋਣਗੇ, ਤੇ ਜਿਨ੍ਹਾਂ ਦੇ ਉਸਨੇ ਜਵਾਬ ਦਿੱਤੇ। ਇਹ ਸਾਬਤ ਕਰਨ ਲਈ ਕਿ ਮੈਂ ਤਾਂ ਹਰ ਖ਼ਤ ਦਾ ਜਵਾਬ ਦੇਂਦੀ ਹਾਂ ਅਤੇ ਬਹੁਤ ਸਾਰੇ ਖ਼ਤ ਲਿਖਦੀ ਹਾਂ। ਮੂਲ ਸਵਾਲ ਦਾ ਜਵਾਬ ਤਾਂ ਕੀ ਦੇਣਾ ਸੀ, ਇਹ ਭੰਬਲ਼ਭੂਸਾ ਪਾਕੇ ਉਹ ਫਟਾਫਟ ਡਰਾਮੇ ਦੇ ਅਗਲੇ ਸੀਨ ਵੱਲ ਤੁਰ ਪਈ।

ਹੁਣ ਵਾਰੀ ਮਾਂਦਾ ਪੱਤਾ ਖੇਡਣ ਦੀ ਸੀ। ਸਮ੍ਰਿਤੀ ਇਰਾਨੀ ਨੇ ਆਪਣੇ ਮੰਤਰੀ-ਰੂਪ ਨੂੰ ਤਿਆਗਦਿਆਂ ਔਰਤ ਦਾ ਪਹਿਰਾਵਾ ਪਹਿਨ ਲਿਆ: ਮੈਂ ਵੀ ਆਪਣੀ ਕੁੱਖ ਤੋਂ ਬੱਚਿਆਂ ਨੂੰ ਜਨਮ ਦਿੱਤਾ ਹੈ, ਕੋਈ ਜਨਨੀ ਹੀ ਆਪਣੇ ਬਾਲ ਨੂੰ ਗੁਆਉਣ ਦੀ ਪੀੜ ਸਮਝ ਸਕਦੀ ਹੈ, ਪਰ ਏਥੇ ਤਾਂ ਉਸ ਬੱਚੇਦੀ ਮੌਤ ਉੱਤੇ ਰਾਜਨੀਤੀ ਹੋ ਰਹੀ ਹੈਭਾਸ਼ਣਨੁਮਾ ਨਾਟਕ ਦੇ ਇਸ ਸੀਨ ਦੌਰਾਨ ਸਮ੍ਰਿਤੀ ਇਰਾਨੀ ਨੇ 28 ਵਰ੍ਹਿਆਂ ਦੇ ਰੋਹਿਤ ਲਈ ਕੋਈ ਪੰਦਰਾਂ ਵਾਰ ਬੱਚਾ’ ‘ਬੱਚਾਸ਼ਬਦ ਵਰਤਿਆ, ਤਾਂ ਜੋ ਇਸ ਮਾਂਦੇ ਦਿਲੀ ਦਰਦ ਦੀ ਹੂਕ ਹਰ ਦਰਸ਼ਕ ਦੇ ਦਿਲ ਨੂੰ ਜਾ ਵਿੰਨ੍ਹੇ। ਪਰ ਪਾਰਲੀਮੈਂਟ ਦੇ ਅੰਦਰ ਸਿਰਜੇ ਗਏ ਇਸ ਸਾਰੇ ਅਭਿਨੈ-ਕਾਂਡ ਦੌਰਾਨ ਨਾ ਉਸਨੇ ਚਿਤਾਰਿਆ, ਅਤੇ ਨਾ ਹੀ ਮੰਤਰ-ਮੁਗਧ ਦਰਸ਼ਕਾਂ ਨੂੰ ਖਿਆਲ ਆਇਆ ਕਿ ਐਨ ਉਸੇ ਸਮੇਂ, ਪਾਰਲੀਮੈਂਟ ਤੋਂ ਬਾਹਰ ਰੋਹਿਤ ਦੀ ਅਸਲੀ ਮਾਂ (ਸਮ੍ਰਿਤੀ ਇਰਾਨੀ ਦੇ ਸ਼ਬਦਾਂ ਵਿਚ ਕਹਾਂ ਤਾਂ ਉਸ ਬੱਚੇ ਦੀ ਮਾਂ’) ਉਸ ਲਈ ਇਨਸਾਫ਼ਮੰਗਣ ਵਿਦਿਆਰਥੀਆਂ ਨਾਲ ਦਿੱਲੀ ਦੀਆਂ ਸੜਕਾਂ ਉੱਤੇ ਮੁਜ਼ਾਹਰਾ ਕਰ ਰਹੀ ਸੀ।

ਹੁਣ ਮਾਂਸਮ੍ਰਿਤੀ ਇਰਾਨੀ ਨੇ ਫੇਰ ਰੰਗ ਬਦਲਿਆ ਅਤੇ ਸਿਆਸੀ ਨੇਤਾ ਦਾ ਰੂਪ ਧਾਰਨ ਕਰ ਲਿਆ। ਇਕ ਬੱਚਾ ਮਰ ਗਿਆ ਹੈ, ਪਰ ਉਸਦੇ ਦਲਿਤ ਹੋਣ ਨੂੰ ਉਛਾਲਿਆ ਜਾ ਰਿਹਾ ਹੈ, ਉਸਦੀ ਮੌਤ ਦਾ ਰਾਜਨੀਤੀਕਰਣ ਹੋ ਰਿਹਾ ਹੈਪਰ ਘਾਗ ਸਿਆਸੀ ਨੇਤਾ ਇਸ ਗੱਲ ਨੂੰ ਖਾ ਗਈ ਕਿ ਪਹਿਲੋਂ ਉਸਦੇ ਖਤਰਨਾਕ ਅੰਬੇਡਕਰਵਾਦੀ ਹੋਣ ਦਾ ਰੌਲਾ ਵੀ ਉਸੇ ਦੀ ਪਾਰਟੀ ਨੇ ਪਾਇਆ ਸੀ, ਅਤੇ ਉਸਦੀ ਮੌਤ ਤੋਂ ਬਾਅਦ ਇਹ ਸਿੱਧ ਕਰਨ ਲਈ ਵੀ ਉਸੇ ਦੀ ਪਾਰਟੀ ਵਾਲਿਆਂ ਨੇ ਅੱਡੀਆਂ ਚੁੱਕ-ਚੁੱਕ ਜ਼ੋਰ ਲਾਇਆ ਸੀ ਕਿ ਉਹ ਦਲਿਤ ਸੀ ਹੀ ਨਹੀਂ। ਉਹ ਇਸ ਗੱਲ ਤੋਂ ਧਿਆਨ ਲਾਂਭੇ ਲੈ ਗਈ ਕਿ ਰੋਹਿਤ ਵੇਮੁਲਾ ਨੂੰ ਮੌਤ ਵੱਲ ਧੱਕਣ ਦਾ ਅਸਲ ਕਾਰਨ ਉਸਨੂੰ ਵਿਦਿਆਰਥੀ ਦੀ ਥਾਂ ਖਤਰਨਾਕ ਦੇਸ਼-ਵਿਰੋਧੀ ਸਾਬਤ ਕਰਨ ਦੇ ਉਪਰਾਲੇ ਸਨ, ਜਿਨ੍ਹਾਂ ਨੂੰ ਬੱਲ ਵੀ ਉਸਦੀਆਂ ਆਪਣੀਆਂ ਹਿਦਾਇਤਾਂ ਨੇ ਹੀ ਬਖਸ਼ਿਆ ਸੀ। ਅਤੇ ਉਹੀ ਉਪਰਾਲੇ, ਉਹੀ ਹਥਕੰਡੇ ਅੱਜ ਵੀ ਕਨ੍ਹਈਆ ਨੂੰ, ਉਮਰ ਖਾਲਿਦ ਨੂੰ, ਅਨਿਰਬਾਨ ਨੂੰ ਅਤੇ ਹੋਰਨਾਂ ਕਈਆਂ ਨੂੰ ਦੇਸ਼-ਧਰੋਹੀ ਸਾਬਤ ਕਰਨ ਲਈ ਵਰਤੇ ਜਾ ਰਹੇ ਹਨ।

ਇਸ ਤੋਂ ਅਗਲਾ ਸੀਨ ਸੁਧੇ ਝੂਠ ਦਾ ਸੀ। ਸਮ੍ਰਿਤੀ ਇਰਾਨੀ ਨੇ ਇੰਕਸ਼ਾਫ਼ਹੀ ਨਾ ਕੀਤਾ, ਇਕ ਕਿਸਮ ਨਾਲ ਇਲਜ਼ਾਮ ਵੀ ਲਾਇਆ ਕਿ ਰੋਹਿਤ ਦੀ ਮੌਤ ਤੋਂ ਬਾਅਦ ਉਸ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਹੀ ਨਾ ਕੀਤੀ ਗਈ , ਉਸਨੂੰ ਦੇਖਣ ਕੋਈ ਡਾਕਟਰ ਨਾ ਆਇਆ, ਤੇ ਨਾ ਹੀ ਅਗਲੇ ਦਿਨ ਤਕ ਪੁਲਸ ਨੂੰ ਬੁਲਾਇਆ ਗਿਆ। ਇਸ ਕਹਿਣ ਪਿੱਛੇ ਜੋ ਅਣਕਿਹਾ ਸੀ ਉਹ ਇਹ ਕਿ ਸ਼ਾਇਦ ਰੋਹਿਤ ਨੂੰ ਬਚਾਇਆ ਜਾ ਸਕਦਾ ਸੀ, ਪਰ ਰਾਜਨੀਤਕ ਕਾਰਨਾਂ ਕਰਕੇ ਅਜਿਹੀ ਕੋਸ਼ਿਸ਼ ਕੀਤੀ ਹੀ ਨਾ ਗਈ। ਮੰਤਰੀ ਦੇ ਇਹੋ ਜਿਹੇ ਹਿਰਦੇ-ਵੇਧਕ ਇਲਜ਼ਾਮ ਨੂੰ ਸੁਣ ਕੇ ਭਲਾ ਕਿਹੜੇ ਮਾਂ-ਬਾਪ ਦਾ ਖੂਨ ਨਾ ਖੌਲਿਆ ਹੋਵੇਗਾ! ਭਾਵੇਂ ਇਸ ਝੂਠੇ ਇਲਜ਼ਾਮ ਦੀ ਪੋਲ ਬਹੁਤ ਛੇਤੀ ਖੁਲ੍ਹੱ ਵੀ ਗਈ, ਜਦੋਂ ਯੂਨੀਵਰਸਟੀ ਦੀ ਡਾਕਟਰ ਪੀ. ਰਾਜਸ਼੍ਰੀ ਨੇ ਦੱਸਿਆ ਕਿ ਰੋਹਿਤ ਦੇ ਕਮਰੇ ਨੂੰ ਖੋਲ੍ਹਣ ਉਪਰੰਤ ਜਦੋਂ ਉਸਦੇ ਫਾਸੀ ਲੈ ਚੁੱਕੇ ਹੋਣ ਦੀ ਗੱਲ ਸਾਹਮਣੇ ਆਈ ਤਾਂ ਉਹ ਤਿੰਨ-ਚਾਰ ਮਿੰਟ ਦੇ ਅੰਦਰ ਹੀ ਉਹ ਉੱਥੇ ਪਹੁੰਚ ਗਈ ਸੀ। ਸਰੀਰ ਦੇ ਅਕੜਾਅ, ਅਤੇ ਹੋਰ ਮੁਆਇਨੇ ਦੇ ਆਧਾਰ ਉੱਤੇ ਉਸਨੇ ਹੀ ਪੁਲਸ ਦੇ ਪੰਚਨਾਮੇ ਵਿਚ ਦਰਜ ਕਰਾਇਆ ਕਿ ਮੌਤ ਦੋ ਘੰਟੇ ਪਹਿਲਾਂ ਹੋ ਚੁੱਕੀ ਸੀ। ਪਰ ਡਾ. ਰਾਜਸ਼੍ਰੀ ਦਾ ਬਿਆਨ ਤਾਂ ਅਗਲੇ ਦਿਨ ਮਿਲਿਆ, ਸਮ੍ਰਿਤੀ ਇਰਾਨੀ ਦਾ ਝੂਠ ਵਿਚ ਡੁੱਬਾ ਤੀਰ ਉਦੋਂ ਤਕ ਆਪਣੀ ਲੋੜੀਂਦੀ ਮਾਰ ਕਰ ਚੁੱਕਾ ਸੀ । ਪਤਾ ਨਹੀਂ, ਪਾਰਲੀਮੈਂਟ ਦੇ ਪਟਲ ਤੋਂ ਦੇਸ਼ ਭਰ ਅੱਗੇ ਝੂਠ ਬੋਲਣ ਵਾਲਿਆਂ ਲਈ ਵੀ ਸਾਡੇ ਸੰਵਿਧਾਨ ਵਿਚ ਕੋਈ ਸਜ਼ਾ ਹੈ ਜਾਂ ਨਹੀਂ!

ਪਰ ਇਸ ਭਾਸ਼ਣੀ ਨਾਟਕ ਦਾ ਡ੍ਰਾਪ-ਸੀਨ ਅਜੇ ਬਾਕੀ ਸੀ। ਹੁਣ ਮੰਤਰੀ ਜੀ ਨੇ ਧਾਰਮਕ ਭਾਵਨਾਵਾਂ ਭੜਕਾਉਣ ਦਾ ਪੱਤਾ ਖੇਡਿਆ। ਕਿਸੇ ਪੁਰਾਣੀ ਰਿਪੋਰਟ ਨੂੰ, ਜਿਸਦਾ ਹਥਲੇ ਮਾਮਲੇ ਨਾਲ ਕੋਈ ਸਬੰਧ ਹੀ ਨਹੀਂ ਸੀ, ਆਧਾਰ ਬਣਾਕੇ ਉਸਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਜੇ.ਐਨ.ਯੂ. ਵਿਚ ਦੁਰਗਾ ਨਾਂ ਦੀ ਦੇਵੀ ਨੂੰ ਦੁਰਕਾਰਿਆ ਜਾਂਦਾ ਹੈ ਅਤੇ ਮਹਿਸਾਸੁਰ ਨਾਂ ਦੇ ਰਾਖਸ਼ ਨੂੰ ਵਡਿਆਇਆ ਜਾਂਦਾ ਹੈ। ਇਸ ਸੀਨ ਦੌਰਾਨ ਨਾ ਸਿਰਫ਼ਸਮ੍ਰਿਤੀ ਇਰਾਨੀ ਨੇ ਆਪਣੇ ਦੁਰਗਾ-ਮਾਂ ਦੇ ਭਗਤ ਹੋਣ ਬਾਰੇ ਦੱਸਿਆ, ਬਲਕਿ ਬਾਂਗਲਾ ਬੋਲ ਬੋਲ ਕੇ ਬੰਗਾਲ ਦੇ ਪਾਰਲੀਮੈਂਟ ਮੈਂਬਰਾਂ ਨੂੰ ਚੁਣੌਤੀ ਵੀ ਦਿੱਤੀ ਕਿ ਉਹ ਉਸ ਨਾਲ ਕਲਕੱਤੇ ਦੀਆਂ ਸੜਕਾਂ ਉੱਤੇ ਉੱਤਰ ਕੇ ਇਸ ਗੱਲ ਬਾਰੇ ਬਹਿਸ ਕਰ ਲੈਣ ਕਿ ਕੀ ਮਾਂ ਦੁਰਗਾ ਨੂੰ ਪੂਜਣ ਵਾਲੀ ਬੰਗਾਲੀ ਕੌਮ ਉਸਦੀ ਇਸ ਬੇਹੁਰਮਤੀ ਨੂੰ ਸਹਿਣ ਕਰ ਲਵੇਗੀ? ਸਪਸ਼ਟ ਸੀ ਕਿ ਸਮ੍ਰਿਤੀ ਇਰਾਨੀ ਬੰਗਾਲ ਵਿਚ ਅਗਲੇਰੇ ਮਹੀਨੇ ਹੋਣ ਵਾਲੀਆਂ ਚੋਣਾਂ ਲਈ ਬਿਗਲ ਵਜਾ ਰਹੀ ਹੈ। ਭਾਰਤ ਦੀ ਪਾਰਲੀਮੈਂਟ ਵਿਚ ਕਿਸੇ ਕੈਬਿਨਟ ਮੰਤਰੀ ਵੱਲੋਂ ਕਿਸੇ ਖਿੱਤੇ ਜਾਂ ਫ਼ਿਰਕੇ ਦੀਆਂ ਧਾਰਮਕ ਭਾਵਨਾਵਾਂ ਨੂੰ ਭੜਕਾਉਣ ਦੀ ਇਹੋ ਜਿਹੀ ਨੰਗੀ-ਚਿੱਟੀ ਅਤੇ ਘਿਨਾਉਣੀ ਕੋਸ਼ਿਸ਼ ਪਹਿਲੋਂ ਕਦੇ ਨਹੀਂ ਹੋਈ।

ਰੋਹਿਤ ਵੇਮੁਲਾ ਦੀ ਮੌਤ ਦੇ ਤੱਥਾਂ ਨੂੰ ਤੋੜ-ਭੰਨ ਕੇ ਪਾਰਲੀਮੈਂਟ ਦੇ ਮੰਚ ਉੱਤੇ ਖੇਡੇ ਗਏ ਇਸ ਨਿਹਾਇਤ ਨਿੰਦਣਯੋਗ ਨਾਟਕ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਕਿ ਕਨ੍ਹਈਆ ਕੁਮਾਰ, ਉਮਰ ਖਾਲਿਦ ਅਤੇ ਜੇ. ਐਨ. ਯੂ. ਦੀਆਂ ਘਟਨਾਵਾਂ ਤੋਂ ਉੱਠੇ ਮਹੱਤਵਪੂਰਨ ਸਵਾਲ ਖਲਤ-ਮਲਤ ਹੋ ਗਏ। ਪੂਰੀ ਅਤੇ ਨਿਤਾਰਵੀਂ ਬਹਿਸ ਹੋ ਹੀ ਨਾ ਸਕੀ। ਪਿਛਲ-ਝਾਤ ਮਾਰਿਆਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਵਿਰੋਧੀ ਧਿਰ ਨੂੰ ਇਹ ਗੱਲ ਮੰਨਣੀ ਹੀ ਨਹੀਂ ਸੀ ਚਾਹੀਦੀ ਕਿ ਰੋਹਿਤ ਵੇਮੁਲਾ ਦੀ ਮੌਤ ਅਤੇ ਜੇ. ਐਨ. ਯੂ. ਦੀਆਂ ਘਟਨਾਵਾਂ ਨੂੰ ਇੱਕੋ ਸਮੇਟਵੀਂ ਬਹਿਸ ਵਿਚ ਵਿਚਾਰਿਆ ਜਾਵੇ। ਬਾਅਦ ਵਿਚ ਰਾਜ ਸਭਾ ਵਿਚ ਮਾਇਆਵਤੀ ਨੇ ਇਸ ਗੱਲ ਦੀ ਮੰਗ ਵੀ ਕੀਤੀ ਹੈ ਕਿ ਦੋਵੇਂ ਮੁੱਦਿਆਂ ਉੱਤੇ ਅੱਡੋ ਅੱਡ ਬਹਿਸ ਹੋਵੇ। ਸ਼ਾਇਦ ਹੋਵੇਗੀ ਵੀ, ਪਰ ਹਾਲ ਦੀ ਘੜੀ ਕਨ੍ਹਈਆ ਅਤੇ ਉਮਰ ਖਾਲਿਦ ਵਾਲੇ ਸਵਾਲ ਨਕਲੀ ਰਾਸ਼ਟਰਵਾਦਦੇ ਨਾਅਰਿਆਂ ਦੀ ਦਹਾੜ ਵਿਚ ਦੱਬੇ ਗਏ ਹਨ। ਨਾ ਰੋਹਿਤ ਵੇਮੁਲਾ ਬੱਚਾਸੀ, ਅਤੇ ਨਾ ਇਹ ਵਿਦਿਆਰਥੀ ਬੱਚੇਹਨ। ਸਗੋਂ ਇਹ ਹੀ ਤਾਂ ਦੇਸ ਪ੍ਰਤੀ ਚਿੰਤਾਵਾਨ, ਦੇਸ ਬਾਰੇ ਚਿੰਤਨ ਕਰਨ ਵਾਲੇ ਹੋਣਹਾਰ ਅਸਲੀ ਦੇਸ਼ਭਗਤ ਨੌਜਵਾਨ ਹਨ। ਦੇਸ਼ਭਗਤੀਦੇ ਡੰਡੇ ਫੜੀ ਸੜਕਾਂ-ਅਦਾਲਤਾਂ ਵਿਚ ਕੁੱਟ-ਮਾਰ ਕਰਨ ਲਈ ਉੱਤਰਨ ਵਾਲੇ ਗੁੰਡੇ ਇਸ ਦੇਸ ਦਾ ਭਵਿੱਖ ਨਹੀਂ ਹੋ ਸਕਦੇ; ਇਸ ਬਹੁਕੌਮੀ, ਬਹੁ-ਭਾਸ਼ਾਈ, ਬਹੁ-ਵਿਚਾਰਧਾਰਾਈ ਅਤੇ ਬਹੁ-ਸਭਿਆਚਾਰੀ ਦੇਸ ਦਾ ਭਵਿੱਖ ਜੇ.ਐਨ. ਯੂ ਵਰਗੀਆਂ ਯੂਨੀਵਰਸਟੀਆਂ ਵਿੱਚੋਂ ਨਿਕਲਣ ਵਾਲੇ ਵਿਦਿਆਰਥੀ ਹਨ, ਜਿਨ੍ਹਾਂ ਨੂੰ ਨਿਆਂ ਦੁਆਉਣ ਲਈ ਸਾਨੂੰ ਸਭ ਨੂੰ ਆਪਣੀ ਜੱਦੋਜਹਿਦ ਜਾਰੀ ਰੱਖਣੀ ਪਵੇਗੀ। ਸ਼ਾਇਦ ਲੰਮੇ ਸਮੇਂ ਲਈ । ਸਮ੍ਰਿਤੀ ਇਰਾਨੀ ਦਾ ਹਮਲਾਵਰੀ ਭਾਸ਼ਣ ਇਸ ਗਲ ਵੱਲ ਇਸ਼ਾਰਾ ਹੀ ਨਹੀਂ, ਸਗੋਂ ਚੁਣੌਤੀ ਵੀ ਹੈ। ਇਸ ਚੁਣੌਤੀ ਨੂੰ ਇਕਮੁੱਠ ਹੋ ਕੇ ਕਬੂਲਣਾ ਸਾਡੀ ਇਤਿਹਾਸਕ ਜ਼ਿੰਮੇਵਾਰੀ ਹੈ।

*****

(214)

ਆਪਣੇ ਵਿਚਾਰ ਲਿਖੋ: (sarokar2015)

About the Author

ਸੁਕੀਰਤ

ਸੁਕੀਰਤ

Jalandhar, Punjab, India.
Email: (sukirat.anand@gmail.com)

More articles from this author