Sukirat7ਇਸ ਕਿਸਮ ਦੀ ਘੋਰ ਅਣਗਹਿਲੀ ਅਤੇ ਮੁਜਰਮਾਨਾ ਅਣਗਹਿਲੀ ਲਈ ਸਭ ਤੋਂ ...”
(29 ਅਪਰੈਲ 2021)

 

ਪਿਛਲੇ ਸਾਲ, ਇਹਨੀਂ ਦਿਨੀਂ ਸਾਰਾ ਦੇਸ ਅਚਨਚੇਤ ਥੋਪੇ ਗਏ ਲਾਕਡਾਊਨ ਹੇਠ ਸੀ, ਤੇ ਖ਼ਬਰਾਂ ਭੋਖੜੇ ਅਤੇ ਬੇਕਾਰੀ ਦੇ ਮਾਰੇ ਲੱਖਾਂ ਕਾਮਿਆਂ ਦੇ ਆਪੋ-ਆਪਣੇ ਪਿੰਡਾਂ ਵੱਲ ਪੈਦਲ ਮਾਰਚਾਂ, ਅਤੇ ਰਾਹ ਵਿੱਚ ਹੀ ਸੈਕੜਿਆਂ ਦੇ ਦਮ ਤੋੜ ਜਾਣ ਦੀਆਂ ਦਰਦਨਾਕ ਕਹਾਣੀਆਂ ਨਾਲ ਭਰੀਆਂ ਹੋਈਆਂ ਸਨ।

ਹੁਣ, ਇੱਕ ਸਾਲ ਬਾਅਦ ਖ਼ਬਰਾਂ ਸ਼ਹਿਰ ਦਰ ਸ਼ਹਿਰ, ਸੂਬਾ ਦਰ ਸੂਬਾ ਤੇਜ਼ੀ ਨਾਲ ਲੱਖਾਂ ਲੋਕਾਂ ਵਿੱਚ ਫੈਲ ਰਹੀ ਬੀਮਾਰੀ, ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਮੌਤਾਂ ਅਤੇ ਹਸਪਤਾਲਾਂ ਵਿੱਚ ਆਕਸੀਜ਼ਨ ਦੀ ਘਾਟ ਕਾਰਨ ਸੈਕੜਿਆਂ ਦੇ ਦਮ ਤੋੜ ਜਾਣ ਦੀਆਂ ਹੌਲਨਾਕ ਕਹਾਣੀਆਂ ਨਾਲ ਭਰੀਆਂ ਹੋਈਆਂ ਹਨ।

ਪਿਛਲੇ ਸਾਲ, ਇਹਨੀਂ ਦਿਨੀਂ ਸਾਰਾ ਦੇਸ ਆਪੋ-ਆਪਣੇ ਘਰੀਂ ਅੰਦਰ ਵੜ ਕੇ ਬੈਠਾ ਹੋਇਆ ਸੀ। ਹੁਣ, ਇੱਕ ਸਾਲ ਬਾਅਦ ਸ਼ਹਿਰ ਦਰ ਸ਼ਹਿਰ ਲੋਕ ਆਪੋ-ਆਪਣੇ ਰੋਗੀਆਂ ਨੂੰ ਲੈ ਕੇ ਹਸਪਤਾਲਾਂ ਵਿੱਚ ਭਟਕ ਰਹੇ ਹਨ, ਤੇ ਜਿਹੜੇ ਬਦਕਿਸਮਤ ਚੁਫੇਰੇ ਫੈਲੀ ਬਦਇੰਤਜ਼ਾਮੀ ਕਾਰਨ ਆਪਣੇ ਪਿਆਰਿਆਂ ਨੂੰ ਬਚਾ ਨਹੀਂ ਸਕੇ, ਉਨ੍ਹਾਂ ਦੀਆਂ ਲੋਥਾਂ ਚੁੱਕੀ ਤੂੜੇ ਪਏ ਸ਼ਮਸ਼ਾਨਾਂ ਵਿੱਚ ਸਿਵਿਆਂ ਲਈ ਥਾਂ ਭਾਲਦੇ ਖੱਜਲ ਹੋ ਰਹੇ ਹਨ।

ਪਿਛਲੇ ਸਾਲ, ਇਹਨੀਂ ਦਿਨੀਂ ਆਪਣੇ ਪ੍ਰਧਾਨ ਮੰਤਰੀ ਦੀ ਸਰਬਸ਼ਕਤੀਮਾਨਤਾ ਵਿੱਚ ਯਕੀਨ ਰੱਖਣ ਵਾਲੇ ਲੋਕ ਉਸਦੇ ਆਖੇ ਕਦੇ ਟੱਲੀਆਂ-ਭਾਂਡੇ ਖੜਕਾ ਕੇ ਤੇ ਕਦੇ ਮੋਮਬੱਤੀਆਂ ਬਾਲ ਕੇ ‘ਭਾਰਤੀ’ ਢੰਗ ਨਾਲ ਕਰੋਨਾ ’ਤੇ ਫਤਿਹ ਪਾ ਲੈਣ ਦਾ ਭਰਮ ਪਾਲ ਰਹੇ ਸਨ। ਹੁਣ, ਇੱਕ ਸਾਲ ਬਾਅਦ ਉਹੀ ਲੋਕ ਵਟਸਐਪ ਰਾਹੀਂ ਇੱਕ ਦੂਜੇ ਨੂੰ ਘਰ ਬਹਿ ਕੇ ਈਸ਼ਵਰ ਦਾ ਸ਼ੁਕਰ ਮਨਾਉਣ ਦੀਆਂ ਨਸੀਹਤਾਂ ਦੇ ਰਹੇ ਹਨ ਕਿ ਸਾਡੇ ਸਿਰਾਂ ’ਤੇ ਛwਤ ਹੈ, ਸਾਡੇ ਕੋਲ ਬੈਂਕਾਂ ਵਿੱਚ ਜਮ੍ਹਾਂ ਪੂੰਜੀ ਹੈ, ਸਾਡੇ ਫਰਿੱਜ ਖਾਣ-ਪਦਾਰਥਾਂ ਤੋਂ ਖਾਲੀ ਨਹੀਂ, ਕਿ ਸਾਡੀ ਹਾਲਤ ਬਾਕੀਆਂ ਨਾਲੋਂ ਬਿਹਤਰ ਹੈ।

ਪਿਛਲੇ ਸਾਲ, ਇਹਨੀਂ ਦਿਨੀਂ ਪ੍ਰਧਾਨ ਮੰਤਰੀ ਨੇ ਕਰੋਨਾ ਦੀ ਵਬਾਅ ਨਾਲ ਸਿੱਝਣ ਲਈ ਆਪਣੇ ਨਾਂਅ ਹੇਠ ਪੀ ਐੱਮ ਕੇਅਰਜ਼ (ਸ਼ਾਬਦਿਕ ਅਰਥ ‘ਪ੍ਰਧਾਨ ਮੰਤਰੀ ਨੂੰ ਫਿਕਰ ਹੈ’) ਫੰਡ ਸਿਰਜ ਕੇ ਕਰੋੜਾਂ ਰੁਪਏ ਇਕੱਤਰ ਕੀਤੇ ਸਨ, ਹੁਣ, ਇੱਕ ਸਾਲ ਬਾਅਦ ਸਵਾਲ ਇਹ ਹੈ ਕਿ ਪ੍ਰਧਾਨ ਮੰਤਰੀ ਨੂੰ ਕੋਈ ਫਿਕਰ ਹੈ ਵੀ ਕਿ ਨਹੀਂ।

ਪਿਛਲੇ ਸਾਲ, ਇਹਨਾਂ ਦਿਨਾਂ ਤੋਂ ਇੱਕ ਮਹੀਨਾ ਪਹਿਲਾਂ ਪ੍ਰਧਾਨ ਮੰਤਰੀ ਨੇ ਉਸੇ ਦਿਨ ਰਾਤ ਦੇ 12 ਵਜੇ ਤੋਂ ਸਾਰੇ ਦੇਸ ਵਿੱਚ ਚਾਣਚੱਕ 21 ਦਿਨ ਦੀ ਤਾਲਾਬੰਦੀ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਕਰੋਨਾ ਵਾਇਰਸ ਨਾਲ ਜੰਗ ਫਤਿਹ ਕਰਨ ਲਈ ਇਹ ਕੁਰਬਾਨੀ ਜ਼ਰੂਰੀ ਹੈ। ਉਸ ਦਿਨ ਪ੍ਰਧਾਨ ਸੈਨਾਪਤੀ ਨੂੰ ਆਪਣੇ ਇਸ ਜੇਤੂ ਪੈਂਤੜੇ ਦੀ ਕਾਰਗਰਤਾ ’ਤੇ ਇੰਨਾ ਯਕੀਨ ਸੀ ਕਿ ਇਹੋ ਜਿਹਾ ਹੁਕਮ ਜਾਰੀ ਕਰਕੇ ਸਾਰੇ ਦੇਸ ਨੂੰ ਰਾਤੋ-ਰਾਤ ਥਾਂਏਂ ਜਕੜ ਦੇਣ ਦਾ ਫੈਸਲਾ ਲੈਣ ਤੋਂ ਪਹਿਲਾਂ ਸੂਬਿਆਂ ਦੇ ਮੁੱਖ ਮੰਤਰੀਆਂ ਦਾ ਮਸ਼ਵਰਾ ਤਕ ਲੈਣ ਦੀ ਲੋੜ ਨਾ ਸਮਝੀ ਗਈ। ਹੁਣ, 13 ਮਹੀਨੇ ਬਾਅਦ ਜਦੋਂ ਸਾਰਾ ਦੇਸ ਕਰੋਨਾ ਵਾਇਰਸ ਦੀ ਦੂਜੀ, ਤੇ ਪਹਿਲੀ ਨਾਲੋਂ ਕਿਤੇ ਵੱਧ ਭਿਆਨਕ ਲਹਿਰ ਦੀ ਮਾਰ ਹੇਠ ਹੈ, ਰੋਜ਼ਾਨਾ 3 ਲੱਖ ਤੋਂ ਵੱਧ ਨਵੇਂ ਕੇਸ ਤੇ 3 ਹਜ਼ਾਰ ਦੇ ਗੇੜ ਵਿੱਚ ਮੌਤਾਂ ਹੋ ਰਹੀਆਂ ਹਨ, ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਸੂਬਿਆਂ ਦੇ ਮੁੱਖ ਮੰਤਰੀ ਆਪਣੇ ਰਾਜਾਂ ਵਿੱਚ ਇੰਤਜ਼ਾਮ ਸੁਧਾਰਨ, ਲਾਕਡਾਊਨ ਨੂੰ ਆਖਰੀ ਹਥਿਆਰ ਵਜੋਂ ਹੀ ਵਰਤਣ। ਇਸ ਨਾਲ ਅਰਥ ਵਿਵਸਥਾ ਦਾ ਨੁਕਸਾਨ ਹੁੰਦਾ ਹੈ।

13 ਮਹੀਨੇ ਪਹਿਲਾਂ ਭਾਰਤ ਵਿੱਚ ਦੁਨੀਆ ਦਾ ਸਭ ਤੋਂ ਵੱਧ ਕਰੜਾ, ਤੇ ਸਭ ਤੋਂ ਲੰਮਾ ਸਮਾਂ ਚੱਲਣ ਵਾਲਾ ਲਾਕਡਾਊਨ ਲਾਇਆ ਗਿਆ ਸੀ, ਤੇ ਅੱਜ ਭਾਰਤ ਵਿੱਚ ਰੋਜ਼ਾਨਾ ਇੰਨੇ ਨਵੇਂ ਰੋਗੀ ਕਰੋਨਾ ਦੀ ਮਾਰ ਹੇਠ ਆ ਰਹੇ ਹਨ ਜਿੰਨੇ ਦੁਨੀਆ ਦੇ ਕਿਸੇ ਦੇਸ ਵਿੱਚ ਨਹੀਂ ਆਏ।

ਇਨ੍ਹਾਂ 13 ਮਹੀਨਿਆਂ ਵਿੱਚ ਹੋਇਆ ਕੀ?

ਮਈ 2020 ਵਿੱਚ ਹੀ ਸਾਨੂੰ ਦੱਸਿਆ ਗਿਆ ਕਿ ਭਾਰਤ ਹੁਣ ਆਤਮ ਨਿਰਭਰਤਾ ਦੀ ਰਾਹ ’ਤੇ ਤੁਰ ਪਿਆ ਹੈ, ਤੇ ਕੋਵਿਡ-19 ਦੀ ਵੈਕਸੀਨ ਆਪ ਤਿਆਰ ਕਰੇਗਾ। 15 ਅਗਸਤ ਤਕ ਵੈਕਸੀਨ ਦੇ ਆਮ ਜਨਤਾ ਦੀ ਵਰਤੋਂ ਲਈ ਤਿਆਰ ਹੋ ਜਾਣ ਦੀ ਤਰੀਕ ਵੀ ਐਲਾਨ ਦਿੱਤੀ ਗਈ। ਜਨਤਾ ਨੇ ਸੁਖ ਦਾ ਸਾਹ ਲਿਆ ਪਰ ਸਿਆਣੇ ਸਾਇੰਸਦਾਨਾਂ ਨੇ ਉਸੇ ਵੇਲੇ ਇਸ ਹਵਾਈ ਕਹਾਣੀ ’ਤੇ ਕਿੰਤੂ ਕੀਤਾ ਕਿਉਂਕਿ ਕਿਸੇ ਵੀ ਨਵੀਂ ਦਵਾਈ ਨੂੰ ਆਮ ਵਰਤੋਂ ਲਈ ਜਾਰੀ ਕਰਨ ਤੋਂ ਪਹਿਲੋਂ ਉਸ ਨੂੰ ਕਰੜੀ ਤੇ ਬਹੁ-ਪੱਖੀ ਪੜਤਾਲ ਦੇ ਪੜਾਵਾਂ ਵਿੱਚੋਂ ਲੰਘਾਉਣਾ ਜ਼ਰੂਰੀ ਹੁੰਦਾ ਹੈ। 15 ਅਗਸਤ ਆਈ, ਜ਼ਾਹਰਾ ਇੱਡੀ ਛੇਤੀ ਕੋਈ ਵੈਕਸੀਨ ਤਿਆਰ ਨਹੀਂ ਸੀ ਹੋ ਸਕਣੀ, ਪਰ ਲਾਲ ਕਿਲੇ ਦੀ ਫ਼ਸੀਲ ਤੋਂ ਆਪਣੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਦੇ ਵਿਗਿਆਨੀ ਇੱਕ ਨਹੀਂ ਤਿੰਨ ਤਿੰਨ ਵੈਕਸੀਨਾਂ ਤਿਆਰ ਕਰ ਰਹੇ ਹਨ, ਜੋ ਛੇਤੀ ਹੀ ਹਰ ਭਾਰਤੀ ਸ਼ਹਿਰੀ ਨੂੰ ਮੁਹਈਆ ਹੋਣਗੀਆਂ।

ਨਵੰਬਰ 2020 ਵਿੱਚ ਬਿਹਾਰ ਵਿੱਚ ਹੋਈਆਂ ਚੋਣਾਂ ਵੇਲੇ ਵੈਕਸੀਨ ਨੂੰ ਚੋਣ ਪਰਚਾਰ ਤਕ ਲਈ ਵਰਤਿਆ ਗਿਆ, ਅਖੇ ਭਾਜਪਾ ਸਰਕਾਰ ਹਰ ਬਿਹਾਰੀ ਨੂੰ ਮੁਫ਼ਤ ਟੀਕਾ ਲਾਏਗੀ। ਹਾਲਾਂਕਿ ਉਦੋਂ ਤਕ ਅਜੇ ਕਿਸੇ ਵੈਕਸੀਨ ਨੂੰ ਮਨਜ਼ੂਰੀ ਨਹੀਂ ਸੀ ਮਿਲੀ। ਹਮੇਸ਼ਾ ਚੋਣ ਪਰਚਾਰ ਵਿੱਚ ਹੀ ਰੁੱਝੀ ਰਹਿਣ ਵਾਲੀ ਤੇ ਫੋਕੇ ਵਾਇਦੇ ਕਰਨਾ ਗਿੱਝੀ ਸਰਕਾਰ ਨੇ ਇਸ ਗੱਲ ਨੂੰ ਗੌਲਿਆ ਹੀ ਨਾ ਕਿ ਰੋਗ ਮਾਹਰਾਂ ਨੇ ਦੂਜੇ ਦੇਸਾਂ ਦੇ ਤਜਰਬੇ ਵਲ ਦੇਖਦਿਆਂ ਨਵੰਬਰ 2020 ਵਿੱਚ ਹੀ ਇਸ ਗੱਲ ਬਾਰੇ ਚਿਤਾਵਣੀ ਦੇਣੀ ਸ਼ੁਰੂ ਕਰ ਦਿੱਤੀ ਸੀ ਕਿ ਕੋਵਿਡ ਦੀ ਵਧੇਰੇ ਖਤਰਨਾਕ ਦੂਜੀ ਲਹਿਰ ਲਈ ਤਿਆਰ ਰਹਿਣਾ ਪਵੇਗਾ ਅਤੇ ਹਸਪਤਾਲਾਂ ਲਈ ਆਕਸੀਜ਼ਨ ਸਪਲਾਈ ਦੀ ਸਮਰੱਥਾ ਨੂੰ ਫ਼ੌਰੀ ਤੌਰ ’ਤੇ ਵਧਾਉਣ ਦੀ ਲੋੜ ਹੈ।

ਉੱਧਰ ਕੋਵਿਡਸ਼ੀਲਡ ਵੈਕਸੀਨ ਬਣਾਉਣ ਵਾਲੇ ਸੀਰਮ ਇੰਸਟੀਚਿਊਟ ਦੀ ਇਸ ਬੇਨਤੀ ਨੂੰ ਵੀ ਨਾ ਗੌਲਿਆ ਗਿਆ ਕਿ 140 ਕਰੋੜ ਦੀ ਆਬਾਦੀ ਵਾਲੇ ਦੇਸ ਦੇ ਲੋਕਾਂ ਨੂੰ ਛੇਤੀ ਵੈਕਸੀਨ ਮੁਹਈਆ ਕਰਨ ਲਈ 3000 ਕਰੋੜ ਦੇ ਨਿਵੇਸ਼ ਦੀ ਫ਼ੌਰੀ ਲੋੜ ਹੈ ਤਾਂ ਜੋ ਟੀਕੇ ਬਣਾਉਣ ਦੀ ਸਮਰੱਥਾ ਨੂੰ ਵਧਾਇਆ ਜਾ ਸਕੇ, ਨਹੀਂ ਤਾਂ ਨਤੀਜੇ ਭਿਆਨਕ ਹੋਣਗੇ।

ਇਨ੍ਹਾਂ ਚਿਤਾਵਣੀਆਂ ਨੂੰ ਗੌਲਣਾ ਤਾਂ ਕੀ ਸੀ, ਹਮੇਸ਼ਾ ਆਪਣੀ ਪਿੱਠ ਥਾਪੜਣ ਵਿੱਚ ਰੁੱਝੀ ਰਹਿਣ ਵਾਲੀ ਸਰਕਾਰ ਨੇ 2021 ਦੇ ਮੁੱਢ ਵਿੱਚ, ਪਹਿਲੇ ਟੀਕਿਆਂ ਦੀ ਵਰਤੋਂ ਸ਼ੁਰੂ ਹੁੰਦੇ ਸਾਰ ਹੀ ਐਲਾਨ ਕਰ ਦਿੱਤਾ ਕਿ ਭਾਰਤ ਨੇ ਕੋਵਿਡ ਨੂੰ ਪਛਾੜ ਦਿੱਤਾ ਹੈ, ਸਾਡਾ ਦੇਸ ਇਸ ਲੜਾਈ ਵਿੱਚ ਮੋਹਰੀ (ਵਿਸ਼ਵਗੁਰੂ) ਸਾਬਤ ਹੋਇਆ ਹੈ ਅਤੇ ਸਾਰੀ ਦੁਨੀਆ ਦੀਆਂ ਨਜ਼ਰਾਂ ਇਸ ਵੇਲੇ ਭਾਰਤ ਅਤੇ ਨਰਿੰਦਰ ਮੋਦੀ ਦੀ ਅਗਵਾਈ ’ਤੇ ਟਿਕੀਆਂ ਹੋਈਆਂ ਹਨ।

ਫਰਵਰੀ 2021 ਵਿੱਚ ਅਜੇ ਭਾਰਤੀ ਵੱਸੋਂ ਦੇ 1% ਦਾ ਵੀ ਟੀਕਾਕਰਣ ਨਹੀਂ ਸੀ ਹੋਇਆ, ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਨੂੰ ਦੁਨੀਆ ਦਾ ਦਵਾਈ-ਭੰਡਾਰ ਗਰਦਾਨਦਿਆਂ ‘ਵੈਕਸੀਨ ਮੈਤਰੀ’ ਪ੍ਰੋਗਰਾਮ ਤਹਿਤ ਲੋੜਵੰਦ ਦੇਸਾਂ ਦੀ ਮਦਦ ਕਰਨ ਲਈ ਮੈਦਾਨ ਵਿੱਚ ਨਿੱਤਰਨ ਦੇ ਵਾਅਦੇ ਕਰ ਦਿੱਤੇ। ਵੈਕਸੀਨ ਵਿਸ਼ਵ ਪੱਧਰ ’ਤੇ ਮੋਦੀ ਦੀ ਬਤੌਰ ਹੀਰੋ ਭੱਲ ਬਣਾਉਣ ਦੇ ਸੰਦ ਵਜੋਂ ਵਰਤੀ ਜਾਣ ਲੱਗੀ।

ਦੂਜੇ ਪਾਸੇ, ਇਸੇ ਹੀ ਮਹੀਨੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਰਾਮਦੇਵ ਨਾਲ ਸਾਂਝੀ ਸਟੇਜ ’ਤੇ ਹਾਜ਼ਰੀ ਲੁਆਈ ਜਿੱਥੋਂ ਬਾਬਾ ਰਾਮਦੇਵ ਦੇ ਕਾਰਖਾਨੇ ਦੀ ਆਯੁਰਵੈਦਕ ਦਵਾਈ ‘ਕੋਰੋਨਿਲ’ ਬਾਰੇ ਖੋਜ ਪੱਤਰ ਜਾਰੀ ਕੀਤਾ ਗਿਆ ਤੇ ਦੱਸਿਆ ਗਿਆ ਕਿ ਇਸ ਨੂੰ WHO (ਸੰਸਾਰ ਸਿਹਤ ਸੰਸਥਾ) ਨੇ ਮਾਨਤਾ ਦੇ ਦਿੱਤੀ ਹੈ। ਪਰ WHO ਨੂੰ ਫੌਰਨ ਟਵੀਟ ਕਰ ਕੇ ਸਪਸ਼ਟ ਕਰਨਾ ਪਿਆ ਕਿ ਅਜਿਹੀ ਕਿਸੇ ਦਵਾਈ ਨੂੰ ਉਨ੍ਹਾਂ ਵੱਲੋਂ ਕੋਈ ਮਾਨਤਾ ਨਹੀਂ ਦਿੱਤੀ ਗਈ।

ਕੁੰਭ ਦਾ 12 ਸਾਲਾ ਮੇਲਾ ਆਉਣ ਵਾਲਾ ਸੀ, ਰਵਾਇਤ ਮੁਤਾਬਕ ਲੱਖਾਂ ਲੋਕਾਂ ਦੀਆਂ ਭੀੜਾਂ ਜੁੜਨੀਆਂ ਸਨ, ਪਰ ਹਿੰਦੂ ਵੋਟਰਾਂ ਦੀਆਂ ਭਾਵਨਾਵਾਂ ਨੂੰ ਤਰਜੀਹ ਦਿੰਦਿਆਂ ਸਰਕਾਰ ਵੱਲੋਂ ਇਸ ਨੂੰ ਰੋਕਣ ਦੇ ਕੋਈ ਦਿਸ਼ਾ ਨਿਰਦੇਸ਼ ਨਹੀਂ ਸਨ। ਉਹੋ ਸਰਕਾਰ ਜਿਸਨੇ ਪਿਛਲੇ ਸਾਲ ਸ਼ਾਹੀਨ ਬਾਗ਼, ਤਬਲੀਗ਼ੀ ਮਿਲਣੀਆਂ ਤੇ ਕਿਸਾਨ ਮੋਰਚਿਆਂ ਸਮੇਤ ਕਿਸੇ ਵੀ ਕਿਸਮ ਦੇ ਰੋਸ ਇਕੱਠ ਨੂੰ ਕਰੋਨਾ-ਫੈਲਾਊ ਭੀੜਾਂ ਸਾਬਤ ਕਰਨ ਲਈ ਹਰ ਪੈਂਤੜਾ ਵਰਤਿਆ ਸੀ, ਹੁਣ ਚੁੱਪੀ ਸਾਧ ਕੇ ਬੈਠੀ ਹੋਈ ਸੀ। ਜਦੋਂ ਮਾਰਚ ਮਹੀਨੇ ਵਿੱਚ ਸਪਸ਼ਟ ਦਿਸਣ ਲੱਗ ਪਿਆ ਕੇ ਦੇਸ ਕਰੋਨਾ ਦੇ ਦੂਜੇ ਦੌਰ ਵਿੱਚ ਦਾਖਲ ਹੋ ਚੁੱਕਾ ਹੈ ਤੇ ਇਸ ਦੋਗਲੇ ਵਤੀਰੇ ਦੀ ਆਲੋਚਨਾ ਸ਼ੁਰੂ ਹੋਈ ਤਾਂ ਉੱਤਰਾਖੰਡ ਦੇ ਮੁੱਖ-ਮੰਤਰੀ ਨੇ ਕਿਹਾ, “ਕੁੰਭ ਦਾ ਮੇਲਾ ਗੰਗਾ ਕੰਢੇ ਹੁੰਦਾ ਹੈ। ਇਸ ਨੂੰ ਗੰਗਾ ਮਈਆ ਦਾ ਆਸ਼ੀਰਵਾਦ ਹੈ, ਇਸ ਲਈ ਇਸ ਉੱਤੇ ਕਰੋਨਾ ਦਾ ਪ੍ਰਕੋਪ ਹੋਵੇਗਾ ਹੀ ਨਹੀਂ।”

ਦੂਜੇ ਪਾਸੇ, ਬੰਗਾਲ ਦੀਆਂ ਚੋਣਾਂ ਹਰ ਹੀਲੇ ਜਿੱਤਣ ਲਈ ਉੱਥੋਂ ਦੀ ਚੋਣ ਪ੍ਰਕਿਰਿਆ ਨੂੰ ਸਵਾ ਮਹੀਨੇ ਦੇ ਵਕਫ਼ੇ ਉੱਤੇ ਖਿਲਾਰ ਦਿੱਤਾ ਗਿਆ ਤਾਂ ਜੋ ਪ੍ਰਧਾਨ ਮੰਤਰੀ ਵੱਧ ਤੋਂ ਵੱਧ ਚੋਣ ਰੈਲੀਆਂ ਕਰ ਸਕੇ। ਤੇ ਟੀ ਵੀ ਰਾਹੀਂ ‘ਦੋ ਗਜ਼ ਕੀ ਦੂਰੀ’ ਅਤੇ ‘ਮਾਸਕ ਪਾ ਕੇ ਰੱਖਣ’ ਦੀਆਂ ਨਸੀਹਤਾਂ ਦੇਣ ਵਾਲੇ ਪ੍ਰਧਾਨ ਮੰਤਰੀ ਨੇ ਨਾ ਸਿਰਫ਼ ਥਾਂ ਪੁਰ ਥਾਂ ਆਪ ਬਿਨਾ ਮਾਸਕ ਰੈਲੀਆਂ ਕੀਤੀਆਂ ਸਗੋਂ ਸਟੇਜ ਤੋਂ ਇਸ ਗੱਲ ਦੀ ਤਸੱਲੀ ਵੀ ਪ੍ਰਗਟਾਈ ਕਿ ਇੰਨੀਆਂ ਵੱਡੀਆਂ ਰੈਲੀਆਂ ਤੇ ਉਸਨੇ ਕਦੀ ਦੇਖੀਆਂ ਹੀ ਨਹੀਂ।

ਕਰੋਨਾ ਨੂੰ ਮਾਤ ਦੇ ਲੈਣ ਦੇ ਝੂਠੇ ਦਮਗਜ਼ਿਆਂ, ਤੱਥਹੀਣ ਦਾਅਵਿਆਂ, ਅੰਧਵਿਸ਼ਵਾਸ ਉਪਜਾਊ ਬਿਆਨਾਂ ਤੇ ਸਰਕਾਰ ਦੇ ਆਪਣੇ ਦੋਗਲੇ ਵਿਹਾਰ ਦਾ ਅਸਰ ਇਹ ਹੋਇਆ ਕਿ ਦੇਸ ਵਿੱਚ ਭੰਬਲਭੂਸੇ ਦਾ ਅਜੀਬ ਮਾਹੌਲ ਸਿਰਜਿਆ ਗਿਆ। ਕਈਆਂ ਨੂੰ ਕਰੋਨਾ ਦੀ ਸਚਮੁਚ ਹੋਂਦ ’ਤੇ ਹੀ ਸ਼ੱਕ ਸੀ, ਤੇ ਕਈ ਹੋਰਨਾਂ ਨੂੰ ਸਰਕਾਰੀ ਦਾਅਵਿਆਂ ਕਾਰਨ ਲੱਗਣ ਲੱਗ ਪਿਆ ਕਿ ਕਰੋਨਾ ਨੂੰ ਹੁਣ ਕਾਬੂ ਕਰ ਲਿਆ ਗਿਆ ਹੈ। ਵੈਕਸੀਨ ਬਾਰੇ ਵਾਰ ਵਾਰ ਬਦਲਦੇ ਬਿਆਨਾਂ ਕਾਰਨ ਕਈਆਂ ਦਾ ਇਸ ਤੋਂ ਵਿਸ਼ਵਾਸ ਹੀ ਉੱਠ ਗਿਆ ਤੇ ਕਈਆਂ ਨੂੰ ਜਾਪਣ ਲੱਗ ਪਿਆ ਕਿ ਇਸਦੀ ਹੁਣ ਲੋੜ ਹੀ ਕੋਈ ਨਹੀਂ ਰਹੀ। ਉੱਧਰ ਸਿਹਤ ਸੇਵਾਵਾਂ ਨਾਲ ਜੁੜੇ ਮਾਹਰ, ਉਨ੍ਹਾਂ ਦੀਆਂ ਚੇਤਾਵਣੀਆਂ ਨੂੰ ਗੰਭੀਰਤਾ ਨਾਲ ਲੈ ਰਹੇ ਵੱਖੋ ਵੱਖ ਰਾਜਾਂ ਦੇ ਮੁੱਖ ਮੰਤਰੀ ਵਾਰ ਵਾਰ ਕੇਂਦਰ ਨਾਲ ਆਕਸੀਜ਼ਨ ਦੀ ਘਾਟ, ਵੱਧ ਤੋਂ ਵੱਧ ਵਸੋਂ ਦਾ ਛੇਤੀ ਤੋਂ ਛੇਤੀ ਟੀਕਾਕਰਣ ਕਰਨ ਦੀ ਫੌਰੀ ਲੋੜ ਲਈ ਵੈਕਸੀਨ ਦੀ ਤੋਟ ਬਾਰੇ ਸਵਾਲ ਉਠਾ ਰਹੇ ਸਨ, ਪਰ ਕੇਂਦਰ ਸਰਕਾਰ ਇਨ੍ਹਾਂ ਮੰਗਾਂ ਨੂੰ ਵਿਰੋਧੀ ਧਿਰ ਦੀ ਸਿਆਸੀ ਹਾਲ-ਪਾਹਰਿਆ ਗਰਦਾਨ ਕੇ ਹਊ-ਪਰੇ ਕਰ ਰਹੀ ਸੀ। ਹੋਰ ਤਾਂ ਹੋਰ, ਦੇਸ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅਜੋਕੇ ਪ੍ਰਧਾਨ ਮੰਤਰੀ ਨੂੰ ਕੋਵਿਡ ਨਾਲ ਸਿੱਝਣ ਲਈ ਕੁਝ ਫੌਰੀ ਸੁਝਾਅ ਦਿੰਦਾ ਖ਼ਤ ਵੀ ਸਿਆਸੀ ਉਸ਼ਟੰਡਬਾਜ਼ੀ ਕਹਿ ਕੇ ਨਕਾਰ ਦਿੱਤਾ ਗਿਆ।

ਸਰਕਾਰ ਦੇ ਇਸ ਹਿਕਾਰਤੀ ਅਵੇਸਲੇਪਣ, ਆਪਣੀ ਸਰਬਸ਼ਕਤੀਮਾਨਤਾ ਉੱਤੇ ਅਜਿਹੇ ਦੰਭੀ ਭਰੋਸੇ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ। ਸ਼ਹਿਰ ਦਰ ਸ਼ਹਿਰ, ਪਿੰਡ ਦਰ ਪਿੰਡ ਤੋਂ ਆਣ ਵਾਲੀਆਂ ਖ਼ਬਰਾਂ ਅਤੇ ਤਸਵੀਰਾਂ ਇੰਨੀਆਂ ਭਿਆਨਕ ਹਨ ਕਿ ਇਹ ਸੋਚ ਕੇ ਹੀ ਦਿਲ ਦਹਿਲਦਾ ਹੈ ਕਿ ਆਉਣ ਵਾਲੇ ਦਿਨ ਇਸ ਤੋਂ ਕਿਤੇ ਵੱਧ ਤਬਾਹਕੁਨ ਸਾਬਤ ਹੋ ਸਕਦੇ ਹਨ।

ਪਿਛਲੇ ਸਤ ਸਾਲਾਂ ਦਾ ਇਤਿਹਾਸ ਗਵਾਹ ਹੈ ਕਿ ਪ੍ਰਧਾਨ ਮੰਤਰੀ ਨੂੰ ਚੁੱਕੇ ਜਾਣ ਵਾਲੇ ਹਰ ਪ੍ਰਸ਼ਾਸਕੀ ਕਦਮ ਤੋਂ ਨਿੱਜੀ ਭੱਲ ਖਟਣ ਦੀ ਅਮੁੱਕ ਲਾਲਸਾ ਹੈ। ਗੈਸ ਸਲੰਡਰ ਵੰਡਣ ਯੋਜਨਾ ਹੋਵੇ ਜਾਂ ਕੋਵਿਡ ਟੀਕਾ ਲੁਆਈ ਦੀ ਪਰਮਾਣ-ਪਰਚੀ, ਹਰ ਥਾਂ ਤਸਵੀਰ ਮੋਦੀ ਦੀ ਹੁੰਦੀ ਹੈ ਅਤੇ ਸਾਰਾ ਕਰੈਡਿਟ ਵੀ ਉਸੇ ਦੇ ਖਾਤੇ ਪਾਇਆ ਜਾਂਦਾ ਹੈ। ਹੁਣ ਪ੍ਰਧਾਨ ਮੰਤਰੀ ਦਾ ਪਰਚਾਰਤੰਤਰ ਜੋ ਮਰਜ਼ੀ ਸਪਸ਼ਟੀਕਰਨ ਘੜਦਾ ਰਹੇ, ਇਸ ਕਿਸਮ ਦੀ ਘੋਰ ਅਣਗਹਿਲੀ ਅਤੇ ਮੁਜਰਮਾਨਾ ਅਣਗਹਿਲੀ ਲਈ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਹੀ ਜ਼ਿੰਮੇਵਾਰ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2737)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਕੀਰਤ

ਸੁਕੀਰਤ

Jalandhar, Punjab, India.
Email: (sukirat.anand@gmail.com)

More articles from this author