“ਪਰ ਇਸ ਤੋਂ ਇਹ ਨਤੀਜਾ ਤਾਂ ਨਹੀਂ ਕੱਢਿਆ ਜਾ ਸਕਦਾ ਕਿ ...”
(22 ਅਕਤੂਬਰ 2018)
ਵੀਹ, ਘੱਟ ਜਾਂ ਵੱਧ ਜਾਣੀਆਂ ਜਾਂਦੀਆਂ, ਪੱਤਰਕਾਰ ਔਰਤਾਂ ਦੇ ਖੁੱਲ੍ਹ ਕੇ ਬੋਲਣ ਦੇ ਬਾਅਦ (ਅਤੇ ਸੋਸ਼ਲ ਹੀ ਨਹੀਂ ਰਵਾਇਤੀ ਮੀਡੀਏ ਵਿਚ ਕਈ ਦਿਨ ਝੱਖੜ ਝੁੱਲਦੇ ਰਹਿਣ ਮਗਰੋਂ) ਜਦੋਂ ਇਕ ਕੇਂਦਰੀ ਮੰਤਰੀ ਨੂੰ ਇਸਤੀਫ਼ਾ ਦੇਣਾ ਪਿਆ ਤਾਂ ਮੇਰੇ ਸੰਵੇਦਨਸ਼ੀਲ, ਸੁਹਿਰਦ, ਅਗਾਂਹ-ਵਧੂ ਵਗੈਰਾ ਵਗੈਰਾ ਮਿੱਤਰ ਦਾ ਟਿੱਪਣੀਨੁਮਾ ਸਵਾਲ ਸੀ, “20 ਸਾਲ ਤਕ ਚੁੱਪ ਬੈਠੀਆਂ ਰਹੀਆਂ। ਇਹ ਪਹਿਲਾਂ ਕਿਉਂ ਨਹੀਂ ਬੋਲੀਆਂ? ਇਹੋ ਜਿਹੇ ਇਲਜ਼ਾਮ ਲਾਉਣ ਦਾ ਤਾਂ ਫੈਸ਼ਨ ਹੋ ਗਿਆ ਹੈ।”
ਇਹੋ ਜਿਹੇ ਮੌਕਿਆਂ ’ਤੇ ਮੈਂ ਅਵਾਕ ਨਹੀਂ ਰਹਿੰਦਾ, ਭਖਣ ਲੱਗ ਪੈਂਦਾ ਹਾਂ। ਸੰਵੇਦਨਸ਼ੀਲ, ਸੁਹਿਰਦ, ਅਗਾਂਹ-ਵਧੂ ਵਗੈਰਾ ਵਗੈਰਾ ਵਿਸ਼ੇਸ਼ਣਾਂ ਦੀ ਪਰਿਭਾਸ਼ਾ ਉੱਤੇ ਮੈਨੂੰ ਸ਼ੱਕ ਹੋਣ ਲੱਗ ਪੈਂਦਾ ਹੈ। ਤੇ ਮਨ ਵਿੱਚੋਂ ਲੰਘਦਾ ਹੈ ਕਿ ਜਿਹੜੇ ‘ਦੋ ਧੜਿਆਂ ਵਿਚ ਖਲਕਤ ਵੰਡੀ’ ਹੋਈ ਹੈ, ਉਸ ਦੀ ਸਭ ਤੋਂ ਤਿਖੀ ਲਕੀਰ ਸ਼ਾਇਦ ਮਰਦਾਂ ਅਤੇ ਔਰਤਾਂ ਵਿਚਕਾਰ ਹੈ। ਬੌਧਿਕ ਸ਼ਬਦਾਂ ਵਿਚ ਕਹਾਂ ਤਾਂ ਇਹ ਪਿਤਰੀ ਸੱਤਾ ਵਾਲੀ ਉਸ ਮਾਨਸਿਕਤਾ ਦਾ ਗਲਬਾ ਹੈ, ਜਿਸ ਦੀ ਜਕੜ ਵਿਚ ਫਸੇ ‘ਸੰਵੇਦਨਸ਼ੀਲ’ ਮਰਦਾਂ ਨੂੰ ਪਤਾ ਵੀ ਨਹੀਂ ਕਿ ਉਹ ਕਿਹੋ ਜਿਹੀ ਪਿਛਾਂਹ-ਖਿੱਚੂ ਸੋਚ ਦੇ ਸ਼ਿਕਾਰ ਹਨ।
ਪਹਿਲੋਂ ਇਸ ਮਾਮਲੇ ਬਾਰੇ ਕੁਝ ਸਿੱਧੇ-ਪੱਧਰੇ ਤੱਥ। ਕੋਈ ਸਾਲ ਕੁ ਪਹਿਲਾਂ, ‘ਵੋਗ’ ਨਾਂਅ ਦੇ ਰਿਸਾਲੇ ਵਿਚ ਛਪੀ ਮੁਲਾਕਾਤ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਪੱਤਰਕਾਰ ਪ੍ਰੀਆ ਰਮਾਨੀ ਨੇ ਦੱਸਿਆ ਕਿ ਕੰਮ ਕਰਨ ਵਾਲੀਆਂ ਔਰਤਾਂ ਨੂੰ ਹਰ ਥਾਂ ਹੀ ਮਾੜੀਆਂ ਟਿੱਪਣੀਆਂ, ਅਣਚਾਹੀ ਛੇੜਛਾੜ ਅਤੇ ਕਾਮੀ ਸੱਦਿਆਂ ਨਾਲ ਸਿੱਝਣਾ ਪੈਂਦਾ ਹੈ, ਅਤੇ ਪੱਤਰਕਾਰੀ ਦਾ ਖੇਤਰ ਵੀ ਇਸ ਲਾਗ ਤੋਂ ਮੁਕਤ ਨਹੀਂ। ਬਿਨਾਂ ਕਿਸੇ ਦਾ ਨਾਂਅ ਲਏ, ਉਸਨੇ ਇਹ ਵੀ ਕਿਹਾ 20 ਸਾਲ ਪਹਿਲਾਂ ਉਸਨੂੰ ਵੀ ਉਸਦੇ ਸੰਪਾਦਕ ਨੇ ਚੋਖਾ ਤੰਗ ਕੀਤਾ ਸੀ, ਜੋ ਭਾਰਤੀ ਪੱਤਰਕਾਰੀ ਵਿਚ ਵੱਡੇ ਅਹੁਦਿਆਂ ਉੱਤੇ ਰਹਿ ਚੁੱਕਾ ਹੈ। ਨਾ ਇਹ ਵਰਤਾਰਾ ਕਿਸੇ ਕੋਲੋਂ ਲੁਕਿਆ ਛੁਪਿਆ ਹੈ, ਤੇ ਨਾ ਹੀ ਪ੍ਰੀਆ ਰਮਾਨੀ ਨੇ ਕਿਸੇ ਦਾ ਨਾਂਅ ਲਿਆ, ਸੋ ਗੱਲ ਆਈ-ਗਈ ਹੋ ਗਈ।
ਹੁਣ ਕੁਝ ਚਿਰ ਪਹਿਲਾਂ ਰਹਿ ਚੁੱਕੀ ਅਭਿਨੇਤਰੀ ਤਨੁਸ਼੍ਰੀ ਦੱਤਾ ਨੇ ਨਾਨਾ ਪਾਟੇਕਰ ਉੱਤੇ ਇਲਜ਼ਾਮ ਲਾਇਆ ਕਿ ਦਸ ਸਾਲ ਪਹਿਲਾਂ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਉਸ ਨਾਲ ਵਾਰ-ਵਾਰ ਕਾਮੁਕ ਛੇੜਛਾੜ ਕੀਤੀ ਗਈ। ਉਸਨੇ ਸ਼ਿਕਾਇਤ ਵੀ ਕੀਤੀ ਸੀ, ਪਰ ਕੋਈ ਸੁਣਵਾਈ ਨਾ ਹੋਈ ਕਿਉਂਕਿ ਨਾਨਾ ਪਾਟੇਕਰ ਵੱਡਾ ਨਾਂਅ ਸੀ। ਸਗੋਂ ਤਨੁਸ਼੍ਰੀ ਨੂੰ ਹੀ ਕੰਮ ਮਿਲਣਾ ਬੰਦ ਹੋ ਗਿਆ ਅਤੇ ਉਹ ਅਮਰੀਕਾ ਚਲੀ ਗਈ। ਆਪਣੇ ਨਾਲ ਹੋਏ ਧੱਕੇ, ਆਪਣੇ ਕਰੀਅਰ ਦੀ ਮੁੱਢ ਵਿਚ ਹੀ ਹੋਈ ਤਬਾਹੀ ਦਾ ਰੋਹ ਉਸਦੇ ਅੰਦਰ ਕ੍ਰਿਝਦਾ ਰਿਹਾ ਅਤੇ ਅਮਰੀਕਾ ਵਿਚ #ਮੀ ਟੂ ਦੀ ਪਿਛਲੇ ਸਾਲ ਤੋਂ ਤੁਰੀ ਮੁਹਿੰਮ ਦੇ ਨਤੀਜਿਆਂ ਨੇ ਉਸਨੂੰ ਪ੍ਰੇਰਿਤ ਕੀਤਾ ਕਿ ਨਾਨਾ ਪਾਟੇਕਰ ਦੀ ਜ਼ਿਆਦਤੀ ਬਾਰੇ ਮੁੜ ਗੱਲ ਛੇੜੇ। (ਸੋਸ਼ਲ ਮੀਡੀਆ ਉੱਤੇ ਅਕਤੂਬਰ 2017 ਤੋਂ ਵਾਇਰਲ ਹੋਈ #ਮੀ ਟੂ - ਯਾਨੀ ਇੰਜ ਮੇਰੇ ਨਾਲ ਵੀ ਹੋਇਆ ਸੀ - ਮੁਹਿੰਮ ਔਰਤਾਂ ਵਲੋਂ ਇਹ ਦੱਸਣ ਦਾ ਉਪਰਾਲਾ ਸੀ ਕਿ ਕੰਮ ਕਰਨ ਵਾਲੀਆਂ ਥਾਂਵਾਂ ਉੱਤੇ ਕਾਮੁਕ ਹਮਲੇ ਅਤੇ ਉਨ੍ਹਾਂ ਨੂੰ ਦਿਕ ਕਰਨ ਦੇ ਉਪਰਾਲੇ ਕਿੰਨੇ ਆਮ ਹਨ। ਅਮਰੀਕੀ ਅਭਿਨੇਤਰੀ ਅਲੀਸਾ ਮਿਲਾਨੋ ਨੇ ਅਜਿਹੇ ਹਮਲਿਆਂ ਦੀਆਂ ਸ਼ਿਕਾਰ ਔਰਤਾਂ ਨੂੰ ਪ੍ਰੇਰਤ ਕੀਤਾ ਕਿ ਉਹ ਇਹੋ ਜਿਹੇ ਹਾਦਸਿਆਂ ਬਾਰੇ ਖੁੱਲ੍ਹ ਕੇ ਬੋਲਣ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ ਇਹ ਸਮੱਸਿਆ ਕਿੰਨੀ ਵੱਡੀ ਹੈ।)
ਤਨੁਸ਼੍ਰੀ ਦੇ ਹੌਸਲੇ ਤੋਂ ਪ੍ਰੇਰਤ ਹੋ ਕੇ ਟੈਲੀ-ਸੀਰੀਅਲਾਂ ਦੀ ਲੇਖਕ ਵਿੰਟਾ ਨੰਦਾ ਨੇ ਵੀ ਖੁੱਲ੍ਹ ਕੇ ਕਿਹਾ ਕਿ 90ਵਿਆਂ ਵਿਚ ‘ਤਾਰਾ’ ਸੀਰੀਅਲ ਦੀ ਸ਼ੂਟਿੰਗ ਦੇ ਦੌਰਾਨ ਅਭਿਨੇਤਾ ਆਲੋਕ ਨਾਥ ਨੇ ਉਸ ਨਾਲ ਬਲਾਤਕਾਰ ਕੀਤਾ ਸੀ। ਉਸ ਸਮੇਂ ਉਹ ਚੁੱਪ ਰਹੀ, ਪਰ 2005 ਤੀਕ ਜਦੋਂ ਉਹ ਪਕੇਰੇ ਪੈਰੀਂ ਖੜ੍ਹੀ ਹੋ ਚੁੱਕੀ ਸੀ, ਉਸਨੇ ਇਸ ਬਲਾਤਕਾਰ ਬਾਰੇ ਇੰਕਸ਼ਾਫ਼ ਵੀ ਕੀਤਾ ਸੀ। ਪਰ ਇਸ ਤੋਂ ਬਾਅਦ ਉਸ ਨੂੰ ਕੰਮ ਹੀ ਮਿਲਣਾ ਬੰਦ ਹੋ ਗਿਆ। ਹੁਣ #ਮੀ ਟੂ ਨੇ ਉਸਨੂੰ ਹੌਸਲਾ ਦਿੱਤਾ ਕਿ ਉਹ ਆਪਣੀ ਗੱਲ ਮੁੜ ਸਭ ਦੇ ਸਾਹਮਣੇ ਲਿਆਵੇ।
ਤੇ ਇਹੋ ਕਾਰਨ ਹੈ ਕਿ ਪ੍ਰੀਆ ਰਮਾਨੀ ਨੇ ਵੀ ਐੱਮ ਜੇ ਅਕਬਰ ਦਾ ਨਾਂਅ ਖੁੱਲ੍ਹ ਕੇ ਦੱਸ ਦਿੱਤਾ।
ਪਰ ਨਾ ਨਾਨਾ ਪਾਟੇਕਰ, ਨਾ ਹੀ ਆਲੋਕ ਨਾਥ ਅਤੇ ਨਾ ਹੀ ਐੱਮ ਜੇ ਅਕਬਰ ਇਹ ਮੰਨਣ ਨੂੰ ਤਿਆਰ ਹਨ ਕਿ ਉਨ੍ਹਾਂ ਵੱਲੋਂ ਕੋਈ ਵਧੀਕੀ ਹੋਈ ਹੈ। ਸਗੋਂ ਉਨ੍ਹਾਂ ਨੇ ਇਨ੍ਹਾਂ ਔਰਤਾਂ ਉੱਤੇ ਮਾਣਹਾਨੀ ਦੇ ਮੁਕੱਦਮੇ ਠੋਕ ਦਿੱਤੇ ਹਨ। ਇਸ ਅੜੀਅਲ ਮਰਦਾਨਾ ਹਿਕਾਰਤ ਨੂੰ ਦੇਖ ਕੇ ਹੋਰ ਵੀ ਔਰਤਾਂ ਬੋਲਣ ਲੱਗ ਪਈਆਂ। ਐੱਮ ਜੇ ਅਕਬਰ ਦੇ ਕਾਰਿਆਂ/ਕਾਮੁਕ ਵਧੀਕੀਆਂ ਨਾਲ ਆਪਣੇ ਤਜਰਬੇ ਬਾਰੇ ਤਾਂ 20 ਪੱਤਰਕਾਰ ਔਰਤਾਂ ਨੇ ਮੂੰਹ ਖੋਲ੍ਹਿਆ ਹੈ, ਜਿਨ੍ਹਾਂ ਵਿੱਚੋਂ ਕਈਆਂ ਦੇ ਨਾਂਅ ਚੋਖੇ ਜਾਣੇ ਜਾਂਦੇ ਹਨ।
ਤੇ ਮੇਰਾ ‘ਸੰਵੇਦਨਸ਼ੀਲ’ ਮਿੱਤਰ ਹੀ ਨਹੀਂ, ਭਾਜਪਾਈ ਮੰਤਰੀਆਂ ਤੋਂ ਲੈ ਕੇ ਸੱਥ ਵਿਚ ਬੈਠੇ ਸਾਥੀ ਕਹਿ ਰਹੇ ਹਨ ਕਿ 20 ਸਾਲ ਮਗਰੋਂ ਇਲਜ਼ਾਮ ਲਾਉਣ ਦੀ ਕੀ ਤੁਕ ਹੈ? ਇਹੋ ਜਿਹੇ ਇਲਜ਼ਾਮ ਲਾਉਣ ਦਾ ਤਾਂ ਫੈਸ਼ਨ ਹੋ ਗਿਆ ਹੈ। ਜੇ ਇਹ ਸੱਚ ਸੀ ਤਾਂ ਇਹ ਪਹਿਲਾਂ ਕਿਉਂ ਨਾ ਬੋਲੀਆਂ? ਇਹ ਸਸਤੀ ਸ਼ੁਹਰਤ ਖੱਟਣ ਦਾ ਉਪਰਾਲਾ ਹੈ।
ਐੱਮ ਜੇ ਅਕਬਰ ਨੇ ਇਸਤੀਫ਼ਾ ਤਾਂ ਦੇ ਦਿੱਤਾ ਹੈ ਪਰ ਪ੍ਰੀਆ ਰਮਾਨੀ ਉੱਤੇ 97 ਵਕੀਲਾਂ ਦੀ ਟੀਮ ਬਣਾ ਕੇ ਹੱਤਕ ਇਜ਼ਤ ਦਾ ਮੁਕੱਦਮਾ ਠੋਕ ਦਿੱਤਾ ਹੈ। ਇਸ ਮੁਲਕ ਦੀ ਨਿਆਂ-ਪ੍ਰਣਾਲੀ ਅਜਿਹੀ ਹੈ ਕਿ ਲੰਮਾ ਸਮਾਂ ਨਾ ਸਿਰਫ਼ ਕਚਹਿਰੀਆਂ ਵਿਚ ਖੁਆਰ ਹੋਣਾ ਪੈਂਦਾ ਹੈ, ਤੁਸੀਂ ਦੀਵਾਲੀਏ ਵੀ ਹੋ ਸਕਦੇ ਹੋ। ਇਸੇ ਡਰ ਤੋਂ ਤਾਂ ਪਿਛਲੇ ਸਾਲ ‘ਇਕਨੌਮਿਕ ਐਂਡ ਪੋਲਿਟਿਕਲ ਵੀਕਲੀ’ ਵਰਗੇ ਸਤਿਕਾਰੇ ਖੱਬੇ-ਪੱਖੀ ਰਿਸਾਲੇ ਨੇ ਵੀ ਅਡਾਨੀ ਦੀ ਮੁਕੱਦਮਾ ਧਮਕੀ ਅੱਗੇ ਹਥਿਆਰ ਸੁੱਟ ਦਿੱਤੇ। ਕੇਂਦਰੀ ਵਿਤ ਮੰਤਰੀ ਵੱਲੋਂ ਮੁਕੱਦਮੇਬਾਜ਼ੀ ਦੇ ਇਸੇ ਡਰਾਵੇ ਕਾਰਨ ਤਾਂ ਦਿੱਲੀ ਦਾ ਮੁੱਖ ਮੰਤਰੀ ਉਸ ਉੱਤੇ ਆਪਣੇ ਵੱਲੋਂ ਲਾਏ ਇਲਜ਼ਾਮ ਬਿਨਾਂ ਸ਼ਰਤ ਵਾਪਸ ਲੈਣ ਲਈ ਮਜਬੂਰ ਹੋ ਗਿਆ। ਸੋ, ਜੇ ਪ੍ਰੀਆ ਰਮਾਨੀ ਅਕਬਰ ਦੀ 97 ਵਕੀਲਾਂ ਦੀ ਫੌਜ ਰਾਹੀਂ ਲੜੀ ਜਾਣ ਵਾਲੀ ਲੜਾਈ ਵਿਚ ਹਥਿਆਰ ਨਹੀਂ ਸੁੱਟ ਰਹੀ ਤਾਂ ਉਸਦੀ ਮਦਦ ਲਈ ਹਰ ਉਹ ਔਰਤ ਮੈਦਾਨ ਵਿਚ ਨਿੱਤਰੇਗੀ ਜਿਸ ਨੇ ਐੱਮ ਜੇ ਅਕਬਰ ਦੀਆਂ ਵਧੀਕੀਆਂ ਸਹੀਆਂ ਜਾਂ ਦੇਖੀਆਂ ਹੋਈਆਂ ਹਨ। ਅਤੇ ਇਹੋ ਗੱਲ ਫਿਲਮ ਅਤੇ ਟੈਲੀ ਜਗਤ ਨਾਲ ਜੁੜੀਆਂ ਉਨ੍ਹਾਂ ਔਰਤਾਂ ਉੱਤੇ ਢੁੱਕਦੀ ਹੈ ਜੋ ਤਨੁਸ਼੍ਰੀ ਦੱਤਾ ਅਤੇ ਵਿੰਟਾ ਨੰਦਾ ਨਾਲ ਹੋਈਆਂ ਵਧੀਕੀਆਂ ਦੀਆਂ ਗਵਾਹ ਹੋਣ ਕਾਰਨ ਉਨ੍ਹਾਂ ਦੇ ਸਮਰਥਨ ਵਿਚ ਉੱਤਰੀਆਂ ਹਨ।
ਇਹ ਗੱਲ ਨਹੀਂ ਕਿ ਔਰਤਾਂ ਬੋਲਦੀਆਂ ਨਹੀਂ। ਦਰਅਸਲ ਉਨ੍ਹਾਂ ਨੂੰ ਚੁੱਪ ਰਹਿਣਾ ਪੈਂਦਾ ਹੈ ਕਿਉਂਕਿ ਕਿਤੇ ਕਿਸੇ ਸੁਣਵਾਈ ਦੀ ਆਸ ਨਹੀਂ ਹੁੰਦੀ। 14 ਸਾਲਾਂ ਦੀ ਕੁੜੀ ਨੇ ਹਰਿਆਣਾ ਦੇ ਆਈ.ਜੀ. ਪੁਲੀਸ ਰਾਠੌੜ ਦੀ ਕਾਮੁਕ ਛੇੜਛਾੜ ਖਿਲਾਫ਼ ਬੋਲਣ ਦੀ ਹਿੰਮਤ ਕੀਤੀ ਸੀ, ਪਰ ਆਤਮਹੱਤਿਆ ਕਰਨ ’ਤੇ ਮਜਬੂਰ ਹੋਈ। ਏਅਰ ਹੋਸਟੈੱਸ ਗੀਤਿਕਾ ਸ਼ਰਮਾ ਨੇ ਹਰਿਆਣੇ ਦੇ ਹੀ ਮਿਨਿਸਟਰ ਗੋਪਾਲ ਕੰਡਾ ਦੇ ਖਿਲਾਫ਼ ਸ਼ਿਕਾਇਤ ਕੀਤੀ ਸੀ, ਪਰ ਤਾਕਤਵਰ ਮਰਦ ਸਾਹਮਣੇ ਇਕ ਸਧਾਰਨ ਔਰਤ ਦੀ ਔਕਾਤ ਹੀ ਕੀ ਹੈ! ਉਸਨੂੰ ਇੰਨਾ ਤੰਗ ਕੀਤਾ ਗਿਆ ਕਿ ਸਿਰਫ਼ ਉਹ ਆਪ ਹੀ ਨਹੀਂ, ਉਸਦੀ ਮਾਂ ਵੀ ਖੁਦਕੁਸ਼ੀ ਕਰਨ ਵਲ ਧੱਕੀਆਂ ਗਈਆਂ। ਹਰ ਔਰਤ ਰੂਪਨ ਦਿਓਲ ਬਜਾਜ ਵਾਲਾ ਰੁਤਬਾ ਜਾਂ ਜੇਰਾ ਨਹੀਂ ਰੱਖਦੀ ਕਿ ਉਹ ਸਾਲਾਂ ਦਰ ਸਾਲ ਕੇ.ਪੀ.ਐੱਸ ਗਿੱਲ ਵਰਗਿਆਂ ਨਾਲ ਸਿੱਝਦੀ ਰਹੇ।
ਵੀਹ ਸਾਲ ਪਹਿਲਾਂ ਦਫ਼ਤਰੀ ਮਾਹੌਲ ਵਿਚ ਕਾਮੁਕ ਫਤਵਿਆਂ ਜਾਂ ਦਿਕ ਕਰਨ ਦੇ ਮਾਮਲਿਆਂ ਬਾਰੇ ਵਿਸ਼ਾਖਾ ਕਮੇਟੀ ਦੇ ਦਿਸ਼ਾ ਨਿਰਦੇਸ਼ ਨਹੀਂ ਸਨ ਹੁੰਦੇ। ਇਸ ਲਈ ਮਰਦਾਂ ਦੀ ਤਾਂ ਗੱਲ ਛੱਡੋ, ਔਰਤਾਂ ਨੂੰ ਵੀ ਪਤਾ ਨਹੀਂ ਸੀ ਕਿਹੜੀ ਸੀਮਾ ਉਲੰਘੇ ਜਾਣ ਉੱਤੇ ਉਹ ਹੱਕੀ ਤੌਰ ਉੱਤੇ ਆਪਣੇ ਨਾਲ ਹੋਈ ਵਧੀਕੀ ਬਾਰੇ ਸ਼ਿਕਾਇਤ ਦਰਜ ਕਰਾ ਸਕਦੀਆਂ ਹਨ। ਕੰਮ ਦੀ ਥਾਂ ਉੱਤੇ ਔਰਤਾਂ ਨਾਲ ਵਿਹਾਰ ਬਾਰੇ ਐਕਟ ਤਾਂ ਅਜੇ ਪੰਜ ਸਾਲ ਪਹਿਲਾਂ ਹੀ 2013 ਵਿਚ ਮਨਜ਼ੂਰ ਹੋਇਆ ਹੈ, ਜਿਸ ਮੁਤਾਬਕ ਹਰ ਮਾਲਕ ਲਈ ਇਕ 10-ਮੈਂਬਰੀ ਕਮੇਟੀ ਬਣਾਉਣਾ ਜ਼ਰੂਰੀ ਹੈ ਜੋ ਗਲਤ ਵਿਹਾਰ ਦੀ ਸ਼ਿਕਾਇਤ ਬਾਰੇ ਪੜਤਾਲ ਕਰ ਸਕੇ। ਇਹ ਕਮੇਟੀਆਂ ਬਹੁਤੇ ਥਾਂਈਂ ਅਜੇ ਕਾਗਜ਼ੀ ਹੀ ਹਨ; ਪਰ ਘੱਟੋ-ਘੱਟ ਇਨ੍ਹਾਂ ਦਾ ਸਪਸ਼ਟ ਖਾਕਾ ਤਾਂ ਮੌਜੂਦ ਹੈ।
ਵੀਹ ਸਾਲ ਪਹਿਲਾਂ ਔਰਤਾਂ ਬੋਲਦੀਆਂ ਨਹੀਂ ਸਨ, ਕਿਉਂਕਿ ਉਹ ਨਿਹਾਇਤ ਕਮਜ਼ੋਰ ਧਿਰ ਸਨ। ਹੁਣ ਇਨ੍ਹਾਂ ਕਾਨੂੰਨੀ ਤਬਦੀਲੀਆਂ ਨੇ ਹੀ ਨਹੀਂ, ਉਨ੍ਹਾਂ ਦੀ ਸਮੂਹਕ ਤੌਰ ਉੱਤੇ ਉੱਠੀ ਆਵਾਜ਼ ਨੇ ਵੀ ਉਨ੍ਹਾਂ ਨੂੰ ਇਹ ਤਾਕਤ ਦਿੱਤੀ ਹੈ ਕਿ ਉਹ ਨਾ ਸਿਰਫ਼ ਅਜਿਹੀਆਂ ਵਧੀਕੀਆਂ ਨੂੰ ਨਸ਼ਰ ਕਰਨ, ਉਨ੍ਹਾਂ ਨੂੰ ਥਾਏਂ ਨੱਪਣ ਦੀ ਹਿੰਮਤ ਵੀ ਕਰ ਸਕਣ। ਅੱਜ ਵੱਡੇ ਸ਼ਹਿਰਾਂ ਦੇ ਦਫਤਰੀ ਮਾਹੌਲ ਵਿਚ ਵਿਚਰ ਰਹੀਆਂ ਔਰਤਾਂ ਵਿਚ ਜਾਗਰਿਤੀ ਆਈ ਹੈ, ਕੱਲ੍ਹ ਇਸਦਾ ਛੋਟੇ ਸ਼ਹਿਰਾਂ ਅਤੇ ਪਿੰਡਾਂ ਤਕ ਪਹੁੰਚਣਾ ਵੀ ਲਾਜ਼ਮੀ ਹੈ। ਇਹ ਤਾਂ ਮੇਰੇ ‘ਸੰਵੇਦਨਸ਼ੀਲ’ ਦੋਸਤਾਂ ਨੂੰ ਵੀ ਪਤਾ ਹੀ ਹੋਵੇਗਾ ਕਿ ਗੋਹਾ-ਕੂੜਾ ਕਰਨ ਆਈ ਹੋਵੇ, ਜਾਂ ਭਾਂਡੇ-ਪੋਚਾ ਕਰਨ, ਕਿਸੇ ਦੇ ਘਰ ਕੰਮ ਕਰਨ ਆਈ ਔਰਤ ਕਿੰਨੀ ਕੁ ਸੁਰੱਖਿਅਤ ਹੁੰਦੀ ਹੈ। ਜਾਂ ਉਸ ਨਾਲ ਹੋ ਰਹੇ ਕਾਮੁਕ ਤਜਰਬਿਆਂ ਵਿਚ ਕਿੰਨੀ ਕੁ ਉਸ ਦੀ ਸਹਿਮਤੀ ਸ਼ਾਮਲ ਹੁੰਦੀ ਹੈ, ਅਤੇ ਕਿਸ ਹੱਦ ਤਕ ਮਜਬੂਰੀ।
ਖਦਸ਼ਾ ਇਹ ਵੀ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਕਈ ਔਰਤਾਂ ਸਿਰਫ਼ ਕਿੜ ਕੱਢਣ ਲਈ ਵੀ ਇਲਜ਼ਾਮ ਲਾ ਸਕਦੀਆਂ ਹਨ, ਇਹੋ ਜਿਹੀਆਂ ਗੱਲਾਂ ਨੂੰ ਬਹੁਤੀ ਹਵਾ ਨਹੀਂ ਦੇਣੀ ਚਾਹੀਦੀ। ਪਰ ਇਹੋ ਗੱਲ ਤਾਂ ਬਲਾਤਕਾਰ ਦੇ ਇਲਜ਼ਾਮ ’ਤੇ ਵੀ ਲਾਗੂ ਹੁੰਦੀ ਹੈ, ਕੋਈ ਵਿਰਲੀ ਟਾਵੀਂ ਇਸ ਦੋਸ਼ ਨੂੰ ਵੀ ਵਰਤ ਲੈਂਦੀ ਹੈ। ਪਰ ਇਸਦਾ ਇਹ ਮਤਲਬ ਤਾਂ ਨਹੀਂ ਕਿ ਬਲਾਤਕਾਰ ਦੇ ਜੁਰਮ ਬਾਰੇ ਕਾਨੂੰਨ ਨਾ ਹੋਣ ਜਾਂ ਉਨ੍ਹਾਂ ਨੂੰ ਹਵਾ ਨਾ ਦਿੱਤੀ ਜਾਵੇ। ਕਦੇ ਕਦੇ ਕੁਝ ਕਸਬੀ ਕਿਸਮ ਦੇ ਦਲਿਤ, ਸਿਆਸੀ ਜਾਂ ਆਰਥਕ ਬਲੈਕਮੇਲ ਲਈ ਬੇਦੋਸ਼ੇ ਸਵਰਨਾਂ ਨੂੰ ਵੀ ਘੇਰ ਲੈਂਦੇ ਹਨ, ਪਰ ਇਸ ਤੋਂ ਇਹ ਨਤੀਜਾ ਤਾਂ ਨਹੀਂ ਕੱਢਿਆ ਜਾ ਸਕਦਾ ਕਿ ਦਲਿਤਾਂ ਨਾਲ ਸਦੀਆਂ ਤੋਂ ਹੁੰਦੀਆਂ ਆਈਆਂ ਅਤੇ ਅਜੇ ਵੀ ਹੋ ਰਹੀਆਂ ਵਧੀਕੀਆਂ ਨੂੰ ਠੱਲ੍ਹ ਪਾਉਣ ਵਾਲੇ ਕਾਨੂੰਨ ਹੀ ਖਾਰਜ ਕਰ ਦਿੱਤੇ ਜਾਣ। ਦਾਜ-ਵਿਰੋਧੀ ਕਾਨੂੰਨ ਹੋਵੇ, ਜਾਂ ਔਰਤਾਂ ਨਾਲ ਦੁਰਵਿਹਾਰ ਵਿਰੋਧੀ; ਹਰ ਕਾਨੂੰਨ ਦੀ ਦੁਰਵਰਤੋਂ ਦੀਆਂ ਇੱਕਾ ਦੁੱਕਾ ਮਿਸਾਲਾਂ ਮਿਲਦੀਆਂ ਰਹਿਣਗੀਆਂ ਪਰ ਇਹ ਕਾਨੂੰਨ ਇਸ ਲਈ ਜ਼ਰੂਰੀ ਹਨ ਕਿਉਂਕਿ ਇਹ ਅਲਾਮਤਾਂ ਸਾਡੇ ਸਮਾਜ ਵਿਚ ਏਨੀਆਂ ਫੈਲੀਆਂ ਹੋਈਆਂ ਹਨ, ਜਿਨ੍ਹਾਂ ਨਾਲ ਸਿੱਝਣ ਲਈ ਕਾਨੂੰਨ ਹੋਣੇ ਨਿਹਾਇਤ ਜ਼ਰੂਰੀ ਹਨ, ਨਹੀਂ ਤਾਂ ਔਰਤਾਂ ਬੋਲਣਗੀਆਂ ਕਿਵੇਂ? ਮਰਦ ਤਾਂ ਉਦੋਂ ਵੀ ਬੋਲਣਾ ਬੰਦ ਨਹੀਂ ਕਰਦੇ ਜਦੋਂ ਉਨ੍ਹਾਂ ਪਤਾ ਹੁੰਦਾ ਹੈ ਕਿ ਉਨ੍ਹਾਂ ਦੇ ਹੱਥ ਪੱਲੇ ਕੋਈ ਦਲੀਲ ਹੀ ਨਹੀਂ, ਸਿਰਫ਼ ਮਰਦ ਸੱਤਾ ਪਰਧਾਨ ਸਮਾਜ ਵੱਲੋਂ ਬਖਸ਼ੀ ਗਈ ਤਾਕਤ ਅਤੇ ਮਾਨਸਕਤਾ ਹੁੰਦੀ ਹੈ। ਮੈਂ ਗੱਲ ਐਮ ਜੇ ਅਕਬਰ, ਆਲੋਕ ਨਾਥ ਜਾਂ ਨਾਨਾ ਪਾਟੇਕਰ ਦੀ ਨਹੀਂ ਕਰ ਰਿਹਾ; ਤੁਹਾਡੇ ਤੇ ਮੇਰੇ ਵਰਗਿਆਂ ਦੀ ਵੀ ਕਰ ਰਿਹਾ ਹਾਂ।
*****
(1356)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)