“ਦਿਲਾਸੇ, ਤਸੱਲੀਆਂ ਮੈਂ ਮਾਸੀ ਨੂੰ ਬਹੁਤ ਦਿੱਤੇ ਪਰ ਉਸ ਦੀ ਜ਼ਿੰਦਗੀ ਸ਼ਾਇਦ ਭੱਠੀ ਵਿੱਚ ਭੁੱਜਦੇ ਦਾਣਿਆ ਜਿਹੀ ...”
(1 ਅਗਸਤ 2024)
ਭੱਠੀ ਵਾਲੀ ਮਲਕੀਤੋ ਮਾਸੀ ਨੂੰ ਮਿਲੇ ਹੋਏ ਅਤੇ ਦੇਖਿਆਂ ਬੜੇ ਵਰ੍ਹੇ ਬੀਤ ਗਏ ਸਨ। ਕਈ ਦਿਨ ਤੋਂ ਵਾਰ ਵਾਰ ਮੇਰਾ ਧਿਆਨ ਉਸ ਵੱਲ ਹੀ ਜਾ ਰਿਹਾ ਸੀ। ਮਿਲਣ ਦਾ ਚਾਅ ਮਨ ਵਿੱਚ ਬਹੁਤ ਸੀ। ਆਥਣੇ ਉਹ ਭੱਠੀ ਮਘਾਉਂਦੀ। ਉਦੋਂ ਮੇਰੀ ਨਿਆਣੀ ਉਮਰ ਸੀ। ਦਾਣੇ ਭੁਨਾਉਣ ਜਾਂਦਾ ਹੁੰਦਾ ਸੀ। ਥੋੜ੍ਹੀ ਵਿਹਲ ਮਿਲੀ, ਮੈਂ ਉਸ ਕੋਲ ਜਾਣ ਦਾ ਮਨ ਬਣਾ ਲਿਆ। ਘਰ ਦੀਆਂ ਤੰਗੀਆਂ-ਤਰੁਸ਼ੀਆਂ ਨਾਲ ਉਹ ਸ਼ੁਰੂ ਤੋਂ ਹੀ ਜੂਝਦੀ ਤੇ ਦਿਨ ਟਪਾਈ ਹੀ ਕਰਦੀ ਰਹੀ। ਉਮਰੋਂ ਪਹਿਲਾਂ ਹੀ ਉਸ ਦੇ ਵਾਲ ਚਿੱਟੇ ਹੋਣੇ ਸ਼ੁਰੂ ਹੋ ਗਏ ਸਨ। ਸ਼ਹਿਰ ਵਿੱਚ ਮੇਰੇ ਵਸਣ ਤਕ ਉਸ ਦੇ ਕੀਤੇ ਸਾਰੇ ਯਤਨ ਵੀ ਇਨ੍ਹਾਂ ਤੰਗੀਆਂ ਦੀਆਂ ਡੂੰਘੀਆਂ ਖੁੱਡਾਂ ਨੂੰ ਭਰ ਨਾ ਸਕੇ।
ਉਨ੍ਹਾਂ ਵੇਲਿਆਂ ਵਿੱਚ ਦਾਣੇ ਭੁੰਨਣ ਵਾਲੀਆਂ ਭੱਠੀਆਂ ਬਹੁਤ ਅਹਿਮੀਅਤ ਰੱਖਦੀਆਂ ਸਨ। “ਲੈ ਜਾ ਛੱਲੀਆਂ ਭੁਨਾ ਲਈਂ ਦਾਣੇ …” ਸ਼ਾਇਦ ਉਦੋਂ ਇਸੇ ਕਾਰਨ ਹੀ ਗਾਇਆ ਜਾਂਦਾ ਹੋਵੇ। ਚਾਰ ਪੰਜ ਭੱਠੀਆਂ ਤਾਂ ਸਾਡੇ ਛੋਟੇ ਜਿਹੇ ਕਸਬੇ ਵਿੱਚ ਹੀ ਸਨ। ਇਹ ਮਿੱਟੀ ਦੀਆਂ ਬਣੀਆਂ ਹੁੰਦੀਆਂ ਸਨ। ਪੋਟਲੀਆਂ ਵਿੱਚ ਦਾਣੇ ਲੈ ਕੇ ਮੁੰਡੇ ਕੁੜੀਆਂ ਭੱਠੀ ਦੇ ਆਲੇ-ਦੁਆਲੇ ਗੋਡਿਆ ਭਾਰ ਬੈਠ ਜਾਂਦੇ ਤੇ ਆਪਣੀ ਵਾਰੀ ਆਉਣ ਦੀ ਉਡੀਕ ਕਰਦੇ। ਦਾਣੇ ਨਾ ਵੀ ਭੁਨਾਉਣੇ ਹੁੰਦੇ ਤਾਂ ਵੀ ਅਸੀਂ ਭੱਠੀ ਵੱਲ ਗੇੜਾ ਜ਼ਰੂਰ ਮਾਰ ਆਉਂਦੇ ਤੇ ਮਾਸੀ ਨੂੰ ਮਿਲ ਕੇ ਮੁੜਨ ਦੀ ਕਰਦੇ। ਮਲਕੀਤੋ ਮਾਸੀ ਨੂੰ ਪਤਾ ਹੁੰਦਾ ਕਿ ਕੌਣ ਪਹਿਲੋਂ ਆਇਆ ਸੀ, ਕੌਣ ਪਿੱਛੋਂ। ਕਦੀ ਕਦੀ ਉਡੀਕ ਲੰਮੀ ਹੋ ਜਾਂਦੀ ਪਰ ਮਨ ਕਦੇ ਕਾਹਲਾ ਨਾ ਪੈਂਦਾ। ਭੱਠੀ ਦੀ ਤੱਤੀ ਰੇਤ ਵਿੱਚ ਭੁੱਜਦੇ ਦਾਣੇ ਹਵਾ ਵਿੱਚ ਭੁੜਕਦੇ ਤਾਂ ਇਉਂ ਜਾਪਦਾ ਜਿਵੇਂ ਕੋਈ ਸੁਰ ਤਾਲ ਕੰਨਾਂ ਵਿੱਚ ਰਸ ਘੋਲ ਰਹੀ ਹੋਵੇ। ਭੁੰਨੇ ਦਾਣੇ ਚੱਬਣ ਦਾ ਵੀ ਆਪਣਾ ਆਨੰਦ ਹੁੰਦਾ।
ਮਾਸੀ ਸਾਡੇ ਨਾਲ ਕਈ ਗੱਲਾਂ ਸਾਂਝੀਆਂ ਕਰ ਲੈਂਦੀ, ਹਾਸਾ-ਠੱਠਾ ਵੀ। “ਕੀ ਪੜ੍ਹ ਕੇ ਆਇਆਂ ਅੱਜ ਸਕੂਲੋਂ?” ਖ਼ਾਸ ਤੌਰ ’ਤੇ ਇਹ ਸਵਾਲ ਉਹ ਜ਼ਰੂਰ ਪੁੱਛਦੀ। ਕਿਸੇ ਗੱਲੋਂ ਉਹ ਸਾਨੂੰ ਘੂਰ ਵੀ ਦਿੰਦੀ ਅਤੇ ਉਸ ਦੀ ਘੂਰੀ ਨੂੰ ਸਾਡੀ ਨਿਗ੍ਹਾ ਉਸ ਦੀਆਂ ਅੱਖਾਂ ਵਿੱਚੋਂ ਪੜ੍ਹ ਵੀ ਲੈਂਦੀ। ਪਤਾ ਨਹੀਂ ਕਿਉਂ ਉਸ ਨੂੰ ਸਾਡੀ ਪੜ੍ਹਾਈ ਦੀ ਚਿੰਤਾ ਸਾਡੇ ਮਾਪਿਆਂ ਵਾਂਗ ਹੀ ਹੁੰਦੀ। ਬਿਨ ਮੰਗੀਆਂ ਸਲਾਹਾਂ ਵੀ ਉਹ ਸਾਨੂੰ ਦਿੰਦੀ ਰਹਿੰਦੀ ਤੇ ਇਹ ਸਭ ਸਾਡੇ ਮਨ ਨੂੰ ਵੀ ਛੋਂਹਦਾ। ਉਦੋਂ ਹਰ ਰਿਸ਼ਤੇ ਦਾ ਇੱਕ ਅਰਥ ਹੁੰਦਾ ਸੀ। ਰਿਸ਼ਤੇ ਪੂਰੀ ਤਰ੍ਹਾਂ ਨਿਭਾਏ ਵੀ ਜਾਂਦੇ ਸਨ। ਸ਼ਾਇਦ ਮਾਸੀ ਵੀ ਇਹ ਗੱਲ ਚੰਗੀ ਤਰ੍ਹਾਂ ਸਮਝਦੀ ਸੀ। ਭਲੇ ਵੇਲੇ ਸਨ, ਭਲੇ ਲੋਕ ਸਨ। ਮਾਸੀ ਕੋਲ ਪੁੱਜਣ ਤੋਂ ਪਹਿਲਾਂ ਬਹੁਤ ਕੁਝ ਮੇਰੇ ਚੇਤਿਆਂ ਵਿੱਚੋਂ ਲੰਘਿਆ।
ਯਾਦ ਆਇਆ, ਭੱਠੀ ਨੂੰ ਮਘਦਾ ਰੱਖਣ ਲਈ ਬਾਲਣ ਪਾਉਣਾ ਜਿਵੇਂ ਸਾਡੇ ਲਈ ਮਨਭਾਉਂਦੀ ਖੇਡ ਹੋਵੇ। ਦਾਣੇ ਭੁਨਾਉਣ ਲਈ ਕਈ ਵਾਰ ਤਾਂ ਅਸੀਂ ਕੁਝ ਪੈਸੇ ਦੇ ਦਿੰਦੇ ਅਤੇ ਕਈ ਵਾਰ ਦਾਣਿਆ ਦਾ ਕੁਝ ਹਿੱਸਾ, ਜਿਸ ਨੂੰ ‘ਚੁੰਗ’ ਆਖਦੇ ਸਨ। ਸਮੇਂ ਨਾਲ ਬੜਾ ਕੁਝ ਬਦਲ ਜਾਂਦਾ ਹੈ। ਵਰ੍ਹਿਆਂ ਪਹਿਲੋਂ ਜੋ ਸੀ, ਹੁਣ ਨਹੀਂ ਹੈ। ਹੁਣ ਵਾਲਾ ਵੀ ਕੱਲ੍ਹ ਨੂੰ ਪੁਰਾਣਾ ਜਾਂ ਫਿਰ ਅਲੋਪ ਹੋ ਜਾਵੇਗਾ। ਸੋਚਾਂ, ਮਾਹੌਲ, ਕੰਮ-ਧੰਦੇ ਵਕਤ ਨਾਲ ਬਦਲਦੇ ਹੀ ਹਨ। ਦੇਖਦੇ ਦੇਖਦੇ ਹੀ ਇਹ ਅਮੀਰ ਵਿਰਾਸਤ, ਦਾਣੇ ਭੁੰਨਣ ਵਾਲੀਆਂ ਭੱਠੀਆਂ ਘਟਦੀਆਂ ਘਟਦੀਆਂ ਖ਼ਤਮ ਹੀ ਹੋ ਗਈਆਂ। ਹੁਣ ਦੀ ਨਵੀਂ ਪੀੜ੍ਹੀ ਇਨ੍ਹਾਂ ਭੱਠੀਆ ਤੋਂ ਪੂਰੀ ਤਰ੍ਹਾਂ ਅਣਜਾਣ ਹੈ। ਇਨ੍ਹਾਂ ਦੀ ਥਾਂ ਚਲਦੀਆਂ ਫਿਰਦੀਆਂ ਰੇਹੜੀਆਂ ਨੇ ਲੈ ਲਈ ਹੈ। ਭੱਠੀਆਂ ਦੇ ਆਸ-ਪਾਸ ਦਾ ਰੌਣਕ ਮੇਲਾ ਖਿੰਡ-ਪੁੰਡ ਗਿਆ। ਪੈਕਟਾਂ ਵਿੱਚ ਬੰਦ ਸਭ ਕੁਝ ਬਾਜ਼ਾਰਾਂ ਵਿੱਚੋਂ ਮਿਲਣ ਲੱਗਾ ਹੈ। ਕਦੀ ਪੌਪਕੌਰਨ ਦੇ ਨਾਂ ਨਾਲ, ਕਦੀ ਕਿਸੇ ਹੋਰ ਬ੍ਰਾਂਡ ਹੇਠ।
ਚਾਰ ਕੁ ਘੰਟੇ ਦੇ ਸਫ਼ਰ ਪਿੱਛੋਂ ਮੈਂ ਮਾਸੀ ਕੋਲ ਪੁੱਜ ਗਿਆ। ਉਹ ਮੰਜੇ ’ਤੇ ਲੇਟੀ ਹੋਈ ਸੀ। ਮੈਨੂੰ ਦੇਖਦਿਆਂ ਹੀ ਉਹ ਉੱਠ ਕੇ ਬੈਠ ਗਈ। ਛੇਤੀ ਹੀ ਉਸ ਨੇ ਮੈਨੂੰ ਸਿਆਣ ਲਿਆ ਤੇ ਆਪਣੀਆਂ ਦੋਵੇਂ ਬਾਹਾਂ ਮੇਰੀ ਗਿੱਚੀ ਦੁਆਲੇ ਵਲਦਿਆਂ ਮੈਨੂੰ ਆਪਣੇ ਸੀਨੇ ਲਾ ਲਿਆ। ਉਸ ਦਾ ਸਰੀਰ ਚਿੰਤਾਵਾਂ, ਫ਼ਿਕਰਾਂ ਤੇ ਉਮਰ ਦੇ ਥਪੇੜਿਆਂ ਨੇ ਝੰਬ ਦਿੱਤਾ ਸੀ। ਘੜੇ ਦਾ ਪਾਣੀ ਉਸ ਨੇ ਮੈਨੂੰ ਪੀਣ ਲਈ ਦਿੱਤਾ।
“ਦੇਖ ਲੈ ਪੁੱਤ, ਤੇਰੀ ਮਾਸੀ ਦਾ ਕੀ ਹਾਲ ਹੋ ਗਿਆ। ਹੁਣ ਤਾਂ ਵਾਗਰੂ ਚੁੱਕ ਹੀ ਲਵੇ ਤਾਂ ਸ਼ੁਕਰ ਕਰੂੰ ਉਸ ਦਾ।”
“ਨਾ ਮਾਸੀ, ਇਉਂ ਨਹੀਂ ਆਖੀਦਾ। ਹੌਲੀ ਹੌਲੀ ਸਭ ਠੀਕ ਹੋ ਜੂ।”
“ਕੀ ਕਰਾਂ? ਨੂੰਹਾਂ-ਪੁੱਤ ਨਾ ਸੁਣਦੇ, ਨਾ ਪੁੱਛਦੇ। ਸਾਰੀ ਉਮਰ ਇਨ੍ਹਾਂ ਲਈ ਭੱਠੀ ਦਾ ਸੇਕ ਝੱਲਦੀ ਰਹੀ ਤਾਂ ਕਿ ਇਹ ਸੁਖੀ ਰਹਿਣ। ਆਹ ਕਦਰ ਪਾਈ ਇਨ੍ਹਾਂ ਮੇਰੀ।”
ਤੇ ਫਿਰ ਉਹ ਆਪ ਹੀ ਕਹਿਣ ਲੱਗੀ, “ਚੱਲ ਛੱਡ, ਕਿਹੜੇ ਦੁੱਖ ਮੈਂ ਫਰੋਲ ਬੈਠੀ। ਅੰਦਰ ਬੈਠ, ਮੈਂ ਰੋਟੀ ਪਕਾ ਕੇ ਲਿਆਈ ਤੇਰੇ ਲਈ। ਪਤਾ ਨਹੀਂ ਕਿਹੜੇ ਵੇਲੇ ਦਾ ਘਰੋਂ ਤੁਰਿਆ ਹੋਵੇਂਗਾ ਆਪਣੀ ਮਾਸੀ ਨੂੰ ਮਿਲਣ।”
ਸਿਰ ਵਿੱਚ ਸੋਚਾਂ ਦਾ ਬੋਝ ਚੁੱਕੀ ਫਿਰਦੀ ਮਾਸੀ ਲਈ ਮੇਰਾ ਮਨ ਪਸੀਜ ਗਿਆ। “ਚੱਲ ਮਾਸੀ, ਥੋੜ੍ਹੇ ਕੁ ਦਿਨਾਂ ਲਈ ਮੇਰੇ ਕੋਲ ਆਜਾ …।” ਮੇਰਾ ਦਿਲ ਰੱਖਣ ਲਈ ਉਸ ਨੇ ਹਾਂ ਤਾਂ ਕੀਤੀ ਪਰ ਆਈ ਨਾ।
ਉਸ ਦਾ ਧਿਆਨ ਹੋਰ ਪਾਸੇ ਲਾਉਣ ਲਈ ਮੈਂ ਬਚਪਨ ਵਿੱਚ ਭੱਠੀ ਨਾਲ ਜੁੜੀਆਂ ਯਾਦਾਂ ਸਾਂਝਾ ਕਰਨ ਲੱਗਾ।
“ਉਹ ਵੀ ਦਿਨ ਸਨ ਪੁੱਤ ਤੇ ਆਹ ਵੀ।”
ਦਿਲਾਸੇ, ਤਸੱਲੀਆਂ ਮੈਂ ਮਾਸੀ ਨੂੰ ਬਹੁਤ ਦਿੱਤੇ ਪਰ ਉਸ ਦੀ ਜ਼ਿੰਦਗੀ ਸ਼ਾਇਦ ਭੱਠੀ ਵਿੱਚ ਭੁੱਜਦੇ ਦਾਣਿਆ ਜਿਹੀ ਹੋ ਗਈ ਸੀ। ਉਦਾਸ ਹੀ ਉਹ ਮੈਨੂੰ ਦਿਖਾਈ ਦਿੰਦੀ ਰਹੀ। ਸੋਚਦਾ ਸਾਂ ਕਿ ਪਤਾ ਨਹੀਂ ਕਿਉਂ ਕਿਸੇ ਦੀ ਸਾਰੀ ਉਮਰ ਇਉਂ ਹੀ ਲੰਘ ਜਾਂਦੀ ਹੈ।
ਵਾਪਸੀ ਸਮੇਂ ਮੈਨੂੰ ਇਹੋ ਖ਼ਿਆਲ ਆਉਂਦਾ ਰਿਹਾ, ਸ਼ਿਵ ਨੇ ਕਿਹਾ ਸੀ, ‘ਭੱਠੀ ਵਾਲੀਏ ਪੀੜਾਂ ਦਾ ਪਰਾਗਾ ਭੁੰਨ ਦੇ …’ ਪਰ ਭੱਠੀ ਵਾਲੀ ਮਲਕੀਤੋ ਮਾਸੀ ‘ਆਪਣਾ’ ਪੀੜਾਂ ਦਾ ਪਰਾਗਾ ਭੁੰਨਣ ਲਈ ਕਿਸ ਨੂੰ ਕਹੇ … ਆਪਣੇ ਵੀ ਜਦੋਂ ਆਪਣੇ ਨਾ ਰਹੇ, ਨਾ ਹੀ ਭੱਠੀਆਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5179)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.