“ਫਿਲਮਾਂ ਦੇਖਣੀਆਂ ਨੇ ਤਾਂ ਕਮਰਾ ਕਿਧਰੇ ਹੋਰ ਦੇਖ ਲੈ ...”
(ਅਪਰੈਲ 24, 2016)
ਨਿੱਕੇ ਹੁੰਦੇ ਤੋਂ ਹੀ ਸੰਵੇਦਨਸ਼ੀਲ ਸੁਭਾਅ ਹੋਣ ਕਾਰਨ ਨਿੱਕੀਆਂ ਨਿੱਕੀਆਂ ਗੱਲਾਂ ਵੀ ਮੇਰੇ ਮਨ ਨੂੰ ਅਸੰਤੁਲਿਤ ਕਰਦੀਆਂ ਮੈਂਨੂੰ ਸੋਚੀਂ ਡੁਬੋ ਦਿੰਦੀਆਂ ਸਨ। ਕਾਲਜ ਪੜ੍ਹਦੇ ਸਮੇਂ ਵੀ ਗੁੱਸੇ ਭਰੇ ਪ੍ਰਤੀਕਰਮ ਮੇਰੀ ਆਦਤ ਹੋ ਗਏ ਸਨ। ਉਦੋਂ ਮੈਂ ਜਲੰਧਰ ਦੇ ਇਕ ਕਾਲਜ ਵਿਚ ਬੀ.ਐੱਸਸੀ. ਦਾ ਵਿਦਿਆਰਥੀ ਸੀ ਅਤੇ ਕਾਲਜ ਦੇ ਕੋਲ ਹੀ ਸਥਿੱਤ ਇਕ ਕਮਰੇ ਵਿਚ ਰਹਿੰਦਾ ਸੀ। ਮਕਾਨ ਮਾਲਕ ਵੀ ਨਾਲ ਹੀ ਰਹਿੰਦੇ ਸਨ। ਰਿਟਾਇਰਡ ਫੌਜੀ ਹੋਣ ਕਾਰਨ ਆਂਢੀ ਗੁਆਂਢੀ ਉਸ ਨੂੰ ਸੂਬੇਦਾਰ ਅਤੇ ਉਸਦੀ ਪਤਨੀ ਨੂੰ ਸੂਬੇਦਾਰਨੀ ਆਖਦੇ ਸਨ। ਖੁੱਲ੍ਹਾ ਡੁੱਲ੍ਹਾ ਵਿਹੜਾ ਸੀ। ਇਕ ਪਾਸੇ ਸ਼ਹਿਤੂਤ ਦਾ ਦਰਖਤ ਸੀ, ਜਿਸ ਨੂੰ ਬਹੁਤ ਹੀ ਰਸੀਲੀਆਂ ਤੂਤੀਆਂ ਲਗਦੀਆਂ ਸਨ। ਕੌਲੀ ਭਰਕੇ ਉਹ ਮੈਂਨੂੰ ਰੋਜ਼ ਦੇ ਜਾਇਆ ਕਰਦੇ ਸਨ।
ਗਰਮੀਆਂ ਵਿਚ ਵਿਹੜੇ ਵਿਚ ਹੀ ਉਹ ਮੰਜੀਆਂ ਡਾਹ ਲੈਂਦੇ। ਸੌਣ ਤੋਂ ਪਹਿਲਾਂ ਮੈਂ ਦਸ ਪੰਦਰਾਂ ਮਿੰਟ ਉਨ੍ਹਾਂ ਕੋਲ ਜ਼ਰੂਰ ਬੈਠਦਾ। ਸੂਬੇਦਾਰ ਮੈਂਨੂੰ ਆਪਣੇ ਫੌਜੀ ਜੀਵਨ ਦੇ ਕਈ ਅਨੋਖੇ ਅਨੁਭਵ ਸੁਣਾਉਂਦਾ। ਹੱਦਾਂ ਸਰਹੱਦਾਂ ਦੀਆਂ ਗੱਲਾਂ ਕਰਦਾ। ਤੋਪਾਂ,ਟੈਂਕ ਅਤੇ ਠਾਹ ਠਾਹ ਕਰਦੀਆਂ ਬੰਦੂਕਾਂ ਦੇ ਦ੍ਰਿਸ਼ ਮੇਰੀਆਂ ਅੱਖਾਂ ਸਾਹਮਣੇ ਆਉਣ ਲਗਦੇ। ਸਵੇਰੇ ਸੁਵਖਤੇ ਹੀ ਉਹ ਉੱਠ ਜਾਂਦਾ। ਸੈਰ ਕਰਕੇ ਨਹਾਉਣ ਧੋਣ ਪਿੱਛੋਂ ਚਾਹ ਦੇ ਦੋ ਕੱਪ ਬਣਾਉਂਦਾ। ਇਕ ਆਪ ਲੈਂਦਾ ਅਤੇ ਇਕ ਮੈਂਨੂੰ ਦੇ ਦਿੰਦਾ। ਸੂਬੇਦਾਰਨੀ ਤਾਂ ਢਿੱਡ ਫੂਕਣੀ ਕਹਿ ਕੇ ਕਦੀ ਨਾ ਪੀਂਦੀ। ਗੱਲਾਂ ਸੂਬੇਦਾਰਨੀ ਦੀਆਂ ਵੀ ਢਿੱਡੀਂ ਪੀੜਾਂ ਪਾਉਣ ਵਾਲੀਆਂ ਹੁੰਦੀਆਂ। ਕਈ ਗੱਲਾਂ ਵਿੱਚੋਂ ਉਨ੍ਹਾਂ ਦੀ ਜ਼ਿੰਦਗੀ ਦੇ ਹੰਢਾਏ ਰੰਗ ਅਤੇ ਸੰਸਕਾਰ ਝਲਕਦੇ। ਸੁਣਿਆ ਸੀ ਕਿ ਉਸਦਾ ਪੁੱਤ ਬਾਹਰਲੇ ਦੇਸ਼ ਵਿਚ ਸੀ ਅਤੇ ਧੀ ਵਿਆਹੀ ਹੋਈ ਸੀ। “ਲੰਘ ਗਏ ਸਾਡੇ ਭਲੇ ਵੇਲੇ ਤਾਂ। ਬਹੁਤਾ ਨਹੀਂ ਪੜ੍ਹੇ ਤਾਂ ਵੀ ਸਰ ਗਿਆ। ਅੱਗੋਂ ਤਾਂ ਕੀਤੀਆਂ ਪੜ੍ਹਾਈਆਂ ਨੇ ਹੀ ਕੰਮ ਆਉਣੈਂ।” ਪਤਾ ਨਹੀਂ ਉਸਨੂੰ ਬਹੁਤਾ ਨਾ ਪੜ੍ਹ ਸਕਣ ਦਾ ਰੰਜ ਸੀ ਜਾਂ ਕੁਝ ਹੋਰ, ਪਰ ਉਸਦੇ ਮੂੰਹੋਂ ਮੈਂ ਇਹ ਗੱਲ ਕਈ ਵਾਰ ਸੁਣੀ ਸੀ।
ਗੱਲ ਉਸਦੀ ਬਿਲਕੁੱਲ ਠੀਕ ਵੀ ਸੀ। ਮਿਹਨਤ ਤਾਂ ਮੈਂ ਵੀ ਕਰ ਰਿਹਾ ਸੀ, ਪਰ ਕਦੀ ਕਦੀ ਮਨ ਦੇ ਮਨੋਰੰਜਨ ਲਈ ਕੋਈ ਫਿਲਮ ਦੇਖਣ ਜ਼ਰੂਰ ਚਲਾ ਜਾਂਦਾ। ਪਹਿਲੋਂ ਪਹਿਲ ਤਾਂ ਉਸਨੇ ਮੈਂਨੂੰ ਇਸ ਬਾਰੇ ਕਦੀ ਕੁਝ ਨਹੀਂ ਕਿਹਾ ਸੀ, ਪਰ ਉਸਦੀਆਂ ਘੂਰੀ ਵੱਟਦੀਆਂ ਅੱਖਾਂ ਤੋਂ ਉਸਦੀ ਅੰਦਰਲੀ ਖਲਬਲੀ ਅਤੇ ਅਸੁਭਾਵਿਕਤਾ ਦਾ ਮੈਂਨੂੰ ਅੰਦਾਜ਼ਾ ਜ਼ਰੂਰ ਹੋ ਜਾਂਦਾ। ਇਕ ਦਿਨ ਜਿਵੇਂ ਉਹ ਕਹਿਣ ਤੋਂ ਆਪਣੇ ਆਪ ਨੂੰ ਰੋਕ ਨਾ ਸਕਿਆ ਹੋਵੇ, “ਫਿਲਮਾਂ ਦੇਖਣੀਆਂ ਨੇ ਤਾਂ ਕਮਰਾ ਕਿਧਰੇ ਹੋਰ ਦੇਖ ਲੈ।”
ਉਸਦੇ ਗੁਸੈਲੇ ਬੋਲਾਂ ਵਿਚ ਮੇਰੇ ਲਈ ਕੋਈ ਡਰਾਵਾ ਅਤੇ ਧਮਕੀ ਸੀ। ਸਵੈਮਾਣ ਮੇਰਾ ਵੀ ਜ਼ਖਮੀ ਹੋਇਆ। ਮੂੰਹੋਂ ਚੁੱਪ ਤਾਂ ਰਿਹਾ, ਪਰ ਕਮਰਾ ਛੱਡ ਦੇਣ ਦਾ ਮਨ ਬਣਾ ਕੇ ਮੈਂ ਕਾਲਜ ਚਲਾ ਗਿਆ। ਇਹ ਪਹਿਲੀ ਵਾਰ ਹੋਇਆ ਸੀ ਕਿ ਮੈਂ ਉਨ੍ਹਾਂ ਦੋਹਾਂ ਨੂੰ ਫ਼ਤਹਿ ਨਹੀਂ ਸੀ ਬੁਲਾਈ। ਦਿਨ ਭਰ ਪੜ੍ਹਾਈ ਵਿਚ ਮੇਰਾ ਮਨ ਨਾ ਲੱਗਾ। ਸੋਚਾਂ ਮੇਰੇ ਖਹਿੜੇ ਪੈਂਦੀਆਂ ਰਹੀਆਂ।
“ਲਗਦੈ ਗੁੱਸਾ ਕਰ ਲਿਆ ਤੂੰ” ਸ਼ਾਮੀਂ ਘਰ ਪਰਤਦਿਆਂ ਮੇਰਾ ਫੋਲਡਿੰਗ ਬੈੱਡ ਚੁੱਕ ਕੇ ਸੂਬੇਦਾਰ ਆਪਣੀ ਮੰਜੀ ਕੋਲ ਲੈ ਆਇਆ। ਮੈਂ ਅਜੇ ਵੀ ਚੁੱਪ ਧਾਰੀ ਹੋਈ ਸੀ। ਫਿਲਮ ਨਾ ਦੇਖਣ ਦੀ ਆਪਣੇ ਉੱਪਰ ਲੱਗਣ ਵਾਲੀ ਪਾਬੰਦੀ ਤੋਂ ਮੈਂ ਹਰ ਹੀਲੇ ਸੁਰਖੁਰੂ ਹੋਣਾ ਚਾਹੁੰਦਾ ਸਾਂ। “ਦੇਖ ਪੁੱਤ, ਪਿਆ ਕੀ ਹੈ ਫਿਲਮਾਂ ’ਚ। ਪੜ੍ਹਨ ਦੀ ਉਮਰ ਹੈ ਤੇਰੀ। ਪੜ੍ਹਨ ਲਈ ਭੇਜਿਆ ਤੈਂਨੂੰ ਤੇਰੇ ਮਾਪਿਆਂ ਨੇ। ਦੂਰ ਬੈਠੇ ਨੇ ਉਹ ਤਾਂ। ਮੈਂਨੂੰ ਵੀ ਤੈਂਨੂੰ ਕੁਝ ਕਹਿਣ ਦਾ ਹੱਕ ਹੈ। ਦੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ ਪੁੱਤ।” ਉਸਨੇ ਕਿਹਾ।
“ਤੇਰੇ ਭਲੇ ਲਈ ਹੀ ਕਹਿੰਦੇ ਹਾਂ। ਸਾਡੀ ਵੀ ਕੁਝ ਜ਼ਿੰਮੇਵਾਰੀ ਹੈ।” ਹੁਣ ਤੱਕ ਚੁੱਪ ਬੈਠੀ ਸੂਬੇਦਾਰਨੀ ਵੀ ਬੋਲ ਪਈ।
ਚਿਹਰਾ ਉਨ੍ਹਾਂ ਦਾ ਮੈਂ ਦੇਖਦਾ ਹੀ ਰਹਿ ਗਿਆ। ਮੈਂਨੂੰ ਲੱਗਾ ਜਿਵੇਂ ਮੇਰੇ ਸਾਹਮਣੇ ਸੂਬੇਦਾਰ ਨਹੀਂ, ਸਗੋਂ ਮੇਰਾ ਆਪਣਾ ਪਿਉ ਸੀ। ਮਾਂ ਸੀ। ਮੇਰੀਆਂ ਅੱਖਾਂ ਵਿਚ ਆਏ ਹੰਝੂ ਬਹੁਤ ਕੁਝ ਮੇਰੇ ਵਲੋਂ ਅਣਕਿਹਾ ਵੀ ਬੋਲ ਗਏ ਸਨ।
“ਨਹੀਂ ਜਾਵਾਂਗਾ, ਤਾਇਆ ਜੀ।” ਮੇਰੀ ਗੱਲ ਤੋਂ ਮਿਲੀ ਤਸੱਲੀ ਅਤੇ ਵਿਸ਼ਵਾਸ ਨੇ ਉਨ੍ਹਾਂ ਨੂੰ ਖੁਸ਼ੀ ਨਾਲ ਭਰ ਦਿੱਤਾ ਸੀ।
ਹੁਣ ਇਸ ਗੱਲ ਨੂੰ ਮੁੱਦਤ ਹੋ ਗਈ ਹੈ। ਪੜ੍ਹਾਈ ਦੇ ਫ਼ਲ ਦੀ ਮਿਠਾਸ ਸਰਕਾਰੀ ਨੌਕਰੀ ਦੇ ਰੂਪ ਵਿਚ ਮੈਂ ਬਾਖ਼ੂਬੀ ਮਾਣੀ ਹੈ। ਨਾ ਤਾਇਆ ਸੂਬੇਦਾਰ ਰਿਹਾ ਹੈ, ਨਾ ਤਾਈ ਸੂਬੇਦਾਰਨੀ ਅਤੇ ਨਾ ਹੀ ਮਾਪੇ। ਹੁਣ ਵੀ ਲਗਦਾ ਹੈ ਜਿਵੇਂ ਮੈਂ ਉਨ੍ਹਾਂ ਦੇ ਮੰਜੇ ਉੱਪਰ ਬੈਠਾ ਸ਼ਹਿਤੂਤ ਦੀਆਂ ਤੂਤੀਆਂ ਖਾਂਦਾ ਹੋਇਆ ਸੁਣ ਰਿਹਾ ਹੋਵਾਂ, “ਅੱਗੇ ਤਾਂ ਕੀਤੀਆਂ ਪੜ੍ਹਾਈਆਂ ਨੇ ਹੀ ਕੰਮ ਆਉਣੈਂ।”
ਇਸੇ ਅਹਿਸਾਸ ਨੇ ਮੇਰੇ ਜ਼ਿਹਨ ਅੰਦਰ ਉਨ੍ਹਾਂ ਤੋਂ ਮਿਲੇ ਸੰਸਕਾਰਾਂ ਦੇ ਸੂਰਜ ਨੂੰ ਮਘਦੇ ਰੱਖਿਆ ਹੈ ਅਤੇ ਇਹੋ ਗੱਲ ਹੁਣ ਮੈਂ ਆਪਣੇ ਬੱਚਿਆਂ ਨੂੰ ਆਖਦਾ ਹਾਂ।
*****
(267)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)







































































































