DarshanSingh7ਸਾਰੇ ਰਾਹ ਦੁੱਧ ਦੇ ਅਸਲੀ ਹੋਣ ਬਾਰੇ ਮੇਰੇ ਅੰਦਰ ਹੀ ਸ਼ੰਕਾ, ਭਰਮ ਤੇ ਭੈਅ ...
(16 ਮਈ 2020)

 

ਨਿਆਣੀ ਉਮਰੇ ਬਹੁਤੀਆਂ ਗੱਲਾਂ ਦਾ ਪਤਾ ਨਹੀਂ ਹੁੰਦਾ, ਪਰ ਆਦਤਾਂ ਤੇ ਸੁਭਾਅ ਇਸ ਉਮਰੇ ਹੀ ਕੋਈ ਦਿਸ਼ਾ ਲੈਣ ਲੱਗਦੇ ਹਨ। ਵਧੇਰੇ ਕਰਕੇ ਮਾਪੇ ਹੀ ਰਾਹ ਦਸੇਰਾ ਬਣਦੇ ਹਨ। ਸਮੁੱਚੇ ਜੀਵ ਜਗਤ ਵਿੱਚ ਅਜਿਹਾ ਹੀ ਹੁੰਦਾ ਹੈ।

ਸੋਝੀ ਅਤੇ ਸਿਆਣਪਾਂ ਹੌਲੀ ਹੌਲੀ ਆਉਣ ਲੱਗਦੀਆਂ ਹਨ। ਮੈਂਨੂੰ ਯਾਦ ਹੈ ਕਿ ਮੇਰੇ ਪਾਪਾ ਜਦੋਂ ਬਾਜ਼ਾਰ ਤੋਂ ਸਾਡੇ ਖਾਣ ਲਈ ਕੁਝ ਲੈ ਕੇ ਆਉਂਦੇ ਤਾਂ ਮਾਂ ਅਕਸਰ ਹੀ ਟੋਕਾ ਟਾਕੀ ਕਰਦੀ, ਚੰਗਾ ਨਾ ਸਮਝਦੀ। ਚੁੱਲ੍ਹੇ ਦੀ ਅੱਗ ’ਤੇ ਧਰੀ ਦਾਲ ਦੇ ਰਿੱਝਣ ਤੱਕ ਕੋਲ ਬੈਠੀ ਅੰਦਰੋ-ਅੰਦਰ ਰੱਬ ਨੂੰ ਧਿਆਈ ਜਾਂਦੀ। ਹੱਥਾਂ ਦੀ ਪੱਕੀ ਰੋਟੀ ਛੱਡ ਕੇ, ਬਿਨਾਂ ਜਾਣਿਆ, ਅਸੀਂ ਜੋ ਮਿਲਦਾ, ਖਾ ਲੈਂਦੇ। ਇੱਕ ਦਿਨ ਮਾਂ ਪੂਰੀ ਤਲਖੀ ਵਿੱਚ ਉੱਚੀ ਉੱਚੀ ਬੋਲੀ, “ਚੱਜ ਦਾ ਖਾਣਾ ਵੀ ਨੀਂ ਆਉਂਦਾ।” ਕੁੱਟੀ ਹੋਈ ਚੂਰੀ ਉਸ ਦਿਨ ਕਿਸੇ ਖਾਧੀ ਨਹੀਂ ਸੀ। ਗੁੱਸੇ ਭਰੀ ਆਵਾਜ਼ ਕੰਧਾਂ ਟੱਪ ਕੇ ਗਵਾਂਢ ਵਿੱਚ ਵੀ ਸੁਣਾਈ ਦਿੱਤੀ। ਪਹਿਲੋਂ ਵੀ ਕਦੇ ਕਦੇ ਇਸ ਤਰ੍ਹਾਂ ਹੀ ਹੁੰਦਾ ਸੀ। ਮਾਂ ਦੇ ਇਉਂ ਬੋਲਣ ਨਾਲ ਅਸੀਂ ਭੈਣ-ਭਰਾ ਕਈ ਵਾਰ ਸਿੱਧੇ ਰਾਹ ਆ ਜਾਂਦੇ। “ਯਾਦ ਕਰੋਗੇ ਜਦ ਮਰ ਜਾਵਾਂਗੀ।” ਉਹ ਸੱਚ ਆਖਦੀ ਲੱਗਦੀ। ਉਸਦੀਆਂ ਪਕਾਈਆਂ ਰੋਟੀਆਂ ਦਾ ਸੁਆਦ ਵਿਲੱਖਣ ਹੀ ਸੀ।

“ਆਦਤਾਂ ਵਿਗਾੜੀ ਜਾਂਦੇ ਓਂ ਇਨ੍ਹਾਂ ਦੀਆਂ। ਇਹ ਕੋਈ ਖਾਣ ਦੀ ਚੀਜ਼ ਹੈ, ਜੋ ਲੈ ਆਏ ਹੋ? ਮਾਂ ਮੂੰਹ ’ਤੇ ਹੀ ਸਾਡੇ ਪਿਓ ਨੂੰ ਆਖ ਦਿੰਦੀ। ਮੈਂ ਸੋਚਦਾ ਸਾਂ ਕਿ ਘਰ ਦੀਆਂ ਬਣੀਆਂ ਚੀਜ਼ਾਂ ’ਤੇ ਮਾਂ ਇੰਨਾ ਜ਼ੋਰ ਕਿਉਂ ਦਿੰਦੀ ਹੈ। ਆਪਣੀ ਮਰਜ਼ੀ ਦਾ ਖੁਆ ਪਿਆ ਤੇ ਸਾਨੂੰ ਵਿਆਹ ਕੇ ਉਹ ਤੁਰ ਗਈ। ਪਿੱਛੋਂ ਯਾਦ ਕਰਨ ਲਈ ਸਿਰਫ਼ ਯਾਦਾਂ ਹੀ ਰਹਿ ਗਈਆਂ।

ਆਪ ਮਾਪੇ ਬਣੇ ਤਾਂ ਸਹਿਜ-ਸੁਭਾਅ ਹੀ ਮਾਂ ਜਿਹੀਆਂ ਗੱਲਾਂ ਸਾਡੇ ਮੂੰਹੋਂ ਆਪਣੇ ਧੀਆਂ ਪੁੱਤਾਂ ਲਈ ਨਿਕਲਣ ਲੱਗੀਆਂ। ਵਾਰ ਵਾਰ ਕਹੀ ਇੱਕ ਗੱਲ ਤਾਂ ਮੈਂਨੂੰ ਹੁਣ ਵੀ ਚੇਤੇ ਹੈ, “ਤੁਹਾਡਾ ਖਾਣ ਪੀਣ ਸਾਨੂੰ ਪਸੰਦ ਨਹੀਂ। ਕੀ ਪਿਆ ਹੈ ਬਰਗਰ ਪੀਜ਼ਿਆਂ’ ਚ?” ਧੀਆਂ ਪੁੱਤਾਂ ਦੇ ਪੀਲੇ ਤੇ ਪੱਤਝੜੀ ਜਿਹੇ ਚਿਹਰੇ ਸਾਡੀ ਚਿੰਤਾ ਵਧਾ ਦਿੰਦੇ। ਗੱਲ ਫਿਰ ਵੀ ਨਾ ਬਣਦੀ। ਕਹੇ ਅਨੁਸਾਰ ਉਹ ਕੁਝ ਨਾ ਖਾਂਦੇ। ਮਨਮਰਜ਼ੀਆਂ ਕਰਦੇ। ਪਤਾ ਨਹੀਂ ਬਾਜ਼ਾਰੋਂ ਕੀ ਕੀ ਖਾ ਆਉਂਦੇ। ਫ਼ਿਕਰ ਅਗਾਂਹ ਤੋਂ ਅਗਾਂਹ ਤੁਰਦਾ ਗਿਆ।

ਹੁਣ ਤੱਕ ਰਸੋਈ ਦਾ ਮੂੰਹ ਮੁਹਾਂਦਰਾ ਵੀ ਬਦਲ ਗਿਆ। ਕੱਪ ਬੋਰਡ ਬਣ ਗਏ। ਪੁਰਾਣੇ ਭਾਂਡੇ ਪਤਾ ਨਹੀਂ ਕਿਸ ਖੂੰਜੇ ਲਾ ਦਿੱਤੇ। ਨਵੇਂ ਨਵੇਂ ਡਿਜ਼ਾਈਨਾਂ ਦੀ ਕਰੌਕਰੀ ਨਾਲ ਰਸੋਈ ਲਿਸ਼ਕਾਂ ਮਾਰਦੀ। ਸਾਗ ਰਿੰਨ੍ਹਣ ਵਾਲੀ ਤੌੜੀ ਹੁਣ ਕਿਧਰੇ ਨਹੀਂ ਸੀ ਦਿਸਦੀ। ਮਾਮਦਸਤੇ ਵਿੱਚ ਮਸਾਲੇ ਕੁੱਟਣ ਲਈ ਕਿਸੇ ਦੇ ਹੱਥ ਵਿੱਚ ਜ਼ੋਰ ਹੀ ਨਾ ਰਿਹਾ। ਸਭ ਰੈਡੀਮੇਡ ਹੀ ਹੋ ਗਿਆ ਤੇ ਘਰ ਦਾ ਮਸ਼ੀਨੀਕਰਨ ਵੀ। ਰਸੋਈ ਵਿੱਚ ਮਾਂ ਦੀ ਰਸੋਈ ਜਿਹੀ ਮਹਿਕ ਹੀ ਨਾ ਰਹੀ। ਜਦੋਂ ਮਾਂ ਜਿਉਂਦੀ ਸੀ ਤਾਂ ਇਕ ਵਾਰ ਮੈਂ ਉਸ ਨੂੰ ਕਿਹਾ ਸੀ, “ਮਸ਼ੀਨਾਂ ਆ ਗਈਆਂ ਹੁਣ, ਆਪਾਂ ਵੀ ਲੈ ਆਈਏ। ਸੁਖੀ ਹੋ ਜਾਵੇਂਗੀ। ਸੁੱਖ ਨਾਲ ਹੁਣ ਟੱਬਰ ਵੀ ਪਹਿਲਾਂ ਨਾਲੋਂ ਵੱਡਾ ਹੋ ਗਿਆ ਹੈ।” ਉਸ ਦੇ ਜਵਾਬ ਨੇ ਮੈਂਨੂੰ ਚੁੱਪ ਹੀ ਕਰਾ ਦਿੱਤਾ ਸੀ, “ਜਿਉਂਦੇ ਰਹੋ, ਪੁੱਤ! ਰੱਬ ਭਾਗ ਲਾਵੇ। ਹੱਥ ਪੈਰ ਚੱਲਦੇ ਰਹਿਣ ਤਾਂ ਬੰਦਾ ਰਾਜ਼ੀ ਰਹਿੰਦੈ। ਮਸ਼ੀਨਾਂ ਲਿਆ ਧਰੋਗੇ ਤਾਂ ਘਰ ਵਿੱਚ ਆਲਸ ਭਰ ਜਾਵੇਗਾ।”

ਮੈਂ ਹੁਣ ਸੋਚਦਾ ਹਾਂ, ਤਾਹੀਉਂ ਕਦੇ ਮਾਂ ਨੂੰ ਦਵਾਈ ਦੀ ਲੋੜ ਨਾ ਪਈ। ਕੀ ਹੋਇਆ, ਰੁੱਤ ਬਦਲਣ ਨਾਲ ਥੋੜ੍ਹੀ ਬਹੁਤ ਢਿੱਲੀ ਮੱਠੀ ਹੋ ਜਾਂਦੀ। ਭੱਜ ਭੱਜ ਕੰਮ ਕਰਨਾ ਮਾਂ ਦਾ ਸੁਭਾਅ ਸੀ। ਇੱਧਰ ਉੱਧਰ ਉਹ ਕੁਝ ਨਾ ਕੁਝ ਕਰਦੀ ਕੰਮਾਂ ਨੂੰ ਘੇਰੀ ਰੱਖਦੀ।

ਥੋੜ੍ਹੇ ਕੁ ਮਹੀਨੇ ਪਹਿਲਾਂ ਮੈਂ ਅੰਬਾਲਾ ਜਾਣ ਲਈ ਬੱਸ ਦੀ ਉਡੀਕ ਕਰ ਰਿਹਾ ਸੀ। ਧੁੱਪ ਬਹੁਤ ਤੇਜ਼ ਸੀ, ਬੱਸ ਛੇਤੀ ਮਿਲ ਗਈ, ਮੈਂਨੂੰ ਬਹੁਤੀ ਦੇਰ ਗਰਮੀ ਵਿੱਚ ਖੜ੍ਹਨਾ ਨਹੀਂ ਪਿਆ। ਬੱਸ ਵਿੱਚ ਧੁੱਪ ਵਾਲੇ ਪਾਸੇ ਦੀਆਂ ਬਹੁਤੀਆਂ ਸੀਟਾਂ ਖ਼ਾਲੀ ਸਨ।

“ਬਾਪੂ, ਇੱਧਰ ਬੈਠ ਜਾ,” ਇੱਕ ਨੌਜਵਾਨ ਨੇ ਮੈਂਨੂੰ ਕਿਹਾ।

“ਬਾਪੂ ਨੂੰ ਧੁੱਪੇ ਬਿਠਾਏਂਗਾ?” ਮੈਂ ਕਿਹਾ।

ਉਹ ਨੌਜਵਾਨ ਹੱਸਿਆ ਤੇ ਕਹਿਣ ਲੱਗਾ, “ਬਾਪੂ ਨੇ ਤਾਂ ਪੁਰਾਣੀਆਂ ਖ਼ੁਰਾਕਾਂ ਖਾਧੀਆਂ ਹੋਈਆਂ ਨੇ।”

“ਚੱਲ ਪੁੱਤ, ਜਿਵੇਂ ਤੇਰੀ ਮਰਜ਼ੀ,” ਕਹਿੰਦਾ ਹੋਇਆ ਮੈਂ ਧੁੱਪ ਵਾਲੇ ਪਾਸੇ ਰੁਮਾਲ ਨਾਲ ਮੂੰਹ ਢਕ ਕੇ ਬੈਠ ਗਿਆ। ਪੁਰਾਣੀਆਂ ਖ਼ੁਰਾਕਾਂ ਦੀ ਗੱਲ ਸੁਣ ਕੇ ਮਾਂ ਦੇ ਹੱਥਾਂ ਦੀਆਂ ਚੂਰੀਆਂ ਦਾ ਸੁਆਦ ਮੇਰੇ ਮੂੰਹ ਵਿੱਚ ਵਰ੍ਹਿਆਂ ਪਿੱਛੋਂ ਫਿਰ ਭਰਨ ਲੱਗਾ।

ਹੋਰ ਗੱਲ ਕਰਨ ਲਈ ਮੈਂ ਉਸ ਨੌਜਵਾਨ ਦੇ ਨੇੜੇ ਹੋ ਗਿਆ।

“ਖਾਣ ਲਈ ਹੁਣ ਬਚਿਆ ਵੀ ਕੀ ਹੈ?” ਗੱਲਾਂ ਗੱਲਾਂ ਵਿੱਚ ਹੀ ਜਿਵੇਂ ਉਸ ਨੇ ਮੈਂਨੂੰ ਸਵਾਲ ਕੀਤਾ ਹੋਵੇ ਅਤੇ ਸਵਾਲ ਦਾ ਜਵਾਬ ਵੀ ਜਿਵੇਂ ਉਸ ਨੇ ਆਪ ਹੀ ਦਿੱਤਾ ਹੋਵੇ, “ਸਵੇਰੇ ਸਵੇਰੇ ਆਪਣੀ ਸਵਾ ਕੁ ਸਾਲ ਦੀ ਧੀ ਤੇ ਛੇ ਕੁ ਸਾਲ ਦੇ ਪੁੱਤਰ ਦੇ ਪੀਣ ਲਈ ਦੁੱਧ ਲੈ ਕੇ ਆਉਂਦਾ ਹਾਂ। ਸਾਰੇ ਰਾਹ ਦੁੱਧ ਦੇ ਅਸਲੀ ਹੋਣ ਬਾਰੇ ਮੇਰੇ ਅੰਦਰ ਹੀ ਸ਼ੰਕਾ, ਭਰਮ ਤੇ ਭੈਅ ਬਣੇ ਰਹਿੰਦੇ ਹਨ। ਜਿਊਣ ਲਈ ਬੱਸ ਖਾਣਾ ਪੈਂਦਾ ਹੈ।” ਉਸ ਦੀ ਗੱਲ ਨੇ ਮੈਂਨੂੰ ਧੁਰ ਅੰਦਰੋਂ ਜ਼ਖ਼ਮੀ ਕਰ ਦਿੱਤਾ।

ਬਿੰਦ ਕੇ ਅਸੀਂ ਦੋਵੇਂ ਚੁੱਪ ਰਹੇ। “ਚਲੋ, ਜੋ ਹੈ, ਆਪਣੇ ਵੱਲੋਂ ਤਾਂ ਸੋਚ ਸਮਝ ਕੇ ਖਾਈਏ।” ਬਾਪੂ ਦਾ ਫ਼ਰਜ਼ ਨਿਭਾਉਂਦਿਆਂ ਮੈਂ ਉਸ ਨੂੰ ਕਿਹਾ ਅਤੇ ਅਸੀਂ ਦੋਵੇਂ ਬੱਸ ਤੋਂ ਉੱਤਰ ਕੇ ਆਪੋ ਆਪਣੇ ਰਾਹਾਂ ’ਤੇ ਚੱਲ ਪਏ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2132) 

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਦਰਸ਼ਨ ਸਿੰਘ  ਸ਼ਾਹਬਾਦ ਮਾਰਕੰਡਾ

ਦਰਸ਼ਨ ਸਿੰਘ ਸ਼ਾਹਬਾਦ ਮਾਰਕੰਡਾ

Shahabad Markanda, Kurukshetra, Haryana, India.
Email: (darshansingh5108@gmail.com)
Mobile: (91 - 94667 - 37933)

More articles from this author