““ਮੈਂ ਨੀਂ ਦੇਣੇ ਤੇਰੇ ਪੈਸੇ, ਜੋ ਮਰਜ਼ੀ ਕਰ ਲੈ।” ਇਹ ਉੱਤਰ ਸੁਣ ਕੇ ਪਾਪਾ ਜੀ ...”
(24 ਸਤੰਬਰ 2021)
ਕਿਹਾ ਜਾਂਦਾ ਹੈ ਕਿ ਬੰਦਾ ਉਹੀ ਕੁਝ ਕਰਦਾ ਹੈ ਜੋ ਉਸਦਾ ਮਨ ਉਸ ਨੂੰ ਕਰਨ ਜਾਂ ਕਹਿਣ ਲਈ ਪ੍ਰੇਰਦਾ ਹੈ। ਉਂਜ ਸਰੀਰ ਅੰਦਰ ਕਈ ਰੂਪਾਂ, ਆਕਾਰਾਂ ਵਾਲੇ ਅੰਗ ਹੁੰਦੇ ਹਨ ਜੋ ਜ਼ਿੰਦਗੀ ਦੀ ਧੜਕਣ ਨੂੰ ਬਣਾਈ ਰੱਖਦੇ ਹਨ। ਮਨ ਅਤੇ ਜ਼ਮੀਰ ਦਾ ਕੋਈ ਰੰਗ ਰੂਪ ਨਹੀਂ ਹੁੰਦਾ, ਪਰ ਜੀਵਨ ਹੰਢਾਉਂਦਿਆਂ ਕਈ ਤਰ੍ਹਾਂ ਦੇ ਅਹਿਸਾਸ ਇਨ੍ਹਾਂ ਦੀ ਹੀ ਉਪਜ ਹੁੰਦੇ ਹਨ। ਜਿਉਂਦੇ ਬੰਦੇ ਦੀ ਜ਼ਮੀਰ ਦੇ ਮਰ ਜਾਣ ਨਾਲ ਸਾਹਾਂ ਦੇ ਆਉਣ ਜਾਣ ਦਾ ਮਹੱਤਵ ਹੀ ਖਤਮ ਹੋ ਜਾਂਦਾ ਹੈ।
ਨਿੱਕੇ ਹੁੰਦਿਆਂ ਹੀ ਮੈਨੂੰ ਖ਼ਬਰਾਂ ਸੁਣਨ ਦਾ ਬੜਾ ਸ਼ੌਕ ਸੀ। ਬੀਬੀਸੀ ਤੋਂ ਪ੍ਰਸਾਰਿਤ ਹੁੰਦੀਆਂ ਖ਼ਬਰਾਂ ਵਧੇਰੇ ਵਿਸ਼ਵਾਸਯੋਗ ਹੁੰਦੀਆਂ ਸਨ ਅਤੇ ਇਨ੍ਹਾਂ ਦਾ ਦਾਇਰਾ ਵੀ ਬਹੁਤ ਵਿਸ਼ਾਲ ਸੀ। ਟਿਊਬਾਂ ਵਾਲੇ ਰੇਡੀਓ ਉਦੋਂ ਹੁੰਦੇ ਸਨ। ਇੱਕ ਲੰਮੀ ਤਾਰ, ਜਿਸ ਨੂੰ ‘ਏਰੀਅਲ’ ਕਿਹਾ ਜਾਂਦਾ ਸੀ, ਰੇਡੀਓ ਦੇ ਪਿੱਛੇ ਲਗਾ ਕੇ ਛੱਤ ਉੱਤੇ ਕਿਸੇ ਡੰਡੇ ਦੀ ਸਿਖਰ ਨਾਲ ਬੰਨ੍ਹ ਦਿੰਦੇ ਸਨ। ਹੌਲੀ ਆਵਾਜ਼ ਵਿੱਚ ਹੀ ਮੈਂ ਰੇਡੀਓ ਭਾਵੇਂ ਸੁਣਦਾ, ਪਰ ਪਾਪਾ ਜੀ ਨੂੰ ਇਹ ਆਵਾਜ਼ ਵੀ ਚੁੱਭਦੀ ਤੇ ਖਟਕਦੀ ਸੀ। ਇੱਕ ਦਿਨ ਮੈਂਨੂੰ ਝਿੜਕਦਿਆਂ ਉਨ੍ਹਾਂ ਰੇਡੀਓ ਬੰਦ ਕਰ ਦਿੱਤਾ। ਡਰਦੇ ਹੋਏ ਮੈਂ ਫਿਰ ਕਈ ਦਿਨ ਰੇਡੀਓ ਦੇ ਨੇੜੇ ਤੇੜੇ ਵੀ ਨਾ ਗਿਆ। ਮੇਰੇ ਅੰਦਰੋਂ ਜਿਵੇਂ ਕੁਝ ਗੁਆਚ ਗਿਆ ਹੋਵੇ। ਅਧੂਰਾ ਜਿਹਾ ਆਪਣੇ ਆਪ ਨੂੰ ਮਹਿਸੂਸ ਕਰਦਿਆਂ ਮੈਂ ਕਈ ਦਿਨ ਲੰਘਾ ਦਿੱਤੇ। ਜੀ ਮੇਰਾ ਕਿਤੇ ਵੀ ਨਾ ਲੱਗੇ। ਬੇਸੁਆਦਾ ਜਿਹਾ ਸਭ ਕੁਝ ਹੀ ਹੋ ਗਿਆ।
ਕਿਸੇ ਨਾ ਕਿਸੇ ਤਰ੍ਹਾਂ ਮੈਂ ਪਿਉ ਤੋਂ ਚੋਰੀ ਟ੍ਰਾਂਜਿਸਟਰ ਲੈ ਲਿਆ। ਨਵੇਂ ਨਵੇਂ ਉਦੋਂ ਇਹ ਆਏ ਸਨ। ਸੈਰ ਕਰਨ ਦੇ ਪੱਜ ਮੈਂ ਇਸ ਨੂੰ ਨਾਲ ਲੈ ਜਾਂਦਾ। ਘਰ ਦੇ ਕੋਲ ਵਗਦੇ ਸੂਏ ਦੇ ਕੰਢੇ ਬੈਠ ਮੈਂ ਖ਼ਬਰਾਂ ਸੁਣਨ ਪਿੱਛੋਂ ਹੀ ਵਾਪਸ ਆਉਂਦਾ। ਮੇਰੇ ਪਾਪਾ ਬਹੁਤ ਖੁਸ਼ ਸਨ ਕਿ ਇਸ ‘ਬਿਮਾਰੀ’ ਤੋਂ ਮੇਰਾ ਖਹਿੜਾ ਛੁੱਟ ਗਿਆ ਸੀ। ਸੱਚ ਦਾ ਉਨ੍ਹਾਂ ਨੂੰ ਪਤਾ ਨਹੀਂ ਸੀ। ਕਈ ਤਰ੍ਹਾਂ ਦੇ ਖਿਆਲਾਂ ਵਿੱਚ ਮੈਂ ਉਲਝਿਆ ਰਹਿੰਦਾ। ਮਨ ਉੱਤੇ ਉਨ੍ਹਾਂ ਨੂੰ ਭੁਲੇਖਿਆਂ ਵਿੱਚ ਰੱਖਣ ਦਾ ਕੋਈ ਭਾਰੀ ਬੋਝ ਸੀ। ਮੈਂਨੂੰ ਜਾਪਦਾ ਜਿਵੇਂ ਮੈਂ ਉਨ੍ਹਾਂ ਨੂੰ ਕੋਈ ਧੋਖਾ ਦੇ ਰਿਹਾ ਹੋਵਾਂ ਜਾਂ ਚੋਰੀ ਕਰ ਰਿਹਾ ਹੋਵਾਂ। ਧੋਖੇ ਅਤੇ ਚੋਰੀ ਦਾ ਇਹ ਬੋਝ ਮੈਥੋਂ ਸਹਾਰਿਆ ਨਾ ਗਿਆ। ਮੈਂ ਸੌਂ ਕੇ ਵੀ ਜਿਵੇਂ ਅਣਸੁੱਤਾ ਜਿਹਾ ਸੀ।
ਹੌਸਲਾ ਅਤੇ ਹਿੰਮਤ ਆਪਣੇ ਅੰਦਰ ਭਰ ਕੇ ਇੱਕ ਦਿਨ ਮੈਂ ਕੰਬਦੀਆਂ ਲੱਤਾਂ ਨਾਲ ਉਨ੍ਹਾਂ ਕੋਲ ਗਿਆ। ਸਾਰੀ ਗੱਲ ਦੱਸਦਿਆਂ ਤੇ ਮੁਆਫੀ ਮੰਗਦਿਆਂ ਮੈਂ ਟ੍ਰਾਂਜਿਸਟਰ ਉਨ੍ਹਾਂ ਅੱਗੇ ਰੱਖ ਦਿੱਤਾ। ਉਨ੍ਹਾਂ ਮੇਰੇ ਵੱਲ ਦੇਖਿਆ ਤੇ ਮੈਂ ਉਨ੍ਹਾਂ ਵੱਲ। ਉਨ੍ਹਾਂ ਦੀਆਂ ਅੱਖਾਂ ਵਿੱਚ ਉਹ ਪਹਿਲਾਂ ਵਾਲਾ ਗੁੱਸਾ ਨਹੀਂ, ਸਗੋਂ ਕੋਈ ਚਮਕ ਮੈਂਨੂੰ ਵਧੇਰੇ ਲੱਗੀ। “ਲੋੜੋਂ ਵੱਧ ਕੋਈ ਚੀਜ਼ ਚੰਗੀ ਨੀਂ ਹੁੰਦੀ … ਨਾ ਖਾਣਾ, ਨਾ ਸੌਣਾ ਤੇ ਨਾ ਰੇਡੀਓ ਸੁਣਨਾ। ਸੀਮਾ ਦੇ ਅੰਦਰ ਹੀ ਰਹਿਣਾ ਚੰਗਾ ਹੈ …।” ਮਣਾਂ ਮੂੰਹੀਂ ਬੋਝ ਮੇਰੇ ਮਨ ਤੋਂ ਲਹਿ ਗਿਆ।
ਸ਼ਾਇਦ ਇਹ ਗੱਲ ਸਰਸਰੀ ਜਿਹੀ ਨਹੀਂ ਸੀ। ਨਿਆਣੀ ਉਮਰ ਦੀ ਸਮਝ ਵੀ ਛੋਟੀ ਸੀ। ਉਮਰ ਵੱਡੀ ਹੋਣ ਨਾਲ ਜ਼ਮੀਰ ਅਤੇ ਮਨ ਨਾਲ ਜੁੜੀਆਂ ਗੱਲਾਂ ਦੇ ਅਰਥ ਸਮਝ ਆਉਣ ਲੱਗੇ। ਜ਼ਮੀਰ ਨਾਲ ਵੀ ਬੰਦੇ ਦਾ ਬਹੁਤ ਕੁਝ ਜੁੜਿਆ ਹੁੰਦਾ ਹੈ। ਅੰਦਰ ਦੀ ਇਸ ਆਵਾਜ਼ ਦੇ ਅਰਥ ਅਤੇ ਪ੍ਰਭਾਵ ਜ਼ਿੰਦਗੀ ਨੂੰ ਮਾੜੇ ਕੰਮ ਕਰਨ ਤੋਂ ਮੋੜ ਦਿੰਦੇ ਹਨ।
ਇਸੇ ਜ਼ਮੀਰ ਦੀ ਗੱਲ ਮੈਂ ਬਾਅਦ ਵਿੱਚ ਬਹੁਤਿਆਂ ਤੋਂ ਸੁਣੀ, ਖਾਸ ਤੌਰ ’ਤੇ ਆਪਣੇ ਪਾਪਾ ਜੀ ਤੋਂ। ਉਨ੍ਹਾਂ ਤੋਂ ਕਿਸੇ ਨੇ ਕੁਝ ਪੈਸੇ ਉਧਾਰ ਲਏ ਸਨ। ਸਾਲ ਲੰਘਣ ਮਗਰੋਂ ਵੀ ਉਹ ਮੋੜਨ ਦਾ ਨਾਂ ਨਹੀਂ ਸੀ ਲੈਂਦਾ। ਸਾਈਕਲ ਦੇ ਪੈਡਲ ਮਾਰਦਿਆਂ ਉਹ ਕਈ ਵਾਰ ਉਸ ਕੋਲ ਗਏ। ਕੋਈ ਜੂੰ ਉਸਦੇ ਕੰਨਾਂ ’ਤੇ ਨਾ ਸਰਕਦੀ ਅਤੇ ਉਹ ਕੋਰੀ ਨਾਂਹ ਕਰ ਦਿੰਦਾ। ਇੱਕ ਦਿਨ ਉਸਨੇ ਕਿਹਾ, “ਮੈਂ ਨੀਂ ਦੇਣੇ ਤੇਰੇ ਪੈਸੇ, ਜੋ ਮਰਜ਼ੀ ਕਰ ਲੈ।” ਇਹ ਉੱਤਰ ਸੁਣ ਕੇ ਪਾਪਾ ਜੀ ਚੁੱਪ ਰਹੇ। ਜੇਬ ਵਿੱਚੋਂ ਕਾਗ਼ਜ਼ ਤੇ ਪੈੱਨ ਕੱਢਿਆ ਤੇ ਉਸ ਵਿਅਕਤੀ ਨੂੰ ਕਹਿਣ ਲੱਗੇ, “ਲੈ, ਆਪਣੇ ਹੱਥ ਨਾਲ ਲਿਖੇ ਪੈਸਿਆਂ ’ਤੇ ਲੀਕ ਮਾਰ ਦੇ।” ਉਸ ਬੰਦੇ ਨੇ ਅਜਿਹਾ ਕਰਦਿਆਂ ਦੇਰ ਨਾ ਲਾਈ।
ਕਿਸੇ ਤਰ੍ਹਾਂ ਦਾ ਲੈਣ ਦੇਣ ਉਸ ਸ਼ਖ਼ਸ ਨਾਲ ਹੁਣ ਖਤਮ ਸੀ। ਪਾਪਾ ਘਰ ਆ ਗਏ। ਚੁੱਪਚਾਪ ਜਿਹੇ ਬੈਠੇ ਰਹੇ। ਕਦੀ ਫਿਰ ਉਹ ਉਸ ਕੋਲ ਨਾ ਗਏ। ਨਾ ਪੈਸੇ ਮੰਗੇ। ਨਾ ਹੀ ਉਸਦਾ ਕਦੀ ਘਰ ਵਿੱਚ ਨਾਂ ਲਿਆ। ਗੱਲ ਆਈ ਗਈ ਹੋ ਗਈ।
ਇੱਕ ਦਿਨ ਕਿਸੇ ਹੱਥ ਸੁਨੇਹਾ ਆਇਆ, “ਯਾਦ ਕਰਦਾ ਬਾਈ ਥੋਨੂੰ।”
“ਸੁੱਖ ਤਾਂ ਹੈ?” ਹੈਰਾਨਗੀ ਪ੍ਰਗਟ ਕਰਦੇ ਪਾਪਾ ਨੇ ਕਿਹਾ। ਦੋ ਕੁ ਦਿਨਾਂ ਵਿੱਚ ਹੀ ਪਾਪਾ ਜੀ ਉਸ ਕੋਲ ਪੁੱਜ ਗਏ। ਸੁੱਖ ਸਾਂਦ ਪੁੱਛੀ। ਚਾਹ ਪੀਣ ਦੇ ਨਾਲ ਨਾਲ ਪਹਿਲੋਂ ਵਾਂਗ ਹੀ ਗੱਲਾਂ ਤੁਰੀਆਂ। ਆਉਣ ਲੱਗਿਆਂ ਲਿਆ ਉਧਾਰ ਵੀ ਮੋੜ ਦਿੱਤਾ। “ਬੜਾ ਬੋਝ ਰਿਹਾ ਮਨ ਉੱਤੇ।” ਉਸਨੇ ਕਿਹਾ।
ਕਿਸੇ ਬਾਰੇ ਕੀ ਪਤਾ ਕਿ ਉਸ ਦੇ ਅੰਦਰ ਕੀ ਕੀ ਖ਼ਿਆਲ ਚਲਦੇ ਹਨ, ਪਰ ਖ਼ੁਦ ਨੂੰ ਤਾਂ ਇਸ ਬਾਰੇ ਪਤਾ ਹੀ ਹੁੰਦਾ ਹੈ। ਉਂਜ ਇਸ ਗੱਲ ਦਾ ਅਹਿਸਾਸ ਤਾਂ ਹਰ ਇੱਕ ਨੂੰ ਹੀ ਹੁੰਦਾ ਹੈ ਕਿ ਅਸੀਂ ਕੀ ਕਰ ਰਹੇ ਹਾਂ? ਕਹਿੰਦੇ ਹਨ ਕਿ ਰਾਜਾ ਅਸ਼ੋਕ ਨੇ ਕਾਲਿੰਗਾ ਯੁੱਧ ਵਿੱਚ ਹੋਈ ਹਿੰਸਾ ਤੇ ਖੂਨ ਖਰਾਬੇ ਨੂੰ ਦੇਖਦਿਆਂ ਉਸਦੀ ਜ਼ਮੀਰ ਵੱਲੋਂ ਪਾਈ ਲਾਹਣਤ ਨੇ ਉਸਦੀ ਸੋਚ ਅਤੇ ਜ਼ਿੰਦਗੀ ਦੇ ਅਰਥ ਹੀ ਬਦਲ ਦਿੱਤੇ ਸਨ ਜਿਸਦੀਆਂ ਗੱਲਾਂ ਸਦੀਆਂ ਲੰਘਣ ਪਿੱਛੋਂ ਹੁਣ ਵੀ ਹੁੰਦੀਆਂ ਹਨ।
ਸ਼ਾਇਦ ਅਸੀਂ ਆਪਣੀ ਜ਼ਮੀਰ ਦੀ ਗੱਲ ਕਈ ਵਾਰ ਸੁਣਦੇ ਨਹੀਂ ਅਤੇ ਕੁਕਰਮ ਕਰਦੇ ਰਹਿੰਦੇ ਹਾਂ। ਜਦੋਂ ਮੈਂ ਇਸ ਬਾਰੇ ਸੋਚਦਾ ਹਾਂ ਤਾਂ ਕਈ ਸਵਾਲ ਮਨ ਅੰਦਰ ਉੱਠਦੇ ਹਨ ਕਿ ਜ਼ਮੀਰ ਦੀ ਅਣਦੇਖੀ ਕਰਦਿਆਂ ਅਸੀਂ ਕਿਉਂ ਆਪਣੇ ਆਪ ਨੂੰ ਅਤੇ ਸਮਾਜ ਨੂੰ ਜ਼ਖ਼ਮ ਦੇ ਰਹੇ ਹਾਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(3027)
(ਸਰੋਕਾਰ ਨਾਲ ਸੰਪਰਕ ਲਈ: