DarshanSingh7ਘਰ ਵੀ ਜੀਆਂ ਨਾਲ ਹੀ ਹੁੰਦੇ ਹਨ ... ਜੀਆਂ ਬਿਨਾ ਨਿਰੀਆਂ ਇੱਟਾਂ ...।
(5 ਮਈ 2020)

 

ਹੁਣ ਮੈਂ ਪੂਰੀ ਤਰ੍ਹਾਂ ਇਕੱਲਾ ਸਾਂ, ਜਾਂ ਫਿਰ ਕਹਿ ਲਵਾਂ ਕਿ ਮੇਰੇ ਕੋਲ ਕੇਵਲ ਮੈਂ ਹੀ ਸੀ। ਰੋਗ ਦਾ ਇਲਾਜ ਠੀਕ ਦਿਸ਼ਾ ਵੱਲ ਨਹੀਂ ਜਾ ਰਿਹਾ ਸੀ। ਸੜਕਾਂ ’ਤੇ ਚਾਨਣ ਦੂਰ ਦੂਰ ਤੱਕ ਫੈਲਿਆ ਹੋਇਆ ਸੀ ਅਤੇ ਇਸਦੇ ਸਹਾਰੇ ਹੀ ਲੋਕਾਂ ਦੀ ਦੌੜ ਭੱਜ ਉਨ੍ਹਾਂ ਦੇ ਅੰਦਰ ਦੀ ਬੇਚੈਨੀ ਦਾ ਅਨੁਭਵ ਕਰਵਾ ਰਹੀ ਸੀ। ਉੱਚੀਆਂ ਉੱਚੀਆਂ ਉੱਸਰੀਆਂ ਇਮਾਰਤਾਂ ਸਨ ਜਿਨ੍ਹਾਂ ਵਿੱਚ ਕੁਝ ਸੌਂਦਾ ਕੁਝ ਜਾਗਦਾ ਅਜੀਬ ਸੰਸਾਰ ਸੀ। ਮੈਂਨੂੰ ਯਾਦ ਨਹੀਂ ਕਿ ਇਹ ਸਭ ਉਦੋਂ ਮੈਂਨੂੰ ਕਿਹੋ ਜਿਹਾ ਲੱਗਾ ਸੀ। ਸ਼ਾਇਦ ਇਸ ਪਾਸੇ ਸੋਚ ਗਈ ਹੀ ਨਹੀਂ ਸੀ। ਮਨ ਠੀਕ ਨਹੀਂ ਸੀ, ਜਿਵੇਂ ਪਤਾ ਨਹੀਂ ਕੀ ਹੋ ਗਿਆ ਹੋਵੇ। ਡਰ ਦੇ ਵਾਵਰੋਲੇ ਅੰਦਰ ਸਨ। ਰੋਗ ਦੀ ਜੜ੍ਹ ਸਮਝ ਨਾ ਆਉਣ ਕਰਕੇ ਇੱਕ ਤਰ੍ਹਾਂ ਦਾ ਜਵਾਬ ਹੀ ਸੀ। ਸੋਚਦਿਆਂ ਦਿਲ ਵਿੱਚ ਭਿਆਨਕ ਖ਼ੌਫ਼ ਇੱਕ ਵਾਰ ਫਿਰ ਫੈਲਿਆ ... ਅੱਖਾਂ ਅੱਗੇ ਹਨੇਰਾ ਆਇਆ ... ਹੱਥ ਪੈਰ ਸੁੰਨ ਹੋ ਗਏ ... ਮੈਂ ਸਾਰੇ ਦਾ ਸਾਰਾ ਸਹਿਮ ਗਿਆ ... ਇਹੋ ਮੈਂਨੂੰ ਚੇਤੇ ਹੈ।

ਮੇਰੇ ਆਲੇ ਦੁਆਲੇ ਸਵੇਰ ਤੋਂ ਸਕੇ ਸਬੰਧੀ ਅਤੇ ਆਸੇ ਪਾਸਿਉਂ ਹੋਰ ਲੋਕ ਜੁੜੇ ਹੋਏ ਹਨ। ਮੇਰੇ ਅੰਦਰ ਬਾਹਰ ਗੰਭੀਰ ਚੁੱਪ ਹੈ। ਮੈਂ ਇਨ੍ਹਾਂ ਦੇ ਵਿਚਕਾਰ ਬੈਠਾ ਹੋਇਆ ਹਾਂ। ਇਹ ਮੈਂਨੂੰ ਤਸੱਲੀਆਂ ਦਿਲਾਸੇ ਦੇ ਰਹੇ ਹਨ। ਇਹ ਸਭ ਇੱਥੇ ਕਿਉਂ ਹਨ? ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਮੌਤ ਜੁ ਹੋ ਗਈ ਹੈ। ਬੇਵਕਤੀ ਦੁੱਖ ਝੋਲੀ ਆ ਪਏ ਹਨ, ਜਿਨ੍ਹਾਂ ਦਾ ਚਿਤ ਚੇਤਾ ਵੀ ਨਹੀਂ ਸੀ। ਹੌਲੀ ਹੌਲੀ ਮੈਂਨੂੰ ਉਹ ਗੁਜ਼ਰੇ ਪਲ ਯਾਦ ਆ ਰਹੇ ਹਨ ਜਦੋਂ ਮੇਰੀਆਂ ਆਸਾਂ ਟੁੱਟਣ ਕਿਨਾਰੇ ਸਨ, ਪਰ ਫੇਰ ਵੀ ਜਿਉਂਦੀਆਂ ਸਨ। ਹੱਥ ਨੂੰ ਮੈਂ ਉਸ ਦੇ ਮੱਥੇ ’ਤੇ ਰੱਖਿਆ ਸੀ। ਧਾਰੀਦਾਰ ਲਾਲ ਤੌਲੀਏ ਨੂੰ ਥਾਂ ਸਿਰ ਕੀਤਾ ਸੀ। ਮੇਰੇ ਪੈਰ ਡਗਮਗਾਏ ਸਨ ... ਮੇਰੀਆਂ ਅੱਖਾਂ ਵਿੱਚੋਂ ਹੰਝੂ ਉਸ ਦੇ ਹੱਥਾਂ ’ਤੇ ਡਿਗ ਪਏ ਸਨ। ਸ਼ਾਇਦ ਉਸ ਨੂੰ ਕੁਝ ਵੀ ਪਤਾ ਨਹੀਂ ਸੀ। ਸਦੀਵੀ ਵਿਦਾਈ ਉਸ ਦੀ ਨੇੜੇ ਸੀ ਤੇ ਕੱਲ੍ਹ ਦਾ ਸੂਰਜ ਉਸ ਨੇ ਨਹੀਂ ਦੇਖਣਾ ਸੀ।

ਯਾਦ ਤਾਂ ਇਹ ਵੀ ਹੈ ਕਿ ਦਿਨ ਦੇ ਮਟਮੈਲੇ ਚਾਨਣ ਵਿੱਚ ਹੌਲੀ ਹੌਲੀ ਅਨ੍ਹੇਰਾ ਘੁਲ ਰਿਹਾ ਸੀ। ਉਸ ਦੇ ਚਿਹਰੇ ਦਾ ਨੂਰ ਉਸੇ ਤਰ੍ਹਾਂ ਖਿੜਵਾਂ ਸੀ, ਜਿਵੇਂ ਉਸ ਨੇ ਹੁਣੇ ਉੱਠ ਕੇ ਬੈਠ ਜਾਣਾ ਹੋਵੇ। ਪਰ ਉਸ ਨੂੰ ਉਠਾਉਣ ਵਾਲੇ ਇਲਾਜ ਹੀ ਨਹੀਂ ਬਚੇ ਸਨ। ਮੇਰੇ ਸਾਹਮਣੇ ਹੀ ਉਸ ਦੇ ਹੱਥਾਂ ਪੈਰਾਂ ਵਿੱਚ ਖੁੱਭੀਆਂ ਸੂਈਆਂ ਅਤੇ ਬੰਨ੍ਹੀਆਂ ਪੱਟੀਆਂ ਖੋਲ੍ਹ ਦਿੱਤੀਆਂ ਗਈਆਂ ਸਨ। ਇਹ ਕੀ ਵਾਪਰ ਰਿਹਾ ਸੀ? ਡਰਿਆ, ਸਹਿਮਿਆ ਤੇ ਭੈਭੀਤ ਹੋਇਆ ਕੋਲ ਬੈਠਾ ਮੈਂ ਟਿਕਟਿਕੀ ਲਾਈ ਦੇਖ ਰਿਹਾ ਸੀ। ਆਪਣੇ ਅੰਦਰਲੀ ਘਬਰਾਹਟ ਨੂੰ ਸੰਭਾਲਣ ਦੇ ਯਤਨ ਵਿੱਚ ਸੀ।

ਮੈਂ ਦੇਖਿਆ, ਵਿਹੜਾ ਬਾਹਰੋਂ ਆਏ ਹੋਇਆਂ ਨਾਲ ਭਰ ਗਿਆ ਹੈ। ਉਸ ਦੇ ਹਾਸੇ ਸਦਾ ਲਈ ਇਸ ਘਰ ਵਿੱਚੋਂ ਚਲੇ ਗਏ ਹਨ। ਪਰਮਾਤਮਾ ਦਾ ਲੱਖ ਲੱਖ ਸ਼ੁਕਰ ਤੇ ਸ਼ੁਕਰਾਨਾ ਕਰਨ ਵਾਲੀ ਹੁਣ ਹਮੇਸ਼ਾ ਲਈ ਚੁੱਪ ਹੋ ਗਈ ਹੈ। ਨੂੰਹਾਂ-ਪੁੱਤ, ਮਾਂ ਲਈ ਰੋ ਰਹੇ ਹਨ। ਚਿਹਰੇ ਮੁਰਝਾਏ ਹੋਏ ਹਨ। ਮੇਰੇ ਖੱਬੇ ਸੱਜੇ ਬੈਠਿਆਂ ਨੇ ਮੇਰੇ ਮੋਢਿਆਂ ’ਤੇ ਹੱਥ ਰੱਖਦਿਆਂ ਮੈਂਨੂੰ ਹੌਸਲਾ ਬਣਾਈ ਰੱਖਣ ਲਈ ਕਿਹਾ ਹੈ। ਕੌਣ ਪਾਣੀ ਪਿਆ ਗਿਆ? ਪਤਾ ਨਹੀਂ। ਥੋੜ੍ਹਾ ਜਿਹਾ ਸਿਰ ਚੁੱਕ ਕੇ ਉਤਾਂਹ ਦੇਖਣ ਲਈ ਵੀ ਮਨ ਨਹੀਂ ਸੀ। ਸਦਮੇ ਨੇ ਸਰੀਰ ਨੂੰ ਆਪਣੇ ਅੰਦਰ ਡੁਬੋ ਲਿਆ ਸੀ।

ਅਗਲੇ ਪੰਜ ਸੱਤ ਦਿਨਾਂ ਵਿੱਚ ਰੀਤ-ਰਸਮਾਂ, ਰਿਵਾਜ ਨਿਭਾਏ ਗਏ। ਸਭ ਆਪੋ ਆਪਣੀ ਘਰੀਂ ਚਲੇ ਗਏ। ਪੁੱਤ ਬੋਲੇ, “ਸਾਡੇ ਨਾਲ ਚੱਲੋ, ਪਾਪਾ। ਇੱਥੇ ਇਕੱਲੇ ਕਿਵੇਂ ਰਹੋਗੇ? ਮੰਮੀ ਤਾਂ ...।” ਸ਼ਾਇਦ ਠੀਕ ਕਹਿੰਦੇ ਤੇ ਸੋਚਦੇ ਸਨ। ਨੌਕਰੀਆਂ ’ਤੇ ਮੁੜਨਾ ਉਨ੍ਹਾਂ ਦੀ ਮਜਬੂਰੀ ਸੀ। ਇਕਲਾਪੇ ਦੇ ਸੰਤਾਪ ਤੋਂ ਮੈਂਨੂੰ ਬਚਾਉਣ ਦੀ ਉਨ੍ਹਾਂ ਦੀ ਸੋਚ ਸਹੀ ਸੀ।

“ਹਾਂ ਆਵਾਂਗਾ। ਜ਼ਰੂਰ ਆਵਾਂਗਾ।”

“ਕਦੋਂ?”

“ਥੋੜ੍ਹੇ ਕੁ ਦਿਨ ਹੋਰ ਲੰਘ ਜਾਣ” ਮੈਂ ਕਿਹਾ। ਇਹੋ ਹੀ ਕਹਿ ਸਕਦਾ ਸਾਂ। ਇੱਥੋਂ ਮੇਰੇ ਲਈ ਜਾਣਾ ਅਜੇ ਸੁਖਾਲਾ ਵੀ ਨਹੀਂ ਸੀ। ਦਿਲ ’ਤੇ ਪੱਥਰ ਰੱਖਣਾ ਪੈਣਾ ਸੀ। ਘਰ ਛੱਡਣ ਦੀ ਅਥਾਹ ਪੀੜ ਨੂੰ ਸਹਾਰਨਾ ਪੈਣਾ ਸੀ। ਇਹ ਵੀ ਸੋਚਦਾ ਸਾਂ ਕਿ ਘਰ ਵੀ ਜੀਆਂ ਨਾਲ ਹੀ ਹੁੰਦੇ ਹਨ ... ਜੀਆਂ ਬਿਨਾ ਨਿਰੀਆਂ ਇੱਟਾਂ ...। ਇਹ ਘਰ ਤਾਂ ਉਸ ਦੀਆਂ ਰੀਝਾਂ ਅਤੇ ਸੁਪਨਿਆਂ ਦਾ ਘਰ ਸੀ। ਤਨ, ਮਨ, ਧਨ ਉਸ ਨੇ ਆਪਣਾ ਇਸ ਨੂੰ ਸਮਰਪਿਤ ਕੀਤਾ ਸੀ। ਇਸਦੀ ਹਰ ਚੀਜ਼ ਨਾਲ ਉਸ ਦੀ ਸਾਂਝ ਸੀ। ਮੈਂ ਸਮਝਦਾ ਸੀ ਕਿ ਇੱਥੇ ਰਹਿਣ ਵਿੱਚ ਮੇਰੀ ਕੋਈ ਸਿਆਣਪ ਨਹੀਂ ਸੀ, ਪਰ ਫ਼ਿਲਹਾਲ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਉਣਾ ਵੀ ਜਲਦਬਾਜ਼ੀ ਹੀ ਸੀ।

ਹੁਣ ਉਨ੍ਹਾਂ ਜਾਣਾ ਸੀ। ਜਾਣਾ ਪੈਣਾ ਵੀ ਸੀ। ਸਮਾਨ ਸਾਂਭਦੇ ਹੋਏ ਉਹ ਮੇਰੇ ਵੱਲ ਦੇਖੀ ਜਾ ਰਹੇ ਸਨ, “ਪਾਪਾ! ..ਕੀ ਕਰੀਏ? ਮੰਮੀ ਤੋਂ ਬਿਨਾਂ ਘਰ ਦਾ ਅਰਥ ਵੀ ਕੀ ਰਹਿ ਗਿਆ ਹੈ? ਉਦਾਸ ਰਹੋਗੇ ਤਾਂ ਅਸੀਂ ਵੀ ਦੁਖੀ ਪ੍ਰੇਸ਼ਾਨ ਹੋਵਾਂਗੇ। ਬੜਾ ਕੁਝ ਆਦਮੀ ਦੇ ਹੱਥ ਵੱਸ ਨਹੀਂ ਹੁੰਦਾ। ਬੇਵੱਸੀਆਂ ਨਾਲ ਵੀ ਜ਼ਿੰਦਗੀ ਗੁਜ਼ਾਰਨੀ ਪੈਂਦੀ ਹੈ।” ਕੋਲ ਖੜ੍ਹਾ ਚੁੱਪ ਚੁਪੀਤਾ ਮੈਂ ਸੁਣ ਰਿਹਾ ਸਾਂ। ਉਹ ਮੇਰੇ ਮੂੰਹ ਵੱਲ ਦੇਖ ਰਹੇ ਸਨ। ਉਡੀਕ ਵਿੱਚ ਸਨ ਕਿ ਮੈਂ ਕੀ ਕਹਾਂਗਾ। ਕੀ ਬੋਲਾਂਗਾ?

“ਤੁਹਾਡੀ ਜ਼ਿੰਮੇਵਾਰੀ ਹੁਣ ਦੂਹਰੀ ਹੋ ਗਈ ਹੈ ਪਾਪਾ! ... ਮਾਂ ਦੇ ਫ਼ਰਜ਼ ਵੀ ਤੁਸੀਂ ...। ਰੱਬ ਦੀ ਮਰਜ਼ੀ ਹੀ ਇਹੋ ਸੀ। ਕਰ ਵੀ ਤਾਂ ਨਹੀਂ ਸਕਦੇ ਕੁਝ। ਇਲਾਜ ਪੱਖੋਂ ਤਾਂ ਕੋਈ ਕਸਰ ਨਹੀਂ ਸੀ। ਸਬਰ ਕਰ ਲਵੋਗੇ ਤਾਂ ਅਸੀਂ ਵੀ ਸੌਖੇ ਰਹਾਂਗੇ।”

ਮਨ ਮੇਰਾ ਅੱਖਾਂ ਥਾਣੀ ਰੋ ਪਿਆ। ਮੈਂ ਚੁਫੇਰੇ ਨਿਗ੍ਹਾ ਘੁਮਾਈ। ਤਹਿ ਕੀਤੇ ਕੱਪੜੇ ਸਨ। ਸ਼ਾਲਾਂ ਸਨ। ਬਿੰਦੀ ਸੁਰਖੀ ਸਭ ਉਸੇ ਤਰ੍ਹਾਂ ਪਏ ਸਨ। ਇਨ੍ਹਾਂ ਨੂੰ ਆਪਣੇ ਹੱਥਾਂ ਨਾਲ ਛੋਹ ਕੇ ਦੇਖਣ ਨੂੰ ਮਨ ਕਰਦਾ ਸੀ। ਮੇਰਾ ਪੋਤਾ ਮੇਰੀ ਉਂਗਲ ਫੜੀ ਖੜ੍ਹਾ ਸੀ। ਛੋਟੀ ਨੂੰਹ ਦਾ ਹੱਥ ਮੇਰੇ ਮੋਢਿਆਂ ’ਤੇ ਸੀ। ਗਹਿਰੀ ਚੁੱਪ ਸਾਡੇ ਸਾਰਿਆਂ ਦੇ ਵਿਚਾਲੇ ਸੀ। ਉਹ ਮੇਰੇ ਹੋਰ ਵੀ ਨੇੜੇ ਆ ਗਏ ਸਨ। ਚੁੱਪ ਤੋੜਦੇ ਹੋਏ ਮੈਂ ਕਹਿਣਾ ਚਾਹਿਆ, “ਕਿਵੇਂ ਦੱਸਾਂ ... ਕਿਵੇਂ ਸਮਝਾਵਾਂ ... ਕਿਵੇਂ ਕਹਾਂ ਕਿ ਮੈਂ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਿਆ ਹਾਂ। ... ਤੇ ... ਤੇ।” ਚੁੱਪ ਹੀ ਰਿਹਾ। ਸੋਚਿਆ ਕਿ ਸਾਰੀਆਂ ਗੱਲਾਂ ਕਹਿਣ ਵਾਲੀਆਂ ਵੀ ਨਹੀਂ ਹੁੰਦੀਆਂ। ਅਜਿਹਾ ਕਹਿਣਾ ਉਨ੍ਹਾਂ ਦਾ ਮਨ ਹੋਰ ਤੋੜਨ ਜਿਹਾ ਸੀ।

ਮੇਰੀ ਉਂਗਲ ਨੂੰ ਮੇਰੇ ਪੋਤੇ ਨੇ ਹੋਰ ਵੀ ਘੁੱਟ ਕੇ ਫੜ ਲਿਆ। ਜਿਵੇਂ ਕਿਸੇ ਮੈਂਨੂੰ ਡੂੰਘੀ ਨੀਂਦ ਵਿੱਚੋਂ ਜਗਾਇਆ ਹੋਵੇ। ਪਲ ਵਿੱਚ ਹੀ ਮੈਂ ਆਪਣੇ ਆਪ ਨੂੰ ਕਈ ਸਵਾਲ ਕਰ ਗਿਆ। ਸੋਚਾਂ ਮੇਰੇ ਅੰਦਰ ਦੌੜਨ ਲੱਗੀਆਂ। ਮੈਂਨੂੰ ਲੱਗਿਆ ਕਿ ਹੁਣ ਮੈਂ ਇਨ੍ਹਾਂ ਲਈ ਜੀਣਾ ਹੈ, ਦੁੱਖ ਦਰਦ ਪੱਲੇ ਬੰਨ੍ਹ ਕੇ ਡੂੰਘੇ ਖਿਲਾਅ ਵਿੱਚ ਸਮਾਉਣ ਦੀ ਕੀ ਲੋੜ? ਜ਼ਿੰਦਗੀ ਦੇ ਅੰਗ ਸੰਗ ਤੁਰਨਾ ਹੈ। ਰਾਹਾਂ ਦੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਹੈ ...।

ਮੈਂ ਉਨ੍ਹਾਂ ਨੂੰ ਗੇਟ ਤੱਕ ਛੱਡਣ ਆਇਆ ਹਾਂ। ਦੇਖਿਆ ਕਾਰ ਗੇਟ ਦੇ ਕੋਲ ਹੀ ਖੜ੍ਹੀ ਹੈ, ਤੇ ਉਹ ਹੁਣੇ ਹੀ ਇਸ ਵਿੱਚ ਬੈਠ ਕੇ ਚਲੇ ਜਾਣਗੇ। ਮੈਂ ਹੁਣ ਅਸੀਸ ਹੀ ਦੇਣੀ ਹੈ। ਮੈਂ ਉਨ੍ਹਾਂ ਨੂੰ ਜਾਂਦੇ ਹੋਏ ਕਾਫੀ ਦੇਰ ਦੇਖਦਾ ਰਿਹਾ। ਉਦੋਂ ਤੱਕ ਦੇਖਦਾ ਰਿਹਾ, ਜਦੋਂ ਤੱਕ ਉਹ ਅੱਖੋਂ ਓਹਲੇ ਨਾ ਹੋ ਗਏ। ਮੇਰੀ ਇਕੱਲ ਸ਼ੁਰੂ ਹੋ ਗਈ ਹੈ। ... ਜ਼ਿੰਦਗੀ ਦੀ ਪਹਿਲੀ ਇਕੱਲ ...। ਕੰਧਾਂ ਮੈਂਨੂੰ ਪਹਿਲੀ ਵਾਰ ਹੀ ਹੋਰਵੇਂ ਜਿਹੀਆਂ ਜਾਪਦੀਆਂ ਹਨ। ਅਜੇ ਪਹਿਲੀ ਵਾਰ ਹੀ ਬੜਾ ਕੁਝ ਹੋਰ ਹੋਣ ਵਾਲਾ ਹੈ।

ਮੈਂ ਦੇਖਦਾ ਰਿਹਾ, ਦੇਖਦਾ ਰਿਹਾ। ਮੇਰੇ ਸੁਪਨਿਆਂ ਦਾ ਇਹ ਅੰਤ ਸੀ। ਜਿਊਂਦੀ ਹੁੰਦੀ ਤਾਂ ਮੈਂ ਹੋਰ ਵੀ ਨਵੇਂ ਸੁਪਨੇ ਲੈਂਦਾ, ਪਰ ਹੁਣ ਕੀ ਹੋਵੇਗਾ? ਖਿੰਡਿਆ ਹੋਇਆ ਘਰ ... ਹਰ ਚੀਜ਼ ਬੇਤਰਤੀਬੀ ਜਿਹੀ ਤੇ ਚੁੱਪ ਵਿੱਚ ਡੁੱਬੀ ਹੋਈ। ਸਮੇਂ ਦਾ ਵਹਾਅ ਕੀ ਕੀ ਵਹਾ ਕੇ ਲੈ ਗਿਆ, ਸੋਚਦਾ ਹਾਂ ਤਾਂ ਕੰਬਣੀ ਛਿੜਦੀ ਹੈ। ਸਭ ਖ਼ਾਲੀ ਖ਼ਾਲੀ ਲਗਦਾ ਹੈ। ਕੰਧ ’ਤੇ ਉਸ ਦੀ ਇੱਕ ਵੱਡੀ ਤਸਵੀਰ ਮੈਂਨੂੰ ਤੱਕ ਰਹੀ ਹੈ। ਸੋਹਣੀਆ ਅੱਖਾਂ ਵਾਲੀ, ਸੁਨੱਖੇ ਚਿਹਰੇ ਵਾਲੀ, ਹਾਸਾ ਹੱਸਦੀ, ਮੁਸਕਰਾਉਂਦੀ ਹੋਈ ਤਸਵੀਰ। ਮੈਂਨੂੰ ਤਸਵੀਰ ਦਾ ਕੋਈ ਹੋਰ ਰੰਗ ਦਿਖਾਈ ਨਾ ਦਿੱਤਾ, ਮੈਥੋਂ ਹੋਰ ਦੇਖਿਆ ਹੀ ਨਹੀਂ ਗਿਆ। ਦੇਖਣਾ ਚਾਹੁੰਦਾ ਵੀ ਨਹੀਂ ਸੀ ਮੈਂ।

ਜ਼ਿੰਦਗੀ ਜਿਵੇਂ ਸਵਾਲਾਂ ਵਿੱਚ ਘਿਰ ਗਈ ਹੋਵੇ। ਮੇਰੇ ਲਈ ਹਰ ਔਕੜ ਹੀ ਹੁਣ ਵੱਡਾ ਸਵਾਲ ਸੀ। ਆਪ ਮੁਹਾਰਾ ਆਪਣੇ ਨਾਲ ਹੀ ਗੱਲਾਂ ਕਰਦਾ, ਇਕੱਲ ਨਾਲ ਮੈਂ ਕਦੋਂ ਤੱਕ ਲੜ ਸਕਾਂਗਾ? ਇਕਲਾਪਾ ਹੰਢਾਉਂਦਿਆਂ ਮੇਰੇ ਸਾਹ ਕਦੋਂ ਤੱਕ ਧੜਕਦੇ ਰਹਿਣਗੇ? ਤੇ ਕਦੋਂ ਤੱਕ ਮੈਂ ਬਚ ਸਕਾਂਗਾ? ਮੇਰੇ ਲਈ ਜੀਣ ਦਾ ਹੁਣ ਅਰਥ ਹੀ ਕੀ ਰਹਿ ਗਿਆ ਹੈ? ਫਿਰ ਮੇਰੇ ਅੰਦਰੋਂ ਹੀ ਆਵਾਜ਼ ਆਉਂਦੀ, ਇਕੱਲ ਕਿਵੇਂ? ਤੇਰੇ ਕੋਲ ਤਾਂ ਸਭ ਕੁਝ ਹੈ। ਪੁੱਤਰ, ਨੂੰਹਾਂ, ਪੋਤਾ, ਪੋਤੀ ...। ਪਰ ਫਿਰ ਵੀ ਅੱਖਾਂ ਕਿਸੇ ਆਪਣੇ ਦੀ ਉਡੀਕ ਕਰਦੀਆਂ ਜਿਸਦਾ ਸਸਕਾਰ ਵੀ ਹੱਥੀਂ ਕੀਤਾ ਸੀ। ਇਹ ਵੀ ਖਿਆਲ ਕਦੀ ਕਦੀ ਮਨ ਵਿੱਚ ਆਉਂਦਾ, ਪਾਗਲ ਨਾ ਬਣ! ਜੀਵਨ ਦੇਣਾ ਲੈਣਾ ਤਾਂ ਰੱਬ ਦੇ ਹੱਥ ਹੈ। ਆਈ ਮੁਸੀਬਤ ’ਤੇ ਹੌਸਲੇ ਨਾਲ ਕਾਬੂ ਪਾ। ਨਵਾਂ ਖਿਆਲ ਮੇਰੇ ਚਿਹਰੇ ’ਤੇ ਮੁਸਕਰਾਹਟ ਲੈ ਆਇਆ।

ਦਿਨ ਵੇਲੇ ਮੇਰੇ ਕੋਲ ਕੋਈ ਆ ਜਾਂਦਾ ਹੈ। ਝੱਟ ਘੜੀ ਲਈ ਰੁਝੇਵਾਂ ਵਧ ਜਾਂਦਾ ਹੈ। ਆਉਣ ਵਾਲਾ ਕਹਿੰਦਾ ਹੈ, “ਬਾਹਰ ਨਿਕਲੋ ਹੁਣ। ਸੋਗ ਕਦੋਂ ਤੱਕ ...?”

ਮੈਂ ਕਿਹਾ, “ਏਨਾ ਸੌਖਾ ਨਹੀਂ ਹੈ, ਕਿਵੇਂ ਭੁਲਾਵਾਂ ਦਿਲੋਂ? ਚਾਹੁੰਦਿਆਂ ਵੀ ਮੇਰੇ ਲਈ ਅਸੰਭਵ ਹੈ।”

ਉਹ ਹੋਰ ਕਰ ਵੀ ਕੀ ਸਕਦੇ ਹਨ। ਮਨ ਦੀਆਂ ਪੀੜਾਂ ਦੁੱਖਾਂ ’ਤੇ ਕਾਬੂ ਤਾਂ ਆਪ ਹੀ ਪਾਉਣਾ ਹੁੰਦਾ ਹੈ।

ਮੈਂ ਹੋਰ ਕਿਹਾ, “ਜ਼ਖਮਾਂ ਨੂੰ ਰਾਜ਼ੀ ਹੋਣ ਵਿੱਚ ਸਮਾਂ ਲਗਦਾ ਹੈ।”

ਪੁੱਤ ਮੈਂਨੂੰ ਮਿਲਣ ਆਏ। ਉਦਾਸੀਆਂ ਵਿੱਚ ਘਿਰੇ ਬੈਠੇ ਮੈਂਨੂੰ ਦੇਖਿਆ। ਬੋਲੇ, “ਪਾਪਾ, ਜੋ ਹੋਣਾ ਸੀ, ਉਹ ਤਾਂ ਹੋ ਗਿਆ। ਮੰਮੀ ਨੂੰ ਕੋਈ ਮੋੜ ਕੇ ਲਿਆ ਨਹੀਂ ਸਕਦਾ। ਪਰ ਜੋ ਸਾਡੇ ਲਈ ਸੰਭਵ ਹੈ, ਅਸੀਂ ਕਰਾਂਗੇ।”

ਆਇਆਂ ਨੂੰ ਦੋ ਘੰਟੇ ਲੰਘ ਗਏ ਹਨ। ਛੇ ਕੁ ਸਾਲਾਂ ਦਾ ਪੋਤਾ ਮੇਰੇ ਕੋਲ ਆਇਆ। ਉਸ ਦੇ ਹੱਥ ਵਿੱਚ ਇੱਕ ਲਾਲ ਰੰਗ ਦਾ ਨਰਮ ਮੁਲਾਇਮ ਕੰਬਲ ਹੈ। ਕੰਬਲ ਮੇਰੇ ਮੋਢੇ ’ਤੇ ਦਿੰਦਾ ਆਖਦਾ ਹੈ, “ਦਾਦੂ, ਹੁਣ ਤੁਹਾਨੂੰ ਠੰਢ ਨਹੀਂ ਲੱਗੇਗੀ। ਆਪਣੇ ਜੋੜੇ ਹੋਏ ਪੈਸਿਆਂ ਦਾ ਲੈ ਕੇ ਆਇਆ ਹਾਂ। ਮੈਂ ਉਸ ਨੂੰ ਗਲਵਕੜੀ ਵਿੱਚ ਲੈ ਕੇ ਘੁੱਟ ਲਿਆ। ਅਚਾਨਕ ਮੇਰੀਆਂ ਅੱਖਾਂ ਭਰ ਆਈਆਂ। ਕੋਈ ਖਿਆਲ ਆਇਆ। ਮੈਂ ਉਸ ਨੂੰ ਦੇਖਿਆ ਤੇ ਚੁੰਮ ਲਿਆ। ਫਿਰ ਆਏ ਇੱਕ ਹੋਰ ਖਿਆਲ ਨੇ ਮੈਂਨੂੰ ਹਸਾ ਦਿੱਤਾ। “ਖੇਡੀਏ ਦਾਦੂ?” ਮੈਨੂੰ ਖੁਸ਼ ਹੁੰਦੇ ਦੇਖ ਕੇ ਉਸ ਨੇ ਮਨ ਦੀ ਗੱਲ ਕਹੀ। ਹੌਲੀ ਹੌਲੀ ਉਹ ਹੋਰ ਵੀ ਗੱਲਾਂ ਕਹਿ ਗਿਆ। ਸੋਚਦਾ ਸਾਂ ਕਿ ਹਾਦਸਿਆਂ ਦੇ ਨਾਲ ਨਾਲ ਜ਼ਿੰਦਗੀ ਨੂੰ ਤੁਰਨਾ ਪੈਂਦਾ ਹੈ। ਹੋਰਾਂ ਲਈ ਜੀਣਾ ਪੈਂਦਾ ਹੈ। ਮਿਲੇ ਦੁੱਖ ਤੋਂ ਪਰ੍ਹਾਂ ਵੀ ਦੇਖਣ ਤੇ ਮਾਨਣ ਲਈ ਬੜਾ ਕੁਝ ਹੋਰ ਵੀ ਹੈ। ਮੇਰੇ ਅੰਦਰ ਨਵੇਂ ਵਿਚਾਰ ਤੇ ਸੋਚਾਂ ਉੱਠ ਰਹੀਆਂ ਹਨ - ਖ਼ੁਦ ਨੂੰ ਮੋੜ ਲਵਾਂ ...। ਪੋਤੀ ਪੋਤੇ ਨੂੰ ਵੀ ਮੇਰੇ ਨਿੱਘ ਦੀ ਲੋੜ ਹੈ। ਮੇਰੀ ਪੋਤੀ ਜੋ ਰਿੜ੍ਹਦੀ ਰਿੜ੍ਹਦੀ ਮੇਰੇ ਕੋਲ ਆ ਗਈ ਸੀ। ਮੇਰੀ ਬਾਂਹ ਦਾ ਸਹਾਰਾ ਲੈਂਦਿਆਂ ਉਹ ਖੜ੍ਹੀ ਹੋ ਗਈ ਅਤੇ ਬਾਹਰ ਜਾਣ ਲਈ ਰੋਣ ਲੱਗੀ। ਮੈਂ ਉਸ ਨੂੰ ਗੁਰਦੁਆਰੇ ਲੈ ਗਿਆ। ਮੁੜ ਮੁੜ ਉਹ ਮੇਰੇ ਵੱਲ ਤੱਕਦੀ ਇੱਧਰ ਉੱਧਰ ਰਿੜ੍ਹ ਕੇ ਚਲੀ ਜਾਂਦੀ, ਚੁੱਕ ਕੇ ਮੈਂ ਫੇਰ ਉਸ ਨੂੰ ਆਪਣੇ ਕੋਲ ਲੈ ਆਉਂਦਾ।

ਉਹ ਅਜੇ ਬੋਲ ਨਹੀਂ ਸਕਦੀ। ਉਹ ਸਾਰਾ ਸਾਰਾ ਦਿਨ ਮੇਰੇ ਕੋਲ ਬੈਠੀ ਰਹਿੰਦੀ ਹੈ। ਪੋਤੀ ਪੋਤਾ ਮੇਰੇ ਖੱਬੇ ਸੱਜੇ ਗੇੜੇ ਕੱਢਦੇ ਹਨ।

ਜ਼ਿੰਦਗੀ ਵਿੱਚ ਮੈਂ ਫਿਰ ਮੁੜ ਆਉਂਦਾ ਹਾਂ।

ਤੇ ਦੋ ਚਾਰ ਦਿਨ ਉਹ ਰਹਿ ਕੇ ਚਲੇ ਜਾਂਦੇ ਹਨ। ਜਾਂਦੇ ਹੋਏ ਮੁੜ ਮੁੜ ਮੇਰੇ ਵੱਲ ਦੇਖਦੇ ਹਨ। “ਅਸੀਂ ਫਿਰ ਆਵਾਂਗੇ, ਦਾਦੂ।” ਉਨ੍ਹਾਂ ਦੀਆਂ ਅੱਖਾਂ ਇਹੋ ਕਹਿ ਰਹੀਆਂ ਹਨ।

ਜਾਂਦੇ ਹੋਏ ਪੁੱਤ ਨੇ ਮੈਂਨੂੰ ਫਿਰ ਕਿਹਾ, “ਨਾਲ ਚੱਲੋ, ਪਾਪਾ। ਇੱਥੇ ਇਕੱਲੇ ਕੀ ਕਰੋਗੇ?”

“ਮੈਂ ਜ਼ਰੂਰ ਆਵਾਂਗਾ।” ਸਹਿਜ ਸੁਭਾਅ ਮੈਂ ਕਿਹਾ। ਉਨ੍ਹਾਂ ਦੀਆਂ ਗੱਲਾਂ ਮੈਂਨੂੰ ਦੇਰ ਤੱਕ ਯਾਦ ਆਉਂਦੀਆਂ ਰਹੀਆਂ। ਮਨ ਵਿੱਚ ਮੋਹ ਦੀ ਤਾਂਘ ਵਧਦੀ ਗਈ।

“ਅੰਕਲ! ਰੋਟੀ ਮੈਂ ਬਣਾ ਦਿਆਂ?” ਝਾੜੂ ਪੋਚਾ ਕਰਨ ਵਾਲੀ ਕੁੜੀ ਨੇ ਇੱਕ ਦਿਨ ਮੈਂਨੂੰ ਕਿਹਾ। ਉਸਦੇ ਬੋਲਾਂ ਵਿੱਚ ਮੇਰੇ ਲਈ ਡੂੰਘੀ ਹਮਦਰਦੀ ਸੀ। ਰੋਟੀ ਬਣਾ ਕੇ ਉਹ ਚਲੀ ਗਈ। ਮੈਂ ਉਸ ਨੂੰ ਆਪਣੇ ਪੁੱਤਾਂ ਕੋਲ ਜਾ ਕੇ ਰਹਿਣ ਲਈ ਦੱਸਿਆ। ਸੁਣਦਿਆਂ ਚੁੱਪ ਦੀ ਚੁੱਪ ਉਹ ਹੋ ਗਈ। “ਚਲੇ ਜਾਉ, ਪਰ ਛੇਤੀ ਮੁੜ ਆਇਉ।” ਉਹ ਉਦਾਸ ਹੋ ਗਈ ਸੀ। ਸੋਚਦਾ ਸਾਂ ਕਿ ਸੁੱਚੇ ਮੋਹ ਦੀਆਂ ਤੰਦਾਂ ਕਿਵੇਂ ਹਰ ਇੱਕ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦੀਆਂ ਹਨ ਅਤੇ ਜ਼ਿੰਦਗੀ ਨੂੰ ਅੱਗੇ ਤੋਰਦੀਆਂ ਹਨ। ਉਸਦੀ ਇਹ ਗੱਲ ਵੀ ਮੈਂਨੂੰ ਯਾਦ ਆ ਰਹੀ ਸੀ ਕਿ ਜ਼ਿੰਦਗੀ ਦੇ ਕੁਝ ਦੁੱਖ ਅਸਹਿ ਤਾਂ ਜ਼ਰੂਰ ਹੁੰਦੇ ਹਨ ਪਰ ਇਨ੍ਹਾਂ ਵਿੱਚ ਜਿਊਣਾ ਹੀ ਤਾਂ ਜ਼ਿੰਦਗੀ ਹੈ।

ਮੈਂਨੂੰ ਲੱਗਿਆ ਜਿਵੇਂ ਮੇਰੀਆਂ ਸੋਚਾਂ ਵਿੱਚ ਪਸਰੀ ਧੁੰਦ ਹੁਣ ਦੂਰ ਹੋ ਕੇ ਲਿਸ਼ਕਵੇਂ ਚਾਨਣ ਨੂੰ ਰਾਹ ਦੇ ਰਹੀ ਸੀ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2107)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਦਰਸ਼ਨ ਸਿੰਘ

ਦਰਸ਼ਨ ਸਿੰਘ

Shahabad Markanda, Kurukshetra, Haryana, India.
Email: (darshansingh5108@gmail.com)
Mobile: (91 - 94667 - 37933)