“ਸਲਾਹਾਂ, ਫ਼ੈਸਲੇ ਤੇ ਆਪਣੀ ਇੱਛਾ ਅਨੁਸਾਰ ਮੈਡੀਕਲ ਵਿਸ਼ਿਆਂ ਦੀ ਚੋਣ ਕਰ ਕੇ ਮੈਂ ਡਾਕਟਰੀ ਕਰਨ ਦੇ ਰਾਹ ...”
(19 ਫਰਵਰੀ 2024)
ਇਸ ਸਮੇਂ ਪਾਠਕ: 585.
“ਹੁਣ ਸ਼ੁਰੂ ਹੋਣਗੀਆਂ ਵੱਡੀਆਂ ਪੜ੍ਹਾਈਆਂ …।” ਪੰਜਵੀਂ ਜਮਾਤ ਪਾਸ ਕਰਨ ਪਿੱਛੋਂ ਛੇਵੀਂ ਵਿੱਚ ਦਾਖ਼ਲ ਹੋਣ ਸਮੇਂ ਇਹ ਗੱਲ ਮੈਂ ਕਈਆਂ ਕੋਲੋਂ ਸੁਣੀ। ਨਵੀਆਂ ਕਿਤਾਬਾਂ ਵਾਲਾ ਝੋਲਾ ਮੋਢੇ ਟੰਗ ਕੇ ਨਵੇਂ ਸਕੂਲ ਲਈ ਨਵੇਂ ਰਾਹਾਂ ’ਤੇ ਚਾਅ ਨਾਲ ਤੁਰਨ ਅਤੇ ਕੁਝ ਬਣਨ ਦਾ ਸਵੈ-ਵਿਸ਼ਵਾਸ ਮੇਰੇ ਅੰਦਰ ਸੀ। ਮੇਰੇ ਮਾਪਿਆਂ ਦੀਆਂ ਵੀ ਕਈ ਆਸਾਂ ਉਮੀਦਾਂ ਮੇਰੇ ਨਾਲ ਜੁੜੀਆਂ ਹੋਈਆਂ ਸਨ। ‘ਕਿਹੜਾ ਕੋਰਸ ਕਰਾਂ?’ ਦਸਵੀਂ ਵਿੱਚ ਪੜ੍ਹਦੇ ਸਮੇਂ ਹੀ ਸਲਾਹਾਂ ਹੋਣ ਲੱਗੀਆਂ। ਸਲਾਹਾਂ ਦਾ ਵੀ ਵਿਸ਼ੇਸ਼ ਸੁਹੱਪਣ ਹੁੰਦਾ ਹੈ। ਗੁਆਂਢੀ ਚਾਚਾ ਨਿਰੰਜਨ ਸਿੰਘ ਅਤੇ ਉਸ ਦੇ ਪਰਿਵਾਰ ਦਾ ਮੇਰੇ ਮਾਪਿਆਂ ਨਾਲ ਬਹੁਤ ਤਿਹੁ ਸੀ। “ਤੂੰ ਡਾਕਟਰ ਬਣੀਂ। ਬੁੱਢਾ ਹੋ ਕੇ ਮੈਂ ਆਪਣਾ ’ਲਾਜ ਤੈਥੋਂ ਕਰਵਾਊਂ।” ਹਾਸਿਆਂ ਅਤੇ ਖੇਡਾਂ ਵਿੱਚ ਵਿਚਰਨ ਵਾਲੇ ਮੇਰੇ ਬਚਪਨ ਲਈ ਜਿਵੇਂ ਜ਼ਿੰਮੇਵਾਰੀਆਂ ਦਾ ਵੇਲਾ ਆ ਗਿਆ ਹੋਵੇ।
ਫਸਟ ਡਿਵੀਜ਼ਨ ਵਿੱਚ ਦਸਵੀਂ ਦੀ ਪ੍ਰੀਖਿਆ ਪਾਸ ਕਰਨ ਪਿੱਛੋਂ ਮੈਂ ਕਾਲਜ ਦਾਖ਼ਲ ਹੋਇਆ। ਨਵਾਂ ਮਾਹੌਲ, ਨਵਾਂ ਆਲਾ-ਦੁਆਲਾ ਤੇ ਨਵੇਂ ਸੁਪਨੇ। ਸਲਾਹਾਂ, ਫ਼ੈਸਲੇ ਤੇ ਆਪਣੀ ਇੱਛਾ ਅਨੁਸਾਰ ਮੈਡੀਕਲ ਵਿਸ਼ਿਆਂ ਦੀ ਚੋਣ ਕਰ ਕੇ ਮੈਂ ਡਾਕਟਰੀ ਕਰਨ ਦੇ ਰਾਹ ਪੈ ਗਿਆ। ਸ਼ੁਰੂ ਸ਼ੁਰੂ ਵਿੱਚ ਅੰਗਰੇਜ਼ੀ ਮਾਧਿਅਮ ਨੇ ਪੜ੍ਹਾਈ ਦੇ ਇਸ ਨਵੇਂ ਸਫ਼ਰ ਵਿੱਚ ਕਈ ਦਿੱਕਤਾਂ ਭਰ ਦਿੱਤੀਆਂ ਪਰ ਕੁਝ ਮਹੀਨਿਆਂ ਵਿੱਚ ਹੀ ਇਹ ਤਬਦੀਲੀਆਂ ਸੁਖਾਵੀਆਂ ਜਾਪਣ ਲੱਗ ਪਈਆਂ। ਵੱਡੇ ਖਰਚ ਨਾਲ ਵੱਡੀ ਪੜ੍ਹਾਈ ਸ਼ਾਇਦ ਹੁਣ ਸ਼ੁਰੂ ਹੋਈ ਸੀ, ਅਜਿਹਾ ਜ਼ਰੂਰ ਜਾਪਿਆ। ਹੁਣ ਪੜ੍ਹਾਈ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋਣ ਦੀ ਲੋੜ ਸੀ। ਇਸ ਨੇ ਹੀ ਮੇਰੇ ਲਈ ਭਵਿੱਖ ਦਾ ਬੂਹਾ ਖੋਲ੍ਹਣਾ ਸੀ।
‘ਤੂੰ ਕੁਝ ਕਰ ਕੇ ਦਿਖਾਉਣਾ ਹੈ …।’ ਇਹੋ ਗੱਲਬਾਤ ਮੇਰੇ ਅੰਦਰ ਚਲਦੀ ਰਹਿੰਦੀ। ਲਾਇਬਰੇਰੀ ਜਾ ਕੇ ਵੱਡੀਆਂ ਵੱਡੀਆਂ ਪੁਸਤਕਾਂ ਪੜ੍ਹਨ ਵਿੱਚ ਮੇਰੀ ਦਿਲਚਸਪੀ ਜਾਗਣ ਲੱਗ ਪਈ। ਇੱਧਰ-ਉੱਧਰ ਘੁੰਮ ਕੇ ਮੈਂ ਵਕਤ ਕਦੀ ਅਜਾਈਂ ਨਾ ਗੁਆਉਂਦਾ। ‘ਡਾਕਟਰ’ ਸ਼ਬਦ ਆਪਣੇ ਨਾਂ ਨਾਲ ਲਗਵਾਉਣ ਦੀ ਮੇਰੇ ਅੰਦਰ ਕਾਹਲ, ਭਾਵਨਾ ਅਤੇ ਰੀਝ ਸੀ। ‘ਉਹ ਦਿਨ ਕਦੋਂ ਆਵੇਗਾ? ਚਾਚਾ ਜੀ ਤੇ ਮਾਪਿਆਂ ਦੀ ਉਡੀਕ ਕਦੋਂ ਖ਼ਤਮ ਹੋਵੇਗੀ?’ ਮੇਰੀ ਸੋਚ ਵਿੱਚ ਇਹੋ ਖਿਆਲ ਵਾਰ ਵਾਰ ਆਉਂਦਾ।
ਜ਼ਿੰਦਗੀ ਅਜਿਹੀ ਅਣਜਾਣੀ ਕਿਤਾਬ ਜਿਹੀ ਹੁੰਦੀ ਹੈ, ਜਿਸ ਬਾਰੇ ਪਤਾ ਨਹੀਂ ਹੁੰਦਾ ਕਿ ਇਸਦੇ ਕਿਸ ਪੰਨੇ ’ਤੇ ਕੀ ਲਿਖਿਆ ਹੈ; ਨਾ ਹੀ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਆਉਣ ਵਾਲਾ ਕੱਲ੍ਹ ਆਪਣੇ ਕੋਲ ਸਾਨੂੰ ਦੇਣ ਲਈ ਕੀ ਸਾਂਭੀ ਬੈਠਾ ਹੈ। ਮੇਰੇ ਸੁਫ਼ਨਿਆਂ ਦੀ ਉਦੋਂ ਮੌਤ ਹੋ ਗਈ ਜਦੋਂ ਡਾਕਟਰੀ ਕੋਰਸ ਲਈ ਹੋਈ ਯੋਗਤਾ ਪ੍ਰੀਖਿਆ ਵਿੱਚ ਅਸਫਲ ਹੋ ਗਿਆ। ਕੀਤੀ ਮਿਹਨਤ ਸਿਰੇ ਨਾ ਚੜ੍ਹੀ। ਮੇਰੇ ਨਾਂ ਨਾਲ ‘ਡਾਕਟਰ’ ਸ਼ਬਦ ਕਿਸੇ ਵੀ ਕਾਗਜ਼ ’ਤੇ ਨਾ ਚੜ੍ਹਿਆ। ‘ਨਾਤ੍ਹੀ ਧੋਤੀ ਰਹਿ ਗਈ, ਉੱਤੇ ਮੱਖੀ ਬਹਿ ਗਈ’ ਵਾਲੀ ਗੱਲ ਸੀ। ਹੌਸਲਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਮੇਰੇ ਆਉਣ ਵਾਲੇ ਕੱਲ੍ਹ ਨੂੰ ਜਿਵੇਂ ਕੋਈ ਜਿੰਦਾ-ਕੁੰਡਾ ਲੱਗ ਗਿਆ ਹੋਵੇ। ਸੋਚਾਂ ਵਿੱਚ ਗੁੰਝਲਾਂ ਪੈ ਗਈਆਂ। ਕੁਝ ਨਾ ਸੁੱਝੇ, ਕੀ ਕਰਾਂ। ਚਾਚੇ ਕੋਲ ਕਿਹੜਾ ਮੂੰਹ ਲੈ ਕੇ ਜਾਵਾਂ? ਮਾਪਿਆਂ ਦੀ ਮਾਯੂਸੀ ਮੇਰੇ ਕੋਲੋਂ ਝੱਲੀ ਨਾ ਜਾਵੇ। ਮੰਜ਼ਿਲ ਦੇ ਰਾਹ ਛੱਡ ਕੇ ਅਣਕਿਆਸੀਆਂ ਤੇ ਅਣਚਾਹੀਆਂ ਪਗਡੰਡੀਆਂ ’ਤੇ ਅਧੂਰੇ ਕਦਮੀ ਤੁਰਨ ਲੱਗਾ …। ਸੋਚਦਾ, ਸ਼ਾਇਦ ਕੁਝ ਲੱਭ ਜਾਵੇ।
ਉਂਝ ਹੋਰ ਕੀਤੀਆਂ ਪੜ੍ਹਾਈਆਂ ਮੇਰੀ ਝੋਲੀ ਸਰਕਾਰੀ ਨੌਕਰੀ ਤਾਂ ਪਾ ਗਈਆਂ ਪਰ ਜ਼ਿੰਦਗੀ ਦਾ ਇਹ ਸਦਮਾ ਮੈਨੂੰ ਕਦੀ ਨਾ ਭੁੱਲਿਆ। ਉਹ ਪਲ ਮੇਰੇ ਅੰਦਰ ਕੋਈ ਡਰ ਬਣ ਕੇ ਠਹਿਰ ਗਏ ਸਨ। ਮਨ ਵਿੱਚ ਕੋਈ ਗੰਢ ਜਿਹੀ ਪੈ ਗਈ, ਜੋ ਖੋਲ੍ਹਣ ’ਤੇ ਵੀ ਨਾ ਖੁੱਲ੍ਹੀ। ਵੀਹ ਸਾਲ ਮੈਂ ਚਾਚੇ ਦੇ ਸਾਹਮਣੇ ਨਾ ਹੋ ਸਕਿਆ। ਸ਼ਰਮ ਮੇਰੇ ਅੰਦਰ ਨੂੰ ਮਾਰ ਗਈ।
“ਤੇਰਾ ਚਾਚਾ ਤੈਨੂੰ ਬੜਾ ਯਾਦ ਕਰਦਾ ਰਹਿੰਦੈ …।” ਮਾਪਿਆਂ ਮੈਂਨੂੰ ਕਈ ਵਾਰ ਕਿਹਾ। ਚੁੱਪ-ਚੁਪੀਤੇ ਮੈਂ ਇੱਕ ਦਿਨ ਚਾਚੇ ਕੋਲ ਬਿਨਾਂ ਕਿਸੇ ਨੂੰ ਦੱਸੇ ਚਲਾ ਗਿਆ। ਵੀਹੀ ਵਿੱਚ ਮੰਜੀ ਡਾਹ ਕੇ ਬੈਠਾ ਚਾਚਾ ਖੰਘ ਰਿਹਾ ਸੀ। ਝੁਕ ਕੇ ਮੈਂ ਪੈਰੀਂ ਹੱਥ ਲਾਇਆ। ਸਿਆਣ ਲਿਆ ਉਸ ਨੇ ਮੈਨੂੰ। ਉਸ ਦੀ ਦਾੜ੍ਹੀ ਸਫ਼ੈਦ ਹੋ ਚੁੱਕੀ ਸੀ। ਝੁਰੜੀਆਂ ਨੇ ਚਿਹਰੇ ਤੋਂ ਨੂਰ ਖੋਹ ਲਿਆ ਸੀ। ਨੱਕ ’ਤੇ ਲੱਗੀ ਐਨਕ ਅੱਖਾਂ ਦਾ ਹਾਲ ਬਿਆਨਦੀ ਸੀ। ਹੁਣ ਤਾਂ ਉਸ ਨੂੰ ਇਲਾਜ ਦੀ ਲੋੜ ਸੀ, ਮੈਨੂੰ ਜਾਪਿਆ।
“ਤੂੰ ਮੇਰੇ ਕੋਲੋਂ ਕਿੱਥੇ ਲੁਕਿਆ ਰਿਹਾ ਹੈਂ?”
ਮੰਜੇ ਦੀ ਬਾਹੀ ’ਤੇ ਕਿਸੇ ਪਛਤਾਵੇ ਨਾਲ ਨੀਵੀਂ ਪਾਈ ਬੈਠਾ ਮੈਂ ਚਾਚੇ ਦੀਆਂ ਗੱਲਾਂ ਸੁਣਦਾ ਰਿਹਾ। ਚਾਹ ਪੀਂਦੇ ਹੋਏ ਮਨ ਅੰਦਰਲੀ ਕਬਰਾਂ ਜਿਹੀ ਚੁੱਪ ਤੋੜਦਿਆਂ ਤੇ ਝਿਜਕਦਿਆਂ ਮੈਂ ਕਿਹਾ, “ਚਾਚਾ ਜੀ, ਤੁਸੀਂ ਮੈਨੂੰ ਡਾਕਟਰ ਆਖਦੇ ਸੀ ਪਰ ਮੈਂ …।”
“ਪਤਾ ਮੈਨੂੰ ਲੱਗ ਗਿਆ ਸੀ। ਕੋਸ਼ਿਸ਼ ਤਾਂ ਤੂੰ ਬੜੀ ਕੀਤੀ ... ਬਾਕੀ ਤਾਂ ਬਾਗਰੂ ਦੇ ਹੱਥ ਆ। ਸਾਰਾ ਕੁਝ ਬੰਦੇ ਦੀ ਇੱਛਾ ਅਨੁਸਾਰ ਨਹੀਂ ਹੁੰਦਾ। ਜੋ ਹੋਣਾ ਹੁੰਦਾ, ਹੋ ਕੇ ਹੀ ਰਹਿੰਦਾ …। ਇੰਨੀ ਕੁ ਗੱਲ ਪਿੱਛੇ ਤੂੰ ਜ਼ਿੰਦਗੀ ਦੇ ਵੀਹ ਵਰ੍ਹੇ ਮੇਰੇ ਤੋਂ ਦੂਰ ਰਿਹਾ। ਆਉਂਦਾ, ਬੈਠਦਾ। ਕੁਝ ਕਹਿੰਦਾ, ਸੁਣਦਾ … ਜ਼ਿੰਦਗੀ ਕੋਈ ਵਾਰ ਵਾਰ ਮਿਲਦੀ ਐ ਕਮਲਿਆ … ਕਦੀ ਫਿਰ ਇਉਂ ਨਾ ਕਰੀਂ।”
ਚਾਚੇ ਦਾ ਹੱਥ ਮੇਰੇ ਮੋਢਿਆਂ ’ਤੇ ਸੀ। ਜਿਵੇਂ ਮਣਾਂ-ਮੂੰਹੀਂ ਬੋਝ ਮੇਰੇ ਸਿਰ ਤੋਂ ਉੱਤਰ ਗਿਆ ਹੋਵੇ।
ਜ਼ਿੰਦਗੀ ਦੇ ਘਾਟੇ ਵਾਧੇ ਕਈ ਅਹਿਮ ਤਜਰਬੇ ਦੇ ਜਾਂਦੇ ਹਨ। ਬੂਹੇ ਤਕ ਚਾਚਾ ਮੈਨੂੰ ਛੱਡਣ ਆਇਆ। ਉਹੀ ਸੁਭਾਅ, ਉਹੀ ਲਾਡ, ਉਹੀ ਹਾਸੇ। ਹੁਣ ਵਾਲੇ ਚਾਚੇ ਵਿੱਚ ਵੀਹ ਵਰ੍ਹੇ ਪਹਿਲੋਂ ਵਾਲਾ ਚਾਚਾ ਉਸੇ ਤਰ੍ਹਾਂ ਬੈਠਾ ਸੀ। ਪਰਤਦੇ ਸਮੇਂ ਮੈਂ ਇਹੋ ਸੋਚਦਾ ਰਿਹਾ ਕਿ ਆਪਣੀਆਂ ਸੋਚਾਂ ਵਿੱਚ ਅਸੀਂ ਫਜ਼ੂਲ ਜਿਹੀਆਂ ਮਨਘੜਤ ਗੱਲਾਂ ਭਰ ਲੈਂਦੇ ਹਾਂ ਜੋ ਜ਼ਿੰਦਗੀ ਨੂੰ ਅਸਹਿਜ ਕਰ ਦਿੰਦੀਆਂ ਹਨ। ਮਨਾਂ ਅੰਦਰ ਗੰਢ ਪੈਣ ਅਤੇ ਖੁੱਲ੍ਹਣ ਦੇ ਵਕਫ਼ੇ ਵਿੱਚ ਜ਼ਿੰਦਗੀ ਦੇ ਕਈ ਰੰਗ ਬਰੰਗੇ ਸਵੇਰੇ ਗੁਆਚ ਚੁੱਕੇ ਹੁੰਦੇ ਹਨ, ਜੋ ਖੁਸ਼ੀ ਖ਼ੁਸ਼ੀ ਮਾਣੇ ਜਾ ਸਕਦੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4735)
(ਸਰੋਕਾਰ ਨਾਲ ਸੰਪਰਕ ਲਈ: (