“ਚਲੋ, ਚੰਗਾ ਹੋਇਆ ... ਬੜਾ ਤੰਗ ਸੀ ਵਿਚਾਰਾ ...”
(13 ਅਗਸਤ 2016)
“ਤੂੰ ਬੜੀ ਸਿਆਣੀ ਏਂ?” ਗੁਆਂਢੀ ਘਰ ਵਿਚ ਹੋ ਰਹੇ ਮਾਂ ਪੁੱਤ ਦੇ ਆਪਸੀ ਬੋਲ ਬੁਲਾਰੇ ਤੋਂ ਕਈ ਗੱਲਾਂ ਮੇਰੇ ਕੰਨੀਂ ਪਈਆਂ। “ਮੱਤਾਂ ਦੇਣ ਬਿਨਾਂ ਹੋਰ ਵੀ ਕੋਈ ਕੰਮ ਹੈ ਤੈਨੂੰ?” ਪੁੱਤ ਵਲੋਂ ਮਾਂ ਨੂੰ ਬੋਲੇ ਕੁਬੋਲਾਂ ਨੇ ਮੈਂਨੂੰ ਅਸ਼ਾਂਤ ਕਰ ਦਿੱਤਾ ਸੀ। ਸੋਚਾਂ ਮੇਰੇ ਅੰਦਰ ਖੌਰੂ ਪਾਉਣ ਲੱਗੀਆਂ। ‘ਮਾਪਿਆਂ ਦਾ ਕੁਝ ਕਹਿਣਾ ਵੀ ਹੁਣ ਗੁਨਾਹ ਹੋ ਗਿਆ ਹੈ? ਗ਼ਲਤੀ ਲਈ ਟੋਕਣਾ ਵੀ ਪੈਂਦਾ ਹੈ।’ ਮੱਥੇ ਹੱਥ ਧਰੀ ਇਹੋ ਜਿਹੇ ਕਈ ਵਿਚਾਰਾਂ ਵਿਚ ਡੁੱਬਾ ਸਾਂ।
ਥੋੜ੍ਹੇ ਦਿਨ ਪਹਿਲਾਂ ਹੀ ਉਹ ਮੇਰੇ ਕੋਲ ਆਈ ਸੀ, ਆਖਦੀ ਸੀ, “ਕੀ ਕਰਾਂ? ਬੱਚੇ ਤਾਂ ਗੱਲ ਸੁਣਦੇ ਹੀ ਨਹੀਂ ਹਨ। ਮੰਨਣੀ ਕਿੱਥੋਂ? ਜ਼ਿੰਦਗੀ ਦੀਆਂ ਸਾਰੀਆਂ ਸਹੂਲਤਾਂ ਇਨ੍ਹਾਂ ਨੂੰ ਦਿੱਤੀਆਂ। ਗੱਲ ਕਰਾਂ ਤਾਂ ਪੱਥਰ ਮਾਰਨ ਜਿਹਾ ਜਵਾਬ ਮਿਲਦਾ ਹੈ।ਜੀ ਕਰਦੈ ਮਰ ਹੀ ਜਾਵਾਂ। ਅੱਗ ਵਿਚ ਹੱਥ ਕਦੋਂ ਤੱਕ ਪਾਉਂਦੀ ਰਹਾਂਗੀ?” ਬੜੀ ਉਦਾਸ ਲੱਗ ਰਹੀ ਸੀ ਉਹ। ‘ਕੀ ਸਲਾਹ ਦੇਵਾਂ?’ ਮੇਰੇ ਕੋਲ ਕਹਿਣ ਲਈ ਕੁਝ ਵੀ ਨਹੀਂ ਸੀ। ਉਨ੍ਹਾਂ ਨੂੰ ਸਮਝਾਉਣ ਦੇ ਕੀਤੇ ਸਾਰੇ ਯਤਨ ਵੀ ਅਸਫ਼ਲ ਗਏ ਸਨ। ਹਫ਼ਤਾ ਕੁ ਪਹਿਲਾਂ ਵੀ ਇਨ੍ਹਾਂ ਨੇ ਮਾਂ ਨਾਲ ਹੱਥੋਪਾਈ ਕਰਦਿਆਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੀ। ਤਰਲੇ ਮਿੰਨਤਾਂ ਕਰਦਿਆਂ ਅਸੀਂ ਉਸ ਨੂੰ ਅੰਦਰ ਭੇਜਿਆ। ਬੜਾ ਡਰਦੀ ਸੀ ਉਹ, ਆਪਣੇ ਹੀ ਘਰ ਵਿਚ ਜਾਣੋਂ।
ਮੈਂ ਸੋਚਣ ਲੱਗਾ, ਕਿਹੋ ਜਿਹਾ ਮਾੜਾ ਵਕਤ ਆ ਗਿਆ ਹੈ। ਆਪਣੇ ਜੰਮਿਆਂ ਨੇ ਤਾਂ ਬੁਢਾਪੇ ਦਾ ਸਹਾਰਾ ਹੋਣਾ ਸੀ। ਦਿਲਾਂ ਵਿਚ ਦੂਰੀਆਂ ਕਦੋਂ ਅਤੇ ਕਿਉਂ ਪੈਦਾ ਹੋ ਗਈਆਂ? ਘਰਾਂ ਵਿਚ ਨਿੱਤ ਵਾਪਰ ਰਹੇ ਹਾਦਸੇ ਰਿਸ਼ਤਿਆਂ ਦੀ ਕਿਹੜੀ ਨਵੀਂ ਇਬਾਰਤ ਲਿਖ ਰਹੇ ਸਨ? ਉਸਦੀਆਂ ਅੱਖਾਂ ਵਿਚ ਲਟਕੀ ਉਦਾਸੀ ਦੇਖ ਕੇ ਮੇਰਾ ਗੱਚ ਭਰ ਆਇਆ।
ਇਹ ਗੱਲ ਹੁਣ ਵਾਪਰੀ ਹੈ। ਦੋ ਕੁ ਸਾਲ ਪਹਿਲਾਂ ਵੀ ਇਹੋ ਕੁਝ ਹੋਇਆ ਸੀ। ਪਿਉ ਹਸਪਤਾਲ ਦਾਖਲ ਸੀ। ਬਿਮਾਰੀ ਨੇ ਉਸ ਨੂੰ ਬੜਾ ਕਮਜ਼ੋਰ ਕਰ ਦਿੱਤਾ ਸੀ। ਛਾਤੀ ਦੀਆਂ ਹੱਡੀਆਂ ਤਾਂ ਬਾਹਰੋਂ ਗਿਣੀਆਂ ਜਾ ਸਕਦੀਆਂ ਸਨ। ਬੱਚਿਆਂ ਨੂੰ ਕਾਰੋਬਾਰਾਂ ਤੋਂ ਵਿਹਲ ਹੀ ਨਹੀਂ ਸੀ। ਇਕ ਵਿਦੇਸ਼ ਵਿਚ ਸੀ। ਇਲਾਜ ਲਈ ਕੋਲ ਬੈਠੀ ਪਤਨੀ ਕੋਲ ਏਨੀ ਹਿੰਮਤ ਨਹੀਂ ਸੀ ਕਿ ਪਾਣੀ ਦਾ ਗਲਾਸ ਵੀ ਫੜਾ ਸਕਦੀ ਹੋਵੇ। ਦੋਵੇਂ ਜੀਅ ਕਦੀ ਗੱਲ ਕਰਦੇ ਅਤੇ ਕਦੀ ਡੂੰਘੀ ਚੁੱਪ ਵੱਟਦੇ ਦੁੱਖ ਦੀਆਂ ਘੜੀਆਂ ਗਿਣਦੇ। ਡਾਕਟਰਾਂ ਵਲੋਂ ਲਗਭੱਗ ਨਾਂਹ ਹੀ ਸੀ। ਵਿਦੇਸ਼ੀ ਵਸਦੇ ਪੁੱਤ ਨੂੰ ਉਸਨੇ ਫ਼ੋਨ ਕੀਤਾ, “ਆ ਕੇ ਪਿਉ ਦਾ ਪਤਾ ਕਰ ਜਾ। ਆਖ਼ਰੀ ਸਾਹ ਗਿਣ ਰਿਹਾ ਹੈ। ਸਾਹਾਂ ਨੇ ਮੁੜਨਾ ਤਾਂ ਨਹੀਂ। ਪੁੱਤ ਨੂੰ ਕੋਲੇ ਬੈਠਿਆਂ ਦੇਖ ਕੇ ਮਨ ਨੂੰ ਭੋਰਾ ਚੈਨ ਤਾਂ ਮਿਲੂ।” ਪੁੱਤ ਦੇ ਜਵਾਬ ਨੇ ਜਿਵੇਂ ਉਸਦੀ ਜਾਨ ਹੀ ਕੱਢ ਦਿੱਤੀ ਹੋਵੇ। “ਮੈਂ ਭੋਗ ’ਤੇ ਹੀ ਆ ਜਾਵਾਂਗਾ।” ਮੈਂਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਹੁਣੇ ਹੁਣੇ ਉਸਨੇ ਕੀ ਸੁਣਿਆ ਸੀ।
ਉਸਦੀ ਅੰਤਿਮ ਅਰਦਾਸ ਵਿਚ ਮੈਂ ਵੀ ਸ਼ਾਮਿਲ ਸੀ। ਪਿੱਛੇ ਰਹਿ ਗਈ ਬੁੱਢੀ ਵਿਚਾਰੀ ਦੇ ਫ਼ਿਕਰ ਨੂੰ ਮੈਂ ਉਸਦੇ ਚਿਹਰੇ ਤੋਂ ਭਾਂਪਣ ਦੀ ਕੋਸ਼ਿਸ਼ ਕਰਦਾ। ਪੁੱਤ ਆਏ ਗਏ ਦੀ ਸਾਂਭ ਸੰਭਾਲ ਅਤੇ ਹੋਰ ਰੁਝੇਵਿਆਂ ਵਿਚ ਰੁਝੇ ਹੋਏ ਸਨ।
“ਚਲੋ, ਚੰਗਾ ਹੋਇਆ ... ਬੜਾ ਤੰਗ ਸੀ ਵਿਚਾਰਾ ਬਿਮਾਰੀ ਤੋਂ।” ਮੈਂਨੂੰ ਕਿਸੇ ਆਖਿਆ।
‘ਸੁੱਖੀ ਕਦੋਂ ਸੀ?’ ਮਨ ਹੀ ਮਨ ਵਿਚ ਮੈਂ ਕਿਹਾ। ਮੇਰੇ ਨਾਲ ਉਸਨੇ ਵੀ ਆਪਣੇ ਪੁੱਤਾਂ ਦੇ ਕੁਰਖ਼ਤ ਸੁਭਾਅ ਬਾਰੇ ਕਈ ਵਾਰ ਗੱਲ ਕੀਤੀ ਸੀ। ਗੱਲਾਂ ਕਰਦੇ ਸਮੇਂ ਮੈਂਨੂੰ ਉਸਦੀਆਂ ਅੱਖਾਂ ਨਾਲੋਂ ਮਨ ਵਧੇਰੇ ਰੋਂਦਾ ਜਾਪਦਾ ਸੀ। ਸੋਚਦਾ ਸਾਂ ਕਿ ਚੰਗਾ ਹੋਵੇ ਜੇ ਹੁਣ ਉਹ ਬੁੱਢੀ ਨੂੰ ਹੀ ਸੰਭਾਲ ਲੈਣ, ਪਿਉ ਲਈ ਤਾਂ ਬਹੁਤ ਦੇਰ ਕਰ ਦਿੱਤੀ ਸੀ। ਹੱਥ ਜੋੜ ਕੇ ਸਭ ਅਫ਼ਸੋਸ ਕਰ ਰਹੇ ਸਨ। ਉਹ ਆਪ ਵੀ ਡੂੰਘੀ ਉਦਾਸੀ ਵਿਚ ਹੱਥ ਜੋੜੀ ਖੜ੍ਹੇ ਸਨ।
“ਰਹੋਗੇ ਕੁਝ ਦਿਨ?” ਵਿਦੇਸ਼ੋਂ ਆਏ ਪੁੱਤ ਨੂੰ ਮੈਂ ਪੁੱਛਿਆ।
“ਕਿੱਥੇ ਰਿਹਾ ਜਾਂਦੈ ਇੰਨੇ ਦਿਨ? ਹੁਣ ਵੀ ਮਜਬੂਰੀ ਵਿਚ ਹੀ ਆਉਣਾ ਪਿਆ। ਚਲੇ ਜਾਵਾਂਗੇ ਪਰਸੋਂ ਚੌਥ।”
ਮਾਂ ਬਾਰੇ ਉਸਨੇ ਕੋਈ ਗੱਲ ਨਾ ਕੀਤੀ। ਉਸ ਵੱਲ ਦੇਖਦਿਆਂ ਮੈਂ ਸੋਚ ਰਿਹਾ ਸੀ ਕਿ ਮਾਪਿਆਂ ਦੀ ਸਾਂਭ ਸੰਭਾਲ ਨਾਲੋਂ ਮਜਬੂਰੀਆਂ ਵੱਡੀਆਂ ਹੋ ਗਈਆਂ?
ਮੇਰੇ ਲਈ ਤਸੱਲੀ ਦੀ ਗੱਲ ਫ਼ਿਲਹਾਲ ਇਹੋ ਸੀ ਕਿ ਆਪਣਿਆਂ ਦੀ ਮੌਤ ’ਤੇ ਅਜੇ ਆਉਣ ਜਾਣ ਤਾਂ ਬਚਿਆ ਹੋਇਆ ਹੈ। ਇਹ ਵੀ ਜੇ ਖ਼ਤਮ ਹੋ ਗਿਆ ਤਾਂ …? ਮੇਰੀਆਂ ਸੋਚਾਂ ਇਹੋ ਸਵਾਲ ਵਾਰ ਵਾਰ ਕਰ ਰਹੀਆਂ ਸਨ।
*****
(387)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)