“ਮੈਂ ਆਪਣੀ ਨੂੰਹ ਨੂੰ ਕਿਹਾ, “ਨੀਹਾਂ ਭਾਵੇਂ ਮਕਾਨਾਂ ਦੀਆਂ ਹੋਣ ਜਾਂ ਬਚਪਨ ਦੀਆਂ, ਮਜ਼ਬੂਤ ਹੋਣੀਆਂ ...”
(3 ਮਾਰਚ 2022)
ਇਸ ਸਮੇਂ ਮਹਿਮਾਨ: 66.
ਕਿਹਾ ਜਾਂਦਾ ਹੈ ਕਿ ‘ਘਰ’ ਹਰ ਜ਼ਿੰਦਗੀ ਦੀ ਮੁਢਲੀ ਲੋੜ ਹੁੰਦਾ ਹੈ। ਪੰਛੀ ਆਲ੍ਹਣੇ ਬਣਾਉਂਦੇ ਹਨ ਤੇ ਕਈ ਜੀਵ ਖੁੱਡਾਂ। ਜੰਗਲੀ ਜੀਵਾਂ ਦੇ ਟਿਕਾਣੇ ਵੀ ਵੰਨ ਸੁਵੰਨੇ ਹੁੰਦੇ ਹਨ। ਮਨੁੱਖ ਵੀ ਰਹਿਣ ਲਈ ਘਰ ਉਸਾਰਦੇ ਹਨ। ਉਂਜ ਭਾਵੇਂ ਘਰ ਕਿਸੇ ਵੀ ਰੂਪ ਵਿੱਚ ਹੋਣ, ਹਰ ਪ੍ਰਾਣੀ ਨੂੰ ਸਕੂਨ ਇੱਥੇ ਹੀ ਮਿਲਦਾ ਹੈ ਅਤੇ ਉਸਦਾ ਇੱਥੇ ਆਉਣ ਨੂੰ ਮੁੜ ਮੁੜ ਚਿੱਤ ਕਰਦਾ ਹੈ ਕਿਉਂਕਿ ਘਰ ਜਿਉਂਦੇ ਰਹਿਣ ਦਾ ਮਾਣਮੱਤਾ ਸਹਾਰਾ ਹੈ।
ਨਿੱਕੇ ਹੁੰਦਿਆਂ ਜਦ ਮਾਪਿਆਂ ਘਰ ਬਣਾਉਣ ਲਈ ਸੋਚਿਆ ਤਾਂ ਉਸ ਵੇਲੇ ਪਰਿਵਾਰ ਨੂੰ ਨਸੀਬ ਹੋਈ ਅਥਾਹ ਖੁਸ਼ੀ ਦਾ ਚੇਤਾ ਮੈਂਨੂੰ ਹੁਣ ਵੀ ਹੈ। ਚਾਈਂ ਚਾਈਂ ਮੈਂ ਪਾਪਾ ਜੀ ਨਾਲ ਭੱਠੇ ’ਤੇ ਇੱਟਾਂ ਲੈਣ ਲਈ ਗਿਆ। ਉਦੋਂ ਮੈਂਨੂੰ ਬਹੁਤਾ ਗਿਆਨ ਤਾਂ ਨਹੀਂ ਸੀ, ਪਰ ਕਈ ਵਾਰ ‘ਮਜ਼ਬੂਤ ਨੀਂਹ’ ਦੀ ਗੱਲ ਵੱਡਿਆਂ ਕੋਲੋਂ ਸੁਣੀ ਵੀ, ਸਮਝੀ ਵੀ। ਗੂੜ੍ਹ ਗਿਆਨ ਦੀਆਂ ਹੋਰ ਗੱਲਾਂ ਵੀ ਘਰ ਵਿੱਚ ਹੁੰਦੀਆਂ ਰਹਿੰਦੀਆਂ। ਮਾਪਿਆਂ ਨੇ ਤੁਰਨਾ, ਬੋਲਣਾ ਤਾਂ ਸਿਖਾਇਆ ਹੀ, ਉਚੇਰੀਆਂ ਪ੍ਰੰਪਰਾਵਾਂ, ਸੰਸਕਾਰ ਅਤੇ ਕਦਰਾਂ ਕੀਮਤਾਂ ਦਾ ਦੀਵਾ ਵੀ ਸਾਡੇ ਅੰਦਰ ਜਗਦਾ ਰੱਖਿਆ। ਨਿੱਕੀ ਸਮਝ ਵਿੱਚ ਵੱਡੀਆਂ ਸਿਆਣਪਾਂ ਬਚਪਨ ਤੋਂ ਹੀ ਭਰਦੀਆਂ ਰਹੀਆਂ।
ਇੱਕ ਦਿਨ ਮਾਂ ਨੇ ਕਿਹਾ, “ਆਪਣੀ ਭੂਆ ਨੂੰ ਚਿੱਠੀ ਲਿਖ, ਆ ਕੇ ਮਿਲ ਜਾਵੇਗੀ।” ਉਂਜ ਤਾਂ ਅਸੀਂ ਆਪ ਹੀ ਛੁੱਟੀਆਂ ਵਿੱਚ ਭੂਆ ਨੂੰ ਮਿਲਣ ਜਾਂਦੇ, ਪਰ ਇਸ ਵਾਰ ਮਕਾਨ ਉਸਾਰੀ ਵਿੱਚ ਰੁੱਝੇ ਹੋਣ ਕਰਕੇ ਜਾਣਾ ਔਖਾ ਸੀ। ਆਉਣ ਜਾਣ ’ਤੇ ਮੇਲ ਮਿਲਾਪ ਨੇ ਆਪਸੀ ਮੋਹ ਤੇ ਸਾਂਝਾਂ ਦੀਆਂ ਨੀਂਹ ਨੂੰ ਹੋਰ ਵੀ ਪਕੇਰਿਆਂ ਕੀਤਾ। ਇਸ ਗੱਲ ਦੀ ਜਿਵੇਂ ਸਾਨੂੰ ਗੁੜ੍ਹਤੀ ਹੀ ਮਿਲੀ ਕਿ ਰਿਸ਼ਤੇ ਘਰਾਂ ਦੇ ਪਿੱਪਲ, ਬੋਹੜ ਅਤੇ ਸਿਰਨਾਵਾਂ ਹੁੰਦੇ ਹਨ ਜਿਨ੍ਹਾਂ ਨੂੰ ਸੰਭਾਲਣਾ ਵੀ ਇੱਕ ਕਲਾ ਹੁੰਦੀ ਹੈ।
ਮੈਂਨੂੰ ਯਾਦ ਹੈ ਜਦੋਂ ਮੈਂ ਦਸਵੀਂ ਵਿੱਚ ਪੜ੍ਹਦਾ ਸੀ, ਨਵੀਂ ਨਵੀਂ ਆਈ ਬਿਜਲੀ ਦੇ ਬਲਬਾਂ ਦੇ ਚਾਨਣ ਵਿੱਚ ਬੈਠ ਕੇ ਪੜ੍ਹਨ ਨਾਲ ਸਾਡੀ ਪੜ੍ਹਨ ਰੁਚੀ ਨੂੰ ਹੋਰ ਵੀ ਹੁਲਾਰਾ ਮਿਲਿਆ। ਅਧਿਆਪਕਾਂ ਦੇ ਕੜਕਵੇਂ ਬੋਲਾਂ ਦਾ ਵੀ ਉਦੋਂ ਬਹੁਤ ਭੈਅ ਹੁੰਦਾ ਸੀ। ਉਹ ਕੁੱਟਦੇ, ਕੰਨ ਖਿੱਚਦੇ ਅਤੇ ਮੁਰਗਾ ਬਣਾਉਂਦੇ ਗੁੱਸੇ ਵਿੱਚ ਬੋਲੀ ਵੀ ਜਾਂਦੇ, “ਖਾਧੀ ਕੁੱਟ ਕਦੀ ਨਾ ਕਦੀ ਚੂਰੀ ਵਾਂਗ ਲੱਗੂ … .।” ਵਰ੍ਹੇ ਲੰਘਣ ਪਿੱਛੋਂ ਅਸੀਂ ਇਨ੍ਹਾਂ ਸ਼ਬਦਾਂ ਦੇ ਸੱਚ ਨੂੰ ਮਾਣਿਆ ਤੇ ਹੰਢਾਇਆ। ਕਿਤਾਬਾਂ ਨਾਲ ਜੁੜੇ ਰਹਿਣ ਦੇ ਸੁਭਾਅ ਬਚਪਨ ਤੋਂ ਹੀ ਬਣੇ ਹੋਏ ਹਨ।
ਕਿਸੇ ਬਾਰੇ ਕੀ ਪਤਾ ਕਿ ਉਸਦੇ ਅੰਦਰ ਕੀ ਕੀ ਖ਼ੂਬਸੂਰਤ ਪਿਆ ਹੈ? ਖੋਜੀਏ ਤਾਂ ਹੀ ਪਤਾ ਲੱਗਦਾ ਹੈ। ਉਂਜ ਇਸਦੇ ਸੰਕੇਤ ਬੱਚੇ ਦੇ ਸ਼ੌਕ, ਰੁਚੀਆਂ ਜਾਂ ਸੋਚਾਂ ਹੀ ਕੁਝ ਹੱਦ ਤਕ ਦੇ ਦਿੰਦੀਆਂ ਹਨ। ਇੱਕ ਬੱਚੇ ਦੇ ਮਾਪਿਆਂ ਦੇ ਸੰਪਰਕ ਵਿੱਚ ਮੈਂ ਆਇਆ। ਆਪਣੀ ਵਿਹਲ ਦਾ ਸਮਾਂ ਉਹ ਬੱਚੇ ਨੂੰ ਦਿੰਦੇ। ਬੱਚੇ ਨਾਲ ਬੱਚਾ ਹੁੰਦੇ। ਥੋੜ੍ਹਾ ਕੁ ਬੱਚਾ ਵੱਡਾ ਹੋਇਆ, ਮੈਂ ਮਹਿਸੂਸਿਆ ਕਿ ਉਸ ਦੀਆਂ ਆਦਤਾਂ, ਸੁਭਾਅ ਅਤੇ ਨਜ਼ਰੀਆ ਉਸਦੇ ਹਾਣੀ ਬੱਚਿਆਂ ਤੋਂ ਵਖਰੇਵੇਂ ਵਾਲਾ ਸੀ। ਬੱਚੇ ਦੀਆਂ ਵੱਡਾ ਹੋ ਕੇ ਕੀਤੀਆਂ ਪ੍ਰਾਪਤੀਆਂ ਦੇ ਬੀਜ ਕਿਤੇ ਨਾ ਕਿਤੇ ਬਚਪਨ ਵਿੱਚ ਹੀ ਬੀਜ ਦਿੱਤੇ ਗਏ ਸਨ।
ਸ਼ਾਇਦ ਅਸੀਂ ਪੂਰਾ ਧਿਆਨ ਨਹੀਂ ਦਿੰਦੇ, ਸਗੋਂ ਲਾਪ੍ਰਵਾਹ ਜਿਹੇ ਹੋ ਕੇ ਕਮਾਈ ਕਰਨ ਦੀ ਦੌੜ ਵਿੱਚ ਹੀ ਭੱਜੇ ਫਿਰਦੇ ਹਾਂ। ਭੁਲੇਖਾ ਜਿਹਾ ਮਨ ਵਿੱਚ ਪਾਲ ਲੈਂਦੇ ਹਾਂ ਕਿ ਵੱਡਾ ਹੋ ਕੇ ਬੱਚਾ ਆਪਣੇ ਆਪ ਸਮਝ ਜਾਵੇਗਾ। ਵੱਡੀ ਭੁੱਲ ਸਾਡੀ ਅਜਿਹੀ ਸੋਚ ਹੀ ਹੁੰਦੀ ਹੈ। ਪਿਛਲੇ ਦਿਨੀਂ ਮੈਂ ਦਸਮ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੇ ਸਾਲਾਨਾ ਸ਼ਹੀਦੀ ਜੋੜ ਮੇਲ ’ਤੇ ਫ਼ਤਹਿਗੜ੍ਹ ਸਾਹਿਬ ਗਿਆ। ਮੇਰੇ ਅੱਗੇ ਇੱਕ ਬਜ਼ੁਰਗ ਪੈਦਲ ਹੀ ਜਾ ਰਿਹਾ ਸੀ। ਮੇਰੇ ਅੰਦਰ ਉਸਦੀ ਜ਼ਿੰਦਗੀ ਦੇ ਹੰਢਾਏ ਅਨੁਭਵ ਜਾਣ ਲੈਣ ਦੀ ਉਤਸੁਕਤਾ ਸੀ। ਇਕੱਠੇ ਤੁਰਦਿਆਂ ਉਸ ਨਾਲ ਗੱਲਾਂ ਸਾਂਝੀਆਂ ਹੋਈਆਂ। ਮੇਰੀ ਬਾਂਹ ਫੜ ਕੇ ਉਸਨੇ ਮੈਂਨੂੰ ਸਵਾਲ ਕੀਤਾ, “ਨਿੱਕੀਆ ਉਮਰਾਂ ਦੇ ਬਾਵਜੂਦ ਵੱਡੇ ਸਾਕੇ ਕਰਨ ਪਿੱਛੇ ਕੀ ਸੀ?”
ਥੋੜ੍ਹਾ ਸੋਚਣ ਪਿੱਛੋਂ ਮੈਂ ਕਿਹਾ ਕਿ ਛੋਟੀ ਉਮਰੇ ਮਿਲੀ ਪ੍ਰੇਰਨਾਦਾਇਕ ਸਿੱਖਿਆ ਅਜਿਹੀ ਤਾਕਤ ਹੈ, ਜੋ ਜੀਵਨ ਹੀ ਬਦਲ ਦਿੰਦੀ ਹੈ।
ਹੁਣ ਸਮਾਂ ਬਦਲ ਗਿਆ ਹੈ। ਆਧੁਨਿਕ ਸਹੂਲਤਾਂ ਨੇ ਜ਼ਿੰਦਗੀ ਵਿੱਚ ਸੁਖ, ਆਰਾਮ ਤੇ ਮਨੋਰੰਜਨ ਭਰ ਦਿੱਤਾ ਹੈ। ਨਿੱਕੇ ਨਿੱਕੇ ਮਾਸੂਮ ਬਾਲਾਂ ਨੂੰ ਜਦ ਮੋਬਾਇਲ ਫ਼ੋਨਾਂ ਵਿੱਚ ਖੁੱਭੇ ਹੋਏ ਦੇਖਦਾ ਹਾਂ ਤਾਂ ਸੋਚਾਂ ਮਨ ਵਿੱਚ ਉੱਠਦੀਆਂ ਹਨ ਕਿ ਅਜੋਕੇ ਬਚਪਨ ਦੀ ਨੀਂਹ ਵਿੱਚ ਕਿਹੋ ਜਿਹੀਆਂ ਇੱਟਾਂ ਚਿਣੀਆਂ ਜਾ ਰਹੀਆਂ ਹਨ? ਹਰ ਪਲ ਸਕਰੀਨ ਨਾਲ ਚਿਪਕੀਆਂ ਅੱਖਾਂ ਵਿੱਚ ਕਿਧਰੇ ਹਨੇਰੇ ਤਾਂ ਜਮ੍ਹਾਂ ਨਹੀਂ ਹੋ ਰਹੇ? ਇਸ ਬਾਰੇ ਫ਼ਿਕਰਮੰਦ ਹੁੰਦਿਆਂ ਮੈਂ ਇੱਕ ਦਿਨ ਆਪਣੀ ਸਵਾ ਕੁ ਤਿੰਨ ਸਾਲ ਦੀ ਪੋਤੀ ਤੋਂ ‘ਫ਼ੋਨ’ ਖੋਹ ਲਿਆ। ਫ਼ੋਨ ਦੀ ਸਕਰੀਨ ਵਿੱਚ ਉਲਝੇ ਤੇ ਗੁਆਚੇ ਉਸਦੇ ਬਚਪਨ ਨੇ ਮੇਰੇ ਫ਼ਿਕਰ ਬਹੁਤ ਲੰਮੇ ਕਰ ਦਿੱਤੇ ਸਨ।
“ਆ, ਖੇਡੀਏ।” ਕੁਝ ਖਿਡੌਣੇ ਮੈਂ ਆਪਣੇ ਹੱਥ ਵਿੱਚ ਲਏ, ਕੁਝ ਆਪਣੀ ਪੋਤੀ ਨੂੰ ਦਿੱਤੇ ਤੇ ਦੇਰ ਤਕ ਉਹ ਮੇਰੇ ਨਾਲ ਖੇਡਦੀ ਹੱਸਦੀ ਰਹੀ। ਮੇਰਾ ਯਕੀਨ ਸੀ ਕਿ ਕੱਚੀ ਮਿੱਟੀ ਜਿਹੇ ਬਚਪਨ ਨੂੰ ਕੋਈ ਵੀ ਰੂਪ ਦਿੱਤਾ ਜਾ ਸਕਦਾ ਹੈ। ਮੈਂ ਆਪਣੀ ਨੂੰਹ ਨੂੰ ਕਿਹਾ, “ਨੀਹਾਂ ਭਾਵੇਂ ਮਕਾਨਾਂ ਦੀਆਂ ਹੋਣ ਜਾਂ ਬਚਪਨ ਦੀਆਂ, ਮਜ਼ਬੂਤ ਹੋਣੀਆਂ ਚਾਹੀਦੀਆਂ ਹਨ।” ਮੈਂ ਪਾਪਾ ਜੀ ਦੇ ਵਰ੍ਹਿਆਂ ਪਹਿਲੋਂ ਬੋਲੇ ਬੋਲਾਂ ਨੂੰ ਹੀ ਦੁਹਰਾਇਆ। ਮੇਰੀ ਗੱਲ ਨੂੰ ਭਰੇ ਹੁੰਗਾਰੇ ਤੋਂ ਮਿਲੀ ਤਸੱਲੀ ਨੂੰ ਮਨ ਵਿੱਚ ਲੈ ਕੇ ਮੈਂ ਸੈਰ ਕਰਨ ਚਲਾ ਗਿਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3403)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)