“ਮੈਂ ਜਦੋਂ ਆਪਣੇ ਆਸੇ ਪਾਸੇ ਝਾਤੀ ਮਾਰਦਾ ਹਾਂ ਜਾਂ ਅੰਬਰੀਂ ਉਡਾਰੀਆਂ ਭਰਦੇ ਪੰਛੀਆਂ ਨੂੰ ਦੇਖਦਾ ਹਾਂ ਤਾਂ ...”
(31 ਮਈ 2021)
ਇਸ ਸਮੇਂ ਪਾਠਕ: 471.
“ਸੈਰ ਸਰੀਰ ਦੀ ਤੰਦਰੁਸਤੀ ਲਈ ਬੜੀ ਜ਼ਰੂਰੀ ਹੈ। ਠੰਢੀ ਠੰਢੀ ਪੌਣ ਵਗਦੀ ਹੋਵੇ ਤਾਂ ਮਨ ਦਾ ਸਕੂਨ ਹੋਰ ਵੀ ਦੂਣ ਸਵਾਇਆ ਹੋ ਜਾਂਦਾ ਹੈ। ਗਰਮੀ ਹੋਵੇ ਜਾਂ ਸਰਦੀ, ਹਰ ਰੁੱਤ ਦੀ ਹੀ ਅਨੂਠੀ ਮੌਜ ਹੁੰਦੀ ਹੈ। ਕੱਲ੍ਹ ਮੀਂਹ ਪਿਆ ਸੀ। ਬੂੰਦਾ ਬਾਂਦੀ ਅੱਜ ਵੀ ਹੋਈ। ਮੌਸਮ ਵਿਭਾਗ ਅਨੁਸਾਰ ਦੋ ਤਿੰਨ ਦਿਨ ਹੋਰ ਬੱਦਲਵਾਈ ਬਣੇ ਰਹਿਣ ਦੀ ਸੰਭਾਵਨਾ ਹੈ … .।” ਮੇਰੇ ਨਾਲ ਸੈਰ ਕਰ ਰਹੇ ਮੇਰੇ ਗੁਆਂਢੀ ਨੇ ਕਿਹਾ। ਮਈ ਮਹੀਨੇ ਵਿੱਚ ਨਵੰਬਰ ਫਰਵਰੀ ਮਹੀਨੇ ਜਿਹੀ ਠੰਢਕ ਦਾ ਅਹਿਸਾਸ ਹੋਣਾ ਆਪਣੇ ਆਪ ਵਿੱਚ ਕੁਦਰਤ ਦਾ ਹੈਰਾਨੀਜਨਕ ਵਰਤਾਰਾ ਤੇ ਗੁੱਸੇ ਭਰਿਆ ਪ੍ਰਤੀਕਰਮ ਸੀ।
“ਕਿੰਨਾ ਸੁਹਾਵਣਾ ਮੌਸਮ ਹੈ! ਇਸ ਮਹੀਨੇ ਤਾਂ ਧੁੱਪ ਸਹਿਣੀ ਵੀ ਔਖੀ ਹੁੰਦੀ ਸੀ।” ਉਸ ਦੀ ਇਸ ਗੱਲ ਦਾ ਮੈਂ ਹੁੰਗਾਰਾ ਭਰਿਆ, ਪਰ ਮੇਰੇ ਅੰਦਰ ਬਦਲ ਰਹੇ ਮੌਸਮ ਬਾਰੇ ਕਈ ਤਰ੍ਹਾਂ ਦੇ ਡਰ ਅਤੇ ਫ਼ਿਕਰ ਉੱਠ ਰਹੇ ਸਨ। ਮੈਨੂੰ ਇਸਦੀ ਕੁੱਖ ਵਿੱਚ ਆਉਣ ਵਾਲੇ ਕੁਝ ਵਰ੍ਹਿਆਂ ਅੰਦਰ ਸਮੁੱਚੇ ਜੀਵ ਜਗਤ ਲਈ ਕਿਸੇ ਭਾਰੀ ਤਬਾਹੀ ਤੇ ਕਈ ਮੁਸ਼ਕਿਲਾਂ ਦੇ ਪਨਪ ਰਹੇ ਭਰੂਣ ਦਿਖਾਈ ਦੇ ਰਹੇ ਸਨ। ਸੋਚਾਂ ਵਿੱਚ ਸਾਂ ਕਿ ਬਦਲਦੇ ਮੌਸਮੀ ਚੱਕਰ ਇੱਕ ਦਿਨ ਸਾਨੂੰ ਚੱਕਰਾਂ ਵਿੱਚ ਪਾ ਦੇਣਗੇ।
ਇੱਕ ਦਿਨ ਮੈਂ ਸਵਿਟਜ਼ਰਲੈਂਡ ਅਤੇ ਇਸਦੇ ਲੋਕਾਂ ਬਾਰੇ ਪੜ੍ਹ ਰਿਹਾ ਸੀ। ਫੁੱਲਾਂ, ਬੂਟਿਆਂ, ਪੌਦਿਆਂ, ਰੁੱਖਾਂ ਤੇ ਜੰਗਲਾਂ ਨੂੰ ਪਿਆਰ ਕਰਨ ਵਾਲੇ ਇੱਥੋਂ ਦੇ ਲੋਕ ‘ਕੁਦਰਤ ਪ੍ਰੇਮੀ’ ਹਨ। ਇਨ੍ਹਾਂ ਦੇ ਘਰਾਂ ਤੇ ਆਲੇ ਦੁਆਲੇ ਵਿੱਚ ਹੱਸਦੀ, ਮਹਿਕਦੀ ਹਰਿਆਵਲ ਬਹੁਤ ਮਨਮੋਹਕ ਹੁੰਦੀ ਹੈ ਜੋ ਮਨ ਨੂੰ ਹਰ ਵੇਲੇ ਸ਼ਾਂਤ ਰੱਖਦੀ ਹੈ। ਕੁਦਰਤ ਨੂੰ ਪਿਆਰ ਕਰਨਾ ਉਨ੍ਹਾਂ ਦੇ ਫ਼ਰਜ਼ਾਂ ਵਿੱਚੋਂ ਪ੍ਰਮੁੱਖ ਹੈ।
ਮੈਂ ਆਪਣੇ ਪਾਪਾ ਜੀ ਨੂੰ ਬਚਪਨ ਵਿੱਚ ਕਈ ਵਾਰ ਪੌਦਿਆਂ ਦੇ ਕੋਲ ਖੜ੍ਹੇ ਅਤੇ ਉਨ੍ਹਾਂ ਨਾਲ ਗੱਲਾਂ ਕਰਦੇ ਦੇਖਦਾ ਹੁੰਦਾ ਸਾਂ। ‘ਡੋਡੀ’ ਤੋਂ ‘ਫੁੱਲ’ ਬਣਨ ਦੀ ਕਹਾਣੀ ਮੈਂ ਉਨ੍ਹਾਂ ਤੋਂ ਕਈ ਵਾਰ ਸੁਣੀ ਸੀ ਜਿਸ ਕਰਕੇ ਮੇਰੇ ਅੰਦਰ ਵੀ ਜਿਵੇਂ ਕੁਦਰਤ ਨਾਲ ਕੋਈ ਪਰਿਵਾਰਕ ਸਾਂਝ ਜਿਹੀ ਬਣ ਗਈ ਸੀ। ‘ਬਲਿਹਾਰੀ ਕੁਦਰਤਿ ਵਸਿਆ॥’ ਮੇਰੇ ਮਨ ਵਿੱਚ ਇਹ ਗੁਰਵਾਕ ਪੂਰੀ ਤਰ੍ਹਾਂ ਵਸ ਗਿਆ ਸੀ।
“ਇਹ ਅਸ਼ੋਕਾ ਟਰੀ (ਰੁੱਖ) ਤੁਸੀਂ ਵਿਹੜੇ ਵਿੱਚ ਕਿਉਂ ਲਗਾਏ ਨੇ। ਇਨ੍ਹਾਂ ਨੇ ਤੁਹਾਨੂੰ ਕੀ ਦੇਣਾ ਹੈ? ਇਨ੍ਹਾਂ ਦੀਆਂ ਜੜ੍ਹਾਂ ਨੀਹਾਂ ਵਿੱਚ ਚਲੀਆਂ ਜਾਣਗੀਆਂ।” ਮੇਰੇ ਘਰ ਦੇ ਵਿਹੜੇ ਵਿੱਚ ਲੱਗੇ ਇਹ ਦਰਖ਼ਤ, ਜਿਨ੍ਹਾਂ ਉੱਤੇ ਪੰਛੀਆਂ ਨੇ ਹੁਣ ਆਲ੍ਹਣੇ ਵੀ ਪਾ ਲਏ ਸਨ, ਜਿਵੇਂ ਲੋਕਾਂ ਨੂੰ ਚੁੱਭਣ ਲੱਗੇ ਸਨ। ਪਤਝੜ ਦੀ ਰੁੱਤੇ ਇਨ੍ਹਾਂ ਤੋਂ ਡਿਗਦੇ ਪੱਤੇ ਉਨ੍ਹਾਂ ਨੂੰ ਗਲੀ ਵਿੱਚ ਗੰਦ ਪਾਉਂਦੇ ਜਾਪਦੇ ਸਨ। ਇੱਕ ਦਿਨ ਤਾਂ ਗੱਲ ਝਗੜਾ ਹੋਣ ਤਕ ਵੀ ਪੁੱਜ ਗਈ ਸੀ। ਭਾਵੇਂ ਮੈਂ ਆਪਣੇ ਸ਼ੌਕ ਨੂੰ ਪਾਲਦਾ ਰਿਹਾ, ਮਨ ਦੀ ਰੀਝ ਪੂਰੀ ਕਰਦਾ ਰਿਹਾ, ਪਰ ਅਫ਼ਸੋਸ ਵੀ ਰਿਹਾ ਕਿ ਪਤਾ ਨਹੀਂ ਹਰ ਪੱਖੋਂ ਇਹ ‘ਦਾਨੀ ਤੇ ਪਰਉਪਕਾਰੀ ਰੁੱਖ’ ਲੋਕਾਂ ਦੀਆਂ ਅੱਖਾਂ ਵਿੱਚ ਸਦਾ ਕਿਉਂ ਰੜਕਦੇ ਰਹਿੰਦੇ ਹਨ।
ਮੈਂ ਜਦੋਂ ਆਪਣੇ ਆਸੇ ਪਾਸੇ ਝਾਤੀ ਮਾਰਦਾ ਹਾਂ ਜਾਂ ਅੰਬਰੀਂ ਉਡਾਰੀਆਂ ਭਰਦੇ ਪੰਛੀਆਂ ਨੂੰ ਦੇਖਦਾ ਹਾਂ ਤਾਂ ਨਾ ਮੈਨੂੰ ਚਿੜੀਆਂ ਨਜ਼ਰ ਆਉਂਦੀਆਂ ਹਨ, ਨਾ ਗਿਰਝਾਂ। ਹਰ ਵੇਲੇ ਬਨੇਰਿਆ ਉੱਤੇ ਹੁੰਦੀ ਕਾਂ ਕਾਂ ਹੁਣ ਚੁੱਪ ਕਿਉਂ ਹੋ ਗਈ ਹੈ? ਬਹੁਤੇ ਪੰਖੇਰੂਆਂ ਦੇ ਆਲ੍ਹਣੇ ਕਿਹੜੀਆਂ ਹਵਾਵਾਂ ਉਡਾ ਕੇ ਲੈ ਗਈਆਂ? ਰੱਬ ਦੇ ਬਣਾਏ ਹੋਏ ‘ਓਜ਼ੋਨ’ ਦੇ ਘੇਰਿਆ ਵਿੱਚ ਕਿਉਂ ਵੱਡੇ ਵੱਡੇ ‘ਛੇਕ’ ਹੋ ਗਏ ਹਨ? ਸਵਾਲ ਅਣਗਿਣਤ ਹਨ। ਹਨੇਰੇ ਭਰੇ ਰਾਹਾਂ ’ਤੇ ਅਸੀਂ ਕਿੱਧਰ ਨੂੰ ਤੁਰਦੇ ਜਾ ਰਹੇ ਹਾਂ? ‘ਗਲੋਬਲ ਵਾਰਮਿੰਗ’ ਨੱਕ ਵਿੱਚ ਦਮ ਕਰ ਰਹੀ ਹੈ। ਜ਼ਿੰਦਗੀ ਵਿੱਚ ਹਰ ਵੇਲੇ ਦੌੜਦੇ ਭੱਜਦੇ ਹੋਏ ਕਦੀ ਕਦੀ ਕੁਝ ਰੁਕ ਕੇ ਸੋਚਣਾ ਵੀ ਚੰਗਾ ਹੁੰਦਾ ਹੈ। ਗੱਲ ਤਾਂ ਹੁਣ ਵਿਉਂਤਬੰਦੀ ਨਾਲ ਤੁਰਨ ਦੀ ਹੈ।
ਅਸੀਂ ਰੋਜ਼ ਹੀ ਸੈਰ ਕਰਦੇ ਸਾਂ। “ਖ਼ਬਰ ਪੜ੍ਹੀ ਹੈ ਕਿ ਇਸ ਵਾਰ ਅਥਾਹ ਗਰਮੀ ਪੈਣੀ ਹੈ। ਸਹਿਣੀ ਔਖੀ ਹੋ ਜਾਵੇਗੀ।”
“ਸਭ ਕੁਝ ਹੀ ਹੋਵੇਗਾ ਜੋ ਪੜ੍ਹ-ਸੁਣ ਰਹੇ ਹਾਂ। ਚੰਗਾ ਹੈ ਹੁਣੇ ਸੁਚੇਤ ਹੋ ਜਾਈਏ।” ਮੈਂ ਕਿਹਾ। ਅਸੀਂ ਇਹ ਗੱਲਾਂ ਕਰ ਹੀ ਰਹੇ ਸਾਂ ਕਿ ਠੰਢੀ ਹਵਾ ਦਾ ਬੁੱਲ੍ਹਾ ਆਇਆ। ਨਾਲ ਹੀ ਕਿਣਮਿਣ ਸ਼ੁਰੂ ਹੋ ਗਈ। “ਲਗਦੈ ਮੌਸਮ ਵਿਭਾਗ ਦੀ ਭਵਿੱਖਵਾਣੀ ਸਹੀ ਹੈ …” ਮੇਰੇ ਸਾਥੀ ਨੇ ਕਿਹਾ।
“ਸਹੀ ਤਾਂ ਹੋਰ ਵੀ ਕੀਤੀਆਂ ਭਵਿੱਖਵਾਣੀਆਂ ਹੋਣਗੀਆਂ। ਗਲੇਸ਼ੀਅਰ ਪਿਘਲ ਜਾਣਗੇ। ਸਾਗਰਾਂ ਦਾ ਪਾਣੀ ਪੱਧਰ ਹੋਰ ਉੱਚਾ ਹੋ ਜਾਵੇਗਾ। ਨੇੜੇ ਤੇੜੇ ਦੇ ਕਈ ਇਲਾਕੇ ਪਾਣੀ ਵਿੱਚ ਡੁੱਬ ਜਾਣਗੇ। ਬੇਹੱਦ ਬੇਮੌਸਮੇ ਮੀਂਹ ਵਰ੍ਹਣਗੇ। ਹੜ੍ਹ ਸਭ ਕੁਝ ਆਪਣੇ ਨਾਲ ਵਹਾ ਕੇ ਲੈ ਜਾਣਗੇ। ਧਰਤੀ ਦਿਨੋ ਦਿਨ ਵਧ ਰਹੀ ਤਪਸ਼ ਕਾਰਨ ਰਹਿਣ ਯੋਗ ਸਥਾਨ ਨਹੀਂ ਰਹੇਗੀ। ਹੱਥਾਂ ਨਾਲ ਦਿੱਤੀਆਂ ਗੰਢਾਂ ਉਦੋਂ ਸ਼ਾਇਦ ਦੰਦਾਂ ਨਾਲ ਵੀ ਨਾ ਖੁੱਲ੍ਹਣ … .।”
ਮੇਰੀਆਂ ਗੱਲਾਂ ਸੁਣ ਕੇ ਮੇਰੇ ਮਿੱਤਰ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਉੱਭਰਨ ਲੱਗੀਆਂ। “ਆਉਣ ਵਾਲੀ ਸਾਡੀ ਅਗਲੀ ਪੀੜ੍ਹੀ ਦਾ ਕੀ ਬਣੇਗਾ?” ਆਪਣੇ ਅੰਦਰਲੇ ਫ਼ਿਕਰ ਨੂੰ ਉਸ ਨੇ ਆਪਣੇ ਬੋਲਾਂ ਵਿੱਚ ਭਰਦੇ ਕਿਹਾ।
ਹੁਣ ਉਸ ਨੇ ਗਰਮੀ ਵਿੱਚ ਠੰਢੇ ਠਾਰ ਹੋਏ ਮੌਸਮ ਨੂੰ ਸੁਹਾਵਣਾ ਨਹੀਂ ਸੀ ਕਿਹਾ। “ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਕੀ ਕਰਨਾ ਚਾਹੀਦਾ ਹੈ?” ਉਸ ਨੇ ਕਿਹਾ।
“ਕੁਦਰਤ ਦੀ ਕਦਰ ਕਰੀਏ। ਰੁੱਖ ਲਾਈਏ, ਨਾ ਕਿ ਮੁਕਾਈਏ।”
“ਚਲੋ, ਮੈਂ ਵੀ ਲਾਵਾਂਗਾ। ਘਰ ਦੇ ਪਿੱਛੇ ਖੁੱਲ੍ਹੀ ਜਗ੍ਹਾ ਹੈ। ਹੋਰਨਾਂ ਨੂੰ ਵੀ ਕਹਾਂਗਾ … .।”
ਆਪੋ ਆਪਣੇ ਘਰੀਂ ਪਰਤਦੇ ਹੋਏ ਅਸੀਂ ਬੇਮੌਸਮੇ ਮੀਂਹ ਨਾਲ ਪੂਰੀ ਤਰ੍ਹਾਂ ਭਿੱਜ ਗਏ ਸਾਂ ਤੇ ਸਾਡੇ ਹੱਥਾਂ ਪੈਰਾਂ ਵਿੱਚ ਕੰਬਣੀ ਸੀ ਜਿਸ ਵਿੱਚ ਕਿੰਨਾ ਵੱਡਾ ਸਬਕ ਸਾਡੇ ਸਾਰਿਆਂ ਲਈ ਲੁਕਿਆ ਹੋਇਆ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4002)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)