DarshanSingh7ਅੰਕਲ ਜੀਕਦੋਂ ਤਕ ਇਉਂ ਹੀ ਉਦਾਸ ਰਹੋਗੇਜਾਣਦੀ ਹਾਂ ਕਿ ਤੁਰ ਗਏ ਜੀਆਂ ਬਿਨਾਂ ...
(18 ਮਾਰਚ 2022)
ਮਹਿਮਾਨ: 548.


ਜ਼ਿੰਦਗੀ ਦੁੱਖ-ਸੁਖ ਦਾ ਸੁਮੇਲ ਹੈ
ਇੱਕ ਦੂਜੇ ਦੇ ਦੁੱਖ ਵਿੱਚ ਪ੍ਰਗਟਾਈਆਂ ਹਮਦਰਦੀਆਂ ਦੇ ਪਲ ਉਮਰ ਭਰ ਲਈ ਕਈ ਵੱਡੀਆਂ ਸਾਂਝਾਂ ਪੈਦਾ ਕਰ ਦਿੰਦੇ ਹਨਮਨੁੱਖ ਸਮਾਜਿਕ ਪ੍ਰਾਣੀ ਹੈ ਅਤੇ ਜ਼ਿੰਦਗੀ ਦੀ ਸੁਖਾਵੀਂ ਤੋਰ ਲਈ ਇੱਕ ਦੂਜੇ ਦੇ ਆਸਰਿਆਂ ਤੇ ਸਹਾਰਿਆਂ ਦੀ ਲੋੜ ਕਦੀ ਨਾ ਕਦੀ ਪੈਂਦੀ ਹੀ ਹੈਭਾਵੇਂ ਹੁਣ ਦੇ ਪਦਾਰਥਵਾਦੀ ਯੁੱਗ ਵਿੱਚ ਮਨੁੱਖੀ ਸੁਭਾਅ ਵਿੱਚ ਕਈ ਬਦਲਾਅ ਆਏ ਹਨ, ਮਨਾਂ ਵਿੱਚ ਇੱਕ ਦੂਜੇ ਲਈ ਦੂਰੀਆਂ, ਫਾਸਲੇ ਤੇ ਡੂੰਘੇ ਹੇਨ੍ਹੇਰੇ ਹਨ ਪਰ ਸਾਂਝਾਂ ਤੇ ਹਮਦਰਦੀਆਂ ਦੇ ਚਾਨਣ ਵੀ ਹਨ

ਪਤਾ ਹੀ ਨਹੀਂ ਲੱਗਦਾ ਕਦੋਂ ਇਹ ਚਾਨਣ ਦੀਆਂ ਲਕੀਰਾਂ ਜ਼ਿੰਦਗੀ ਵਿੱਚ ਦਾਖ਼ਲ ਹੋ ਕੇ ਇਸ ਨੂੰ ਸੁਖਾਵੇਂ ਮੋੜ ਦੇ ਦਿੰਦੀਆਂ ਹਨਯਾਦ ਕਰਦਾ ਹਾਂ ਉਹ ਪਲ ਜਦੋਂ ਮੇਰੀ ਪਤਨੀ ਦੀ ਤਬੀਅਤ ਵਿੱਚ ਕੁਝ ਵਿਗਾੜ ਆਉਣ ਲੱਗੇ ਸਨ“ਕੀ ਗੱਲ ਅੰਟੀ ਜੀ, ਧੁੱਪੇ ਬੈਠੇ ਓਂ?ਗਲੀ ਗੁਆਂਢ ਦੇ ਕਈ ਘਰਾਂ ਵਿੱਚ ਕੰਮ ਕਰਦੀ ਵੀਹ ਕੁ ਸਾਲ ਦੀ ਕੁੜੀ ਨੇ ਮੇਰੀ ਪਤਨੀ ਕੋਲੋਂ ਲੰਘਦਿਆਂ ਪੁੱਛਿਆ।

“ਸਿਹਤ ਠੀਕ ਨਹੀਂ ਹੈ।” ਸੰਖੇਪ ਜਿਹਾ ਉੱਤਰ ਮੇਰੀ ਪਤਨੀ ਦਾ ਸੀਵੈਸੇ ਵੀ ਇਹ ਕੁੜੀ ਆਉਂਦੇ ਜਾਂਦੇ ਕੋਈ ਨਾ ਕੋਈ ਗੱਲ ਛੋਹ ਹੀ ਲੈਂਦੀਇਸੇ ਕੁੜੀ ਨੂੰ ਘਰ ਕੰਮ ਕਰਨ ਲਈ ਮੇਰੀ ਪਤਨੀ ਨੇ ਕਈ ਵਾਰ ਕਿਹਾ ਸੀ, ਪਰ ਉਹ ਹਮੇਸ਼ਾ ਇਹੋ ਆਖਦੀ, “ਕੋਸ਼ਿਸ਼ ਕਰਾਂਗੀ ਅੰਟੀ ਜੀ, ਕੰਮ ਦਾ ਬੋਝ ਪਹਿਲੋਂ ਹੀ ਬਹੁਤ ਹੈ।”

ਪਤਾ ਨਹੀਂ ਕਿਹੜੀ ਦਿਆਲਤਾ ਤੇ ਤਰਸ ਨੇ ਉਸ ਦੀਆਂ ਸੋਚਾਂ ਨੂੰ ਮੋੜ ਦਿੱਤਾ“ਦੱਸੋ ਅੰਟੀ ਜੀ, ਕੀ ਕੰਮ ਕਰਨਾ ਹੈ?” ਇੱਕ ਦਿਨ ਉਸ ਕੁੜੀ ਨੇ ਆ ਕੇ ਕਿਹਾ ਉਸ ਦਿਨ ਤੋਂ ਹੀ ਉਹ ਸਾਡੇ ਘਰ ਵਿੱਚ ਝਾੜੂ ਪੋਚਾ ਕਰਨ ਲੱਗ ਪਈ

ਅਜੇ ਦੋ ਕੁ ਮਹੀਨੇ ਹੀ ਉਸ ਕੁੜੀ ਨੇ ਸਾਡੇ ਘਰ ਕੰਮ ਕੀਤਾ ਸੀ ਕਿ ਮੇਰੀ ਪਤਨੀ ਗੁਜ਼ਰ ਗਈਮੈਂ ਇਕੱਲਾ ਹੋ ਗਿਆਬੱਚੇ ਦੂਰ ਦੁਰਾਡੇ ਆਪੋ ਆਪਣੀਆਂ ਨੌਕਰੀਆਂ ’ਤੇ ਸਨਮੇਰੇ ਕੋਲ ਉਨ੍ਹਾਂ ਦਾ ਰਹਿਣਾ ਸੰਭਵ ਨਹੀਂ ਸੀਜ਼ਖ਼ਮ ਹਾਲੀ ਸੱਜਰਾ ਹੋਣ ਕਰਕੇ ਰਿਸਦਾ ਵਧੇਰੇ ਸੀਸੋਚਿਆ ਕਿ ਬੱਚਿਆਂ ਕੋਲ ਚਲੇ ਜਾਵਾਂ, ਇਕੱਲ ਦਾ ਸੰਤਾਪ ਕਦੋਂ ਤਕ ਹੰਢਾਵਾਂਗਾ? ਕਦੋਂ ਤਕ ਖਾਲੀ ਹੋਏ ਘਰ ਦੀਆਂ ਛੱਤਾਂ ਵੱਲ ਦੇਖਦਾ ਰਹਾਂਗਾ? ਮਨ ਇੱਕ ਪਲ ਇਹ ਫ਼ੈਸਲਾ ਕਰਦਾ, ਪਰ ਦੂਜੇ ਪਲ ਹੀ ਕੋਈ ਹੋਰ ਸੋਚ ਇੱਥੋਂ ਜਾਣ ਦੇ ਮਨ ਦੇ ਫ਼ੈਸਲੇ ਨੂੰ ਮਹੀਨੇ ਦੋ ਮਹੀਨੇ ਲਈ ਟਾਲ਼ ਦਿੰਦੀ

ਕੰਮ ਲਈ ਆਉਂਦੇ ਆਉਂਦੇ ਕੁੜੀ ਨੂੰ ਦੁਪਹਿਰ ਹੋ ਜਾਂਦੀ“ਅੰਕਲ! …” ਉਦਾਸ ਬੈਠੇ ਦੇਖਦਿਆਂ ਮੈਨੂੰ ਆਖਦੀ, “ਰੋਟੀ ਬਣਾ ਦਿਆਂ, ਅੰਕਲ?” ਮੇਰੀ ਪਤਨੀ ਦੇ ਗੁਜ਼ਰ ਜਾਣ ਪਿੱਛੋਂ ਇਹ ਹਮਦਰਦੀ ਭਰੇ ਬੋਲ ਇਸ ਗਰੀਬ ਕੁੜੀ ਦੇ ਮੂੰਹੋਂ ਹੀ ਮੈਂ ਸੁਣੇ

ਉਸਦੇ ਸੁਭਾਅ ਤੋਂ ਮੈਂ ਹੁਣ ਚੰਗੀ ਤਰ੍ਹਾਂ ਵਾਕਿਫ਼ ਹੋ ਗਿਆ ਸੀਕਾਫੀ ਹੱਦ ਤਕ ਉਹ ਵੀ ਮੈਨੂੰ ਸਮਝ ਚੁੱਕੀ ਸੀਮੀਂਹ ਕਣੀ ਜਾਂ ਬੇਤਹਾਸ਼ਾ ਗਰਮੀ ਹੁੰਦੀ ਤਾਂ ਖੁੱਲ੍ਹੇ ਵਿਹੜੇ ਵਿੱਚ ਕੰਮ ਕਰਨ ਤੋਂ ਮੈਂ ਰੋਕ ਦਿੰਦਾ“ਕੰਮ ਤਾਂ ਅੰਕਲ ਜੀ, ਕਰਨਾ ਹੀ ਹੈਮੀਂਹ ਧੁੱਪ ਦਾ ਕੀ ਐ? ਹੋਰ ਘਰਾਂ ਵਿੱਚ ਵੀ ਤਾਂ ਕਰਦੀ ਹਾਂ, ਇੱਥੇ ਕਿਉਂ ਨਾ ਕਰਾਂ?” ਚਿਹਰੇ ਤੇ ਮੁਸਕਾਣ ਭਰਦਿਆਂ ਉਹ ਝਾੜੂ ਪੋਚਾ ਕਰਦੀ ਰਹਿੰਦੀਵਿਹੜੇ ਵਿੱਚ ਬੈਠਾ ਮੈਂ ਅਖ਼ਬਾਰ ਪੜ੍ਹਨ ਲੱਗਦਾਇੱਕ ਦਿਨ ਡੂੰਘੀ ਉਦਾਸੀ ਵਿੱਚ ਮੈਨੂੰ ਅੱਖਾਂ ਭਰੀ ਬੈਠੇ ਨੂੰ ਉਸ ਨੇ ਦੇਖਿਆਝਾੜੂ ਪੋਚਾ ਵਿੱਚੇ ਛੱਡ ਕੇ ਉਹ ਮੇਰੇ ਕੋਲ ਖੜੋ ਗਈ“ਅੰਕਲ ਜੀ, ਕਦੋਂ ਤਕ ਇਉਂ ਹੀ ਉਦਾਸ ਰਹੋਗੇ? ਜਾਣਦੀ ਹਾਂ ਕਿ ਤੁਰ ਗਏ ਜੀਆਂ ਬਿਨਾਂ ਕੰਧਾਂ ਖਾਣ ਨੂੰ ਆਉਂਦੀਆਂ, ਪਰ ਫੇਰ ਵੀ … ਜ਼ਿੰਦਗੀ ਨੂੰ ਤਾਂ ਅੱਗੇ ਤੋਰਨਾ ਹੀ ਪੈਂਦਾ ਹੈ।”

ਸਿਰ ਚੁੱਕ ਕੇ ਮੈਂ ਉਸ ਵੱਲ ਦੇਖਿਆਉਸ ਦੇ ਚਿਹਰੇ ਨੂੰ ਪਹਿਲੀ ਵਾਰ ਮੈਂ ਐਨਾ ਨੇੜਿਉਂ ਤੱਕਿਆ ਸੀ

“ਪੋਤਾ ਹੈ, ਪੋਤੀ ਹੈ ਤੇ ਪੁੱਤ ਨੇ … ਅੰਟੀ ਦਾ ਰੂਪ ਇਨ੍ਹਾਂ ਵਿੱਚ ਹੀ ਹੁਣ ਦੇਖੋ।” ਸਿਆਣੀਆਂ ਤੇ ਗਹਿਰੀਆਂ ਸੋਚਾਂ ਵਿੱਚੋਂ ਆਈ ਉਸ ਦੀ ਇਸ ਗੱਲ ਦੇ ਗਹਿਰੇ ਅਰਥ ਸਨ

ਕੀ ਖਾਣਾ ਬੱਚੇ?” ਕੰਮ ਕਰਦੀ ਨੂੰ ਮੈਂ ਕਦੀ ਕਦੀ ਪੁੱਛਦਾਹਰ ਵਾਰ ਹੀ ਉਹ ਨਾਂਹ ਕਰਦੀ, ਪਰ ਮੈਂ ਫੇਰ ਵੀ ਕੋਈ ਨਾ ਕੋਈ ਫ਼ਲ ਉਸ ਨੂੰ ਦੇ ਦਿੰਦਾਇੱਧਰ ਉੱਧਰ ਬੇਤਰਤੀਬੀਆਂ ਪਈਆਂ ਮੇਰੀਆਂ ਕਿਤਾਬਾਂ ਅਖਬਾਰਾਂ ਨੂੰ ਉਹ ਥਾਂ ਸਿਰ ਰੱਖ ਦਿੰਦੀਸਰਦੀ ਦਾ ਮੌਸਮ ਸੀਰਜ਼ਾਈ ਵਿੱਚ ਬੈਠੇ ਨੂੰ ਵੀ ਮੈਨੂੰ ਠੰਢ ਲੱਗ ਰਹੀ ਸੀਪਤਲਾ ਜਿਹਾ ਊਨੀ ਸਵੈਟਰ ਪਾਈ ਉਹ ਆਈ ਤੇ ਆਉਂਦਿਆਂ ਹੀ ਸਾਫ਼ ਸਫ਼ਾਈ ਵਿੱਚ ਰੁੱਝ ਗਈਜਾਣ ਲੱਗੀ ਤਾਂ ਇੱਕ ਹਜ਼ਾਰ ਰੁਪਏ ਉਸ ਨੂੰ ਦਿੰਦੇ ਮੈਂ ਕਿਹਾ, “ਨਵੀਂ ਕੋਟੀ ਲੈ ਲਈਂ, ਬੱਚੇਠੰਢ ਬੜੀ ਐ।” ਝਿਜਕ ਭਰੀ ਨਾਂਹ ਉਸ ਨੇ ਕੀਤੀ, ਪਰ ਅਖ਼ੀਰ ਪੈਸੇ ਫੜਦਿਆਂ ਕਿਹਾ, “ਜਾ ਰਹੀ ਹਾਂ, ਅੰਕਲ।” ਉਸ ਦੀਆਂ ਅੱਖਾਂ ਵਿੱਚ ਆਈ ਚਮਕ ਤੋਂ ਹੀ ਉਸ ਨੂੰ ਮਿਲੀ ਖੁਸ਼ੀ ਦਾ ਅੰਦਾਜ਼ਾ ਮੈਨੂੰ ਸਹਿਜੇ ਹੀ ਹੋ ਗਿਆ ਸੀ

ਸ਼ਾਇਦ ਹੁਣ ਮੈਂ ਬੱਚਿਆਂ ਕੋਲ ਚਲੇ ਜਾਵਾਂ।” ਇਕ ਦਿਨ ਮੈਂ ਉਸ ਨੂੰ ਕਿਹਾਉਦਾਸ ਅਤੇ ਖ਼ਾਮੋਸ਼ ਜਿਹੀ ਉਹ ਉੱਥੇ ਦੀ ਉੱਥੇ ਖੜ੍ਹ ਗਈਕੁਝ ਨਾ ਬੋਲੀ ਮੂੰਹੋਂਚੁੱਪਚਾਪ ਹੀ ਉਹ ਕੰਮ ਕਰਦੀ ਰਹੀਪੰਦਰਾਂ ਵੀਹ ਮਿੰਟ ਇਸੇ ਚੁੱਪ ਵਿੱਚ ਲੰਘ ਗਏ ਸਨਸੋਚਾਂ ਵਿੱਚੋਂ ਬਾਹਰ ਆਉਂਦੇ ਉਹ ਬੋਲੀ, “ਚਲੇ ਜਾਉ, ਪਰ ਛੇਤੀ ਮੁੜ ਆਇਉ।”

ਮਾਵਾਂ ਧੀਆਂ ਇੱਕ ਦਿਨ ਦੋਵੇਂ ਘਰ ਆਈਆਂਸੂਹਾ ਲਾਲ ਸੂਟ ਮੈਨੂੰ ਦਿਖਾਉਂਦਿਆਂ ਉਸ ਦੀ ਮਾਂ ਨੇ ਕਿਹਾ, “ਸਾਂਭ ਸਾਂਭ ਰੱਖਦੀ ਸੀ ਹਜ਼ਾਰ ਰੁਪਏ, ਜੋ ਤੁਸੀਂ ਦਿੱਤੇ ਸਨਇਨ੍ਹਾਂ ਪੈਸਿਆਂ ਦਾ ਇਹ ਸੂਟ ਅੱਜ ਲਿਆ ਹੈਆਖਦੀ ਸੀ ਆਪਣੇ ਵਿਆਹ ’ਤੇ ਪਾਵਾਂਗੀ।” ਮਾਂ ਦੀ ਗੱਲ ਸੁਣਦਿਆਂ ਉਸ ਨੇ ਨੀਵੀਂ ਪਾ ਲਈਰਸੋਈ, ਕਮਰੇ, ਵਿਹੜੇ ਅਤੇ ਹੋਰ ਸਾਫ਼ ਸਫ਼ਾਈ ਕਰਨ ਪਿੱਛੋਂ ਮੇਰੇ ਕੋਲ ਆਉਂਦਿਆਂ ਉਸ ਨੇ ਪੁੱਛਿਆ, “ਮੇਰੇ ਵਿਆਹ ’ਤੇ ਆਉਗੇ, ਅੰਕਲ?” ਉਸਦੇ ਬੋਲਾਂ ਵਿੱਚ ਵੀ ਸਵਾਲ ਸੀ ਤੇ ਮੇਰੇ ਵੱਲ ਤੱਕਦੀਆਂ ਭਰੀਆਂ ਅੱਖਾਂ ਵਿੱਚ ਜਵਾਬ ਦੀ ਉਡੀਕ ਵੀਉਸ ਦੇ ਮਨ ਵਿੱਚ ਮੇਰੇ ਪ੍ਰਤੀ ਮੈਨੂੰ ਸੁੱਚੇ ਮੋਹ ਤੇ ਮਹਿਕ ਭਰਿਆ ਚਾਨਣ ਦਿਖਾਈ ਦਿੱਤਾ ਤੇ ਇਸ ਚਾਨਣ ਵਿੱਚ ਕਿਸੇ ਪਵਿੱਤਰ ਰਿਸ਼ਤੇ ਦਾ ਅਕਸ …

ਬਿਨਾਂ ਦੇਰੀ ਕਰਦਿਆਂ ਆਪਣਾ ਹੱਥ ਉਸ ਦੇ ਸਿਰ ’ਤੇ ਧਰਦਿਆਂ ਜਿਵੇਂ ਅਗਾਊਂ ਹੀ ਮੈਂ ਪਿਉ ਜਿਹੀ ਅਸੀਸ ਉਸ ਨੂੰ ਦੇ ਦਿੱਤੀਧੀ ਨੂੰ ਵਿਦਾ ਕਰਨ ਸਮੇਂ ਜਿਹੇ ਉਦਾਸੀ ਦੇ ਪ੍ਰਛਾਵੇਂ ਮੇਰੇ ਚਿਹਰੇ ’ਤੇ ਵੀ ਆਏਸੋਚਦਾ ਸਾਂ ਕਿ ਜ਼ਿੰਦਗੀ ਵਿੱਚ ਕੁਝ ਰਿਸ਼ਤੇ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦਾ ਕੋਈ ਨਾਂ ਨਹੀਂ, ਪਰ ਜ਼ਿੰਦਗੀ ਲਈ ਚਾਨਣ ਦੀ ਕਿਸੇ ਕਿਰਨ ਜਿਹੇ ਹੁੰਦੇ ਹਨ ਜਾਂ ਜੁਗਨੂੰਆਂ ਵਾਂਗ ਜ਼ਿੰਦਗੀ ਦੇ ਹਨੇਰਿਆਂ ਨੂੰ ਚਾਨਣ ਵੰਡਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3437)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਦਰਸ਼ਨ ਸਿੰਘ

ਦਰਸ਼ਨ ਸਿੰਘ

Shahabad Markanda, Kurukshetra, Haryana, India.
Email: (darshansingh5108@gmail.com)
Mobile: (91 - 94667 - 37933)

More articles from this author