DarshanSingh7ਮੋਬਾਈਲ ਦੀ ਘੰਟੀ ਕਦੀ ਕਿਸੇ ਪਾਸੇ ਅਤੇ ਕਦੀ ਕਿਸੇ ਪਾਸੇ ਖੜਕ ਪੈਂਦੀ ...
(3 ਜੂਨ 2018)

 

ਹੁਣ ਇਹ ਤਾਂ ਯਾਦ ਨਹੀਂ ਕਿ ਨਿੱਕੇ ਹੁੰਦੇ ਕਿਹੜੀ ਜਮਾਤ ਦੀ ਪੰਜਾਬੀ ਪੁਸਤਕ ਵਿਚ ‘ਥੋੜ੍ਹਾ ਬੋਲੋ’ ਸਿਰਲੇਖ ਹੇਠ ਕਵਿਤਾ ਪੜ੍ਹੀ ਸੀ, ਪਰ ਇਸ ਕਵਿਤਾ ਦਾ ਵਧੇਰੇ ਹਿੱਸਾ ਮੈਂਨੂੰ ਹੁਣ ਵੀ ਕੰਠ ਹੈ। ਕਵਿਤਾ ਦੇ ਮੁੱਖ ਸ਼ਬਦ ਸਨ -‘ਦੋ ਦੋ ਕੰਨ ਦੇ ਕੇ ਦਿੱਤੀ ਜੀਭ ਇੱਕੋ, ਬਹੁਤਾ ਸੁਣ ਕੇ ਥੋੜ੍ਹਾ ਸੁਣਾਈਂ ਬੀਬਾ ...।’ ਇਸ ਕਵਿਤਾ ਨੂੰ ਸਾਡੇ ਪੰਜਾਬੀ ਅਧਿਆਪਕ ਸੇਵਾ ਸਿੰਘ ਜੀ ਬੜੀ ਸੁਰੀਲੀ ਸੁਰ ਵਿੱਚ ਪੜ੍ਹਾਉਂਦੇ ਸਨ। ਪਿੱਛੇ ਪਿੱਛੇ ਅਸੀਂ ਬੋਲਦੇ ਸਾਂ ਜਮਾਤ ਵਿਚ ਬੈਠੇ ਰੌਲਾ-ਰੱਪਾ ਤਾਂ ਅਸੀਂ ਘੱਟ ਹੀ ਪਾਉਂਦੇ, ਪਰ ਜੇਕਰ ਅਜਿਹਾ ‘ਕਮਲਪੁਣਾ’ ਕਦੀ ਕਰ ਵੀ ਲੈਂਦੇ ਤਾਂ ਸਾਨੂੰ ਝੱਟ ਹੀ ਇਹ ਕਵਿਤਾ ਯਾਦ ਆ ਜਾਂਦੀ। ਬਿਨਾਂ ਕਿਸੇ ਦੇ ਕਹੇ ਅਸੀਂ ਚੁੱਪ ਕਰ ਜਾਂਦੇ ਅਤੇ ਆਪਣੇ ਮੂੰਹ ’ਤੇ ਉਂਗਲ ਰੱਖ ਕੇ ਹੋਰਾਂ ਨੂੰ ਚੁੱਪ ਰਹਿਣ ਦਾ ਸੰਕੇਤ ਦਿੰਦੇ। ਲੋੜ ਅਨੁਸਾਰ ਹੀ ਬੋਲਣ ਦੀ ਸਿੱਖਿਆ ਦਿੰਦੀ ਇਸ ਕਵਿਤਾ ਦਾ ਸਾਡੀ ਨਿੱਕੀ ਸਮਝ ਉੱਤੇ ਬੜਾ ਗਹਿਰਾ ਪ੍ਰਭਾਵ ਪਿਆ।

ਥੋੜ੍ਹਾ ਹੋਰ ਵੱਡੇ ਹੋਏ ਤਾਂ ‘ਇਕ ਚੁੱਪ ਸੌ ਸੁੱਖ’ ਅਖਾਣ ਦੀ ਸਚਾਈ ਹੋਰ ਵੀ ਚੰਗੀ ਤਰ੍ਹਾਂ ਸਮਝ ਆ ਗਈ। ਇਹੋ ਜਿਹੀਆਂ ਹੀ ਹੋਰ ਗੱਲਾਂ ਪੜ੍ਹਦਿਆਂ ਸੁਣਦਿਆਂ ਅਤੇ ਇਕ ਦੂਜੇ ਨੂੰ ਸਮਝਾਉਂਦਿਆਂ ਸਾਡੀ ਸਿਆਣਪ ਵੀ ਸਾਡੇ ਵਾਂਗ ਵੱਡੀ ਹੋ ਗਈ। ਇਹ ਗੱਲ ਵੀ ਅਸੀਂ ਚੰਗੀ ਤਰ੍ਹਾਂ ਸਮਝ ਗਏ ਕਿ ਸਾਡੇ ਪੁਰਖੇ ਅਨਪੜ੍ਹ ਜ਼ਰੂਰ ਸਨ, ਪਰ ਸਿਆਣੇ ਬਹੁਤ ਸਨ।

ਗੱਲਾਂ ਕਰਨ ਜਾਂ ਬੋਲਣ ਪੱਖੋਂ ਅੱਡ ਅੱਡ ਸੁਭਾਅ ਵਾਲੇ ਲੋਕ ਮਿਲ ਜਾਂਦੇ ਹਨ। ਨਾਪ ਤੋਲ ਕੇ ਗੱਲ ਕਰਨ ਵਾਲੇ ਅਤੇ ‘ਗਲਾਧੜੀ’ ਹੋਣ ਦਾ ਮਾਣ ਪ੍ਰਾਪਤ ਕਰਨ ਵਾਲੇ ਲੋਕ ਵੀ ਸਾਡੇ ਆਸ ਪਾਸ ਮੌਜੂਦ ਹਨ। ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਹਰ ਵੇਲੇ ਗੱਲਾਂ ਕਰਨ ਦਾ ਨਾ ਵੇਲਾ ਹੁੰਦਾ ਹੈ ਅਤੇ ਨਾ ਹੀ ਵਿਹਲ। ਸਮੇਂ ਦੀ ਨਜ਼ਾਕਤ ਦੇਖਕੇ ਹੀ ਗੱਲਾਂ ਕਰਨੀਆਂ ਫ਼ੱਬਦੀਆਂ ਹਨ। ਪਿੱਛੇ ਜਿਹੇ ਆਪਣੇ ਇਕ ਨਜ਼ਦੀਕੀ ਦੀ ਮੌਤ ਹੋ ਜਾਣ ਕਾਰਨ ਉਸ ਦੇ ਨਮਿਤ ਰੱਖੇ ਅਖੰਡ ਪਾਠ ਅਤੇ ਅੰਤਿਮ ਅਰਦਾਸ ਦੇ ਸਬੰਧ ਵਿਚ ਮੈਂ ਗੁਰਦੁਆਰਾ ਸਾਹਿਬ ਗਿਆ। ਵੈਰਾਗਮਈ ਕੀਰਤਨ ਪਿੱਛੋਂ ਕਥਾਵਾਚਕ ਮੌਤ ਦੀ ਅਟੱਲ ਸਚਾਈ ਬਾਰੇ ਕਥਾ ਕਰ ਰਹੇ ਸਨ। ਮੋਬਾਈਲ ਦੀ ਘੰਟੀ ਕਦੀ ਕਿਸੇ ਪਾਸੇ ਅਤੇ ਕਦੀ ਕਿਸੇ ਪਾਸੇ ਖੜਕ ਪੈਂਦੀ, ਹਾਲਾਂਕਿ ਦੀਵਾਨ ਹਾਲ ਦੇ ਬਾਹਰ ਆਪੋ ਆਪਣੇ ਮੋਬਾਈਲ ਬੰਦ ਰੱਖਣ ਲਈ ਮੋਟੇ ਮੋਟੇ ਅੱਖਰਾਂ ਵਿਚ ਲਿਖਿਆ ਹੋਇਆ ਸੀ।

ਇਸ ਤੋਂ ਇਲਾਵਾ ਕਈ ਆਪੋ ਆਪਣੀਆਂ ਗੱਲਾਂ ਕਰ ਰਹੇ ਸਨ। ਕਥਾਵਾਚਕ ‘ਚੁੱਪ ਦਾ ਦਾਨ’ ਬਖ਼ਸ਼ਣ ਲਈ ਦੋਵੇਂ ਹੱਥ ਜੋੜ ਕੇ ਬੇਨਤੀ ਕਰ ਰਹੇ ਸਨ। ਮੈਂਨੂੰ ਬੜਾ ਅਜੀਬ ਜਿਹਾ ਅਹਿਸਾਸ ਹੋਇਆ ਕਿ ਗੁਰਦੁਆਰਾ ਸਾਹਿਬ ਵਿੱਚ ਵੀ ਇਕਾਗਰ ਚਿੱਤ ਹੋ ਕੇ ‘ਚੁੱਪ’ ਬੈਠਣ ਲਈ ਵਾਰ ਵਾਰ ਕਹਿਣ ਦੀ ਲੋੜ ਪੈ ਰਹੀ ਸੀ। ਬੜੇ ਅਚੰਭੇ ਭਰੀ ਗੱਲ ਸੀ ਇਹ। ਯਕੀਨ ਕਰਨਾ ਔਖਾ ਸੀ ਕਿ ਅਸੀਂ ਇੱਥੇ ਵੀ ਦੁਨਿਆਵੀ ਝਮੇਲਿਆਂ ਨੂੰ ਨਾਲ ਹੀ ਘਸੀਟੀ ਫਿਰਦੇ ਹਾਂ। ਜਾਪਦਾ ਸੀ ਜਿਵੇਂ ਅਸੀਂ ਗੁਆਚ ਗਏ ਹੋਈਏ ਜਾਂ ਗੁਆਚ ਜਾਣ ਵਾਲੇ ਰਾਹੇ ਪੈ ਗਏ ਹੋਈਏ।

ਜਿਉਂ ਹੀ ਭੋਗ ਪਿਆ, ਲੋਕੀਂ ਬਾਹਰ ਆ ਕੇ ਫਿਰ ਗੱਲੀਂ ਰੁਝ ਗਏ। ਨਿੱਜੀ ਅਤੇ ਸਿਆਸੀ ਸਭ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਸਨ। ਕੋਈ ਵਿਰਲਾ ਟਾਵਾਂ ਹੀ ਸਦੀਵੀ ਵਿਛੋੜਾ ਦੇ ਗਏ ਵਿਅਕਤੀ ਬਾਰੇ ਗੱਲ ਕਰ ਰਿਹਾ ਸੀ। ਸੰਗਤ ਲਈ ਚਾਹ ਦਾ ਲੰਗਰ ਤਿਆਰ ਸੀ। ਮੱਠੀਆਂ ਅਤੇ ਬਿਸਕੁੱਟ ਹੱਥਾਂ ਵਿੱਚ ਫੜੀ ਲੋਕ ਚਾਹ ਪੀ ਰਹੇ ਸਨ। ਮੇਰੇ ਹੱਥ ਵਿੱਚ ਵੀ ਚਾਹ ਦਾ ਕੱਪ ਸੀ। “ਕਿਹੜੀਆ ਸੋਚਾਂ ਵਿੱਚ ਡੁੱਬੇ ਹੋਏ ਹੋ?” ਕਿਸੇ ਨੇ ਮੇਰੇ ਮੋਢੇ ਹੱਥ ਰੱਖਦਿਆਂ ਕਿਹਾ।

ਗੱਲ ਉਸ ਦੀ ਠੀਕ ਸੀ। ਮੈਂ ਸੋਚ ਰਿਹਾ ਸੀ ਕਿ ਜੀਵਨ ਵਿਚ ਅਸੀਂ ਕਈ ਤਰ੍ਹਾਂ ਦੇ ਦਾਨ ਕਰਦੇ ਹਾਂ। ਅਸੀਂ ਅੱਖਾਂ ਦਾ ਦਾਨ, ਲਹੂ ਦਾਨ ਜਾਂ ਗੁਰਦਾ ਦਾਨ ਆਦਿ ਸਰੀਰਿਕ ਤੌਰ ’ਤੇ ਕਰਦੇ ਹਾਂ। ਆਰਥਿਕ ਤੌਰ ’ਤੇ ਵੀ ਲੋੜਵੰਦਾਂ ਲਈ ਦਸਵੰਧ ਕੱਢਦੇ ਹਾਂ। ਕੁਦਰਤੀ ਆਫਤਾਂ ਦੇ ਪੀੜਤਾਂ ਲਈ ਕੱਪੜੇ, ਭੋਜਨ ਅਤੇ ਦਵਾਈਆਂ ਆਦਿ ਮੁਹੱਈਆ ਕਰਵਾਉਣ ਲਈ ਸੱਭ ਤੋਂ ਅੱਗੇ ਹੁੰਦੇ ਹਾਂ। “ਪਤਾ ਨਹੀਂ ਲੋਕ ਰੱਬ ਦੇ ਘਰ ਵੀ ਚੁੱਪ ਕਰਕੇ ਕਿਉਂ ਨਹੀਂ ਬੈਠਦੇ? ਚੁੱਪ ਦਾ ਦਾਨ ...।” ਆਪਣੀਆ ਸੋਚਾਂ ਵਿੱਚੋਂ ਬਾਹਰ ਆਉਂਦਿਆਂ ਮੈਂ ਜਵਾਬ ਦਿੱਤਾ।

“ਗੱਲ ਤਾਂ ਤੇਰੀ ਠੀਕ ਆ। ਲੋਕ ਵੀ ਸਮਝਣ ਤਾਂ ...।” ਉਸ ਨੇ ਕਿਹਾ।

ਇਸੇ ਸਵਾਲ ਦੀਆਂ ਗਹਿਰਾਈਆਂ ਛੋਂਹਦੇ ਹੋਏ ਅਸੀਂ ਦੋਵੇਂ ਆਪੋ ਆਪਣੇ ਘਰਾਂ ਨੂੰ ਚੱਲ ਪਏ।

*****

(1175)

About the Author

ਦਰਸ਼ਨ ਸਿੰਘ  ਸ਼ਾਹਬਾਦ ਮਾਰਕੰਡਾ

ਦਰਸ਼ਨ ਸਿੰਘ ਸ਼ਾਹਬਾਦ ਮਾਰਕੰਡਾ

Shahabad Markanda, Kurukshetra, Haryana, India.
Email: (darshansingh5108@gmail.com)
Mobile: (91 - 94667 - 37933)

More articles from this author