“ਉਹ ਜਦੋਂ ਮੋਬਾਈਲ ਨਾਲ ਚਿਪਕ ਜਾਂਦੇ ਤਾਂ ਮੈਂ ਵੀ ਆਪਣੇ ਆਪ ਨੂੰ ...”
(2 ਅਪਰੈਲ 2017)
ਬਹੁਤ ਹੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁੱਝ ਵਿਹਲ ਕੱਢ ਕੇ ਮੈਂ ਆਪਣੇ ਨੂੰਹ ਪੁੱਤ ਕੋਲ ਵਿਦੇਸ਼ ਜਾਣ ਦਾ ਮਨ ਬਣਾਇਆ। ਉਹ ਦੋਵੇਂ ਮੈਂਨੂੰ ਆਉਣ ਲਈ ਕਈ ਵਾਰ ਕਹਿ ਚੁੱਕੇ ਸਨ। ਨਾਂਹ ਨੁੱਕਰ ਕਰਨੀ ਵੀ ਹੁਣ ਮੁਸ਼ਕਲ ਸੀ। ਦੋ ਕੁ ਹਫ਼ਤੇ ਲਈ ਮੈਂ ਉੱਥੇ ਰਹਿਣਾ ਸੀ। ਰੋਜ਼ਮਰ੍ਹਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਜ਼ਰੂਰੀ ਕੱਪੜੇ ਅਤੇ ਚਾਰ ਪੰਜ ਕਿਤਾਬਾਂ ਪੜ੍ਹਨ ਲਈ ਮੈਂ ਆਪਣੇ ਕੋਲ ਲੈ ਲਈਆਂ ਸਨ। ਉਹ ਦੋਵੇਂ ਸਵੇਰੇ ਆਪੋ ਆਪਣੇ ਕੰਮਾਂ ’ਤੇ ਚਲੇ ਜਾਂਦੇ ਸਨ। ਉਨ੍ਹਾਂ ਦੇ ਨਾਲ ਹੀ ਸਾਢੇ ਕੁ ਤਿੰਨ ਸਾਲ ਦਾ ਮੇਰਾ ਪੋਤਾ ਤਿੰਨ ਕੁ ਘੰਟਿਆਂ ਲਈ ਸਕੂਲ ਜਾਂਦਾ ਸੀ। ਉਨ੍ਹਾਂ ਦੀ ਗ਼ੈਰਹਾਜ਼ਰੀ ਵਿਚ ਇਨ੍ਹਾਂ ਕਿਤਾਬਾਂ ਨੇ ਹੀ ਮੈਂਨੂੰ ‘ਇਕੱਲੇ’ ਹੋਣ ਤੋਂ ਬਚਾਇਆ ਸੀ।
ਕਾਲਜ ਦੇ ਦਿਨਾਂ ਵਿਚ ਮਨੋਵਿਗਿਆਨ ਦਾ ਵਿਦਿਆਰਥੀ ਹੋਣ ਕਰਕੇ ਮਨੋਵਿਗਿਆਨਕ ਵਿਸ਼ੇ ਮੈਂਨੂੰ ਬੜੇ ਚੰਗੇ ਲਗਦੇ ਸਨ। ਸ਼ਾਇਦ ਇਸੇ ਕਾਰਨ ਮੈਂ ਪੋਤੇ ਦੀਆਂ ਗੱਲਾਂ, ਆਦਤਾਂ, ਰੁਚੀਆਂ ਅਤੇ ਸੁਭਾਅ ਨੂੰ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੋਬਾਈਲ ਫ਼ੋਨ ਦੀ ਉਸਨੂੰ ਬਹੁਤ ਜਾਣਕਾਰੀ ਸੀ। ਆਪਣੇ ਆਪ ਪਸੰਦੀਦਾ ‘ਗੇਮ’ ਖੇਡਣ ਲਗਦਾ। ਬੜੀ ਤੇਜ਼ੀ ਨਾਲ ਉਸ ਦੀਆਂ ਉਂਗਲਾਂ ਸਕਰੀਨ ਉੱਪਰ ਚਲਦੀਆਂ। ਕਾਰਟੂਨ ਵੀ ਉਹ ਟੀਵੀ ’ਤੇ ਕਾਫੀ ਦੇਖਦਾ ਸੀ। ਮੈਂ ਉਸਨੂੰ ਜਦੋਂ ਪੁੱਛਦਾ ਕਿ ਉਹ ਕੀ ਦੇਖਦਾ ਹੈ ਤਾਂ ਉਹ ਫ਼ਟਾਫ਼ਟ ‘ਮੋਟੂ ਪਤਲੂ’ ਕਹਿ ਕੇ ਮੈਨੂੰ ਚੁੱਪ ਕਰਵਾ ਦਿੰਦਾ। ਸੁਣ ਕੇ ਮੈਂਨੂੰ ਬਹੁਤ ਅਚੰਭਾ ਹੁੰਦਾ, ਪਰ ਅੰਤਰੀਵੀ ਤੌਰ ’ਤੇ ਮੈਂ ਉਸਦੀ ਇਸ ਆਦਤ ਤੋਂ ਖੁਸ਼ ਨਹੀਂ ਸੀ। ਆਪਣੀ ਨਾਪਸੰਦਗੀ ਦਾ ਪ੍ਰਗਟਾਵਾ ਵੀ ਮੈਂ ਨੂੰਹ ਪੁੱਤ ਕੋਲ ਕੀਤਾ। “ਕੀ ਕਰੀਏ? ਸਭ ਬੱਚਿਆਂ ਦਾ ਇਹੋ ਹਾਲ ਹੈ।” ਉਨ੍ਹਾਂ ਦੇ ਬੋਲਾਂ ਵਿਚ ਬੇਵਸੀ ਸਾਫ ਝਲਕਦੀ ਸੀ। ਸਾਡੇ ਵੇਲਿਆਂ ਦੇ ਭੋਲੇ ਭਾਲੇ ਬਚਪਨ ਤੋਂ ਉਲਟ ਉਸਦਾ ਬਚਪਨ ਸ਼ਾਇਦ ਚਾਲਾਕੀਆਂ ਵਧੇਰੇ ਸਿੱਖ ਰਿਹਾ ਸੀ।
ਉਂਜ ਨੂੰਹ ਪੁੱਤ ਆਪ ਵੀ ਕਾਫੀ ਟੀਵੀ ਦੇਖਦੇ ਸਨ। ਵਟਸਐਪ ਅਤੇ ਫੇਸਬੁੱਕ ਦੀ ਵੀ ਖ਼ੂਬ ਵਰਤੋਂ ਕਰਦੇ ਸਨ। ਉਹ ਜਦੋਂ ਮੋਬਾਈਲ ਨਾਲ ਚਿਪਕ ਜਾਂਦੇ ਤਾਂ ਮੈਂ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ। ਸ਼ਾਇਦ ਇਸੇ ਦਾ ਪ੍ਰਭਾਵ ਹੀ ਬੱਚੇ ਦੇ ਸੂਖਮ ਮਨ ’ਤੇ ਪਿਆ ਸੀ। ਭਾਵੇਂ ਅਜਿਹਾ ਕਰਨਾ ਸਮੇਂ ਦੀ ਲੋੜ ਸੀ,ਪਰ ਇਸਦੀ ਦਲਦਲ ਵਿਚ ਖੁੱਭ ਜਾਣਾ ਵੀ ਮੈਂਨੂੰ ਕੋਈ ਸਿਆਣਪ ਨਹੀਂ ਸੀ ਜਾਪਦੀ। “ਮੇਰੇ ਨਾਲ ਖੇਡੋ ਡੈਡ ...” ਆਖਦਿਆਂ ਉਸਨੇ ਗੁੱਸੇ ਵਿਚ ਇਕ ਦਿਨ ਮੋਬਾਈਲ ਭੁੰਜੇ ਸੁੱਟ ਦਿੱਤਾ। ਮੈਂ ਬੱਚੇ ਦੇ ਮਨ ਨੂੰ ਸਮਝਦਾ ਸੀ। ਸੋਚਦਾ ਸੀ ਕਿ ਸ਼ਾਇਦ ਨੂੰਹ ਪੁੱਤ ਥੱਕੇ ਹੋਣ। ਦਫ਼ਤਰੀ ਕੰਮਾਂ ਵਿੱਚ ਥਕਾਵਟ ਹੋਣਾ ਸੁਭਾਵਿਕ ਹੈ। ਇਸ ਲਈ ਮੈਂ ਕਿਹਾ, “ਆ ਮੈਂ ਖੇਡਾਂ ਤੇਰੇ ਨਾਲ।” ਉਸ ਨੂੰ ਕੁਝ ਝਿਜਕ ਤਾਂ ਹੋਈ, ਪਰ ਮੇਰੇ ਨਾਲ ਪਾਰਕ ਵਿਚ ਜਾ ਕੇ ਖੇਡਣ ਲਈ ਮੰਨ ਹੀ ਗਿਆ। ਹੋਰ ਬੱਚੇ ਵੀ ਉੱਥੇ ਝੂਲੇ ਝੂਲ ਰਹੇ ਸਨ। ਝੂਲੇ ਝੂਲਣਾ ਪੋਤੇ ਨੂੰ ਵੀ ਬੜਾ ਚੰਗਾ ਲੱਗਾ। ਪੰਜ ਸੱਤ ਦਿਨਾਂ ਵਿਚ ਹੀ ਉਹ ਖੇਡਣ ਲਈ ਆਪ ਹੀ ਕਹਿਣ ਲੱਗ ਪਿਆ। ਸ਼ਾਮ ਹੁੰਦਿਆਂ ਹੀ ਉਹ ਆਪਣਾ ਟ੍ਰਾਈਸਾਈਕਲ ਚੁੱਕਦਾ ਅਤੇ ਆਖਦਾ, “ਆਉ ਦਾਦੂ ਖੇਡਣ ਚੱਲੀਏ।” ਉਸਦੇ ਕੁਝ ਕੁਝ ਤੋਤਲੇ ਬੋਲ ਆਪਣੀ ਗੱਲ ਸਮਝਾ ਦਿੰਦੇ ਸਨ। ਟੀਵੀ ਅਤੇ ਮੋਬਾਈਲ ਵਿਚ ਉਸਦੀ ਦਿਲਚਸਪੀ ਕਾਫੀ ਘਟਣ ਲੱਗੀ ਸੀ। ਥੋੜ੍ਹਾ ਬਹੁਤ ਸਮਾਂ ਪੋਤੇ ਨੂੰ ਦੇਣ ਲਈ ਮੈਂ ਨੂੰਹ ਪੁੱਤ ਨੂੰ ਕਿਹਾ। ਪਤਾ ਨਹੀਂ ਮੇਰੀ ਗੱਲ ਉਨ੍ਹਾਂ ਨੂੰ ਕਿਹੋ ਜਿਹੀ ਲੱਗੀ,ਪਰ ਇੰਨਾ ਕੁ ਕਹਿਣਾ ਤਾਂ ਮੇਰਾ ਹੱਕ ਵੀ ਸੀ।
ਮੇਰੇ ਵੀਜ਼ੇ ਦੀ ਮਿਆਦ ਪੂਰੀ ਹੋ ਚੁੱਕੀ ਸੀ ਤੇ ਮੈਂ ਹੁਣ ਵਾਪਿਸ ਆਉਣਾ ਸੀ। ਸੋਚਦਾ ਸੀ ਕਿ ਮੇਰੇ ਵਪਸ ਜਾਣ ’ਤੇ ਮੇਰਾ ਪੋਤਾ ਫਿਰ ਤੋਂ ਉਦਾਸ ਹੋ ਜਾਵੇਗਾ। ਵਿਹਲਾ ਬੈਠਾ ਮੈਂ ਅਜਿਹੀਆਂ ਹੀ ਕਈ ਸੋਚਾਂ ਸੋਚਦਾ ਰਹਿੰਦਾ,ਪਰ ਜਾਣ ਦੀ ਗੱਲ ਸੁਣ ਕੇ ਛੋਟੇ ਬੱਚੇ ਦੇ ਮਨ ਨੂੰ ਧੱਕਾ ਲੱਗੇਗਾ, ਇਹ ਸੋਚ ਕੇ ਮੈਂ ਉਸ ਨੂੰ ਕੁਝ ਆਖ ਨਾ ਸਕਿਆ। ਅਗਲੇ ਦਿਨ ਮੇਰੀ ਵਾਪਸੀ ਸੀ। ਮੈਂ ਆਪਣੇ ਅੰਦਰੋਂ ਹਿੰਮਤ ਭਰ ਕੇ ਉਸ ਨੂੰ ਕਿਹਾ, “ਮੈਂ ਕੱਲ੍ਹ ਜਾਣਾ ਹੈ।” ਉਹ ਹਰ ਗੱਲ ਚੰਗੀ ਤਰ੍ਹਾਂ ਸਮਝਦਾ ਸੀ। ਮੇਰੇ ਇੰਨਾ ਕਹਿਣ ’ਤੇ ਉਸ ਦੇ ਹਾਸਿਆਂ ਭਰੇ ਚਿਹਰੇ ਨੂੰ ਗਹਿਰੀ ਉਦਾਸੀ ਨੇ ਘੇਰ ਲਿਆ। ਕੁਝ ਪਲਾਂ ਬਾਅਦ ਉਸ ਨੇ ਕਿਹਾ, “ਮੇਰੇ ਨਾਲ ਕੌਣ ਖੇਡੂ, ਦਾਦੂ?” ਸੁਣ ਕੇ ਮੇਰੀਆਂ ਅੱਖਾਂ ਭਰ ਆਈਆਂ। ਉਸਦੇ ਸਵਾਲ ਨੇ ਮੇਰੇ ਅੰਦਰ ਕਈ ਸਵਾਲ ਖੜ੍ਹੇ ਕਰ ਦਿੱਤੇ ਸਨ। ਮੈਂਨੂੰ ਜਾਪ ਰਿਹਾ ਸੀ ਕਿ ਅਜੋਕੇ ਮਾਪੇ ਆਪ ਹੀ ਆਪਣੇ ਬੱਚਿਆਂ ਦਾ ਬਚਪਨ ਗੁਆ ਰਹੇ ਹਨ। ਮੈਂ ਸੋਚਦਾ ਸਾਂ ਕਿ ਜੇ ਸਾਡੇ ਕੋਲ ਬੱਚਿਆਂ ਲਈ ਹੀ ਵਿਹਲ ਨਹੀਂ ਤਾਂ ਸਾਡੀਆਂ ਹੋਰ ਪ੍ਰਾਪਤੀਆਂ ਦੇ ਅਰਥ ਰਹਿ ਹੀ ਕੀ ਜਾਂਦੇ ਹਨ?
*****
(654)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)